ਅਸੀਂ ਚਾਲ੍ਹੀਆਂ ਦੇ ਹੋ ਗਏ


ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ, ਉਨਤਾਲੀ ਸਾਲਾਂ ਦਾ ਸਫ਼ਰ ਕਰਦੇ ਅਸੀਂ ਚਾਲ੍ਹੀਆਂ 'ਤੇ ਆ ਗਏ। ਬੱਚਿਆਂ ਨੂੰ ਬੜੀ ਖ਼ੁਸ਼ੀ ਹੋਈ, ਪਾਪਾ ਦਾ ਜਨਮ ਦਿਨ ਹੈ। ਖਾਣ-ਪੀਣ ਤੋਂ ਇਲਾਵਾ ਜਨਮ ਦਿਨ ਲਈ 'ਕੇਕ' ਵੀ ਬੱਚਿਆਂ ਨੇ ਹੀ ਆਰਡਰ ਕੀਤਾ। ਉਪਰ ਚਾਕਲੇਟ ਨਾਲ 'ਪਾਪਾ' ਲਿਖਵਾ ਕੇ 40 ਵੀ ਉੱਕਰਿਆ ਹੋਇਆ ਸੀ। ਗੋਲਧਾਰੇ ਵਿਚ ਮੋਮਬੱਤੀਆਂ ਵੀ ਗੱਡੀਆਂ ਗਈਆਂ ਸਨ, ਪੂਰੀਆਂ ਚਾਲੀ! ਬੱਚਿਆਂ ਨੇ ਆਪਣੇ ਸਕੂਲ ਸਾਥੀਆਂ ਨੂੰ ਵੀ ਸੱਦਾ ਪੱਤਰ ਭੇਜਿਆ ਸੀ। ਆਂਢੀ-ਗੁਆਂਢੀ ਵੀ ਬੁਲਾਏ ਹੋਏ ਸਨ। ਅਸੀਂ ਆਉਣ ਵਾਲੇ ਖਰਚੇ ਪ੍ਰਤੀ ਆਪਣੀ ਜੇਬ ਤੋਲ-ਤੋਲ ਕੇ ਦੇਖ ਰਹੇ ਸਾਂ। ਘਰਵਾਲੀ ਨੂੰ ਵੀ ਕੋਈ ਬਹੁਤਾ ਚਾਅ ਨਹੀਂ ਸੀ। ਉਸ ਦੀ ਧਰਨ ਵੀ ਮੇਰੇ ਵਾਂਗ ਹੀ ਡਿੱਕਡੋਲੇ ਜਿਹੇ ਖਾ ਰਹੀ ਸੀ। ਕਾਰਨ...? ਸਾਡੀ ਘਰਵਾਲੀ-ਸ਼੍ਰੀ ਨੇ ਸਾਡੇ ਨਾਲੋਂ ਪੂਰੇ ਦਸ ਸਾਲ ਪਹਿਲਾਂ ਅਵਤਾਰ ਧਾਰਿਆ ਸੀ। ਮੈਂ ਚਾਲ੍ਹੀਆਂ ਦਾ ਅਤੇ ਘਰਵਾਲੀ ਪੰਜਾਹਾਂ ਦੀ, ਰੱਬ ਬਖ਼ਸ਼ੀ ਰੱਖੇ! ਉਹ ਮੱਝ ਦੇ ਮਗਰ ਕੱਟਾ ਫਿਰਨ ਵਾਂਗ ਮੇਰੇ ਪਿੱਛੇ-ਪਿੱਛੇ ਹੀ ਤੁਰੀ ਫਿਰਦੀ ਸੀ। ਮੈਨੂੰ ਕਾਰਨ ਸਮਝ ਨਾ ਆਇਆ ਕਿ ਪਤਨੀ-ਸ਼੍ਰੀ ਅੱਜ ਮੇਰਾ ਪਿੱਛਾ ਕਿਉਂ ਨਹੀਂ ਛੱਡ ਰਹੀ? ਅੱਗੇ ਤਾਂ ਉਸ ਦੀ ਇੱਕੋ ਹੀ ਰਟ ਹੁੰਦੀ ਸੀ, "ਜਾਓ ਜਿੱਥੇ ਜਾਣੈਂ-ਖਾਓ ਧੱਕੇ-ਮਰੋ ਪਰ੍ਹੇ..!" ਪਰ ਅੱਜ ਤਾਂ ਮੇਰਾ ਕੁਝ ਜਿ਼ਆਦਾ ਹੀ 'ਮੋਹ' ਜਿਹਾ ਕਰ ਰਹੀ ਸੀ? ਦਿਮਾਗ 'ਤੇ ਕਈ ਵਾਰ ਸੋਚਾਂ ਦਾ ਰੇਗਮਾਰ ਫੇਰਿਆ, ਪਰ ਜੰਗਾਲਿਆ ਦਿਮਾਗ ਕਦੋਂ ਛੇਤੀ ਕੀਤੇ ਲਿਸ਼ਕੋਰ ਫੜਦੈ! ਫੇਰ ਸਿਰ ਵਿਚ ਪੁਰਾਣੇ ਰੇਡੀਓ ਵਾਂਗ ਧੱਫ਼ੇ ਜਿਹੇ ਮਾਰੇ, ਕਿ ਕੀ ਐ 'ਘਿਰੜ-ਘਿਰੜ' ਕਰਦੇ ਰੇਡੀਓ ਵਾਂਗ ਸ਼ਾਇਦ ਕੋਈ ਸਟੇਸ਼ਨ ਫੜ ਹੀ ਲਵੇ? ਪਰ ਸਾਨੂੰ ਸਾਡੇ ਦਿਮਾਗ 'ਤੇ ਅਥਾਹ ਮਾਣ ਸੀ ਕਿ ਸਾਡਾ ਦਿਮਾਗ ਸਾਨੂੰ ਲੋੜ ਪੈਣ 'ਤੇ ਦਗ਼ਾ ਨਹੀਂ ਦੇਵੇਗਾ। ਵਿਸ਼ਵਾਸ ਆਸਰੇ ਹੀ ਧਰਤੀ ਖੜ੍ਹੀ ਹੈ! ਦਿਲ ਨੂੰ ਧਰਵਾਸ ਦਿੱਤਾ।
ਜਦ ਮੈਂ ਸਾਰੇ ਖਾਣ ਪੀਣ ਦਾ ਜਾਇਜਾ ਲੈਣ ਡਰਾਇੰਗ-ਰੂਮ ਵਿਚ ਆਇਆ ਤਾਂ ਮੇਰੇ ਲੜਕੇ ਕਬੀਰ ਦੇ ਸਕੂਲ ਦੇ ਜੋਟੀਦਾਰ ਨੇ ਮੈਨੂੰ ਪੁੱਛ ਹੀ ਲਿਆ, "ਅੰਕਲ, ਕਿੰਨੀ ਉਮਰ ਹੋ ਗਈ ਤੁਹਾਡੀ?" ਕੇਕ ਅਜੇ ਸਜਾਇਆ ਨਹੀਂ ਸੀ, ਜਿਸ 'ਤੇ 40 ਲਿਖਿਆ ਹੋਇਆ ਸੀ। ਮੈਂ ਉੱਤਰ ਦੇਣ ਹੀ ਲੱਗਿਆ ਸੀ ਕਿ ਘਰਵਾਲੀ ਨੇ ਮੈਨੂੰ ਘੂਰੀ ਵੱਟੀ ਅਤੇ ਮੇਰੀ ਸੋਚ ਬਿੱਲੇ ਵਾਂਗ ਛਹਿ ਗਈ। ਮੈਂ ਮੁੜ੍ਹਕੋ-ਮੁੜ੍ਹਕੀ ਹੋਇਆ ਘਰਵਾਲੀ ਦੇ ਵੇਲਣੇ ਦੀ ਕਲਪਨਾ ਕਰਨ ਲੱਗਿਆ। ਘਰਵਾਲੀ ਦੀਆਂ ਤਿਊੜੀਆਂ ਭੋਲੇ-ਸ਼ੰਕਰ ਜੀ ਦੇ ਸ਼ੇਸ਼ਨਾਗ ਵਾਂਗ ਮੱਥੇ ਵਿਚ ਫ਼ਣ ਚੁੱਕੀ ਖੜ੍ਹੀਆਂ ਸਨ। ਜਦ ਲੜਕੇ ਨੇ ਆਪਣਾ ਸੁਆਲ ਦੁਹਰਾਇਆ ਤਾਂ ਸਾਡੇ ਦਿਮਾਗ ਨੇ ਸਾਡਾ ਸਾਥ ਦਿੱਤਾ, ਭਲਾ ਹੋਵੇ ਵਿਚਾਰੇ ਦਾ! ਮੈਂ ਉੱਤਰ ਦਿੱਤਾ, "ਪੁੱਤਰ ਮੈਂ ਬਾਲਗ ਹੋ ਗਿਐਂ...!" ਸਾਰੇ ਬੱਚੇ ਹੱਸ ਪਏ। ਘਰਵਾਲੀ ਨੇ ਕੌੜਾ ਜਿਹਾ ਹਾਸਾ ਹੱਸ ਕੇ ਤੂੰਬੇ ਵਰਗਾ ਸਿਰ ਹਿਲਾਇਆ। ਪਰ ਮੂੰਹ ਉਸ ਦਾ ਕੌੜਤੁੰਮੇ ਵਾਂਗ ਸਕੋੜਿਆ ਹੀ ਰਿਹਾ। ਅਸੀਂ ਸੋਚਿਆ ਗ਼ਲਤੀ ਤਾਂ ਕੋਈ ਕੀਤੀ ਨਹੀਂ, ਪਰ ਘਰਵਾਲੀ ਫਿਰ ਵੀ ਨਿਰਾਸ਼ ਹੋ ਗਈ, ਜਾਂ ਸ਼ਾਇਦ ਗੁੱਸੇ ਹੋ ਗਈ। ਦਿਲ ਵਿਚ ਸੋਚਿਆ ਕਿ ਜਨਮ ਦਿਨ 'ਤੇ ਮਹਿਮਾਨ ਬੁਲਾ ਕੇ ਘੋਰ ਗ਼ਲਤੀ ਕੀਤੀ। ਨਾ ਹੀ ਜਨਮ ਦਿਨ ਮਨਾਉਂਦੇ ਅਤੇ ਨਾ ਹੀ ਘਰਵਾਲੀ ਦੇ ਕਰੋਧ ਦਾ ਸਿ਼ਕਾਰ ਹੋਣਾ ਪੈਂਦਾ। ਪਰ ਮੈਂ ਕਦੋਂ ਆਖਿਆ ਸੀ ਜਨਮ ਦਿਨ ਮਨਾਉਣ ਨੂੰ? ਬੱਚਿਆਂ ਨੇ ਹੀ ਖਹਿੜਾ ਨਾ ਛੱਡਿਆ। ਘਰਵਾਲੀ ਨੇ ਵੀ 'ਹਾਂ-ਪੱਖੀ' ਹੁੰਗਾਰਾ ਹੀ ਭਰਿਆ ਸੀ। ਹੁਣ ਭੁਗਤੇ ਆਪ ਈ, ਮੈਂ ਕੀ ਕਰਾਂ? ਮੇਰਾ ਕੀ ਕਸੂਰ? 
ਪਤਾ ਨਹੀਂ ਮੇਰੇ ਜੁੰਡੀ ਦੇ ਯਾਰਾਂ ਨੂੰ ਕਿੱਥੋਂ ਪਤਾ ਲੱਗ ਗਿਆ। ਉਹ ਵੀ ਭੂਤਾਂ ਵਾਂਗ ਘਰੇ ਆ ਵੱਜੇ। 
-"ਤੁਸੀਂ ਸਾਨੂੰ ਸੱਦੋ ਨਾ ਸੱਦੋ-ਪਰ ਸਾਨੂੰ ਤਾਂ ਥੋਡੇ ਜਨਮ ਦਿਨ ਦਾ ਚਾਅ ਐ!" ਮੇਰੇ ਬੇਲੀ ਆਖ ਰਹੇ ਸਨ। ਦਿਲ ਨੂੰ ਹੋਰ ਹੌਲ ਪੈ ਗਿਆ। ਅਗਲਾ ਫਿ਼ਕਰ, ਘਰਵਾਲੀ ਕੀ ਸੋਚੇਗੀ? ਅਸੀਂ ਘਰਵਾਲੀ ਦੇ ਘੋਟਣੇ ਸਹਿ ਲਏ, ਵਾਰ ਜਰ ਲਏ, ਪਰ ਕਦੇ ਮੱਥੇ ਦਾ ਮੁੜ੍ਹਕਾ ਨਹੀਂ ਸਹਾਰਿਆ। ਘਰਵਾਲੀ ਆਈ ਅਤੇ ਚੋਰੀ ਜਿਹੇ ਦੇਖ ਕੇ ਮੁੜ ਗਈ। ਉਸ ਦੇ ਮੱਥੇ ਦੀ ਕਸੀਸ ਮੇਰਾ ਕਾਲਜਾ ਕੱਢੀ ਜਾ ਰਹੀ ਸੀ। ਮੈਂ ਮਗਰੇ ਹੀ ਚਲਾ ਗਿਆ। ਸਾਡੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਨੇ ਸੁਆਲ ਦਾ ਤੀਰ ਸਾਡੇ ਮੱਥੇ ਵਿਚ ਮਾਰਿਆ, "ਇਹਨਾਂ ਬੇਵਕੂਫ਼ਾਂ ਨੂੰ ਕੀਹਨੇ ਬੁਲਾਇਐ?" ਮੈਂ ਸਪੱਸ਼ਟੀਕਰਨ ਦੇਣ ਹੀ ਲੱਗਿਆ ਸੀ ਕਿ ਘਰਵਾਲੀ ਜੀ ਨੇ ਫਿਰ ਕਿਹਾ, "ਇਹਨਾਂ ਨੂੰ ਚਾਹ-ਚੂਹ ਪਿਆ ਕੇ ਦਫ਼ਾ ਕਰੋ!" ਅਬਦਾਲੀ ਹੁਕਮ ਆਇਆ। ਮੇਰਾ ਕੁਝ ਕਹਿਣ ਦਾ ਹੀਆਂ ਹੀ ਨਾ ਪਿਆ। ਮੈਂ ਕੁੱਟੇ ਹੋਏ ਕੁੱਤੇ ਵਾਂਗ ਡਰਾਇੰਗ-ਰੂਮ ਵੱਲ ਤੁਰ ਪਿਆ। ਮੇਰੇ ਜੁੰਡੀ ਦੇ ਯਾਰ ਚੌੜੇ ਹੋਏ, ਲਾਚੜੇ ਬੈਠੇ ਸਨ। ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਇਸ ਹਨੂੰਮਾਨ ਦੀ ਸੈਨਾ ਨੂੰ ਕਿਵੇਂ ਗਲੋਂ ਲਾਹਿਆ ਜਾਵੇ?
-"ਬੱਚਿਆਂ ਨੇ ਮਨਾਉਣੈਂ-ਆਪਾਂ ਕਦੇ ਫੇਰ ਮਨਾਲਾਂਗੇ।" ਮੈਂ ਉਹਨਾਂ ਨੂੰ ਤਰਲੇ ਭਰਿਆ ਬਹਾਨਾ ਜਿਹਾ ਮਾਰਿਆ। 
-"ਕੇਕ ਤਾਂ ਕੱਟ ਲਵੋ-ਫੇਰ ਚਲੇ ਜਾਂਵਾਂਗੇ-ਸਾਨੂੰ ਘਰੋਂ ਤਾਂ ਨ੍ਹੀ ਕੱਢਣਾ-ਘਰੇ ਆਏ ਤਾਂ ਕੋਈ ਕੁੱਤੇ ਨੂੰ ਨ੍ਹੀ ਦੁਰਕਾਰਦਾ-ਅਸੀਂ ਤਾਂ ਫੇਰ ਵੀ ਆਪ ਦੇ ਮਿੱਤਰ ਹਾਂ!"
-"ਹਮ ਪਿਆਲਾ-ਹਮ ਨਿਵਾਲਾ!" ਦੂਜੇ ਨੇ ਪੈੱਗ ਵੱਲ ਇਸ਼ਾਰਾ ਕੀਤਾ।
-"ਸੁੱਕੀ ਨ੍ਹੀ ਪੀਤੀ ਜਾਣੀ!" ਤੀਜੇ ਦੀ ਉਂਗਲ ਮੀਟ-ਮੁਰਗੇ ਵੱਲ ਸੀ।
ਮੇਰਾ ਧਿਆਨ ਘਰਵਾਲੀ ਤਰਫ਼ ਸੀ। ਪਰ ਇਕ ਗੱਲੋਂ ਸਾਨੂੰ ਆਪਣੀ ਘਰਵਾਲੀ 'ਤੇ ਪੂਰਾ ਮਾਣ ਹੈ। ਜੇ ਗਾਲ੍ਹ ਵੀ ਕੱਢੇਗੀ ਤਾਂ ਬੜੇ ਹੀ ਸਲੀਕੇ ਨਾਲ, "ਜਨਾਬ ਤੁਸੀਂ ਬਹੁਤ ਬੇਵਕੂਫ਼ ਹੋ!" ਜਾਂ "ਜਨਾਬ ਤੁਹਾਡਾ ਦਿਮਾਗ ਖਰਾਬ ਹੋ ਗਿਐ!" ਪੜ੍ਹੀ ਲਿਖੀ ਜਿਉਂ ਹੋਈ! ਹਿਸਟਰੀ ਅਤੇ ਇੰਗਲਿਸ਼ ਦੀ ਡਬਲ ਐੱਮ. ਏ. ਬੀ. ਐੱਡ! ਕਾਲਜ ਦੀ ਲੈਕਚਰਾਰ! ਪੜ੍ਹੇ ਲਿਖੇ ਇਨਸਾਨ ਅਤੇ ਅਨਪੜ੍ਹ ਵਿਚ ਇਹੀ ਤਾਂ ਫ਼ਰਕ ਹੁੰਦੈ! ਇਕ ਵਾਰੀ ਘਰਵਾਲੀ ਤੋਂ ਸਾਡੇ ਮੌਰਾਂ ਵਿਚ ਘੋਟਣਾ ਵੱਜ ਗਿਆ, ਕਸੂਰ ਘਰਵਾਲੀ ਦਾ ਨਹੀਂ, ਕਸੂਰ ਸਰਾਸਰ ਉਸ ਦੇ ਗੁੱਸੇ ਦਾ! ਗੁੱਸਾ ਬੜੀ ਚੰਡਾਲ ਚੀਜ਼! ਖ਼ੈਰ ਵੱਜ ਤਾਂ ਵਿਚਾਰੀ ਤੋਂ ਗਿਆ, ਅਸੀਂ ਵੀ ਸੀਲ ਬਲਦ ਵਾਂਗ ਖੜ੍ਹ ਕੇ ਹੀ ਖਾ ਲਿਆ, ਸੋਚਿਆ, ਚਲਾਵੇਂ ਘੋਟਣੇ ਦੀ ਸੱਟ ਵੱਧ ਵੱਜਦੀ ਐ। ਸਾਡੇ ਘਰਵਾਲੀ ਘੰਟਾ ਮਾਲਿਸ਼ ਵੀ ਕਰਦੀ ਰਹੀ, ਨਾਲੇ ਮੱਤਾਂ ਦਿੰਦੀ ਰਹੀ, "ਜੇ ਤੁਹਾਨੂੰ ਜਨਾਬ ਉਸ ਕਮਾਂਡੋ ਵਾਲੀ ਕੁੱਤੀ ਨਾਲ ਮੈਂ ਕਦੇ ਮੁੜ ਕੇ ਦੇਖ ਲਿਆ-ਫੇਰ ਮਾਲਿਸ਼ ਮੈਂ ਨਹੀਂ-ਹਸਪਤਾਲ ਵਾਲੇ ਈ ਕਰਨਗੇ।" ਅਸੀਂ ਵੀ 'ਸੌਰੀ-ਸ਼ੁਕਰੀਆ' ਕਰੀ ਗਏ। ਪਰ ਅਸੀਂ ਸੁਧਰਨ ਵਾਲੀ ਜੜ੍ਹ ਕਦੋਂ ਹਾਂ? ਸੋਚਿਆ ਇਕ ਮਾਲਿਸ਼ ਹੁਣ ਘਰਵਾਲੀ ਤੋਂ ਤੇ ਦੂਜੀ ਕਮਾਂਡੋ ਵਾਲੀ ਗੋਰੀ ਮੇਮ ਤੋਂ ਕਰਵਾਵਾਂਗੇ ਤੇ ਨਾਲੇ ਆਖਾਂਗੇ, "ਦੇਖੋ ਤੁਹਾਡੇ ਕਰਕੇ ਅਸੀਂ ਕੀ-ਕੀ ਦੁਖੜੇ ਸਹਾਰਦੇ ਹਾਂ ਸੋਹਣਿਓਂ!" ਕਮਾਂਡੋ ਵਾਲੀ ਗੋਰੀ ਵਿਚਾਰੀ ਸਾਡੇ ਨਾਲ ਕੰਮ ਕਰਦੀ ਹੈ ਅਤੇ ਕਦੇ-ਕਦੇ ਆਪਣੀ ਕਾਰ ਵਿਚ ਘਰੇ ਲਾਹ ਜਾਂਦੀ ਹੈ। ਗੱਲ ਹੋਰ ਵਿਚੋਂ ਕੁਝ ਵੀ ਨਹੀਂ! ਘਰਵਾਲੀ ਨੂੰ ਪਤਾ ਨਹੀਂ ਉਸ 'ਤੇ ਕੀ ਖੁੰਧਕ ਐ? ਵਿਚਾਰੀ ਨੂੰ 'ਕੁੱਤੀ-ਬਿੱਲੀ' ਤੋਂ ਬਿਨਾ ਸੰਬੋਧਨ ਹੀ ਨਹੀਂ ਕਰਦੀ। ਅਸੀਂ ਘਰਵਾਲੀ ਨੂੰ ਬਥ੍ਹੇਰਾ ਸਮਝਾਇਆ ਕਿ ਜਦੋਂ ਦੀ ਇਰਾਕ ਜੰਗ ਲੱਗੀ ਐ, ਪੈਟਰੋਲ ਬਹੁਤ ਮਹਿੰਗਾ ਹੋ ਗਿਐ, ਜੇ ਇਹ ਮੈਨੂੰ ਘਰੇ ਛੱਡ ਜਾਂਦੀ ਐ ਤਾਂ ਆਪਣੇ ਪੈਟਰੋਲ ਦੀ ਬੱਚਤ ਹੁੰਦੀ ਐ। ਪਰ ਨਾ, ਘਰਵਾਲੀ ਕਿੱਥੇ ਮੰਨਣ ਵਾਲੀ ਜੜੀ ਸੀ? ਰੱਪੜ ਪਾ ਕੇ ਬੈਠ ਗਈ, ਮੈਨੂੰ ਪਤੈ ਤੁਸੀਂ ਕਿੰਨ੍ਹੀ ਕੁ ਬੱਚਤ ਕਰਨ ਆਲੇ ਓਂ ਜਨਾਬ, ਬੱਸ ਚੁੱਪ ਰਹੋ, ਨਹੀਂ ਮੈਥੋਂ ਕੁਛ ਹੋਰ ਹੋਜੂ! ਖ਼ੈਰ, ਪਤਨੀ ਦਾ ਆਖਿਆ ਤਾਂ ਸਿ਼ਵ ਜੀ ਮਹਾਰਾਜ ਨਹੀਂ ਮੋੜਦੇ ਸੀ, ਅਸੀਂ ਕੌਣ ਹੋਏ?
ਸਾਡੇ ਸਾਰੇ ਜੁੰਡੀ ਦੇ ਯਾਰਾਂ ਨੂੰ ਪਤਾ ਹੈ ਕਿ ਘਰਵਾਲੀ ਸਾਥੋਂ ਦਸ ਸਾਲ ਵੱਡੀ ਹੈ। ਮੈਂ ਵਾਰ ਵਾਰ ਕੁਝ ਸੋਚ ਕੇ, ਬਲੂੰਗੜੇ ਵਾਂਗ ਇਕੱਠਾ ਜਿਹਾ ਹੋਈ ਜਾ ਰਿਹਾ ਸੀ। ਮੈਂ ਪੂਰਾ ਦਿਲ ਕੱਢ ਕੇ ਅੰਦਰ ਘਰਵਾਲੀ ਕੋਲ ਗਿਆ।
-"ਇਹ ਐਂਵੇਂ ਤੁਰਨ ਆਲੇ ਹੈਨ੍ਹੀ-ਇਹਨਾਂ ਨੂੰ ਪੈੱਗ ਸ਼ੈੱਗ ਲੁਆਉਣਾ ਪਊ-ਨਹੀਂ ਇਹਨਾਂ ਜਮਦੂਤਾਂ ਨੇ ਆਥਣ ਤੱਕ ਨ੍ਹੀ ਹਿੱਲਣਾ।" ਮੈਨੂੰ ਘਰਵਾਲੀ ਮੂਹਰੇ ਸੱਚਾ ਰਹਿਣ ਵਾਸਤੇ ਆਪਣੇ ਮਿੱਤਰਾਂ ਨੂੰ 'ਜਮਦੂਤ' ਕਹਿਣਾ ਪਿਆ। ਹਾਲਾਂ ਕਿ ਉਹ ਮੈਥੋਂ ਜਾਨ ਵਾਰਦੇ ਹਨ। ਜਦੋਂ ਸਾਡੀ ਕਿਸੇ ਨਾਲ 'ਜੰਗ' ਹੋ ਜਾਂਦੀ ਹੈ ਤਾਂ ਮੇਰੇ ਇਹ ਮਿੱਤਰ ਮੇਰੇ ਨਾਲੋਂ ਵੱਧ ਅਗਲੇ ਦੀ 'ਸੇਵਾ' ਕਰਦੇ ਹਨ। ਭਾਵਨਾ ਦਿਖਾਉਂਦੇ ਹਨ। ਪਰ ਰੱਬ ਨੇੜੇ ਕਿ ਘਸੁੰਨ? ਘਰਵਾਲੀ ਤਾਂ ਮਗਰਮੱਛ ਵਾਂਗ ਮੂੰਹ ਅੱਡੀ ਖੜ੍ਹੀ ਸੀ। ਅਸੀਂ ਮਾੜੇ ਕਬੂਤਰ ਵਾਂਗ ਆਪਣੇ ਖੰਭ ਬਚਾ ਰਹੇ ਸਾਂ। ਜਦੋਂ ਸਾਡੀ ਘਰਵਾਲੀ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਵਿਚ 'ਭੀਮ-ਸੈਨ' ਜਿੰਨਾ ਬਲ ਆ ਜਾਂਦਾ ਹੈ। ਭਾਵੇਂ ਅਸੀਂ ਕਬੱਡੀ ਦੇ ਘਾਗ ਖਿਡਾਰੀ ਰਹੇ ਹਾਂ, ਪਰ ਹੁਣ ਤੱਕ ਘਰਵਾਲੀ ਨੂੰ 'ਜੱਫ਼ਾ' ਨਹੀਂ ਲਾ ਸਕੇ। ਦਿਲ ਹੀ ਨਹੀਂ ਪੈਂਦਾ। ਜਦੋਂ ਮਨ ਕਮਜ਼ੋਰ ਹੋਵੇ, ਤਨ ਆਪੇ ਕਮਜ਼ੋਰ ਹੋ ਜਾਂਦਾ ਹੈ!
ਖ਼ੈਰ! ਘਰਵਾਲੀ ਦੀ ਅੱਧੀ ਕੁ ਸਹਿਮਤੀ ਲੈ ਕੇ ਮੈਂ ਮਿੱਤਰਾਂ ਅੱਗੇ ਬੈਲਨਟਾਈਨ ਦੀ ਬੋਤਲ ਰੱਖ ਦਿੱਤੀ। ਨਾਲ ਦੀ ਨਾਲ ਮੈਨੂੰ ਡਰ ਵੀ ਖਾਈ ਜਾ ਰਿਹਾ ਸੀ ਕਿ ਮੁਫ਼ਤ ਦੀ ਚੜ੍ਹਦੀ ਵੀ ਬਹੁਤ ਛੇਤੀ ਹੈ। ਕਿਤੇ ਕੋਈ ਅਵਲ਼ੀ-ਸਵਲ਼ੀ ਗੱਲ ਨਾ ਮੂੰਹੋਂ ਕੱਢ ਮਾਰਨ, ਜਿਸ ਕਾਰਨ ਸਾਨੂੰ ਘਰਵਾਲੀ ਦੇ ਗੁੱਸੇ ਦਾ ਸਿ਼ਕਾਰ ਹੋਣਾ ਪਵੇ! ਮਿੱਤਰਾਂ ਨੇ ਪੈੱਗ-ਸ਼ੈੱਗ ਲਾ ਕੇ ਮੇਰੇ ਜਨਮ ਦਿਨ ਦੇ ਸੋਹਿਲੇ ਗਾਉਣੇ ਸ਼ੁਰੂ ਕਰ ਦਿੱਤੇ, "ਸਾਡੇ ਬਾਈ ਜੀ ਚਾਲ੍ਹੀਆਂ ਸਾਲਾਂ ਦੇ ਹੋ ਗਏ-ਹੈਪੀ ਬਰਥ ਡੇ ਟੂ ਯੂ-ਰੱਬ ਬਾਈ ਜੀ ਦੀ ਉਮਰ ਲੰਮੀ ਕਰੇ-ਅਗਲੇ ਸਾਲ ਫੇਰ ਆਈਏ!" ਉਹ ਮਰਾਸੀਆਂ ਵਾਂਗ ਅਸੀਸਾਂ ਜਿਹੀਆਂ ਦੇ ਰਹੇ ਸਨ। ਇਕ ਪੀ ਕੇ ਆਖੀ ਜਾ ਰਿਹਾ ਸੀ, "ਸੱਚੇ ਪਾਤਸ਼ਾਹ ਸਾਡੇ ਬਾਈ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀਂ।" ਕਿਸੇ ਨੂੰ ਕਿਸੇ ਦੀ ਗੱਲ ਪੂਰੀ ਸਮਝ ਨਹੀਂ ਆ ਰਹੀ ਸੀ। ਫੇਰ ਇਕ ਉੱਭੜਵਾਹੇ ਬੋਲਿਆ, "ਬਾਈ ਜੀ ਚਾਲ੍ਹੀਆਂ ਦੇ ਤੇ ਸਾਡੇ ਭਰਜਾਈ ਜੀ ਤਾਂ ਫੇਰ ਅੱਧੀ ਸਦੀ ਨੂੰ ਟੱਪਗੇ ਹੋਣੇ ਐਂ?" ਅਸੀਂ ਉਸ ਦੇ ਮੂੰਹ ਅੱਗੇ ਹੱਥ ਦੇ ਕੇ ਮਸਾਂ ਹੀ ਰੋਕਿਆ, ਪਰ ਫਿਰ ਵੀ ਉਹ ਬਲ਼ਦ ਵਾਂਗ ਉਗਾਲ਼ਾ ਜਿਹਾ ਕਰਦਾ ਹੋਇਆ, ਗੱਲ ਪੂਰੀ ਕਰ ਗਿਆ। ਤੀਜਾ ਬੋਲਿਆ, "ਚਲੋ ਰੱਬ ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਬਖ਼ਸ਼ੇ!" ਸ਼ੁਕਰ ਕੀਤਾ ਪਤਨੀ ਜੀ ਰਸੋਈ ਵਿਚ ਸਨ। ਮੌਕਾ ਸਾਂਭਦਿਆਂ ਅਸੀਂ ਕਿਹਾ, "ਚਲੋ ਬਈ ਹੁਣ ਬੱਚਿਆਂ ਦੀ ਵਾਰੀ ਐ।" ਮੇਰੇ ਆਖਣ ਦੀ ਦੇਰ ਸੀ ਕਿ ਉਹਨਾਂ ਨੇ ਕਵੀਸ਼ਰੀ ਕਰਨੀ ਸ਼ੁਰੂ ਕਰ ਦਿੱਤੀ, "ਬਾਈ ਹੋਇਆ ਚਾਲ੍ਹੀਆਂ ਦਾ, ਅੱਧੀ ਸਦੀ ਤੋਂ ਟੱਪਗੀ ਭਾਬੀ-ਡੱਬ ਪੈਗੇ ਮੁਖੜੇ 'ਤੇ, ਪਹਿਲਾਂ ਸੀਗਾ ਰੰਗ ਗੁਲਾਬੀ!" ਬੋਲੀ ਸੁਣ ਕੇ ਮੇਰਾ ਸਰੀਰ ਥਰ-ਥਰ ਕੰਬਣ ਲੱਗ ਪਿਆ। ਪਰ ਸ਼ਾਇਦ ਘਰਵਾਲੀ ਨੂੰ ਕਿਚਨ ਵਿਚ ਸੁਣਿਆਂ ਨਹੀਂ ਸੀ, ਸ਼ੁਕਰ ਰੱਬ ਦਾ! ਪਰ ਖੋਟੇ ਕਰਮ ਮੇਰੇ, ਬੋਲੀ ਦੂਜੇ ਭਾਈਬੰਦ ਨੇ ਚੁੱਕ ਲਈ, "ਹੁਣ ਬੁੱਢੀ ਹੋ ਗਈ ਐ, ਮੁਸ਼ਕੀ ਰੰਗ ਜਾਵੇ ਪਿਆ ਖ਼ੁਰਦਾ-ਸੈਂਡਲ ਪਾ ਇਉਂ ਤੁਰਦੀ ਐ, ਕੁੱਕੜ ਜਿਉਂ ਸੂਲਾਂ 'ਤੇ ਤੁਰਦਾ!" ਮੈਂ ਛੇਤੀ ਨਾਲ ਡਰਾਇੰਗ-ਰੂਮ ਦਾ ਦਰਵਾਜਾ ਬੰਦ ਕੀਤਾ ਅਤੇ ਹੱਥ ਜੋੜ ਕੇ ਚੁੱਪ ਦਾ ਦਾਨ ਬਖਸ਼ਣ ਲਈ ਬੇਨਤੀ ਭਰਿਆ ਇਸ਼ਾਰਾ ਕੀਤਾ। ਪਰ ਤੀਜੇ ਮਾਈ ਦੇ ਲਾਲ ਨੇ ਕਸਰ ਹੀ ਪੂਰੀ ਕਰ ਦਿੱਤੀ, "ਚਾਹੇ ਮੌਲੀ ਹੋਗੀ ਐ, ਮਿਰਚਾਂ ਨਾਲ ਨੈਣਾਂ ਦੇ ਭੋਰੇ-ਵਿਚ ਚੁੰਨ੍ਹੀਆਂ ਅੱਖੀਆਂ ਦੇ, ਖਿੱਚਦੀ ਅਜੇ ਕੱਜਲ ਦੇ ਡੋਰੇ!" ਸੁਣ ਕੇ ਮੇਰਾ ਸੀਤ ਨਿਕਲ ਗਿਆ।
ਘਰਵਾਲੀ ਨੂੰ ਪਤਾ ਲੱਗ ਗਿਆ ਕਿ ਕਵੀਸ਼ਰੀ ਉਸ ਦੇ ਸਬੰਧ ਵਿਚ ਹੀ ਕੀਤੀ ਜਾ ਰਹੀ ਸੀ। ਉਹ ਹਨ੍ਹੇਰੀ ਵਾਂਗ ਡਰਾਇੰਗ-ਰੂਮ ਵਿਚ ਆਈ। ਉਸ ਦਾ ਜਾਹੋ-ਜਲਾਲ ਦੇਖ ਕੇ ਭਾਈਬੰਦਾਂ ਦੇ ਸਾਹ ਸੂਤੇ ਗਏ। ਇਕ ਚੁੱਪ ਛਾ ਗਈ। ਅਸੀਂ ਆਪਣੀ ਸ਼ਾਮਤ ਆਈ ਸਮਝੀ। ਮੈਂ ਮੌਕਾ ਸਾਂਭ ਕੇ ਆਖਿਆ, "ਚੱਲੋ ਬਈ ਆਪਾਂ ਹੁਣ ਬਾਗੋਬਾਗ ਹੋ ਗਏ ਆਂ-ਆਪਾਂ ਜਨਮ ਦਿਨ ਮਨਾ ਲਿਆ-ਹੁਣ ਬੱਚਿਆਂ ਦੀ ਵਾਰੀ ਐ-।" ਮੈਂ ਭਾਈਬੰਦਾਂ ਨੂੰ ਬਾਹੋਂ ਫੜ ਆਲ਼ਸੀ ਕੱਟੇ ਵਾਂਗ ਬਾਹਰ ਧੂਹ ਲਿਆਇਆ। ਘਰਵਾਲੀ ਦੀਆਂ ਅੱਖਾਂ ਦਾ ਸੇਕ ਮੈਨੂੰ ਬਾਹਰ ਤੱਕ ਆ ਰਿਹਾ ਸੀ। ਜਦੋਂ ਮੈਂ ਉਹਨਾਂ ਨੂੰ ਬਾਹਰ ਛੱਡ ਕੇ ਮੁੜਿਆ ਤਾਂ ਘਰਵਾਲੀ ਜੀ ਮੇਰੇ 'ਤੇ ਰਾਸ਼ਣ-ਪਾਣੀ ਲੈ ਕੇ ਚੜ੍ਹ ਗਏ। ਭਾਈਬੰਦਾਂ ਨੂੰ ਬੇਵਕੂਫ਼, ਜੰਗਲੀ, ਬਦਮਗਜ, ਬਦਮਾਸ਼, ਗੁੰਡੇ ਅਤੇ ਹੋਰ ਪਤਾ ਨਹੀਂ ਕੀ-ਕੀ ਵਿਸ਼ਲੇਸ਼ਣ ਲਾ ਦਿੱਤੇ। ਘਰਵਾਲੀ ਦਾ ਪੱਖ ਪੂਰਨਾ ਤਾਂ ਮੇਰਾ ਪਹਿਲਾ ਕਰਮ ਸੀ, ਕਿਉਂਕਿ ਮੈ 'ਜਨਮ-ਦਿਨ' ਅਤੇ 'ਫ਼ੱਟੜ-ਦਿਨ' ਇੱਕੋ ਦਿਨ ਹੀ ਨਹੀਂ ਚਾਹੁੰਦਾ ਸੀ, ਮੈਂ ਢਿੱਲੇ ਜਿਹੇ ਹੁੰਦੇ ਨੇ ਆਖਿਆ, "ਸੱਚੀਂ ਮੂਰਖ ਐ ਸਾਲੇ-ਇਹਨਾਂ ਨੂੰ ਇਹ ਨ੍ਹੀਂ ਪਤਾ ਬਈ ਬੰਦੇ ਦਾ ਮਨ ਨਾ ਬੁੱਢਾ ਹੋਵੇ-ਬੰਦਾ ਬੁੱਢਾ ਨ੍ਹੀ ਹੁੰਦਾ-ਚਾਲੀ ਪੰਜਾਹ ਸਾਲ ਵੀ ਸਾਲੀ ਕੋਈ ਉਮਰ ਹੁੰਦੀ ਐ?" ਘਰਵਾਲੀ ਨੂੰ ਸਾਡੇ ਤੀਸਰੇ ਬਚਨ ਤੋਂ ਸੰਤੁਸ਼ਟੀ ਹੋਈ ਅਤੇ ਆਖਣ ਲੱਗੀ, "ਗੋਲੀ ਮਾਰੋ ਉਹਨਾਂ ਦੇ-ਹੁਣ ਤੁਸੀਂ ਜੁਆਕਾਂ ਨਾਲ ਜਨਮ ਦਿਨ ਮਨਾਓ!" ਤਾਂ ਸਾਡੀ ਵੀ ਧੜਕਦੀ ਕੌਡੀ ਥਾਂ-ਸਿਰ ਆਉਣ ਲੱਗੀ ਅਤੇ ਅਸੀਂ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਉਣ ਵਿਚ ਰੁੱਝ ਗਏ। 


ਹੋਰ ਪੜੋ...

ਮਿਲ ਜਿਆ ਕਰੀਂ ਧੀਏ

ਗੁਰਮੀਤ ਜਦੋਂ ਮੰਗੀ ਗਈ ਤਾਂ ਉਸ ਦੇ ਕੰਨੀ ਭਿਣਕ ਪਈ ਕਿ ਉਸ ਦੀ ਸੱਸ ਹਰਬੰਸ ਕੌਰ ਬੜੀ ਹੀ ‘ਕੱਬੀ’ ਸੀ। ਸੁਣ ਕੇ ਉਸ ਨੂੰ ਸੀਤ ਚੜ੍ਹ ਜਾਂਦਾ। ਭਵਿੱਖ ਵਿਚ ਹੋਣ ਵਾਲੇ ਸਲੂਕ ਲਈ ਉਹ ਆਪਣੇ ਆਪ ਨੂੰ ਕਰੜਾ ਕਰਦੀ। ਪਰ ਉਸ ਦਾ ਮਨ ਥਾਲੀ ਦੇ ਪਾਣੀ ਵਾਂਗ ਡੋਲਦਾ ਰਹਿੰਦਾ। ਉਹ ਉਸ ਪ੍ਰਮ-ਸ਼ਕਤੀ, ਪ੍ਰਮਾਤਮਾ ਅੱਗੇ ਬੇਨਤੀਆਂ ਕਰਦੀ ਰਹਿੰਦੀ।

- “ਹੇ ਅਕਾਲ ਪੁਰਖ ! ਮੇਰੀ ਸੱਸ ਨੂੰ ਸਮੱਤ ਬਖਸ਼।" ਆਪਣੇ ਵਿਆਹਤਾ ਜੀਵਨ ਲਈ ਸੁਖ ਪ੍ਰਦਾਨ ਕਰਨ ਲਈ ਉਹ ਰੱਬ ਅੱਗੇ ਅਰਦਾਸਾਂ ਕਰਦੀ। ਗੁਰਮੀਤ ਦਾ ਸਹੁਰਾ ਚੰਨਣ ਸਿੰਘ ਮਿਲਟਰੀ ਵਿਚ ਡਾਕਟਰ ਸੀ ਅਤੇ ਹੁਣ ਰਟਾਇਰ ਹੋ ਚੁੱਕਾ ਸੀ। ਹੁਣ ਉਸ ਨੇ ਆਪਣੇ ਪਿੰਡ ਹੀ ਪ੍ਰਾਈਵੇਟ ਡਿਸਪੈਂਸਰੀ ਖੋਲ੍ਹ ਲਈ ਸੀ ਅਤੇ ਕੰਮ ਕਾਫੀ ਰਿੜ੍ਹ ਪਿਆ ਸੀ। ਗੁਰਮੀਤ ਦੀ ਸੱਸ ਹਰਬੰਸ ਕੌਰ ਮਾਪਿਆਂ ਦੀ ਇਕੱਲੀ-ਇਕੱਲੀ ਧੀ ਸੀ। ਜਿਸ ਨੇ ਪੇਕੀਂ ਅਤੇ ਸਹੁਰੀਂ ਚੰਮ ਦੀਆਂ ਚਲਾਈਆਂ ਸਨ। ਹਰਬੰਸ ਕੌਰ ਦਾ ਪੁੱਤ ਰੂਪਇੰਦਰ ਮਿਲਟਰੀ ਸਕੂਲ ਵਿਚ ਹੀ ਪੜ੍ਹਿਆ ਸੀ, ਸਕੂਲ ਤੋਂ ਬਾਅਦ ਕਾਲਿਜ। ਰੂਪਇੰਦਰ ਇਕ ਲੰਡਰ ਮੁੰਡਾ ਸੀ। ਕਾਲਿਜ ਵਿਚ ਉਹ ਪੜ੍ਹਾਈ ਘੱਟ ਅਤੇ ਲਫੈਂਡਪੁਣਾਂ ਜਿਆਦਾ ਕਰਦਾ ਸੀ। ਗਸ਼ਤ ਜਿ਼ਆਦਾ ਅਤੇ ਪੜ੍ਹਾਈ ਘੱਟ ਕਰਨ ਦਾ ਉਹ ਆਦੀ ਬਣ ਚੁੱਕਾ ਸੀ।
ਰਟਾਇਰਮੈਂਟ ਲੈਣ ਤੋਂ ਬਾਅਦ ਚੰਨਣ ਸਿੰਘ ਨੂੰ ਜਦੋਂ ਅਹਿਸਾਸ ਹੋਇਆ ਕਿ ਰੂਪਇੰਦਰ ਪੜ੍ਹਾਈ ਵਿਚ ਉੱਕਾ ਹੀ ਰੁਚੀ ਨਹੀਂ ਰੱਖਦਾ ਤਾਂ ਉਸ ਨੇ ਉਸ ਨੂੰ ਡਾਕਟਰੀ ਕਿੱਤੇ ਵਿਚ ਹੀ ਲਾ ਲਿਆ। ਪਰ ਰੂਪਇੰਦਰ ਦੀ ਆਦਤ ਨਾ ਬਦਲੀ। ਉਹ ਕੁੜੀਆਂ ਦੀ ਚੱੈਕ ਅੱਪ ਘੱਟ ਅਤੇ ਛਾਤੀਆਂ ਜਿ਼ਆਦਾ ਨਾਪਦਾ ਤੋਲਦਾ ਸੀ। ਪਰ ਦਿਨ ਤਾਂ ਚੰਨਣ ਸਿੰਘ ਦੇ ਸਿਰ ਉਪਰੋਂ ਪਾਣੀ ਹੀ ਵਗ ਗਿਆ, ਜਦ ਉਸ ਦੀ ਗੈਰਹਾਜ਼ਰੀ ਵਿਚ ਰੂਪਇੰਦਰ ਨੇ ਦੁਆਈ ਲੈਣ ਆਈ ਕੁੜੀ ਹੀ ਫੜ ਲਈ। ਕਾਫੀ ਲਾਅਲਾ-ਲਾਅਲਾ ਹੋਈ। ਪਰ ਚੰਨਣ ਸਿੰਘ ਬਾਰਸੂਖ਼ ਬੰਦਾ ਸੀ। ਜਿਸ ਕਰਕੇ ਪੰਚਾਇਤ ਨੇ ਗੱਲ ਦਬਾ ਲਈ। ਰੂਪਇੰਦਰ ਤੋਂ ਮੁਆਫੀ ਦੁਆ ਕੇ ਗੱਲ ਰਫ਼ਾ-ਦਫ਼ਾ ਕਰ ਦਿੱਤੀ ਗਈ। ਅੱਗੇ ਤੋਂ ਰੂਪਇੰਦਰ ਨੂੰ ਖ਼ਬਰਦਾਰ ਕਰ ਦਿੱਤਾ ਗਿਆ।
ਇੱਜ਼ਤਦਾਰ ਬੰਦਾ, ਡਾਕਟਰ ਚੰਨਣ ਸਿੰਘ ਸ਼ਰਮ ਦਾ ਮਾਰਿਆ ਕਈ ਦਿਨ ਬਾਹਰ ਹੀ ਨਾ ਨਿਕਲਿਆ। ਧਰਤੀ ਗਰਕਣ ਲਈ ਉਸ ਨੂੰ ਵਿਹਲ ਨਹੀਂ ਦਿੰਦੀ ਸੀ। ਇਕੱਲੇ-ਕਹਿਰੇ ਪੁੱਤ ਨੂੰ ਉਹ ਜਿਆਦਾ ਘੂਰਨੋ ਵੀ ਡਰਦਾ ਸੀ। ਅੱਜ ਦੀ ਮਡੀਹਰ ਦਾ ਕੀ ਇਤਬਾਰ? ਗੁੱਸੇ ਮਾਰਿਆ ਖੂਹ ਖਾਤੇ ਹੀ ਪੈ ਜਾਵੇ? ਜਾਂ ਫਿਰ ਅੱਗੋਂ ਥੱਪੜ ਹੀ ਕੱਢ ਮਾਰੇ? ਆਪਣੀ ਇੱਜ਼ਤ ਆਪਣੇ ਹੱਥ!
- “ਤੇਰੇ ਅੰਨ੍ਹੇ ਲਾਅਡ ਨੇ ਮੁੰਡਾ ਵਿਗਾੜਤਾ।" ਰੋਟੀ ਖਾਣ ਲੱਗਾ ਡਾਕਟਰ ਹਰਬੰਸ ਕੌਰ ਨੂੰ ਕਹਿ ਬੈਠਾ।
- “ਕੀ ਪਰਲੋਂ ਆ ਗਈ? ਮੁੰਡੇ ਖੁੰਡੇ ਅਜਿਹੀਆਂ ਘਤਿੱਤਾਂ ਕਰਦੇ ਹੀ ਹੁੰਦੇ ਐ - ਕੀ ਅਗਲੀ ਦੇ ਗੋਲੀ ਮਾਰਤੀ?”
- “ਅਗਲੇ ਮੇਰੇ ਮੂੰਹ ਨੂੰ ਈ ਚੁੱਪ ਕਰ ਗਏ-ਨਹੀਂ ਤਾਂ ਮਾਰ ਮਾਰ ਰੈਂਗੜੇ ਇਹਦੇ 'ਚ ਚਿੱਬ ਪਾ ਦਿੰਦੇ-ਬਾਹਲੀ ਹੱਫੀ ਬਣੀ ਫਿਰਦੀ ਐਂ।"
- “ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਐ-ਸਾਰਾ ਕਸੂਰ ਮੁੰਡੇ ’ਚ ਵੀ ਨਹੀਂ।" ਹਰਬੰਸ ਕੌਰ ਤੱਟ ਫੱਟ ਜਵਾਬ ਦੇ ਰਹੀ ਸੀ।
- “ਤੇਰੇ ਧੀ ਹੈ ਨਹੀ ਨਾਂ ਘਰੇ-ਤੈਨੂੰ ਧੀਆਂ ਦੇ ਦੁੱਖ ਦਾ ਕੀ ਪਤੈ? ਲੱਗ ਪਈ ਚਬਰ-ਚਬਰ ਮੂੰਹ ਮਾਰਨ ਹਰਾਮਦੀ!"
ਚੰਨਣ ਸਿੰਘ ਭੂਸਰ ਗਿਆ। ਉਹ ਚੁਪ ਕਰ ਗਈ। ਜਦੋਂ ਡਾਕਟਰ ਗੁੱਸੇ ਵਿਚ ਹੁੰਦਾ, ਹਰਬੰਸ ਕੌਰ ਉਸ ਤੋਂ ਕੰਨ ਭੰਨਦੀ। ਕਿਉਂਕਿ ਗੱਸਾ ਡਾਕਟਰ ਨੂੰ ਬਹੁਤ ਹੀ ਘੱਟ ਆਉਂਦਾ ਸੀ। ਪਰ ਜਦੋਂ ਗੁੱਸਾ ਉਸ ਦੇ ਸਿਰ ਨੂੰ ਚੜ੍ਹਦਾ ਤਾਂ ਉਹ ਹਾਕੀ ਲੈ ਕੇ ਹਰਬੰਸ ਕੌਰ ਦੇ ਦੁਆਲੇ ਹੋ ਜਾਂਦਾ ਅਤੇ ਫਿਰ ਨਿੱਸਲ ਕਰ ਕੇ ਹਟਦਾ ਸੀ। ਗੁੱਸੇ ਵਿਚ ਉਸ ਦੇ ਕੁਝ ਵੱਸ ਨਾ ਰਹਿੰਦਾ। ਹਰਬੰਸ ਕੌਰ ਨੂੰ ਭਲੀ-ਭਾਂਤ ਪਤਾ ਸੀ ਕਿ ਜਦੋਂ ਚੰਨਣ ਸਿੰਘ ‘ਹਰਾਮਦੀ’ ਲਫਜ਼ ਵਰਤਦਾ ਸੀ ਤਾਂ ਉਸ ਦੇ ਗੁੱਸੇ ਦੀ ਭੱਠੀ ਮਘਣ ਲੱਗ ਪੈਂਦੀ ਸੀ। ਜਿਸ ਕਰਕੇ ਉਹ ਤੁਰੰਤ ਹੀ ਚੁੱਪ ਧਾਰ ਲੈਂਦੀ। ‘ਹਰਾਮਦੀ’ ਲਫ਼ਜ਼ ਤਬਾਹੀ ਦਾ ਸੰਕੇਤ ਸੀ। ਗੁੱਸੇ ਵਿਚ ਭੂਤਰਿਆ ਡਾਕਟਰ ਖੱਬੇ ਸੱਜੇ ਨਹੀਂ ਦੇਖਦਾ ਸੀ। ਬੱਸ! ਪਰਾਗਾ ਪਾ ਹੀ ਲੈਂਦਾ ਸੀ।
ਖ਼ੈਰ! ਡਾਕਟਰ ਨੇ ਰਿਸ਼ਤੇਦਾਰ ਬੁਲਾ ਕੇ ਰੂਪਇੰਦਰ ਦੀ ਸ਼ਾਦੀ ਦੀ ਗੱਲ ਤੋਰੀ।
- “ਇੱਤਰਾਂ ਪ੍ਰਾਹੁਣਿਆਂ ਸਾਕਾਂ ਦਾ ਮੁੰਡੇ ਨੂੰ ਘਾਟੈ? ਤੂੰ ਮੁੜ ਹੁਕਮ ਤਾਂ ਕਰਕੇ ਤੇ ਦੇਖ- ਕੁੜੀਆਂ ਦੇ ਮੁੜ ਢੇਰ ਪਏ ਲਾ ਦਿਆਂਗੇ- ਉੱਤਰਾਂ ਕੋਈ ਕੁੜੀ ਤੇਰੀ ਨਜ਼ਰ’ਚ ਹੈ?” ਰੂਪਇੰਦਰ ਦੇ ‘ਅੰਬਰਸਰੀਏ’ ਭਾਊ ਮਾਮੇ ਨੇ ਆਖਿਆ। ਮੁੱਛਾਂ ਦੇ ਕੁੰਢ ਉਹ ਅੱਖਾਂ ਨਾਲ ਲਾਈ ਬੈਠਾ ਸੀ। ਕੱਕੀਆਂ ਮੁੱਛਾਂ ਉਪਰੋਂ ਦੀ ਕੋਚਰੀਆਂ ਅੱਖਾਂ ‘ਗਟਰ ਗਟਰ’ ਝਾਕ ਰਹੀਆਂ ਸਨ।
- “ਜੈਤੋ ਵਾਲੇ ਬਰਾੜ ਬਾਰੇ ਤੇਰਾ ਕੀ ਖਿਆਲ ਐ? ਕੈਪਟਨ ਬੜਾ ਹੀ ਸਾਊ ਬੰਦੈ।" ਡਾਕਟਰ ਨੇ ਕਿਹਾ।
- “ਛੱਡ ਪਰਾਂਹ ਪ੍ਰਾਹੁਣਿਆਂ - ਕੈਪਟਨ ਕੋਈ ਬੰਦੈ? ਉਹ ਤਾਂ ਮੁੜ ਨਿਰਾ ਗੁਰਦੁਆਰੇ ਦਾ ਗ੍ਰੰਥੀ ਲੱਗਦਾ ਊ।" ਮਾਮੇ ਨੇ ਨੱਕ ਚਾੜ੍ਹਿਆ।
- “ਸਾਨੂੰ ਬੰਦੇ ਚਾਹੀਦੇ ਐ ਘੈਂਟ - ਜਿਹੜੇ ਜੁਆਕ ਦੇ ਪਿੱਛੇ ਆਉਣ ਵਾਲੇ ਵੀ ਹੋਣ।" ਹਰਬੰਸ ਕੌਰ ਨੇ ਕਿਹਾ।
- “ਜੁਆਕ ਦੇ ਪਿੱਛੇ ਆਉਣ ਚਾਹੇ ਨਾ ਆਉਣ - ਪਰ ਤੂੰ ਗੁਤਨੀ ਜਰੂਰ ਪੱਟਾਵਾਂਏਂਗੀ- ਕਿਉਂਕਿ ਤੇਰੀ ਜਬਾਨ ਚੱਲਣੋਂ ਰਹਿਣੀ ਨਹੀ-।"
- “ਉੱਤਰਾਂ ਗੱਲ ਭੈਣਾਂ ਦੀ ਦਰੁਸਤ ਈ - ਮੁੜ ਚਾਰ ਬੰਦੇ ਪਿੱਠ ਤੇ ਹੋਏ ਜੁਆਨ ਦੀ ਭੱਲ ਤਾਂ ਬਣੀ ਰਹੂ।“ ਮਾਮੇ ਤੋਂ ਰਿਹਾ ਨਾ ਗਿਆ, “ਕੋਈ ਉੱਤਰਾਂ ਅੱਖ ’ਚ ਪਾਇਆ ਤਾਂ ਮੁੜ ਨਾ ਰੜਕੂ ਪ੍ਰਾਹੁਣਿਆਂ।"
- “ਘੱਲਾਂ ਆਲਿਆਂ ਨਾਲ ਗੱਲ ਕਰੀਏ?” ਰੂਪਇੰਦਰ ਦੇ ਫੁੱਫੜ ਨੇ ਆਖਿਆ।
- “ਚਾਰ ਭਰਾਵਾਂ ਦੀ 'ਕੱਲੀ-'ਕੱਲੀ ਭੈਣ ਐਂ।"
- “ਕਰ ਲਓ! ਦਾਜ ਦਹੇਜ ਦੀ ਆਪਾਂ ਨੂੰ ਉੱਕਾ ਈ ਜਰੂਰਤ ਨਹੀਂ।" ਡਾਕਟਰ ਨੇ ਕਿਹਾ।
- “ਕਿਉਂ ਲੋੜ ਕਿਉਂ ਨ੍ਹੀਂ? ਹਰਬੰਸ ਕੌਰ ਜਿਵੇਂ ਭੱਜ ਕੇ ਵਿਚ ਹੋਈ, “ਅਗਲਿਆਂ ਨੇ ਆਬਦੀ ਕੁੜੀ ਨੂੰ ਦੇਣੈ -ਸਾਨੂੰ ਦੇਣੈ?” ਹਰਬੰਸ ਕੌਰ ਰਹਿ ਨਾ ਸਕੀ।
- “ਮੁੜ ਭਾਅ ਫੌਜੀਆਂ ਆਲੀ ਗੱਲ ਨਾ ਮੁੜ ਪਿਆ ਕਰ- ਘਰ ਆਈ ਲਕਸ਼ਮੀ ਕਿਸੇ ਨੇ ਮੋੜੀ ਊ? ਉੱਤਰਾਂ ਆਪਾਂ ਕੋਈ ਮੰਗ ਨਹੀ ਧਰਦੇ - ਵੈਸੇ ਮਾਮਿਆਂ ਫੁੱਫਿਆਂ ਨੂੰ ਮੁੰਦਰੀਆਂ ਛੁੰਦਰੀਆਂ ਦਾ ਤਾਂ ਹੱਕ ਬਣਦਾ ਈ।"
- “ਕਿਉਂ ਨਹੀਂ ਬਣਦਾ? ਇੱਕੋ ਇੱਕ ਪੁੱਤ ਵਿਆਹੁੰਣੈ- ਅਸੀਂ ਇਲਾਕੇ ’ਚ ਕਿਹੜਾ ਮੂੰਹ ਵਿਖਾਵਾਂਗੇ?”
ਡਾਕਟਰ ਚੁਪ ਕਰ ਗਿਆ। ਮੇਲੇ ਵਿਚ ਚੱਕੀਰਾਹੇ ਦਾ ਕੁਝ ਨਹੀ ਵੱਟੀਦਾ ਸੀ। ਝੰਡੇ ਹੇਠਲੀ ਹਰਬੰਸ ਕੌਰ ਅਤੇ ਪ੍ਰਤਾਪ ਸਿੰਘ ਭਾਊ ਅੱਗੇ ਉਸ ਦੀ ਪੇਸ਼ ਨਹੀ ਜਾ ਰਹੀ ਸੀ। ਰਿਸ਼ਤੇਦਾਰਾਂ ਸਾਹਮਣੇ ਉਹ ਝੱਜੂ ਨਹੀ ਪਾਉਣਾ ਚਾਹੁੰਦਾ ਸੀ।
ਖ਼ੈਰ! ਰੂਪਇੰਦਰ ਦੇ ਫੁੱਫੜ ਨੇ ਗੱਲ ਚਲਾਈ।
ਰਿਸ਼ਤਾ ਸਿਰੇ ਚੜ੍ਹ ਗਿਆ।
ਪਹਿਲੇ ਦਿਨ ਮੰਗਣੀ ਅਤੇ ਦੂਜੇ ਦਿਨ ਸ਼ਾਦੀ ਹੋ ਗਈ। ਸਹੁਰਿਆਂ ਨੇ ਦਾਜ ਵਿਚ ਕਾਫੀ ਕੁਝ ਦਿੱਤਾ ਸੀ। ਫਰਿੱਜ਼, ਸੋਫੇ਼, ਅਲਮਾਰੀਆਂ, ਟੀ.
ਵੀ. ਅਤੇ ਮੋਟਰਸਾਈਕਲ! ਮਾਮਿਆਂ-ਫੁੱਫੜਾਂ ਤੱਕ ਛਾਪਾਂ ਪਾਈਆਂ ਸਨ। ਪਰ ਹਰਬੰਸ ਕੌਰ ਅਜੇ ਵੀ ਖੁਸ਼ ਨਹੀ ਸੀ।
- “ਮੇਰਾ ਗਲ ਕਿਉਂ ਨਹੀ ਢਕਿਆ?” ਉਹ ਮੂੰਹ ਵੱਟੀ ਬੈਠੀ ਸੀ। ਰਿਸ਼ਤੇਦਾਰੀਆਂ ਵਿਚੋਂ ਅੱਗ ਤੇ ਫੂਸ ਪਾਉਣ ਵਾਲੀਆਂ ਜਿ਼ਆਦਾ ਅਤੇ ਪਾਣੀ ਪਾਉਣ ਵਾਲੀਆਂ ਘੱਟ ਸਨ।
- “ਹੈਂ-ਹੈਂ ਨੀ! ਇਹ ਕੀ ਆਖ? ਇੱਕੋ ਇੱਕ ਪੁੱਤ ਵਿਆਹਿਐ- ਗਲ ਢਕਣ ਦਾ ਤਾਂ ਭੈਣੇ ਹੱਕ ਬਣਦਾ ਸੀ।" ਕੋਈ ਆਖ ਰਹੀ ਸੀ।
- “ਸਹੁਰਿਆਂ ਨੇ ਤਾਂ ਭਾਈ ਮੂਲੋਂ ਈ ਨਿੱਕਾ ਕੱਤਿਆ।" ਸੁਣ ਕੇ ਗੁਰਮੀਤ ਨੂੰ ਘੁੰਡ ਵਿਚ ਤਰੇਲੀਆਂ ਆ ਰਹੀਆਂ ਸਨ। ਉਸ ਨੂੰ ਅੰਦਰੋਂ ਝਰਨਾਹਟ ਚੜ੍ਹਦੀ ਅਤੇ ਸਿਰ ਚਕਰਾ ਰਿਹਾ ਸੀ।
- “ਹਰਬੰਸ ਕੁਰੇ ਭਾਈ ਸਾਹੇ ’ਚ ਕਲੇਸ਼ ਮਾੜਾ ਹੁੰਦੈ।" ਗੁਆਂਢਣ ਸੰਤੀ ਬੁੜ੍ਹੀ ਨੇ ਆ ਕੇ ਮੱਤ ਦਿੱਤੀ।
- “ਸਾਰੀ ਉਮਰ ਪਈ ਐ ਗੱਲਾਂ ਕਰਨ ਨੂੰ - ਪਰ ਅੱਜ ਕਲੇਸ਼ ਨਾ ਕਰੋ - ਸ਼ਗਨਾਂ ਦਾ ਖੱਟਿਆ ਈ ਖਾਈਦੈ।" ਕਿਸੇ ਹੋਰ ਸਚਿਆਰੀ ਨੇ ਹਾਮ੍ਹੀਂ ਭਰੀ।
ਬਾਹਰ ‘ਅੰਬਰਸਰੀਆ’ ਮਾਮਾ ਸ਼ਰਾਬ ਨਾਲ ਰੱਜਿਆ ਲਲਕਾਰੇ ਮਾਰ ਰਿਹਾ ਸੀ, ਉਹ ਬਲਦ ਵਾਂਗ ਝੂਲਦਾ ਅੰਦਰ ਆਇਆ।
- “ਦੇਖ ਕੁੜੀਏ! ਮੁੜ ਸਾਰੀ ਉਮਰ ਤੇਰੇ ਘਰ 'ਤੇ ਖੂਨ ਪਏ ਵਗਾਂਦੇ ਰਹੇ - ਅੱਜ ਮੇਰਾ ਇੱਕੋ ਮੁੰਦਰੀ ਨਾਲ ਮੁੜ ਸਾਰ ਦਿੱਤਾ? ਜਿਹਨਾਂ ਨੇ ਤੇਰੀ ਦੁਖਦੇ ਸੁਖਦੇ ਬਾਤ ਨਹੀ ਮੁੜ ਪੁੱਛੀ ਸੀ - ਉਹਨਾਂ ਨੂੰ ਵੀ ਮੁੜ ਮੁੰਦਰੀਆਂ ਤੇ ਇੱਤਰਾਂ ਮੇਰੇ ਨਾਲ ਮੁੜ ਕਿੱਧਰਲਾ ਇਨਸਾਫ ਹੋਇਆ?”
- ਉਏ ਮਾਮਾ ਬੱਸ ਵੀ ਕਰ ਪਤੰਦਰਾ! ਆ ਬਾਹਰ ਪੈੱਗ ਸ਼ੈੱਗ ਲਾਈਏ।" ਰੂਪਇੰਦਰ ਦੇ ਦੋਸਤ ਮਾਮੇਂ ਨੂੰ ਧੱਕੀ ਲਿਜਾ ਰਹੇ ਸਨ। ਜਿਵੇਂ ਰੋਡਵੇਜ਼ ਦੀ ਬੱਸ ਨੂੰ ਧੱਕਾ ਲਾਈਦੈ।
- “ਉੱਤਰਾਂ ਕੁੜੀਏ ਮੁੜ ਯਾਦ ਰੱਖੀਂ - ਦੁਖਦੇ ਸੁਖਦੇ ਤੇਰੇ ਕੰਮ ਮੈਂ ਈ ਆਣਾ ਊਂ।" ਮਾਮਾ ਬੁੱਕਦਾ ਜਾਂਦਾ ਕਹਿ ਰਿਹਾ ਸੀ। ਉਹ ਰਿੰਗ ਬੈਠੇ ਟਰੈਕਟਰ ਵਾਂਗ ਧੂੰਆਂ ਮਾਰੀ ਜਾ ਰਿਹਾ ਸੀ।
- “ ਵੇ ਮੈਂ ਕਿਹੜੇ ਜਣਦਿਆਂ ਨੂੰ ਪਿੱਟਾਂ.....?” ਉਠ ਕੇ ਹਰਬੰਸ ਕੌਰ ਨੇ ਦੁਹੱਥੜ ਮਾਰੀ। ਪਰ ਸੰਤੀ ਬੁੜ੍ਹੀ ਨੇ ਫਿਰ ਬਿਠਾ ਲਈ।
- “ਕਲੇਸ਼ ਮਾੜਾ ਹੁੰਦੈ ਹਰਬੰਸ ਕੁਰੇ!“
- “ਬਹਿਨੀ ਐਂ ਕਿ ਦੇਵਾਂ ਮੱਤ ਹਰਾਮਦੀਏ?” ਡਾਕਟਰ ਹਨ੍ਹੇਰੀ ਵਾਂਗ ਅੰਦਰ ਆਇਆ। ਹਰਬੰਸ ਕੌਰ ਦੜ ਵੱਟ ਗਈ। ‘ਹਰਾਮਦੀਏ’ ਵੱਖੀਆਂ ਸੇਕਣ ਦਾ ਪ੍ਰਤੀਕ ਸੀ। ਸ਼ਾਮਤ ਦਾ ਘੁੱਗੂ ਸੀ। ਡਾਂਗ ਤੋਂ ਡਰਦੀ ਉਹ ਚੁੱਪ ਕਰ ਗਈ।
- “ਬੱਸ ਡੱਡੇ ਗੁੱਸਾ ਥੁੱਕੋ - ਸ਼ਗਨਾਂ ਵਾਲੇ ਦਿਨ ਤੁਸੀਂ ਕਾਹਤੋਂ ਕਲੇਸ਼ ਪਾ ਕੇ ਬੈਠ ਗਏ?” ਸੰਤੀ ਬੁੜ੍ਹੀ ਸਮਝਾਉਣ ਦੀ ਬੜੀ ਕੋਸਿ਼ਸ਼ ਕਰ ਰਹੀ ਸੀ।
- “ਮੈਂ ਕਦੋਂ ਦਾ ਮੂੰਹ ਕੰਨੀ ਦੇਖੀ ਜਾਨੈਂ - ਬੱਸ ਈ ਨਹੀ ਕਰਦੀ ਗੱਦਾਂ ਯੱਧੀ - ਕੀ ਕੰਜਰਖਾਨਾਂ ਖੜ੍ਹੈ ਕੀਤੈ ਇਹਨੇ ਮੱਚੜ ਜੀ ਨੇ!“ ਗੁੱਸੇ ਦੇ ਲਾਂਬੂ ਛੱਡਦਾ ਡਾਕਟਰ ਬਾਹਰ ਨਿਕਲ ਗਿਆ।
ਖ਼ੈਰ! ਸੰਤੀ ਬੁੜ੍ਹੀ ਦੀ ਸਰਪ੍ਰਸਤੀ ਸਦਕਾ ਵਿਆਹ ਘੱਟਣ ਜਿਹੇ ਮਾਹੌਲ ਵਿਚ ਵੀ ਸੁੱਖ ਸਾਂਦ ਨਾਲ ਲੰਘ ਗਿਆ। ਪਰ ਹਰਬੰਸ ਕੌਰ ਨੇ ਦਿਲੋਂ ਖੋਰ ਨਾ ਗੁਆਇਆ। ਨੂੰਹ ਪ੍ਰਤੀ ਉਸ ਦੇ ਦਿਲ ਵਿਚ ਪਿਆ ਵਲ ਹਰ ਰੋਜ਼ ਵੱਟ ਚਾਹੜਦਾ ਸੀ। ਨੂੰਹ ਰੋਟੀ ਪਕਾ ਕੇ ਦਿੰਦੀ ਉਸ ਦੇ ਪਸੰਦ ਨਾ ਆਉਂਦੀ। ਸਬਜ਼ੀ ਬਣਾਉਂਦੀ ਤਾਂ ਹਰਬੰਸ ਕੌਰ ਨੱਕ ਬੁੱਲ੍ਹ ਮਾਰਦੀ ਰਹਿੰਦੀ।
ਪਰ ਚੰਨਣ ਸਿੰਘ ਨੂੰਹ ਦੀ ਦਿਲੋਂ ਇੱਜ਼ਤ ਕਰਦਾ ਸੀ। ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਸੀ। ਪਰ ਜਦੋਂ ਚੰਨਣ ਸਿੰਘ ਕਿਤੇ ਬਾਹਰ ਚਲਾ ਜਾਂਦਾ ਤਾਂ ਹਰਬੰਸ ਕੌਰ ਗੁਰਮੀਤ ਨੂੰ ਸੁਣਾਈ ਕਰਦੀ, “ਆਹ ਭਿੱਟਭਿਟੀਆ ਜਿਆ ਖਰਚਿਆਂ ਦਾ ਘਰ ਸਾਡੇ ਮੱਥੇ ਮਾਰਿਆ।“ ਪਰ ਧੰਨ ਸੀ ਗੁਰਮੀਤ ਦੀ ਸਹਿਣਸ਼ੀਲਤਾ। ਉਹ ਚੁੱਪ ਚਾਪ ਸਾਰਾ ਕੁਝ ਜਰਦੀ, ਸਹਾਰਦੀ। ਮੂੰਹੋਂ ਕਦੇ ਨਾ ਬੋਲਦੀ। ਕਈ ਵਾਰ ਉਸ ਨੇ ਰਾਤ ਨੂੰ ਰੂਪਇੰਦਰ ਨੂੰ ਸੱਸ ਦੇ ਕੁਰੱਖਤ ਸੁਭਾਅ ਬਾਰੇ ਦੱਸਿਆ। ਪਰ ਉਹ ਪੀਤੀ ਵਿਚ, “ਮੰਮੀ ਦਾ ਸੁਭਾਅ ਈ ਕੁਛ ਐਹੋ ਜਿਐ- ਤੂੰ ਚੁੱਪ ਰਿਹਾ ਕਰ!“ ਆਖ ਕੇ ਅੱਖੋਂ ਪਰੋਖੇ ਕਰ ਛੱਡਦਾ। ਗੁਰਮੀਤ ਨੂੰ ਸਾਰੀ ਸਾਰੀ ਰਾਤ ਨੀਂਦ ਨਾ ਪੈਂਦੀ। ਕਦੇ ਉਹ ਸੋਚਦੀ ਕਿ ਉਹ ਤਾਂ ਇਕ ਮਸ਼ੀਨ ਸੀ। ਜਿਸ ਨੂੰ ਰਾਤ ਨੂੰ ਰੂਪਇੰਦਰ ਵਰਤ ਛੱਡਦਾ ਅਤੇ ਦਿਨੇ ਸੱਸ ਕੰਮ ’ਤੇ ਲਾਈ ਰੱਖਦੀ ਸੀ। ਜੇ ਉਸ ਨੂੰ ਕੋਈ ਸਮਝਣ ਵਾਲਾ ਸੀ ਤਾਂ ਸਿਰਫ ਉਸ ਦਾ ਸਹੁਰਾ ਚੰਨਣ ਸਿੰਘ!
ਕਈ ਵਾਰ ਗੁਰਮੀਤ ਦੇ ਪੇਕੇ ਉਸ ਨੂੰ ਲੈਣ ਆਏ ਪਰ ਹਰਬੰਸ ਕੌਰ ਕੋਈ ਨਾ ਕੋਈ ਬਹਾਨਾ ਮਾਰ ਕੇ ਟਰਕਾ ਛੱਡਦੀ। ਕਰਵਾ ਚੌਥ ਦੇ ਵਰਤਾਂ ’ਤੇ ਗੁਰਮੀਤ ਦਾ ਭਰਾ ਲੈਣ ਆਇਆ ਤਾਂ ਡਾਕਟਰ ਨੇ ਹਰਬੰਸ ਕੌਰ ਦੀ ਗੈਰਹਾਜ਼ਰੀ ਵਿਚ ਤੋਰ ਦਿੱਤੀ। ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਕਿਸੇ ਕੈਦ ਵਿਚੋਂ ਰਿਹਾਅ ਹੋਈ ਹੋਵੇ।
ਜਦ ਹਰਬੰਸ ਕੌਰ ਨੂੰ ਪਤਾ ਚੱਲਿਆ ਕਿ ਨੂੰਹ ਪੇਕੀਂ ਚਲੀ ਗਈ ਸੀ ਤਾਂ ਉਸ ਨੇ ਬਰੜਾਹਟ ਕਰਨਾ ਸ਼ੁਰੂ ਕਰ ਦਿੱਤਾ।
- “ਮੇਰੀ ਕਾਹਨੂੰ ਹੁਣ ਦੱਸ ਪੁੱਛ ਰਹੀ ਐ ਇਸ ਘਰ ’ਚ - ਜੋ ਕਰਨ ਨੂੰਹ ਸਹੁਰਾ ਈ ਕਰਨ।“ ਉਹ ਰੋਣ ਲੱਗ ਪਈ।
- “ਮੈਂ ਨਹੀਂ ਐਹੋ ਜਿਹੀ ਆਪਹੁਦਰੀ ਘਰੇ ਰੱਖਣੀ- ਰਹੇ ਪੇਕੀੰਂ - ਅਸੀਂ ਤਾਂ ਤਲਾਕ ਦੇ ਦੇਣੈਂ!”
- “ਤੈਨੂੰ ਚਾਰਾਂ ਬੱਕਲ? ਮਾਰ ਮਾਰ ਪੁੜੇ ਸੇਕਦੂੰ - ਕੁਛ ਨਾ ਆਖ!“ ਡਾਕਟਰ ਨੇ ਡਿਸਪੈਂਸਰੀ ਅੰਦਰੋਂ ਕਿਹਾ।
- “ਚਾਰਾਂ ਬੱਕਲ - ਸੇਕਦੂੰ ਪੁੜੇ - ਜੀਹਨੇ ਸਾਰੀ ਉਮਰ ਸਾਥ ਦਿੱਤੈ - ਉਹਦੀ ਕੋਈ ਪੁੱਛ ਦੱਸ ਨਹੀ -ਕੱਲ੍ਹ ਦੀ ਆਈ ਨੇ ਪਤਾ ਨਹੀ ਕੀ ਘੋਲ ਕੇ ਸਿਰ ਪਾ ਦਿੱਤੈ - ਐਹੋ ਜਿਹੀਆਂ ਰੰਡੀਆਂ ਬੜੀਆਂ ਖੇਖਣ ਹੱਥੀਆਂ ਹੁੰਦੀਆਂ।“ ਉਹ ਮੂੰਹ ਪਾੜ ਕੇ ਆਪਣੀ ਇਕਲੌਤੀ ਨੂੰਹ ਨੂੰ ‘ਰੰਡੀ’ ਆਖ ਰਹੀ ਸੀ।
ਡਾਕਟਰ ਨੇ ਬੈਂਤ ਫੜ ਕੇ ਹਰਬੰਸ ਕੌਰ ਦੀ ਤਹਿ ਲਾ ਦਿੱਤੀ। ਰੋਂਭੜ੍ਹੇ ਪਾ ਦਿੱਤੇ।
ਸ਼ਾਮ ਨੂੰ ਸ਼ਰਾਬ ਨਾਲ ਧੁੱਤ ਰੂਪਇੰਦਰ ਜਦ ਘਰ ਆਇਆ ਤਾਂ ਘਰ ਦਾ ਮਾਹੌਲ ਕਾਫ਼ੀ ਗੰਭੀਰ ਸੀ। ਉਹ ਮਾਂ ਦੇ ਮੰਜੇ ਤੇ ਇਕ ਤਰ੍ਹਾਂ ਨਾਲ ਡਿੱਗ ਹੀ ਪਿਆ। ਮੋਟਰਸਾਈਕਲ ਦਾ ਉਸ ਤੋਂ ਸਟੈਂਡ ਨਹੀਂ ਲੱਗਿਆ ਸੀ। ਉਸ ਨੇ ਵੈਸੇ ਹੀ ਕੰਧ ਨਾਲ ਲਾ ਦਿੱਤਾ ਸੀ।
- “ ਲੈ ਪੁੱਤ ਇਕ ਕੰਮ ਕਰ ਲੈ - ਜਾਂ ਤਾਂ ਬਹੂ ਛੱਡ ਦੇ ਤੇ ਜਾਂ ਫਿਰ ਮਾਂ ਛੱਡ ਦੇ।“ ਹਰਬੰਸ ਕੌਰ ਨੇ ਪੁੱਤ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ।
- “ਮੰਮੀ! ਬਹੂਆਂ ਮੈਨੂੰ ਵੀਹ - ਮਾਂ ਕਿਥੋਂ ਲਿਆਊਂ?” ਸ਼ਰਾਬੀ ਰੂਪਇੰਦਰ ਨੇ ਕਿਹਾ।
- “ਹੁਸਨ ਜਵਾਨੀ ਮਾਪੇ - ਮਿਲਦੇ ਨਹੀਂ ਹੱਟੀਆਂ ਤੋਂ” ਕਵਿਸ਼ਰੀ ਕਰਦਾ ਉਹ ਘੁਰਾੜ੍ਹੇ ਮਾਰਨ ਲੱਗ ਪਿਆ। ਚੁਬਾਰੇ ਵਿਚ ਪਿਆ ਡਾਕਟਰ ਸਾਰਾ ਕੁਝ ਸੁਣ ਰਿਹਾ ਸੀ। ਉਸ ਦੇ ਤਨ ਮਨ ਨੂੰ ਅੱਗ ਲੱਗੀ ਪਈ ਸੀ। ਕਰੋਧ ਵਿਚ ਉਹ ਸੜਿਆ ਪਿਆ ਸੀ।
ਜਦ ਰੂਪਇੰਦਰ ਗੁਰਮੀਤ ਨੂੰ ਲੈਣ ਨਾ ਹੀ ਗਿਆ ਤਾਂ ਉਸ ਦਾ ਭਰਾ ਗੁਰਮੀਤ ਨੂੰ ਛੱਡ ਗਿਆ। ਬਗੈਰ ਚੰਨਣ ਸਿੰਘ ਤੋਂ ਉਸ ਨਾਲ ਕਿਸੇ ਨੇ ਵੀ ਗੱਲ ਨਾ ਕੀਤੀ। ਸ਼ਾਮ ਨੂੰ ਉਹ ਵਾਪਿਸ ਪਰਤ ਗਿਆ। ਜਿ਼ੱਦੀ ਹਰਬੰਸ ਕੌਰ ਨੇ ਨੂੰਹ ਨਾਲ ਇਕ ਸ਼ਬਦ ਵੀ ਸਾਂਝਾ ਨਾ ਕੀਤਾ। ਜਦ ਗੁਰਮੀਤ ਉਸ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਹਰਬੰਸ ਕੌਰ ਨੇ ‘ਖ਼ਬਰਦਾਰ’ ਆਖ ਕੇ ਵਰਜ਼ ਦਿੱਤੀ। ਨੂੰਹ ਦੀ ਪਕਾਈ ਹੋਈ ਰੋਟੀ ਵੀ ਉਸ ਨੇ ਨਾ ਖਾਧੀ।
ਰੂਪਇੰਦਰ ਗੁਰਮੀਤ ਹੁਰਾਂ ਨੂੰ ਤੱਕ ਕੇ ਹੀ, ਮੋਟਰਸਾਈਕਲ ਲੈ ਕੇ ਬਾਹਰ ਨਿਕਲ ਗਿਆ ਸੀ। ਇਕ ਦੋਸਤ ਨੂੰ ਨਾਲ ਲੈ ਕੇ ਉਹ ਕਿਸੇ ਦੂਸਰੇ ਦੋਸਤ ਦੇ ਖੇਤ ਜਾ ਕੇ ਦਾਰੂ ਪੀਣ ਲੱਗ ਪਿਆ। ਉਹ ਤਿੰਨੇ ਸਾਰੀ ਦਿਹਾੜੀ ਪੀਂਦੇ ਰਹੇ।
ਹਨ੍ਹੇਰੇ ਹੋਏ ਰੂਪਇੰਦਰ ਨੇ ਮੋਟਰਸਾਈਕਲ ਲਿਆ ਅਤੇ ਆਪਣੇ ਪਿੰਡ ਨੂੰ ਸਿੱਧਾ ਹੋ ਗਿਆ। ਉਸ ਦਾ ਦੋਸਤ ਬਹੁਤਾ ਸ਼ਰਾਬੀ ਹੋਣ ਕਰਕੇ ਉਥੇ ਹੀ ਰਹਿ ਪਿਆ ਸੀ। ਉਹ ਆਪਣੇ ਪਿੰਡ ਦੀ ਸੜਕ ਪੈ ਕੇ ਆ ਹੀ ਰਿਹਾ ਸੀ ਕਿ ਸਪੀਡ ਜਿਆਦਾ ਹੋਣ ਕਰਕੇ ਸ਼ਰਾਬੀ ਰੂਪਇੰਦਰ ਤੋਂ ਮੋਟਰਸਾਈਕਲ ਨਾ ਸੰਭਲਿਆ ਅਤੇ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਿਆ। ਰੂਪਇੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਹਾਹਾਕਾਰ ਮੱਚ ਗਈ। ਕੋਈ ਮਨਹੂਸ ਖਬਰ ਲੈ ਕੇ ਡਾਕਟਰ ਚੰਨਣ ਸਿੰਘ ਵੱਲ ਤੁਰ ਗਿਆ।
ਚੰਨਣ ਸਿੰਘ ਅਜੇ ਡਿਸਪੈਂਸਰੀ ਵਿਚ ਹੀ ਬੈਠਾ ਸੀ। ਬਿਲਕੁਲ ਇਕੱਲਾ! ਘੋਰ ਦੁਖੀ! ਖ਼ਾਮੋਸ਼! ਹਰਬੰਸ ਕੌਰ ਉਪਰ ਚੁਬਾਰੇ ਵਿਚ ਸੀ। ਨੂੰਹ ਦੋ ਵਾਰ ਰੋਟੀ ਨੂੰ ਆਖ ਆਈ ਸੀ।
- "ਤੂੰ ਪੈ ਜਾ ਪੁੱਤ! ਮੈਂ ਆਪੇ ਰੋਟੀ ਖਾ ਲਊਂ!“ ਚੰਨਣ ਸਿੰਘ ਨੇ ਕਿਹਾ ਸੀ। ਉਸ ਦਾ ਮੱਥਾ ਠਣਕ ਰਿਹਾ ਸੀ। ਖੱਬੀ ਅੱਖ ਸਵੇਰ ਦੀ ਫ਼ਰਕੀ ਜਾ ਰਹੀ ਸੀ।
- “ਚਾਚਾ ਜੀ ਆਪਾਂ ਤਾਂ ਪੱਟੇ ਗਏ! ਆਪਣਾ ਰੂਪ ਚੜ੍ਹਾਈ ਕਰ ਗਿਆ!” ਚੰਨਣ ਸਿੰਘ ਦਾ ਸਾਬਤ ਸੂਰਤ ਭਤੀਜਾ ਗੁਰਮੇਲ ਸਿੰਘ ਡਿਸਪੈਂਸਰੀ ਵਿਚ ਆ ਕੇ ਪਿੱਟਿਆ। ਚੰਨਣ ਸਿੰਘ ਤਾਂ ਜਿਵੇਂ ਅਜਿਹੀ ਮਨਹੂਸ ਖਬਰ ਦੀ ਕਾਫੀ ਚਿਰ ਤੋਂ ਉਡੀਕ ਕਰ ਰਿਹਾ ਸੀ। ਉਸ ਦਾ ਦੁਖੀ ਦਿਲ ਲਹੂ ਲੁਹਾਣ ਹੋ, ਨੁੱਚੜਨ ਲੱਗ ਪਿਆ। ਉਸ ਨੂੰ ਜਿਵੇਂ ਇਸ ਭਾਣੇ ਬਾਰੇ ਪਹਿਲਾਂ ਹੀ ਪਤਾ ਸੀ। ਗੁਰਮੀਤ ਦੇ ਕੰਨੀਂ ਪਿਆ ਤਾਂ ਉਹ ਕਾਲਜਾ ਫੜ ਕੇ ਬੈਠ ਗਈ। ਪਰ ਹਰਬੰਸ ਕੌਰ ਨੂੰ ਕੋਈ ਖ਼ਬਰ ਨਹੀ ਸੀ।
ਚੰਨਣ ਸਿੰਘ ਜਾ ਕੇ ਪੱਤ ਦੀ ਲਾਸ਼ ਲੈ ਆਇਆ। ਰੂਪਇੰਦਰ ਦਾ ਸਾਰਾ ਸਿਰ ਪਾਟ ਗਿਆ ਸੀ। ਖੂਨ ਨਾਲ ਸਾਰਾ ਸਰੀਰ ਗੜੁੱਚ ਸੀ।
ਟਰਾਲੀ ਵਿਚੋਂ ਲਾਸ਼ ਲਾਹੀ ਗਈ।
- “ ਅੰਦਰ ਲੈ ਚੱਲੋ!” ਚੰਨਣ ਸਿੰਘ ਨੇ ਕਿਹਾ।
- “ਲਾਸ਼ ਨੂੰ ਘਰ ਅੰਦਰ ਨਹੀਂ ਲੈ ਕੇ ਜਾਂਦੇ ਹੁੰਦੇ ਭਾਈ!” ਕਿਸੇ ਬਜੁਰਗ ਨੇ ਕਿਹਾ।
- “ਇਹ ਘਰ ਨਹੀ ਕਬਰਸਤਾਨ ਐ - ਅੰਦਰ ਲੈ ਚੱਲੋ.....!” ਚੰਨਣ ਸਿੰਘ ਨੇ ਚੀਕ ਕੇ ਕਿਹਾ।
ਲਾਸ਼ ਅੰਦਰ ਲੈ ਗਏ।
- “ਹਰਬੰਸ ਕੁਰੇ! ਨੀ ਹਰਬੰਸ ਕੁਰੇ!! ਅੱਜ ਰੋ ਲੈ ਜਿੰਨਾ ਰੋਣੈ - ਰੋ ਲੈ ਰੱਜ ਕੇ - ਲਾਹ ਲੈ ਚਾਅ - ਆਹ ਦੇਖ ਰੂਪ ਦੀ ਲਾਸ਼ ਆ ਗਈ - ਹਰਬੰਸ ਕੁਰੇ....!” ਚੰਨਣ ਸਿੰਘ ਨੇ ਬੇਹੋਸ਼ਾਂ ਵਾਂਗ ਕਿਹਾ।
- “ਦੇਖ ਲੈ ਤੇਰੇ ਪੁੱਤ ਦੀ ਲਾਅਸ਼ ਆ ਗਈ - ਜੀਹਦੇ ਸਿਰ ਤੇ ਤੂੰ ਬੁੱਕਦੀ ਫਿਰਦੀ ਸੀ - ਹਰਬੰਸ ਕੁਰੇ.....!” ਚੰਨਣ ਸਿੰਘ ਜਿਵੇਂ ਕਮਲਾ ਹੋ ਗਿਆ ਸੀ।
ਘਰ ਵਿਚ ਰੋਣ ਪਿੱਟਣ ਪੈ ਗਿਆ। ਗੁਰਮੀਤ ਨੇ ਛਾਤੀ ਪਿੱਟ ਲਾਲ ਕਰ ਲਈ। ਹਰਬੰਸ ਕੌਰ ਹਾਲੋਂ ਬੇਹਾਲ ਸੀ। ਹੋਣੀ ਕਿੱਡੀ ਬਲਵਾਨ ਸੀ? ਨੂੰਹ ਦੇ ਹੱਥਾਂ ਦੀ ਅਜੇ ਮਹਿੰਦੀ ਵੀ ਨਹੀਂ ਲਹੀ ਸੀ!
ਅਗਲੇ ਦਿਨ ਸਵੇਰੇ ਹੀ ਰੂਪਇੰਦਰ ਦਾ ਸਸਕਾਰ ਕਰ ਦਿੱਤਾ ਗਿਆ। ਰੂਹ ਦੀ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਦਾ ਭੋਗ ਪਾਇਆ ਗਿਆ। ਵਿਛੜੀ ਰੂਹ ਨੂੰ ਚਰਨਾਂ ਵਿਚ ਜਗਾਹ ਬਖਸ਼ਣ ਲਈ ਦਾਤੇ ਅੱਗੇ ਅਰਦਾਸਾਂ ਹੋਈਆਂ।
ਹਰਬੰਸ ਕੌਰ ਅਤੇ ਚੰਨਣ ਸਿੰਘ ਪੁੱਤਰ ਦੇ ਵਿਛੋੜੇ ਨਾਲ ਦਿਨਾਂ ਵਿਚ ਹੀ ਹਾਰ ਗਏ। ਬੁੱਢੇ ਹੋ ਗਏ।
ਮਹੀਨਾਂ ਕੁ ਬੀਤਣ ਤੇ ਗੁਰਮੀਤ ਦਾ ਬਾਪ ਆ ਗਿਆ।
- “ਚੰਨਣ ਸਿਆਂ - ਜੇ ਗੁੱਸਾ ਨਾ ਕਰੇਂ ਤਾਂ.....।“ ਗੁਰਮੀਤ ਦੇ ਬਾਪੂ ਤੋਂ ਗੱਲ ਪੂਰੀ ਨਾ ਹੋ ਸਕੀ।
- “ਗੁਰਮੁਖ ਸਿਆਂ - ਕੱਲ੍ਹ ਦੀ ਜੁਆਕੜੀ ਐ - ਐਡੀ ਪਹਾੜ ਜਿੱਡੀ ਜਿੰਦਗੀ ਕਿਵੇਂ ਲੰਘਾਊ - ਮੈਂ ਤਾਂ ਖ਼ੁਦ ਹੀ ਆਖਣ ਵਾਲਾ ਸੀ - ਵਿਚਾਰੀ ਦੀ ਸਾਰੀ ਜਿੰਦਗੀ ਦਾ ਸੁਆਲ ਐ - ਇਹਦੇ ’ਚ ਗੁੱਸੇ ਵਾਲੀ ਕਿਹੜੀ ਗੱਲ ਐ?” ਚੰਨਣ ਸਿੰਘ ਦਿਲੋਂ ਸਹਿਮਤ ਸੀ।
ਸਾਰੇ ਸਮਾਨ ਦੀ ਮੋੜ ਮੁੜਾਈ ਹੋ ਗਈ। ਗੁਰਮੀਤ ਕਿਤੇ ਹੋਰ ਮੰਗ ਦਿੱਤੀ ਗਈ। ਵਿਆਹ ਦਾ ਦਿਨ ਤਹਿ ਹੋ ਗਿਆ।
ਅੱਜ ਗੁਰਮੀਤ ਇਸ ਘਰੋਂ ਜਾ ਰਹੀ ਸੀ। ਹਰਬੰਸ ਕੌਰ ਦਾ ਦਿਲ ਹਿੱਲਿਆ। ਉਹ ਕੋਈ ਪੀਚ੍ਹੀ ਗੰਢ ਲੱਗਦੀ ਸੀ।
- “ਚੰਗਾ ਬੀਜੀ - ਮੈਂ ਚੱਲਦੀ ਆਂ।” ਗੁਰਮੀਤ ਸੱਸ ਦੇ ਪੈਰੀਂ ਹੱਥ ਲਾਉਂਦੀ ਡੁਸਕ ਪਈ। ਉਸ ਦਾ ਦਿਲ ਰੋਈ ਜਾ ਰਿਹਾ ਸੀ।
- “ਪੁੱਤ - ਗਲਤੀਆਂ ਤਾਂ ਮਾਂ ਬਾਪ ਤੋਂ ਹੋ ਜਾਂਦੀਐਂ - ਮਾਫ਼ ਈ ਕਰੀਂ!" ਅੰਦਰੋਂ ਕਿਰਦੀ ਹਰਬੰਸ ਕੌਰ ਗੁਰਮੀਤ ਨੂੰ ਘੁੱਟੀ ਖੜੀ ਸੀ। ਉਸ ਦੀਆਂ ਅੱਖਾਂ ਚੋਅ ਰਹੀਆਂ ਸਨ।
- “ਚੰਗਾ - ਬਾਪੂ ਜੀ।“ ਧਾਹ ਮਾਰ ਕੇ ਗੁਰਮੀਤ ਚੰਨਣ ਸਿੰਘ ਦੇ ਗਲ ਨੂੰ ਚਿੰਬੜ ਗਈ, ਸਕੇ ਬਾਪ ਵਾਂਗ!
- “ ਆਉਂਦੀ ਜਾਂਦੀ- ਮਿਲ ਜਿਆ ਕਰੀਂ ਧੀਏ.......।" ਚੰਨਣ ਸਿੰਘ ਦਾ ਉੱਚੀ ਉੱਚੀ ਰੋਣ ਨਿਕਲ ਗਿਆ ਅਤੇ ਦੇਖਣ ਵਾਲਿਆਂ ਦਾ ਸੀਨਾਂ ਪਾਟ ਗਿਆ। ਹਰ ਇਕ ਦੇ ਮੂੰਹੋਂ ‘ਵਾਹਿਗੁਰੂ’ ਨਿਕਲਿਆ ਸੀ।

****


ਹੋਰ ਪੜੋ...

ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ

ਇਕ ਦਿਨ ਸੱਥ ਵਿਚ ਬੈਠੇ ਸਰਪੰਚ ਨੇ ਅਵਾਰਾ ਕੁੱਤਿਆਂ ਤੋਂ ਦੁਖੀ ਹੋ ਕੇ ਕੋਈ ਠੋਸ ਕਦਮ ਚੁੱਕਣ ਲਈ ਫ਼ੈਸਲਾ ਕੀਤਾ। ਸਰਪੰਚ ਦੇ ਸੱਦੇ ਉਪਰ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਕਿਤੇ ਰਾਤ ਨੂੰ ਇੱਕ ਅਵਾਰਾ ਕੁੱਤੇ ਨੇ ਪਿੰਡ ਦੇ ਕਿਸੇ ਬਜ਼ੁਰਗ ਨੂੰ ਵੱਢ ਖਾਧਾ ਸੀ ਅਤੇ ਕਦੇ ਅਗਲੇ ਦਿਨ ਇੱਕ ਸੁੱਤੇ ਪਏ ਬੱਚੇ ਨੂੰ ਬੁਰੀ ਤਰ੍ਹਾਂ ਚੂੰਡ ਧਰਿਆ ਸੀ। ਲੋਕ ਧੜਾ-ਧੜ ਪਹੁੰਚ ਰਹੇ ਸਨ। ਸੱਥ ਵਿਚ ਇਕੱਠ ਹੋ ਰਿਹਾ ਸੀ।

-"ਕੀ ਦੱਸੀਏ ਸਰਪੈਂਚ ਸਾਹਬ...! ਮੈਂ ਰਾਤ ਨ੍ਹੇਰੇ ਹੋਏ ਬੌਡਿਆਂ ਅੱਲੀਓਂ ਤੁਰਿਆ ਆਉਂਦਾ ਸੀ, ਓਥੇ ਤੀਹਾਂ-ਪੈਂਤੀਆਂ ਦੀ ਕੁਤੀਹੜ ਨਾਨਕਾ ਮੇਲ਼ ਮਾਂਗੂੰ ਬੈਠੀ, ਮੈਨੂੰ ਦੇਖ ਕੇ ਮੇਰੇ ਸਾਲ਼ੇ ਇਉਂ 'ਕੱਠੇ ਹੋਣ ਲੱਗ ਪਏ, ਜਿਵੇਂ ਅੱਤਿਵਾਦੀ ਨੂੰ ਦੇਖ ਕੇ ਸੀ. ਆਰ. ਪੀ. 'ਕੱਠੀ ਹੁੰਦੀ ਐ...!" ਇਕ ਨੇ ਦੁਹਾਈ ਦਿੱਤੀ।


ਲੋਕ ਹੱਸ ਪਏ।

-"ਹਾਸਾ ਨੀ ਬਾਈ ਸਿਆਂ...! ਜਿਸ ਤਨ ਲੱਗੀਆਂ ਸੋਈ ਜਾਣੇ...!
ਅਜੇ ਤਾਂ ਚੰਗੇ ਕਰਮਾਂ ਨੂੰ ਮੇਰੇ ਕੋਲ਼ੇ ਅਣਘੜਤ ਜਿਆ ਰੈਂਗੜਾ ਸੀ, ਤੇ ਮੈਂ ਤਾਂ ਭਾਈ ਰੈਂਗੜਾ ਘੁੰਮਾਉਂਦਾ ਲਿਆ ਭੱਜ਼...! ਮੈਂ ਤਾਂ ਲਾਈ ਦੌੜ ਮੰਗੂ ਕੇ ਮੱਲ ਮਾਂਗੂੰ, ਤੇ ਪਿੰਡ ਆ ਕੇ ਸਾਹ ਲਿਆ...! ਮੇਰੇ ਸਾਲ਼ੇ ਮੇਰੇ ਮਗਰ ਪਿੰਡ ਤੱਕ ਆਏ, ਜਿਵੇਂ ਪੁਲ਼ਸ ਭੁੱਕੀ ਦੇ ਬਲੈਕੀਏ ਮਗਰ ਆਉਂਦੀ ਐ...!"



-"ਉਏ ਆਹੀ ਤਾਂ ਮੈਂ ਪਿੱਟਦੈਂ ਬਈ ਇਹਨਾਂ ਨੂੰ ਬੰਦੇ ਦੇ ਲਹੂ ਦਾ ਸੁਆਦ ਪੈ ਗਿਆ, ਹੁਣ ਇਹ ਕੁਤੀੜ੍ਹ ਕਦੋਂ ਭਲੀ ਗੁਜ਼ਾਰੂ...?"
-"ਬੰਦੇ ਦੇ ਲਹੂ ਦੀ ਗੱਲ ਸੁਣ ਲੈ...!" ਇਕ ਨੇ ਦੂਜੇ ਦੇ ਪੱਟ 'ਤੇ ਧੱਫ਼ਾ ਜਿਹਾ ਮਾਰਿਆ।
-"ਮਹੀਨਾਂ ਕੁ ਹੋਇਐ...! ਆਹ ਨਾਲ਼ ਦੇ ਪਿੰਡ, ਇਕ ਨਵੀਂ-ਨਵੇਲ ਵਿਆਹੀ ਨੂੰਹ ਦਾ ਰਾਤ ਨੂੰ ਸੁੱਤੀ ਪਈ ਦਾ ਮੂੰਹ ਈ ਖਾ ਜਾਣਾਂ ਸੀ ਖ਼ਸਮਾਂ ਨੂੰ ਖਾਣੇਂ ਨੇ...! ਪੈਂਦੀ ਸੱਟੇ ਮੂੰਹ 'ਤੇ ਬੁਰਕ ਜਾ ਭਰਿਆ..!" ਕਿਸੇ ਹੋਰ ਨੇ ਅਕਾਸ਼ਬਾਣੀ ਕੀਤੀ।
-"ਲੈ ਦੇਖ਼...! ਆ ਦੇਖਿਆ ਨਾ ਤਾਅ, ਬੁਰਕ ਕਿੱਥੇ ਮਾਰਿਆ ਲੋਹੜਾ ਪੈਣੇ ਨੇ...! ਮੂੰਹ ਤੋਂ ਬਿਨਾਂ ਹੋਰ ਕੋਈ ਥਾਂ ਈ ਨ੍ਹੀ ਲੱਭੀ ਕੋਹੜੀ ਹੋਣੇ ਨੂੰ...?" 
ਇਕ ਸੰਨਾਟਾ ਛਾ ਗਿਆ।
-"ਸਾਡੇ ਨਾਲ਼ੋਂ ਤਾਂ ਸਾਲ਼ਾ ਕੁੱਤਾ ਈ ਚੰਗੈ...! ਸਾਡਾ ਤਾਂ ਕਿਸੇ ਨੇ ਕਦੇ ਮੂੰਹ ਦੇ ਨੇੜੇ ਪ੍ਰਛਾਵਾਂ ਵੀ ਨੀ ਢੁੱਕਣ ਦਿੱਤਾ...!" ਅਮਲੀ ਚੁੱਪ ਚਾਪ ਬੈਠਾ ਮਨ ਵਿਚ ਹੀ ਸੋਚ ਰਿਹਾ ਸੀ, "ਇਹ ਸਾਲ਼ੀਆਂ ਲੋਟ ਈ ਕੁੱਤਿਆਂ ਤੋਂ ਆਉਂਦੀਐਂ...!"
-"ਪੌਡਰ ਦੀ ਬਾਸ਼ਨਾਂ ਆਈ ਹੋਣੀ ਐਂ...?" 
-"ਇਕ ਨਵੀਆਂ ਬਿਆਹੀਆਂ ਲਾਚੜੀਆਂ ਵੀਆਂ ਪੌਡਰ ਥੱਪਦੀਐਂ ਵੀ ਬਹੁਤੈ...!"
-"ਫ਼ੇਰ ਬਚਗੀ ਬਈ...?" ਅਮਲੀ ਨੇ ਹਮਦਰਦੀ ਨਾਲ਼ ਉੱਚਾ ਹੋ ਕੇ ਪੁੱਛਿਆ।
-"ਉਹਨੇ ਉਠ ਕੇ ਪਾਅਤਾ ਚੀਕ ਚੰਘਿਆੜਾ...!"
-"ਪਾਉਣਾ ਈ ਸੀ...? ਹੋਰ ਉਹਨੂੰ ਚੂਰੀ ਕੁੱਟ ਕੇ ਖੁਆਉਣੀਂ ਸੀ...!"
-"ਫ਼ੇਰ ਰੌਲ਼ੇ ਤੋਂ ਡਰਦਾ ਭੱਜ ਗਿਆ ਹੋਣੈਂ...?"
-"ਹੋਰ ਉਹਨੇ ਖੜ੍ਹ ਕੇ ਜਿੰਦਾਬਾਦ-ਮੁਰਦਾਬਾਦ ਦੇ ਨਾਅਰੇ ਲਾਉਣੇ ਸੀ...? ਤਲੈਂਬੜਾਂ ਤੋਂ ਡਰਦੇ ਤਾਂ ਵੱਡੇ-ਵੱਡੇ ਖੱਬੀ ਖ਼ਾਨ ਭੱਜ ਜਾਂਦੇ ਐ...! ਉਹ ਤਾਂ ਫ਼ੇਰ ਲੰਡਰ ਕੁੱਤਾ ਸੀ...! ਕਿਹੜਾ ਮਗਰ ਬਚਾਅ ਕਰਨ ਵਾਸਤੇ ਫ਼ੁੱਫ਼ੜ ਹੋਰਾਂ ਨੇ ਆਉਣਾਂ ਸੀ ...?"
ਹਾਸੜ ਪੈ ਗਈ।
-"ਇੱਕ ਗੱਲ ਸਮਝ ਨੀ ਆਈ...! ਬਈ ਇਹ ਸਾਲ਼ੀ ਐਨੀਂ ਕੁਤੀੜ੍ਹ ਆਈ ਕਿੱਧਰੋਂ ਐਂ...?" ਬਚਿੱਤਰ ਛੜੇ ਨੇ ਦਿਮਾਗ 'ਤੇ ਹੱਥ ਮਾਰ ਕੇ ਪੁੱਛਿਆ। ਜਿਵੇਂ 'ਘਿਰੜ-ਘਿਰੜ' ਕਰਦੇ ਰੇਡੀਓ 'ਤੇ ਮਾਰੀਦੈ!
-"ਮੈਨੂੰ ਤਾਂ ਇਹਦੇ ਪਿੱਛੇ ਪਾਕਿਸਤਾਨ ਦੀ ਆਈ. ਐੱਸ਼. ਆਈ. ਦਾ ਹੱਥ ਲੱਗਦੈ...!" ਅੱਭੜਵਾਹਿਆਂ ਵਾਂਗ ਆਉਂਦਾ ਬਚਨਾਂ 'ਕਾਲੀ' ਬੋਲਿਆ। 
-"ਲਓ ਜੀ...! ਬੱਸ ਆਹੀ ਕਸਰ ਰਹਿੰਦੀ ਸੀ...! ਕਰ ਲਓ 'ਕਾਲੀਆਂ ਦੇ ਘਿਉ ਨੂੰ ਭਾਂਡਾ...!" ਦਲੀਪ ਨੇ ਮੱਥੇ 'ਤੇ ਹੱਥ ਮਾਰਿਆ।
ਸਾਰਾ ਪਿੰਡ ਹੱਸ ਪਿਆ।
-"ਮੁਰਦਾ ਬੋਲੂ ਤੇ ਖੱਫ਼ਣ ਈ ਪਾੜੂ...!" ਨੰਜੂ ਦਾ ਹਾਸਾ ਬੰਦ ਨਹੀਂ ਹੁੰਦਾ ਸੀ।
-"ਜੇ ਕੁੱਤਿਆਂ ਦਾ ਧਿਆਨ ਖਿੱਚਣ ਆਸਤੇ ਮੈਨੂੰ ਪਾਣੀ ਆਲ਼ੀ ਟੈਂਕੀ 'ਤੇ ਚੜ੍ਹਨਾਂ ਪਿਆ, ਮੈਂ ਪਿੱਛੇ ਨੀ ਹਟੂੰਗਾ...! ਇਕ ਆਰੀ ਹੁਕਮ ਦੀ ਲੋੜ ਐ...! ਪੈਟਰੋਲ ਆਲ਼ੀ ਬੋਤਲ ਵੀ ਮੇਰੇ ਘਰੇ ਭਰੀ, ਤਿਆਰ ਪਈ ਐ...!" ਸੁਰਿੰਦਰ ਰਾਮ ਮਾਸਟਰ ਨੇ ਪੂਰੇ ਜੋਰ ਨਾਲ਼ ਹਿੱਕ ਥਾਪੜ ਕੇ ਆਪਣੀ 'ਸੇਵਾ' ਪੇਸ਼ ਕੀਤੀ।
-"ਲੈ...! ਇਹਨੇ ਓਦੂੰ ਕੱਛ 'ਚੋਂ ਗੰਧਾਲ਼ਾ ਕੱਢ ਮਾਰਿਆ...!" ਪੂਰਨਾਂ ਖਹਿਰਾ ਬੋਲਿਆ।
-"ਇਹਨਾਂ ਨੂੰ ਪਾਣੀ ਆਲ਼ੀਆਂ ਟੈਂਕੀਆਂ 'ਤੇ ਚੜ੍ਹਨ ਤੋਂ ਬਿਨਾ ਕੋਈ ਕੰਮ ਧੰਦਾ ਈ ਨ੍ਹੀ...! ਗੰਧਾਲ਼ੇ ਨੀ, ਇਹ ਅੱਜ ਕੱਲ੍ਹ ਪੈਟਰੋਲ ਆਲ਼ੀਆਂ ਬੋਤਲਾਂ ਨੂੰ ਈ ਗਰਨੇਟ ਬਣਾਈ ਫ਼ਿਰਦੇ ਐ...!" 
-"ਇਹ ਫ਼ਾਰਮੂਲਾ ਮਾਸਟਰ ਜੀ ਤੁਸੀਂ ਆਪਣੇ ਕੋਲ਼ੇ ਈ ਰੱਖੋ...! ਤੁਸੀਂ ਮਾਸਟਰ ਲਾਣਾਂ ਤਾਂ ਜੇ ਮਿਸਤਰੀ ਮੰਜੀ ਨਾ ਠੋਕਣ ਆਵੇ ਤਾਂ ਟੈਂਕੀ 'ਤੇ ਜਾ ਚੜ੍ਹਦੇ ਐਂ, ਤੇ ਜਾਂ ਜੇ ਕੱਟਾ ਮੱਝ ਚੁੰਘਜੇ, ਪਾਣੀ ਆਲ਼ੀ ਟੈਂਕੀ 'ਤੇ ਚੜ੍ਹਨ ਲੱਗੇ ਫ਼ੋਰਾ ਲਾਉਨੇ ਐਂ...! ਇਹ ਤਾਂ ਹੁਣ ਥੋਨੂੰ ਆਦਤ ਜੀ ਈ ਪੈ ਗਈ...!"
-"ਯਾਰ ਮੈਂ ਇਕ ਜਾਨਵਰਾਂ ਦੀ ਗੱਲ ਦੇਖੀ ਐ...!" ਪਾੜ੍ਹੇ ਨੇ ਹੋਰ ਗੱਲਾਂ ਵੱਲੋਂ ਬੇਧਿਆਨਾਂ ਹੋ ਕੇ ਚਲਾਈ, "ਇਕ ਦਿਨ ਮੈਂ ਟੀ. ਵੀ. 'ਤੇ ਇਕ ਪ੍ਰੋਗਰਾਮ ਦੇਖੀ ਜਾਵਾਂ...! ਜੰਗਲ 'ਚ ਇਕ ਮੱਝ ਦਾ ਕੱਟਾ ਡਿੱਗ ਪਿਆ ਨਦੀ 'ਚ...! ਉਹਦੇ ਮੂਹਰੇ ਨਦੀ 'ਚ ਬੈਠਾ ਮਗਰਮੱਛ...! ਮਗਰਮੱਛ ਦੇ ਮੂੰਹ 'ਚ ਆਉਣ ਤੋਂ ਪਹਿਲਾਂ ਮੱਝ ਨੇ ਕੱਟਰੂ ਨਦੀ 'ਚੋਂ ਬਾਹਰ ਧੂਅ ਲਿਆ ਤੇ ਨਦੀ ਦੇ ਕਿਨਾਰੇ 'ਤੇ ਬਾਹਰ ਖੜ੍ਹਾ ਸ਼ੇਰ...! ਤੇ ਸ਼ੇਰ ਨੇ ਭਾਈ ਕੱਟਰੂ ਨੂੰ ਮੂੰਹ ਪਾ ਲਿਆ...!"
-"ਓਹ-ਹੋ...! ਕਿੱਡਾ ਜਾਲਮ ਐਂ...!"
-"ਮੱਝ ਨੇ ਬਥੇਰਾ ਜੋਰ-ਜੂਰ ਲਾਇਆ, ਪਰ ਉਹਨੇ ਕੱਟਰੂ ਨਾ ਛੱਡਿਆ...! ਫ਼ੇਰ ਮੱਝ ਨੇ ਕੀ ਕੀਤਾ, ਸਿਰਤੋੜ ਜੰਗਲ ਵੱਲ ਨੂੰ ਭੱਜ ਲਈ ਤੇ ਪੰਜ ਕੁ ਮਿੰਟਾਂ 'ਚ ਈ ਸੈਂਕੜੇ ਮੱਝਾਂ 'ਕੱਠੀਆਂ ਕਰ ਲਿਆਈ...!"
-"ਵਾਹ ਜੀ ਵਾਹ...!"
-"ਉਹ ਤਾਂ ਆ ਪਈਆਂ ਫ਼ੌਜ ਦੀ ਛਾਉਣੀ ਵਾਂਗੂੰ...! ਤੇ ਮੱਝਾਂ ਨੇ ਤਾਂ ਪਾ ਦਿੱਤੇ ਖਿਲਾਰੇ...! ਸ਼ੇਰ ਚੱਕ ਲਿਆ ਸਿੰਗਾਂ 'ਤੇ...! ਕਰਤਾ ਲਹੂ-ਲੁਹਾਣ, ਤੇ ਸ਼ੇਰ ਨੂੰ ਤਾਂ ਭੱਜਣ ਨੂੰ ਰਾਹ ਨਾ ਲੱਭੇ...! ਉਹ ਤਾਂ ਜਿੱਧਰ ਭੱਜੇ, ਭੂਸਰੀਆਂ ਮੱਝਾਂ ਮੂਹਰੇ...!"
-"ਜੰਗਲੀ ਜਾਨਵਰ ਹੁੰਦੇ ਤਾਂ ਭੈੜ੍ਹੇ ਐ ਭਾਈ...! ਆਈ 'ਤੇ ਆ ਜਾਣ ਤਾਂ ਪਾੜ ਧਰਦੇ ਐ...!"
-"ਪਰ ਸਰਪੰਚ ਸਾਹਿਬ...!" ਪਾੜ੍ਹੇ ਨੇ ਮਨ ਦੀ ਗੱਲ ਸਾਂਝੀ ਕਰਨੀ ਚਾਹੀ, "ਮੈਨੂੰ ਇਕ ਗੱਲ ਦੀ ਸਮਝ ਨੀ ਆਈ, ਬਈ ਉਹਨੇ ਕਿਹੜੀ ਭਾਸ਼ਾ 'ਚ ਜਾ ਕੇ ਦੂਜੀਆਂ ਮੱਝਾਂ ਨੂੰ ਸਮਝਾਇਆ ਹੋਊ...? ਬੋਲਣਾਂ ਤਾਂ ਮੱਝਾਂ ਨੂੰ ਆਉਂਦਾ ਨੀ...!"
-"ਬਈ ਰੱਬ ਜਾਣੇ...! ਇਹ ਤਾਂ ਰੱਬ ਵੱਲੋਂ ਈ ਐਂ ਗੁਣ ਐਂ ਕੋਈ...! ਫ਼ੇਰ ਕੱਟਰੂ ਛੁਡਾ ਲਿਆ...?"
-"ਹਾਂ...! ਜ਼ਖ਼ਮੀ ਤਾਂ ਦਿੱਤਾ ਉਹਨੇ ਕਰ ਬਹੁਤ...! ਪਰ ਕੱਟਰੂ ਛੁਡਾ ਲਿਆ...!"
-"ਕਿਆ ਬਾਤ ਐ...! ਮਾਂ ਤਾਂ ਫ਼ੇਰ ਮਾਂ ਈ ਹੁੰਦੀ ਐ ਬਈ...! ਜਿਹੜੀਆਂ ਜੁਆਕਾਂ ਦੀ ਪ੍ਰਵਾਹ ਨੀ ਕਰਦੀਆਂ, ਲੋਕ ਉਹਨਾਂ ਨੂੰ ਡੈਣਾਂ ਆਖਦੇ ਐ...! ਐਥੇ ਤਾਂ ਆਬਦੇ ਜੁਆਕ ਛੱਡ ਕੇ ਪੇਕੀਂ ਜਾ ਵੜਦੀਐਂ...!"
-"ਮੈਨੂੰ ਭਾਸ਼ਾ ਤੋਂ ਗੱਲ ਯਾਦ ਆਗੀ...! ਤੁਸੀਂ ਭਾਸ਼ਾ ਦੀ ਬਾਤ ਸੁਣ ਲਓ...!" ਅਮਲੀ ਨੇ ਆਪਣੀ ਵਾਰੀ ਲਈ, "ਆਹ ਜਿੱਦਣ ਮਰਦਮ-ਸ਼ਮਾਰੀ ਆਲ਼ੇ ਆਏ ਸੀ, ਉਹ ਸਾਲ਼ੇ ਮੈਨੂੰ ਪੁੱਛੀ ਜਾਣ, ਅਖੇ ਅਮਲੀ ਜੀ, ਆਪ ਕੀ ਆਯੂ ਕਿਤਨੀ ਹੈ...? ਮੈਖਿਆ, ਬੱਤੀਆਂ ਕੁ ਸਾਲਾਂ ਦੀ ਹੋਣੀਂ ਐ ਤੇ ਪੰਜਾਂ ਕੁ ਸਾਲਾਂ ਨੂੰ ਮੈਨੂੰ ਤੇਤੀਮਾਂ ਲੱਗ ਜਾਣੈਂ...! ਚੁੱਪ ਕਰ ਕੇ ਮੁੜਗੇ...! ਬਈ ਦੱਸੋ ਸਾਲ਼ਿਓ, ਤੁਸੀਂ ਮੇਰੀ ਆਯੂ ਪੁੱਛ ਕੇ ਮੇਰੇ ਨਾਲ਼ 'ਨੰਦ-ਕਾਜ' ਕਰਨੈਂ...?" ਅਮਲੀ ਦੇ ਕਹਿਣ 'ਤੇ ਫ਼ਿਰ ਹਾਸਾ ਪੈ ਗਿਆ।
-"ਤੁਸੀਂ ਓਸ ਗੱਲ ਵੱਲ ਆਓ, ਜਿਹੜੀ ਵਾਸਤੇ 'ਕੱਠੇ ਹੋਏ ਐਂ...!" ਸਰਪੰਚ ਬੋਲਿਆ। ਉਹ ਅਵਲ਼ੀਆਂ-ਸਵਲ਼ੀਆਂ ਗੱਲਾਂ ਤੋਂ ਅੱਕ ਗਿਆ ਸੀ।
-"ਇਹਦਾ ਇੱਕ ਹੱਲ ਹੈਗਾ ਸਰਪੈਂਚ ਜੀ...!" ਪਿੱਲਾ ਦਰਜੀ ਬੋਲਿਆ। ਉਸ ਦੀ ਅਵਾਜ਼ ਬਿੰਡੇ ਵਾਂਗ ਟਿਆਂਕੀ ਸੀ।
-"ਦੱਸ਼...?"
-"ਉਹ ਜਿਹੜਾ ਛੰਜੇ ਗਾਂਧੀ ਨੇ ਕੰਮ ਜਿਆ ਤੋਰਿਆ ਸੀ, ਬੰਦਿਆਂ ਦੇ 'ਪਰੇਸ਼ਨ ਕਰਨ ਆਲ਼ਾ...? ਆਪਾਂ ਉਹੀ ਕੰਮ ਕੁੱਤਿਆਂ ਦਾ ਕਿਉਂ ਨ੍ਹੀ ਕਰਦੇ...?"
-"ਲੈ, ਹੋਰ ਕਾਹਨੂੰ ਕੰਮ ਐਂ ਸਾਨੂੰ ਕੋਈ...!" ਕਿਸੇ ਨੇ ਨੱਕ ਚਾੜ੍ਹਿਆ।
-"ਫ਼ੇਰ ਪੜਵਾਈ ਚੱਲੋ ਲੱਤਾਂ...! ਕੋਈ ਬਾਨ੍ਹ ਐਂ...?" 
ਸਾਰੇ ਇੱਕ-ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ।
-"ਗੱਲ ਪਿੱਲੇ ਦੀ ਵੀ ਠੀਕ ਐ...! ਪਰ ਨਸਬੰਦੀ ਲਈ ਪ੍ਰਸ਼ਾਸਨ ਨਾਲ਼ ਗੱਲ ਕਰਨੀ ਪਊ...!"
-"ਦੇਖੋ ਜੀ...!" ਪਿੱਲੇ ਨੇ ਫ਼ੇਰ ਵਾਰੀ ਲਈ।
-"ਆਹ ਹੱਡਾਂਰੋੜੀ ਵੱਲੀਂ ਕਤੂਰਿਆਂ ਦੀਆਂ ਡਾਰਾਂ ਦੀਆਂ ਡਾਰਾਂ ਈ ਫ਼ਿਰਦੀਐਂ...! ਇਹਨਾਂ ਨੇ ਵੱਡੇ ਹੋ ਕੇ ਵਾਰਦਾਤਾਂ ਈ ਕਰਨੀਐਂ...? ਉਹਨਾਂ ਨੂੰ ਪਾਓ ਕੁੱਤੇ ਮਾਰਨ ਆਲ਼ੀ ਦੁਆਈ ਤੇ ਬਾਕੀਆਂ ਦਾ ਕਰੋ ਓਸ ਗੱਲ ਦੇ ਆਖਣ ਮਾਂਗੂੰ, 'ਪਰੇਸ਼ਨ...!"
-"ਇਹ ਤਾਂ ਪਾਪ ਐ ਬਈ...!" ਗੁਰਦਿਆਲ ਸਿਉਂ ਗ੍ਰੰਥੀ ਬੋਲਿਆ।
-"ਫ਼ੇਰ ਗ੍ਰੰਥੀ ਜੀ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਲੈ ਆਓ...! ਰੱਬ ਦੇ ਜੀਅ ਐ...!" ਪਿੱਲਾ ਵੱਟ ਖਾ ਗਿਆ।
ਗ੍ਰੰਥੀ ਉਠ ਕੇ ਤੁਰ ਚੱਲਿਆ।
ਸੱਚੀ ਗੱਲ ਉਸ ਦੇ ਡਾਂਗ ਵਾਂਗ ਸਿਰ ਵਿਚ ਵੱਜੀ ਸੀ।
ਹਫ਼ਤੇ ਦੇ ਵਿਚ-ਵਿਚ ਪ੍ਰਸ਼ਾਸਨ ਨਾਲ਼ ਗੱਲ-ਬਾਤ ਹੋ ਗਈ।
-"ਜੇ ਤੁਸੀਂ ਸਾਨੂੰ ਇਕ-ਦੋ ਸਹਿਯੋਗੀ ਬੰਦੇ ਦੇ ਦਿਓਂ ਤਾਂ ਸਾਡਾ ਕੰਮ ਸੌਖਾ ਹੋਜੇ...!" ਕਰਮਚਾਰੀ ਨੇ ਕਿਹਾ।
-"ਅਸੀਂ ਸਾਰਾ ਪਿੰਡ ਹਾਜ਼ਰ ਆਂ ਜੀ...!" ਸਾਧੂ ਘੈਂਟ ਨੇ ਹਿੱਕ ਠੋਕ ਦਿੱਤੀ।
ਅਗਲੇ ਦਿਨ ਪ੍ਰਸ਼ਾਸਨ ਵਾਲ਼ੇ ਵੈਨ ਲੈ ਕੇ ਪਿੰਡ ਆ ਗਏ।
-"ਹਾਂ ਬਈ..! ਪ੍ਰਸ਼ਾਸਨ ਵਾਲ਼ਿਆਂ ਨਾਲ਼ ਕਿਹੜੇ ਕਿਹੜੇ ਤਿਆਰ ਐ...?" ਸਰਪੰਚ ਨੇ ਸਾਰੇ ਪਿੰਡ ਵੱਲ ਬੇਥਵੀ ਗੱਲ ਸੁੱਟੀ।
-"ਇਕ ਤਾਂ ਮੈਂ ਤਿਆਰ ਆਂ ਜੀ, ਸਰਪੈਂਚ ਜੀ...!" ਅਮਲੀ ਧਰਤੀ ਤੋਂ ਗਜ ਉੱਚਾ ਹੋ ਕੇ ਬੋਲਿਆ।
ਤਿੰਨ ਚਾਰ ਉਸ ਨਾਲ਼ ਹੋਰ ਉਹਦੇ ਵਰਗੇ ਹੀ ਤਿਆਰ ਹੋ ਗਏ।
ਅਮਲੀ ਕੋਲ਼ ਗੋਲ਼ ਜਿਹਾ ਜਾਲ਼ ਫ਼ੜਿਆ ਹੋਇਆ ਸੀ। ਉਹ ਕੁੱਤੇ ਨੂੰ ਬੁਛਕਾਰ ਕੇ ਬਿਸਕੁਟ ਪਾਉਂਦਾ ਅਤੇ ਆਪਣਾ ਜਾਲ਼ ਸੁੱਟਦਾ। ਜਦ ਕੁੱਤਾ ਜਾਲ਼ ਵਿਚ ਆ ਫ਼ਸਦਾ ਤਾਂ ਪ੍ਰਸ਼ਾਸਨ ਵਾਲ਼ੇ ਉਸ ਦੇ ਜਬਰੀ ਬੇਹੋਸ਼ੀ ਵਾਲ਼ਾ ਟੀਕਾ ਲਾ ਕੇ ਆਪਣੀ ਵੈਨ ਵਿਚ ਸੁੱਟ ਲੈਂਦੇ। 
ਅਮਲੀ ਕਮਾਂਡ ਕਰਨ ਵਾਲ਼ਿਆਂ ਵਾਂਗ ਅੱਗੇ ਅੱਗੇ ਜਾਲ਼ ਫ਼ੜੀ ਤੁਰਿਆ ਜਾ ਰਿਹਾ ਸੀ। ਜੇ ਉਸ ਨੂੰ ਕੋਈ ਕੁੱਤਾ ਦਿਸਦਾ ਤਾਂ ਉਹ ਉਸ ਅੱਗੇ ਜਾ ਕੇ ਰਹਿਮ ਦੀ ਨਜ਼ਰ ਜਿਹੀ ਨਾਲ਼ ਝਾਕਦਾ, ਗਿੱਦੜਮਾਰ ਜਿਹੀਆਂ ਗੱਲਾਂ ਸ਼ੁਰੂ ਕਰ ਦਿੰਦਾ, "ਆ ਜਾ...! ਆ ਜਾਹ ਬੇਲੀ ਮੇਰਿਆ..!! ਬਥੇਰੇ ਲਾਡ ਲਡਾ ਲਏ ਤੂੰ ਵੀ..! ਸਾਲ਼ਿਆ ਪੈਂਤੀ ਕਤੂਰਿਆਂ ਦਾ ਪਿਉ ਤੇ ਪੰਦਰਾਂ ਕੁੱਤੀਆਂ ਦਾ ਬਣਕੇ ਖ਼ਸਮ ਚੰਦ, ਹੁਣ ਸਾਨੂੰ ਆਕੜ-ਆਕੜ ਦਿਖਾਉਨੈਂ...? ਆ ਜਾਹ...! ਅੱਜ ਲਿਆਂਦੀ ਤੈਨੂੰ ਖੱਸੀ ਕਰਨ ਆਲ਼ੀ ਮੋਟਰ...! ਇਹ ਲਾਉਣਗੇ ਤੇਰੇ ਖੁਰੀਆਂ...! ਹਲਾਲ ਕਰਨਗੇ ਤੇਰੀ ਉਹ ਨਾੜ, ਜਿਹੜੀ ਸਿਆਪੇ ਹੱਥੀ ਐ...! ਸਾਲ਼ਿਆਂ ਨੇ ਜੰਮ-ਜੰਮ ਕੇ ਛਾਉਣੀ ਬਣਾ ਧਰੀ...! ਕੀ ਹੋ ਗਿਆ ਰੱਬ ਨੇ ਸਾਨੂੰ ਇਕ ਵੀ ਜੁਆਕ ਜੰਮਣ ਆਲ਼ੀ ਨੀ ਦਿੱਤੀ...? ਪਰ ਪੁੱਤ ਹੁਣ 'ਭਾਅਪਾ ਜੀ' ਬਣਨ ਜੋਗਾ ਤੈਨੂੰ ਅਸੀਂ ਵੀ ਨੀ ਛੱਡਣਾ...! ਕਰ ਲੈ ਖੜ੍ਹ ਕੇ ਜਿਹੜੇ ਅਛਨੇ-ਪਛਨੇ ਕਰਨੇ ਐਂ...! ਦੇ ਲੈ ਰੋਹਬ...! ਪਤਾ ਤਾਂ ਉਦੋਂ ਲੱਗੂ, ਜਦੋਂ ਬੇਸੁਰਤੀ ਤੋਂ ਬਾਅਦ ਸੁਰਤ ਟਿਕਾਣੇਂ ਆਈ...! ਫ਼ੇਰ ਖੁਦਕਸ਼ੀ ਕਰਦਾ ਫ਼ਿਰੇਂਗਾ, ਬਈ ਮੈਂ ਆਬਦੀ ਪਤਨੀ ਪ੍ਰਮੇਸ਼ਰੀ ਜੋਕਰਾ ਨੀ ਰਿਹਾ...! ਜੇ ਇੱਕ ਅੱਧੀ ਹੋਵੇ ਤਾਂ ਜਰ ਵੀ ਲਈਏ...? ਪਰ ਤੂੰ ਤਾਂ ਬਣਿਆਂ ਫ਼ਿਰਦੈਂ ਸਾਊਦੀ ਅਰਬ ਦਾ ਸ਼ੇਖ਼...!"
ਪ੍ਰਸ਼ਾਸਨ ਵਾਲ਼ੇ ਹੱਸਦੇ ਲੋਟ-ਪੋਟ ਹੋ ਰਹੇ ਸਨ।
-"ਪਾਪ ਤਾਂ ਅਸੀਂ ਵੀ ਨ੍ਹੀ ਸੀ ਕਰਨਾ...! ਪਰ ਤੁਸੀਂ ਸਾਲ਼ਿਓ ਸਾਨੂੰ ਈ ਗੱਬਰ ਸਿੰਘ ਬਣ-ਬਣ ਦਿਖਾਉਣ ਲੱਗਪੇ...! ਕਦੇ ਕਿਸੇ ਦੇ ਮੂੰਹ ਨੂੰ ਪੈਗੇ ਤੇ ਕਦੇ ਕਿਸੇ ਦੀ ਗੱਲ੍ਹ ਨੂੰ ਚਿੰਬੜਗੇ, ਜਿਵੇਂ ਸੱਤ ਫ਼ੇਰੇ ਲਏ ਹੁੰਦੇ ਐ...! ਤੁਸੀਂ ਤਾ ਲੱਗ ਗਏ ਸੀ ਟਾਹਲੀਆਂ ਵਿਹੁ ਕਰਨ..! ਕੁੱਤੀਆਂ ਨਾਲ਼ ਥੋਡਾ ਸਰਿਆ ਨਾ, ਤੁਸੀਂ ਤਾਂ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਜਾ ਚਿੰਬੜੇ...! ਸਾਲ਼ੀ ਕੋਈ ਹਾਅਥ ਈ ਨੀ ਰਹੀ ਥੋਨੂੰ...! ਊਂ ਈਂ ਹਲ਼ਕ ਤੁਰੇ...! ਨਾਸਾਂ 'ਚ ਦਮ ਈ ਐਨਾਂ ਕੀਤਾ ਪਿਐ, ਬੱਸ ਈ ਕੋਈ ਨੀ ਰਿਹਾ...!"
-"ਅਮਲੀਆ, ਇਹ ਓਹੀ ਐ, ਜਿਹੜਾ ਧੋਨੀ ਕੀ ਨੂੰਹ ਦੇ ਮੂੰਹ ਨੂੰ ਪਿਆ ਸੀ...!" ਨਾਲ਼ ਦੇ ਨੇ ਹੋਰ ਫ਼ੋਕੀ ਸਿੰਗੜੀ ਛੇੜ ਦਿੱਤੀ।
-"ਆ ਜਾਹ ਤੂੰ ਤਾਂ ਬਈ ਮੋਤੀ ਸਿਆਂ...! ਤੇਰੀ ਤਾਂ ਮੈਂ ਬਹੁਤ ਚਿਰ ਦਾ ਭਾਲ਼ 'ਚ ਤੁਰਿਆ ਫ਼ਿਰਦੈਂ...! ਤੇਰਾ ਤਾਂ ਕਰ ਦਿਆਂਗੇ ਸਿਗਨਲ ਫ਼ੱਟੜ ਅੱਜ਼...! ਤੂੰ ਤਾ ਕੁੜੀ ਯਾਹਵੇ ਦਿਆ ਸਾਰੇ ਬਾਡਰ ਈ ਟੱਪ ਗਿਆ...? ਇਕ ਚੋਰੀ ਤੇ ਉਤੋਂ ਸੀਨਾਂ ਜੋਰੀ..! ਲੈ ਡਾਕਧਾਰ ਸਾਹਬ...! ਪਰੇਸ਼ਨ ਕਰਨ ਆਲ਼ਾ ਚਿਮਟਾ ਜਿਆ ਤੁਸੀਂ ਮੈਨੂੰ ਫ਼ੜਾਇਓ, ਇਹਦਾ ਕਲਿਆਣ ਦੇਖਿਓ ਮੈਂ ਕਿਵੇਂ ਕਰਦੈਂ..! ਜਣੀਂ ਖਣੀਂ ਦੇ ਮੂੰਹ ਨੂੰ ਜਾ ਚਿੰਬੜਨਾ, ਕੋਈ ਰਾਹ ਐ...? ਡਾਕਧਾਰ ਜੀ, ਅੱਬਲ ਤਾਂ ਮੈਨੂੰ ਇਹਦਾ ਕੰਮ ਜੜਾਂ 'ਚੋਂ ਈ ਕਰ ਲੈਣ ਦਿਓ...? ਇਹ ਸਾਲ਼ਾ ਮੈਨੂੰ ਜਾਅਦੇ ਚਾਂਭਲ਼ਿਆ ਲੱਗਦੈ..? ਸਾਲ਼ਾ ਹੈ ਤਾਂ ਸੋਹਣਾਂ-ਸੁਨੱਖਾ...! ਕਿਸੇ ਕੁੱਤੀ ਨੇ ਇਹਨੂੰ ਨਾਂਹ-ਨੁੱਕਰ ਨੀ ਕੀਤੀ ਹੋਣੀ, ਤੇ ਸਾਲ਼ਾ ਜਾ ਕੇ ਬੁੜ੍ਹੀਆਂ-ਕੁੜੀਆਂ 'ਤੇ ਵੀ ਟਰਾਈਆਂ ਮਾਰਨ ਲੱਗ ਪਿਆ...? ਲੱਗ ਪਿਆ ਕਰਨ ਟੈਛਟ...!" ਅਮਲੀ ਨੇ ਜਾਲ਼ ਉਸ ਦੇ ਗਲ਼ 'ਚ ਜਾ ਪਾਇਆ। 
ਕੁੱਤਾ ਧੁਰਲ਼ੀਆਂ ਜਿਹੀਆਂ ਮਾਰ ਰਿਹਾ ਸੀ।
-"ਸਾਲ਼ਿਆ ਬਹਿੜਕਿਆਂ ਦਿਆ...! ਤੈਨੂੰ ਐਸ ਅੜੰਗੇ ਦਾ ਤਾਂ ਪਤਾ ਈ ਨੀ ਸੀ...! ਤੂੰ ਤਾਂ ਬਣਿਆਂ ਫ਼ਿਰਦਾ ਸੀ ਬਿਨ-ਲਾਦਨ ਸਾਡੇ 'ਤੇ..! ਦੱਸੋ ਗੌਰਮਿੰਟ ਜੀ, ਇਹਨੂੰ ਕਿਹੜੇ ਖੂੰਜੇ ਰੱਖਣੈਂ...? ਇਹ ਤਾਂ ਮੇਰਾ ਸ਼ਿਕਾਰ ਐ...! ਅਬ ਤੇਰਾ ਕਿਆ ਹੋਗਾ ਕਾਲ਼ਿਆ...?"
-"ਅਮਲੀਆ, ਕਿਤੇ ਇਹਦਾ ਸ਼ਿਕਾਰ ਕਰਦਾ ਕਰਦਾ ਕਿਤੇ ਤੂੰ ਨਾ ਦੋਨੋਂ ਜਹਾਨ ਸਫ਼ਲੇ ਕਰ ਜਾਈਂ...!" ਕਿਸੇ ਨੇ ਕਿਹਾ।
-"ਇਹ ਕੌਣ ਐਂ ਬਈ...?" ਅਮਲੀ ਨੇ ਬਾਜ਼ ਵਰਗੀ ਨਜ਼ਰ ਦਾ ਚਾਰੇ ਪਾਸੇ ਗੇੜਾ ਦਿੱਤਾ। ਪਰ ਮੁੜ ਕੇ ਕੋਈ ਨਾ ਬੋਲਿਆ।
-"ਥੋਡਾ ਕੰਮ ਐਂ ਚੰਗੇ ਭਲੇ ਬੰਦੇ ਨੂੰ ਥਿੜਕਾਉਣਾਂ...!"
-"ਕੁੱਤਿਆਂ ਤੋਂ ਬਾਅਦ ਕਿਤੇ ਤੇਰੀ ਵਾਰੀ ਨਾ ਆਜੇ ਅਮਲੀਆ...! ਕਿਤੇ ਤੈਨੂੰ ਵੀ ਨਾ ਖੱਸੀ ਕਰ ਮਾਰਨ...!" ਲੱਛੇ ਕੂਕੇ ਨੇ ਕਿਹਾ।
-"ਵੱਡੇ ਭਾਈ...! ਅਖੇ ਅੰਨ੍ਹਿਆਂ ਸੌਂ ਜਾ...! ਉਹ ਹੱਸ ਕੇ ਕਹਿੰਦਾ, ਚੁੱਪ ਈ ਕਰ ਜਾਣੈਂ...! ਸਾਡਾ ਕੀ ਐ...? ਅਸੀਂ ਤਾਂ ਜਿਹੋ ਜੇ ਐਸ ਜਹਾਨ ਤੇ ਆਏ, ਤੇ ਜਿਹੋ ਜਿਆ ਨਾ ਆਏ...!" ਅਮਲੀ ਦੇ ਅੰਦਰੋਂ ਉਸ ਦੀ ਲੰਮੀ ਜ਼ਿੰਦਗੀ ਦੀ ਚੀਸ ਬੋਲੀ।
-"ਅਮਲੀਆ..! ਤੂੰ ਬੰਦੇ ਫ਼ੜਦਾ ਫ਼ੜਦਾ ਕੁੱਤੇ ਕਦੋਂ ਕੁ ਤੋਂ ਫ਼ੜਨ ਲੱਗ ਪਿਆ...?" ਕਿਸੇ ਹੋਰ ਨੇ ਰਾਹ ਜਾਂਦਿਆਂ ਸਿੰਗੜੀ ਛੇੜ ਦਿੱਤੀ।
-"ਜਦੋਂ ਤੋਂ ਲੋੜ ਪੈ ਗਈ ਬਾਈ...! ਅਜੇ ਤਾਂ ਮੈਂ ਸੱਪ ਫ਼ੜਨ ਲੱਗਣੈਂ, ਸੱਪ...! ਤੇ ਉਹ ਵੀ ਤੇਰੇ ਅਰਗੇ ਕੌਡੀਆਂ ਆਲ਼ੇ...! ਉਏ ਜੇ ਥੋਨੂੰ ਨੀ ਧੀਆਂ-ਭੈਣਾਂ ਦਾ ਦਰਦ, ਸਾਨੂੰ ਤਾਂ ਹੈ...! ਨਾਲ਼ੇ ਸ਼ਰਮ ਤਾਂ ਥੋਨੂੰ ਆਉਣੀ ਚਾਹੀਦੀ ਐ...! ਮੇਰੇ ਤਾਂ ਨਾ ਰੰਨ ਤੇ ਨਾ ਕੰਨ..! ਪੈਂਦੇ ਤਾਂ ਇਹ ਥੋਡੀਆਂ ਨੂੰ ਐਂ...! ਫ਼ੜਨੇਂ ਤਾਂ ਇਹ ਥੋਨੂੰ ਚਾਹੀਦੇ ਐ, ਪਰ ਫ਼ੜੀ ਜਾਨੈਂ, ਮੈਂ..! ਜਿਹੜਾ ਹੈ ਵੀ ਬੋਤੇ ਦੀ ਪੂਛ ਅਰਗਾ 'ਕੱਲਾ...!"
ਕੁੱਤੇ ਫ਼ੜਨ ਦੀ ਸਾਰੀ ਕਾਰਵਾਈ ਕਰਕੇ ਸ਼ਾਮ ਤੱਕ ਪ੍ਰਸ਼ਾਸਨ ਵਾਲ਼ੇ ਵਿਹਲੇ ਹੋ ਗਏ।
-"ਸਰਪੈਂਚ ਸਾਹਿਬ...! ਜੇ ਤੁਸੀਂ ਹਾਂਮੀਂ ਭਰੋਂ ਤਾਂ ਅਸੀਂ ਅਮਲੀ ਨੂੰ ਪੱਕੀ ਨੌਕਰੀ ਦੇ ਸਕਦੇ ਐਂ...!" ਪ੍ਰਸ਼ਾਸਨ ਦੇ ਕਰਮਚਾਰੀ ਨੇ ਕਿਹਾ।
-"ਤੇ ਜਦੋਂ 'ਲਾਕੇ ਦੇ ਕੁੱਤੇ ਮੁੱਕ ਗਏ ਸਰਕਾਰ ਜੀ, ਫ਼ੇਰ...?" ਅਮਲੀ ਨੇ ਅਗਲਾ ਡਰ ਜ਼ਾਹਿਰ ਕੀਤਾ।
-"ਫ਼ੇਰ ਬੰਦਿਆਂ 'ਤੇ ਹੋਜਾਂਗੇ...! ਬੰਦੇ ਵੀ ਅੱਜ ਕੱਲ੍ਹ ਹਟ ਕੁੱਤੀਏ ਨੀ ਕਹਿਣ ਦਿੰਦੇ...! ਆਏ ਸਾਲ ਜੁਆਕ ਪਾਥੀ ਮਾਂਗੂੰ ਪੱਥ ਧਰਦੇ ਐ...!"
ਹਾਸਾ ਮੱਚ ਗਿਆ।
-"ਕੁੱਤਿਆਂ ਆਲ਼ਾ ਕੰਮ ਤਾਂ ਮੈਂ ਮੁਖ਼ਤ ਕਰਨ ਨੂੰ ਤਿਆਰ ਐਂ ਜੀ...! ਇਹਨਾਂ ਨੇ ਤਾਂ ਅੱਤ ਈ ਚੱਕ ਲਈ ਸੀ...!"
-"ਚੱਲ ਕੋਈ ਨਾ...! ਨਾਲ਼ੇ ਕੰਮ ਕਰੀ ਚੱਲ ਤੇ ਨਾਲ਼ੇ ਪੈਸੇ ਲਈ ਚੱਲ਼...!" ਸਰਪੰਚ ਨੇ ਕਿਹਾ।
-"ਚਲੋ...! ਜਿਵੇਂ ਤੂੰ ਲੋਟ ਸਮਝੇਂ ਸਰਪੈਂਚਾ...!"
ਅਮਲੀ ਉਹਨਾਂ ਦੇ ਨਾਲ਼ ਤੁਰ ਗਿਆ। ਉਸ ਨੂੰ ਪੱਕੀ ਨੌਕਰੀ ਦੇ ਦਿੱਤੀ ਗਈ।



ਹੋਰ ਪੜੋ...

ਬੋਲ ਕੇ ਦੱਸੀਂ...!

ਇੱਛਾ ਮੇਰੀ ਵੀ ਰਹੀ ਹੈ,
ਸ਼ਾਇਦ ਇੱਛਾ ਤੇਰੀ ਵੀ ਰਹੀ ਹੈ..!
ਇਕ ਦੂਜੇ ਦੀ ਗਲਵਕੜੀ ਵਿਚ ਗੁਆਚ ਕੇ,
ਦੋ ਦਿਲਾਂ ਦੀ ਧੜਕਣ ਇਕ ਸਾਰ ਸੁਣਨ ਦੀ..!
ਜੁੱਗੜਿਆਂ ਜੁਗਾਂਤਰਾਂ ਤੋਂ,
ਵੇਲਾਂ ਵਾਂਗ ਪਿਆਸੀਆਂ, ਮੱਚੀਆਂ ਰੂਹਾਂ ਨੂੰ,
ਰੂਹਾਨੀ ਜਲ ਦੇਣ ਦੀ..!
ਤੂੰ ਬੋਲ ਕੇ ਦੱਸ, ਚਾਹੇ ਨਾ ਦੱਸ,
ਪਰ ਪੜ੍ਹਿਆ ਹੈ ਮੈਂ ਤੇਰੇ ਹੁਸੀਨ ਚਿਹਰੇ 'ਤੇ,
ਸ਼ੀਸ਼-ਸਿ਼ਲਾਲੇਖ ਹਰਫ਼ਾਂ ਨੂੰ...!
ਅਤੇ ਥਰਕਦਾ ਤੱਕਿਆ ਕੋਈ ਲਾਵਾ,
ਤੇਰੇ ਵਿਸ਼ਾਲ ਹਿਰਦੇ ਅੰਦਰ...!
ਬਲ਼ਦੀ ਵੇਖੀ ਜੁਆਲਾ ਮੁਖੀ,
ਤੇਰੇ ਮਨ ਮਸਤਿਕ 'ਤੇ...!
ਲਿਸ਼ਕਦੀ ਦੇਖੀ ਕੋਈ ਤੂਫ਼ਾਨੀ ਬਿਜਲੀ,
ਤੇਰੀਆਂ ਬਲੌਰੀ ਅੱਖਾਂ ਵਿਚ..!
ਤੇਰੀ ਇਕ ਛੋਹ, ਪਾਰਸ ਵਾਂਗ,
ਕਿਸੇ ਲੋਹ-ਸਿਲ਼ ਨੂੰ,
ਸੋਨ ਪਰਬਤ ਵਿਚ ਬਦਲਣ ਦੀ,
ਸਮਰੱਥਾ ਰੱਖਦੀ ਹੈ..!
ਪਰ,
ਤੇਰੀਆਂ ਸਧਰਾਂ ਦੇ ਬੋਲਾਂ ਦੀ ਬੱਦਲ਼ਵਾਈ,
ਤੇਰੇ ਹੋਠਾਂ 'ਤੇ ਆ ਕੇ ਰੁਕ ਜਾਂਦੀ ਰਹੀ,
ਅਤੇ ਗੁੰਮ ਹੋ ਜਾਂਦੀ ਕਿਸੇ ਸਮਾਜ ਦੇ
ਬੰਜਰ ਉਜਾੜ ਵਿਚ..!
ਮੈਂ ਜੋਗੀ ਵਾਂਗ ਫ਼ਰੋਲਦਾ ਰਿਹਾ,
ਤੇਰੇ ਮਨ ਦੀਆਂ ਹਸਰਤਾਂ ਦੀ ਮਿੱਟੀ,
ਮੇਰਾ ਮਨ ਵੀ ਗ਼ੈਬੀ ਅੰਬਰ ਨੂੰ
ਟਾਕੀਆਂ ਲਾਉਣ ਲੱਗਦਾ!
ਪਰ ਚੰਦਰੀ ਸੱਸ ਅੱਗੇ,
ਨਾ ਬੋਲਣ ਦੀ ਕਸਮ ਖਾਣ ਵਾਂਗ,
ਕਦੇ ਬਾਗ਼ੀ ਮਨ ਦਾ ਹੁੰਗਾਰਾ ਨਾ ਭਰ ਸਕਿਆ!
ਡਰਦੇ ਰਹੇ ਆਪਾਂ ਦੋਨੋਂ,
ਜ਼ਮਾਨੇ ਦੀ ਲਛਮਣ ਰੇਖਾ ਤੋਂ!
ਤੇ ਭਟਕਦੇ ਰਹੇ ਰੋਹੀ ਬੀਆਬਾਨ ਵਿਚ..!
ਪਾਰ ਕਰਨ ਦੀ ਹਿੰਮਤ, ਨਾ ਤੇਰੇ ਵਿਚ,
ਅਤੇ ਨਾ ਮੇਰੇ ਵਿਚ...!
ਅਰਮਾਨ ਸੜਦੇ ਰਹੇ ਆਪਣੇ,
ਚੁੱਪ ਸਿਵਿਆਂ ਵਾਂਗ ਆਪਣੇ ਹਿਰਦਿਆਂ 'ਚ!
ਮੈਂ ਚੁੱਪ ਰਿਹਾ, ਤੂੰ ਚੁੱਪ ਹੈਂ,
ਹਵਨ ਕੁੰਡ ਵਿਚ ਡਿੱਗੀ ਛਿਪਕਲੀ ਵਾਂਗ,
ਧੁਖ਼ਦੇ ਬਦਨ ਦਾ ਦੀਵਾ ਬਾਲ਼ਦੇ ਰਹੇ,
ਕਿਸੇ ਮੁਕਤੀ ਦੀ ਆਸ ਵਿਚ...!
ਮੈਨੂੰ ਸਮਝ ਨਹੀਂ ਆਉਂਦੀ,
ਇਸ ਰੋਹੀ ਬੀਆਬਾਨ ਦੀ,
ਦਿਸਹੱਦਿਆਂ ਤੋਂ ਪਾਰ ਦੀ ਸੀਮਾਂ,
ਪਾਰ ਕਰਨ ਦੀ ਪਹਿਲ,
ਤੂੰ ਕਰੇਂਗੀ...?
ਕਿ ਮੈਂ ਕਰਾਂ...?
ਆਪਣੇ ਵਿਚ ਸ਼ਰਮ ਦਾ ਓਹਲਾ,
ਜਾਂ ਅਖੌਤੀ ਹਾਉਮੈ ਦਾ ਅਹਿਸਾਸ,
ਜਾਂ ਫ਼ੋਕੀ ਸ਼ੋਹਰਤ ਦੀ ਕੋਹੜ ਕਿਰਲ਼ੀ,
ਕਹਿਣ ਦਾ ਸਾਹਸ,
ਜਾਂ ਸਹਿਣ ਦੀ ਸਮਰੱਥਾ,
ਇਕ ਚੀਜ਼ ਕੰਧ ਬਣੀ ਖੜ੍ਹੀ ਹੈ,
ਆਪਣੇ ਮਨ ਦੀਆਂ ਸਾਂਝਾਂ ਵਿਚ..!
ਜਿਤਨੀ ਦੇਰ ਇਸ ਕੰਧ,
ਹਾਉਮੈਂ, ਸ਼ੋਹਰਤ
ਜਾਂ ਓਹਲੇ ਨੂੰ,
ਆਪਣੇ ਸਾਹਸ ਅਤੇ ਹਿੰਮਤ ਦਾ ਧੱਕਾ ਨਹੀਂ ਵੱਜਦਾ,
ਆਪਾਂ ਆਪਸ ਵਿਚ, ਕਿਸੇ ਸ਼ਰਾਪੀ ਲਾਸ਼ ਵਾਂਗ
ਲਾਵਾਰਿਸ ਹੀ ਰਹਿ ਜਾਵਾਂਗੇ..!
..ਤੇ ਆਪਣੇ ਤੜਫ਼ਦੇ ਅਹਿਸਾਸ,
ਫ਼ੱਟੜ ਅਰਮਾਨ,
ਤਿੜਕਿਆ ਦਿਲ,
ਮੈਨੂੰ ਹੀ ਨਹੀਂ,
ਤੈਨੂੰ ਵੀ ਮੁਆਫ਼ ਨਹੀਂ ਕਰਨਗੇ..!
ਤੇ ਆਪਾਂ ਭਟਕਾਂਗੇ ਜੁੱਗੋ ਜੁੱਗ,
ਪਤਾ ਨਹੀਂ ਕਿਸ ਜੂਨੀ ਵਿਚ..!
ਕਿਉਂਕਿ ਆਤਮਘਾਤੀ, ਜਗਤ ਕਸਾਈ ਹੁੰਦਾ ਹੈ..!
ਰੱਖ ਹੱਥ ਇਕ ਵਾਰ ਆਪਣੇ ਦਿਲ 'ਤੇ,
ਦੁਨੀਆਂ ਦੇ ਖ਼ੌਫ਼ ਨੂੰ ਪਰਾਂਹ ਵਗਾਹ ਕੇ,
ਦੇਖ, ਸਵਰਗ ਕਿਵੇਂ ਤੇਰੀ ਝੋਲ਼ੀ ਢਹਿ ਪੈਂਦਾ..!
ਇਕ ਵਾਰ ਸੁਣ ਤਾਂ ਸਹੀ,
ਆਪਣੀ ਪਾਕ ਰੂਹ ਦੀ ਅਵਾਜ਼,
ਨਿਰਪੱਖ ਹੋ ਕੇ..!
ਤੱਕ ਵਿਸ਼ਾਲ ਸੂਰਜ ਦੀਆਂ ਕਿਰਨਾਂ ਨੂੰ,
ਕਿੱਦਾਂ ਤੇਰੀ ਝੋਲੀ ਡਿੱਗਣ ਲਈ ਬੇਤਾਬ ਨੇ..!
ਤਾਰਿਆਂ ਦੀ ਜ਼ਾਤ ਨਾ ਪੁੱਛੀਂ,
ਨਹੀਂ ਬ੍ਰਹਿਮੰਡ ਦੇ ਸਿਤਾਰੇ ਤੈਨੂੰ,
'ਵਿਤਕਰਾ' ਆਖ ਦੁਰਕਾਰ ਦੇਣਗੇ..!
ਜੇ ਆਪਣੀ ਅੰਤਰ ਆਤਮਾਂ ਦੀ ਹੂਕ ਸੁਣ ਕੇ,
ਕਦੇ ਦਿਲ ਖੋਲ੍ਹ ਕੇ ਹੁੰਗਾਰਾ ਭਰ ਛੱਡੇਂ,
ਤਾਂ ਹਰ ਖ਼ੁਸ਼ੀ ਦੀ ਰਹਿਮਤ,
ਤੇਰੇ ਹਾਰ ਬਣ ਗਲ਼ ਵਿਚ ਆ ਪਵੇ..!
ਤੂੰ ਸ਼ਾਇਦ ਮੈਨੂੰ ਕਮਲ਼ਾ, ਬਾਂਵਰਾ ਗਰਦਾਨੇਂ,
ਪਰ ਸੱਚ ਦੀ ਅਵਾਜ਼ ਸੁਣ ਕੇ,
ਕੰਨ ਮੁੱਢ ਮਾਰ ਲੈਣਾਂ,
ਰੱਬ ਵੱਲੋਂ ਮੁੱਖ ਮੋੜਨਾ ਹੈ..!
ਇਕ ਪਲ ਮੇਰੇ ਲਈ ਕੱਢ ਕੇ,
ਸਮੁੰਦਰ ਦੀਆਂ ਸਿੱਪੀਆਂ ਦੀ,
ਨਸਲ ਪਰਖ਼ਣੀ ਛੱਡ..!
..ਤੇ ਆਪਣੇ ਦਿਲ ਦੇ ਅਰਮਾਨਾਂ ਦੇ,
ਜਵਾਹਰ ਮੋਤੀ ਚੁੱਕ ਕੇ,
ਦੁਪੱਟੇ ਦੇ ਲੜ ਵਿਚ ਤਾਂ ਪਾ..!
..ਤੇ ਫ਼ੇਰ ਤੇਰੀਆਂ ਬਲੌਰੀ ਅੱਖਾਂ ਵਿਚ,
ਜਦ ਤੱਕਾਂਗਾ ਮੈਂ,
ਤਾਂ ਸੁਆਲ ਕਰਨ ਦੀ ਲੋੜ ਹੀ ਨਹੀਂ ਰਹਿ ਜਾਣੀ,
ਕਿਉਂਕਿ
ਦਿਲਾਂ ਦੀ ਕੋਈ ਭਾਸ਼ਾ ਜਾਂ ਪ੍ਰੀਭਾਸ਼ਾ ਨਹੀਂ ਹੁੰਦੀ..!
ਸਹਿਮਤ ਹੈਂ?
ਤਾਂ ਇਕ ਪੰਗਤੀ ਵਾਹ,
ਜੋ ਤੈਨੂੰ 'ਏਕ' ਤੋਂ 'ਅਨੇਕ' ਕਰ ਜਾਵੇਗੀ..!


ਹੋਰ ਪੜੋ...

ਨੀ ਇਕ ਤੇਰਾ ਰੰਗ ਮੁਸ਼ਕੀ...!

ਮੇਰਾ ਪੁੱਤ ਕਬੀਰ ਇਕ ਡੀ. ਵੀ. ਡੀ. ਦੇਖ ਰਿਹਾ ਸੀ। ਕੋਈ ਗੀਤ ਚੱਲ ਰਿਹਾ ਸੀ, ਜਿਸ ਵਿਚ ਕੁੜੀ ਦੀ 'ਸਿਫ਼ਤ' ਕੀਤੀ ਗਈ ਸੀ। 'ਕਾਲੇ ਡੋਰੀਏ' ਦਾ ਵੀ ਵਰਨਣ ਸੀ। ਗੀਤ ਤਾਂ ਖ਼ੈਰ ਪੰਜਾਬੀ ਹੀ ਸੀ, ਪਰ ਕਿਤੇ-ਕਿਤੇ ਵਿਚ ਇਕ ਭਾਈਬੰਦ ਆ ਕੇ "ਖੜ੍ਹਬੜ੍ਹ-ਖੜਬੜ੍ਹ" ਜਿਹੀ ਕਰਨ ਲੱਗ ਪੈਂਦਾ ਅਤੇ ਨਾਲ ਹੀ ਗਾਂ ਦੇ ਭਰਿੰਡ ਲੜਿਆਂ ਵਾਂਗ ਛੜਾਂ ਜਿਹੀਆਂ ਵੀ ਮਾਰਦਾ ਤੇ ਖੁਰਾਂ 'ਚੋਂ ਗੋਹਾ ਜਿਹਾ ਵੀ ਝਾੜਦਾ! ਮੇਰੇ ਕਹਿਣ ਦਾ ਮਤਲਬ, 'ਰੀ-ਮੈਕਸ' ਗੀਤ ਸੀਗਾ ਬਾਈ ਜੀ...! ਗੀਤ ਵਿਚ ਕਿਤੇ-ਕਿਤੇ ਕੁੜੀ ਨੂੰ ਧਮਕੀਆਂ ਜਿਹੀਆਂ ਵੀ ਦਿੱਤੀਆਂ ਹੋਈਆਂ ਸਨ, ਜਿਵੇਂ ਜਾਰਜ ਡਬਲਿਊ ਬੁਸ਼ ਬੁਲਿਟ ਪਰੂਫ਼ ਸਟੇਜ਼ ਪਿੱਛੇ ਖੜ੍ਹ ਕੇ ਓਸਾਮਾ ਬਿਨ ਲਾਦੇਨ ਨੂੰ ਦਿੰਦਾ ਸੀ! ਕਿਤੇ-ਕਿਤੇ ਸਮਝੌਤੀਆਂ ਜਿਹੀਆਂ ਵੀ ਉਚਾਰੀਆਂ ਹੋਈਆਂ ਸਨ, ਜਿਵੇਂ ਕੋਂਡੋਲੀਜ਼ਾ ਰਾਈਸ ਆਪਣੇ ਬਦਾਮੀ ਬੁੱਲ੍ਹਾਂ 'ਚੋਂ ਚਿੱਟੀਆਂ ਜਿਹੀਆਂ ਦੰਦੀਆਂ ਕੱਢ ਕੇ ਕੋਰੀਆ ਨੂੰ ਦਿੰਦੀ ਸੀ। ਕਦੇ-ਕਦੇ ਡਰਾਇਆ ਜਿਹਾ ਵੀ ਸੀ, ਜਿਵੇਂ ਮੇਰਾ ਬਾਪੂ ਮੈਨੂੰ ਨਿੱਕੇ ਹੁੰਦੇ ਨੂੰ ਆਖਦਾ ਹੁੰਦਾ ਸੀ, "ਹਟ ਜਾਹ ਪੁੱਤ! ਕੁਤਰੇ ਆਲੀ ਮਸ਼ੀਨ ਨਾਲ ਪੰਗੇ ਨਾ ਲੈ-ਤੇਰਾ ਮਸ਼ੀਨ 'ਚ ਹੱਥ ਆਜੂ...!" 
ਪੂਰਾ ਤਾਂ ਮੈਨੂੰ ਯਾਦ ਨਹੀਂ, ਪਰ ਗੀਤ ਦੇ ਬੋਲ ਕੁਝ ਐਸੇ ਸਨ, ਮੂੰਹ ਢਕ ਲੈ ਨ੍ਹੀ, ਸੂਰਜ ਨੂੰ ਲਿਸ਼ਕੋਰ ਵੱਜ ਜਾਊ, ਪਾਣੀ ਨੂੰ ਅੱਗ ਪੈਜੂ, ਆਹ ਹੋਜੂ, ਵੌਹ ਹੋਜੂ ਬਗੈਰਾ-ਬਗੈਰਾ...! ਜਿਵੇਂ ਬੁੜ੍ਹੀਆਂ ਜੁਆਕਾਂ ਨੂੰ ਆਖਦੀਆਂ ਹੁੰਦੀਐਂ, "ਸੌਂ ਜਾ ਟੁੱਟ ਪੈਣਿਆਂ-ਨਹੀਂ ਤਾਂ ਬਿੱਲਾ ਆਜੂ...!" ਮੈਂ ਵੀ ਅਖ਼ਬਾਰ ਪੜ੍ਹਦਾ-ਪੜ੍ਹਦਾ ਉਸ ਗੀਤ ਨੂੰ ਸੁਣਨ ਅਤੇ ਦੇਖਣ ਲੱਗ ਪਿਆ। ਮੇਰਾ ਢਿੱਡ ਹੱਸੀ ਜਾ ਰਿਹਾ ਸੀ। ਗੀਤ ਦੀ ਇਕ ਵੀ ਪੰਗਤੀ ਮੂਵੀ ਵਾਲੀ ਕੁੜੀ ਨਾਲ, ਇਕ ਰੱਤੀ ਵੀ ਮੇਚ ਨਹੀਂ ਸੀ ਖਾਂਦੀ। ਮੈਂ ਸੋਚ ਰਿਹਾ ਸੀ ਕਿ ਕਿੰਨੇ ਬੇਵਕੂਫ਼ ਹਾਂ ਅਸੀਂ, ਜਿਹੜੇ ਐਹੋ ਜਿਹੀਆਂ ਮੂਵੀਆਂ ਦੇਖੀ ਜਾ ਰਹੇ ਹਾਂ...? ਕਿੱਡੇ ਚਤਰ ਹਨ ਸਾਨੂੰ ਐਹੋ ਜਿਹੀਆਂ ਮੂਵੀਆਂ ਪੇਸ਼ ਕਰਨ ਵਾਲੇ! ਧੰਨ ਐਂ...! ਧੰਨ ਹਨ ਉਹ ਲੋਕ, ਜਿਹੜੇ ਸਾਨੂੰ ਜਾਗਦਿਆਂ ਨੂੰ ਹੀ ਪੈਂਦੀਂ ਪਾਈ ਜਾ ਰਹੇ ਹਨ ਅਤੇ ਅਸੀਂ 'ਸਤਿ' ਕਰਕੇ ਸਭ ਕੁਝ ਕਬੂਲ ਕਰੀ ਜਾ ਰਹੇ ਹਾਂ। ਗੁਣ ਹੋਣਾ ਚਾਹੀਦੈ, ਬੱਸ ਦੁਨੀਆਂ ਤਾਂ ਲੁੱਟਣ ਵੱਲੀਓਂ ਹੀ ਪਈ ਐ ਮਿੱਤਰੋ...! ਜਿਸ ਨੂੰ ਦੁਨੀਆਂ ਲੁੱਟਣੀ ਆ ਗਈ, ਉਸ ਨੂੰ ਕੋਈ ਕੰਮ ਕਰਨ ਦੀ ਕੀ ਜ਼ਰੂਰਤ ਐ? ਤੇਰਾ ਵਿਕਦਾ ਜੈ ਕੁਰੇ ਪਾਣੀ - ਲੋਕਾਂ ਦਾ ਦੁੱਧ ਵਿਕਦਾ...! ਜਿੰਨ੍ਹਾਂ ਦਾ ਪਾਣੀ ਵਿਕਦੈ, ਉਹਨਾਂ ਨੂੰ ਮੱਝਾਂ ਤੋਂ ਪੈਰ ਮਿੱਧਵਾਉਣ ਦੀ ਕੀ ਜ਼ਰੂਰਤ ਐ?
ਇਕ ਐਥੋਂ ਦੇ ਬੱਚੇ ਵੀ ਐਹੋ ਜਿਹੇ ਹੀ ਹਨ, "ਗੰਜ ਕੁੱਟ-ਗੰਜ ਕੁੱਟ" ਸੁਣਨ ਦੇ ਆਦੀ! ਮੈਂ ਅਤੇ ਮੇਰਾ ਇਕ ਮਿੱਤਰ ਹੀਥਰੋ ਏਅਰਪੋਰਟ ਲੰਡਨ ਤੋਂ ਉਸ ਦੀ ਸੱਸ ਨੂੰ ਲੈਣ ਲਈ ਜਾ ਰਹੇ ਸੀ। ਉਸ ਮਿੱਤਰ ਨੇ ਅੰਮ੍ਰਿਤ ਵੇਲੇ ਦਾ ਖਿ਼ਆਲ ਕਰਦਿਆਂ ਇਕ ਕੀਰਤਨ ਦੀ ਧਾਰਮਿਕ ਕੈਸਿਟ ਲਾ ਲਈ। ਕਾਰ ਵਿਚ ਉਸ ਦਾ ਦਸ ਕੁ ਸਾਲ ਦਾ ਪੁੱਤਰ ਪਿਛਲੀ ਸੀਟ 'ਤੇ ਘਾਂਊਂ-ਮਾਂਊਂ ਜਿਹਾ ਹੋਇਆ, ਅੱਧ ਸੁੱਤਾ ਜਿਹਾ ਪਿਆ ਸੀ। ਜਦ ਕੈਸਿਟ ਵਾਲੇ ਬਾਬੇ ਨੇ ਅਜੇ ਸ਼ਬਦ ਦੀ ਸ਼ੁਰੂਆਤ ਕੀਤੀ ਹੀ ਸੀ ਤਾਂ ਉਸ ਦਾ ਪੁੱਤਰ ਚੀਕ ਉਠਿਆ, "ਵੱਟ ਦਾ ਹੈੱਲ ਇੱਜ਼ ਗੋਇੰਗ ਔਨ, ਮੈਨ...?" ਤਾਂ ਬਾਪ ਨੇ ਕਿਹਾ, "ਇਹ ਗੁਰਬਾਣੀ ਐਂ ਪੁੱਤ...!" ਉਹ ਮੂੰਹ ਫ਼ੱਟ ਲੜਕਾ ਆਖਣ ਲੱਗਿਆ, "ਸਟੌਪ ਇੱਟ! ਆਈ ਡੋਂਟ ਲਾਈਕ ਗੁਰਬਾਨੀ...!" ਮੇਰੇ ਮਿੱਤਰ ਨੇ ਘੋਰ ਮਾਯੂਸ ਹੁੰਦਿਆਂ ਕੈਸਿਟ ਬੰਦ ਕਰ ਦਿੱਤੀ। ਮੇਰੇ ਕੋਲ ਵੀ ਕੁਝ ਕਹਿਣ ਨੂੰ ਨਹੀਂ ਬਚਿਆ ਸੀ। ਮੈਂ ਸੋਚ ਰਿਹਾ ਸੀ ਕਿ ਕਸੂਰ ਸਰਾਸਰ ਸਾਡਾ ਆਪਦਾ ਸੀ। ਜਦੋਂ ਮਨ ਪ੍ਰਦੇਸੀ ਹੋ ਜਾਵੇ, ਸਾਰਾ ਦੇਸ਼ ਪਰਾਇਆ ਹੋ ਜਾਂਦਾ ਹੈ। ਸਾਨੂੰ ਸਾਡੇ ਪੁਰਖਿ਼ਆਂ ਦੀ ਦਿੱਤੀ ਸੁਮੱਤ ਸਦਕਾ ਗੁਰਦੁਆਰੇ ਜਾਣ ਦਾ ਚਾਅ ਜਿਹਾ ਚੜ੍ਹਿਆ ਰਹਿੰਦਾ ਸੀ। ਅੱਜ ਕੱਲ੍ਹ ਦੇ ਬੱਚੇ ਤਾਂ ਗੁਰਦੁਆਰੇ ਦੇ ਨਾਂ ਨੂੰ ਹੀ "ਬੋਰਿੰਗ-ਬੋਰਿੰਗ" ਕਰਨ ਲੱਗ ਪੈਂਦੇ ਨੇ। 
ਇਕ ਗੱਲ ਹੋਰ ਯਾਦ ਆ ਗਈ। ਵੀਹ ਕੁ ਸਾਲ ਪਹਿਲਾਂ ਜਦ ਮੈਂ ਆਸਟਰੀਆ ਤੋਂ ਪਹਿਲੀ ਵਾਰ ਇੰਗਲੈਂਡ ਆਪਣੇ ਸਾਢੂ ਅਤੇ ਸਾਲੀ ਨੂੰ ਮਿਲਣ ਆਇਆ ਤਾਂ ਉਦੋਂ ਉਸ ਦੇ ਦੋਨੋਂ ਮੁੰਡੇ ਛੋਟੇ-ਛੋਟੇ ਸਨ। ਉਹ ਆਪਸ ਵਿਚ ਅਤੇ ਮਾਂ ਬਾਪ ਨਾਲ ਅੰਗਰੇਜ਼ੀ ਹੀ ਬੋਲਦੇ। ਮੈਂ ਉਹਨਾਂ ਬੱਚਿਆਂ ਨੂੰ ਸਮਝਾਇਆ ਕਿ ਤੁਸੀਂ ਮੇਰੇ ਨਾਲ ਪੰਜਾਬੀ ਬੋਲਿਆ ਕਰੋ, ਅੰਗਰੇਜ਼ੀ ਮੈਨੂੰ 'ਪੈਰ-ਮਿੱਧ' ਜਿਹੀ ਹੀ ਆਉਂਦੀ ਐ। ਖ਼ੈਰ, ਮੈਂ ਦੋ ਕੁ ਹਫ਼ਤੇ ਇੰਗਲੈਂਡ ਰਿਹਾ। ਬੱਚੇ ਮੇਰੇ ਨਾਲ ਵਾਹਵਾ ਪੰਜਾਬੀ ਬੋਲਣ ਲੱਗ ਪਏ। ਦੋ ਕੁ ਹਫ਼ਤਿਆਂ ਬਾਅਦ ਜਦ ਮੈਂ ਵਾਪਿਸ ਜਾਣ ਲੱਗਿਆ ਤਾਂ ਬਾਈ ਬਲਦੇਵ ਦਾ ਵੱਡਾ ਮੁੰਡਾ ਵਿਕਰਮ ਮੈਨੂੰ ਪੰਜਾਬੀ ਵਿਚ ਪੁੱਛਣ ਲੱਗਿਆ, "ਅੰਕਲ ਹੁਣ ਤੂੰ ਚੱਲੀ...?" ਮੈਂ ਉਸ ਨੂੰ ਆਖਿਆ, "ਪੁੱਤ 'ਕੱਲੀ ਮੇਰੀ ਅੰਗਰੇਜ਼ੀ ਹੀ 'ਪੈਰ ਮਿੱਧ' ਨਹੀਂ-ਤੇਰੀ ਪੰਜਾਬੀ ਵੀ 'ਖੁਰਵੱਢ' ਈ ਐ!" ਉਹ "ਵਾਅਟ੍ਹ ਪੈਰ-ਮਿੱਧ ਐਂਡ ਖੁਰ-ਵੱਢ?" ਆਖ ਕੇ ਹੱਸ ਪਿਆ। ਮੈਨੂੰ ਦੋਨਾਂ ਸ਼ਬਦਾਂ ਦੀ ਅੰਗਰੇਜ਼ੀ ਨਹੀਂ ਆਉਂਦੀ ਸੀ ਅਤੇ ਉਸ ਨੂੰ ਸਮਝ ਨਹੀਂ ਆਉਂਦੀ ਸੀ। ਖ਼ੈਰ, ਉਸ ਨੂੰ ਮੈਂ ਪੰਜਾਬੀ ਦੀ ਐਸੀ ਲਗਨ ਲਾਈ ਕਿ ਇੰਗਲੈਂਡ ਦਾ ਜੰਮਪਲ, ਅੱਜ ਕੱਲ੍ਹ ਇੰਗਲੈਂਡ ਵਿਚ ਹੀ ਉਹ ਚੰਗਾ ਅਫ਼ਸਰ ਹੋਣ ਦੇ ਨਾਲ-ਨਾਲ ਪੰਜਾਬੀ ਵੀ ਪੂਰੀ ਜੱਟਾਂ ਵਾਲੀ ਬੋਲਦੈ। 
...ਗੱਲ ਗੀਤਾਂ ਦੀ ਚੱਲ ਰਹੀ ਸੀ ਅਤੇ ਗੀਤ ਦੀ ਗੱਲ 'ਕਾਲੇ ਡੋਰੀਏ' ਤੋਂ ਤੁਰੀ ਸੀ। ਪਰ ਵਿਚਾਰੀ ਬਦ-ਕਿਸਮਤ ਕੁੜੀ ਦੇ ਵਾਲਾਂ ਦੀ ਸਿਰਫ਼ ਇਕ ਲੂੰਡਕੀ ਜਿਹੀ ਹੀ ਰੱਖੀ ਹੋਈ ਸੀ, ਜਿਵੇਂ ਘੋੜ੍ਹੀ ਦੀ ਪੂਛ ਹੁੰਦੀ ਐ, ਪੁੱਛਣ ਵਾਲਾ ਹੋਵੇ ਬਈ ਕਾਲਾ ਡੋਰੀਆ ਉਹਦੇ 'ਚ ਸੁਆਹ ਪਊ? ਸਾਡੇ ਲਿਖਣ ਵਾਲੇ ਗੀਤਕਾਰਾਂ ਦਾ ਦੁਖਾਂਤ ਇਹ ਹੈ ਕਿ ਉਹ ਜਿਹੜੀ ਕੁੜੀ ਨੂੰ ਕਲਪਨਾ ਵਿਚ ਸਿਰਜ਼ਦੇ ਹਨ, ਗਾਇਕਾਂ ਦੇ ਤਾਂ ਸ਼ਾਇਦ ਕੋਈ ਵੱਸ ਹੋਵੇ, ਚਾਹੇ ਨਾ ਹੋਵੇ। ਪਰ ਮੂਵੀ ਤਿਆਰ ਕਰਨ ਵਾਲੇ ਗੀਤਕਾਰ ਦੀ ਕਲਪਨਾ 'ਤੇ ਆਰੀ-ਰੰਦਾ ਮਾਰਨੋਂ ਜ਼ਰਾ ਵੀ ਨਹੀਂ ਜਰਕਦੇ। ਗੀਤਕਾਰ ਵਿਚਾਰਾ ਕਲਪਨਾ ਬਲਾਉਰੀ ਅੱਖਾਂ ਦੀ ਕਰ ਕੇ ਕੋਈ ਗੀਤ ਘੜ੍ਹਦੈ। ਪਰ ਜਦੋਂ ਮੂਵੀ ਬਣਾਈ ਜਾਂਦੀ ਹੈ ਤਾਂ ਕੁੜੀ ਦੀਆਂ ਅੱਖਾਂ ਚਾਹੇ ਚੁੰਨ੍ਹੀਆਂ ਹੀ ਹੋਣ। ਪਰ ਕੱਜਲ ਨਾਲ ਅੱਖਾਂ ਭੇਡ ਦੀਆਂ ਅੱਖਾਂ ਵਾਂਗ ਲਬੇੜੀਆਂ ਹੁੰਦੀਐਂ। ਗਾਉਣ ਵਾਲਾ 'ਕਸੂਰੀ ਜੁੱਤੀ' ਦਾ ਵਿਖਿਆਨ ਕਰ ਰਿਹਾ ਹੁੰਦਾ ਹੈ, ਪਰ ਬੀਬੀ ਸਟੇਜ਼ 'ਤੇ ਦੋ ਕੁ ਰੱਸੀਆਂ ਜਿਹੀਆਂ ਦੇ ਸੈਂਡਲ ਪਾ ਕੇ ਸਟੇਜ਼ 'ਤੇ ਅੱਕਲਕਾਨ ਹੋਈ ਹੁੰਦੀ ਐ। 
ਇਕ ਗਾਇਕ ਗਾ ਰਿਹਾ ਸੀ, "ਚਿੱਟੀ ਕੁੜਤੀ ਤੇਰੀ 'ਤੇ ਬਟਨ ਕਾਲੇ...!" ਪਰ ਨਾਲ ਨੱਚਣ ਵਾਲੀ ਬੀਬੀ ਦੇ ਨਾ ਤਾਂ ਕੋਈ ਕੁੜਤੀ ਪਾਈ ਹੋਈ ਸੀ, ਸਗੋਂ ਕੱਪੜੇ ਇੰਜ ਪਾਏ ਹੋਏ ਸਨ ਜਿਵੇਂ ਕਿਸੇ ਸਮੁੰਦਰ ਦੇ ਕੰਢੇ ਨਹਾਉਣ ਚੱਲੀ ਹੋਵੇ। ਜੇ ਕੋਈ ਗਾਇਕ ਸਲਵਾਰ ਦੀ ਗੱਲ ਕਰਦੈ, ਤਾਂ ਮੂਵੀ ਵਾਲੇ ਮੇਰੇ ਵੀਰ 'ਸਕੱਰਟ' ਪਾਈ ਦਿਖਾਉਂਦੇ ਐ। ਉਹ ਵੀ ਉਹ ਸਕੱਰਟ, ਜਿਸ ਦੇ ਨਾਲ ਜੁਆਕ ਦਾ ਮੂੰਹ ਵੀ ਨਾ ਪੂੰਝਿਆ ਜਾ ਸਕੇ। ਬੀਬੀ ਦਾ ਨੱਕ ਚਾਹੇ ਫ਼ੀਨ੍ਹਾਂ ਹੀ ਹੋਵੇ, ਪਰ ਸਾਡੇ ਅਗਾਂਹਵਧੂ ਗਾਇਕ, "ਤਿੱਖਾ ਨੱਕ ਤਲਵਾਰ ਵਰਗਾ" ਦੀ ਹੇਕ ਲਾਉਣ ਲੱਗੇ ਜਮਾਂ ਨ੍ਹੀ ਸੋਚਦੇ। ਵੇਲ਼ਾ ਯਾਦ ਆਉਂਦਾ ਹੈ, ਜਦ ਲੋਕ ਗਾਉਂਦੇ ਸਨ, "ਜੱਟੀ ਨ੍ਹਾ ਕੇ ਛੱਪੜ 'ਚੋਂ ਨਿਕਲੀ ਸੁਲਫ਼ੇ ਦੀ ਲਾਟ ਵਰਗੀ...!" ਗਾਉਣ ਦੇ ਅੰਦਾਜ਼ ਨਾਲ਼ ਹੀ 'ਸੁਲਫ਼ੇ ਦੀ ਲਾਟ ਵਰਗੀ' ਜਿ਼ਹਨ ਵਿਚ ਆ ਉਤਰਦੀ ਸੀ। ਮੂਵੀ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ ਸੀ। ਤੇ ਜੇ ਅੱਜ ਦੇ ਮੂਵੀਕਾਰ ਪਹਿਲਵਾਨ ਹੁੰਦੇ ਤਾਂ ਅਗਲੇ ਦੇ ਜਿ਼ਹਨ ਵਿਚ ਵਸੀ 'ਸੁਲਫ਼ੇ ਦੀ ਲਾਟ ਵਰਗੀ' ਦੀ ਵੀ ਜੱਖਣਾਂ ਪੱਟ ਧਰਦੇ!
ਪਹਿਲਾਂ ਪਹਿਲ, ਜਦੋ ਮੂਵੀਆਂ ਅਜੇ ਹੋਂਦ ਵਿਚ ਆਈਆਂ ਹੀ ਨਹੀਂ ਸਨ, ਪਿੰਡ ਦਿਆਂ ਬਨੇਰਿਆਂ 'ਤੇ ਦੋ ਮੰਜੇ ਜੋੜ ਕੇ ਸਪੀਕਰ ਵੱਜਦੇ ਸੁਣੀਂਦੇ ਸੀ ਅਤੇ ਜਦ ਮਰਹੂਮ ਨਰਿੰਦਰ ਬੀਬਾ ਉਚੀ ਹੇਕ ਵਿਚ ਗਾਉਂਦੀ ਸੀ, "ਮੈਂ ਜੱਟੀ ਪੰਜਾਬ ਦੀ - ਮੇਰੀਆਂ ਸਿਫ਼ਤਾਂ ਕਰੇ ਜਹਾਨ...!" ਤਾਂ ਸੁਣ ਕੇ ਸਾਡੇ ਪਿੰਡ ਵਾਲੇ ਸੱਘੇ ਅਮਲੀ ਵਰਗੇ ਵੀ 'ਵਾਹ-ਵਾਹ' ਕਰ ਉਠਦੇ ਸਨ। ਅੱਜ ਕੱਲ੍ਹ ਸਿਫ਼ਤ ਪੰਜਾਬਣ ਜੱਟੀ ਦੀ ਹੋ ਰਹੀ ਹੁੰਦੀ ਐ ਤੇ ਡਰੱਗ ਦੀ ਮਾਰੀ ਬੀਬੀ ਕੈਮਰੇ ਮੂਹਰੇ ਢਾਂਗੇ ਵਾਂਗੂੰ ਹਿੱਲਦੀ ਨਜ਼ਰ ਆਉਂਦੀ ਹੈ। ਗੱਲ ਗੀਤ ਵਿਚ ਕੁੜਤੀ-ਸਲਵਾਰ ਦੀ ਕੀਤੀ ਹੁੰਦੀ ਹੈ ਅਤੇ ਵਿਚੇ ਹੀ ਜੱਟੀ-ਜੱਟੀ ਦਾ ਹੂੰਗਾ ਵੀ ਵਜਾਇਆ ਹੁੰਦੈ, ਪਰ 'ਜੱਟੀ' ਦੇ ਨਾ ਕੁੜਤੀ, ਨਾ ਸਲਵਾਰ! ਧੁੰਨੀ ਨੰਗੀ ਹੁੰਦੀ ਹੈ ਅਤੇ ਚੱਪੇ ਕੁ ਦੀ ਮਿੰਨ੍ਹੀ ਸਕੱਰਟ ਐਨ੍ਹ 'ਬਾਡਰ' ਤੱਕ ਹੇਠਾਂ ਨੂੰ ਸਰਕਾਈ ਹੁੰਦੀ ਐ। 
ਇਕ ਭਾਈਬੰਦ ਨੇ ਕੋਕੇ ਬਾਰੇ ਗਾਇਆ ਤਾਂ ਮੈਨੂੰ ਹੋਰ ਕਿਸੇ 'ਤੇ ਨਹੀਂ, ਗਾਉਣ ਵਾਲੇ 'ਤੇ ਹੀ ਤਰਸ ਆਈ ਜਾਵੇ। ਨੱਚਣ ਵਾਲੀ ਕੁੜੀ ਦੇ ਕੋਕਾ ਤਾਂ ਕੀ ਹੋਣਾ ਸੀ? ਨਾ ਹੀ ਕਿਸੇ ਮੂਵੀਕਾਰ ਨੇ ਕੁੜੀ ਦੇ ਨੱਕ ਤੱਕ ਕੈਮਰਾ ਹੀ ਕੀਤਾ ਸਗੋਂ ਉਸ ਦੀਆਂ ਸੁੱਕੀ ਟਿੰਡੋ ਵਰਗੀਆਂ ਛਾਤੀਆਂ 'ਤੇ ਹੀ ਕੈਮਰੇ ਦੀ ਸਿ਼ਸ਼ਤ ਬੰਨ੍ਹੀ ਰੱਖੀ। ਮੈਂ ਦਾਅਵੇ ਨਾਲ ਆਖਦੈਂ, ਕਿ ਜਿਹੜੀ ਕੁੜੀ ਨਾਚ ਕਰਦੀ ਹੁੰਦੀ ਹੈ, ਉਸ ਨੂੰ ਕਸੂਰੀ ਜੁੱਤੀ ਬਾਰੇ ਪਤਾ ਹੀ ਨਹੀਂ ਹੋਣਾ ਕਿ ਕੀ ਬਲਾਅ ਹੁੰਦੀ ਐ? ਉਸ ਨੂੰ ਪੁੱਛਿਆ ਜਾਵੇ ਕਿ ਦੱਸੋ ਕਸੂਰ ਪਾਕਿਸਤਾਨ ਵਿਚ ਹੈ ਜਾਂ ਅਫ਼ਗਾਨਿਸਤਾਨ ਵਿਚ? ਸ਼ਾਇਦ ਉੱਤਰ, "ਆਈ ਡੋਂਟ ਨੋਅ...!" ਜਾਂ "ਆਈ ਡੋਂਟ ਕੇਅਰ....!" ਵਿਚ ਹੀ ਆਵੇਗਾ। ਕਈ ਵਾਰ ਤਾਂ ਸਾਡੇ ਮੂਵੀਕਾਰ ਭਾਈਬੰਦਾਂ ਨੇ ਹੱਦ ਹੀ ਕੀਤੀ ਹੁੰਦੀ ਐ। ਪੰਜਾਬਣ 'ਜੱਟੀ' ਦੀ ਥਾਂ ਵਲਾਇਤੀ ਮੇਮ ਹੀ ਲਿਆ ਵਾੜਦੇ ਐ। ਉਸ ਮੇਮ ਨੂੰ ਵਿਚਾਰੀ ਨੂੰ ਜੱਟੀ ਦੇ ਗੁਣਾਂ ਦਾ ਕੀ ਪਤਾ? ਉਹ ਤਾਂ ਦਰਦ ਹੋਣ ਵਾਲੇ ਕੱਟਰੂ ਵਾਂਗੂੰ ਸਟੇਜ਼ 'ਤੇ ਖੜ੍ਹੀ ਉਸਲਵੱਟੇ ਜਿਹੇ ਲਈ ਜਾਂਦੀ ਐ!
ਬਾਕੀ ਗੱਲ ਰਹੀ ਪੰਜਾਬੀ ਜੱਟ ਦੀ! ਜਦੋਂ ਜੱਟ ਦੀ ਗੱਲ ਚੱਲਦੀ ਹੈ ਤਾਂ ਮੈਨੂੰ ਸਾਡੇ ਪਿੰਡਾਂ ਦੇ ਜੱਟਾਂ ਦਾ ਮੂੰਹ-ਮੁਹਾਂਦਰਾ ਜਿ਼ਹਨ ਵਿਚ ਦਿਸਣ ਲੱਗ ਪੈਂਦੈ। ਪਰ ਜਦੋਂ ਟੈਲੀਵੀਯਨ ਦੇ ਸਕਰੀਨ 'ਤੇ ਨਜ਼ਰ ਮਾਰੀਦੀ ਹੈ ਤਾਂ ਮੱਲੋਮੱਲੀ ਆਪਣੇ ਆਪ ਨੂੰ ਫਿ਼ਟਕਾਰ ਜਿਹੀ ਪਾਉਣ ਨੂੰ ਦਿਲ ਕਰਦੈ, ਬਈ ਪੰਜਾਬ ਦੇ ਜੱਟ ਐਹੋ ਜੇ ਹੁੰਦੇ ਐ...? ਦਾਹੜੀ ਦੀ 'ਤੂਈ' ਜਿਹੀ ਬਣਾ ਕੇ ਕੰਨਾਂ ਵਿਚ ਕੋਕਰੂ...! ਸਾਡੇ ਪਿੰਡਾਂ ਦੇ ਜੱਟਾਂ ਦੇ ਧੂੰਅਵੇਂ ਚਾਦਰੇ, ਰੰਗਲੇ ਖੂੰਡੇ, ਡੰਡਿਆਂ ਵਾਂਗ ਆਕੜੇ ਮਾਵੇ ਵਾਲੇ ਤੁਰਲ੍ਹੇ, ਖੜਕਵੇਂ ਆਰਕੰਡੀ ਦੇ ਚੀਰੇ, ਸੁੱਚੇ ਤਿੱਲੇ ਦੇ ਖੁੱਸੇ...ਗੋਡਿਆਂ ਤੱਕ ਕੱਢਵੇਂ ਕਲੀਆਂ ਵਾਲੇ ਕੁੜਤੇ...! ਪਰ ਅੱਜ ਦੇ ਟੈਲੀਵੀਯਨੀ-ਜੱਟ? ਲੈਦਰ ਦੀ ਵਰਦੀ ਵਿਚ ਕਸੇ ਇਉਂ ਲੱਗਦੇ ਐ ਜਿਵੇਂ ਕਿਸੇ ਅੰਬੈਸੀ ਅੱਗਿਓਂ ਗੰਨਮੈਨੀ ਤਿਆਗ ਕੇ ਆਏ ਹੋਣ! ਪੰਜਾਬ ਦੇ ਜੱਟਾਂ ਦੀਆਂ ਕੁੰਢੀਆਂ ਮੁੱਛਾਂ, ਚਿਹਰਿਆਂ 'ਤੇ ਜਲਾਲ, ਦਗ਼ਦੇ ਚਿਹਰੇ, ਰੋਅਬਦਾਰ ਤੱਕਣੀਂ...! ਪਰ ਅੱਜ ਦੇ ਟੀ. ਵੀ. ਮਾਰਕਾ ਜੱਟ...? ਜੈੱਲ ਲਾ ਕੇ ਵਾਲ ਕੰਡੇਰਨਿਆਂ ਵਾਂਗੂੰ ਖੜ੍ਹੇ, ਗਲ 'ਚ ਇਕ ਡਰਾਉਣਾ ਚਿੰਨ੍ਹ ਜਿਹਾ ਲਮਕਾ ਲੈਂਦੇ ਐ, ਜਿਵੇਂ ਗਾਉਣ ਨਹੀਂ, ਡਰਾਉਣ ਆਏ ਹੁੰਦੇ ਐ। ਗਾਉਂਦੇ ਉਂਗਲਾਂ ਇਉਂ ਮਾਰਦੇ ਐ, ਜਿਵੇਂ ਪੈਲ਼ੀ ਦੀ ਵੱਤ ਦੇਖਣੀ ਹੋਵੇ, ਕਈਆਂ ਦੀ ਤਾਂ ਦਾਹੜ੍ਹੀ ਵੀ ਇਉਂ ਬਣਾਈ ਹੁੰਦੀ ਐ, ਜਿਵੇਂ ਘੋੜ੍ਹੇ ਦੇ ਤੇਜ਼-ਤਿੱਖਾ ਖ਼ਰਖ਼ਰਾ ਫਿਰ ਗਿਆ ਹੁੰਦੈ। ਪਰ ਮੁਆਫ਼ ਕਰਨਾ ਬਾਈ, ਇਹ ਤਾਂ 'ਬਲੈਤੀ-ਜੱਟ' ਐ...! ਇਹ ਉਹ ਭੱਤੇ ਢੋਣ ਵਾਲੀਆਂ ਪੰਜਾਬੀ ਜੱਟੀਆਂ ਨਹੀਂ, ਸਿਗਰਟਾਂ ਤੇ ਡਰੱਗ ਦੀਆਂ ਖੋਖਲੀਆਂ ਕੀਤੀਆਂ ਹੋਈਆਂ ਦੇਸੀ ਮੇਮਾਂ ਨੇ...! ਇਹਨਾਂ ਨੂੰ ਤਾਂ ਇੰਜ ਆਖਣ ਨੂੰ ਜੀਅ ਕਰਦੈ, "ਨ੍ਹੀ ਇਕ ਤੇਰਾ ਰੰਗ ਮੁਸ਼ਕੀ - ਦੂਜਾ ਮੁਸ਼ਕ ਕੱਛਾਂ 'ਚੋਂ ਮਾਰੇ...!" ਮੇਰੇ ਬਾਈ ਬਣਕੇ ਵੱਧ ਘੱਟ ਬੋਲਣ ਲਈ ਮੈਨੂੰ ਮੁਆਫ਼ ਕਰਨਾ!! 

****


ਹੋਰ ਪੜੋ...

ਸੇਈ ਪਿਆਰੇ ਮੇਲ, ਜਿਹਨਾਂ ਮਿਲਿਆਂ....!

ਠੇਠ ਪੰਜਾਬੀ ਜਾਂ ਕਹੋ ਮਲਵਈ ਭਾਸ਼ਾ ਵਿਚ ਇੱਕ ਕਹਾਵਤ ਹੈ ਕਿ ਰੇਹੜ੍ਹੀ ਵਾਲਾ ਸਾਰਾ ਕਰਜ਼ਾਈ, ਬੋਤੇ ਵਾਲਾ ਅੱਧਾ, ਗਧੇ ਵਾਲਾ ਸਭ ਤੋਂ ਚੰਗਾ, ਵੱਟਿਆ, ਸੋ ਪੱਲੇ ਬੱਧਾ! ਕਿਉਂ..? ਕਿਉਂ ਕਾਹਦੀ...?? ਪੈਸੇ ਜੇਬ ਵਿਚ, ਤੇ ਗਧਾ ਰੂੜੀ 'ਤੇ..! "ਕਿਉਂ" ਤਾਂ ਅੱਧੀ ਲੜਾਈ ਐ, ਬਾਈ ਜੀ..!!

ਮੇਰੀ ਨਜ਼ਰ ਵਿਚ ਪੰਜਾਬੀ ਸਿਰਫ਼ ਇੱਕੋ ਇੱਕ ਤਰਸ ਭਰੀ ਬੋਲੀ ਹੈ, ਜਿਸ ਦੀ ਗੱਲ ਕਰਨ ਵਾਲਿਆਂ ਨੂੰ ਪੈਸੇ ਦੇ ਕੇ ਛਪਣਾ ਪੈਂਦਾ ਹੈ! ਆਪ ਦੀ ਮਾਂ-ਬੋਲੀ ਦੀ ਗੱਲ ਕਰਨ ਲਈ ਪੱਲਿਓਂ ਪੈਸੇ ਝੋਕਣੇ ਪੈਂਦੇ ਹਨ!! ਤਾਂ ਜਾ ਕੇ ਕਿਤੇ ਲੇਖਕ ਨੂੰ ਕਿਸੇ ਪਰਚੇ ਵਿਚ ਛਪਣ ਦਾ 'ਸੁਭਾਗ' ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਮੇਰੇ ਵਰਗੇ ਦੀ ਕੀ ਹਿੰਮਤ ਹੈ ਕਿ ਕਿਸੇ ਪਰਚੇ ਦੇ ਨੇੜੇ ਵੀ ਢੁੱਕ ਜਾਵੇ? ਉਨ੍ਹਾਂ ਦਾ ਕਸੂਰ ਸਿਰਫ਼ ਇਹ ਹੀ ਹੁੰਦਾ ਹੈ ਕਿ, ਜਾਂ ਤਾਂ ਉਹ ਕਿਸੇ ਸੰਪਾਦਕ ਦੀ ਚਾਪਲੂਸੀ ਨਹੀਂ ਕਰਦੇ, ਝੋਲੀ ਨਹੀਂ ਚੁੱਕਦੇ, ਅਤੇ ਜਾਂ ਮਾੜੀ ਆਰਥਿਕ ਸਥਿਤੀ ਕਾਰਨ, ਉਹਨਾਂ ਦੇ ਸ਼ਾਹੀ-ਖਰਚੇ ਝੱਲਣ ਦੇ ਯੋਗ ਨਹੀਂ ਹੁੰਦੇ। ਤੇ ਨਹੀਂ ਲਿਖਤਾਂ ਉਹਨਾਂ ਦੀਆਂ ਆਮ ਲੇਖਕਾਂ ਨਾਲੋਂ ਵੀ ਸ਼ਾਇਦ ਵੱਧ ਪਾਏਦਾਰ ਹੁੰਦੀਆਂ ਹਨ। ਅਜਿਹੇ ਕੁਝ ਲੇਖਕਾਂ ਦੀਆਂ ਅਣਛਪੀਆਂ ਰਚਨਾਵਾਂ ਮੈਂ ਖੁਦ, ਆਪ ਅੱਖੀਂ ਦੇਖੀਆਂ ਅਤੇ ਪੜ੍ਹੀਆਂ ਹਨ। ਸਾਹਿਤ ਦੇ ਬਾਬਾ ਬੋਹੜ ਸ੍ਰ: ਸੰਤ ਸਿੰਘ ਸੇਖੋਂ, ਬਾਪੂ ਜਸਵੰਤ ਸਿੰਘ ਕੰਵਲ ਜਾਂ ਬਾਈ ਬੂਟਾ ਸਿੰਘ ਸ਼ਾਦ ਤਾਂ ਮੈਂ ਹਾਂ ਨਹੀਂ, ਪਰ ਨਵੇਂ ਲੇਖਕ ਦੀਆਂ ਕਿਰਤਾਂ ਪੜ੍ਹ ਕੇ ਮਨ ਜ਼ਰੂਰ ਮੰਨਣ ਲੱਗ ਪੈਂਦਾ ਹੈ ਕਿ ਇਹ ਲੇਖਕ ਮਾੜੀ ਆਰਥਿਕ ਦਸ਼ਾ ਕਰਕੇ ਬਰਫ਼ ਹੇਠ ਦੱਬਿਆ ਬੀਜ਼ ਹੈ! ਜੇ ਇਸ ਨੂੰ ਕਿਤੇ ਧੁੱਪ ਅਤੇ ਹੋਰ ਯੋਗ ਵਸੀਲੇ ਮਿਲ ਜਾਣ ਤਾਂ ਇਹ "ਧੰਨ-ਧੰਨ" ਕਰਵਾਉਣ ਦੇ ਯੋਗ ਹੈ ਅਤੇ ਕਲਾਤਮਿਕ ਪੱਖੋਂ ਇਹ ਕਿਵੇਂ ਵੀ ਕਮਜ਼ੋਰ ਨਹੀਂ!
ਆਸਟਰੀਆ ਦੇ ਇੱਕ ਅਤਿ-ਮਕਬੂਲ ਰਸਾਲੇ ਵਿਚ ਮੇਰੇ ਹੁਣ ਤੱਕ ਸਿਰਫ ਦੋ ਆਰਟੀਕਲ ਹੀ ਛਪੇ ਹਨ। ਐਡੀਟਰ ਨੇ ਮੇਰੀ ਹਫ਼ਤੇ ਦੀ ਤਨਖਾਹ ਜਿੰਨਾਂ "ਸੇਵਾ-ਫ਼ਲ" ਇੱਕ ਆਰਟੀਕਲ ਦਾ ਭੇਜਿਆ ਅਤੇ ਰਸਾਲਾ ਜਿ਼ੰਦਗੀ ਭਰ ਲਈ ਮੁਫ਼ਤ ਸ਼ੁਰੂ ਕਰਵਾ ਦਿੱਤਾ। ਇਸ ਤੋਂ ਇਲਾਵਾ ਰਸਾਲੇ ਦੇ ਗੋਰੇ ਸੰਪਾਦਕ ਨੇ ਇਕ ਖ਼ਤ ਵੀ ਲਿਖਿਆ ਕਿ ਅੱਗੇ ਤੋਂ ਤੁਹਾਡੇ ਕਿਰਤ-ਸਹਿਯੋਗ ਦੀ (ਮਾਇਕ ਸਹਿਯੋਗ ਦੀ ਨਹੀਂ) ਪੂਰੀ ਆਸ ਰਹੇਗੀ। ਬੜੀ ਹੈਰਾਨਗੀ ਹੋਈ, ਕਿ ਪੰਜਾਬੀ ਅਖਬਾਰਾਂ-ਰਸਾਲਿਆਂ ਦੇ ਸੰਪਾਦਕਾਂ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪ ਬਣੇ ਪੱਤਰਕਾਰ ਵੀ ਨਵੇਂ ਲਿਖਾਰੀਆਂ ਨੂੰ "ਮੁੰਨਣ" ਲੱਗੇ ਮੁੱਖੋਂ 'ਸੀ' ਨਹੀਂ ਉਚਾਰਦੇ, ਸਗੋਂ 'ਮਾਣ' ਮਹਿਸੂਸ ਕਰਦੇ ਹਨ! "ਭੋਡੋ ਦਰ ਪ੍ਰਛਾਦਾ ਵਰਤੇ, ਅਸੀਂ ਕਿਉਂ ਜਾਈਏ ਖਾਲੀ?" ਦੀ ਕਹਾਵਤ ਦਾ ਉਹ ਪੁੱਜ ਕੇ ਪ੍ਰਯੋਗ ਕਰਦੇ ਹਨ! ਘੱਟੋ-ਘੱਟ 'ਬਾਹਰਲੇ' ਲੇਖਕਾਂ ਨੂੰ 'ਚੋਪੜਨਾ' ਤਾਂ ਉਹ ਆਪਣਾ 'ਸੁਭਾਗ' ਹੀ ਸਮਝਦੇ ਹਨ। ਮੁਆਫ਼ ਕਰਨਾ ਮੈਨੂੰ, ਇਹ ਗੱਲ ਸਾਰੇ ਸੰਪਾਦਕਾਂ ਜਾਂ ਪੱਤਰਕਾਰਾਂ 'ਤੇ ਲਾਗੂ ਨਹੀਂ ਹੁੰਦੀ! ਕਈ ਸੰਪਾਦਕ ਅਤੇ ਪੱਤਰਕਾਰ ਮੇਰੇ ਪਰਮ-ਮਿੱਤਰ ਅਤੇ ਅਤਿ-ਸਤਿਕਾਰ ਦੇ ਪਾਤਰ ਵੀ ਹਨ!!
ਜਦੋਂ ਕਿਸੇ ਪੰਜਾਬੀ ਪੇਪਰ ਦੇ ਸੰਪਾਦਕ ਨੇ ਗਰਮੀਆਂ ਵਿਚ ਭਾਰਤ ਤੋਂ 'ਬਾਹਰ' ਦਾ ਗੇੜਾ ਲਾਉਂਣਾ ਹੁੰਦਾ ਹੈ, ਤਾਂ ਉਹ ਕਿਸੇ, ਬਾਹਰਲੇ ਨਵੇਂ ਲੇਖਕ ਨੂੰ ਢਾਕ 'ਤੇ ਚਾੜ੍ਹ ਲੈਂਦਾ ਹੈ। ਉਸ ਦੀ ਕੋਈ ਰਚਨਾ, ਰੰਗੀਨ ਫ਼ੋਟੋ ਸਮੇਤ ਰਸਾਲੇ ਵਿਚ ਲਾਉਂਦਾ ਹੈ, ਨਾਲ ਬਿਉਰਾ ਵੀ ਦਿੰਦਾ ਹੈ, ਆਪਣੇ ਵੱਲੋਂ 'ਵਿਚਾਰ' ਵੀ ਲਿਖਦਾ ਹੈ, "ਇਹ ਲੇਖਕ ਸੱਤ ਸਮੁੰਦਰੋਂ ਪਾਰ ਬੈਠ ਕੇ ਵੀ ਮਾਂ-ਬੋਲੀ ਦੀ ਸੇਵਾ ਕਰਨ ਲਈ ਤਤਪਰ ਹੈ। ਆਸ ਹੈ ਇਸ ਲੇਖਕ ਦੀ ਇਸ ਰਚਨਾ ਨੂੰ ਪਾਠਕ ਪਸੰਦ ਕਰਨਗੇ!" ਅਤੇ ਮੇਰੇ ਵਰਗੇ ਪਾਠਕਾਂ ਦੇ ਪੱਤਰਾਂ ਵਿਚ ਛਪਣ ਦੇ ਸ਼ੌਕੀਨ ਇਸ ਲੇਖਕ ਦੀ ਬੜੀ ਹੌਸਲਾ ਅਫ਼ਜ਼ਾਈ ਕਰਦੇ ਹਨ ਅਤੇ ਉਹਨਾਂ ਦੇ ਪੱਤਰ ਉਕਤ ਸੰਪਾਦਕ ਵੱਲੋਂ, ਹੋਰ ਪੱਤਰਾਂ ਨੂੰ ਤਿਲਾਂਜਲੀ ਦੇ ਕੇ ਜ਼ਰੂਰ ਛਾਪਿਆ ਜਾਂਦਾ ਹੈ। ਚਾਹੇ ਉਸ ਨੂੰ ਇੱਕ ਅੱਧੀ ਰਚਨਾ ਦੀ ਛਾਂਟੀ ਹੀ ਕਿਉਂ ਨਾ ਕਰਨੀ ਪਵੇ! ਲੇਖਕ ਨੂੰ 'ਉੱਪਰ' ਜਿਉਂ ਚੁੱਕਣਾ ਹੁੰਦਾ ਹੈ! ਇੱਕ ਦੋ ਮਹੀਨੇ ਇਹੀ ਕੰਮ ਚੱਲਦਾ ਹੈ ਅਤੇ ਬੱਸ! ਸਮਝੋ ਇਸ ਲੇਖਕ ਨੂੰ 'ਬਲੀ' ਚੜ੍ਹਾਉਣ ਲਈ 'ਮਹਿੰਦੀ' ਲਾਈ ਜਾ ਰਹੀ ਹੈ! ਇਸ ਦਾ 'ਕੰਮ' ਹੋਇਆ ਸਮਝੋ! ਇਹ ਹੁਣ ਬਹੁਤੇ ਦਿਨ ਨਹੀਂ ਕਟਵਾਉਂਦਾ, ਹੁਣ ਇਸ ਲੇਖਕ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ਲਈ ਰੱਬ ਅੱਗੇ ਹੁਣ ਤੋਂ ਹੀ ਅਰਦਾਸਾਂ ਕਰਨੀਆਂ ਆਰੰਭ ਕਰ ਦਿਓ! ਜਾਂ ਸੁਮੱਤ ਬਖ਼ਸ਼ਣ ਲਈ ਨੱਕ ਰਗੜਨਾ ਸ਼ੁਰੂ ਕਰੋ! 
ਫਿਰ ਜਦੋਂ ਸੰਪਾਦਕ ਜੀ ਵਿਦੇਸ਼ ਪਹੁੰਚਦੇ ਹਨ, ਤਾਂ ਸਬੰਧਿਤ ਲੇਖਕ ਨੂੰ ਇਹ ਕਹਿ ਕੇ, "ਬੜਾ ਰਿਸਪਾਂਸ ਮਿਲਿਆ ਬਈ ਤੇਰੀ ਉਸ ਰਚਨਾ ਨੂੰ! ਚਿੱਠੀਆਂ ਤਾਂ ਹੋਰ ਵੀ ਆਈਆਂ ਪਈਆਂ ਸੀ, ਪਰ ਜਗਾਹ ਦੀ ਕਮੀ ਹੋਣ ਕਰਕੇ ਲੱਗ ਨਹੀਂ ਸਕੀਆਂ!" ਕਹਿ ਕੇ ਉਸ ਲੇਖਕ ਦੇ ਕੀਤੇ ਸਾਰੇ ਖਰਚੇ ਦਾ ਇੱਕੋ ਵਾਕ 'ਚ ਹੀ ਮੁੱਲ ਮੋੜ ਦਿੰਦਾ ਹੈ ਅਤੇ ਲੇਖਕ ਸੰਪਾਦਕ ਦੇ ਸਾਹਮਣੇ 'ਹਲਾਲ' ਹੋਣ ਲਈ ਆਪਣੀ ਧੌਣ ਝੁਕਾ ਦਿੰਦਾ ਹੈ, ਚਾਹੇ ਜਿੰਨੀਆਂ ਮਰਜ਼ੀ ਕਲਮਾਂ ਪੜ੍ਹੀ ਜਾਵੇ, ਜਾਂ ਆਹੂ ਲਾਹੀ ਜਾਵੇ, ਲੇਖਕ ਦੀ 'ਨਾਂਹ' ਕਰਨ ਦੀ ਜੁਅਰਤ ਹੀ ਨਹੀਂ ਪੈਂਦੀ। 
ਅਜਿਹਾ ਕੁਝ ਸ਼ੁਰੂ-ਸ਼ੁਰੂ ਵਿਚ, ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਮੇਰੇ ਨਾਲ ਵੀ ਵਾਪਰ ਚੁੱਕਾ ਹੈ, ਜਦੋਂ ਅਜੇ ਮੈਂ ਲਿਖਣਾ ਸ਼ੁਰੂ ਹੀ ਕੀਤਾ ਸੀ। ਸਿਰਫ਼ ਮੇਰੇ ਨਾਲ ਹੀ ਨਹੀਂ, ਮੇਰੇ ਵਰਗੇ ਹੋਰ ਵੀ ਬਥੇਰੇ ਮਾਂ-ਬੋਲੀ ਦੇ 'ਸੇਵਕ' ਹੋਣਗੇ, ਜਿੰਨ੍ਹਾਂ ਨਾਲ ਐਸਾ ਵਿਵਹਾਰ ਹੋਇਆ। ਅੱਤ-ਸੰਖੇਪ ਹੱਡਬੀਤੀ ਲਿਖ ਰਿਹਾ ਹਾਂ। ਭਾਰਤ ਵਸਦੇ ਇੱਕ ਮਾਸਕ ਪੇਪਰ ਦੇ ਸੰਪਾਦਕ ਨੇ ਮੇਰੀਆਂ ਬਹੁਤ ਰਚਨਾਵਾਂ ਛਾਪੀਆਂ। ਸਾਲ ਕੁ ਬਾਅਦ ਸੰਪਾਦਕ ਸਾਹਿਬਾਨ ਦੇ ਪੱਤਰ ਆਉਣੇ ਸ਼ੁਰੂ ਹੋ ਗਏ। ਬੜਾ ਮਸਾਲਾ ਲਾਇਆ ਹੋਇਆ ਸੀ। ਸੰਪਾਦਕ ਸਾਹਿਬ ਦਾ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦਾ ਟੂਰ ਸੀ, ਉਹ ਕੁਝ ਦਿਨਾਂ ਲਈ ਮੇਰੇ 'ਦਰਸ਼ਣ' ਕਰਨਾ ਚਾਹੁੰਦੇ ਸਨ। ਉਹਨਾਂ ਨੇ ਮੈਨੂੰ ਇਹ ਬੇਨਤੀ ਵੀ ਕੀਤੀ ਸੀ, ਕਿ ਕ੍ਰਿਪਾ ਕਰਕੇ ਮੇਰਾ ਤੁਸੀਂ ਕਿਸੇ ਹੋਟਲ ਦਾ ਪ੍ਰਬੰਧ ਕਰ ਦਿਓ, ਖਰਚਾ ਮੈਂ ਆਪ ਦੇਵਾਂਗਾ। ਮੈਂ ਬੜਾ ਖ਼ੁਸ਼ ਹੋਇਆ, ਐਡੇ ਵੱਡੇ ਐਡੀਟਰ ਜੀ ਮੇਰੇ 'ਦਰਸ਼ਣਾਂ' ਨੂੰ 'ਬਿਹਬਲ' ਹੋਏ ਪਏ ਸਨ! ਮੈਂ ਬੜਾ ਹੁੱਬ ਕੇ, ਖ਼ੁਸ਼ੀ ਭਰਿਆ ਪੱਤਰ ਐਡੀਟਰ ਜੀ ਨੂੰ ਲਿਖ ਦਿੱਤਾ। ਆਪਣੀ ਵੱਡੀ ਖ਼ੁਸ਼ਕਿਸਮਤੀ ਪ੍ਰਗਟ ਕੀਤੀ, ਧੰਨਭਾਗ ਆਖੇ ਕਿ ਐਡੀਟਰ ਸਾਹਿਬ ਮੇਰੇ ਕੋਲ ਆਸਟਰੀਆ ਉਚੇਚੇ ਤੌਰ 'ਤੇ ਪਹੁੰਚ ਰਹੇ ਸਨ। 
ਦੋ ਕੁ ਹਫ਼ਤੇ ਬਾਅਦ ਮਾਣਯੋਗ ਐਡੀਟਰ ਜੀ ਦਾ ਫ਼ੋਨ ਆਇਆ ਕਿ ਦਿੱਲੀ ਤੋਂ ਸਾਲਜ਼ਬਰਗ ਦੀ ਜਾਂ ਵਿਆਨਾ ਦੀ ਸਿੱਧੀ ਏਅਰ-ਟਿਕਟ ਉਪਲੱਭਦ ਨਹੀਂ ਸੀ। ਉਹਨਾਂ ਇਹ ਵੀ ਕਿਹਾ ਕਿ ਤੁਸੀਂ ਮੇਰੀ ਏਅਰ-ਟਿਕਟ ਦਾ ਲੰਡਨ ਤੋਂ ਪ੍ਰਬੰਧ ਕਰ ਦਿਓ ਅਤੇ ਮੈਂ ਲੰਡਨ ਆ ਕੇ ਪੈਸੇ ਦੇ ਦਿਆਂਗਾ। ਖ਼ੈਰ! ਲੰਡਨ ਰਹਿੰਦੇ ਮਿੱਤਰ ਨੂੰ ਹੀਥਰੋ ਏਅਰਪੋਟਰ ਤੋਂ ਆਸਟਰੀਆ ਦੀ ਟਿਕਟ ਦਾ ਤੁਰੰਤ ਪ੍ਰਬੰਧ ਕਰਨ ਲਈ ਕਿਹਾ। ਉਸ ਨੂੰ ਕਿਹਾ ਕਿ ਐਡੀਟਰ ਸਾਹਿਬਾਨ ਨੂੰ ਲੰਡਨ ਤੋਂ ਉਸ ਨੇ ਹੀ ਫ਼ਲਾਈਟ ਕਰਵਾਉਣੀ ਹੈ ਅਤੇ ਐਡੀਟਰ ਸਾਹਿਬ ਉਸ ਨੂੰ ਲੰਡਨ ਹੀ ਪੈਸੇ ਦੇ ਦੇਣਗੇ। ਟਿਕਟ ਸਾਲਜ਼ਬਰਗ ਦੀ ਜਾਂ ਵਿਆਨਾ ਦੀ ਮਿਲ ਨਾ ਸਕੀ ਅਤੇ ਉਸ ਮਿੱਤਰ ਨੇ ਮਿਊਨਿਕ (ਜਰਮਨੀ) ਤੱਕ ਟਿਕਟ ਬੁੱਕ ਕਰਵਾ ਦਿੱਤੀ। ਮਿਊਨਿਕ ਸਾਥੋਂ ਕਾਰ ਦਾ ਕੋਈ ਦੋ ਕੁ ਘੰਟੇ ਦਾ ਸਫ਼ਰ ਹੈ। 
ਲੰਡਨ ਪਹੁੰਚਣ 'ਤੇ ਭਲੇ ਮਿੱਤਰ ਨੇ ਐਡੀਟਰ ਸਾਹਿਬ ਨੂੰ ਇੱਕ-ਦੋ ਦਿਨ ਘੁੰਮਾਇਆ-ਫਿਰਾਇਆ, ਖੁਆਇਆ-ਪਿਆਇਆ ਅਤੇ ਫ਼ਲਾਈਟ ਵਾਲੇ ਦਿਨ ਉਸ ਨੂੰ ਲੈ ਕੇ ਹੀਥਰੋ ਏਅਰਪੋਰਟ 'ਤੇ ਆ ਗਿਆ। ਟਿਕਟ ਦੇ ਪੈਸਿਆਂ ਦੀ ਬਾਤ ਪਾਈ ਤਾਂ ਸੰਪਾਦਕ ਜੀ ਨੇ ਬਚਨ ਕੀਤੇ ਕਿ ਜੀਹਨੇ ਟਿਕਟ ਵਾਸਤੇ ਕਿਹਾ ਸੀ, ਉਹ ਭੱਦਰ-ਪੁਰਸ਼ ਹੀ ਪੈਸੇ ਦੇਵੇਗਾ! ਪਿਆਰਾ ਸੱਜਣ ਦੋਸਤੀ ਦਾ ਮੁੱਖ ਤੱਕ ਕੇ ਚੁੱਪ ਵੱਟ ਗਿਆ। ਟਿਕਟ ਹੀਥਰੋ ਏਅਰਪੋਰਟ ਤੋਂ ਮਿਊਨਿਕ ਤੱਕ 225 ਪੌਂਡ (ਕਰੀਬ ਵੀਹ ਹਜ਼ਾਰ ਰੁਪਏ) ਦੀ ਆਈ ਸੀ। ਉਹ ਪੈਸੇ ਉਸ ਮਿੱਤਰ ਨੇ ਮੈਥੋਂ ਹੁਣ ਤੱਕ ਨਹੀਂ ਲਏ। ਭਲਾ ਹੋਵੇ ਵਿਚਾਰੇ ਦਾ! ਜਿਉਂਦਾ ਵਸਦਾ ਰਹੇ! ਜੁਆਨੀਆਂ ਮਾਣੇ! ਲੰਬੀ ਉਮਰ ਹੋਵੇ ਕਰਮਾਂ ਵਾਲੇ ਦੀ! 
ਖ਼ੈਰ! ਅਸੀਂ ਪੰਜ-ਸੱਤ ਜਾਣੇ ਸਾਹਿਤ ਸਭਾ ਵਾਲੇ, ਐਡੀਟਰ ਸਾਹਿਬ ਨੂੰ ਧੂੰਮ-ਧਾਮ ਨਾਲ, ਕਾਫ਼ਲੇ ਦੀ ਸ਼ਕਲ ਵਿਚ ਲੈਣ ਲਈ ਮਿਊਨਿਕ ਏਅਰਪੋਰਟ 'ਤੇ ਪਹੁੰਚ ਗਏ। ਮੁੜਦਿਆਂ ਹੋਇਆਂ ਖਾਣ-ਪੀਣ ਦੀ ਸੇਵਾ ਲਈ ਪੁੱਛਿਆ ਤਾਂ ਐਡੀਟਰ ਜੀ ਵਾਰ-ਵਾਰ ਪੁੱਛ ਰਹੇ ਸਨ, "ਇੱਥੇ ਕੋਈ 'ਹੋਮੋ' (ਗੇ-ਕਲੱਬ) ਵੀ ਹੈ?" ਅਸੀਂ ਬਹੁਤਾ ਕੋਈ ਮਹਿਸੂਸ ਨਾ ਕੀਤਾ। ਸੋਚਿਆ, ਐਡੀਟਰ ਜੀ ਸਾਹਿਤਕ ਬੰਦੇ ਹਨ, ਵੈਸੇ ਹੀ ਆਮ ਜਾਣਕਾਰੀ ਹਾਸਲ ਕਰ ਰਹੇ ਹਨ। ਪਰ ਕਾਫ਼ੀ ਸਮੇਂ ਬਾਅਦ ਸਾਨੂੰ ਜਾ ਕੇ ਕਈ ਸਾਹਿਤਕ-ਮਿੱਤਰਾਂ ਤੋਂ ਪਤਾ ਲੱਗਿਆ ਕਿ ਐਡੀਟਰ ਜੀ ਤਾਂ ਖੁਦ ਹੀ ਇਸ ਕੰਮ ਵਿਚ ਸੋਲ੍ਹਾਂ ਕਲਾਂ 'ਸੰਪੂਰਨ' ਹਨ! ਉਹਨਾਂ ਬਾਰੇ ਉਸ ਸ਼ਹਿਰ ਵਿਚ ਮਸ਼ਹੂਰ ਹੈ ਕਿ ਜੇ ਬੰਦਾ ਇਸ ਐਡੀਟਰ ਜੀ ਨੂੰ ਸ਼ਾਮ ਨੂੰ ਮਿਲਣ ਚਲਾ ਜਾਵੇ, ਤਾਂ ਦੂਜੇ ਹਮਦਰਦ ਮਿੱਤਰ ਪੁੱਛਣ ਲੱਗ ਪੈਂਦੇ ਹਨ ਕਿ, ਬਾਈ ਜੀ! ਭਰਜਾਈ ਜੀ ਅੱਜ ਕੱਲ੍ਹ ਪੇਕੀਂ ਤਾਂ ਨਹੀਂ ਗਏ ਹੋਏ....?
ਖ਼ੈਰ! ਐਡੀਟਰ ਜੀ ਨੂੰ ਫ਼ਾਈਵ-ਸਟਾਰ ਹੋਟਲ ਵਿਚ ਸ਼ੁਭ-ਨਿਵਾਸ ਕਰਵਾ ਦਿੱਤਾ, ਜਿਸ ਦਾ ਕਿਰਾਇਆ ਇੱਕ ਗੋਰੇ ਮਿੱਤਰ ਨੇ ਆਪਣੇ ਅਸਰ-ਰਸੂਖ਼ ਨਾਲ ਅੱਧਾ ਕਰਵਾ ਦਿੱਤਾ ਸੀ। ਹਰ ਸ਼ਾਮ ਐਡੀਟਰ ਜੀ ਨੂੰ ਚੋਟੀ ਦੇ ਰੈਸਟੋਰੈਂਟ 'ਬਾਲਕਾਨ' ਵਿਚ ਲਿਜਾਇਆ ਜਾਂਦਾ ਰਿਹਾ, ਜਿਸ ਦਾ ਬਿੱਲ ਸੁੱਖ ਨਾਲ ਸਾਡੇ ਹਿੱਸੇ ਹੀ ਆਉਂਦਾ। ਹਰ ਰੋਜ਼ ਐਡੀਟਰ ਜੀ ਦੀਆਂ ਖ਼ਾਹਿਸ਼ਾਂ ਵਧਣ ਲੱਗੀਆਂ। ਕਦੇ ਸਾਹਿਬ ਜੀ ਕੈਬਰੇ-ਡਾਂਸ ਅਰਥਾਤ 'ਨਗਨ-ਨਾਚ' ਦੇਖਣ ਦੀ ਇੱਛਾ ਜ਼ਾਹਿਰ ਕਰਦੇ ਅਤੇ ਕਦੇ ਕਿਸੇ ਗੋਰੀ ਨਾਲ 'ਹਮਬਿਸਤਰ' ਹੋਣਾ ਲੋਚਦੇ। ਜੇ ਨਾਂਹ-ਨੁੱਕਰ ਹੁੰਦੀ ਤਾਂ ਆਖਦੇ, ਮੈਂ ਫ਼ਲਾਣੀ ਜਗਾਹ ਗਿਆ ਸੀ ਅਤੇ ਉਹਨਾਂ ਨੇ ਗੋਰੀਆਂ ਦਾ ਮੀਂਹ ਵਰ੍ਹਾ ਦਿੱਤਾ ਸੀ। ਬੜੇ ਕਸੂਤੇ ਫ਼ਸੇ! ਜੇ ਅਸੀਂ ਆਪਣੀ ਬਣੀ ਹੋਈ 'ਪੈਂਠ' (ਇੱਜ਼ਤ) ਅਤੇ ਇੱਜ਼ਤਦਾਰ 'ਜੌਬ' ਦਾ ਵਾਸਤਾ ਪਾਉਂਦੇ ਤਾਂ ਉਹ ਮੁਫ਼ਤ ਦੀ ਪੀਤੀ ਵਿਸਕੀ ਵਿਚ ਇੱਕੋ ਗੱਲ ਹੀ ਮੱਥੇ ਮਾਰਦੇ, "ਤੁਸੀਂ ਫਿਰ ਛਪਣਾ ਕਿੱਥੇ ਐ? ਮੇਰਾ ਤਾਂ ਅਮਰੀਕਾ ਦਾ ਟੂਰ ਸੀ, ਥੋਡੇ ਸੱਦੇ 'ਤੇ ਆ ਗਿਆ, ਨਹੀਂ ਮੇਰੇ ਕੋਲ ਇਤਨਾ ਸਮਾਂ ਕਿੱਥੇ?" ਥੋਨੂੰ ਪਤੈ ਬਈ ਮੁਫ਼ਤ ਦੀ ਪੀਤੀ, ਚੜ੍ਹਦੀ ਬਹੁਤ ਛੇਤੀ ਐ! ਕਿਵੇਂ ਨਾ ਕਿਵੇਂ ਐਡੀਟਰ ਜੀ ਨੂੰ ਆਲੇ ਕੌਡੀ, ਛਿੱਕੇ ਕੌਡੀ ਕਰਦੇ, ਟਾਲਦੇ ਰਹੇ। ਰੈਸਟੋਰੈਂਟ ਦਾ ਬਿੱਲ ਹੀ ਹਰ ਰੋਜ਼ ਦਾ 1000 ਸ਼ਲਿੰਗ (ਤਕਰੀਬਨ 3000 ਰੁਪਏ) ਆ ਜਾਂਦਾ। ਉਦੋਂ ਅਜੇ ਯੂਰੋ ਨਹੀਂ ਆਇਆ ਸੀ ਅਤੇ ਯੂਰਪੀਅਨ ਯੂਨੀਅਨ ਬਣੀ ਨਹੀਂ ਸੀ।
ਹਫ਼ਤੇ ਕੁ ਬਾਅਦ ਜਦੋਂ ਐਡੀਟਰ ਸਾਹਿਬ ਦਾ ਆਸਟਰੀਆ ਛੱਡਣ ਦਾ ਸਮਾਂ ਆਇਆ ਤਾਂ ਹੋਟਲ ਦੀ ਰਿਸੈਪਸ਼ਨ 'ਤੇ ਬਿੱਲ ਦੇਣੋਂ ਇਨਕਾਰੀ ਹੋ ਗਏ, "ਤੁਸੀਂ ਮੈਨੂੰ ਬੁਲਾਇਆ, ਮੈਂ ਬਿੱਲ ਕਿਉਂ ਦੇਵਾਂ? ਫ਼ਲਾਣੇ-ਫ਼ਲਾਣੇਂ ਨੇ ਤਾਂ ਮੈਨੂੰ ਦੁੱਕੀ ਨਹੀਂ ਖਰਚਣ ਦਿੱਤੀ ਸੀ।" ਉਹ ਬਿਨ ਬੁਲਾਏ ਹੀ ਸਾਡੇ ਸਿਰ ਦੋਸ਼ ਮੜ੍ਹੀ ਜਾ ਰਹੇ ਸਨ! ਹੋਟਲ ਦਾ ਬਿੱਲ ਤਾਂ ਇੱਕ ਪਾਸੇ ਰਿਹਾ, ਐਡੀਟਰ ਜੀ ਨੇ ਕਮਰੇ ਵਿਚ ਲੱਗੇ ਟੈਲੀਫ਼ੋਨ ਨੂੰ ਵੀ ਮਾੜੇ ਇੰਜਣ ਵਾਂਗ ਗੇੜਾ ਪਾਈ ਰੱਖਿਆ ਸੀ। ਵਿਸਕੀ ਪੀ ਕੇ ਸ਼ਾਇਦ, ਟੈਲੀਫ਼ੋਨ 'ਤੇ "ਚਰਨੋ-ਸ਼ਰਨੋ" ਦੇ ਦੁਆਲੇ ਹੀ ਹੁੰਦੇ ਰਹੇ ਸਨ, ਰੱਬ ਮੁਆਫ਼ੀ ਬਖ਼ਸ਼ੇ! ਜਿਵੇਂ ਵੀ ਹੋਇਆ, ਸਾਰੇ ਬਿੱਲ ਦਾ, ਦਿਲ 'ਤੇ ਹੱਥ ਰੱਖ ਕੇ ਕੌੜਾ ਘੁੱਟ ਭਰ ਲਿਆ। ਇਸ ਸਾਰੇ ਕਾਸੇ ਦੇ ਬਿੱਲ, ਐਡੀਟਰ ਸਾਹਿਬ ਦੀਆਂ ਚਿੱਠੀਆਂ ਅਤੇ ਲੰਡਨ ਵਾਲੀ ਟਿਕਟ ਦੇ ਪੈਸੇ ਦੇਣ ਵਾਲਾ ਮੇਰਾ ਮਿੱਤਰ, ਜਿਉਂਦੇ ਜਾਗਦੇ ਗਵਾਹ ਹਨ। ਐਡੀਟਰ ਦੀਆਂ ਚਿੱਠੀਆਂ ਅਤੇ ਹੋਟਲ, ਟੈਲੀਫ਼ੋਨ ਦੇ ਬਿੱਲ ਮੈਂ ਮਾਰੂ-ਹਥਿਆਰ ਦੇ ਲਸੰਸ ਵਾਂਗ ਸਾਂਭੇ ਹੋਏ ਹਨ। ਜ਼ਰੂਰਤ ਪੈਣ 'ਤੇ ਦਿਖਾਏ ਵੀ ਜਾ ਸਕਦੇ ਹਨ। ਹੋਟਲ ਅਤੇ ਰੈਸਟੋਰੈਂਟ ਦੇ ਮਾਲਕ ਅਤੇ ਮੇਰੇ ਮਿੱਤਰ ਵੀ ਅਜੇ ਚੜ੍ਹਦੀ ਕਲਾ ਵਿਚ ਹਨ, ਜਿਉਂਦੇ ਜਾਗਦੇ, ਹੱਡ-ਮਾਸ ਦੇ ਬੰਦੇ ਗਵਾਹ ਹਨ! ਰੱਬ-ਰੱਬ ਕਰਕੇ ਐਡੀਟਰ ਜੀ ਨੂੰ ਵਿਦਾਇਗੀ ਦਿੱਤੀ। ਮਿਊਨਿਕ ਤੋਂ ਜਹਾਜ਼ ਚੜ੍ਹਾ ਕੇ ਆਏ ਅਤੇ ਰੱਬ ਜੀ ਨਾਲ ਗਿਲਾ ਕੀਤਾ ਕਿ, ਰੱਬ ਜੀ! ਥੋਨੂੰ ਸਾਡੀ ਅਰਦਾਸ ਦੀ ਗਲਤ ਸਮਝ ਆ ਗਈ ਜੀ! ਰੱਬ ਜੀ, ਸੇਈ ਪਿਆਰੇ ਮੇਲ ਜਿੰਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੈ, ਦਾ ਭਾਵ ਸਾਡਾ ਅਜਿਹੇ ਐਡੀਟਰ ਜੀ ਨਾਲ ਮੇਲ ਨਹੀਂ ਸੀ ਜੀ, ਕਿਰਪਾ ਕਰਿਆ ਕਰੋ ਕਿਸੇ ਸਬਰ-ਸੰਤੋਖ ਵਾਲੇ ਪਿਆਰੇ ਨਾਲ ਮਿਲਾਇਆ ਕਰੋ!! ਬਿੱਲ ਦੇਖ ਕੇ ਤਾਂ ਵੱਡਿਆਂ-ਵੱਡਿਆਂ ਦੇ ਤੁਸੀਂ ਯਾਦ ਆ ਜਾਂਦੇ ਹੋ ਰੱਬ ਜੀ, ਅਸੀਂ ਤਾਂ ਫਿਰ ਤੇਰੇ ਗਰੀਬ ਜਿਹੇ ਫ਼ਕੀਰ ਬੰਦੇ ਹਾਂ! ਹਮ ਗਰੀਬ ਮਸਕੀਨ ਪ੍ਰਭ ਤੇਰੇ....!
ਦੋ ਮਹੀਨੇ ਐਡੀਟਰ ਜੀ ਲਈ ਅਦਾ ਕੀਤੇ ਹੋਏ ਬਿੱਲ ਕਾਰਨ ਦਿਲ ਘਟਦਾ ਰਿਹਾ। ਰਾਤਾਂ ਦੀ ਨੀਂਦ ਖਰਾਬ ਹੁੰਦੀ ਰਹੀ। ਬਲੱਡ-ਪ੍ਰੈਸ਼ਰ ਕਦੇ ਘਟਦਾ ਅਤੇ ਕਦੇ ਵਧਦਾ ਰਿਹਾ। ਡਰਾਉਣੇ ਸੁਪਨੇ ਆਉਂਦੇ ਰਹੇ। ਘਰਵਾਲੀ ਸਾਹਿਬਾਂ ਦਾ ਵਾਧੂ ਡਰ ਮਾਰਦਾ ਰਿਹਾ। ਮੇਰੇ ਘਰਵਾਲੀ ਮੇਰੀ ਅਧਿਆਪਕਾ ਰਹੀ ਹੈ। ਇਸ ਕਰਕੇ ਹੂਰੇ ਮਾਰਨ ਦਾ ਅਧਿਕਾਰ ਉਹ ਅਜੇ ਵੀ ਜਤਾਉਂਦੀ ਰਹਿੰਦੀ ਹੈ। ਹੈ ਵੀ ਮੈਥੋਂ ਪੂਰੇ ਸਾਢੇ ਦਸ ਸਾਲ ਵੱਡੀ। ਵੱਡੀ ਉਮਰ ਦਾ ਖਿਆਲ ਕਰਨਾ ਹੀ ਪੈਂਦੈ ਬਾਈ ਜੀ! ਮੇਰੀ ਹਾਲਤ ਬਾਬਾ ਤੇਜਾ ਸਿੰਘ ਜੀ ਤੇਜ਼, ਕੋਟਲੇ ਵਾਲਿਆਂ ਦੀ ਰਚਨਾ "ਭਾ ਜੀ ਦੇ ਮੁੱਤੂ" ਵਰਗੀ ਹੋਈ ਪਈ ਸੀ! ਢਾਈ ਕੁ ਮਹੀਨੇ ਬਾਅਦ ਐਡੀਟਰ ਜੀ ਦਾ ਖ਼ਤ ਫਿਰ ਆ ਗਿਆ। ਹੋਰ ਹੌਲ ਪੈ ਗਿਆ! ਲਿਖਿਆ ਸੀ, "ਤੁਹਾਡਾ ਚੰਦਾ ਇਸ ਅੰਕ ਨਾਲ ਖਤਮ ਹੋ ਰਿਹਾ ਹੈ, ਜੇ ਪੇਪਰ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਚੰਦਾ ਤੁਰੰਤ ਭੇਜਿਆ ਜਾਵੇ!" ਸੋਚਿਆ ਸੀ, ਸੰਪਾਦਕ ਜੀ ਉਪਰ ਤਕਰੀਬਨ ਦੋ ਹਜ਼ਾਰ ਅਮਰੀਕਨ ਡਾਲਰ ਖਰਚਿਆ ਜਾ ਚੁੱਕੈ, ਹੁਣ ਪੇਪਰ ਮੁਫ਼ਤ ਹੀ ਆਈ ਜਾਵੇਗਾ। ਪਰ ਸੰਪਾਦਕ ਜੀ ਤਾਂ ਸਾਡੀ 'ਰੂੜੀਵਾਦੀ' ਸੋਚ ਨਾਲੋਂ ਕਿਤੇ 'ਅਗਾਂਹ-ਵਧੂ' ਨਿਕਲੇ! 35 ਡਾਲਰਾਂ ਦੇ ਚੰਦੇ ਲਈ ਖ਼ਤ ਪਾ ਦਿੱਤਾ! ਦਿਲ ਖੁੰਧਕ ਖਾ ਗਿਆ। ਸੋਚਿਆ, ਅਜਿਹਾ ਨਾ-ਸ਼ੁਕਰਾ ਅਤੇ ਅਕ੍ਰਿਤਘਣ ਬੰਦਾ? ਸਾਡੇ ਖਰਚੇ ਹੋਏ ਦੋ ਹਜ਼ਾਰ ਡਾਲਰ ਅਤੇ 225 ਪੌਂਡ ਤਾਂ ਫਿਰ ਗੋਹਿਆਂ ਦੀ ਲੜਾਈ ਵਿਚ ਹੀ ਚਲੇ ਗਏ? ਚੰਦਾ ਨਾ ਭੇਜਣ ਦਾ ਫ਼ੈਸਲਾ ਕਰ ਲਿਆ! ਪੇਪਰ ਨਾ ਪੜ੍ਹਨਾ ਮਨਜ਼ੂਰ! ਜਦੋਂ ਅਗਲੇ ਨੂੰ ਸ਼ਰਮ ਨਹੀ ਤਾਂ ਸਾਨੂੰ ਕਿਉਂ...? ਕੰਜਰੀ ਮਰਾਸਣ ਨੂੰ ਕੀ ਮਿਹਣਾ ਦਿਊ....? 
ਇਕ ਹੋਰ ਸੰਪਾਦਕ ਜੀ ਦਾ ਮੈਨੂੰ ਟੈਲੀਫ਼ੋਨ ਹੀ ਨਾ ਆਉਣੋਂ ਹਟਿਆ ਕਰੇ, "ਸਾਨੂੰ ਵੀ ਆਪਣਾ ਕੋਈ ਨਾਵਲ ਲੜੀਵਾਰ ਛਪਣ ਲਈ ਦੇ ਦਿਓ!" ਜਦੋਂ ਮੈਂ ਆਪਣੇ ਨਾਵਲ ਦੀ ਕੀਮਤ ਦੱਸੀ ਅਤੇ ਨਾਲ ਹੀ ਕਿਹਾ, "ਆਰਡਰ ਦੇ ਨਾਲ ਮਨੀਆਰਡਰ ਜ਼ਰੂਰ ਭੇਜ ਦਿਆ ਕਰੋ ਜੀ!" ਉਸ ਦਾ ਮੁੜ ਕੇ ਫ਼ੋਨ ਨਹੀਂ ਆਇਆ। ਕਿਸੇ 'ਵਿਸ਼ੇਸ਼-ਅੰਕ' ਲਈ ਕਹਾਣੀ ਜਾਂ ਵਿਅੰਗ ਬਾਰੇ ਖ਼ਤ ਜਾਂ ਫ਼ੋਨ ਜਰੂਰ ਆ ਜਾਂਦਾ ਹੈ। ਕਿਉਂਕਿ ਮੈਂ ਕਹਾਣੀ ਜਾਂ ਆਰਟੀਕਲ ਦੇ ਪੈਸੇ ਨਹੀਂ ਲੈਂਦਾ! 
ਇਹ ਤਾਂ ਇੱਕ-ਅੱਧੇ ਸੰਪਾਦਕ ਦੀ ਗੱਲ ਹੈ। ਹੋਰ ਵੀ ਕਈ ਅਜਿਹੇ ਹਨ, ਜਿਹਨਾਂ ਦੇ ਅਸੀਂ ਧੱਕੇ ਚੜ੍ਹਨੋਂ ਹੀ ਬਚ ਗਏ ਅਤੇ ਰੰਦੇ ਤੋਂ ਬਚਾਅ ਹੋ ਗਿਆ। ਕਈ ਸੰਪਾਦਕ ਤਾਂ ਐਹੋ ਜਿਹੇ ਰੇਗਮਾਰ-ਫੇਰੂ ਹਨ ਕਿ ਦੋ-ਦੋ ਵਾਰ 'ਲਾਈਫ਼-ਮੈਂਬਰਸਿ਼ੱਪ' ਲੈ ਕੇ ਪੇਪਰ ਦੇ ਦਰਸ਼ਣ ਤੱਕ ਨਹੀਂ ਕਰਵਾਉਂਦੇ। ਪਿਆਰੇ ਮਿੱਤਰੋ! ਜੇ ਤੁਹਾਡੇ ਵੀ ਕੋਈ ਸੰਪਾਦਕ 'ਦਰਸ਼ਣ' ਕਰਕੇ ਗਿਆ ਹੈ, 'ਦੀਦਾਰੇ' ਕਰਨੇ ਚਾਹੁੰਦਾ ਹੈ ਅਤੇ ਜਾਂ ਤੁਹਾਡੇ ਨਾਲ ਵੀ ਕੋਈ ਅਜਿਹੀ 'ਵਾਰਦਾਤ' ਹੋਈ ਹੋਵੇ, ਜਿਸ ਨਾਲ ਕਾਲਜੇ 'ਚ ਚਿੱਬ ਪਏ ਹੋਣ, ਤਾਂ ਸਾਂਝੀ ਜ਼ਰੂਰ ਕਰਨੀ! ਦਿਲ ਵਿਚ ਗੱਲ ਛੁਪਾਉਣ ਨਾਲ 'ਨਾਸੂਰ' ਬਣ ਜਾਂਦਾ ਹੈ! ਫੇਰ ਨਾ ਉਲਾਂਭਾ ਦੇਇਓ! ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਪਿੱਛੋਂ ਪਤਾ ਲੱਗਦੈ!! ਬੱਸ ਰੱਬ ਮੂਹਰੇ ਇਹ ਅਰਦਾਸ ਹੀ ਕਰਿਆ ਕਰੋ: ਹੇ ਅਕਾਲ ਪੁਰਖ਼! ਸੇਈ ਪਿਆਰੇ ਮੇਲ ਜਿਹਨਾਂ ਵਿਚ ਸਬਰ ਸੰਤੋਖ ਹੋਵੇ ਅਤੇ ਜਿਹੜੇ ਦੂਜਿਆਂ ਪ੍ਰਤੀ ਵੀ ਈਮਾਨਦਾਰ ਹੋਣ....!!

****


ਹੋਰ ਪੜੋ...

ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੈ!

ਕਿਸੇ ਮੇਰੇ ਵਰਗੇ ਨੇ ਕਿਸੇ 'ਸਿਆਣੇ' ਨੂੰ ਪੁੱਛਿਆ...ਅਖੇ ਯਾਰ ਜੀਹਨੂੰ ਸੁਣਦਾ ਨੀ ਹੁੰਦਾ..ਉਹਨੂੰ 'ਕੀ' ਆਖਦੇ ਹੁੰਦੇ ਐ...? ਅਗਲਾ ਕਹਿੰਦਾ ਭਾਈ ਉਹਨੂੰ ਤਾਂ ਬਿਚਾਰੇ ਨੂੰ 'ਜੋ ਮਰਜ਼ੀ' ਆਖੀ ਚੱਲੋ...ਉਹਨੂੰ ਕਿਹੜਾ ਸੁਣਨੈਂ...? ਪੁੱਛਣਾਂ ਤਾਂ ਉਹ ਵਿਚਾਰਾ 'ਬੋਲ਼ੇ' ਬਾਰੇ ਚਾਹੁੰਦਾ ਸੀ, ਪਰ ਉਸ ਨੂੰ ਉੱਤਰ ਹੀ 'ਹੋਰ' ਮਿਲ਼ ਗਿਆ! ਕਈ ਵਾਰ ਤੁਸੀਂ ਕਿਸੇ ਨੂੰ ਪਿਆਰ ਸਤਿਕਾਰ ਨਾਲ਼ ਸਮਝਾਉਣ ਦੀ ਕੋਸਿ਼ਸ਼ ਕਰਦੇ ਹੋ, ਪਰ ਮੱਝ ਅੱਗੇ ਵੰਝਲੀ ਵਜਾਉਣ ਦਾ ਕੀ ਫ਼ਾਇਦਾ..? ਉਸ ਸਹੁਰੀ ਕਮਲ਼ੀ ਨੂੰ ਸੁਰਾਂ ਦਾ ਨਹੀਂ ਪਤਾ ਹੁੰਦਾ! ਉਸ ਨੂੰ ਤਾਂ ਗੋਹੇ ਨਾਲ਼ ਲਿੱਬੜੀ ਪੂਛ ਘੁੰਮਾ ਕੇ ਤੁਹਾਡੇ ਮੂੰਹ 'ਤੇ ਹੀ ਮਾਰਨ ਨਾਲ਼ ਲੱਜਤ ਆਉਂਦੀ ਹੈ..! ਕੀ ਕਰੀਏ..? ਮੱਝ ਦੀ ਇਸੇ ਵਿਚ ਈ ਖ਼ੁਸ਼ੀ ਹੈ! ਪਰ ਮੈਨੂੰ ਉਮੀਦ ਐ ਬਈ ਜਿੰਨਾਂ ਚਿਰ ਕਿਸੇ ਦੀ ਗਿੱਚੀ 'ਚ 'ਚਿੱਬ' ਨਾ ਪਵੇ, ਉਹਨੂੰ 'ਸੁਰਤ' ਨਹੀਂ ਆਉਂਦੀ..! ਪਰ ਚੁੱਪ ਚਾਪ ਕਿਰਤ ਕਰਨੀ ਈ ਚੰਗੀ ਐ ਭਾਈ! ....ਨਾਲ਼ੇ ਮਲਵਈ ਤਾਂ ਕੰਮ 'ਤੇ ਈ ਲੋਟ ਐ..! ਵਿਹਲੇ ਹੋਣਗੇ ਤਾਂ ਕੋਈ ਘਤਿੱਤ ਈ ਕਰਨਗੇ...! ਕੋਈ ਕਵੀ ਸ਼ੇਅਰ ਗਾ ਰਿਹਾ ਸੀ, "ਅਗਰ ਚਾਂਦ ਨਾ ਹੋਤੇ ਤੋ ਸਿਤਾਰੇ ਨਾ ਹੋਤੇ..!" ਦੂਜੇ ਪਾਸੇ ਮਰਾਸੀ ਸੁਣਦਾ ਸੀ। ਉਹ ਬਰਾਬਰ ਬੋਲ ਉਠਿਆ, "ਥੋਡੀ ਬੁੜ੍ਹੀ ਨਾ ਹੋਤੀ, ਤੁਸੀਂ ਸਾਰੇ ਨਾ ਹੋਤੇ..!"
ਹੁਣ ਤੁਸੀਂ ਕੁੱਟਣ ਘੜ੍ਹੀਸਣ ਦੀ ਗੱਲ ਸੁਣ ਲਓ..! ਕਿਤੇ ਵੋਟਾਂ ਵੇਲੇ ਕਿਸੇ ਠਾਣੇਦਾਰ ਨੂੰ ਲੋਕਾਂ ਨੇ ਕਿਸੇ ਗੱਲੋਂ 'ਬੋਕ' ਬਣਾਂ ਲਿਆ ਤੇ 'ਥਾਪੜ-ਥਪੜਾਓ' ਕਰ ਦਿੱਤਾ...! ਸਿਪਾਹੀ ਤਿੱਤਰ ਹੋ ਗਏ....! ਹੋਣਾਂ ਈ ਸੀ..! ਕੁੱਟਣ ਵਾਲ਼ੇ ਕਿਹੜਾ ਉਹਨਾਂ ਦੀ ਭੂਆ ਦੇ ਮੁੰਡੇ ਸੀ...? ਤੇ ਭਾਈ ਲੋਕ ਉਹਨੂੰ ਕੁੱਟਣੋਂ ਨਾ ਹਟਣ...! ਦੋ ਆਜੜੀ ਵਿਚਾਰੇ ਨੇੜੇ ਬੱਕਰੀਆਂ ਚਾਰ ਰਹੇ ਸੀ..! ਤਾਇਆ ਅਤੇ ਭਤੀਜਾ..! ਭਤੀਜੇ ਨੇ ਰੌਲਾ ਪਾਇਆ, "ਉਏ ਕਮਲਿ਼ਆ ਪਿੰਡਾ...ਜੇ ਇਹ ਮਰ ਗਿਆ...ਸਾਰਾ ਪਿੰਡ ਫਾਹੇ ਆਜੂ, 'ਗੌਰਮਿਲਟੀ' ਬੰਦੈ....!" ਫੇਰ ਪਿੰਡ ਆਲਿਆਂ ਨੂੰ ਕੁਛ ਅਕਲ ਆਈ...! ਉਹਨੂੰ ਕੁੱਟਣੋ ਹਟੇ...! ਜਦੋਂ ਲੋਕ ਘਰਾਂ ਨੂੰ ਚਲੇ ਗਏ...ਤਾਂ ਰਹਿਮ ਦਿਲ ਬੱਕਰੀਆਂ ਵਾਲ਼ੇ ਨੇ ਆਪਦੀ ਪਾਣੀ ਵਾਲੀ ਡੋਲਣੀ ਠਾਣੇਦਾਰ ਸਾਹਿਬ ਦੇ ਮੂੰਹ ਨੂੰ ਲਾਅਤੀ....ਬਈ ਹਰਫ਼ਲਿਆ ਵਿਆ ਪਾਣੀ ਪੀ ਕੇ ਲੋਟ ਆਜੂ..! ਲੈ ਭਾਈ...ਜਦੋਂ ਠਾਣੇਦਾਰ ਸਾਹਿਬ ਨੂੰ ਪਾਣੀ ਦੀ ਘੁੱਟ ਪੀ ਕੇ ਸੁਰਤ ਜੀ ਆਈ....ਊਸ ਨੇ ਉਠ ਕੇ ਕੌਡੀ ਆਲਿਆਂ ਮਾਂਗੂੰ ਬੱਕਰੀਆਂ ਵਾਲ਼ੇ ਨੂੰ ਈ ਸਿੱਟ ਲਿਆ....ਅਖੇ ਤੇਰੀ ਈ ਕੋਈ 'ਸਾਜਿ਼ਸ਼' ਐ...! ਲਓ, ਕਰ ਲਓ ਗੱਲ..! ਉਸ ਬੱਕਰੀਆਂ ਵਾਲ਼ੇ ਦਾ ਭਤੀਜਾ ਆਖੀ ਜਾਵੇ, "ਤਾਇਆ..! ਮੈਂ ਸਿਆਣਾ ਨਹੀਂ ਬਣ ਸਕਿਆ..! ਜਦੋਂ ਠਾਣੇਦਾਰ ਨੂੰ ਲੋਕਾਂ ਨੇ ਢਾਹਿਆ ਸੀ, ਉਦੋਂ ਮੈਨੂੰ ਲੋਕਾਂ ਨੂੰ ਵਰਜਣਾਂ ਨੀ ਸੀ ਚਾਹੀਦਾ, ਪਰ ਗਲਤੀ ਬੰਦੇ ਤੋਂ ਹੋ ਜਾਂਦੀ ਐ, ਮੈਂ ਸਿਆਣਾਂ ਨੀ ਤਾਇਆ...!" ਤਾਂ ਤਾਇਆ ਉਸ ਦੀ ਗੱਲ 'ਕੱਟ' ਕੇ ਆਖਣ ਲੱਗਿਆ, "ਭਤੀਜ..! ਤੇਰਾ ਤਾਇਆ ਹੁਣ ਤੱਕ ਨ੍ਹੀ ਸਿਆਣਾਂ ਹੋਇਆ...ਭਤੀਜ ਕਿੱਥੋਂ ਹੋਜੂ? ਮੈਂ ਠਾਣੇਦਾਰ ਦੇ ਮੂੰਹ ਨੂੰ ਪਾਣੀ ਲਾ ਕੇ ਉਸ ਤੋਂ ਵੱਡੀ ਗਲਤੀ ਕਰਤੀ..! ਲਾਇਕੀ ਦੀ ਗੱਲ ਭਤੀਜ ਮੈਂ ਵੀ ਨੀ ਕੀਤੀ..!" ਹੁਣ ਦੋਨੋਂ ਪਛਤਾ ਰਹੇ ਸਨ ਅਤੇ ਇਕ ਦੂਜੇ ਦਾ ਦੁੱਖ ਜਿਹਾ ਵੰਡਾ ਰਹੇ ਸਨ!
ਅੱਜ ਮੈਂ ਤੁਹਾਨੂੰ ਛਿੰਦੋ ਦੀ ਗੱਲ ਸੁਣਾਉਂਦਾ ਹਾਂ! ਛਿੰਦੋ ਦਾ ਨਾਂ ਤਾਂ ਸ਼ਾਇਦ ਸੁਰਿੰਦਰ ਜਾਂ ਸ਼ਮਿੰਦਰ ਹੋਵੇ, ਪਰ ਹੈ ਬੜੀ ਕਚੀਲ੍ਹ ਔਰਤ! ਪੂਰੀ ਝੰਡੇ ਹੇਠਲੀ! ਰੱਬ ਨੂੰ 'ਟੱਬ' ਸਮਝਣ ਵਾਲ਼ੀ!! ਛਿੰਦੋ ਨੇ ਪਤਾ ਨਹੀਂ ਕਿੰਨੇ ਘਰਾਂ ਵਿਚ ਸਿਆਪੇ ਪਾਏ। ਕਿੰਨੇ ਘਰ ਉਜਾੜੇ। ਉਸ ਦੇ ਚੱਟੇ ਦਰੱਖ਼ਤ ਅਜੇ ਤੱਕ ਹਰੇ ਨਹੀਂ ਹੋਏ। ਛਿੰਦੋ ਇਕ ਜਿਉਂਦੀ ਜਾਗਦੀ ਸੱਠ ਸਾਲ ਦੀ ਪ੍ਰੇਤ ਵਰਗੀ ਆਪਹੁਦਰੀ, ਸੁਆਰਥੀ ਅਤੇ ਖ਼ੁਦਗਰਜ਼ ਔਰਤ ਹੈ। ਗਲਤੀਆਂ ਛਿੰਦੋ ਨੇ ਕੀਤੀਆਂ ਅਤੇ ਭੁਗਤੀਆਂ ਸਭ ਨਿਰਦੋਸਿ਼ਆਂ ਨੇ! ਉਸ ਦੀਆਂ ਬੱਤੀ ਸੁਲੱਖਣੀਆਂ ਪੰਜ ਭੈਣਾਂ ਨੇ ਉਸ ਦੀ ਪੂਰੀ ਪਿੱਠ ਥਾਪੜੀ। ਚਾਹੇ ਸਾਰੀਆਂ ਉੱਜੜਨ ਕਿਨਾਰੇ ਹੀ ਹਨ। ਪਰ ਫਿ਼ਰ ਵੀ ਇਕ ਦੂਜੀ ਭੈਣ ਦੀ ਪਿੱਠ 'ਪੂਰਨੋਂ' ਨਹੀਂ ਹਟਦੀਆਂ। ਉਸ ਦੇ 'ਸਤਿਯੁਗੀ' ਪ੍ਰੀਵਾਰ ਦੀਆਂ ਸਾਰੀਆਂ ਪਰਤਾਂ ਹੁਣ ਹੌਲ਼ੀ-ਹੌਲ਼ੀ ਖੁੱਲ੍ਹਣਗੀਆਂ। ਹਿੱਕ 'ਤੇ ਹੱਥ ਰੱਖ ਕੇ ਹਰ ਮਹੀਨੇ ਪੜ੍ਹਦੇ ਜਾਇਓ! ਗੰਭੀਰ ਗੱਲਾਂ ਅਗਲੀ ਵਾਰ ਤੋਂ ਸ਼ੁਰੂ ਹੋਣਗੀਆਂ। ਪਰ ਅਜੇ ਛਿੰਦੋ ਦੀ ਇਕ ਆਮ ਜਿਹੀ ਗੱਲ ਹੀ ਸੁਣ ਲਓ! ਪਤਾ ਲੱਗ ਜਾਵੇਗਾ ਕਿ ਛਿੰਦੋ ਕਿੰਨੀ 'ਚੜ੍ਹਦੀ ਕਲਾ' ਵਾਲ਼ੀ ਜਿੰਨ ਵਰਗੀ ਤੀਮੀ ਹੈ!
ਛਿੰਦੋ ਦੇ ਛੋਟੇ ਮੁੰਡੇ ਦਾ ਵਿਆਹ ਸੀ। ਛਿੰਦੋ ਦੇ ਘਰਵਾਲ਼ੇ ਦੇਬੂ ਅਤੇ ਛਿੰਦੋ ਨੇ ਸਾਰੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਪਣੇ ਮੁੰਡੇ ਦੇ ਮੰਗਣੇਂ 'ਤੇ ਬੁਲਾਇਆ। ਰੌਣਕੀ ਹੋਰਾਂ ਨੇ ਵੀ ਪ੍ਰੀਵਾਰ ਸਮੇਤ ਦਰਸ਼ਣ ਜਾ ਦਿੱਤੇ। ਰੌਣਕੀ ਛਿੰਦੋ ਦੇ ਪ੍ਰੀਵਾਰ ਦੇ ਬਹੁਤਾ ਨੇੜੇ ਤਾਂ ਨਹੀਂ, ਪਰ ਇਤਨਾ ਦੂਰ ਵੀ ਨਹੀਂ ਕਿ ਚੰਗਾ-ਮੰਦਾ ਵੀ ਨਾ ਸਮਝੇ! ਦੇਬੂ ਬਾਈ ਜੀ ਰੌਣਕੀ ਨੂੰ ਦਾਰੂ ਪੀਣ ਲਈ ਜੋਰ ਲਾਉਂਦੇ ਰਹੇ। ਪਰ ਰੌਣਕੀ ਨੇ ਨਹੀਂ ਪੀਤੀ। ਸ਼ਰਾਬ ਰੌਣਕੀ ਨੇ ਬਥੇਰੀ ਪੀਤੀ ਹੈ। ਪਰ ਹੁਣ ਪੰਜ ਕੁ ਸਾਲਾਂ ਤੋਂ ਬਿਲਕੁਲ ਬੰਦ ਕੀਤੀ ਹੋਈ ਹੈ। ਇਸ ਲਈ ਦੇਬੂ ਰੌਣਕੀ ਨਾਲ਼ 'ਖ਼ਫ਼ਾ' ਸੀ, "ਤੂੰ ਇਕ ਤਾਂ ਲਾ ਲੈ..!" ਦੇਬੂ ਬਾਈ ਪੈੱਗ ਪਾਈ ਰੌਣਕੀ ਕੋਲ਼ ਖੜ੍ਹਾ ਪਿਆਸੇ ਕਾਂ ਵਾਂਗ ਝਾਕ ਰਿਹਾ ਸੀ। ਪਰ ਹਰ ਵਾਰ ਰੌਣਕੀ ਦਾ ਜਵਾਬ 'ਨਾਂਹ' ਵਿਚ ਹੀ ਸੀ। ਬਾਈ ਦੇਬੂ ਨਿਰਾਸ਼ ਹੋ ਗਿਆ। ਉਸ ਤੋਂ ਦੋ ਕੁ ਹਫ਼ਤੇ ਬਾਅਦ 'ਲੇਡੀ-ਸੰਗੀਤ' ਪਾਰਟੀ ਹੋਈ। ਲੇਡੀਆਂ ਦੇ ਨਾਲ਼ ਰੌਣਕੀ ਨੂੰ ਵੀ ਸੱਦਾ-ਪੱਤਰ ਆਇਆ ਹੋਇਆ ਸੀ! ਬਾਈ ਦੇਬੂ ਫ਼ੇਰ ਨਿਰਾਸ਼ ਹੋਇਆ ਖੜ੍ਹਾ ਸੀ, ਕਿਉਂਕਿ ਰੌਣਕੀ ਸਾਹਿਬ ਦਾਰੂ ਨਹੀਂ ਪੀ ਰਹੇ ਸਨ, "ਤੂੰ ਸਾਡੇ ਕੰਮੋਂ ਤਾਂ ਗਿਆ..!" ਦੇਬੂ ਵਾਰ ਵਾਰ ਰੌਣਕੀ ਨੂੰ ਆਖ ਕੇ ਆਪਣਾ ਦਿਲ ਜਿਹਾ 'ਹੌਲ਼ਾ' ਕਰੀ ਜਾ ਰਿਹਾ ਸੀ। ਰੌਣਕੀ ਦੇ ਮਾਮਾ ਜੀ ਵੀ 'ਸ਼ੈਂਪੇਨ' ਪੀਂਦੇ ਆਖ ਰਹੇ ਸਨ, "ਹੈਂ ਬਈ..! ਆਹ ਦਿਨ ਵੀ ਦੇਖਣੇ ਸੀ..!" ਉਹਨਾਂ ਨੂੰ ਵੀ ਰੌਣਕੀ ਭਾਣਜੇ ਦਾ ਦਾਰੂ ਨਾ ਪੀਣਾਂ ਜਚਿਆ ਨਹੀਂ ਸੀ। ...ਤੇ ਦੇਬੂ ਬਾਈ ਜੀ ਨੇ ਅਖ਼ੀਰ ਅੱਕ ਕੇ ਆਖ ਦਿੱਤਾ, "ਲੈ ਬਈ ਰੌਣਕੀ ਮਿੱਤਰਾ..! ਤੂੰ ਤਾਂ ਹੁਣ ਜਮਾਂ ਈ ਬੇਰੌਣਕਾ ਹੋ ਗਿਐਂ..! ਜੇ ਤੂੰ ਦਾਰੂ ਨਹੀਂ ਪੀਣੀਂ ਤਾਂ ਬਰਾਤ ਨਾ ਜਾਈਂ, ਸਾਨੂੰ ਸ਼ਰਮ ਆਊਗੀ ਬਈ ਆਹ ਕਿਹੋ ਜਿਆ ਬੰਦਾ ਖਿੱਚੀ ਫਿ਼ਰਦੇ ਐ, ਜਿਹੜਾ ਦਾਰੂ ਈ ਨੀਂ ਪੀਂਦਾ..!" ਰੌਣਕੀ ਨੇ ਫਿ਼ਰ ਇੱਕੋ ਗੱਲ ਆਖੀ ਸੀ, "ਬਾਈ ਜੀ ਬਰਾਤ ਨਾ ਜਾਣਾਂ ਮਨਜ਼ੂਰ ਐ, ਪਰ ਦਾਰੂ ਮੈਂ ਸੱਚੀਂ ਹੀ ਛੱਡ ਦਿੱਤੀ ਐ..!" 
ਖ਼ੈਰ ਰੌਣਕੀ ਸਾਹਿਬ ਬਰਾਤ ਵੀ ਗਏ ਅਤੇ ਦਾਰੂ ਵੀ ਨਾ ਪੀਤੀ। ਨਾਲ਼ੇ ਉਹਦੀ ਇੱਜ਼ਤ ਰਹਿ ਗਈ ਅਤੇ ਨਾਲ਼ੇ ਦੇਬੂ ਬਾਈ ਜੀ ਦੀ! ਜਦ ਰੌਣਕੀ ਦਾਰੂ ਪੀਂਦਾ ਸੀ, ਤਾਂ ਬਾਈ ਦੇਬੂ ਆਮ ਹੀ ਆਖ ਦਿੰਦਾ ਸੀ, "ਸਾਡਾ ਰੌਣਕੀ ਸਰੀਰ ਛੱਡ ਸਕਦੈ, ਪਰ ਦਾਰੂ ਨੀ ਛੱਡ ਸਕਦਾ..!" ਪਰ ਹੁਣ ਬਾਈ ਨੂੰ ਸ਼ਾਇਦ ਆਪਣੇ ਕਹੇ ਬੋਲਾਂ 'ਤੇ ਨਮੋਸ਼ੀ ਆ ਰਹੀ ਸੀ ਕਿ ਆਹ ਪੀ ਕੇ ਲਿਟਣ ਵਾਲ਼ਾ ਬੰਦਾ ਦਾਰੂ ਬਿਲਕੁਲ ਹੀ ਛੱਡ ਗਿਆ..? ਚਲੋ ਜੀ, ਸ਼ੁਕਰ ਰੱਬ ਦਾ! ਵਿਆਹ ਵਧੀਆ ਹੋ ਗਿਆ। ਵਿਆਹ ਦੀ 'ਡਾਂਸ-ਫ਼ਲੋਰ' 'ਤੇ ਰੌਣਕੀ ਨੇ ਵੀ ਸਰਦਾ-ਪੁਰਦਾ ਲੱਕ-ਲੁੱਕ ਹਿਲਾਇਆ। ਹਿਲਾਉਣਾਂ ਈ ਸੀ, ਨਹੀਂ ਤਾਂ ਬਾਈ ਜੀ ਨੇ ਫਿ਼ਰ ਕੋਹੜ ਕਿਰਲੇ ਵਾਂਗ ਪੈੱਗ ਫ਼ੜ ਕੇ ਉਸ ਦੇ ਦੁਆਲ਼ੇ ਹੋ ਜਾਣਾ ਸੀ, "ਦਾਰੂ ਬਿਨਾਂ ਨੱਚਿਆ ਟੱਪਿਆ ਨ੍ਹੀ ਜਾਂਦਾ, ਅੱਜ ਤਾਂ ਇਕ ਅੱਧਾ ਲਾ ਕੇ ਵਰਤ ਤੋੜ ਲੈ..! ਨੱਚਣ ਦਾ ਢੰਗ ਆਜੂ..!" 
ਉਸ ਤੋਂ ਹਫ਼ਤਾ ਕੁ ਬਾਅਦ ਵਿਆਹ ਦੀ ਪਾਰਟੀ ਸੀ। ਦੇਬੂ ਬਾਈ ਜੀ ਨੇ ਰੌਣਕੀ ਨੂੰ ਫਿ਼ਰ ਸੱਦਾ ਭੇਜਿਆ ਹੋਇਆ ਸੀ। ਪਾਰਟੀ ਫਿ਼ਰ ਚੱਲੀ। ਰੌਣਕੀ ਨੇ ਵੀ ਗਰੀਬੀ ਦਾਹਵੇ ਨਾਲ਼ ਲੱਕ 'ਤੇ ਹੱਥ ਧਰ ਕੇ ਕੁੱਲਾ ਹਿਲਾਇਆ। ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਿ਼ਆ ਗਿਲਿ਼ਆ! ਬਾਈ ਜੀ ਵੀ ਹੱਥ ਵਿਚ ਗਿਲਾਸ ਫ਼ੜੀ 'ਬਲ਼ਦ-ਮੂਤਣੀਆਂ' ਜਿਹੀਆਂ ਪਾਉਂਦੇ 'ਡਾਂਸ-ਫ਼ੋਰ' 'ਤੇ ਸੂਣ ਵਾਲ਼ੀ ਮੱਝ ਵਾਂਗੂੰ 'ਵੱਟ' ਜਿਹਾ ਕਰਦੇ ਕਦੇ ਰੌਣਕੀ ਦਾ ਪੈਰ ਮਿੱਧ ਦਿੰਦੇ ਅਤੇ ਕਦੇ ਕਿਸੇ ਹੋਰ ਦਾ! ਰੌਣਕੀ ਨੇ ਆਪਣਾ ਬਚਾ ਕਰੀ ਰੱਖਿਆ। ਕਿਉਂਕਿ ਉਹ ਰੋਡਵੇਜ਼ ਦੀ ਲਾਰੀ 'ਤੇ ਹਰ ਰੋਜ ਹੀ ਪੜ੍ਹਨਾ ਗਿੱਝਿਆ ਸੀ, "ਸਵਾਰੀ ਆਪਣੇ ਸਮਾਨ ਦੀ ਆਪ ਜਿ਼ੰਮੇਵਾਰ ਹੈ!" ਪਰ ਅੱਜ ਤਾਂ ਦੇਬੂ ਬਾਈ ਜੀ ਕਸ਼ਮੀਰ ਤੋਂ ਲੈ ਕੇ ਕੰਨਿਆਂ ਕੁਮਾਰੀ ਤੱਕ ਭਾਰਤ 'ਇਕ' ਹੋਣ ਵਾਂਗ ਸਾਰੀ ਡਾਂਸ-ਫ਼ਲੋਰ 'ਤੇ 'ਕੱਲੇ' ਹੀ ਛਾਏ ਹੋਏ ਸਨ। ਜਦ ਬਾਈ ਜੀ ਦੇ ਨਸ਼ੇ ਦੀ 'ਸੂਈ' ਥੱਲੇ ਨੂੰ ਪੁੱਠੀ ਮੁੜਨ ਲੱਗੀ ਤਾਂ ਉਹ 'ਪੈਂਚਰ' ਜਿਹਾ ਹੋਇਆ ਰੌਣਕੀ ਹੋਰਾਂ ਕੋਲ਼ ਆ ਕੇ ਬੈਠ ਗਿਆ। ਰੌਣਕੀ ਹੋਰੀਂ ਰੋਟੀ ਖਾਣ ਦੀ ਤਿਆਰੀ ਕਰ ਰਹੇ ਸਨ! ਬਾਈ ਜੀ ਨੇ ਆਪਣੀ 'ਊਣੀਂ' ਟੈਂਕੀ 'ਫ਼ੁੱਲ' ਕਰਨ ਲਈ 'ਵੇਟਰ' ਨੂੰ ਇਸ਼ਾਰਾ ਕੀਤਾ ਤਾਂ ਲੰਡਾ ਪੈੱਗ ਆ ਗਿਆ। ਬਾਈ ਜੀ ਨੇ ਪੈੱਗ ਸਿਰੇ ਲਾ ਦਿੱਤਾ ਅਤੇ ਅਰਾਮ ਨਾਲ਼ ਅੱਖਾਂ ਮੀਟ ਕੇ ਬੈਠ ਗਏ, ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਮੀਟਦਾ ਹੈ! 
ਕੁਝ ਸਮੇਂ ਬਾਅਦ ਛਿੰਦੋ ਭਾਬੀ ਜੀ ਦੇਬੂ ਬਾਈ ਜੀ ਕੋਲ਼ ਆ ਗਏ। ਉਹਨਾਂ ਦੀਆਂ ਡੂੰਘੀਆਂ ਬੱਗੀਆਂ ਅੱਖਾਂ ਵਿਚ ਰੌਣਕੀ ਸਾਹਿਬ ਨੂੰ ਕੋਈ ਗ਼ੈਬੀ ਕਰੋਧ ਦਿਸਿਆ। ਉਹ ਲਹਿੰਗਾ ਅਤੇ ਉਚੀ ਅੱਡੀ ਦੇ ਸੈਂਡਲ਼ ਪਾਈ ਡਾਂਸ ਕਰਦੇ ਕਰਦੇ 'ਹਫ਼ੇ' ਪਏ ਸਨ। ਹੁਣ ਉਹ ਇੰਜ ਤੁਰ ਰਹੇ ਸਨ, ਜਿਵੇਂ ਸੂਲਾਂ 'ਤੇ ਕੁੱਕੜ ਤੁਰਦੈ! ਉਮਰ ਉਹਨਾਂ ਦੀ ਚਾਹੇ ਸੱਠਾਂ ਸਾਲਾਂ ਦੀ ਹੈ, ਪਰ ਬੁੱਢੀ ਘੋੜ੍ਹੀ ਦੇ ਲਾਲ ਲਗਾਮ ਪਾਉਣ ਵਾਂਗ ਉਹ ਅੱਜ ਬਿਊਟੀ ਪਾਰਲਰ ਦੇ 'ਜੋਤਾ' ਲੁਆ ਕੇ ਆਏ ਸਨ। ਪਰ ਚਿਹਰੇ ਦੇ ਚਿੱਬ 'ਮੇਕ-ਅੱਪ' ਹੇਠੋਂ ਵੀ ਸੱਪ ਵਾਂਗ ਜੀਭਾਂ ਕੱਢਦੇ ਸਨ। ਭਾਬੀ ਜੀ ਨੂੰ ਸ਼ਾਇਦ ਬਾਈ ਜੀ ਨਾਲ਼ 'ਹੋਰ' ਡਾਂਸ ਕਰਨ ਦਾ 'ਝੱਲ' ਚੜ੍ਹਿਆ ਪਿਆ ਸੀ ਜਾਂ 'ਹਲ਼ਕ' ਉਠਿਆ ਹੋਇਆ ਸੀ। ਕੀ ਕਰਦੇ..? ਛਿੰਦੋ ਭਾਬੀ ਜੀ ਦੇਬੂ ਬਾਈ ਜੀ ਨੂੰ 'ਪਿਆਰ' ਹੀ ਐਨਾਂ ਕਰਦੇ ਨੇ! ਪਰ 'ਡਾਂਸ' ਦੇ ਨਾਂ ਨੂੰ ਬਾਈ ਜੀ ਆਫ਼ਰੇ ਕੱਟਰੂ ਵਾਂਗ 'ਨਾਂਹ' ਵਿਚ ਕੰਨ ਜਿਹੇ ਹਿਲਾਈ ਜਾ ਰਹੇ ਸਨ। ਜਦ ਛਿੰਦੋ ਭਾਬੀ ਜੀ ਨੇ ਡਾਂਸ ਕਰਨ ਦੀ 'ਹਿੰਡ' ਨਾ ਛੱਡੀ ਤਾਂ ਦੇਬੂ ਬਾਈ ਜੀ ਗਾਲ਼ਾਂ 'ਤੇ ਉੱਤਰ ਆਏ, "ਮੈਂ ਤੇਰਾ ਨੌਕਰ ਐਂ, ਭੈਣ...!" ਰੋਟੀ ਖਾਂਦੇ-ਖਾਂਦੇ ਰੌਣਕੀ ਸਾਹਿਬ ਨੇ ਬਾਈ ਜੀ ਨੂੰ ਪਲ਼ੋਸ ਕੇ ਠੰਢਾ ਕਰਨ ਦਾ ਯਤਨ ਕੀਤਾ। ਬਾਈ ਜੀ ਪੀਤੀ ਵਿਚ ਕੁਰਸੀ 'ਤੇ ਬੈਠੇ ਹੀ ਪਠੋਰੇ ਵਾਂਗ ਧੁਰਲ਼ੀਆਂ ਜਿਹੀਆਂ ਮਾਰ ਰਹੇ ਸਨ। ਪਰ ਸਹੁਰਾ ਝੱਲਾ 'ਪਿਆਰ' ਕਦੋਂ ਟਿਕਣ ਦਿੰਦਾ ਹੈ? ਛਿੰਦੋ ਭਰਜਾਈ ਜੀ ਫਿ਼ਰ ਬਾਈ ਜੀ ਦੀ ਪੂਛ ਨੂੰ ਫ਼ੜੀ ਖੜ੍ਹੇ, ਮਰੋੜਾ ਦੇ ਰਹੇ ਸਨ, "ਆਓ ਡਾਂਸ ਕਰੋ..!" ਤੇ ਬਾਈ ਜੀ ਨੇ ਫਿ਼ਰ ਉਹੀ 'ਕੋਰੜਾ ਛੰਦ' ਪੜ੍ਹਿਆ, ਜੋ ਛਿੰਦੋ ਭਾਬੀ ਜੀ ਪਹਿਲਾਂ ਵੀ 'ਸਰਵਣ' ਕਰ ਚੁੱਕੇ ਸਨ। 
ਛਿੰਦੋ ਭਾਬੀ ਜੀ ਵਾਰ-ਵਾਰ ਡਾਂਸ ਕਰਨ ਬਾਰੇ 'ਹਠ' ਕਰ ਰਹੇ ਸਨ ਅਤੇ ਬਾਈ ਜੀ 'ਛੰਦ' ਸੁਣਾ ਰਹੇ ਸਨ। ਸਾਧੂ ਅਤੇ ਬਿੱਛੂ ਦੇ ਕਰਮ ਵਾਲ਼ਾ 'ਕਾਂਡ' ਚੱਲ ਰਿਹਾ ਸੀ। ਅਖ਼ੀਰ ਛਿੰਦੋ ਭਾਬੀ ਜੀ ਨੇ ਰੌਣਕੀ ਦੇ ਸਾਹਮਣੇ ਮੇਜ਼ 'ਤੇ ਪਿਆ ਪਾਣੀ ਦਾ ਗਿਲਾਸ ਬਾਈ ਜੀ ਦੇ ਮੂੰਹ 'ਤੇ ਪੂਰੇ ਜੋਰ ਮਾਰਿਆ। 'ਮੋਹ' ਹੀ ਐਨਾਂ ਸੀ, ਕੀ ਕਰਦੀ..? ਉਹਨਾਂ ਨੇ ਸੋਚਿਆ ਹੋਣੈਂ ਕਿ ਪਤੀ-ਪ੍ਰਮੇਸ਼ਰ ਜੀ ਦੀ ਪੀਤੀ ਹੋਈ ਹੈ, ਪਾਣੀ ਦਾ ਗਿਲਾਸ ਮੂੰਹ 'ਤੇ ਪਾਏ ਤੋਂ ਸ਼ਾਇਦ ਲਹਿ ਜਾਵੇਗੀ ਅਤੇ ਖ਼ਸਮ ਜੀ 'ਡਾਂਸ' ਲਈ ਫਿ਼ਰ ਧੱਕਾ ਸਟਾਰਟ ਇੰਜਣ ਵਾਂਗ ਚੱਲ ਪੈਣਗੇ..? ਲੋੜ ਹੀ ਤਾਂ ਕਾਢ ਦੀ 'ਮਾਂ' ਹੁੰਦੀ ਹੈ..! ...ਤੇ ਬੱਸ ਫਿ਼ਰ ਕੀ ਸੀ..? ਮੂੰਹ 'ਤੇ ਪਾਣੀ ਦਾ ਗਿਲਾਸ ਪੈਣ ਦੀ ਦੇਰ ਸੀ ਕਿ 'ਸਟਾਰਟ' ਹੋਏ ਬਾਈ ਜੀ ਨੇ ਰੌਣਕੀ ਹੋਰਾਂ ਦੇ ਸਾਹਮਣੇ ਪਿਆ ਸਾਗ, ਮੀਟ, ਦਾਲ਼-ਸਬਜ਼ੀ ਵਗਾਹ-ਵਗਾਹ ਭਾਬੀ ਜੀ ਵੱਲ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਛਿੰਦੋ ਜੀ ਦੇ ਕੀਮਤੀ ਲਹਿੰਗੇ 'ਤੇ ਦਾਲ਼ਾਂ-ਸਬਜ਼ੀਆਂ ਦੇ 'ਡੱਬ' ਪਾ ਦਿੱਤੇ। ਰੌਣਕੀ ਨੇ ਫ਼ੜਨ ਲਈ ਬਥੇਰਾ ਜੋਰ ਲਾਇਆ, ਪਰ ਬਾਈ ਨੇ ਸਾਗ ਅਤੇ ਮੀਟ ਦੀ 'ਅਸਾਲਟ' ਦਾ ਮੂੰਹ ਰੌਣਕੀ ਵੱਲ ਨੂੰ ਕਰ ਦਿੱਤਾ। ਉਸ ਦੇ ਵਾਰ ਐਨੇ 'ਅੱਧਾਧੁੰਦ' ਤੇਜ਼ ਸਨ ਕਿ ਅੱਖਾਂ ਮੀਟ ਕੇ ਬਰਦਾਸ਼ਤ ਕਰਨ ਤੋਂ ਇਲਾਵਾ ਰੌਣਕੀ ਹੋਰੀਂ ਕੁਛ ਕਰ ਵੀ ਨਹੀਂ ਸਨ ਸਕਦੇ। ਬਾਦਲ ਸਰਕਾਰ ਦੀ ਪੁਲੀਸ ਦੀਆਂ 'ਜਲ-ਤੋਪਾਂ' ਵਾਂਗ ਰੌਣਕੀ ਹੋਰਾਂ 'ਤੇ ਵੀ ਦਾਲ਼ਾਂ-ਸਬਜ਼ੀਆਂ ਦੀ ਬੁਛਾੜ ਆ ਰਹੀ ਸੀ। ਉਸ ਦੇ ਕੋਟ-ਪੈਂਟ 'ਤੇ ਵੀ ਭਾਰਤ ਦੇ ਨਕਸ਼ੇ ਪਾ ਦਿੱਤੇ ਅਤੇ ਰੌਣਕੀ ਅਤੇ ਉਸ ਦੇ ਨਾਲ਼ ਬੈਠੇ ਬੇਲੀ ਕਸੀਸ ਵੱਟ ਕੇ ਜਰੀ ਗਏ। 
ਜਦ ਦੇਬੂ ਬਾਈ ਜੀ ਦੇ ਸਾਹਮਣੇ ਤੋਂ ਸਾਗ ਅਤੇ ਮੀਟ ਖ਼ਤਮ ਹੋਇਆ ਤਾਂ ਉਹ 'ਚੌਲ਼ੋ-ਚੌਲ਼ੀ' ਹੋਣ ਲੱਗ ਪਏ। ਰੌਣਕੀ ਹੋਰੀਂ ਆਪਣਾ ਬਚਾਅ ਕਰਦੇ ਕਰਦੇ ਹਾਰੀ ਫ਼ੌਜ ਵਾਂਗੂੰ ਪਿੱਛੇ ਹਟਣ ਲੱਗ ਪਏ। ਪਰ ਬਾਈ ਦੇ ਸਿ਼ਸ਼ਤ ਬੰਨ੍ਹ ਕੇ ਚਲਾਏ ਚੌਲ਼ਾਂ ਦੀ ਮਾਰ 'ਚ ਰੌਣਕੀ ਜੀ ਆ ਹੀ ਜਾਂਦੇ ਸਨ। ਜਦ ਚੌਲ਼ ਖ਼ਤਮ ਹੋਏ ਤਾਂ 'ਬੂੰਦੀ' ਦੀ ਵਾਰੀ ਆ ਗਈ। ਬੂੰਦੀ ਉਡਣ ਲੱਗ ਪਈ..! ਰੌਣਕੀ ਨੇ "ਉਡਾਤੀ ਬੂੰਦੀ" ਦੀ ਵਿਅੰਗਮਈ ਕਹਾਵਤ ਤਾਂ ਬਹੁਤ ਵਾਰ ਸੁਣੀਂ ਸੀ, ਪਰ ਸਮਝ ਅੱਜ ਆਈ ਸੀ ਕਿ 'ਬੂੰਦੀ ਉਡਾਤੀ' ਕਿਸ ਬਲਾਅ ਨੂੰ ਕਹਿੰਦੇ ਨੇ..? ਕਿਉਂਕਿ ਬੰਦਾ ਸਕੂਲਾਂ ਵਿਚ ਘੱਟ ਅਤੇ 'ਤਜ਼ਰਬੇ' ਤੋਂ ਵੱਧ ਸਿੱਖਦਾ ਹੈ! ਆਪਣਾ ਕੀਮਤੀ ਲਹਿੰਗਾ ਲਿੱਬੜਿਆ ਦੇਖ ਕੇ ਛਿੰਦੋ ਭਾਬੀ ਜੀ ਦਾ 'ਪਿਆਰ' ਹੋਰ ਭੜ੍ਹਕ ਪਿਆ ਅਤੇ ਉਹ ਦੋਨਾਂ ਹੱਥਾਂ ਨਾਲ਼ ਬਾਈ ਜੀ ਦੇ ਗਲ਼ ਨੂੰ 'ਚਿੰਬੜ' ਗਏ। ਰੌਣਕੀ ਨੇ ਫ਼ੜ ਕੇ ਜੋਕ ਵਾਂਗ ਤੋੜਨਾਂ ਚਾਹਿਆ, ਪਰ ਭਾਬੀ ਜੀ ਦੇ ਜੰਮੂਰਾਂ ਵਰਗੇ ਹੱਥ, ਸਿਕੰਜੇ ਵਾਂਗ ਕਸੇ ਹੋਏ ਸਨ। ਉਹਨਾਂ ਦੇ ਵੱਡੇ-ਵੱਡੇ ਨਹੁੰ ਰੌਣਕੀ ਨੂੰ ਪ੍ਰੇਤ ਵਾਂਗ ਡਰਾਉਣ ਆ ਰਹੇ ਸਨ। ਆਪਣਾ ਗਲ਼ ਜਿਹਾ ਛੁਡਾਉਣ ਲਈ ਬਾਈ ਜੀ ਨੇ ਛਿੰਦੋ ਸਾਹਿਬਾਂ ਨੂੰ ਧੱਕਾ ਮਾਰਿਆ ਤਾਂ ਛਿੰਦੋ ਜੀ ਪਟੜੇ ਵਾਂਗ ਹਾਲ ਦੀ 'ਸਲਿੱਪਰੀ' ਫ਼ਰਸ਼ 'ਤੇ ਜਾ ਪਏ। ਰੌਣਕੀ ਨੇ ਮੌਲੇ ਬਲ਼ਦ ਨੂੰ ਪੂਛੋਂ ਫ਼ੜ ਕੇ ਉਠਾਉਣ ਵਾਂਗ ਛਿੰਦੋ ਨੂੰ ਫ਼ੜ ਕੇ ਖੜ੍ਹਾ ਕੀਤਾ। ਪਰ ਬਾਹਰ ਖੜ੍ਹੇ ਛਿੰਦੋ ਜੀ ਫਿ਼ਰ ਵੀ ਨਾ-ਸ਼ੁਕਰਿਆਂ ਵਾਂਗ ਲੋਕਾਂ 'ਤੇ ਇਲਜ਼ਾਮ ਲਾਈ ਜਾ ਰਹੇ ਸਨ, "ਕਿਸੇ ਨੇ ਰੋਕਿਆ ਈ ਨ੍ਹੀ, ਸਾਰੇ ਤਮਾਸ਼ਾ ਦੇਖਦੇ ਰਹੇ..!" ਰੌਣਕੀ ਸਾਹਿਬ ਆਪਣਾ ਕੋਟ ਪੈਂਟ ਟਿਸ਼ੂ ਨਾਲ਼ ਸਾਫ਼ ਕਰਦੇ ਸੋਚ ਰਹੇ ਸੀ ਕਿ ਸਿਆਣਿਆਂ ਦਾ ਕਥਨ ਸੱਚਾ ਹੀ ਹੈ, ਅੱਜ ਕੱਲ੍ਹ ਭਲੇ ਦਾ ਜ਼ਮਾਨਾ ਨਹੀਂ! ਪੁੱਛਣਾਂ ਤਾਂ ਰੌਣਕੀ ਇਹ ਚਾਹੁੰਦਾ ਸੀ ਕਿ ਭਾਬੀ ਜੀ..! ਜਦ ਤੁਸੀਂ ਪਾਣੀ ਦਾ ਗਿਲਾਸ ਸ਼ਰਾਬੀ ਬਾਈ ਜੀ ਦੇ ਮੂੰਹ 'ਤੇ ਮਾਰਿਆ ਸੀ, ਉਦੋਂ ਤੁਹਾਨੂੰ ਨਾ ਕਿਸੇ ਨੇ ਰੋਕਿਆ..? ਦੋਵਾਂ ਪਾਸਿਆਂ ਤੋਂ ਇਹ ਐਕਸ਼ਨ ਹੀ ਇਤਨੀ ਫ਼ੁਰਤੀ ਅਤੇ ਗਿਣੀਂ-ਮਿਥੀ ਸਾਜਿ਼ਸ਼ ਵਾਂਗ ਹੋਏ ਕਿ ਸਭ ਦੀ ਸੁਰਤ ਹੀ ਮਾਰੀ ਗਈ! ਖ਼ੈਰ, ਹੁਣ ਤਾਂ ਰੌਣਕੀ ਸਮੇਤ ਦਸਾਂ-ਪੰਦਰਾਂ ਜਾਣਿਆਂ ਨੇ ਆਪਣੇ ਕੋਟ-ਪੈਂਟ 'ਡਰਾਈ ਕਲੀਨਿੰਗ' ਲਈ ਦਿੱਤੇ ਹੋਏ ਹਨ। ਅੱਗੇ ਤੋਂ ਤੁਸੀਂ ਵੀ ਆਪਣੇ ਸਮਾਨ ਦੀ ਜਿ਼ੰਮੇਵਾਰੀ ਆਪ ਸੰਭਾਲਣੀ ਐਂ..! ਬਚ ਕੇ ਮੋੜ ਤੋਂ ਬਾਈ ਜੀ..!

****


ਹੋਰ ਪੜੋ...

ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ

13 ਮਾਰਚ 2010 ਨੂੰ ਮੇਰੀ ਮਾਂ ਨੂੰ ਅਕਾਲ ਚਲਾਣਾਂ ਕੀਤਿਆਂ ਪੂਰੇ ਚਾਰ ਸਾਲ ਬੀਤ ਜਾਣੇ ਹਨ। ਕਈ ਵਾਰ ਇੰਜ ਲੱਗਦਾ ਹੈ ਕਿ ਮਾਂ ਨੂੰ ਵਿਛੜਿਆਂ ਯੁੱਗ ਬੀਤ ਗਏ ਅਤੇ ਕਈ ਵਾਰ ਇੰਜ ਜਾਪਦਾ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ! ਦਿਨਾਂ ਨੇ ਲੰਘਦੇ ਜਾਣਾ ਹੈ, ਪਰ ਮੇਰੀ ਮਾਂ ਦੀ ਯਾਦ ਮੇਰੇ ਮਨ 'ਤੇ ਉਵੇਂ ਹੀ ਤਾਜ਼ਾ ਹੈ, ਜਿਵੇਂ ਪਹਿਲਾਂ ਸੀ। ਕਦੇ ਕਦੇ ਮੈਨੂੰ ਵੱਡੇ ਬਾਈ ਗੁਰਦਾਸ ਮਾਨ ਦਾ ਗੀਤ ਬੜਾ ਚੇਤੇ ਆਉਂਦਾ ਹੈ, "ਪੀੜ ਪ੍ਰਾਹੁੰਣੀ, ਨ੍ਹਾ-ਧੋ ਕੇ ਜਦ, ਗ਼ਮ ਦੀ ਚਰਖੀ ਡਾਹਵੇ, ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ...!" ਇਸ ਫ਼ਾਨੀ ਜੱਗ ਤੋਂ ਤੁਰ ਹਰ ਇਕ ਨੇ ਜਾਣਾ ਹੈ। ਪਰ ਜਾਣ ਵਾਲ਼ੇ ਦੀਆਂ ਯਾਦਾਂ ਤੁਹਾਨੂੰ ਕਦਾਚਿੱਤ ਨਹੀਂ ਭੁੱਲਦੀਆਂ। ਅਤੇ ਉਹ ਵੀ, ਜਦ ਤੁਹਾਡਾ ਜਾਣ ਵਾਲ਼ਾ ਅੱਤ ਦਾ ਨਜ਼ਦੀਕੀ ਹੋਵੇ! ਕੱਲ੍ਹ ਮਾਂ ਦੀ ਆਉਣ ਵਾਲ਼ੀ ਬਰਸੀ ਬਾਰੇ ਸੋਚਦਿਆਂ-ਸੋਚਦਿਆਂ ਕੁਝ ਯਾਦਾਂ ਤਾਜ਼ੀਆਂ ਹੋਈਆਂ, ਜੋ ਮੈਂ ਆਪਣੇ ਪਾਠਕਾਂ ਦੇ ਨਾਲ਼ ਸਾਂਝੀਆਂ ਕਰ ਰਿਹਾ ਹਾਂ।
ਉਦੋਂ ਮੈਂ ਸ਼ਾਇਦ ਦਸਵੀਂ ਵਿਚ ਪੜ੍ਹਦਾ ਹੁੰਦਾ ਸੀ। ਸਾਡੇ ਮੋਗੇ ਏਰੀਏ ਵਿਚ 'ਪੰਜਾਬ ਸਟੂਡੈਂਟਸ ਯੂਨੀਅਨ' ਦਾ ਬੜਾ ਬੋਲਬਾਲਾ ਅਤੇ ਜੋਰ ਹੁੰਦਾ ਸੀ। ਕੁਝ ਕਾਲਜ ਪੜ੍ਹਦੇ ਵਿਦਿਆਰਥੀ ਸਾਡੀ ਡਿਊਟੀ ਕੰਧਾਂ 'ਤੇ ਕੁਝ ਇਸ਼ਤਿਹਾਰ ਲਾਉਣ ਦੀ ਲਾ ਦਿੰਦੇ। ਜਿਸ ਨੂੰ ਮੈਂ ਅਤੇ ਮੇਰਾ ਦੋਸਤ ਤਾਰ ਬੜੇ ਚਾਅ ਨਾਲ਼ ਨਿਭਾਉਂਦੇ। ਅਸੀਂ ਉਹ ਇਸ਼ਤਿਹਾਰ ਪਿੰਡ ਦੇ ਸਕੂਲ, ਧਰਮਸ਼ਾਲ਼ਾ ਦੀਆਂ ਕੰਧਾਂ 'ਤੇ ਲੇਵੀ ਨਾਲ਼ ਲਾ ਆਉਂਦੇ। ਇਹਨਾਂ ਇਸ਼ਤਿਹਾਰਾਂ ਦਾ ਉਦੋਂ ਗੌਰਮਿੰਟ ਵੱਲੋਂ ਬਹੁਤ ਵਿਰੋਧ ਕੀਤਾ ਜਾਂਦਾ ਸੀ ਅਤੇ ਇਹ ਇਸ਼ਤਿਹਾਰ ਲਾਉਣ ਵਾਲ਼ੇ ਨੂੰ ਪੁਲੀਸ ਵੀ ਫ਼ੜ ਕੇ ਲਿਜਾ ਸਕਦੀ ਸੀ ਅਤੇ ਕੋਈ ਕੇਸ ਵੀ ਪਾ ਸਕਦੀ ਸੀ। ਚੜ੍ਹਦੀ ਜੁਆਨੀ 'ਚ ਨਾ ਤਾਂ ਘਰ ਦੀ ਕੋਈ ਜਿ਼ਮੇਵਾਰੀ ਸਿਰ 'ਤੇ ਸੀ ਅਤੇ ਨਾ ਹੀ ਕਿਸੇ ਕਬੀਲਦਾਰੀ ਦਾ ਫਿ਼ਕਰ ਫ਼ਾਕਾ! ਜਿਸ ਕਰਕੇ ਆਯਾਸ਼ ਦਿਮਾਗ ਹਰ ਪੱਖੋਂ ਬੇਪ੍ਰਵਾਹ ਅਤੇ ਬੇਫਿ਼ਕਰ ਸੀ। ਇਹ ਇਸ਼ਤਿਹਾਰ ਸਾਨੂੰ ਆਮ ਲੋਕਾਂ ਤੋਂ ਚੋਰੀ ਸਵੇਰ ਦੇ ਦੋ-ਤਿੰਨ ਵਜੇ 'ਗੁਪਤ' ਲਾਉਣ ਦਾ ਹੁਕਮ ਸੀ, ਤਾਂ ਕਿ ਕੋਈ ਪੁਲੀਸ ਕੋਲ਼ ਚੁਗਲੀ ਨਾ ਕਰ ਦੇਵੇ!
ਇਕ ਰਾਤ ਸਵੇਰੇ ਦੇ ਤਿੰਨ ਕੁ ਵਜੇ ਅਸੀਂ ਸਕੂਲ ਦੀਆਂ ਕੰਧਾਂ 'ਤੇ ਇਸ਼ਤਿਹਾਰ ਲਾ ਕੇ ਆ ਰਹੇ ਸੀ। ਗੂੜ੍ਹੀ ਰਾਤ ਦਾ ਹਨ੍ਹੇਰਾ ਕਾਫ਼ੀ ਸੀ। ਜਦ ਅਸੀਂ ਸੱਜਣ ਬੱਕਰੀਆਂ ਵਾਲ਼ੇ ਦੇ ਵਾੜੇ ਕੋਲ਼ ਆਏ ਤਾਂ ਸਾਨੂੰ ਸੁੰਨੇ ਪਏ ਰਾਹ ਦੇ ਐਨ੍ਹ ਵਿਚਕਾਰ ਕੋਈ ਲਾਵਾਰਿਸ 'ਸਮਾਨ' ਜਿਹਾ ਪਿਆ ਨਜ਼ਰ ਆਇਆ। ਉਦੋਂ ਅਜੇ ਸਾਡੇ ਪਿੰਡ ਸਿਰਫ਼ ਇਕ ਹੀ ਸੜਕ ਬਣੀ ਸੀ। ਬਾਕੀ ਰਾਹ ਅਜੇ ਕੱਚੇ ਹੀ ਸਨ।
-"ਉਏ ਤਾਰ..! ਔਹ ਕੀ ਪਿਐ...?" ਮੈਂ ਹੈਰਾਨ ਹੋ ਕੇ ਰਾਹ 'ਤੇ ਪਏ ਸਮਾਨ ਵੱਲ ਦੇਖਦਿਆਂ ਆਪਣੇ ਬੇਲੀ ਤਾਰ ਨੂੰ ਪੁੱਛਿਆ। ਤਾਰ ਦੇ ਸਾਡੇ ਪਿੰਡ ਨਾਨਕੇ ਹਨ ਅਤੇ ਉਹ ਆਮ ਤੌਰ 'ਤੇ ਸਾਡੇ ਪਿੰਡ ਹੀ ਪਲਿ਼ਆ ਅਤੇ ਵੱਡਾ ਹੋਇਆ ਸੀ। ਸਾਡੀ ਯਾਰੀ ਜਿੰਨੀ ਉਸ ਟਾਈਮ ਸੀ, ਉਤਨੀ ਹੀ ਅੱਜ ਹੈ! ਅੱਜ ਕੱਲ੍ਹ ਉਹ ਇਟਲੀ ਵਿਚ ਹੈ ਅਤੇ ਅਵਤਾਰ ਸਿੰਘ ਸਿੱਧੂ ਦੇ ਨਾਂ ਨਾਲ਼ ਜਾਣਿਆਂ ਜਾਂਦਾ ਹੈ।
-"ਕਿਸੇ ਦੇ ਸਮਾਨ ਦੀ ਕੋਈ ਗੰਢ ਡਿੱਗ ਪਈ ਲੱਗਦੀ ਐ...!" ਤਾਰ ਨੇ ਵੀ ਨੇੜ ਹੁੰਦਿਆਂ ਅੱਖਾਂ ਦੀ ਸਿ਼ਸ਼ਤ ਬੰਨ੍ਹਦਿਆਂ ਕਿਹਾ।
ਜਦ ਅਸੀਂ ਸਮਾਨ ਦੇ ਕੁਝ ਨੇੜੇ ਹੋਏ ਤਾਂ ਡਿੱਗੇ ਪਏ ਸਮਾਨ ਵਿਚੋਂ ਕੁਝ ਹਿੱਲਿਆ ਤਾਂ ਟਿਕੀ ਰਾਤ ਵਿਚ ਡਰ ਨਾਲ਼ ਸਾਡਾ ਤ੍ਰਾਹ ਨਿਕਲ਼ ਗਿਆ ਅਤੇ ਅਸੀਂ ਸਹਿਮ ਕੇ ਕਰਮ ਪਿੱਛੇ ਹਟ ਗਏ।
-"ਇਹ ਕੀ ਹੋਇਆ...?" ਸਾਡੇ ਘਤਿੱਤੀ ਦਿਮਾਗ ਮੈਦਾਨ ਛੱਡਣ ਦੇ ਹੱਕ ਵਿਚ ਨਹੀਂ ਸਨ।
-"ਠਹਿਰ ਜਾਹ..! ਮੈਂ ਛੱਪੜ ਕੋਲ਼ੋਂ ਅੱਕ ਦਾ ਡੰਡਾ ਤੋੜ ਕੇ ਲਿਆਉਨੈਂ ਤੇ ਫ਼ੇਰ ਇਹਨੂੰ ਹਿਲਾ ਕੇ ਦੇਖਦੇ ਐਂ..!"
ਜਦ ਮੈਂ ਰਾਈਂਆਂ ਦੇ ਛੱਪੜ ਕੋਲ਼ੋਂ ਅੱਕ ਦਾ ਡੰਡਾ ਤੋੜ ਕੇ ਲਿਆਇਆ ਤਾਂ ਡੰਡੇ ਦੇ ਆਸਰੇ ਅਸੀਂ ਸ਼ੇਰ ਬਣ ਗਏ। ਅੱਕ ਦੇ ਡੰਡੇ ਨੂੰ ਹੁਣ ਅਸੀਂ ਅਸਾਲਟ ਸਮਝ ਨਿੱਡਰ ਹੋ ਗਏ। ਜਦ ਮੈਂ ਅੱਕ ਦੇ ਡੰਡੇ ਨਾਲ਼ ਸਮਾਨ ਕੋਲ਼ ਹੋਇਆ ਤਾਂ ਸਮਾਨ ਵਿਚੋਂ ਅੱਗੇ ਵਾਂਗ ਫਿ਼ਰ 'ਕੁਝ' ਹਿੱਲਿਆ। ਡਰ ਤਾਂ ਸਾਨੂੰ ਫਿ਼ਰ ਵੀ ਲੱਗਿਆ। ਦਿਲ ਧੜਕੇ। ਪਰ ਡੰਡੇ ਦੇ ਹੌਸਲੇ ਨਾਲ਼ ਮੈਂ ਸਮਾਨ ਨੂੰ ਜੋਰ ਨਾਲ਼ ਹਿਲਾਇਆ। ਕਿਸੇ ਦਾ 'ਟੂਣਾਂ' ਕੀਤਾ ਹੋਇਆ ਸੀ। ਟੂਣੇਂ 'ਤੇ ਇਕ ਕਾਲ਼ਾ ਕੁੱਕੜ ਲੱਤਾਂ, ਖੰਭ ਅਤੇ ਚੁੰਝ ਬੰਨ੍ਹ ਕੇ ਰਾਹ 'ਤੇ ਰੱਖਿਆ ਹੋਇਆ ਸੀ। ਉਸ ਦੇ ਪਾਸੇ ਪੰਜ ਚਿੱਟੇ ਆਂਡੇ ਪਏ ਸਨ ਅਤੇ ਸੰਧੂਰ ਅਤੇ ਹੋਰ ਨਿੱਕ-ਸੁੱਕ ਰੱਖਿਆ ਹੋਇਆ ਸੀ।
-"ਉਏ ਬਾਹਲ਼ਾ ਦੱਬ ਕੇ ਨਾ ਫ਼ਰੋਲ਼..! ਆਂਡੇ ਟੁੱਟ ਜਾਣਗੇ..!" ਤਾਰ ਨੇ ਮੈਨੂੰ ਦੱਬਵੇਂ ਬੋਲਾਂ ਨਾਲ਼ ਤਾੜਨਾ ਜਿਹੀ ਕੀਤੀ।
ਜਿ਼ਆਦਾ ਹੀ ਗਹੁ ਜਿਹੇ ਨਾਲ਼ ਦੇਖਣ ਕਾਰਨ ਹੁਣ ਸਾਨੂੰ ਹਨ੍ਹੇਰੇ ਵਿਚ ਵੀ ਤਕਰੀਬਨ ਹਰ ਚੀਜ਼ ਸਾਫ਼ ਦਿਸ ਰਹੀ ਸੀ।
ਪੰਜ ਚਿੱਟੇ ਆਂਡੇ ਚੁੱਕ ਕੇ ਤਾਰ ਨੇ ਲੰਮੇ ਕੁੜਤੇ ਦੇ ਗੀਝੇ ਵਿਚ ਪਾ ਲਏ ਅਤੇ ਮੈਂ ਕੁੱਕੜ ਚੁੱਕ ਕੇ ਕੱਛ ਵਿਚ ਦੇ ਲਿਆ। ਕੁੱਕੜ ਦੀ ਚੁੰਝ ਅਸੀਂ ਉਸੀ ਤਰ੍ਹਾਂ ਹੀ ਬੱਝੀ ਰਹਿਣ ਦਿੱਤੀ। ਸੋਚਿਆ ਕਿ ਜੇ ਇਸ ਦੀ ਚੁੰਝ ਖੋਲ੍ਹ ਦਿੱਤੀ ਤਾਂ ਇਹ ਟਿਕੀ ਰਾਤ ਵਿਚ ਰੌਲ਼ਾ ਪਾਵੇਗਾ। ਹੁਣ ਸਾਡੇ ਅੱਗੇ ਇਕ ਹੋਰ ਔਕੜ ਸੀ ਕਿ ਆਂਡੇ ਤਾਂ ਬੋਲਦੇ ਨਹੀਂ, ਛੁਪਾ ਲਏ ਜਾਣਗੇ। ਪਰ ਕੁੱਕੜ ਨੂੰ ਕਿੱਥੇ ਰੱਖਾਂਗੇ...? ਨਾ ਤਾਂ ਕੁੱਕੜ ਸਾਡੇ ਰੱਖੇ ਹੋਏ ਸਨ ਅਤੇ ਨਾ ਹੀ ਤਾਰ ਕੇ। ਸਾਡੇ ਦੋਵਾਂ ਦੇ ਪ੍ਰੀਵਾਰ, ਮੱਧ-ਵਰਗੀ ਕਿਸਾਨ ਪ੍ਰੀਵਾਰ ਸਨ।
ਟੂਣੇ ਵਾਲ਼ਾ ਕੁੱਕੜ ਸਾਡੇ ਲਈ ਇਕ ਤਰ੍ਹਾਂ ਨਾਲ਼ 'ਨਜ਼ਾਇਜ਼ ਹਥਿਆਰ' ਬਣਿਆਂ ਹੋਇਆ ਸੀ। ਜੱਕਾਂ-ਤੱਕਾਂ ਕਰਦਿਆਂ ਅਸੀਂ ਸਵੇਰ ਕਰ ਦਿੱਤੀ ਅਤੇ ਸਾਡੇ ਗੁਆਂਢੀ ਚਰਨੇ ਦੇ ਘਰ ਚਲੇ ਗਏ। ਚਰਨੇ ਕਾ ਖੁੱਲ੍ਹਾ ਡੁੱਲ੍ਹਾ ਪੇਂਡੂ ਘਰ ਸੀ ਅਤੇ ਉਸ ਨੇ ਛੇ-ਸੱਤ ਕੁਕੜੀਆਂ ਅਤੇ ਦੋ ਕੁ ਕੁੱਕੜ ਰੱਖੇ ਹੋਏ ਸਨ। ਅਸੀਂ ਸਾਰੀ ਗੱਲ ਉਸ ਨੂੰ ਜਾ ਦੱਸੀ ਅਤੇ ਚੁੰਝ ਖੋਲ੍ਹ ਕੇ ਕੁੱਕੜ ਉਸ ਦੇ ਖੁੱਡੇ ਵੜਦਾ ਕਰ ਦਿੱਤਾ ਅਤੇ ਤਾਰ ਦੇ ਨਾਨਕਿਆਂ ਦੇ ਘਰ ਆ ਗਏ।
ਤਾਰ ਦੀ ਮਾਮੀ ਬਾਹਰਲੇ ਘਰੇ ਗੋਹਾ-ਕੂੜਾ ਕਰ ਰਹੀ ਸੀ। ਉਸ ਦੀ ਗ਼ੈਰਹਾਜ਼ਰੀ ਦਾ ਲਾਭ ਉਠਾਉਂਦਿਆਂ ਹੋਇਆਂ ਨੇ ਅਸੀਂ ਪੰਜੇ ਆਂਡੇ ਤੜਕ ਲਏ ਅਤੇ ਖਾ ਕੇ ਫੁਰਤੀ ਨਾਲ਼ ਉਥੋਂ ਨਿਕਲ਼ਣ ਦੀ ਕੀਤੀ। ਮੁਸ਼ਕਿਲ ਇਹ ਸੀ ਕਿ ਨਾ ਤਾਂ ਤਾਰ ਦੇ ਪ੍ਰੀਵਾਰ ਦਾ ਕੋਈ ਜੀਅ ਆਂਡਾ-ਮੀਟ ਖਾਂਦਾ ਸੀ ਅਤੇ ਨਾ ਹੀ ਸਾਡਾ! ਜਦ ਤਾਰ ਦੀ ਮਾਮੀ ਗੋਹੇ-ਕੂੜੇ ਤੋਂ ਵਿਹਲੀ ਹੋ ਕੇ ਭਾਂਡੇ ਧੋਣ ਲੱਗੀ ਤਾਂ ਉਸ ਨੂੰ ਸਾਡੇ ਕੂਕਿਆਂ ਦੇ ਡੋਲ ਵਾਂਗ ਮਾਂਜੇ ਪਤੀਲੇ ਵਿਚੋਂ ਵੀ ਆਂਡੇ ਬਣਾਇਆਂ ਦਾ ਪਤਾ ਚੱਲ ਗਿਆ ਅਤੇ ਉਸ ਨੇ ਰੌਲ਼ਾ ਪਾ ਕੇ ਪੜਛੱਤੀ ਸਿਰ 'ਤੇ ਚੁੱਕ ਲਈ। ਉਹਨਾਂ ਦੇ 'ਵੈਸ਼ਨੂੰ' ਚੁੱਲ੍ਹੇ 'ਤੇ ਅਸੀਂ ਆਂਡੇ ਜਿਉਂ ਤੜਕ ਲਏ ਸਨ ਅਤੇ ਉਹਨਾਂ ਦਾ ਚੁੱਲ੍ਹਾ 'ਭ੍ਰਿਸ਼ਟਿਆ' ਗਿਆ ਸੀ। ਕੁਦਰਤੀਂ ਤਾਰ ਦੇ ਬੀਜੀ ਵੀ ਪੇਕੀਂ ਆਏ ਹੋਏ ਸਨ। ਜਦ ਤਾਰ ਦੀ ਮਾਮੀਂ ਨੇ ਉਸ ਨੂੰ ਦੂਜੇ ਘਰੋਂ ਬੁਲਾਇਆ ਤਾਂ ਤਾਰ ਦੇ ਬੀਜੀ ਨੇ ਸਾਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅਸੀਂ ਕੁੱਕੜ ਨੂੰ ਕਿਸੇ ਪਾਸੇ ਲਾਉਣ ਦੀਆਂ ਸਕੀਮਾਂ ਵਿਚ ਰੁੱਝੇ ਹੋਏ ਸਾਂ। ਨਾ ਤਾਂ ਕੁੱਕੜ ਨੂੰ ਵੱਢਣ ਦੇ ਹੱਕ ਵਿਚ ਤਾਰ ਸੀ ਅਤੇ ਨਾ ਹੀ ਮੈਂ! ਹਾਲਾਂ ਕਿ ਚਰਨੇ ਨੇ ਸਾਨੂੰ ਕਿਹਾ ਸੀ ਕਿ ਇਸ ਨੂੰ ਵੱਢ ਕੇ ਬਣਾ ਲੈਂਦੇ ਹਾਂ ਅਤੇ ਬਣਿਆਂ ਬਣਾਇਆ ਕੁੱਕੜ ਸਾਰੇ ਹੀ ਵੰਡ ਲਵਾਂਗੇ। ਮਾਰਨ ਦੇ ਹੱਕ ਵਿਚ ਸਾਡੇ ਵਿਚੋਂ ਕੋਈ ਵੀ ਨਹੀਂ ਸੀ। ਅਸੀਂ ਚਰਨੇ ਨੂੰ ਇਤਨਾ ਹੀ ਕਿਹਾ ਕਿ ਅਸੀਂ ਇਹਦਾ ਪ੍ਰਬੰਧ ਕਰਕੇ ਆਉਂਦੇ ਹਾਂ ਅਤੇ ਸਾਡੇ ਆਉਣ ਤੱਕ ਇਸ ਨੂੰ ਵੱਢਿਆ ਨਾ ਜਾਵੇ। ਉਸ ਨੇ ਸਾਡੀ ਗੱਲ ਮੰਨ ਲਈ ਅਤੇ ਅਸੀਂ ਮਜ੍ਹਬੀ ਸਿੱਖਾਂ ਦੇ ਵਿਹੜੇ ਨੂੰ ਤੁਰ ਗਏ।
ਦੁਪਿਹਰ ਤੋਂ ਪਹਿਲਾਂ ਪਹਿਲਾਂ ਅਸੀਂ ਵਿਹੜੇ ਵਾਲ਼ੇ 'ਬਾਗੀ' ਨਾਲ਼ ਕੁੱਕੜ ਦਾ ਮੁੱਲ ਤੋੜ ਲਿਆ। ਉਸ ਨੇ ਸਾਡਾ 'ਟੂਣੇ' ਵਾਲ਼ਾ ਕੁੱਕੜ ਪੈਂਤੀ ਰੁਪਏ ਵਿਚ ਖ਼ਰੀਦਣਾ ਪ੍ਰਵਾਨ ਕਰ ਲਿਆ। ਉਦੋਂ ਪੈਂਤੀ ਰੁਪਏ ਵੀ ਬਹੁਤ ਹੁੰਦੇ ਸਨ। ਤਖ਼ਤੂਪੁਰੇ ਦੇ ਮਾਘੀ ਮੇਲੇ ਵੇਲ਼ੇ ਸਾਨੂੰ ਦਸ ਰੁਪਏ ਮਿਲ਼ਦੇ ਹੁੰਦੇ ਸਨ ਅਤੇ ਦਸ ਰੁਪਏ ਨਾਲ਼ 'ਧੰਨ-ਧੰਨ' ਹੋ ਜਾਂਦੀ ਸੀ। ਅਸੀਂ ਕੁੱਕੜ ਚੁੱਕ ਬਾਗੀਆਂ ਦੇ ਹਵਾਲੇ ਕਰ ਦਿੱਤਾ ਅਤੇ ਪੈਂਤੀ ਰੁਪਏ ਜੇਬ ਵਿਚ ਪਾ ਲਏ। ਜਦ ਅਸੀਂ ਘਰ ਪਹੁੰਚੇ ਤਾਂ ਤਾਰ ਦੇ ਬੀਜੀ, ਜੋ ਮੇਰੇ ਭੂਆ ਜੀ ਲੱਗਦੇ ਸਨ, ਮੇਰੀ ਮਾਂ ਕੋਲ਼ ਬੈਠੇ ਦੇਖ ਕੇ ਸਾਡੇ ਕਾਲ਼ਜੇ ਧੜਕੇ ਅਤੇ ਘਬਰਾਹਟ ਨਾਲ਼ ਰੰਗ ਬੱਗੇ ਪੂਣੀ ਹੋ ਗਏ। ਜਦ ਮੈਂ ਅਤੇ ਤਾਰ ਪੁੱਠੇ ਪੈਰੀਂ ਵਾਪਸ ਭੱਜਣ ਲੱਗੇ ਤਾਂ ਭੂਆ ਜੀ ਦੇ ਮਿੱਠੇ ਬੋਲਾਂ ਨੇ ਸਾਨੂੰ ਬੰਨ੍ਹ ਮਾਰ ਲਿਆ, "ਆਜੋ ਪੁੱਤ, ਆਜੋ..! ਥੋਨੂੰ ਕੋਈ ਨੀ ਕੁਛ ਕਹਿੰਦਾ..!" ਭੂਆ ਦੇ ਸ਼ਾਂਤਮਈ ਬੋਲਾਂ ਨੇ ਸਾਡੀ ਧੜਕਦੀ ਕੌਡੀ ਸ਼ਾਂਤ ਕਰ ਦਿੱਤੀ ਅਤੇ ਅਸੀਂ ਸਾਊ ਜਿਹੇ ਬਣ ਕੇ ਭੂਆ ਜੀ ਦੇ ਮੰਜੇ ਕੋਲ਼ ਆ ਗਏ। ਸਾਡੇ ਮਨ ਦਾ ਡਰ ਇਕ ਇਹ ਹੀ ਸੀ ਕਿ ਸਾਨੂੰ ਕੁੱਕੜ ਕੱਛ ਵਿਚ ਦੇਈ ਜਾਂਦਿਆਂ ਨੂੰ ਅੱਧੇ ਪਿੰਡ ਨੇ ਦੇਖਿਆ ਸੀ ਅਤੇ ਹੁਣ ਘਰਦਿਆਂ ਦੇ ਤਲੈਂਬੜਾਂ ਦਾ ਖ਼ੌਫ਼ ਸਾਡਾ ਕਾਲ਼ਜਾ ਕੱਢੀ ਜਾ ਰਿਹਾ ਸੀ।
-"ਜਿਹੜੇ ਪੁੱਤ ਆਪਣੇ ਘਰੇ ਆਂਡੇ ਬਣਾਏ ਸੀ, ਉਹ ਤੁਸੀਂ ਕਿੱਥੋਂ ਲਿਆਏ...?" ਭੂਆ ਜੀ ਦਾ ਸਹਿਜ ਸੁਆਲ ਵੀ ਸਾਡੇ ਮੌਰਾਂ ਵਿਚ ਫ਼ੌਹੜੇ ਵਾਂਗ ਆ ਪਿਆ।
ਅਸੀਂ ਚੁੱਪ ਸੀ। ਕੀ ਉੱਤਰ ਦਿੰਦੇ...? ਜੇ ਟੂਣੇ ਦਾ ਜਿ਼ਕਰ ਕਰਦੇ ਸੀ ਤਾਂ ਸ਼ਾਮਤ ਆਉਣੀ ਲਾਜ਼ਮੀ ਸੀ ਅਤੇ ਸਾਡੇ ਮੋਛੇ ਪੈ ਜਾਣੇ ਸਨ। ਪੁਰਾਣੇ ਖਿ਼ਆਲਾਂ ਅਨੁਸਾਰ ਟੂਣਾਂ ਟੱਪ ਕੇ ਕਿਸੇ 'ਬਲਾਅ' ਨੂੰ ਦਾਹਵਤ ਦੇਣੀ ਸੀ। ਪਰ ਅਸੀਂ ਤਾਂ ਟੂਣੇ ਦਾ 'ਚਕਰਚੂੰਢਾ' ਕਰ ਦਿੱਤਾ ਸੀ ਅਤੇ ਕੁੱਕੜ ਕੱਛ ਵਿਚ ਲੈ, ਬੜੀ ਸ਼ਾਨ ਨਾਲ਼ ਸਾਰੇ ਪਿੰਡ ਵਿਚ ਘੁੰਮਦੇ ਰਹੇ ਸਾਂ! ਸਾਡਾ ਦਿਲ ਸੰਸੇ ਨਾਲ਼ ਲੋਟ-ਪੋਟਣੀਆਂ ਖਾ ਰਿਹਾ ਸੀ।
-"ਰਾਹ 'ਤੇ ਪਏ ਟੂਣੇ ਆਲ਼ੇ ਆਂਡੇ ਤੁਸੀਂ ਚੱਕੇ ਐ..?" ਮੇਰੀ ਮਾਂ ਦੇ ਅਗਲੇ ਸੁਆਲ ਦਾ ਅਗਨ-ਬਾਣ ਸਿੱਧਾ ਸਾਡੇ ਸਿਰ 'ਚ ਆ ਵੱਜਿਆ।
ਅਸੀਂ ਡਰ ਕੇ ਇਕ ਦੂਜੇ ਵੱਲ ਝਾਕੇ। ਬਿਨਾਂ ਸ਼ੱਕ ਟੂਣੇ ਵਾਲ਼ੀ ਗੱਲ ਸਾਰੇ ਪਿੰਡ ਵਿਚ 'ਦੰਦ-ਕਥਾ' ਬਣੀ ਹੋਈ ਸੀ ਅਤੇ ਉਸ ਨੂੰ 'ਖ਼ੁਰਦ-ਬੁਰਦ' ਕਰਨ ਦੇ ਮੁੱਖ ਦੋਸ਼ੀ ਅਸੀਂ ਬਣੇ ਹੋਏ ਸਾਂ ਅਤੇ ਲੋਕ ਭਾਂਤ-ਭਾਂਤ ਦੀਆਂ ਭਿਆਨਕ ਗੱਲਾਂ ਕਰ ਕੇ ਸਾਡੇ ਘਰਦਿਆਂ ਦੇ ਹੌਲ ਪਾਈ ਜਾ ਰਹੇ ਸਨ। ਕੋਈ ਆਖ ਰਿਹਾ ਸੀ ਕਿ ਇਹਨਾਂ ਨੇ ਟੂਣੇ ਨੂੰ ਲੱਤਾਂ ਮਾਰੀਆਂ ਤੇ ਕੁੱਕੜ ਚੁੱਕਿਆ, ਆਂਡੇ ਖਾਧੇ, ਥੋਡੇ ਜੁਆਕ ਹੁਣ ਨਹੀਂ ਬਚਦੇ। ਪਰ ਸਾਨੂੰ ਸਭ ਤੋਂ ਵੱਧ ਘਰਦਿਆਂ ਦੇ ਗੁੱਸੇ ਦਾ 'ਹਊਆ' ਡਰਾਈ ਜਾ ਰਿਹਾ ਸੀ।
-"ਤੇ ਖਾਧੇ ਵੀ ਭਾਬੀ ਇਹਨਾਂ ਨੇ ਈ ਐਂ...! ਨਿੱਜ ਨੂੰ ਜਾਣੇ ਕਿੱਡੇ ਬੇਡਰ ਐ..!" ਭੂਆ ਜੀ ਨੇ ਅਗਲੀ ਬਰਛੀ ਸਾਡੇ ਵੱਲ ਚਲਾਈ ਅਤੇ ਅਸੀਂ ਹੋਰ ਦਹਿਲ ਗਏ।
ਹੁਣ ਸਾਡੇ ਕੋਲ਼ ਇਕਬਾਲ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ।
ਅਸੀਂ ਮੰਨ ਗਏ ਕਿ ਟੂਣੇ ਦਾ ਮਲੀਆਮੇਟ ਵੀ ਅਸੀਂ ਕੀਤਾ ਸੀ ਅਤੇ ਆਂਡੇ ਵੀ ਅਸੀਂ ਹੀ ਚੁੱਕ ਕੇ ਖਾਧੇ ਸਨ।
-"ਤੇ ਉਹ ਕੁੱਕੜ ਕਿੱਥੇ ਐ ਪੁੱਤ..?" ਸਾਡੇ ਇਕਬਾਲੀਆ ਬਿਆਨਾਂ 'ਤੇ ਭੂਆ ਜੀ ਵੀ ਕੁਝ ਸੁਲ੍ਹਾ ਵਿਚ ਆ ਗਏ।
-"ਉਹ ਤਾਂ ਅਸੀਂ ਵੇਚਤਾ..!"
-"ਨ੍ਹੀ ਮੈਂ ਮਰਜਾਂ..! ਕਿੱਥੇ..? ਕੀਹਨੂੰ...?" ਪੁਲੀਸ ਰਿਮਾਂਡ ਵਾਲਿ਼ਆਂ ਵਾਂਗ ਸਾਡੇ ਵੱਲ ਸੁਆਲਾਂ ਦੀ ਬੁਛਾੜ ਆ ਰਹੀ ਸੀ।
-"ਵਿਹੜੇ ਵਾਲ਼ੇ ਬਾਗੀਆਂ ਨੂੰ..!"
-"ਕਿੰਨੇ ਦਾ...?"
-"ਪੈਸੇ ਕਿੱਥੇ ਐ...?"
ਛਿੱਤਰ-ਪੌਲਾ ਹੋਣ ਤੋਂ ਪਹਿਲਾਂ ਹੀ ਮੈਂ ਗੀਝੇ ਵਿਚੋਂ ਕੱਢ ਕੇ ਪੈਂਤੀ ਰੁਪਏ ਭੂਆ ਜੀ ਦੇ ਹੱਥ 'ਤੇ ਰੱਖ ਦਿੱਤੇ।
-"ਚਲੋ...! ਸਾਡੇ ਨਾਲ਼ ਚੱਲੋ...!" ਮੇਰੀ ਮਾਂ ਨੇ ਸਾਨੂੰ ਅਤੀਅੰਤ ਤਲਖੀ ਨਾਲ਼ ਕਿਹਾ।
-"ਕਿੱਥੇ..?" ਸਾਹ ਸਾਡੇ ਸੰਘ ਅੰਦਰ ਹੀ ਅੜ ਗਿਆ।
-"ਬਾਗੀਆਂ ਦੇ..! ਪੈਸੇ ਮੋੜ ਕੇ ਆਉਣੇ ਐਂ..! ਤੇ ਨਾਲ਼ੇ ਥੋਨੂੰ ਗੁਰਦੁਆਰੇ ਲੈ ਕੇ ਜਾਣੈਂ..! ਮੱਥਾ ਟਿਕਾਅ ਕੇ ਅਰਦਾਸ ਕਰਵਾਉਣੀ ਐਂ..!"
ਗੁਰਦੁਆਰੇ ਵਾਲ਼ੀ ਗੱਲ ਤਾਂ ਸਾਨੂੰ ਕੋਈ ਮਾੜੀ ਨਾ ਲੱਗੀ। ਪਰ ਪੈਸੇ ਵਾਪਸ ਕਰਨ ਵਾਲ਼ੀ ਗੱਲ ਨੇ ਸਾਡਾ ਲਹੂ ਪੀ ਲਿਆ।
ਸਾਡੀ ਦੁਚਿੱਤੀ ਜਿਹੀ ਦੇਖ ਕੇ ਮਾਂ ਨੇ ਮੇਰੀ ਡਰੂ ਰਗ ਫ਼ੜ ਲਈ।
-"ਜੇ ਨਾ ਪੈਸੇ ਮੋੜੇ, ਮੈਂ ਤੇਰੇ ਪਿਉ ਨੂੰ ਦੱਸੂੰਗੀ...! ਛੋਰ੍ਹ ਕਿੰਨੇ ਚਾਂਭਲ਼ੇ ਐ ਨ੍ਹੀ..! ਅੱਜ ਭੰਨਾਉਨੀ ਐਂ ਥੋਡੇ ਪਾਸੇ..! ਥੋਨੂੰ ਕਿਸੇ ਦਾ ਡਰ-ਭਉ ਈ ਨ੍ਹੀ ਰਿਹਾ..!"
'ਪਿਉ' ਦੇ ਨਾਂ ਨੂੰ ਅਸੀਂ ਭੂਆ ਅਤੇ ਮਾਂ ਦੇ ਅੱਗੇ ਲੱਗ ਤੁਰੇ ਅਤੇ ਬਾਗੀਆਂ ਦੇ ਪੈਂਤੀ ਰੁਪਏ ਵਾਪਸ ਕਰ ਦਿੱਤੇ। ਪੈਸੇ ਵਾਪਸ ਕਰਦਿਆਂ ਸਾਡਾ ਦਿਲ ਘਟਦਾ ਸੀ। ਪਰ ਵੱਸ ਕੋਈ ਨਹੀਂ ਸੀ। ਸਭ ਤੋਂ ਵੱਡਾ ਡਰ ਸਾਨੂੰ ਬਾਪੂ ਜੀ ਦੀ 'ਡਾਂਗ' ਦਾ ਸੀ। ਬਾਪੂ ਕੁੱਟਣ ਲੱਗਿਆ ਭੋਰਾ ਕਿਰਕ ਨਹੀਂ ਕਰਦਾ ਸੀ।
ਪੈਸੇ ਵਾਪਸ ਕਰਨ ਤੋਂ ਬਾਅਦ ਸਾਨੂੰ ਗੁਰਦੁਆਰੇ ਲਿਜਾਇਆ ਗਿਆ। ਮੱਥਾ ਟਿਕਾਅ ਕੇ ਗਿਆਨੀ ਜੀ ਤੋਂ ਅਰਦਾਸ ਵੀ ਕਰਵਾਈ ਅਤੇ ਅੱਗੇ ਵਾਸਤੇ ਸੁਮੱਤ ਬਖ਼ਸ਼ਣ ਲਈ ਗੁਰੂ ਮਹਾਰਾਜ ਅੱਗੇ ਬੇਤਨੀ ਵੀ ਹੋਈ। ਮੱਥਾ ਟੇਕਣ ਤੋਂ ਬਾਅਦ ਅਸੀਂ ਘਚਾਨੀਂ ਦੇ ਕੇ ਫਿ਼ਰ ਬਾਗੀਆਂ ਕੋਲ਼ ਆ ਗਏ ਅਤੇ ਆਪਣੇ ਪੈਂਤੀ ਰੁਪਏ ਵਾਪਸ ਮੰਗਣ ਲੱਗੇ। ਸਾਡੀ ਹਿੰਡ ਜਿਹੀ ਦੇਖ ਕੇ ਬਾਗੀ ਬੋਲਿਆ, "ਚਲੋ, ਇਹ ਪੈਸੇ ਮੈਂ ਥੋਡੇ ਘਰਦਿਆਂ ਨੂੰ ਈ ਮੋੜੂੰਗਾ..!" ਉਸ ਦੀ ਗੱਲ ਸੁਣ ਕੇ ਸਾਡੇ ਫਿ਼ਰ ਹਰਾਸ ਮਾਰੇ ਗਏ ਅਤੇ ਦਿਲ ਦੇ ਕੁੱਤੇ 'ਫ਼ੇਲ੍ਹ' ਹੁੰਦੇ ਲੱਗੇ। ਗੱਲ ਹੱਥੋਂ ਨਿਕਲ਼ਦੀ ਦੇਖ ਕੇ ਮੈਂ ਬਾਗੀ ਨੂੰ ਸੰਬੋਧਨ ਹੋਇਆ, "ਤਾਇਆ ਜੀ, ਤੁਸੀਂ ਇਉਂ ਕਰੋ..! ਅੱਧੇ ਪੈਸੇ ਤੁਸੀਂ ਰੱਖ ਲਓ ਤੇ ਅੱਧੇ ਸਾਨੂੰ ਦੇ ਦਿਓ..!"
-"ਚਲੋ ਮੈਂ ਥੋਨੂੰ ਪੰਦਰਾਂ ਰੁਪਈਏ ਦੇ ਦਿੰਨੈਂ, ਖ਼ੁਸ਼..?" ਤਾਏ ਨੇ ਵੀ ਸਾਨੂੰ ਬੇਵੱਸ ਜਿਹਾ ਦੇਖ ਕੇ ਪੈਂਤੜਾ ਮੱਲਿਆ।
-"ਚੱਲੋ ਲਿਆਓ ਤਾਇਆ ਜੀ..!" ਮੈਂ ਜਾਂਦੇ ਚੋਰ ਦੀ ਤੜਾਗੀ ਖਿੱਚਣ ਦੀ ਹੱਦ ਤੱਕ ਪਹੁੰਚ ਗਿਆ।
ਉਸ ਨੇ ਸਾਨੂੰ ਪੰਦਰਾਂ ਰੁਪਏ ਦੇ ਦਿੱਤੇ। ਅਸੀਂ ਹਾਰੇ ਹੋਏ ਜੁਆਰ੍ਹੀਏ ਵਾਂਗ ਮੂੰਹ ਜਿਹਾ ਲਟਕਾਈ ਵਾਪਸ ਆ ਗਏ।
-"ਯਾਰ ਆਪਣਾ ਕੁੱਕੜ ਭੰਗ ਦੇ ਭਾੜੇ ਈ ਗਿਆ..! ਐਵੇਂ ਅੱਧੀ ਰਾਤ ਦੇ ਮੇਰ ਜੀ ਕਰਦੇ ਫਿ਼ਰਦੇ ਸੀ..!" ਤਾਰ ਨੇ ਆਖਿਆ।
-"ਆਪਣਾ ਕੁੱਕੜ...!" ਮੈਂ ਵਿਅੰਗਮਈ ਹੱਸ ਪਿਆ, "ਆਪਣਾ ਕੁੱਕੜ ਕਿਹੜਾ ਬਾਪੂ ਆਲ਼ਾ ਸੀ..? ਚੱਲ ਛੱਡ ਤਾਰ..! ਆਪਣੀ ਕਿਹੜਾ ਮੂੰਗੀ ਵੇਚੀ ਵੀ ਸੀ..? ਟੂਣੇ ਆਲਿ਼ਆਂ ਦਾ ਕੁੱਕੜ, ਆਪਾਂ ਕਿਹੜਾ ਉਹਨੂੰ ਦਾਣਾਂ ਪਾਉਂਦੇ ਰਹੇ ਐਂ..? ਜਿੰਨੇ ਕੁ ਪੱਲੇ ਪਏ ਵਾਧੂ ਐ, ਅਗਲੇ ਹਫ਼ਤੇ ਫਿ਼ਲਮ ਦੇਖਾਂਗੇ..!" ਮੈਂ ਆਪਣੇ ਅਤੇ ਤਾਰ ਦੇ ਮਨ ਨੂੰ ਧਰਵਾਸ ਜਿਹਾ ਦੇਣ ਲਈ ਕਿਹਾ।
ਜਦ ਅਸੀਂ ਦੰਦੀਆਂ ਜਿਹੀਆਂ ਕੱਢਦੇ ਘਰੇ ਪਹੁੰਚੇ ਤਾਂ ਮਾਂ ਅਜੇ ਵੀ ਖਿਝੀ ਪਈ ਸੀ।
-"ਲੈ ਅੱਜ ਤਾਂ ਥੋਡੀ ਜਾਨ ਗਈ ਬਖ਼ਸ਼ੀ..! ਜੇ ਮੁੜ ਕੇ ਕਿਸੇ ਦਾ ਟੂਣਾਂ ਛੇੜਿਆ, ਸਿੱਧਾ ਤੇਰੇ ਪਿਉ ਨੂੰ ਦੱਸੂੰ..! ਉਹ ਤੋੜੂ ਤੇਰੀਆਂ ਪੱਸਲ਼ੀਆਂ..! ਕਿੰਨਾਂ ਛੋਰ੍ਹ ਮਸਤਿਐ ਇਹੇ..!" ਮਾਂ ਨੇ ਸਾਨੂੰ ਖ਼ਬਰਦਾਰ ਕੀਤਾ। ਪਰ ਅਗਲੇ ਹਫ਼ਤੇ ਫਿ਼ਲਮ ਦੇਖਣ ਦੇ ਚਾਅ ਨੇ ਸਾਨੂੰ ਪਈਆਂ ਗਾਲ਼ਾਂ ਦਾ ਅਹਿਸਾਸ ਭੁਲਾ ਦਿੱਤਾ।
ਮਾਂ ਦੀਆਂ ਅਜਿਹੀਆਂ ਪੁਰਾਣੀਆਂ ਯਾਦਾਂ ਉਸ ਦੀ ਬਰਸੀ ਦੇ ਨੇੜ-ਤੇੜ ਆ ਕੇ ਮੈਨੂੰ ਮੱਲੋਮੱਲੀ ਯਾਦ ਆ ਜਾਂਦੀਆਂ ਹਨ।

****

ਹੋਰ ਪੜੋ...

ਇਬਾਦਤ ਵਰਗਾ ਰਾਗ

ਤੇਰੀ ਰੂਹ ਨਿਰਮਲ, ਮਨੋਬਿਰਤੀ ਨਿਰਛਲ
ਤੇ ਤੇਰੀ ਸੋਚ ਨਿਰਕਪਟ, ਤੇਰਾ ਹਿਰਦਾ ਕੋਮਲ...
ਉਸ ਸਰਦ, ਚੰਨ-ਚਾਨਣੀ ਰਾਤ ਨੂੰ,
ਜਦ ਤੇਰੇ ਝੀਲ ਵਰਗੇ ਨੇਤਰਾਂ 'ਚ
ਨੀਝ ਲਾ ਕੇ ਤੱਕਿਆ ਮੈਂ,
ਤਾਂ ਮੈਨੂੰ
ਤੇਰੇ ਮਿਰਗ ਨੈਣਾਂ ਵਿਚ,

ਝਿਲਮਲਾਉਂਦੇ ਦਿਸੇ
ਮੋਹ ਦੇ ਚੰਨ ਅਤੇ ਸਿਤਾਰੇ,
ਜਗਮਗਾਉਂਦੇ ਲੱਗੇ
ਪ੍ਰੀਤ ਦੇ ਮਹਿਲ ਤੇ ਮੁਨਾਰੇ।
ਤੇਰੇ ਧੜਕਦੇ ਦਿਲ ਦਾ ਸੰਗੀਤ
ਮੇਰੀ ਗ਼ਮਾਂ ਦੀ ਪੱਤਝੜ ਨਾਲ਼
ਰੁੰਡ-ਮਰੁੰਡ ਹੋਈ
ਆਤਮਾਂ ਨੂੰ ਸ਼ਰਸ਼ਾਰ ਕਰ ਗਿਆ
ਤੇ ਦੇ ਗਿਆ ਮੋਹ-ਮੁਹੱਬਤ ਦੇ,
ਸਨੇਹ ਦਾ ਸਮਾਧਾਨ!
ਸਰਦ ਕਣੀਆਂ ਦੀ ਫ਼ੁਹਾਰ ਛਿੜਕ ਗਿਆ,
ਮੇਰੀ ਕਰੰਡ ਹੋਈ ਰੂਹ 'ਤੇ
ਹਮਦਰਦੀ ਦੀ ਮੱਲ੍ਹਮ ਲਾ ਗਿਆ ਮੇਰੇ,
ਫ਼ੱਟੜ ਹੋਏ ਪ੍ਰਾਣਾਂ 'ਤੇ
ਸੁਣਾ ਗਿਆ ਮੈਨੂੰ ਫ਼ੱਕਰ-ਫ਼ਕੀਰਾਂ ਦੀ,
ਇਬਾਦਤ ਵਰਗਾ ਰਾਗ
ਅਤੇ
ਮੈਨੂੰ ਇਸ਼ਕ ਦੇ ਰੰਗ-ਰਸ ਦੀ,
ਦੀ ਦੀਦ ਵੀ ਦਿਖਾ ਗਿਆ।
.....
ਚਿਰਾਂ ਤੋਂ ਭਟਕਦਾ ਫਿ਼ਰਦਾ ਸੀ
ਸੁੰਨੇ ਦਿਲ ਦੀ ਮਛਕ ਚੁੱਕੀ,
ਕਿਸੇ ਰੋਹੀ-ਬੀਆਬਾਨ ਵਿਚ
ਅੱਠੇ ਪਹਿਰ ਰਹਿੰਦਾ ਸੀ,
ਕਿਸੇ ਨੀਰਨੁਮਾਂ ਸਖ਼ੀ ਦੀ ਭਾਲ਼ ਵਿਚ!
ਪਰ ਕੀ ਪਤਾ ਸੀ?
ਕਿ ਤੂੰ ਤਾਂ ਮੈਨੂੰ ਮਿਲੇਂਗੀ
ਮਿਰਗ ਦੀ ਕਸਤੂਰੀ ਵਾਂਗ,
ਆਪਣੀ ਹੀ 'ਨਾਭੀ' ਵਿਚੋਂ!
ਜਦ ਤੇਰੀ ਉਪਕਾਰੀ ਝਲਕ
ਪਈ ਮੇਰੇ ਜਿ਼ਹਨ ਦੇ ਪਰਦੇ 'ਤੇ
ਤਾਂ ਮੈਨੂੰ ਸੰਯੋਗ ਦੇ ਅਰਥ ਸਮਝ ਆ ਗਏ।
ਤੇ ਮੇਰੇ ਵਿਰਾਨ ਫਿ਼ਰਦੇ ਦਿਮਾਗ ਦੇ,
ਜਿਉਣ ਜੋਕਰੀਏ, ਕਪਾਟ ਖੁੱਲ੍ਹ ਗਏ
ਅਤੇ ਮੇਰੀ ਵਰ੍ਹਿਆਂ ਦੀ ਤੜਪ,
ਸਦੀਵੀ ਆਨੰਦ ਵਿਚ ਬਦਲ ਗਈ!
.....
ਜਦ ਮੈਂ ਅੱਖਾਂ ਮੀਟ ਸਿਜ਼ਦਾ ਕੀਤਾ
ਤੇਰੀ ਸ੍ਰੇਸ਼ਠ ਰੂਹ ਨੂੰ,
ਤਾਂ ਦਰਸ਼ਣ ਹੋਏ ਮੈਨੂੰ
ਤੇਰੇ ਮਨ ਅੰਦਰਲੀ ਜੰਨਤ ਦੇ,
ਤਾਂ ਮੈਨੂੰ
ਬ੍ਰਹਿਮੰਡ ਦੀਆਂ ਸੱਤੇ ਬਹਿਸ਼ਤਾਂ
ਨਜ਼ਰ ਪਈਆਂ
ਤੇ ਅਨੇਕਾਂ ਧਰੂ-ਤਾਰਿਆਂ ਨੇ
ਅਚੇਤ ਹੀ ਗਲ਼ਵਕੜੀ ਆ ਪਾਈ।
ਤੇਰੇ ਹੋਠਾਂ ਤੋਂ ਕਿਰੀ ਮੁਸਕਾਨ,
ਮੇਰੀ ਸੱਖਣੀ ਝੋਲ਼ੀ ਭਰ ਗਈ।
ਤੇ ਮੈਂ ਸ਼ੁਕਰਗੁਜ਼ਾਰ ਨਜ਼ਰਾਂ ਨਾਲ਼,
ਅਰਸ਼ਾਂ ਵੱਲ ਝਾਤੀ ਮਾਰੀ,
ਤਾਂ ਤੇਰੀ ਰਹਿਮਤ ਦੇ ਭੰਡਾਰ
ਮੇਰੇ ਕਲ਼ਾਵੇ ਡਿੱਗਣ ਲਈ
ਅਭਿਲਾਸ਼ੀ ਸਨ।
.....
ਕਦੇ ਕਦੇ ਮੈਨੂੰ ਇਕ ਗੱਲ ਦੀ
ਸਮਝ ਨਹੀਂ ਪੈਂਦੀ,
ਕਿ ਹਜ਼ਾਰਾਂ ਸਾਲ ਰਿਖ਼ੀ-ਮੁਨੀ
ਕਰਦੇ ਰਹੇ ਜਪ-ਤਪ ਅਤੇ ਸੰਜਮ
ਜੰਗਲ-ਬੇਲਿਆਂ ਵਿਚ, ਰੁੱਖਾਂ ਹੇਠ ਬੈਠ
ਅਤੇ ਲਾਉਂਦੇ ਰਹੇ ਲਗਨ,
ਉਸ ਇਲਾਹੀ ਸਿਰਜਣਹਾਰ ਨੂੰ ਪਾਉਣ ਖਾਤਰ,
ਕੀ ਉਹਨਾਂ ਨੂੰ ਵੀ,
ਉਤਨਾਂ ਹੀ ਸਕੂਨ ਆਉਂਦਾ ਹੋਵੇਗਾ,
ਜਿੰਨਾਂ ਮੈਨੂੰ, ਤੇਰੇ ਦੀਦਾਰ ਕਰ ਕੇ ਆਉਂਦੈ?
ਕੀ ਉਹਨਾਂ ਨੂੰ ਵੀ,
ਮੁਕਤੀ ਪਾਉਣ ਦੀ ਉਤਨੀ ਹੀ ਅਪੇਖਿਆ
ਅਤੇ ਬੇਸਬਰੀ ਹੈ,
ਜਿੰਨੀ ਮੈਨੂੰ ਤੇਰੀ ਗਲਵਕੜੀ ਦੀ ਰਹਿੰਦੀ ਹੈ?
ਜੇ ਤੂੰ ਇਸ ਦੀ ਪ੍ਰੀਭਾਸ਼ਾ ਪੁੱਛੇਂ,
ਤਾਂ ਮੈਂ ਇਸ ਦਾ ਨਿਰੂਪਣ ਨਹੀਂ ਕਰ ਸਕਦਾ,
ਇਹ ਤਾਂ ਮਣੀ 'ਤੇ ਬੈਠੇ ਨਾਗ ਵਾਂਗ,
ਅਨੁਭਵ ਹੀ ਵੱਖਰਾ ਹੈ!
ਸੂਰਜ ਚੰਦਰਮਾਂ ਤਾਂ
ਇਕ ਦੂਜੇ ਦੇ ਲੈਣ-ਦੇਣਦਾਰ ਹਨ
ਪਰ ਆਪਾਂ ਤਾਂ ਵਿਸ਼ਾਲ ਆਕਾਸ਼ ਦੀ
ਬੁੱਕਲ਼ ਵਿਚ ਬਿਰਾਜੇ ਚਮਕਦੇ ਤਾਰਿਆਂ ਵਾਂਗ,
ਇਕ ਦੂਜੇ ਦੇ 'ਪੂਰਕ' ਹਾਂ!
.....
ਪ੍ਰੇਮ ਕਰਨ ਵਾਲਿ਼ਆਂ ਦੇ ਡੇਰੇ
ਜੱਗ ਦੀ ਸ਼ਰ੍ਹਾਅ ਤੋਂ ਦੂਰ ਹੀ ਹੁੰਦੇ ਨੇ
ਤੇ ਯਾਰਾਂ ਦੀ ਹੁੰਦੀ ਹੈ ਵੱਖਰੀ ਮਸੀਤ!
ਜੱਗ ਦੀਆਂ ਕਮੰਡਲ਼ੀਆਂ ਅੱਖਾਂ,
ਲੈਂਦੀਆਂ ਨੇ ਪ੍ਰਹਿਲਾਦ ਵਰਗਿਆਂ ਤੋਂ,
ਤੱਤੇ ਥੰਮ੍ਹ 'ਤੇ ਚਾੜ੍ਹ ਪ੍ਰੀਖਿਆ
ਤੇ ਜਾਂ ਹੋਲਿਕਾ ਵਾਂਗ, ਬੁੱਕਲ਼ ਵਿਚ ਬਿਠਾ,
ਅਗਨੀ 'ਚ ਸਾੜਨਾਂ ਲੋਚਦੇ ਨੇ!
ਪਰ ਜਿੰਨ੍ਹਾਂ ਅੰਦਰ ਸੱਚੀ ਤੜਪ ਹੋਵੇ,
ਉਹ ਤਾਂ ਸੱਜਣ ਨੂੰ ਪੱਥਰ ਵਿਚੋਂ ਵੀ
ਪਾ ਲੈਂਦੇ ਨੇ!
ਡੁੱਬਦੇ ਪੱਥਰਾਂ ਨੂੰ ਤਾਰਨ ਦੀ
ਸਮਰੱਥਾ ਵੀ ਉਹੀ ਰੱਖਦੇ ਨੇ,
ਜਿੰਨ੍ਹਾਂ ਅੰਦਰ ਸਾਧਨਾਂ ਦੀ ਲਿਵ ਹੁੰਦੀ ਹੈ!
.....
ਪੁੱਛਣਾ ਹੋਵੇ ਬਲੀ ਚੜ੍ਹਨ ਵਾਲ਼ੇ ਬੱਕਰੇ ਨੂੰ,
ਕਿ ਕੀ ਤੈਨੂੰ ਸੁਣਦੀਆਂ ਨੇ
ਪੜ੍ਹੀਆਂ ਜਾਣ ਵਾਲ਼ੀਆਂ ਕਲਮਾਂ?
ਯਾਦ ਆਉਂਦੇ ਨੇ ਤੈਨੂੰ
ਪਿੱਛੇ ਛੱਡ ਜਾਣ ਵਾਲ਼ੇ ਰਿਸ਼ਤੇ?
ਰੱਬ ਨੂੰ ਖ਼ੁਸ਼ ਕਰਨ ਵਾਲਿ਼ਆਂ ਦਾ ਸਿਧਾਂਤ
ਜੀਭ ਦੇ ਚਸਕੇ ਦੀ ਲਾਲਸਾ ਹੀ ਰੱਖਦਾ ਹੈ?
ਜਾਂ ਸਿਰਫ਼ ਤੇਰੇ ਗਲ਼ 'ਤੇ ਫਿ਼ਰਨ ਵਾਲ਼ੀ ਛੁਰੀ ਦੀ,
ਬਿਰਥਾ ਹੀ ਪੀੜ ਦੀ ਧੁਨੀ ਸੁਣਾਉਂਦੀ ਹੈ?
ਪੁੱਛੀਂ ਕਦੇ ਸ਼ਮਸ ਤਬਰੇਜ਼ ਨੂੰ
ਕਿ ਤੈਨੂੰ ਪੁੱਠੀ ਖੱਲ ਲੁਹਾਉਣ ਤੋਂ ਬਾਅਦ,
'ਅਨ-ਉੱਲ-ਹੱਕ' ਉਚਾਰਨ ਦੀ
ਦ੍ਰਿੜਤਾ ਕਿਸ ਨੇ ਦਿੱਤੀ ਸੀ?
.....
ਬਰਸਾਂ ਤੋਂ ਪਿਆਸਾ, ਜਦ ਤੇਰੇ ਖ਼ੂਹ 'ਤੇ ਆਇਆ
ਮੌਣ 'ਤੇ ਆ ਕੇ ਵੇਖਿਆ,
ਨਿਰਮਲ ਪਾਣੀ ਨੇ ਮੈਨੂੰ ਦਾਅਵਤ ਦਿੱਤੀ
ਤੇ ਜਤਾਈ ਆਪਣੀ ਹਾਰਦਿਕ ਅਪਣੱਤ
ਤਾਂ ਮੈਂ ਯੁੱਗਾਂ-ਜੁਗਾਂਤਰਾਂ ਦੀ ਤ੍ਰਿਖ
ਤੇਰੇ ਮੁਬਾਰਕ ਬੁੱਕਾਂ ਵਿਚੋਂ ਬੁਝਾਈ!
ਦੁਨੀਆਂ ਕਿਸੇ 'ਇਕ' ਸੱਜਣ ਦੇ
ਲੜ ਲੱਗ ਕੇ ਤੁਰ ਪਵੇ,
ਤਮਾਮ ਝਗੜੇ-ਝੇੜੇ ਹੀ ਖ਼ਤਮ ਹੋ ਜਾਣ!
ਰਹਿਣ ਨਾ 'ਤੇਰ-ਮੇਰ' ਤੇ ਸੀਮਾਵਾਂ
...ਤੇ ਖ਼ਤਮ ਹੋ ਜਾਵੇ 'ਮੈਂ-ਤੂੰ'
ਤੇਰੀ ਬੁੱਕਲ਼ ਦਾ ਨਿੱਘ ਮੈਨੂੰ
ਕਿਸੇ ਦੀ ਅਰਾਧਨਾਂ ਦੀ ਹੀ ਤਾਂ ਯਾਦ ਦਿਵਾਉਂਦਾ ਹੈ!

ਹੋਰ ਪੜੋ...

ਸੱਘੇ ਅਮਲੀ ਦਾ ਸਵੰਬਰ

ਪਿੰਡ ਦੇ ਬੋਹੜ ਹੇਠ ਅਮਲੀਆਂ ਦੀ ਮਹਿਫ਼ਲ ਸਜੀ ਹੋਈ ਸੀ। ਕਿਸੇ ਹੱਥ ਨਸਵਾਰ ਦੀ ਡੱਬੀ ਅਤੇ ਕਿਸੇ ਹੱਥ ਜਰਦੇ ਦੀ ਪੁੜੀ ਫ਼ੜੀ ਹੋਈ ਸੀ। ਫ਼ੱਤੂ ਅਮਲੀ ਦੇ ਨਸ਼ੇ ਦੀ ਸੂਈ ਖ਼ਤਰੇ ਵਾਲ਼ੇ ਨਿਸ਼ਾਨ ਤੱਕ ਪਹੁੰਚੀ ਹੋਈ ਸੀ। ਉਸ ਦੇ ਨਾਲ਼ ਬੈਠਾ ਸੱਘਾ ਵੀ ਊਂਘੀ ਜਾ ਰਿਹਾ ਸੀ। ਪਤਾ ਨਹੀਂ ਉਸ ਨੇ ਕੀ ਖਾ ਲਿਆ ਸੀ?
-"ਲੈ ਬਈ ਗੱਲ ਸੁਣ ਲਓ ਇੱਕ..!" ਘੁੱਕਰ ਨੇ ਜਰਦਾ ਬੁੱਲ੍ਹਾਂ ਵਿਚ ਧਰਦਿਆਂ ਸਾਰਿਆਂ ਨੂੰ ਕੰਨ ਜਿਹੇ ਕੀਤੇ। ਪਿੱਛੋਂ ਉਸ ਨੇ ਝਾਫ਼ੇ ਵਰਗੀ ਦਾੜ੍ਹੀ 'ਤੇ ਬੜੀ ਬੇਕਿਰਕੀ ਨਾਲ਼ ਹੱਥ ਫ਼ੇਰਿਆ ਸੀ।
-"ਬੋਲ...?" ਗਿੱਦੜ ਹੁਆਂਕਣ ਵਾਂਗ ਸਾਰੇ ਇਕ ਦਮ ਬੋਲੇ।
-"ਸਾਡੇ ਆਲ਼ੇ ਪਾੜ੍ਹੇ ਛੋਕਰੀ ਦੇਣੇ ਨੇ ਉਹ ਛੱਜ ਜਿਆ ਲੁਆ ਲਿਆ ਕੋਠੇ 'ਤੇ, ਤੇ ਅੱਜ ਕੱਲ੍ਹ ਹੋਰ ਈ ਪ੍ਰੋਗਰਾਮ ਦੇਂਹਦੈ ਨਿੱਤ ਟੈਲੀਬੀਜਨ 'ਤੇ..!"
-"ਉਹ ਕਿਹੜੇ..? ਦੇਖੀਂ ਕਿਤੇ ਕਲੋਟੇ ਜੇ ਪ੍ਰੋਗਰਾਮ ਦੇਖ ਕੇ ਤੂੰ ਵੀ ਨਾ ਵਿਗੜ ਜੇਂ..?" ਦਲੀਪ ਡਰਿਆਂ ਵਾਂਗ ਬੋਲਿਆ।
-"ਇਕ ਤਾਂ ਆਉਂਦਾ ਹੁੰਦਾ ਸੀ ਰਾਖੀ ਕਾ ਸਬੰਬਰ..!" ਕਿਸੇ ਨੇ ਕਿਹਾ।
-"ਕੀਹਦਾ ਸਤੰਬਰ..?" ਬੋਲ਼ੇ ਨੇ ਅੱਭੜਵਾਹਿਆਂ ਵਾਂਗ ਪੁੱਛਿਆ।
-"ਸਤੰਬਰ ਨ੍ਹੀ ਉਏ ਗਿੱਡਲ਼ਾ..! ਸਬੰਬਰ..! ਸਬੰਬਰ..!" ਧੂਤੂ ਨੇ ਉਸ ਦੀ ਧੌਣ 'ਤੇ ਧੱਫ਼ੀ ਜਿਹੀ ਮਾਰੀ।
-"ਉਹ ਕੀ ਹੁੰਦੈ..?" ਗੱਲ ਅਮਲੀ ਦੇ ਸਿਰ ਉਪਰੋਂ ਰਾਕਟ ਵਾਂਗ ਲੰਘ ਗਈ।
-"ਉਹ ਹੁੰਦੈ, ਜਦੋਂ ਵੱਡੇ ਲੋਕ ਕੁੜੀਆਂ ਦਾ ਬਿਆਹ ਕਰਦੇ ਐ, ਤਾਂ ਸਵੰਬਰ ਰਚਾਉਂਦੇ ਐ ਚਾਚਾ..!" ਦੂਰ ਤਖ਼ਤਪੋਸ਼ 'ਤੇ ਬੈਠਾ ਪਾੜ੍ਹਾ ਬੋਲਿਆ।
-"ਬੜੀ ਲਹੁਡੀ ਦੇਣੇ ਐ ਬਈ ਫ਼ੇਰ ਤਾਂ..!"
-"ਉਏ ਛੋਛੇ ਕਰਦੇ ਐ, ਛੋਛੇ..! ਜੇ ਰੱਬ ਸਾਨੂੰ ਇਕ ਅੱਧੀ ਬਗਛ ਦਿੰਦਾ, ਮੈਂ ਤਾਂ ਛੈਂਕਲ 'ਤੇ ਬਿਠਾ ਕੇ ਈ ਲੈ ਆਉਂਦਾ..! ਪਰ ਸਹੁਰੇ ਨੇ ਬਿਆਹ ਆਲ਼ੀ ਲੀਕ ਈ ਨ੍ਹੀ ਵਾਹੀ ਸਾਡੀ ਕਿਛਮਤ 'ਚ..! ਸਾਡੇ ਵਾਰੀ ਪਤਾ ਨ੍ਹੀ ਸਾਲ਼ੇ ਨੂੰ ਕੀ ਮਰੋੜੇ ਲੱਗੇ ਵੇ ਸੀ, ਲੋਕ ਦੋ-ਦੋ ਲਈ ਬੈਠੇ ਐ..!"
-"ਕੀ ਗੱਲਾਂ ਚੱਲ ਰਹੀਐਂ..?" ਦੂਰੋਂ ਆਉਂਦੇ ਘੁੱਕਰ ਨੇ ਆਪਣਾ ਚਾਦਰਾ ਗੋਡਿਆਂ ਦੇ ਸੰਨ੍ਹ ਵਿਚ ਲੈਂਦਿਆਂ ਪੁੱਛਿਆ।
-"ਤੇਰੇ ਸਵੰਬਰ ਰਚਾਉਣ ਦੀਆਂ ਸਕੀਮਾਂ ਕਰਦੇ ਐਂ..!" ਪਾੜ੍ਹੇ ਨੇ ਉੱਤਰ ਦਿੱਤਾ।
-"ਕੀ ਰਚਾਉਣ ਦੀਆਂ..?"
-"ਤੇਰੇ ਵਿਆਹ ਦੀਆਂ ਚਾਚਾ..!"
-"ਤੇਰੇ ਮੂੰਹ ਘਿਉ ਸ਼ੱਕਰ ਉਏ ਜਿਉਣ ਜੋਕਰਿਆ..! ਗੱਲ ਸੁਣ ਕੇ ਮੈਂ ਤਾਂ ਡਰ ਈ ਗਿਆ ਸੀ..!"
-"ਕਿਉਂ ਚਾਚਾ..?"
-"ਮੈਂ ਸੋਚਿਆ ਕਿਤੇ ਕੰਜਰ ਮੇਰੇ ਅੰਤਮ ਛਛਕਾਰ ਦੀਆਂ ਤਿਆਰੀਆਂ ਕਰਦੇ ਐ..!" ਘੁੱਕਰ ਹਲਕਾ ਜਿਹਾ ਹੋ ਕੇ ਬੋਲਿਆ।
ਹਾਸੜ ਮੱਚ ਗਈ।
-"ਲੈ ਬਈ ਅਮਲੀਓ..! ਥੋਨੂੰ ਕੁਛ ਨਾ ਕੁਛ ਜ਼ਰੂਰ ਕਰਨਾਂ ਚਾਹੀਦੈ..! ਜੇ ਚੱਲੋਂਗੇ, ਤਾਂ ਹੀ ਪਹੁੰਚੋਂਗੇ..!"
-"ਕੀ ਕਰੀਏ? ਕੋਈ ਬੱਸ ਨ੍ਹੀ ਚੱਲਦਾ, ਤੀਮੀਂ ਤਾਂ ਸਾਡੇ ਕੋਲ਼ੋਂ ਫ਼ਰਲਾਂਗ ਦੀ ਵਿੱਥ ਪਾ ਕੇ ਲੰਘਦੀ ਐ..! ਅਸੀਂ ਤਾਂ ਕੋਹੜ੍ਹੀਆਂ ਨਾਲ਼ੋਂ ਭੈੜ੍ਹੇ ਹੋਏ ਪਏ ਐਂ..!"
-"ਚਾਚਾ, ਤੁਸੀਂ ਕਰੋ ਹਿੰਮਤ..! ਤੁਸੀਂ ਇਕ ਅੱਧੇ ਅਮਲੀ ਦਾ ਸਵੰਬਰ ਰਚਾਓ, ਮੱਦਦ ਥੋਡੀ ਮੈਂ ਕਰੂੰ..!" ਪਾੜ੍ਹੇ ਨੇ ਹਿੱਕ ਥਾਪੜ ਦਿੱਤੀ।
-"ਹੁਣ ਤੱਕ ਤਾਂ ਕੀਤੀ ਨ੍ਹੀ..! ਹੁਣ ਐਸ ਉਮਰ 'ਚ ਸਤੰਬਰ ਰਚਾਉਂਦੇ ਚੰਗੇ ਲੱਗਾਂਗੇ..?" ਸੱਘੇ ਦਾ ਕਾਲ਼ਜਾ ਡੋਲਿਆ।
-"ਸਤੰਬਰ ਨ੍ਹੀ ਚਾਚਾ, ਸਵੰਬਰ ਹੁੰਦੈ..!"
-"ਚੱਲ ਕੁਛ ਹੋਇਆ, ਕਰਨਾ ਤਾਂ ਕੁੱਤ ਪੌਅ ਈ ਐ..!"
-"ਚਲੋ, ਦੇਰ ਆਏ ਦਰੁਸਤ ਆਏ..! ਜੋ ਕੰਮ ਪਹਿਲਾਂ ਨਹੀਂ ਹੋ ਸਕਿਆ, ਉਹ ਹੁਣ ਕਰ ਲਓ!"
-"ਸਾਰਿਆਂ ਦਾ ਕਿਵੇਂ ਹੋਊ..?"
-"ਅਜੇ ਇਕ ਦਾ ਰਚਾ ਕੇ ਦੇਖ ਲਓ, ਬਾਕੀਆਂ ਦਾ ਬੰਦੋਬਸਤ ਫ਼ੇਰ ਕਰਲਾਂਗੇ..!"
ਖ਼ੈਰ, ਸਕੀਮ ਬਣ ਗਈ। ਅਮਲੀ ਵੀ ਸਹਿਮਤ ਹੋ ਗਏ। ਸੱਘੇ ਨੂੰ ਨਹਾਉਣ ਦੀ ਤਿਆਰੀ ਹੋ ਗਈ, "ਕੰਜਰ ਤਿੰਨ ਮਹੀਨਿਆਂ ਤੋਂ ਨ੍ਹਾਤਾ ਨ੍ਹੀ, ਇਹਨੂੰ ਮਲ਼ ਮਲ਼ ਕੇ ਨੁਹਾਓ ਪਹਿਲਾਂ! ਇਹਦੇ ਕੋਲ਼ੇ ਤਾਂ ਸਾਲ਼ਾ ਕੋਈ ਕੁੱਤਾ ਨੀ ਬਹਿੰਦਾ..!" ਧੂਤੂ ਨੇ ਆਖਿਆ।
-"ਨਹਾਉਣ ਤੋਂ ਪਹਿਲਾਂ ਮੇਰੇ ਗੋਲ਼ੀ ਮਾਰ ਦਿਓ, ਖਸਮੋਂ..!" ਸੱਘਾ ਪਿੱਟਿਆ। ਉਹ ਨਹਾਉਣ ਤੋਂ ਤੀਰ ਵਾਂਗ ਚੱਲਦਾ ਸੀ।
-"ਨਾਲ਼ੇ ਸਾਲੇ ਦਾ ਸਤੰਬਰ ਬਣਾਉਨੇ ਐਂ, ਹੁਣ ਸਾਲ਼ਾ ਨ੍ਹਾਉਣ ਤੋਂ ਵੀ ਭੱਜਦੈ..! ਗਧੇ ਨੂੰ ਦਿੰਦੇ ਸੀ ਨੂਣ, ਕਹਿੰਦਾ ਮੇਰੇ ਕੰਨ ਪਾੜਦੇ ਐ..! ਚੱਲ ਖੜ੍ਹਾ ਹੋ..!" ਧੂਹ ਕੇ ਅਮਲੀ ਯੂਨੀਅਨ ਉਸ ਨੂੰ ਪਸ਼ੂਆਂ ਵਾਲ਼ੇ ਵਾੜੇ ਲੈ ਗਈ ਅਤੇ ਕੁਰਲਾਉਂਦੇ ਅਮਲੀ ਨੂੰ ਮਲ਼-ਮਲ਼ ਸਾਬਣ ਨਾਲ਼ ਨਹਾਉਣਾ ਸ਼ੁਰੂ ਕਰ ਦਿੱਤਾ। ਕੋਈ ਝਾਵਾਂ ਲੈ ਕੇ ਅਮਲੀ ਦੇ ਗਿੱਟੇ ਰਗੜ ਰਿਹਾ ਸੀ ਅਤੇ ਕੋਈ ਕੂਹਣੀਆਂ!
-"ਉਏ ਆਹ ਹੇਠੋਂ ਪੀਲ਼ਾ ਜਿਆ ਕੀ ਨਿਕਲ਼ਦਾ ਆਉਂਦੈ..?" ਅਮਲੀ ਦੀ ਮੈਲ਼ ਥੱਲਿਓਂ ਉਹਨਾਂ ਨੂੰ ਕੁਝ ਨਜ਼ਰੀਂ ਪਿਆ।
-"ਉਏ ਕੰਜਰ ਦਿਓ, ਇਹ ਤਾਂ ਬਨੈਣ ਐਂ...! ਸਾਲ਼ਾ ਨ੍ਹਾਤਾ ਚਾਨਣੀ ਦਿਵਾਲ਼ੀ ਦਾ ਹੋਊ..! ਪਤਾ ਨ੍ਹੀ ਕਦੋਂ ਦਾ ਪਾਈ ਫਿ਼ਰਦੈ..!" ਜੂਪੇ ਨੇ ਖਿੱਚ ਕੇ ਅਮਲੀ ਦੀ ਬੁਨੈਣ ਲਾਹੁੰਦਿਆਂ ਕਿਹਾ, "ਦੇਖ ਸਾਲ਼ੇ ਨੂੰ ਬਨੈਣ ਪਾਈ ਦਾ ਵੀ ਪਤਾ ਨ੍ਹੀ ਚੱਲਿਆ..! ਕਿੱਡਾ ਦਲਿੱਦਰੀ ਐ..!"
-"ਤੂੰ ਤਾਂ ਮੈਂ ਕਹਿੰਨੈ ਨਿੱਤ ਪੰਜ ਛਨਾਨਾ ਕਰਦਾ ਹੋਵੇਂਗਾ..? ਮੇਰੇ ਮੂੰਹੋਂ ਕੁਛ ਹੋਰ ਨਿਕਲ਼ ਚੱਲਿਆ ਸੀ..!"
-"ਸਤੰਬਰ ਤੇਰਾ ਮਨਾਉਣ ਲੱਗੇ ਐਂ, ਮੇਰਾ ਨ੍ਹੀ, ਸਾਲ਼ਾ ਮਲੰਗ..!"
-"ਉਏ ਖਸਮੋਂ ਮੈਨੂੰ ਤਾਂ ਕਾਂਬਾ ਲੱਗਣ ਲੱਗ ਪਿਆ, ਭੋਰਾ ਮਾਵਾ ਦਿਓ..!" ਅਮਲੀ ਦੇ ਦੰਦ ਵੱਜੀ ਜਾ ਰਹੇ ਸਨ।
-"ਸਾਲਿ਼ਆ ਕਾਂਬਾ ਲੱਗਣਾ ਈ ਸੀ..! ਰਜਾਈ ਦੇ ਭਾਰ ਜਿੰਨੀ ਤਾਂ ਤੇਰੀ ਮੈਲ਼ ਲਾਹਤੀ..!"
ਅਮਲੀ ਯੂਨੀਅਨ ਨੇ ਅਮਲੀ ਨੂੰ ਨੁਹਾ ਧੁਆ ਕੇ ਰੰਦੇ ਬਾਲੇ ਵਰਗਾ ਕੱਢ ਲਿਆ। ਸਰ੍ਹੋਂ ਦਾ ਤੇਲ ਲਾ ਕੇ ਅਮਲੀ ਚੋਪੜੇ ਸਿੰਗਾਂ ਵਾਲ਼ੀ ਮੱਝ ਵਾਂਗ ਲਿਸ਼ਕਣ ਲੱਗ ਪਿਆ। ਪਟੜੀਫ਼ੇਰ ਸਾਰੇ ਅਮਲੀਆਂ ਨੂੰ ਅਮਲੀ ਦੇ ਸਵੰਬਰ ਬਾਰੇ ਢੰਡੋਰਾ ਪਿਟਵਾ ਦਿੱਤਾ ਅਤੇ ਛੱਡੀਆਂ ਛੁਡਾਈਆਂ ਅੱਧਖੜ੍ਹ ਬੀਬੀਆਂ ਨੂੰ ਵੀ ਕਨਸੋਅ ਕਰ ਦਿੱਤੀ ਗਈ। ਅਮਲੀ ਦੇ ਐਡਰੈੱਸ 'ਤੇ 25-25 ਪੈਸੇ ਦੇ 'ਦੇਸੀ' ਕਾਰਡ ਆਉਣ ਲੱਗ ਪਏ। ਜਦ ਡਾਕੀਆ ਕਾਰਡ ਦੇਣ ਆਇਆ ਕਰੇ ਤਾਂ ਅਮਲੀ ਬੇਪ੍ਰਵਾਹ ਹੋਇਆ ਆਖ ਦਿਆ ਕਰੇ, "ਇਹ ਕਾਅਟ ਮੇਰਾ ਨ੍ਹੀ, ਕਿਸੇ ਦਾ ਹੋਰ ਹੋਣੈਂ ਭਾਈ..! ਮੈਨੂੰ ਤਾਂ ਸਾਰੀ ਉਮਰ ਕੁਰਕੀ ਦੇ ਕਾਗਤਾਂ ਤੋਂ ਬਿਨਾਂ ਕਿਸੇ ਕੰਜਰ ਦੀ ਚਿੱਠੀ ਨ੍ਹੀ ਆਈ..!"
ਪਰ ਪਾੜ੍ਹਾ ਕਾਰਡ ਪੜ੍ਹ ਕੇ ਅਮਲੀ ਦੀਆਂ ਬਣਨ ਵਾਲ਼ੀਆਂ 'ਪਤਨੀਆਂ' ਲਈ ਸਮਾਂ 'ਮੁਕੱਰਰ' ਕਰਨ ਲੱਗ ਪਿਆ।
ਸਭ ਤੋਂ ਪਹਿਲਾਂ ਵਾਰੀ ਆਈ ਚੇਤੋ ਦੀ। ਚੇਤੋ ਨੂੰ ਆਪਣੇ ਘਰ ਆਈ ਦੇਖ ਕੇ ਅਮਲੀ ਕੱਟਰੂ ਵਾਂਗ ਧੁਰਲ਼ੀ ਮਾਰ ਕੇ ਮੰਜੀ ਤੋਂ ਉਠਿਆ। ਪਰ ਪਾੜ੍ਹੇ ਨੇ ਫ਼ੜ ਕੇ ਬਿਠਾ ਲਿਆ, "ਸ਼ਾਂਤੀ..! ਸ਼ਾਂਤੀ ਚਾਚਾ..! ਸ਼ਾਂਤੀ..!"
-"ਨਾਂ ਬੜਾ ਹਾਲ੍ਹੇ ਦੈ ਬਈ..? ਸ਼ਾਂਤੀ...! ਹਾਏ ਸ਼ਾਂਤੀ..! ਮੈਨੂੰ ਤਾਂ ਇਹੀ ਮਨਜੂਰ ਐ..! ਕੀੜੀ ਲਈ ਠੂਠਾ ਈ ਦਰਿਆ ਐ ਭਾਈ..!" ਅਮਲੀ ਦੇ ਮਨ ਨੂੰ ਵੀ ਸ਼ਾਂਤੀ ਆ ਗਈ ਸੀ।
-"ਇਹਦਾ ਨਾਂ ਸ਼ਾਂਤੀ ਨੀ ਪਤੰਦਰਾ..! ਮੈਂ ਤੈਨੂੰ ਸ਼ਾਂਤੀ ਰੱਖਣ ਵਾਸਤੇ ਹੱਥ ਜੋੜਦੈਂ..! ਅਜੇ ਹੋਰ ਬਹੁਤ ਆਉਣਗੀਆਂ, ਤੂੰ ਆਪਦੇ ਕੁੱਤੇ ਜੇ ਫ਼ੇਲ੍ਹ ਨਾ ਕਰ..!" 'ਹੋਰ' ਸੁਣ ਕੇ ਅਮਲੀ ਦੀ ਧਰਨ ਟਿਕਾਣੇ ਆ ਗਈ ਅਤੇ ਉਹ ਸਾਊ ਬਲ਼ਦ ਵਾਂਗ ਮੰਜੀ 'ਤੇ ਫਿ਼ਰ ਬਿਰਾਜ ਗਿਆ। ਪਾੜ੍ਹੇ ਨੇ ਚੇਤੋ ਦੀ 'ਇੰਟਰਵਿਊ' ਕਰਨੀ ਸ਼ੁਰੂ ਕਰ ਦਿੱਤੀ।
-"ਕੀ ਨਾਂ ਐਂ ਜੀ ਆਪਣਾ..?"
-"ਵੇ ਭਾਈ ਬੇਬੇ ਨੇ ਤਾਂ ਰੀਝ ਨਾਲ਼ ਹਰਚੇਤ ਕੁਰ ਰੱਖਿਆ ਸੀ, ਪਰ ਟੁੱਟ ਪੈਣੇ ਲੋਕਾਂ ਨੇ ਚੇਤੋ ਈ ਆਖਣਾ ਸ਼ੁਰੂ ਕਰਤਾ..! ਊਂ ਮੇਰਾ ਚੇਤਾ ਵੀ ਚੰਗੈ ਭਾਈ, ਸ਼ੈਂਦ ਇਸ ਕਰਕੇ ਮੈਨੂੰ ਚੇਤੋ ਦੱਸਦੇ ਹੋਣ?"
-"ਕਿੰਨੀ ਉਮਰ ਐ ਜੀ ਤੁਹਾਡੀ..?"
-"ਵੇ ਉਮਰ-ਅਮਰ ਦਾ ਤਾਂ ਭਾਈ ਮੈਨੂੰ ਪਤਾ ਨ੍ਹੀ, ਪਰ ਮੇਰੀ ਬੇਬੇ ਦੱਸਦੀ ਸੀ ਬਈ ਮੇਰਾ ਜਨਮ ਹੱਲੇ ਗੁੱਲੇ ਵੇਲ਼ੇ ਦੈ..!" ਚੇਤੋ ਨੇ ਤੁਰੰਤ ਉੱਤਰ ਮੋੜਿਆ।
-"ਠੀਕ ਐ..! ਤੁਹਾਡਾ ਸਰੀਰ ਅਜੇ ਵੀ ਹੱਟਾ ਕੱਟਾ ਪਿਐ, ਕੋਈ ਯੋਗਾ ਬਗੈਰਾ ਕਰਦੇ ਹੁੰਨੇ ਐਂ..?"
-"ਵੇ ਮੈਂ ਜੋਗਾ ਕਿੱਥੇ ਕਰਨਾ ਸੀ ਭਾਈ..? ਮੈਂ ਤਾਂ 'ਕੱਲਾ ਬਖਤੌਰਾ ਈ ਕੀਤਾ ਸੀ, ਖੌਂਸੜੇ ਤੋਂ ਡਰਦਾ ਘਰੋਂ ਭੱਜਿਆ, ਟੁੱਟ ਪੈਣਾਂ ਹੁਣ ਤੱਕ ਨ੍ਹੀ ਬਹੁੜਿਆ..! ਮੇਰੇ ਚਲਾਏ ਹਾਥੀ ਤਾਂ ਭਾਈ ਅਜੇ ਅਸਮਾਨੋਂ ਨ੍ਹੀ ਮੁੜੇ..! ਮੈਂ ਤਾਂ ਡੂਮਣੇ ਮਖਿਆਲ਼ ਤੋਂ ਵੀ ਭੈੜ੍ਹੀ ਐਂ...!" ਚੇਤੋ ਦੇ ਦੱਸਣ 'ਤੇ ਅਮਲੀ ਨੂੰ ਦੌਰਾ ਪੈਣ ਵਾਲ਼ਾ ਹੋ ਗਿਆ। ਪਰ ਪਾੜ੍ਹੇ ਦੇ ਗੁੱਝਾ ਗੋਡਾ ਦੱਬਣ 'ਤੇ ਉਹ ਫਿ਼ਰ ਸੁਰਤ ਫ਼ੜ ਗਿਆ।
-"ਘਰ ਦੇ ਕੰਮ ਕਾਰ 'ਚ ਕਿੰਨੇ ਕੁ ਨਿਪੁੰਨ ਓਂ..?"
-"ਵੇ ਪੁੰਨ-ਪੰਨ ਦਾ ਤਾਂ ਭਾਈ ਮੈਨੂੰ ਚੇਤਾ ਨ੍ਹੀ, ਪਰ ਤੂੰ ਇਉਂ ਦੇਖਲਾ ਬਈ ਮੈਂ ਸਾਡੇ ਅੜਬ ਵਹਿੜਕੇ ਨੂੰ ਧੌਣੋਂ ਫ਼ੜ ਕੇ ਵਿਹੜੇ 'ਚ ਸਿੱਟ ਲੈਨੀ ਆਂ, ਬੰਦਾ ਤਾਂ ਮੇਰੇ ਕੀ ਯਾਦ ਐ..? ਮੈਂ ਤਾਂ ਗੋਡਿਆਂ ਥੱਲੇ ਲੈ ਕੇ ਪੂਰੇ ਸੌ ਦੀ ਗਿਣਤੀ ਕਰਵਾਉਨੀ ਐਂ..! ਇਕ ਦਿਨ ਸਾਡੇ ਘਰੇ ਚੋਰ ਆ ਗਿਆ, ਮੇਰੇ ਘਰਆਲ਼ਾ ਤਾਂ ਮਿਰਗੀ ਆਲਿ਼ਆਂ ਮਾਂਗੂੰ ਡਰਦਾ ਸਾਹ ਈ ਘੁੱਟ ਗਿਆ ਤੇ ਮੈਂ ਔਤਾਂ ਦੇ ਜਾਣੇ ਚੋਰ ਨੂੰ ਫ਼ੜ ਕੇ ਸਿੱਟ ਲਿਆ ਤੇ ਉਤੇ ਬਹਿਗੀ ਆਪ..! ਮੇਰੇ ਘਰਆਲ਼ਾ ਸਾਡੇ ਆਲ਼ੇ ਦੁਆਲ਼ੇ ਗੇੜੇ ਕੱਢਦਾ ਭੱਜਿਆ ਫਿ਼ਰੇ! ਉਹ ਤਾਂ ਬਣਿਆਂ ਫਿ਼ਰੇ ਊਰੀ..! ਮੈਂ ਕਿਹਾ ਸਿਵਿਆਂ ਨੂੰ ਜਾਣਿਆਂ, ਗੇੜੇ ਜੇ ਕਾਹਨੂੰ ਕੱਢੀ ਜਾਨੈਂ? ਤੂੰ ਪੁਲ਼ਸ ਨੂੰ ਬੁਲਾ ਕੇ ਲਿਆ, ਘਰਆਲ਼ਾ ਆਖੀ ਜਾਵੇ, ਅਖੇ ਮੈਨੂੰ ਚੱਪਲੀਆਂ ਨੀ ਲੱਭਦੀਆਂ! ਤੇ ਚੋਰ ਬਣਾ ਸਮਾਰ ਕੇ ਕਹਿੰਦਾ, ਬਾਈ ਜੀ ਤੁਸੀਂ ਮੇਰੀਆਂ ਚੱਪਲੀਆਂ ਈ ਪਾਜੋ, ਪਰ ਵੀਰ ਜੀ ਬਣ ਕੇ ਆਹ ਪੰਜ ਮਣ ਭਾਰ ਮੇਰੇ ਤੋਂ ਲਾਹੋ..! ਮੈਂ ਤਾਂ ਐਨੀ ਘੈਂਟ ਐਂ ਭਾਈ..!"
-"ਪਾੜ੍ਹਿਆ..! ਆਹ ਸਤੰਬਰ ਤਾਂ ਮੈਨੂੰ ਖ਼ਤਰਨਾਕ ਲੱਗਦੈ..!" ਵਿਚ ਦੀ ਅਮਲੀ ਬੋਲਿਆ। ਚੇਤੋ ਦੀਆਂ ਗੱਲਾਂ ਸੁਣ ਸੁਣ ਕੇ ਉਸ ਦੇ ਹੌਲ ਪਈ ਜਾ ਰਹੇ ਸਨ।
-"ਤੂੰ ਚੁੱਪ ਕਰ ਚਾਚਾ..! ਤੁਸੀਂ ਆਪਣੇ ਪਤੀ ਦੀ ਸੇਵਾ ਕਰਨ ਦੀ ਵੀ ਇੱਛਾ ਰੱਖਦੇ ਹੋਵੋਂਗੇ?"
-"ਵੇ ਸੇਵਾ ਸੂਵਾ ਦੀ ਸੁਣ ਲੈ ਭਾਈ..! ਜੇ ਤਾਂ ਰਿਹਾ ਚੰਗਾ, ਫ਼ੇਰ ਤਾਂ ਨਹਾਊਂ ਧੁਆਊਂ ਵੀ, ਤੇ...!"
-"ਪਾੜ੍ਹਿਆ ਇਹ ਵੀ ਨ੍ਹਾਉਣ ਧੋਣ 'ਤੇ ਆਗੀ...!" ਅਮਲੀ ਨੇ ਵਿਚ ਦੀ ਫਿ਼ਰ ਵਾਢ ਪਾਈ। ਨਹਾਉਣਾ ਉਸ ਲਈ ਮਰਨ ਬਰਾਬਰ ਸੀ।
-"ਚਾਚਾ ਤੂੰ ਚੁੱਪ ਰਹਿ..! ਸਾਡਾ ਚਾਚਾ ਨਹਾਉਣ ਧੋਣ ਤੋਂ ਚੱਲਦੈ...!" ਪਾੜ੍ਹੇ ਨੇ ਹੱਸ ਕੇ ਕਿਹਾ।
-"ਨ੍ਹਾਊ ਕਿਵੇਂ ਨ੍ਹੀ ਇਹੇ..? ਮੈਂ ਪੁਲ਼ਸ ਵਾਲਿ਼ਆਂ ਮਾਂਗੂੰ ਮੂਧਾ ਨਾ ਸਿੱਟਲੂੰ ਔਤਾਂ ਦੇ ਜਾਣੇ ਨੂੰ..! ਇਹ ਤਾਂ ਫਿ਼ਰੂ ਵਿਹੜੇ 'ਚ ਹੋਲੀ ਖੇਡਦਾ..!"
-"ਪਾੜ੍ਹਿਆ, ਮੈਂ ਤੈਨੂੰ ਕਿਹੈ ਬਈ ਇਹ ਸਤੰਬਰ ਖ਼ਤਰੇ ਆਲ਼ੈ..!"
-"ਤੂੰ ਚੁੱਪ ਕਰਜਾ ਪਿਉ ਮੇਰਿਆ..! ਹਾਂ ਜੀ, ਤੁਹਾਡਾ ਪਿਛਲੇ ਵਿਆਹ ਦਾ ਕੋਈ ਚੰਗਾ ਤਜ਼ਰਬਾ..?" ਪਾੜ੍ਹੇ ਨੇ ਮੁਲਾਕਾਤ ਨੂੰ ਅੱਗੇ ਤੋਰਿਆ।
-"ਕੋਈ ਬਹੁਤਾ ਚੰਗਾ ਨ੍ਹੀ ਭਾਈ..! ਇਕ ਆਰੀ ਮੇਰੇ ਆਲ਼ਾ ਬਖ਼ਤੌਰਾ ਪੀ ਕੇ ਆ ਗਿਆ, ਤੇ ਜਦੋਂ ਉਹ ਪੀ ਕੇ ਆ ਜਾਂਦਾ ਸੀ ਤਾਂ ਮੈਨੂੰ ਉਹਦਾ ਬੜਾ ਮੋਹ ਆਉਂਦਾ ਸੀ!"
-"ਆਉਣਾ ਹੀ ਹੋਇਆ..! ਪੀ ਕੇ ਬੰਦਾ ਊਂ ਈ ਸੋਲ਼ਾਂ ਕਲਾਂ ਸਪੂਰਨ ਹੋ ਜਾਂਦੈ..!" ਅਮਲੀ ਫ਼ੇਰ ਬੋਲ ਪਿਆ।
-"ਤੇ ਭਾਈ ਉਹ ਤਾਂ ਪੀ ਕੇ ਬਣਨ ਲੱਗਿਆ ਜੱਜ..! ਤੇ ਲੱਗਿਆ ਹਾਅਤ-ਹੂਤ ਕਰਨ..!"
-"ਫ਼ੇਰ..?"
-"ਫ਼ੇਰ ਕੀ..? ਮੈਂ ਉਹਦੇ ਕਿਹੜਾ ਸਿੰਗ ਚੋਪੜਨੇ ਸੀ? ਮੈਂ ਫ਼ੜ ਕੇ ਸਿੱਟ ਲਿਆ ਖੁਰਨੀ 'ਚ ਤੇ ਉਪਰਲੀ ਸਾਰੀ ਦੰਦਬੀੜ੍ਹ ਤੋੜਤੀ, ਘਰੋਂ ਭੱਜਣ ਤੱਕ ਬਲ਼ਦ ਮਾਂਗੂੰ ਹੇਠਲੀ ਦੰਦਬੀੜ੍ਹ ਨਾਲ਼ ਈ ਲੰਗਰ ਝੁਲਸਦਾ ਰਿਹੈ..!" ਆਖ ਕੇ ਚੇਤੋ ਕਮਲਿ਼ਆਂ ਵਾਂਗ ਹੱਸੀ।
-"ਪਾੜ੍ਹਿਆ, ਤੂੰ ਕਿਸੇ ਨੂੰ ਹੋਰ ਚਿੱਠੀ ਚਪੱਠੀ ਪਾ..! ਇਹਨੂੰ ਝੱਗਾ ਡਬੱਟਾ ਦੇ ਕੇ ਘਰੋਂ ਤੋਰ..!" ਚੇਤੋ ਦੀਆਂ 'ਪ੍ਰਾਪਤੀਆਂ' ਸੁਣ ਸੁਣ ਕੇ ਅਮਲੀ ਦੇ ਦੰਦ ਜੁੜਦੇ ਜਾ ਰਹੇ ਸਨ।
ਅਗਲੇ ਦਿਨ ਵਾਰੀ ਆਈ ਜੰਗ ਕੌਰ ਦੀ!
-"ਥੋਡਾ ਨਾਂ ਬੜਾ ਖਾੜਕੂ ਐ ਜੰਗ ਕੌਰ ਜੀ..?" ਪਾੜ੍ਹੇ ਨੇ ਗੱਲ ਸ਼ੁਰੂ ਕੀਤੀ।
-"ਮਾੜੇ ਧੀੜੇ ਨਾਂ ਨਾਲ਼ ਭਾਈ ਬੰਦੇ ਸੂਤ ਨ੍ਹੀ ਆਉਂਦੇ ਤੇ ਨਾ ਦੁਨੀਆਂ ਜਿਉਣ ਦਿੰਦੀ ਐ..! ਨਾਂ ਤਾਂ ਮੇਰਾ ਸ਼ਾਂਤੀ ਦੇਵੀ ਸੀ, ਪਰ ਭਾਈ ਹਾਲਾਤਾਂ ਨੇ ਜੰਗ ਕੁਰ ਬਣਾਤੀ!"
-"ਰੋਟੀ ਰਾਟੀ-!"
-"ਮੈਂ ਤਾਂ ਰੋਟੀ ਵੀ ਪਕਾਊਂ ਤੇ ਦਾਲ ਵੀ ਬਣਾਊਂ..! ਜੇ ਪੀ ਕੇ ਕਹੂ ਮੈਨੂੰ ਬੋਤਲ 'ਚੋਂ ਆਬਦੇ ਹੱਥ ਨਾਲ਼ 'ਪੇਕ' ਪਾ ਕੇ ਦੇਹ, ਫ਼ੇਰ ਭਾਈ ਬੰਦੇ ਦਾ ਪੁੱਤ ਵੀ ਬਣਾਊਂ..!"
-"ਤੁਸੀਂ ਸੁਭਾਅ ਦੇ ਬਹੁਤ ਕੌੜ ਲੱਗਦੇ ਓ...?"
-"ਵੇ ਮੇਰੇ ਅਰਗੀ ਸੁਭਾਅ ਦੀ ਕੂੰਨੀ ਤਾਂ ਤੈਨੂੰ ਦਿਨੇ ਦੀਵਾ ਲੈ ਕੇ ਨ੍ਹੀ ਲੱਭਣੀ..! ਮੈਂ ਤਾਂ ਆਬਦੇ ਘਰਆਲ਼ੇ ਨੂੰ ਡੋਡੇ ਪੀਸ ਪੀਸ ਕੇ ਪਿਆਉਂਦੀ ਰਹੀ ਐਂ..!"
-"ਫ਼ੇਰ ਤਾਂ ਸਿਆਣੀ ਐਂ ਬਈ ਪਾੜ੍ਹਿਆ..!" ਅਮਲੀ ਨੇ ਕਿਹਾ।
-"ਉਹਨਾਂ ਦੀ ਮੌਤ ਕਿਵੇਂ ਹੋਈ..?" ਪਾੜ੍ਹੇ ਨੇ ਕੁਝ ਪੜ੍ਹਦਿਆਂ ਪੁੱਛਿਆ।
-"ਵੇ ਭਾਈ ਇਕ ਦਿਨ ਉਹਦਾ ਸਰੀਰ ਮਾੜੇ ਇੰਜਣ ਮਾਂਗੂੰ ਟੱਸ ਜੀ ਨਾ ਫ਼ੜੇ..! ਮੰਜੀ 'ਤੇ ਬੈਠਾ ਧੂੰਆਂ ਜਿਆ ਮਾਰੀ ਜਾਵੇ! ਮੈਂ ਉਹਨੂੰ ਦੋ ਤਿੰਨ ਡੋਡਿਆਂ ਦੇ ਗਿਲਾਸ ਉਬਾਲ਼ ਕੇ ਪਿਆਤੇ! ਫ਼ੇਰ ਵੀ ਮਾਊਂ ਮਾਂਗੂੰ ਅੱਖਾਂ ਜੀਆਂ ਮੀਚੀ ਜਾਵੇ! ਮੈਂ ਆ ਦੇਖਿਆ ਨਾ ਤਾਅ, ਅਧੀਆ ਦਾਰੂ ਦਾ ਅੰਦਰ ਮਾਰਿਆ ਜਿਵੇਂ ਗਧੇ ਨੂੰ ਧੱਕੇ ਨਾਲ਼ ਮੂੰਹ ਪੱਟ ਕੇ ਦਿੰਦੇ ਐ! ਖਸਮਾਂ ਨੂੰ ਖਾਣੇ ਨਸ਼ੇ ਦੀ ਐਹੋ ਜੀ ਪੁੱਠ ਚੜ੍ਹੀ, ਉਹ ਤਾਂ ਉਠ ਕੇ ਲੱਗ ਪਿਆ ਮੈਨੂੰ ਗੁੜ ਮਾਂਗੂੰ ਭੰਨਣ! ਕੁੱਟ ਕੇ ਉਹਨੇ ਤਾਂ ਬਣਾਤੀ ਮੇਰੀ ਗਿੱਦੜਪੀੜ੍ਹੀ..! ਤੇ ਮੈਂ ਵੀ ਬਣਗੀ ਫ਼ੇਰ ਜੰਗ ਕੁਰ! ਮੈਂ ਚੱਕਿਆ ਘੋਟਣਾਂ ਤੇ ਪੁੜਪੜੀ 'ਚ ਪਾਅਤਾ ਚਿੱਬ! ਬੋਲਤੀ ਸੋ ਨਿਹਾਲ! ਤੇ ਚੱਕ ਮੇਰੇ ਭਾਈ, ਉਹ ਤਾਂ ਮਾੜੇ ਬੋਤੇ ਮਾਂਗੂੰ 'ਦਾਅੜ' ਦੇਣੇ ਡਿੱਗਿਆ, ਮੁੜ ਨ੍ਹੀ ਉਠਿਆ!"
-"ਤੀਮੀਂ ਮੈਨੂੰ ਇਹ ਵੀ ਖੜੱਪਾ ਈ ਲੱਗਦੀ ਐ, ਪਾੜ੍ਹਿਆ! ਸਿ਼ਵ ਜੀ ਮਹਾਰਾਜ ਆਲ਼ੇ ਵਰੰਟ ਨਾਲ਼ ਈ ਚੱਕੀ ਫਿ਼ਰਦੀ ਲੱਗਦੀ ਐ..! ਧਿਆਨ ਨਾਲ਼ ਮੇਰਾ ਬੀਰ! ਮੇਰਾ ਸਤੰਬਰ ਬਣਾਉਂਦੇ ਬਣਾਉਂਦੇ ਕਿਤੇ ਮੇਰਾ 'ਖੰਡ ਪਾਠ ਨਾ ਖੋਲ੍ਹਣਾਂ ਪਵੇ? ਕਰਦੇ ਫਿ਼ਰੋਂਗੇ ਲੱਕੜਾਂ ਦਾ ਪ੍ਰਬੰਧ!" ਅਮਲੀ ਵਿਚ ਦੀ ਫਿ਼ਰ ਵਾਰੀ ਲੈ ਗਿਆ। ਉਹ ਸਹਿਮ ਨਾਲ਼ ਠੱਕੇ ਦੀ ਮਾਰੀ ਬੱਕਰੀ ਵਾਂਗ 'ਕੱਠਾ ਜਿਹਾ ਹੋਇਆ, ਕੰਬੀ ਜਾ ਰਿਹਾ ਸੀ।
-"ਤੂੰ ਚੁੱਪ ਵੀ ਕਰ ਚਾਚਾ..!" ਪਾੜ੍ਹਾ ਅਮਲੀ ਨੂੰ ਖਿਝ ਕੇ ਪਿਆ।
-"ਤੁਹਾਨੂੰ ਘਰਵਾਲ਼ੇ ਦੀ ਮੌਤ ਦਾ ਕੋਈ ਅਫ਼ਸੋਸ..?" ਉਸ ਨੇ ਅਗਲਾ ਸੁਆਲ ਕੀਤਾ।
-"ਵੇ ਤੁਰ ਗਿਆਂ ਦਾ ਕਾਹਦਾ ਮਸੋਸ ਭਾਈ? ਜਦੋਂ ਥੇਹ ਹੋਣੇ ਨੇ ਉਹਨੇ ਨ੍ਹੀ ਪਿੱਛੇ ਮੁੜ ਕੇ ਦੇਖਿਆ, ਮੈਂ ਕਾਹਨੂੰ ਆਬਦੀ ਜਾਨ ਨੂੰ ਤੋੜਾਖੋਹੀ ਲਾਵਾਂ? ਮੈਂ ਤਾਂ ਓਸ ਗੱਲ ਦੇ ਆਖਣ ਮਾਂਗੂੰ ਚੰਗਾ ਖਾਨੀ ਐਂ ਤੇ ਟੀਟਣੇ ਕੱਢਦੀ ਐਂ..! ਜੇ ਉਹ ਮਰ ਗਿਆ, ਇਕ ਅੱਧਾ ਕਿਤੋਂ ਹੋਰ ਮਿਲਜੂ..! ਛੈਂਕਲ ਦਾ ਟੈਰ ਤੇ ਘਰਆਲ਼ਾ ਬਾਹਲ਼ਾ ਚਿਰ ਨੀ ਰੱਖਣੇ ਚਾਹੀਦੇ, ਦੁੱਖ ਈ ਦਿੰਦੇ ਐ ਗੜ੍ਹੀ ਨੂੰ ਜਾਣੇ!" ਉਸ ਨੇ ਬੜੇ ਮਜਾਜ ਨਾਲ ਕਿਹਾ।
-"ਚਲੋ ਠੀਕ ਐ ਜੰਗ ਕੌਰ ਜੀ..! ਸਾਡੇ ਕੋਲ਼ੇ ਅਜੇ ਹੋਰ ਵੀ ਉਮੀਦਵਾਰ ਹੈਗੀਐਂ..! ਅਸੀਂ ਤੁਹਾਨੂੰ ਚਿੱਠੀ ਪੱਤਰ ਪਾਵਾਂਗੇ..!"
-"ਵੇ ਭਾਈ ਇਕ ਗੱਲ ਦੱਸ..?"
-"ਪੁੱਛੋ..!" ਪਾੜ੍ਹੇ ਨੇ ਕਾਪੀ ਬੰਦ ਕਰ ਲਈ।
-"ਮੈਨੂੰ ਵਿਆਹ ਕਰਨ ਆਲ਼ਾ ਮੇਰਾ ਲਾੜਾ ਤਾਂ ਦਿਖਾਇਆ ਨ੍ਹੀ ਕਿ ਬਿਆਹ ਕਰਵਾਉਣ ਆਲ਼ਾ ਤੂੰ ਈ ਐਂ...?" ਜੰਗ ਕੌਰ ਪਾੜ੍ਹੇ ਦੇ ਸੁਨੱਖੇ ਮੂੰਹ ਵੱਲ ਕਿਸੇ ਅਰਮਾਨ ਨਾਲ਼ ਝਾਕਦੀ ਬੋਲੀ।
ਪਾੜ੍ਹਾ ਉੱਚੀ-ਉੱਚੀ ਹੱਸ ਪਿਆ।
-"ਨਹੀਂ ਜੀ...! ਵਿਆਹ ਮੈਂ ਨਹੀਂ, ਐਹਨਾਂ ਨੇ ਕਰਵਾਉਣੈ..!" ਉਸ ਨੇ ਸਤਮਾਂਹੇਂ ਜਿਹੇ ਅਮਲੀ ਵੱਲ ਹੱਥ ਕਰਕੇ ਦੱਸਿਆ।
-"ਐਹਨੇ...? ਵੇ ਇਹਦੇ ਮੂੰਹ 'ਤੇ ਤਾਂ ਮੈਂ ਧੌੜੀ ਦੀ ਜੁੱਤੀ ਨੀ ਮਾਰਦੀ..!" ਉਸ ਨੇ ਅਮਲੀ ਵੱਲ ਦੇਖ ਕੇ ਬੁੱਲ੍ਹ ਟੇਰੇ, "ਇਹ ਤਾਂ ਹੋਰ ਈ ਖੱਖਰ ਖਾਧਾ ਜਿਐ, ਇਹਦੇ ਨਾਲ਼ ਬਿਆਹ ਕਰਵਾਉਂਦੀ ਐ ਮੇਰੀ ਜੁੱਤੀ..! ਖ਼ਸਮਾਂ ਨੂੰ ਖਾਣਾਂ ਕਿਵੇਂ ਝਾਕਦੈ, ਬੋਕ..!" ਤੇ ਉਹ 'ਦੰਮ-ਦੰਮ' ਕਰਦੀ ਬਾਹਰ ਨਿਕਲ਼ ਗਈ।
ਪਾੜ੍ਹਾ ਅਤੇ ਅਮਲੀ ਠੱਗਿਆਂ ਵਾਂਗ ਝਾਕ ਰਹੇ ਸਨ।
-"ਲੈ ਕਰਵਾ ਲਓ ਸਤੰਬਰ ਭੈਣ ਦੇ ਮੁੰਡਿਆਂ ਈ ਯਾਹਵੇ..! ਅੱਗੇ ਪਿੰਡ ਦੀਆਂ ਭਰਜਾਈਆਂ ਤੋਂ ਤੇਈਕਤ ਹੁੰਦੀ ਸੀ, ਹੁਣ ਸਾਲਿ਼ਆਂ ਨੇ ਬਾਹਰਲੀਆਂ ਤੋਂ ਵੀ ਜੱਖਣਾਂ ਪਟਵਾਉਣੀ ਸ਼ੁਰੂ ਕਰਤੀ, ਸਾਲ਼ੇ ਸਤੰਬਰ ਦੇ..! ਮੈਂ ਨੀ ਕਰਾਉਣਾ ਸਤੰਬਰ ਸਤੁੰਬਰ..!"
ਘੋਰ ਨਿਰਾਸ਼ ਹੋਇਆ ਅਮਲੀ ਸੱਥ ਵੱਲ ਨੂੰ ਤੁਰ ਪਿਆ।

****







ਹੋਰ ਪੜੋ...

ਆਓ ਜੀ, ਜੀ ਆਇਆਂ ਨੂੰ !!!

free counters