ਖ਼ੂਹ ਦੀ ਟਿੰਡ ਦਾ ਹਾਉਕਾ



ਉਜਾੜਾਂ ਦੇ ਖ਼ੂਹ ਦੀ ਇੱਕ ਟਿੰਡ ਸਾਂ ਮੈਂ,
ਜੋ ਗਿੜਦਾ ਰਿਹਾ ਮਾਲ੍ਹ ਦੇ,
ਨਾ ਮੁੱਕਣ ਵਾਲ਼ੇ ਗੇੜ ਵਿਚ!
ਢੋਂਦਾ ਰਿਹਾ ਗੰਧਲ਼ੇ ਪਾਣੀਆਂ ਨੂੰ ਖ਼ੂਹ ਦੇ ਕੰਢੇ, 
ਤੇ ਕਰਦਾ ਰਿਹਾ, ਰਾਤ ਦਿਨ ਮੁਸ਼ੱਕਤ!
...ਤੇ ਜਦ 'ਨਿੱਤਰ' ਕੇ,
ਉਹ ਆਪਣੇ ਰਸਤੇ ਪੈ ਜਾਂਦੇ,
ਤਾਂ ਮੇਰੇ ਵੱਲ ਪਿੱਠ ਭੁਆ ਕੇ ਵੀ ਨਾ ਦੇਖਦੇ!
ਅੰਦਰੋਂ ਸਰਦ ਹਾਉਕਾ ਉਠਦਾ,
ਟੀਸ ਜਾਗਦੀ, ਵਿਛੜਿਆਂ ਦਾ ਦਰਦ ਆਉਂਦਾ!
ਕਾਲ਼ਜਾ ਮੱਚਦਾ!! ਹਿਰਦਾ ਦੋਫ਼ਾੜ ਹੁੰਦਾ!!!
ਪਰ ਚੁੱਪ ਰਹਿੰਦਾ ਤੇ ਜੀਅ 'ਤੇ ਜਰਦਾ!


ਹੋਰ ਪੜੋ...

ਅੱਗੇ ਰਸਤਾ ਬੰਦ ਹੈ

ਅਸੀਂ ਪੂਜਦੇ ਰਹੇ ਕਿਸੇ
ਪੱਥਰ ਦੇ ਭਗਵਾਨ ਨੂੰ
ਕਰਦੇ ਰਹੇ ਇਬਾਦਤ
ਤੇ ਉਹਨੇ ਅੱਖ ਤੱਕ ਨਾ ਪੁੱਟੀ!
.........
ਅਸੀਂ ਕਰਦੇ ਰਹੇ ਡੰਡਾਉਤ
ਲਟਕਦੇ ਰਹੇ ਪੁੱਠੇ
ਧੁਖ਼ਾਉਂਦੇ ਰਹੇ ਧੂਫ਼,
ਚੜ੍ਹਾਉਂਦੇ ਰਹੇ ਫ਼ੁੱਲ
ਤੇ ਉਹਨੇ ਸੁਗੰਧੀ ਲੈਣ ਲਈ
ਸਾਹ ਤੱਕ ਨਾ ਲਿਆ?
ਫ਼ਿਰ ਕੀ ਪਰਖ਼ ਹੋਵੇਗੀ,
ਚੰਗੇ-ਮੰਦੇ ਭਗਤ ਦੀ,
ਉਸ ਪੱਥਰ ਦੇ 'ਭਗਵਾਨ' ਨੂੰ?


ਹੋਰ ਪੜੋ...

ਸ਼ਿਵਚਰਨ ਜੱਗੀ ਕੁੱਸਾ ਦਾ ਨਾਵਲ "ਡਾਚੀ ਵਾਲ਼ਿਆ ਮੋੜ ਮੁਹਾਰ ਵੇ" ਮਾਰਕੀਟ ਵਿਚ

ਸ਼ਿਵਚਰਨ ਜੱਗੀ ਕੁੱਸਾ ਦੇ ਸਾਰੇ ਨਾਵਲ ਸੰਗਮ ਪਬਲੀਕੇਸ਼ਨਜ਼ ਸਮਾਣਾ ਵਾਲ਼ਿਆਂ ਨੇ ਫ਼ਿਰ ਤੋਂ ਛਾਪੇ ਹਨਜਿਸ ਵਿਚ ਜੱਗੀ ਕੁੱਸਾ ਦਾ ਨਵਾਂ ਨਾਵਲ "ਡਾਚੀ ਵਾਲ਼ਿਆ ਮੋੜ ਮੁਹਾਰ ਵੇ" ਵੀ ਸ਼ਾਮਿਲ ਹੈ। ਨਾਵਲ ਮੰਗਵਾਉਣ ਲਈ ਪੰਜਾਬ ਦੇ ਨੰਬਰ 98 152 43917 ਤੇ ਸ੍ਰੀ ਅਸ਼ੋਕ ਕੁਮਾਰ ਗਰਗ ਨਾਲ਼ ਗੱਲ ਕੀਤੀ ਜਾ ਸਕਦੀ ਹੈ। ਸੰਗਮ ਪਬਲੀਕੇਸ਼ਨਜ਼ ਸਮਾਣਾ ਵਾਲ਼ਿਆਂ ਦਾ ਈਮੇਲ: sangambooks@rediffmail.com ਹੈ!
-ਸੰਪਾਦਕ
ਹੋਰ ਪੜੋ...

ਕਾਨੂੰਨ ਦੀ ਕਿਤਾਬ ਵਿਚ ਸਮਾਪਤੀ ਦੀ ਮਿਤੀ ਦਰਜ਼ ਨਹੀਂ!

ਪੂਰੇ 16 ਸਾਲਾਂ ਦੀ ਲੁਕਣ-ਮੀਟੀ ਤੋਂ ਬਾਅਦ 26 ਮਈ 2011 ਨੂੰ ਘ੍ਰਿਣਾਂ ਦੀ ਮੂਰਤਜਨਰਲ ਰਾਤਕੋ ਮਲਾਦਿੱਚ ਦੀ ਗ੍ਰਿਫ਼ਤਾਰੀ ਹੋਈਜਿਸ ਨਾਲ਼ ਅਮਨ ਦੇ ਚਹੇਤਿਆਂ ਨੇ ਸੁਖ ਦਾ ਸਾਹ ਲਿਆ। ਬੋਸਨੀਆਂ ਵਿਚ ਉਸ ਦੀਆਂ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਭਰੀਆਂ ਅਤੇ ਹੌਲਨਾਕ ਵਾਰਦਾਤਾਂ ਨੇ ਸੰਸਾਰ ਹਿਲਾ ਕੇ ਰੱਖ ਦਿੱਤਾ ਸੀ ਅਤੇ ਤਾਨਾਸ਼ਾਹ ਹਿਟਲਰ ਦੇ ਕਾਰਨਾਮਿਆਂ ਨੂੰ ਤਾਜ਼ਾ ਕਰਵਾਇਆ ਸੀ। ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਜੇ ਕਿਤੇ ਵੱਡੀ ਪੱਧਰ 'ਤੇ ਤਬਾਹੀ ਮੱਚੀ ਸੀ ਤਾਂ ਉਹ ਸੀਬੋਸਨੀਆਂ! ਅਪ੍ਰੈਲ 1992 ਤੋਂ ਲੈ ਕੇ ਜੁਲਾਈ 1995 ਤੱਕ ਉਥੇ ਜੋ ਤਾਂਡਵ-ਨਾਚ ਨੱਚਿਆ ਗਿਆਉਹ ਕਹਿਣ ਤੋਂ ਪਰ੍ਹੇ ਸੀ। ਜੇ ਕਿਤੇ ਸੁਨਾਮੀਂ ਵਰਗੀਆਂ ਕੁਲਿਹਣੀਆਂ ਲਹਿਰਾਂ ਆ ਕੇ ਤਬਾਹੀ ਮਚਾ ਜਾਂਦੀਆਂ ਹਨ ਤਾਂ ਇਨਸਾਨ ਰੱਬ ਨੂੰ ਉਲਾਂਭਾ ਦੇ ਕੇ 'ਸਬਰਕਰ ਲੈਂਦਾ ਹੈ! ਕਿਉਂਕਿ ਰੱਬ ਅੱਗੇ ਕਿਸੇ ਦਾ ਵੀ ਜੋਰ ਨਹੀਂ ਚੱਲਦਾ! ਪਰ ਜਦ ਸਿਰਜਣਹਾਰ ਦੇ ਸਿਰਜੇ ਇਨਸਾਨ ਹੀ 'ਰੱਬਬਣ ਤੁਰਨ ਅਤੇ ਕਿਸੇ ਦੀ ਜ਼ਿੰਦਗੀ ਜਾਂ ਮੌਤ ਦੇ ਫ਼ੈਸਲੇ ਲੈਣ ਲੱਗ ਪੈਣ ਤਾਂ ਬੰਦਾ ਕਿਸ ਨੂੰ ਤਾਹਨਾਂ ਦੇਵੇ…? ਦੁਸ਼ਟ ਦਿਮਾਗ ਰਾਤਕੋ ਮਲਾਦਿੱਚ ਨੇ ਆਪਣੇ ਹੀ ਦੇਸ਼ ਵਾਸੀ ਮੁਸਲਮਾਨਾਂ ਦੀ ਕਿਵੇਂ ਨਸਲਕੁਸ਼ੀ ਕੀਤੀਇਹ ਇਕ ਦਿਲ-ਹਿਲਾਊ ਸਾਕਾ ਅਤੇ ਘਿਨਾਉਣਾਂ ਅਪਰਾਧ ਸੀ। ਬੋਸਨੀਆਂ ਵਿਚ ਜੁਲਾਈ 1995 ਵਿਚ ਤਕਰੀਬਨ 8000 ਨਿਰਦੋਸ਼ ਮੁਸਲਮਾਨ ਮਾਰੇ ਗਏ ਅਤੇ ਇਹ ਸਾਰਾ ਕੁਛ ਨੰਗੇ-ਚਿੱਟੇ ਦਿਨ ਅਤੇ ਰਾਤਕੋ ਮਲਾਦਿੱਚ ਦੀਆਂ ਹਦਾਇਤਾਂ 'ਤੇ ਹੋਇਆ ਦੱਸਿਆ ਜਾ ਰਿਹਾ ਹੈ! ਨਿੱਕੇ-ਨਿੱਕੇ ਬੱਚੇ ਸਾਹ-ਰਗ ਕੱਟ ਕੇ ਝਟਕਾਏ ਗਏ ਅਤੇ ਔਰਤਾਂ ਨਾਲ਼ ਬੇਰਹਿਮੀ ਨਾਲ਼ ਸਮੂਹਿਕ ਬਲਾਤਕਾਰ ਹੋਏ। ਇਹ ਕਿਸੇ ਕੌਮ ਪ੍ਰਤੀ ਘਿਰਣਾਂ ਦੀ ਸਿਖ਼ਰ ਦੀ 'ਹੱਦਸੀ। 


ਹੋਰ ਪੜੋ...

ਹੁਣ ਮੈਂ ਸਿੱਖ ਲਿਆ

ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ!
ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ,
ਤੇ ਲੈਣੇਂ ਫ਼ੋਕੇ ਸੁਪਨੇ!
ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ,
ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ!
ਜਿੰਨੀ ਆਸ ਰੱਖੀ 'ਗ਼ੈਰਾਂ' 'ਤੇ,
ਦਿਲ ਵਿਚ ਨਿਰਾਸ਼ਾ ਦੀ,
ਪਰਲੋਂ ਹੀ ਆਈ!

ਹੋਰ ਪੜੋ...

ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ

ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਦੱਸ ਦੇਵਾਂ ਕਿ ਬਾਈ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ 'ਲਤੀਫ਼ ਮੁਹੰਮਦ' ਹੈ! 15  ਨਵੰਬਰ 1949 ਨੂੰ ਪਿੰਡ ਜਲਾਲ, ਜਿਲ੍ਹਾ ਬਠਿੰਡਾ ਪਿਤਾ ਨਿੱਕਾ ਖ਼ਾਨ ਦੇ ਘਰ ਜਨਮੇ ਕੁਲਦੀਪ ਮਾਣਕ ਨੇ ਜਿ਼ੰਦਗੀ ਦੇ ਬੜੇ ਕੌੜੇ ਅਤੇ ਮਿੱਠੇ ਤਜ਼ਰਬੇ ਆਪਣੇ ਸਰੀਰ 'ਤੇ ਹੰਢਾਏ ਹੋਏ ਨੇ! ਉਸ ਦੇ ਦੋ ਭਰਾ ਸਦੀਕੀ ਅਤੇ ਰਫ਼ੀਕ ਵੀ ਉਸ ਦੇ ਜੱਦੀ ਪਿੰਡ ਜਲਾਲ ਵਿਚ ਹੀ ਰਹਿੰਦੇ ਹਨ। ਉਸ ਨਾਲ਼ “ਇੱਕ ਨੱਢੀ ਸ਼ਹਿਰ ਭੰਬੋਰ ਦੀ” ਹਿੱਕ ਦੇ ਜੋਰ ‘ਤੇ ਗਾਉਣ ਵਾਲ਼ਾ ਕੇਵਲ ਜਲਾਲ ਉਸ ਦਾ ਭਤੀਜਾ ਹੈ! ਮਾਣਕ ਦੇ ਵੱਡ-ਵਡੇਰੇ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਹਜ਼ੂਰੀ ਰਾਗੀ ਸਨ, ਇਸ ਲਈ ਮਾਣਕ ਨੂੰ ਗਾਉਣ ਦੀ ਗੁੜ੍ਹਤੀ ਪੁਰਖਿ਼ਆਂ ਕੋਲੋਂ ਹੀ ਨਸੀਬ ਹੋ ਗਈ ਸੀ, ਪਰ ਗਾਇਨ ਅਤੇ ਸੰਗੀਤ ਦੇ ਰਹਿੰਦੇ 'ਗੁਰ' ਉਸ ਨੇ ਆਪਣੇ ਉਸਤਾਦ ਖ਼ੁਸ਼ੀ ਮੁਹੰਮਦ ਕਵਾਲ ਕੋਲੋਂ ਗ੍ਰਹਿਣ ਕੀਤੇ। ਸੋਲ਼ਾਂ ਸਾਲ ਦੀ ਚੜ੍ਹਦੀ ਉਮਰ ਵਿਚ ਹੀ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਦੇ ਮਾਸਟਰ ਉਸ ਕੋਲ਼ੋਂ ਸਕੂਲ ਵਿਚ ਵੀ ਗੀਤ ਸੁਣਦੇ ਰਹਿੰਦੇ। ਮਰਹੂਮ ਹਰਚਰਨ ਗਰੇਵਾਲ਼ ਨਾਲ ਵੀ ਉਹ ਕਾਫ਼ੀ ਸਮਾਂ ਸਟੇਜ਼ਾਂ 'ਤੇ ਜਾਂਦਾ ਰਿਹਾ ਅਤੇ ਗਾਇਕਾ ਸੀਮਾਂ ਨਾਲ ਉਸ ਨੇ ਦੋਗਾਣਾ ਗਾਇਕੀ ਦੀ ਸ਼ੁਰੂਆਤ ਕੀਤੀ। ਸਰਬਜੀਤ ਨਾਲ਼ ਸ਼ਾਦੀ ਕਰਨ ਉਪਰੰਤ ਮਾਣਕ ਦੇ ਦੋ ਬੱਚੇ ਹੋਏ, ਬੇਟੀ ਸ਼ਕਤੀ ਅਤੇ ਪੁੱਤਰ ਯੁੱਧਵੀਰ! ਦੋਨੋਂ ਹੀ ਵਿਆਹੇ ਵਰੇ ਅਤੇ ਰੰਗੀਂ ਵਸਦੇ ਹਨ! ਮਾਣਕ ਦਾ ਸਭ ਤੋਂ ਪਹਿਲਾ ਗੀਤ ਸੀਮਾਂ ਨਾਲ਼ "ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ" ਦਿੱਲੀ ਦੀ ਕਿਸੇ ਕੰਪਨੀ ਨੇ ਰਿਕਾਰਡ ਕੀਤਾ, ਜੋ ਸ. ਬਾਬੂ ਸਿੰਘ ਮਾਨ ਮਰਾੜਾਂ ਵਾਲ਼ੇ ਦਾ ਲਿਖਿਆ ਹੋਇਆ ਸੀ। ਉਸ ਤੋਂ ਬਾਅਦ ਉਸ ਨੇ ਮਰਹੂਮ ਗੁਰਦੇਵ ਸਿੰਘ ਮਾਨ ਦੇ ਲਿਖੇ ਗੀਤ ਵੀ ਗਾਏ।


ਹੋਰ ਪੜੋ...

ਤੇਰੇ ਤੋਂ ਤੇਰੇ ਤੱਕ


ਸੋਚਿਆ ਸੀ,
ਮਰਨ ਤੱਕ ਕਰੂੰਗਾ, 'ਤੇਰੇ' ਤੋਂ ਲੈ ਕੇ,
'
ਤੇਰੇ' ਤੱਕ ਦਾ ਸਫ਼ਰ!
ਪਰ ਕੰਡਿਆਲ਼ੀਆਂ ਰਾਹਾਂ,
ਤੇ ਤੇਰੀ ਬਦਨੀਤ ਨੇ,
ਸਫ਼ਰ ਤੈਅ ਨਾ ਹੋਣ ਦਿੱਤਾ!
...
ਤੇ ਨਾ ਹੀ 'ਤੂੰ' ਸੋਚਿਆ,
ਸੀਨੇ ਬਰਛੀ ਮਾਰਨ ਲੱਗੀ ਨੇ!

ਹੋਰ ਪੜੋ...

"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ


ਜਦ ਜੀਵਨ ਦੀ ਗਾਲ੍ਹੜ ਜ਼ਮੀਰ ਨਾਲ਼ 'ਘੋਲ਼' ਕਰਦੀ ਹੈ ਤਾਂ ਮਨ ਵਿਚੋਂ ਜਵਾਰਭਾਟਾ ਉਠਦਾ ਹੈ! ...ਤੇ ਜੇ ਇਹ ਜਵਾਰਭਾਟਾ ਸ਼ਬਦਾਂ ਦਾ ਰੂਪ ਧਾਰ ਵਰਕਿਆਂ 'ਤੇ ਉੱਤਰ ਆਵੇ ਤਾਂ ਇਕ ਇਤਿਹਾਸ ਬਣ ਜਾਂਦਾ ਹੈ। ਮਾਨੁੱਖ ਨੂੰ ਅਕਾਲ ਪੁਰਖ਼ ਨੇ ਹਰ ਪੱਖੋਂ ਸਵੈ-ਰੱਖਿਆ ਕਰਨ ਦੀ ਸੋਝੀ ਬਖ਼ਸ਼ੀ ਹੈ। ਪਰ ਕਈ ਵਾਰ ਜ਼ਿੰਦਗੀ ਦੇ ਹਾਲਾਤ ਹੀ ਐਸੇ 'ਘਾਤਿਕ' ਜਾਂ 'ਤਰਸਯੋਗ' ਬਣ ਜਾਂਦੇ ਹਨ ਕਿ ਬੰਦਾ ਹੱਥ ਵਿਚ ਫ਼ੜਿਆ ਹਥਿਆਰ ਵੀ ਨਹੀਂ ਚਲਾ ਸਕਦਾ। ...ਤੇ ਜਿੱਥੇ ਹਥਿਆਰ ਨਾ ਚੱਲੇ, ਉਥੇ ਕਲਮ ਆਪਣਾ ਜਾਦੂ ਦਿਖਾਉਂਦੀ ਹੈ! ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਦਾ ਆਪਣਾ 'ਮੁੱਲ' ਹੈ। ਪਰ ਮੈਂ ਸੋਚਦਾ ਹਾਂ ਕਿ 'ਹਰ' ਮਾਨੁੱਖ 'ਵਿਕਾਊ' ਵੀ ਨਹੀਂ ਹੁੰਦਾ! ਅਜਿਹਾ ਹੀ ਇੱਕ ਨਾਮ ਹੈ, ਭਿੰਦਰ ਜਲਾਲਾਬਾਦੀ!! ਜੋ ਲਿਖਦੀ-ਲਿਖਦੀ, ਮੋਮਬੱਤੀ ਵਾਂਗ ਪਿਘਲਦੀ ਹੋਈ ਵੀ ਆਪਣੀ ਮਾਨਸਿਕਤਾ ਸਥਿਰ ਰੱਖਦੀ ਹੈ। ਸੋਚ ਦੀ ਫ਼ਿਰਕੀ ਵਿਚ 'ਫ਼ਰੜ' ਨਹੀਂ ਪੈਣ ਦਿੰਦੀ!

ਹੋਰ ਪੜੋ...

ਵੱਸ ਨਹੀਂ

ਕਿਸੇ ਦੇ ਸੀਨੇਂ 'ਕਟਾਰ' ਮਾਰ ਕੇ,
ਮੁਆਫ਼ੀ ਮੰਗ ਲੈਣ ਨਾਲ਼,
ਅਗਲੇ ਦੇ ਜ਼ਖ਼ਮ ਤੁਰੰਤ ਨਹੀਂ ਭਰ ਜਾਂਦੇ!
ਉਸ ਨੂੰ ਭਰਨ ਲਈ ਵੀ ਵਕਤ ਲੱਗਦੈ, ਜਿੰਦ!
ਕਿਉਂਕਿ ਜ਼ਖ਼ਮਾਂ ਦੀ ਵੀ ਆਪਣੀ,
ਉਮਰ ਹੁੰਦੀ ਹੈ!

ਹੋਰ ਪੜੋ...

ਧਤੂਰੇ ਦਾ ਫ਼ੁੱਲ

ਮੇਰੀਆਂ ਸਧਰਾਂ-ਹਸਰਤਾਂ,
ਅਰਮਾਨਾਂ ਅਤੇ ਰੀਝਾਂ ਸਮੇਤ,
ਮੇਰੇ ਸੁਪਨਿਆਂ ਦੀ ਖ਼ਾਕ ਉਪਰ ਸੁੱਟ,
ਜਦ ਜਿ਼ੰਦਾ ਦਫ਼ਨਾ ਕੇ ਤੁਰਨ ਲੱਗੇ ਲੋਕ ਮੈਨੂੰ,
ਤਾਂ ਮੈਂ ਦੁਨੀਆਂ 'ਤੇ ਕੋਈ ਗਿ਼ਲਾ ਨਾ ਕੀਤਾ,
ਸਿ਼ਕਵਾ ਨਾ ਦਿਖਾਇਆ,
ਨਾ ਗੁੱਸਾ ਅਤੇ ਨਾ ਕਰੋਧ ਆਇਆ!
ਸਗੋਂ ਸ਼ੁਕਰਾਨਾ ਕੀਤਾ,


ਹੋਰ ਪੜੋ...

ਪ੍ਰੀਖ਼ਿਆ

ਵਾਰ-ਵਾਰ ਪਰਖ਼ੀ ਆਪਣੀ ਕਿਸਮਤ,
ਤੇ ਉਹ ਮੇਰੇ ਸੰਗ ਖੇਡਦੀ ਰਹੀ,
ਸੱਪ ਤੇ ਨਿਉਲ਼ੇ ਵਾਲ਼ੀ, ਖ਼ੂਨੀ ਖੇਡ!
ਵਾਰ-ਵਾਰ ਠੋਕ੍ਹਰ ਕੇ ਦੇਖਿਆ, ਕੱਚੇ ਘੜ੍ਹੇ ਵਾਂਗ!
ਪਰ, ਬਾਂਝ ਔਰਤ ਦੀ ਕੁੱਖ ਵਾਂਗ, ਰਹੀ ਸੁੰਨੀ ਦੀ ਸੁੰਨੀ!
..........
ਜਦ ਵੀ, ਆਸਰੇ ਲਈ, ਤੇਰਾ ਮੋਢਾ ਮੰਗਿਆ,
ਤੂੰ ਚੰਦਰਮਾਂ ਵਾਂਗ, ਪਤਾ ਨਹੀਂ ਕਿੱਥੇ,
ਗੋਡੀ ਮਾਰ ਜਾਂਦੀ।।? ਅਤੇ ਕਰ ਜਾਂਦੀ,
ਮੇਰੀ ਜ਼ਿੰਦਗੀ ਵਿਚ ਮੱਸਿਆ ਦੀ ਰਾਤ!
ਤੂੰ ਤਾਰਿਆਂ ਨਾਲ਼ ਗੱਲਾਂ ਕਰਨਾ ਛੱਡ,
ਨਕਲੀ ਜੁਗਨੂੰਆਂ ਵਿਚ ਪਰਚ ਜਾਂਦੀ!
..........
ਜਦ ਕਿਤੇ ਵੀ ਮੇਰੀ 'ਬਲੀ' ਦੀ ਗੱਲ ਚੱਲਦੀ,
ਤਾਂ ਤੂੰ ਮੇਰੇ ਹੱਕ ਵਿਚ, ਭੁਗਤਣ ਦੀ ਥਾਂ,
ਹੋ ਜਾਂਦੀ ਅਲਾਦੀਨ ਵਾਂਗ ਆਲੋਪ!
ਜਦ ਮੈਨੂੰ ਲੂਲ੍ਹਾ-ਲੰਗੜਾ ਕਰ,
ਖ਼ੂਹ ਵਿਚ ਸੁੱਟ ਦਿੱਤਾ ਜਾਂਦਾ, ਤਾਂ ਤੇਰੀ,
ਹੰਝੂ ਵਗਾਉਣ ਦੀ ਵਾਰੀ ਆ ਜਾਂਦੀ!


ਹੋਰ ਪੜੋ...

ਅਜ਼ਬ ਤੇ ਗ਼ਜ਼ਬ

ਨਾ ਤਾਂ ਮੈਂ ਧਨੁੱਸ਼ ਤੋੜਨ ਦੇ ਕਾਬਲ ਹਾਂ,
ਤੇ ਨਾ, ਥੱਲੇ ਤੇਲ ਦੇ ਉੱਬਲ਼ਦੇ ਕੜਾਹੇ ਵਿਚ ਦੇਖ,
ਉਪਰ ਮੱਛੀ ਦੀ ਅੱਖ ਵਿੰਨ੍ਹਣ ਦੇ ਸਮਰੱਥ!
ਨਾ ਕੋਈ ਕਲਾ ਸੰਪੂਰਨ,
ਤੇ ਨਾ, ਕਿਸੇ ਵੇਦ ਦਾ ਗਿਆਤਾ ਹਾਂ ਮੈਂ...!
ਨਾ ਤ੍ਰਿਭਵਣ ਦਾ ਮਾਲਕ,
ਤੇ ਨਾ ਹਾਂ, ਸ਼ਕਤੀ ਦਾ ਬਲੀ ਭੀਮ ਸੈਨ!
ਨਾਂ ਸੂਰਜ ਜਿੰਨੀ ਤਪਸ਼ ਹੈ ਮੇਰੇ ਵਿਚ,
ਤੇ ਨਾ ਚੰਦਰਮਾਂ ਜਿੰਨਾਂ ਸੀਤ!
ਨਾ ਰਾਤ ਵਰਗੀ ਕਾਲ਼ਸ ਹੈ ਮੇਰੇ ਦਿਲ ਵਿਚ,


ਹੋਰ ਪੜੋ...

ਮਾਣ ਨਾ ਕਰ ਤੂੰ...

ਮਾਣ ਨਾ ਕਰ ਤੂੰ...
ਆਪਣੇ ਬੈਂਕ ਵਿਚ ਪਏ
ਲੱਖਾਂ ਡਾਲਰਾਂ,
ਅਤੇ
'ਗੋਲਡਨ ਕਰੈਡਿਟ ਕਾਰਡਾਂ' ਦਾ...!
ਤੇਰੇ ਇਹ 'ਕਾਰਡ',
ਮੇਰੇ ਪੰਜਾਬ ਦੇ ਢਾਬਿਆਂ,
ਜਾਂ ਰੇਹੜੀਆਂ 'ਤੇ ਨਹੀਂ ਚੱਲਦੇ!
....ਹੰਕਾਰ ਨਾ ਕਰ ਤੂੰ,
ਆਪਣੇ ਵਿਸ਼ਾਲ 'ਵਿੱਲੇ' ਦਾ!
ਇਹਦਾ ਉੱਤਰ ਤਾਂ,
ਸਾਡੇ ਖੇਤ ਵਾਲ਼ਾ,
'ਕੱਲਾ ਕੋਠਾ ਹੀ ਦੇ ਸਕਦੈ...!
ਜਿੱਥੇ ਪੈਂਦੀ ਹੈ, ਟਿਊਬਵੈੱਲ ਦੀ,
ਅੰਮ੍ਰਿਤ ਵਰਗੀ ਧਾਰ
ਅਤੇ ਰਸਭਿੰਨਾਂ
ਰਾਗ ਗਾਉਂਦੀਆਂ ਨੇ
ਲਹਿ-ਲਹਾਉਂਦੀਆਂ ਫ਼ਸਲਾਂ!
ਹੋਰ ਤਾਂ ਹੋਰ...?
ਮੇਰੇ ਖੇਤ ਤਾਂ ਮੂਲ਼ੀ ਤੇ ਗਾਜਰਾਂ ਵੀ,
ਗੀਤ ਗਾਉਂਦੀਐਂ...!
ਤੇ ਮੱਕੀ ਵੀ ਢਾਕ 'ਤੇ ਛੱਲੀ ਲਮਕਾ,
ਮਜਾਜਣ ਬਣੀਂ ਰਹਿੰਦੀ ਐ...!
...ਤੇ ਮਾਣ ਨਾ ਕਰ ਤੂੰ,
ਆਪਣੀ ਸੋਹਲ ਜੁਆਨੀ
ਅਤੇ ਡੁੱਲ੍ਹਦੇ ਹੁਸਨ ਦਾ...!
ਇਸ ਦਾ ਉੱਤਰ ਦੇਣ ਲਈ ਤਾਂ,
ਸਾਡੇ ਖੇਤਾਂ ਵਿਚੋਂ,
ਇਕ ਸਰ੍ਹੋਂ ਦਾ ਫ਼ੁੱਲ ਹੀ ਕਾਫ਼ੀ ਹੈ!!
ਜਿਸ 'ਤੇ ਬੈਠ ਤਾਂ, ਸ਼ਹਿਦ ਦੀ ਮੱਖੀ ਵੀ,
ਮੰਤਰ ਮੁਗਧ ਹੋ ਜਾਂਦੀ ਹੈ,
ਤਿਤਲੀਆਂ ਪਾਉਂਦੀਆਂ ਨੇ ਗਿੱਧੇ
ਤੇ ਜੁਗਨੂੰ ਰਾਤ ਨੂੰ ਦੀਵੇ ਬਾਲ਼ਦੇ ਨੇ!!
ਤੂੰ ਮਾਣ ਨਾ ਕਰ ਆਪਣੇ ਬਾਗ ਦਾ,
ਤੇਰੇ ਬਾਗ ਵਿਚ ਹੁਣ ਤੱਕ,
ਕਿਸੇ ਮੋਰ ਨੇ ਪੈਹਲ ਨਹੀਂ ਪਾਈ ਹੋਣੀਂ!
ਤੇ ਨਾ ਹੀ "ਸੁਭਾਨ ਤੇਰੀ ਕੁਦਰਤ" ਆਖ,
ਕਿਸੇ ਤਿੱਤਰ ਨੇ ਪ੍ਰਵਰਦਿਗ਼ਾਰ ਦਾ,
ਸ਼ੁਕਰਾਨਾ ਹੀ ਕੀਤਾ ਹੋਣੈਂ...!
ਨੱਚੇ ਨਹੀਂ ਹੋਣੇ ਖ਼ਰਗੋਸ਼ ਤੇਰੇ ਬਾਗ ਵਿਚ,
ਤੇ ਨਾ ਹੀ ਕੋਇਲ ਨੇ ਕੂਕ ਕੇ,
ਕਦੇ ਸ਼ੁਭ ਸਵੇਰ ਦਾ 'ਪੈਗ਼ਾਮ' ਦਿੱਤਾ ਹੋਣੈਂ!!
ਨਾ ਕਰ ਮਾਣ ਤੂੰ ਆਪਣੇ ਕੀਮਤੀ ਲਹਿੰਗਿਆਂ ਦਾ,
ਤੈਨੂੰ ਸੁਨਿਹਰੀ ਗੀਟੀਆਂ ਗਿਣਨ ਤੋਂ,
ਵਿਹਲ ਲੱਗੇ, ਤਾਂ ਕਦੇ ਸਾਡੇ ਪਿੰਡਾਂ ਦੀਆਂ,
ਗੱਡੀਆਂ ਵਾਲ਼ੀਆਂ ਦਾ ਲਿਬਾਸ ਦੇਖੀਂ..!
ਤੇਰਾ ਭਰਮ ਲੱਥ ਜਾਵੇਗਾ..!!
ਉਹਨਾਂ ਦਾ ਪਹਿਰਾਵਾ ਦੱਸ ਦੇਵੇਗਾ,
ਕਿ ਸੁਹੱਪਣ ਸਿਰਫ਼ ਅਮੀਰਾਂ ਕੋਲ਼ ਹੀ ਨਹੀਂ,
ਸੁਹੱਪਣ ਝੁੱਗੀਆਂ ਵਿਚ ਵੀ ਵਸਦੈ!!
ਇਕ ਗੱਲ ਯਾਦ ਰੱਖੀਂ...!
ਮੋਤੀਆਂ ਜੜੇ ਪਿੰਜਰਿਆਂ ਵਿਚ,
ਮਿੱਠੀ ਚੂਰੀ ਖਾਣ ਵਾਲ਼ੇ,
ਨਾਂ ਤਾਂ ਚੋਗਾ ਚੁਗਣ,
ਨਾ ਆਲ੍ਹਣਿਆਂ ਦੇ ਮੋਹ,
ਅਤੇ ਨਾ ਹੀ,
ਬਸੰਤ ਰੁੱਤਾਂ ਦੀ ਸਾਰ ਜਾਣਦੇ ਨੇ!!
ਉਹ ਤਾਂ ਸਿਰਫ਼ ਮਾਣਦੇ ਨੇ,
ਬਨਾਉਟੀ ਬੁੱਕਲ਼ਾਂ ਦਾ ਨਿੱਘ,
ਤੇ ਨਲ਼ੀਆਂ ਨਾਲ਼ ਪੀਂਦੇ ਨੇ ਦੁੱਧ,
ਤੇ ਫ਼ੇਰ ਲਾਵਾਰਸਾਂ ਵਾਂਗ,
ਮਾਲਕ ਦਾ ਰਾਹ ਦੇਖਦੇ ਨੇ,

ਜੋ ਫ਼ਾਈਵ ਸਟਾਰ ਹੋਟਲਾਂ ਵਿਚ,
ਡਾਲਰਾਂ ਦੀ ਕੀਮਤ ਤਾਰ,
ਦੂਜਿਆਂ ਦੀ 'ਬਨਾਉਟੀ' ਬੁੱਕਲ਼ ਦਾ,
ਨਿੱਘ ਮਾਣਦਾ ਹੁੰਦਾ ਹੈ!
ਜਿਸ ਨੂੰ ਆਲ੍ਹਣਾ ਬਣਾਉਣ ਦੀ,
ਜਾਂਚ ਨਾ ਆਈ,
ਜਿਸ ਨੇ ਹਾਣੀ ਬੁੱਕਲ਼ ਦਾ ਨਿੱਘ ਨਾ ਮਾਣਿਆਂ,
ਉਹ ਕਿਹੋ ਜਿਹਾ ਪੰਛੀ ਹੋਵੇਗਾ?
ਤੇਰੇ ਵਰਗਾ...?
ਉਹ ਵੀ ਤੋਲਵੇਂ ਹੱਡ ਮਾਸ ਦਾ ਪੁਤਲਾ,
ਰੂਹ ਅਤੇ ਰੁਹਾਨੀਅਤ ਤੋਂ ਸੱਖਣਾਂ!
ਕਿਉਂਕਿ ਪਿੰਜਰੇ ਅਤੇ ਮਹਿਲਾਂ ਦੇ ਮਾਹੌਲ ਵਿਚ,
ਬਹੁਤਾ ਫ਼ਰਕ ਨਹੀਂ ਹੁੰਦਾ!!




ਹੋਰ ਪੜੋ...

ਸਿਵੇ ਦੀ ਚੁੱਪ

ਆਖ਼ਰੀ ਸਾਹ ਤੱਕ ਰੱਖੂੰਗਾ ਸ਼ਾਂਤੀ
ਕਰੂੰਗਾ ਸਬਰ, ਤੇਰੇ ਭਾਣੇਂ 'ਚ ਰਹਿ ਕੇ!
ਇਸ ਲਈ ਕਿ ਕਿਤੇ ਤੂੰ ਸ਼ਿਕਵਾ ਨਾ ਕਰੇਂ?
ਪਰ ਵਾਅਦਾ ਕਰ!
ਸਿਰ ਝੁਕਾ ਕੇ ਕਰ ਦੇਵੀਂ ਸਿਜਦਾ,
ਮੇਰੇ ਸਿਦਕ ਅਤੇ ਸਿਰੜ ਨੂੰ,
ਮੇਰੇ ਆਖ਼ਰੀ ਸਫ਼ਰ ਵੇਲ਼ੇ....!
....
ਕਦੇ-ਕਦੇ ਲੱਗਦੀ ਹੈ, ਇੱਕ ਸਾਜ਼ਿਸ਼ ਤੇਰੀ
ਕਿ ਕਰਦੀ ਹੈਂ ਸਿਰਫ਼ ਤੂੰ,
ਮੇਰੇ ਤੁਰ ਜਾਣ ਦਾ ਇੰਤਜ਼ਾਰ?
ਨਹੀਂ ਤਾਂ ਵਾਰ-ਵਾਰ ਮੈਨੂੰ,
ਸੂਲੀ ਚੜ੍ਹਨ ਲਈ ਨਾ ਪ੍ਰੇਰਦੀ!
....
ਪਿਆਸ ਨਾਲ਼ ਵਿਆਕੁਲ਼ ਵਿਅਕਤੀ ਨੂੰ,
'ਲਾਰਾ' ਲਾ ਕੇ 'ਝੀਲ' ਦਾ,
ਕਿੰਨਾਂ ਕੁ ਪੰਧ ਤੋਰੋਂਗੇ ਆਪਣੇ ਨਾਲ਼?
ਉਸ ਦੀ ਰੀਝ ਵਿਚ ਵਸੀ ਪਿਆਸ ਤਾਂ,
ਕਦੇ 'ਲਾਰੇ' ਨਾਲ਼ ਨਹੀਂ ਮਿਟੇਗੀ!
....
ਕੀ ਪੁੰਨ ਤੇ ਕੀ ਪਾਪ,
ਕੀ ਮੰਦਾ ਅਤੇ ਕੀ ਚੰਗਾ ਹੋਊ,
ਮੇਰੇ ਤੁਰ ਜਾਣ ਤੋਂ ਬਾਅਦ?
ਜਦ ਰੂਹ ਹੀ ਤੜਪਦੀ ਰਹੀ,
ਤੇਰੀ ਤੜਪ ਵਿਚ ਪਿਆਸੀ,
ਦੱਸ ਸਵਰਗ ਦੀ ਸੁਆਤੀ ਬੂੰਦ ਵੀ,
ਮੈਨੂੰ ਕੀ ਆਧਾਰ ਦੇਵੇਗੀ....?
....
ਨਾ ਤਾਂ ਕਦੇ,
ਕਾਮ-ਧੇਨ ਗਊ ਦੀ ਇੱਛਾ ਜ਼ਾਹਿਰ ਕੀਤੀ
ਤੇ ਨਾ ਹੀ ਗਾਉਂਦੇ ਰੁੱਖ਼ ਦੀ!
ਇੱਕ ਨਿੱਕੀ ਜਿੰਨੀ ਹਮਦਰਦੀ ਦੀ,
ਆਸ ਲਾਈ ਸੀ ਤੈਥੋਂ
ਪਰ ਇਹ ਨਹੀਂ ਸੀ ਪਤਾ,
ਕਿ ਤੂੰ ਵੀ,
ਛੂਕਦੇ ਤੁਫ਼ਾਨਾਂ ਵਿਚ, ਮੇਰੀ ਬਾਂਹ ਛੱਡ,
ਮੁਸਕੁਰਾ ਕੇ ਤੁਰ ਜਾਵੇਂਗੀ,
ਕਿਸੇ ਅਗਲੇ ਕਾਫ਼ਲੇ ਦੇ ਨਾਲ਼!
....
ਬੜੀ ਨਿਰਾਸ਼ਾ ਹੋਈ, ਜਦ ਤੈਨੂੰ,
ਕਿਸੇ ਹੋਰ ਬੇੜੇ 'ਤੇ ਸਵਾਰ ਹੋਈ ਦੇਖਿਆ,
ਤੇਰਾ ਬੇੜਾ ਦੂਰ ਜਾ ਰਿਹਾ ਸੀ,
ਤੇ ਮੇਰਾ ਸਰੀਰ ਜੂਝ ਰਿਹਾ ਸੀ,
ਜ਼ਮਾਨੇਂ ਦੀਆਂ ਕਪੜਛੱਲਾਂ ਦੇ ਨਾਲ਼,
ਤੇ ਜਾ ਰਿਹਾ ਸੀ ਕਿਸੇ ਡੂੰਘੇ ਪਾਤਾਲ਼ ਵੱਲ ਨੂੰ!
ਤੇਰੇ ਵਿਛੋੜੇ ਦੀਆਂ ਛੱਲਾਂ, ਘੁੱਟਦੀਆਂ ਸੀ ਦਮ ਮੇਰਾ
....
ਤੇ ਅਖ਼ੀਰ ਜਦ,
ਤੇਰੀ ਹਿੱਲਦੀ ਬਾਂਹ ਵੀ ਦਿਸਣੋਂ ਹਟ ਗਈ
ਅਤੇ ਹੋ ਗਈ ਅੱਖਾਂ ਤੋਂ ਓਹਲੇ,
ਤਾਂ ਮੈਨੂੰ ਆਪਣਾ 'ਅੰਤ' ਨਜ਼ਰ ਆਇਆ!
ਅੰਤ ਵੇਲ਼ੇ ਮੈਨੂੰ ਸਵਰਗ ਤੇ ਨਰਕ ਚੇਤੇ ਆਏ,
ਪਰ ਇਹ ਤਾਂ ਮੈਂ ਦੋਨੋਂ ਹੀ ਦੇਖ ਚੁੱਕਾ ਸਾਂ!
ਤੇਰੀ ਮਿਲਣੀ ਅਤੇ ਵਿਛੋੜਾ,
ਸਵਰਗ-ਨਰਕ ਹੀ ਤਾਂ ਸੀ!
....
ਮੈਂ ਦੁਨੀਆਂ ਨੂੰ 'ਜ਼ਾਲਮ' ਗਰਦਾਨਦਾ ਰਿਹਾ,
ਪਰ ਸੋਚ ਕੇ ਦੇਖ,
'ਸ਼ੋਭਾ' ਤੇਰੀ ਵੀ ਘੱਟ ਨਹੀਂ!
ਫ਼ਰਕ ਇਹ ਹੈ
ਕਿ ਦੁਨੀਆਂ ਤ੍ਰਿਸਕਾਰ ਅਤੇ ਘ੍ਰਿਣਤ ਨਜ਼ਰਾਂ ਨਾਲ਼
ਹਲਾਲ ਕਰਦੀ ਰਹੀ,
ਤੇ ਤੂੰ ਮੁਸਕਰਾ ਕੇ....!
....
ਤੂੰ ਕਰਦੀ ਰਹੀ ਤਿਆਰ ਮੈਨੂੰ ਹਰ ਪਲ,
ਹੋਰ ਤਸ਼ੱਦਦ ਸਹਿਣ ਲਈ
ਤੇ ਕਰਦੀ ਰਹੀ ਦੁਆਵਾਂ
ਕਿ ਮੈਂ ਜ਼ਾਲਮਾਂ ਦੇ ਵਾਰ ਜਰਦਾ ਕਿਤੇ,
ਡੋਲ-ਥਿੜਕ ਨਾ ਜਾਵਾਂ?
ਦਿੰਦੀ ਰਹੀ ਹੌਸਲੇ ਦੀ ਖ਼ੁਰਾਕ ਮੈਨੂੰ
ਕਿ ਮੇਰੇ ਹਿਰਦੇ 'ਚੋਂ ਸਿੰਮਦਾ
ਚਾਰ ਕੁ ਬੂੰਦਾਂ ਖ਼ੂਨ ਦੇਖ,
ਕਿਤੇ ਖ਼ੂਨ ਦੇ ਪਿਆਸੇ ਵੈਰੀ,
ਨਿਰਾਸ਼ ਨਾ ਹੋ ਜਾਣ?
....
ਕਰੂੰਗਾ ਇੰਤਜ਼ਾਰ ਅਜੇ ਵੀ,
ਕਿ ਅਜੇ ਹੋਰ ਕਿੰਨੇ ਕੁ ਦੁੱਖ ਬਾਕੀ ਨੇ,
ਕਿੰਨੀਆਂ ਮੁਸੀਬਤਾਂ ਕਤਾਰ ਵਿਚ ਨੇ,
ਮੇਰੀ ਕਿਸਮਤ ਲਈ?
ਕਿੰਨੇ ਕੁ ਲੈਂਦੀ ਹੈਂ ਹੋਰ ਇਮਤਿਹਾਨ ਮੇਰੇ,
ਕਦ ਰੱਜੇਗੀ ਤੇਰੀ ਰੂਹ,
ਮੈਨੂੰ ਤੜਪਦਾ ਦੇਖ?
ਇਸੇ ਘੜ੍ਹੀ ਦਾ ਅਨੁਮਾਨ ਲਾਉਂਦਾ ਹੀ,
ਤੁਰ ਜਾਵਾਂਗਾ ਇਸ ਜੱਗ ਤੋਂ
ਕਿ ਅਜੇ ਕਿਸੇ ਨੂੰ 'ਖ਼ੁਸ਼' ਕਰਨਾ,
ਬਾਕੀ ਤਾਂ ਨਹੀਂ ਰਹਿ ਗਿਆ?
....
ਜਦ ਸੰਤੁਸ਼ਟ ਹੋ ਜਾਵੇਗੀ ਦੁਨੀਆਂ ਦੀ ਜਾਬਰ ਰੂਹ,
ਮੈਨੂੰ ਤਸੀਹੇ ਦੇ-ਦੇ ਕੇ,
ਤੇ ਉੱਤਰ ਜਾਵੇਗਾ ਮੇਰਾ ਕਰਜ਼,
ਤਾਂ ਚੁੱਪ, ਅੱਖਾਂ ਮੀਟੀ ਪਿਆ ਹੋਵਾਂਗਾ ਮੈਂ!
ਫ਼ਿਰ ਅੱਖਾਂ ਭਰ ਲਵੀਂ,
ਤੇ ਚਾਹੇ ਤਾਹਨਿਆਂ ਦੇ ਚਾਰ ਛਾਂਟੇ ਤੂੰ ਵੀ ਮਾਰ ਲਵੀਂ,
ਮੈਨੂੰ ਕੋਈ ਫ਼ਰਕ ਨਹੀਂ ਪੈਣਾਂ!
....
ਤੇਰੇ ਬਿਨਾਂ ਮੇਰੀ ਸੱਖਣੀਂ ਤੇ ਵੈਰਾਨ ਰੂਹ ਤਾਂ,
ਜਹਾਨੋਂ 'ਕੂਚ' ਕਰ ਗਈ ਹੋਵੇਗੀ,
ਫ਼ੇਰ ਤੇਰੀ ਹਮਦਰਦੀ,
ਮੇਰੇ ਕਿਸੇ ਕੰਮ ਨਹੀਂ ਹੋਵੇਗੀ!
ਫ਼ਿਰ ਤਾਂ ਆਦਤ ਅਨੁਸਾਰ ਮੁਸਕਰਾ ਕੇ,
ਦੋ ਡੱਕੇ ਹੀ ਅਰਥੀ 'ਤੇ ਸੁੱਟ ਦੇਵੀਂ,
ਇਹੀ ਤੇਰਾ ਅਹਿਸਾਨ ਹੋਵੇਗਾ!
....
ਸਰੀਰ ਦੀ ਗੱਲ ਤਾਂ ਛੱਡ ਜਿੰਦ!
ਪਰ ਆਤਮਾਂ 'ਤੇ ਪਈਆਂ ਲਾਸਾਂ,
ਦਿਲ 'ਤੇ ਹੋਏ ਡੂੰਘੇ ਘਾਓ,
ਅਰਮਾਨਾਂ ਦਾ ਹੋਇਆ ਘਾਣ,
ਰੀਝਾਂ ਦਾ ਮਲ਼ੀਆਮੇਟ,
ਚਾਅਵਾਂ ਦਾ ਬਣਿਆਂ ਮਲ਼ੀਦਾ
ਚਕਨਾਚੂਰ ਹੋਏ ਸੁਪਨੇ ਤਾਂ ਤੈਨੂੰ,
ਮੇਰੇ ਚੁਗੇ ਜਾਣ ਵਾਲ਼ੇ,
'ਫ਼ੁੱਲਾਂ' 'ਚੋਂ ਵੀ ਨਹੀਂ ਮਿਲ਼ਣੇ!
....
ਪਰ ਵਾਅਦੇ ਨਾਲ਼ ਆਖਦਾ ਹਾਂ ਜਿੰਦ,
ਤੈਨੂੰ ਮੇਰੇ ਸਿਵੇ ਦੀ ਸੁਆਹ 'ਚੋਂ ਵੀ,
ਸ਼ਾਂਤੀ ਤੇ ਚੁੱਪ ਹੀ ਨਜ਼ਰ ਆਵੇਗੀ!
ਫ਼ਿਰ ਤਾਂ ਖ਼ੁਸ਼ ਹੋ ਜਾਵੇਂਗੀ ਨਾ?
ਕਿਉਂਕਿ ਤੈਨੂੰ ਖ਼ੁਸ਼ ਕਰਨ ਲਈ ਤਾਂ ਮੈਂ,
ਚੁੱਪ ਵੱਟੀ ਰੱਖੀ ਸੀ!
ਹੁਣ ਮੇਰੇ ਸਿਵੇ ਦੀ ਚੁੱਪ ਵੀ ਕਬੂਲ ਕਰੀਂ!!
ਇਸ ਤੋਂ ਬਿਨਾਂ ਤੈਨੂੰ ਕੁਝ ਵੀ,
ਭੇਂਟ ਨਹੀਂ ਕਰ ਸਕੂੰਗਾ!
ਚੁੱਪ ਤੇ ਸ਼ਾਂਤੀ ਹੀ ਤਾਂ ਤੂੰ ਮੰਗਦੀ ਹੁੰਦੀ ਸੀ,
ਤੇ ਉਹ ਮੈਂ ਦੇ ਚੱਲਿਐਂ, ਹੁਣ ਖ਼ੁਸ਼....?


ਹੋਰ ਪੜੋ...

ਇੱਕ ਖ਼ਤ ਤੇਰੇ ਨਾਮ

ਦੇਖੀਂ, ਰੋਵੀਂ ਨਾ, ਦੇਖ ਕੇ ਲਾਸ਼ ਮੇਰੀ!
ਤੇ ਕੇਰੀਂ ਨਾ ਇਕ ਵੀ ਅੱਥਰੂ!!
ਤੈਨੂੰ ਪਤੈ, ਤੇਰੇ ਇਕ ਹੰਝੂ ਦਾ ਮੁੱਲ,
ਮੇਰੀ ਜਿੰਦ ਦੇ ਬਰਾਬਰ ਹੈ!
ਇਹ ਦੁਨੀਆਂ ਕਿਸੇ ਦਾ ਮੁੱਲ ਨਹੀਂ ਪਾਉਂਦੀ,
ਤੇ ਮੈਂ ਨਹੀਂ ਚਾਹੁੰਦਾ, ਕਿ ਤੇਰੇ ਅੱਥਰੂ ਵੀ
ਮੇਰੀ ਜਿੰਦ ਵਾਂਗ, ਬੇਕਦਰੇ, ਬੇਅਰਥ
ਅਤੇ ਅਜਾਈਂ ਹੀ ਜਾਣ!
ਲਿਆਵੀਂ ਨਾ ਉਦਾਸੀ, ਮੈਨੂੰ ਖ਼ਾਮੋਸ਼ ਪਿਆ ਦੇਖ,
ਕਿਉਂਕਿ, ਤੇਰੀ ਉਦਾਸੀ ਤੋੜਨ ਖ਼ਾਤਿਰ ਤਾਂ ਮੈਂ,
ਆਪਣੇ ਪ੍ਰਾਣ ਵੀ ਵੇਚ ਸਕਦਾ ਸੀ ਜਿੰਦ ਮੇਰੀਏ!
.......
ਇਕ ਗੱਲ ਜ਼ਰੂਰ ਉਦਾਸ ਕਰੇਗੀ ਤੈਨੂੰ,
ਕਿ ਕਦੇ ਵੀ ਚੁੱਪ ਨਾ ਬੈਠਣ ਵਾਲ਼ਾ,
ਅੱਜ ਐਨੀ 'ਕਠੋਰ
' ਖ਼ਾਮੋਸ਼ੀ ਕਿਉਂ ਧਾਰ ਗਿਆ?
ਤੂੰ ਤਾਂ ਮੇਰੀ ਚੁੱਪ ਜਰਨ ਦੀ ਆਦੀ ਹੀ ਨਹੀਂ ਸੀ!
ਪਰ ਸਾਹਮਣੇ ਪਈ 'ਮੌਨ' ਹਕੀਕਤ ਨੂੰ ਪ੍ਰਵਾਨ ਕਰ,
ਇਹ ਕਬੂਲ ਕਰ ਲਵੀਂ ਕਿ ਮੈਂ ਸਿਰਫ਼ ਤੈਥੋਂ,
ਸਰੀਰਕ ਤੌਰ 'ਤੇ ਹੀ ਵਿਛੜ ਰਿਹਾ ਹਾਂ!
ਆਤਮਿਕ ਪੱਖੋਂ ਤਾਂ ਸਦਾ ਤੇਰੇ ਨਾਲ਼ ਹੀ ਰਹਾਂਗਾ!
.......
ਕਹਿੰਦੇ ਆਤਮਾਂ ਆਪਣੇ ਚਾਹੁੰਣ ਵਾਲ਼ੇ ਨੂੰ,
ਉਠ ਕੇ ਗਲ਼ ਲਾਉਣਾ ਚਾਹੁੰਦੀ ਹੈ,
ਪਰ ਵਜੂਦ ਨਾ ਹੋਣ ਕਾਰਨ,
ਸਪੱਰਸ਼ ਨਹੀਂ ਕਰ ਸਕਦੀ!
ਗਲਵਕੜੀ ਪਾਉਣੀ ਚਾਹਾਂਗਾ ਤੈਨੂੰ,
ਪਰ ਸ਼ਾਇਦ ਇਹ ਮੇਰੇ ਵੱਸ ਨਹੀਂ ਹੋਵੇ?
ਤੈਨੂੰ ਪਤੈ ਕਿ ਮੇਰੀ ਤਕਦੀਰ ਦੇ ਫ਼ੈਸਲੇ ਤਾਂ ਸਦਾ,
ਚੰਦਰੀ ਦੁਨੀਆਂ ਨੇ ਕੀਤੇ ਨੇ ਕਮਲ਼ੀਏ!
ਤੇ ਅੱਜ ਦਾ ਆਹ ਆਖ਼ਰੀ ਫ਼ੈਸਲਾ ਸੀ 'ਮੇਰਾ',
ਸਿਰਫ਼ ਜਹਾਨੋਂ ਤੁਰ ਜਾਣ ਦਾ!!
.......
ਬੱਸ ਇਕ ਰਹਿਮਤ ਕਰੀਂ ਮੇਰੇ 'ਤੇ!
ਦੇਖ ਲਵੀਂ, ਨੀਝ ਲਾ ਕੇ ਮੇਰੇ ਮੁੱਖ ਨੂੰ,
ਕਿ ਕਿਵੇਂ ਮੈਂ, ਕੰਡਿਆਲ਼ੀਆਂ ਥੋਰ੍ਹਾਂ ਵਿਚ ਦੀ,
ਜੱਦੋਜਹਿਦ ਕਰਦਾ ਹੁਣ ਕਿੰਨਾਂ 'ਸ਼ਾਂਤ' ਪਿਆ ਹਾਂ
ਰੱਖ ਦੇਵੀਂ, ਆਪਣੀ ਗੱਲ੍ਹ ਮੇਰੇ ਮੁਰਝਾਏ ਮੂੰਹ 'ਤੇ
ਚੁੰਮਣ ਦੇਵੀਂ, ਮੇਰੀਆਂ ਬੰਦ ਅੱਖਾਂ 'ਤੇ
ਜੇ ਨਮ ਹੋਣ ਤੇਰੇ ਨੇਤਰ,
ਤਾਂ ਯਾਦ ਕਰੀਂ, ਮੇਰੇ ਨਾਲ਼ ਹੱਸੇ ਹਾਸੇ,
ਕੀਤੇ ਮਖ਼ੌਲ, ਸੁਣਾਏ ਚੁਟਕਲੇ,
ਮੇਰੇ ਵੱਲੋਂ ਤੈਨੂੰ ਕੀਤਾ ਬੇਥਾਹ ਪਿਆਰ,
ਦਿੱਤੀਆਂ ਝਿੜਕਾਂ ਤੇ ਲਾਇਆ ਘੁੱਟ-ਘੁੱਟ ਸੀਨੇ!
.........
ਯਾਦ ਰੱਖੀਂ...! ਮੇਰੀ ਹਿੱਕ 'ਤੇ,
ਤੇਰਾ ਡੁੱਲ੍ਹਿਆ ਇਕ ਅੱਥਰੂ ਵੀ ਮੈਨੂੰ,
ਦਰਗਾਹ ਵਿਚ ਦਿਲਗੀਰ ਕਰੇਗਾ!
ਕੀ ਕਿਹਾ ਕਰਦਾ ਸੀ ਤੈਨੂੰ...?
ਕਿ ਤੇਰੀ ਅੱਖ 'ਚੋਂ ਡਿੱਗੇ ਇਕ ਮੋਤੀ ਬਦਲੇ,
ਮੈਂ ਆਪਣੇ ਖ਼ੂਨ ਦਾ ਆਖ਼ਰੀ ਕਤਰਾ ਵਹਾ ਸਕਦਾ ਹਾਂ!
ਪਾ ਲਈਂ ਖ਼ਾਮੋਸ਼ ਪਏ ਨੂੰ ਇਕ ਗਲਵਕੜੀ,
ਦੁਨੀਆਂ ਦਾ ਡਰ ਪਰ੍ਹੇ ਸੁੱਟ!
ਕਿਉਂਕਿ ਮੇਰਾ ਇਹ ਸਰੀਰ ਤੈਨੂੰ,
ਸਸਕਾਰ ਤੋਂ ਬਾਅਦ ਫ਼ਿਰ ਕਦੇ,
ਕਲ਼ਾਵੇ 'ਚ ਲੈਣ ਨੂੰ ਨਹੀਂ ਮਿਲ਼ੇਗਾ!
ਤੇਰੀ ਗਲਵਕੜੀ ਲਈ ਤਾਂ ਮੈਂ,
ਕੁਰਬਾਨ ਹੋਣ ਲਈ ਤਿਆਰ ਹੋ ਜਾਂਦਾ ਸੀ ਕਮਲ਼ੀਏ!
ਤੇ ਤੇਰੀ ਇਹ ਆਖਰੀ ਗਲਵਕੜੀ,
ਮੇਰੀ ਰੂਹ ਨੂੰ ਸਕੂਨ ਦੇਵੇਗੀ!
......
ਹਰ ਬਾਪ ਦੀ ਇੱਛਾ ਹੁੰਦੀ ਹੈ,
ਕਿ ਉਸ ਦੀ ਅਰਥੀ ਨੂੰ,
ਉਸ ਦਾ ਪੁੱਤਰ ਹੀ 'ਦਾਗ' ਦੇਵੇ
ਪਰ ਦੇਖੀਂ! ...ਤੇ ਨਾਲ਼ੇ ਯਾਦ ਰੱਖੀਂ!!
ਮੇਰੇ, ਤੇਰੇ ਨਾਲ਼ ਇਕੱਠਿਆਂ ਜੀਣ-ਮਰਨ ਦੇ ਅਰਮਾਨ,
ਮੇਰੀ ਅਰਥੀ ਨਾਲ਼ ਨਹੀਂ ਮੱਚਣੇ!
ਸਿਵੇ ਦੀਆਂ ਉਠਦੀਆਂ ਲਾਟਾਂ 'ਚੋਂ ਤੈਨੂੰ,
ਮੇਰਾ ਉਹੀ, ਗ਼ਮਾਂ ਦੇ ਬੁਰਕੇ ਪਿੱਛੇ,
ਖਿੜ-ਖਿੜ ਹੱਸਦਾ ਚਿਹਰਾ ਹੀ ਦਿਸੇਗਾ!
......
ਪਰ ਮੇਰੀ ਇਕ ਆਖ਼ਰੀ ਖ਼ਾਹਿਸ਼ ਪੂਰੀ ਕਰੀਂ!
ਮੇਰੇ ਫ਼ੁੱਲ 'ਤੂੰ' ਆਪਣੇ ਹੱਥੀਂ ਪਾ ਕੇ ਆਵੀਂ!!
ਨਹੀਂ ਸਾਰੀ ਜ਼ਿੰਦਗੀ ਗੁਨਾਂਹਗਾਰ ਰਹੇਂਗੀ ਮੇਰੀ!
ਸਾਰੇ ਰਾਹ ਘੁੱਟ ਕੇ ਸੀਨੇ ਨਾਲ਼ ਲਾਈ ਰੱਖੀਂ,
ਮੇਰੇ ਫ਼ੁੱਲਾਂ ਵਾਲ਼ੀ ਪੋਟਲ਼ੀ ਨੂੰ!
...ਤੇ ਮੇਰੀਆਂ ਕੀਤੀਆਂ ਗਲਤੀਆਂ 'ਤੇ,
ਗ਼ੌਰ ਨਾ ਕਰੀਂ!
ਦਿੱਤੀਆਂ ਝਿੜਕਾਂ 'ਤੇ, ਪੋਚਾ ਮਾਰ ਦੇਵੀਂ ਖ਼ਿਮਾਂ ਦਾ!
ਮਿੱਟੀ ਪਾ ਦੇਵੀਂ, ਮੇਰੇ ਗੁਨਾਂਹਾਂ 'ਤੇ!
....ਤੇ ਮੈਨੂੰ ਸੱਚੇ ਦਿਲੋਂ ਮੁਆਫ਼ ਹੀ ਕਰ ਦੇਵੀਂ,
ਤੈਨੂੰ ਪਤੈ ਕਿ ਮੈਂ ਦਿਲੋਂ ਪਾਪੀ
ਤੇ ਬੇਈਮਾਨ ਜਮਾਂ ਨਹੀਂ ਸੀ!
......
ਫ਼ੁੱਲ ਤਾਰਨ ਵੇਲ਼ੇ, ਇਸ ਤਰ੍ਹਾਂ ਮਹਿਸੂਸ ਕਰੀਂ
ਕਿ ਜਿਵੇਂ ਮੈਂ ਤੈਨੂੰ ਘੁੱਟ ਰਿਹੈਂ
ਆਪਣੀ ਨਿੱਘੀ ਗਲਵਕੜੀ ਵਿਚ,
ਤੇ ਪਲ਼ੋਸ ਰਿਹੈਂ ਤੇਰੇ ਮੁਲਾਇਮ ਵਾਲ਼!
ਤੇ ਆਖ਼ਰੀ 'ਅਲਵਿਦਾ' ਕਹਿਣ ਤੋਂ ਬਾਅਦ,
ਭੁੱਲ ਨਾ ਜਾਵੀਂ ਮੈਨੂੰ...!
ਦਿਲ 'ਚ ਵਸਾ ਰੱਖੀਂ!! ਕਦੇ ਭੁੱਲ ਨਾ ਜਾਵੀਂ...!!!
........
ਮੇਰੇ ਅਕਸਰ ਕਹੇ ਲਫ਼ਜ਼,
"ਆਪਣੇ ਦਰਗਾਹੀਂ ਮੇਲੇ ਹੋਣਗੇ"
ਗੂੰਜਣਗੇ ਤੇਰੇ ਕੰਨਾਂ ਅਤੇ ਚੁਫ਼ੇਰੇ ਫ਼ਿਜ਼ਾ ਵਿਚ,
ਤੇ ਤੇਰੀਆਂ ਪਲਕਾਂ 'ਤੇ ਲਟਕਣਗੇ ਹੰਝੂ!
ਪਰ ਖ਼ੇਦ, ਪੂੰਝਣੇ ਤੈਨੂੰ ਆਪ ਪੈਣਗੇ!
ਮੈਂ ਤਾਂ ਤੁਰ ਗਿਆ ਹੋਵਾਂਗਾ ਸਰੀਰਕ ਤੌਰ 'ਤੇ,
ਤੇਰਾ ਦੁਨਿਆਵੀ ਸਾਥ ਛੱਡ!
.......
ਫ਼ੁੱਲ ਪਾਉਣ ਤੋਂ ਬਾਅਦ,
ਵਾਪਿਸੀ ਵੇਲ਼ੇ ਤੂੰ ਇਕੱਲੀ ਨਹੀਂ ਹੋਵੇਂਗੀ,
ਹਰ ਘੜ੍ਹੀ, ਹਰ ਪਲ, ਰਹਾਂਗਾ ਤੇਰੇ ਸੰਗ-ਸਾਥ!
ਪਰ ਇਕ ਗੱਲ ਦੁਖੀ ਕਰੇਗੀ, ਆਪਾਂ ਦੋਵਾਂ ਨੂੰ,
ਕਿ ਮੈਂ ਤੈਨੂੰ ਹਮੇਸ਼ਾ ਵਾਂਗ,
ਆਪਣੇ ਕਲ਼ਾਵੇ ਵਿਚ ਨਹੀਂ ਲੈ ਸਕਾਂਗਾ!
ਤੇ ਪੂੰਝ ਨਹੀਂ ਸਕਾਂਗਾ ਤੇਰੇ ਬੇਵਸੇ ਡਿੱਗਦੇ ਅੱਥਰੂ,
ਤੇਰੇ ਇਹ ਅੱਥਰੂ ਮੈਨੂੰ ਹਮੇਸ਼ਾ ਵਾਂਗ,
ਦਰਗਾਹ ਵਿਚ ਵੀ ਗ਼ਮਗ਼ੀਨ ਕਰਨਗੇ, ਧਿਆਨ ਰੱਖੀਂ!
ਵਾਅਦਾ ਯਾਦ ਰੱਖੀਂ, ਮੇਲ ਹੋਣਗੇ ਜ਼ਰੂਰ ਆਪਣੇ,
ਦਰਗਾਹ ਵਿਚ!!
......
ਪਰ ਮੇਰੇ ਇਸ ਫ਼ੈਸਲੇ ਲਈ ਮੈਨੂੰ
ਮੁਆਫ਼ ਕਰੀਂ, ਮੇਰੀ ਜਿੰਦ!
ਮੁਆਫ਼ ਹੀ ਕਰੀਂ,
ਜੇ ਦੁਨੀਆਂ ਮੈਨੂੰ ਵੀ ਸ਼ਾਂਤੀ ਨਾਲ ਜੀਣ ਦੇ ਦਿੰਦੀ,
ਤਾਂ ਮੈਂ ਕਦੇ ਵੀ ਤੈਨੂੰ,
ਪਿਆਰ ਵਿਹੂਣੀਂ ਛੱਡ ਕੇ ਨਾ ਜਾਂਦਾ,
ਅੱਖਾਂ ਮੀਟ ਕੇ, ਕਲਪਨਾ ਵਿਚ,
ਗਲ਼ ਲੱਗ ਹੁਣ ਮੇਰੇ, ਤੇ ਮੁਆਫ਼ੀ ਬਖ਼ਸ਼!



ਹੋਰ ਪੜੋ...

ਨਜਾਇਜ਼ ਰਿਸ਼ਤੇ

ਤੂੰ ਨਿਕਾਰੇ ਰਿਸ਼ਤਿਆਂ ਨੂੰ
'ਜਲ-ਪ੍ਰਵਾਹ
' ਕਰਨ ਦੀ ਗੱਲ ਕੀਤੀ?
ਇਹਨਾਂ ਨੂੰ ਜਲ-ਪ੍ਰਵਾਹ ਨਹੀਂ,
ਭੱਠ ਝੋਕਣਾ ਚਾਹੀਦੈ!
...ਤੇ ਜਾਂ ਸਾੜਨਾ ਚਾਹੀਦੈ, ਕਿਸੇ ਪੁਤਲੇ ਵਾਂਗੂੰ,
ਸ਼ਰੇਆਮ ਚੁਰਾਹੇ ਵਿਚ,
ਆਪਣੀ ਰੂਹ ਦੀ ਭੜ੍ਹਾਸ ਕੱਢਣ ਲਈ!
......
ਦੱਸ ਖਾਂ, ਕੌਣ ਸੀ ਉਹ?
ਤੇ ਕਿਉਂ ਸੀ ਅਵਾਜ਼ਾਰ?
ਜੋ ਢੋਲ-ਜਾਨੀ ਦੇ ਆਉਣ 'ਤੇ
ਗਲ਼ੀਆਂ ਸੁਨੀਆਂ ਹੋਣ ਦੀ ਕਾਮਨਾ ਕਰਦੀ ਸੀ?
ਫ਼ਕੀਰ ਦੀ ਕੁੱਤੀ ਮਰਨ ਦੀ ਖ਼ਾਹਿਸ਼ ਰੱਖਦੀ ਸੀ?
ਪੰਜ-ਸੱਤ ਗੁਆਢਣਾਂ ਦੇ ਮਰਨ
ਤੇ ਰਹਿੰਦੀਆਂ ਨੂੰ ਤਾਪ ਚੜ੍ਹਨ ਦੀ
ਅਰਜ਼ ਕਰਦੀ ਸੀ?
ਕਰਾੜ ਦੀ ਹੱਟੀ ਸੜਨ ਦੀ
ਬਾਤ ਪਾਉਂਦੀ ਸੀ,
ਜਿੱਥੇ ਨਿੱਤ ਦੀਵਾ ਬਲ਼ਦਾ ਸੀ!
ਆਖ਼ਰ ਕਿਉਂ...?
ਕਿਉਂਕਿ
ਇਹ ਮੋਹ-ਮੁਹੱਬਤ ਪੱਖੋਂ ਅਣਭਿੱਜ ਸਮਾਜ
ਉਸ ਦੀ ਪ੍ਰੀਤ ਵਿਚ ਵਿਘਨ ਪਾਉਂਦਾ ਸੀ!
ਉਹ ਮਾਹੀ ਦੇ ਮੋਹ ਵਿਚ ਭਿੱਜੀ,
ਇਕ ਦੁਖਿਆਰੀ ਰੂਹ,
ਖ਼ੁਦਾ ਅੱਗੇ ਪੁਕਾਰ ਹੀ ਕਰ ਸਕਦੀ ਸੀ!
.......
ਇਕ ਗੱਲ ਦੱਸ ਜਿੰਦ,
ਇਹ ਮਾਰਨਖੰਡੇ, ਕਮੰਡਲ਼ੇ
ਅਤੇ ਨੀਲੇ ਗਿੱਦੜ ਵਰਗੇ ਲੋਕ,
ਕਿਹੜੇ ਜਾਇਜ਼ ਅਤੇ ਨਜਾਇਜ਼
ਰਿਸ਼ਤੇ ਦੀ ਗੱਲ ਕਰਦੇ ਨੇ?
........
ਮੇਰੀ ਨਜ਼ਰ ਵਿਚ ਜਾਇਜ਼
ਅਤੇ ਨਜਾਇਜ਼ 'ਕੁਝ' ਵੀ ਨਹੀਂ!
ਰੂਹ ਦੇ ਸਿਰਜੇ ਰਿਸ਼ਤੇ,
ਜੰਨਤ ਦਾ ਫ਼ਲ਼ ਚੱਖਣ ਵਾਂਗ ਹੁੰਦੇ ਨੇ
ਅਤੇ
ਗਲ਼ ਪਿਆ ਢੋਲ ਵਜਾਉਣ ਵਾਲ਼ੇ,
ਨਿੱਤ ਮਹੁਰਾ ਚੱਟ ਕੇ ਮਰਨ ਵਾਂਗ!
.......
ਮਰਿਆ ਸੱਪ ਤਾਂ ਹਰ ਕੋਈ,
ਗਲ਼ ਪਾਈ ਫ਼ਿਰਦੈ,
ਤੇ ਚੁੱਕੀ ਫ਼ਿਰਦੈ ਬਾਂਦਰੀ ਦੇ,
ਮਰੇ ਬੱਚੇ ਵਾਂਗ,
ਸੜਹਾਂਦ ਮਾਰਦੇ ਰਿਸ਼ਤਿਆਂ ਨੂੰ,
ਆਪਣੀ ਕੁੱਛੜ!
ਦਿੰਦਾ ਹੈ ਲੋਰੀਆਂ ਉਹਨਾਂ ਨੂੰ,
ਸੌਕਣ ਦੇ ਪੁੱਤਰ ਵਾਂਗ ਲੋਕ ਦਿਖਾਵੇ ਲਈ
ਅਤੇ ਝਿੜਕਦੈ, ਕੰਧ ਓਹਲੇ ਹੋ ਕੇ!
'ਆਪਣਿਆਂ' ਨੂੰ ਪਾਉਂਦੈ ਚੂਰੀ,
ਤੇ 'ਦੂਜਿਆਂ' ਅੱਗੇ ਸੁੱਟਦੈ ਸੁੱਕੇ ਟੁਕੜੇ,
ਤੇ ਉਹ ਵੀ ਸੜ-ਬਲ਼ ਕੇ!
ਲੋਕ-ਲਾਜ ਲਈ ਕਰਦੈ, ਅਪਣੱਤ ਦਾ ਪ੍ਰਦਰਸ਼ਨ,
ਲੰਗੜੇ ਕੈਦੋਂ ਚਾਚੇ ਵਾਂਗ!
ਤੇ ਅੰਦਰ ਵਾੜ ਕੇ ਦਿੰਦੈ ਤਸੀਹੇ, ਸੈਦੇ ਕਾਣੇਂ ਦੀ ਤਰ੍ਹਾਂ!
ਜਿੰਦ ਮੇਰੀਏ!
ਇਹ ਰਿਸ਼ਤੇ ਮੈਨੂੰ ਪ੍ਰਵਾਨ ਨਹੀਂ!!
.........
ਪਰ!
ਆਤਮਾ ਦੇ ਘੜੇ ਰਿਸ਼ਤੇ ਤਾਂ
ਪ੍ਰਾਣਾਂ ਤੋਂ ਵੀ ਵੱਧ ਪਿਆਰੇ
ਅਤੇ ਸੁਖ਼ਦਾਈ ਹੁੰਦੇ ਨੇ!
ਬਾਰਾਂ ਸਾਲ ਮੱਝਾਂ ਚਾਰਨੀਆਂ
ਤੇ ਏਨੇ ਸਾਲ ਹੀ ਖ਼ੂਹ ਗੇੜਨਾ,
ਤੇਸੇ ਨਾਲ਼ ਪਰਬਤ ਚੀਰ ਦੇਣਾ
ਤੇ ਦੁੱਧ ਦੀ ਨਦੀ ਵਗਾ ਦੇਣੀ,
ਇਹ ਰੂਹ ਦੇ ਹਾਣੀ ਦਾ ਬਖ਼ਸ਼ਿਆ,
ਮੋਹ-ਸਨੇਹ ਨਾਲ਼ ਲਿਬਰੇਜ਼
ਆਤਮਿਕ ਬਲ ਹੀ ਤਾਂ ਸੀ!
.......
ਜਾਇਜ਼-ਨਜਾਇਜ਼ ਰਿਸ਼ਤਿਆਂ ਦੀ ਗੱਲ,
ਉਹ ਲੋਕ ਕਰਦੇ ਨੇ,
ਜੋ ਜਾਨਵਰਾਂ ਵਾਂਗ ਗਿੱਝੇ ਹੁੰਦੇ ਨੇ ਖਾਣ,
ਸੰਤਾਨ ਪ੍ਰਾਪਤੀ ਲਈ ਕਰਦੇ ਨੇ ਸੰਭੋਗ
ਭੋਜਨ ਲਈ ਕਰਦੇ ਨੇ ਸ਼ਿਕਾਰ
ਬੁਰਕ ਮਾਰ-ਮਾਰ ਕਰਦੇ ਨੇ ਲਹੂ-ਲੁਹਾਣ!
ਕੁਝ ਢਿੱਡ ਵੀ ਪਾੜਦੇ ਨੇ
ਤੇ ਇਵਜ਼ ਵਜੋਂ ਸਿੰਗ ਵੀ ਤੁੜਵਾਉਂਦੇ ਨੇ!
ਅਤੇ ਬੱਝੇ ਰਹਿੰਦੇ ਨੇ ਇੱਕੋ ਕਿੱਲੇ 'ਤੇ
ਅਤੇ ਸੰਗਲ਼ ਨੂੰ ਹੀ ਸਮਝਦੇ ਨੇ ਆਪਣੀ ਸੰਪਤੀ!
ਸਮਾਜ ਦੀ 'ਸ਼ਰ੍ਹਾ' ਦੀ ਪੰਜਾਲ਼ੀ ਹੇਠ ਵਗਦੇ,
ਖਿੱਚਦੇ ਨੇ ਆਪੋ-ਆਪਣੇ ਰਿਸ਼ਤਿਆਂ ਵੱਲ
ਪੂਰਾ ਤਾਣ ਲਾ ਕੇ!
....ਤੇ ਫ਼ੇਰ ਖ਼ਰੂਦੀ ਬਣ,
ਖ਼ੁਰਲੀਆਂ ਵੀ ਢਾਹੁੰਦੇ ਨੇ,
ਸੰਗਲ਼ ਵੀ ਤੁੜਵਾਉਂਦੇ ਨੇ
ਤੇ ਕਿੱਲਾ ਵੀ ਪੁਟਾ ਤੁਰਦੇ ਨੇ!
........
ਜਿੰਦ ਮੇਰੀਏ,
ਅੰਬੀ ਅਤੇ ਤੋਤੇ ਵਾਲ਼ੇ,
ਇਹ ਰਿਸ਼ਤੇ ਮੈਨੂੰ ਮਨਜ਼ੂਰ ਨਹੀਂ!
ਮੈਨੂੰ ਮਨਜ਼ੂਰ ਹੈ;
ਤਿਤਲੀ ਤੇ ਫ਼ੁੱਲ ਦਾ ਰਿਸ਼ਤਾ!
ਰੁੱਖ ਅਤੇ ਪੰਛੀ ਦਾ ਰਿਸ਼ਤਾ!
ਚੰਦ ਅਤੇ ਚਕੋਰ ਦਾ ਰਿਸ਼ਤਾ!
ਸੂਰਜ ਅਤੇ ਪ੍ਰਛਾਵੇਂ ਦਾ ਰਿਸ਼ਤਾ!
ਦੀਵੇ ਅਤੇ ਪਤੰਗੇ ਦਾ ਰਿਸ਼ਤਾ!
ਬੱਦਲ਼ ਦੀ ਗ਼ਰਜ ਤੇ ਮੋਰ ਦੀ ਕੂਕ ਦਾ ਰਿਸ਼ਤਾ!
ਧਰਤੀ ਅਤੇ ਆਕਾਸ਼ ਦਾ ਰਿਸ਼ਤਾ,
ਇਕ ਵਰ੍ਹਦੈ ਅਤੇ ਦੂਜਾ ਗ੍ਰਹਿਣ ਕਰਦੈ!
ਰਿਸ਼ਤਿਆਂ ਨੂੰ,
ਨਜਾਇਜ਼ ਪਰਖ਼ਣ ਅਤੇ ਦੱਸਣ ਵਾਲਿਓ!
ਮੈਨੂੰ ਇਹ ਦੱਸ ਦਿਓ, ਕਿ ਇਹਨਾਂ 'ਚੋਂ
ਕਿਸ ਨੇ ਕਿਸ ਨਾਲ਼ 'ਲਾਵਾਂ' ਲਈਆਂ ਨੇ...?
ਕੀ ਇਹ ਸਭ ਨਜਾਇਜ਼ ਰਿਸ਼ਤੇ ਹੀ ਨੇ...??



ਹੋਰ ਪੜੋ...

ਮਾਂ ਅਤੇ ਧੀ

'ਸਕੈਨਿੰਗ' ਕਰਵਾਉਣ ਤੋਂ ਬਾਅਦ, ਗਰਭਪਾਤ ਦੀ ਰਾਤ ਨੂੰ ਕੁੱਖ ਵਿਚ ਪਲਦੀ ਧੀ-ਧਿਆਣੀ ਅਤੇ ਹੇਰਵੇ-ਵੱਸ ਮਾਂ ਦੇ ਬਚਨ-ਬਿਲਾਸ

ਧੀ: ਚੁੱਪ-ਚਾਪ ਤੂੰ ਕਾਹਤੋਂ ਪਈ ਮਾਂ
ਧੀ ਨਾਲ ਕਿਉਂ ਨਹੀਂ ਕਰਦੀ ਗੱਲ?
ਇਸ ਜ਼ਮਾਨੇ ਵਾਂਗਰ ਤੈਨੂੰ,
ਵੀ ਤਾਂ ਨਹੀਂ ਕੋਈ ਚੜ੍ਹ ਗਿਆ ਝੱਲ...?

ਮਾਂ: ਧੀਏ ਵੱਸ ਨਹੀਂ ਮਾਂ ਤੇਰੀ ਦੇ
ਬੱਚੀ ਕਰ ਦੇਈਂ ਮੈਨੂੰ ਮਾਫ਼
ਪਤਾ ਨਹੀਂ ਧੀ ਨੂੰ ਮੇਰੀ ਬੱਚੀ!
ਕਿਹੜੇ ਯੁੱਗ ਵਿਚ ਮਿਲੂ ਇਨਸਾਫ਼?
ਮਾਂ ਨੂੰ ਧੀਏ ਮਾਫ਼ ਕਰੀਂ ਤੂੰ
ਵੱਸ ਰਿਹਾ ਨਾ ਬੱਚੀ ਮੇਰੇ
ਐਹੋ ਜਿਹੇ ਬੇਰਹਿਮਾਂ ਦੇ ਘਰ
ਮੁੜ ਨਾ ਧੀਏ ਪਾਵੀਂ ਫੇਰੇ

ਧੀ: ਮਾਏ ਦਿਲ ਕਿਉਂ ਛੋਟਾ ਕੀਤਾ
ਦੁੱਖ ਤੇਰਾ ਮੈਂ ਸਮਝਾਂ
ਮੂੰਹ ਦੇ ਮਿੱਠੇ, ਦਿਲ ਦੇ ਖੋਟੇ
ਕੀ ਸਮਝਣ ਇਹ ਰਮਜ਼ਾਂ
ਰੀਤ ਬਿਪਰ ਦੀ ਇਹਨਾਂ ਪਕੜੀ
ਬੁੱਝਦੇ ਨਾ ਪੜ੍ਹੇ ਅੱਖਰ
ਤਾਂ ਹੀ ਧੀ-ਧਿਆਣੀ ਨੂੰ ਮਾਂ,
ਆਖ ਬੁਲਾਉਂਦੇ ਪੱਥਰ..!

ਮਾਂ: ਗੁਰੂ ਦੇ ਪੈਰੋਕਾਰ ਕਹਾਉਂਦੇ
ਕੁੜੀ-ਮਾਰ ਨੇ ਬਣਦੇ
ਨੜੀ-ਮਾਰ ਸੰਗ ਵਰਤਣ ਇਹੇ
ਗੱਲ ਕਰਦੇ ਨਾ ਸੰਗਦੇ
ਫ਼ੋਕੀਆਂ ਟਾਹਰਾਂ ਮਾਰਨ ਵਾਲੇ
ਧੀ ਤੋਂ ਕਿਉਂ ਕੰਨੀ ਕਤਰਾਉਂਦੇ?
ਵੱਡੇ ਬੁੱਧੀਜੀਵੀ ਬਣਕੇ
ਫਿਰ ਵੀ ਫ਼ੋਕੇ ਨਾਅਰੇ ਲਾਉਂਦੇ!

ਧੀ: ਬਦਲ ਗਏ ਜ਼ਮਾਨੇ ਮਾਏ!
ਬਦਲ ਗਈਆਂ ਤਕਨੀਕਾਂ
ਪਹਿਲਾਂ ਕੁੱਜੇ ਪਾ ਦੱਬਦੇ ਸੀ
ਹੁਣ ਮੁੱਕ ਗਈਆਂ ਉਡੀਕਾਂ
ਹੁਣ ਟੀਕਾ ਲਗਵਾ ਕੇ ਇਕ ਮਾਂ,
ਕਰਦੇ ਖ਼ਤਮ ਕਹਾਣੀ
ਆਤਮਘਾਤੀ ਜਗਤ ਕਸਾਈ
ਕਹੇ ਗੁਰੂ ਦੀ ਬਾਣੀ

ਮਾਂ: ਜੰਮਦੀ ਧੀ ਨੂੰ 'ਫ਼ੀਮ ਦੀ ਗੋਲੀ
ਮਿਲ਼ਦੀ ਸੀਗੀ ਗੁੜ੍ਹਤੀ
ਹੁਣ ਤਾਂ ਕੁੱਖ ਦੇ ਵਿਚ ਹੀ ਧੀਏ
ਲਾਉਂਦੇ ਨੇ ਇਕ ਫ਼ੁਰਤੀ
ਦੱਸੇ ਡਾਕਟਰ ਕਰ 'ਸਕੈਨਿੰਗ'
ਬਹੁੜੂ ਧੀ-ਧਿਆਣੀ
ਵੱਡੇ ਨੱਕਾਂ ਵਾਲੇ ਆਖਣ
ਕਰ ਦਿਓ ਖ਼ਤਮ ਕਹਾਣੀ
ਪੈਂਤੀ ਸੌ ਜਦ ਡਾਕਟਰ ਮੰਗੇ
ਕਹਿੰਦੇ ਸਸਤਾ ਸੌਦਾ
ਵਿਆਹ 'ਤੇ ਤਾਂ ਕਈ ਲੱਖ ਲੱਗੂਗਾ
ਚਲੋ ਬਣਗੀਆਂ ਮੌਜਾਂ

ਧੀ: ਦਾਜ ਦੀ ਲਾਹਣਤ ਜੇ ਨਾ ਹੁੰਦੀ
ਕੋਈ ਨਾ ਕਹਿੰਦਾ ਧੀ ਨੂੰ ਮਾੜੀ
ਧੀ ਵੀ ਰੰਗਲਾ ਜੱਗ ਦੇਖਦੀ
ਮਾਂ ਨਾ ਪਿੜਦੀ ਵਿਚ ਘੁਲਾੜੀ
ਯਾਦ ਨਾ ਰੱਖਣ ਮਾਂ ਗੁਜਰੀ ਨੂੰ
ਮਾਈ ਭਾਗੋ ਨੂੰ ਭੁੱਲ ਤੁਰੇ ਨੇ
ਜਿ਼ਦ ਇਕ, ਧੀ ਨਹੀਂ ਜੰਮਣ ਦੇਣੀ
ਕਰਨ ਇਹ ਦੀਵਾ ਗੁੱਲ ਤੁਰੇ ਨੇ

ਮਾਂ: ਦਰੋਪਦੀ, ਸੀਤਾ, ਦੁਰਗਾ ਮਾਤਾ,
ਦੱਸ ਖਾਂ ਮੀਰਾਂ ਕੁੜੀ ਨਹੀਂ ਸੀ?
ਦਮਯੰਤੀ ਤੇ ਨੈਣਾ ਦੇਵੀ,
ਔਰਤ ਦੇ ਨਾਲ ਜੁੜੀ ਨਹੀਂ ਸੀ?
ਰਾਣੀ ਝਾਂਸੀ, ਪਾਰਵਤੀ ਨੂੰ
ਮਾਤਾ-ਮਾਤਾ ਆਖਣ ਵਾਲੇ
ਉਪਰੋਂ ਦੁੱਧ ਧੋਤੇ ਇਹ ਲੱਗਣ
ਪਰ ਨੇ ਅੰਦਰੋਂ ਦਿਲ ਦੇ ਕਾਲ਼ੇ

ਧੀ: ਸਹਸ ਸਿਆਣਪਾਂ ਲੱਖ ਜੇ ਹੋਵਣ
ਇਕ ਨਾ ਚੱਲੇ ਨਾਲ ਨੀ ਮਾਏ!
ਰਾਜੇ-ਰਾਣੇ ਜੰਮਣ ਵਾਲੀ
ਖ਼ੁਦ ਕਿਉਂ ਫਿਰੇ ਕੰਗਾਲ ਨੀ ਮਾਏ?
ਜਨਨੀ ਜੰਮਦੀ ਭਗਤ-ਜਨ ਤੇ,
ਕੈ ਦਾਤਾ ਕੈ ਸੂਰ ਨੀ ਮਾਏ!
ਜੱਗ-ਜਨਨੀ ਨੂੰ ਪੈਂਦੇ ਧੱਕੇ
ਇਹ ਕੈਸਾ ਦਸਤੂਰ ਨੀ ਮਾਏ?

ਮਾਂ: ਕਲਯੁਗ ਰਥ ਹੈ ਅਗਨ ਦਾ ਧੀਏ!
ਕੂੜ ਅੱਗੇ ਰਥਵਾਨ ਹੈ ਇਹਦਾ
ਇਹ ਜੱਗ ਤਾਂ ਗਰਕਣ 'ਤੇ ਆਇਆ
ਰਾਖਾ ਉਹ ਭਗਵਾਨ ਹੈ ਇਹਦਾ
ਮਰਦ-ਪ੍ਰਧਾਨ ਸਮਾਜ ਦੇ ਅੱਗੇ
ਨਾ ਤੇਰਾ, ਨਾ ਜੋਰ ਹੈ ਮੇਰਾ
ਮਰਦ ਦਾ ਭਾਣਾ ਮੰਨ ਕੇ ਧੀਏ!
ਅੱਗੇ ਕਰ ਕੋਈ ਰੈਣ-ਬਸੇਰਾ

ਧੀ: ਚੱਲ ਮਾਂ, ਚੱਲ ਹੁਣ ਸੌਂ ਜਾ, ਚੁੱਪ ਕਰ
ਦਿਲ ਦੁਖੀ ਕਿਉਂ ਡਾਢਾ ਕਰਿਆ?
ਸੰਯੋਗ ਵਿਯੋਗ ਦੋਇ ਕਾਰ ਚਲਾਵੈ
ਲੇਖੇ ਆਉਂਦੈ ਭਾਗ ਨੀ ਅੜਿਆ
ਸ਼ਕਲ ਤੇਰੀ, ਨਾ ਸੂਰਤ ਦੇਖੀ
ਪੈਂਦੇ ਦਿਲ ਵਿਚ ਹੌਲ ਨੀ ਮਾਏ!
ਚਿੜੀਆਂ ਦਾ ਮਰਨ, ਗਵਾਰਾਂ ਦਾ ਹਾਸਾ
ਧੀਆਂ ਬਣਨ ਮਖੌਲ ਨੀ ਮਾਏ!

ਮਾਂ: ਧੀਏ! ਕਿਹੜਾ ਨੀਂਦ ਹੈ ਆਉਣੀ
ਦਿਲ ਮੇਰਾ ਤੇਰੇ ਵਿਚ ਧੜਕੇ
ਆਤਮਾ ਲਹੂ-ਲੁਹਾਣ ਹੋਊ ਮੇਰੀ
ਜਦ ਤੁਰਜੇਂਗੀ ਵੱਡੇ ਤੜਕੇ
ਧੀਆਂ ਬਾਝੋਂ ਮਾਂ ਦੇ ਦੁੱਖ ਦੱਸ
ਮੇਰੀਏ ਬੱਚੀਏ ਕਿਹੜਾ ਸੁਣਦਾ
ਕੂਕ-ਕੂਕ ਕੇ ਕਿਸ ਨੂੰ ਦੱਸਾਂ
ਮਰਦ ਫਿਰੇ ਕੀ ਤਾਣੇ ਬੁਣਦਾ

0 0 0 0 0

ਵੱਡੇ ਤੜਕੇ ਮਾਂ ਦੀ ਆਂਦਰ
ਬੇਰਹਿਮੀ ਨਾਲ ਕੱਢ ਕੇ ਮਾਰੀ
ਬਾਪ ਦੇ ਸਿਰ ਤੋਂ 'ਬੋਝ' ਲੱਥ ਗਿਆ
ਮਾਂ ਦੇ ਸੀਨੇ ਚੱਲ ਗਈ ਆਰੀ
ਅਣਜੰਮੀ ਧੀ ਵਿਦਾਅ ਹੋ ਗਈ
'ਜੱਗੀ' ਮਾਂ ਵਿਲਕੇ ਕੁਰਲਾਵੇ
'ਕੁੱਸੇ ਪਿੰਡ' ਦੇ ਵਿਚ ਉਏ ਰੱਬਾ!
ਐਹੋ ਜਿਹੀ ਆਫ਼ਤ ਨਾ ਆਵੇ...!!


ਹੋਰ ਪੜੋ...

ਆਦਮਖ਼ੋਰ ਕਬੀਲਾ

ਜਦ ਮੇਰੇ ਪ੍ਰਤੀ ਤੇਰੀ ਮਨੋਰਮ ਨਜ਼ਰ ਅਚਾਨਕ,
ਵੈਰ-ਨਫ਼ਰਤ 'ਚ ਬਦਲੀ,
ਮੈਨੂੰ ਸੱਚ ਨਾ ਆਇਆ!
......
ਬਿਨਾਂ ਕਸੂਰ ਦਿੰਦੀ ਰਹੀ ਤੂੰ,
ਮਾਨਸਿਕ ਤਸੀਹੇ ਮੇਰੀ ਜਿੰਦ ਨੂੰ
ਤੇ ਕਰਦੀ ਰਹੀ,

ਆਪਣਾ ਤਾਣ ਲਾ ਕੇ, ਅੱਤਿਆਚਾਰ!
......
ਕਰਵਾਉਂਦੀ ਰਹੀ,
ਰੋਜ਼ਾਨਾ ਮੈਨੂੰ ਗ਼ੈਰਾਂ ਤੋਂ ਜ਼ਲੀਲ ਤੇ ਹਲਾਲ!
ਦਿੰਦੀ ਰਹੀ ਮੇਰੇ ਮਨ ਦੀਆਂ ਸਧਰਾਂ ਦੀ ਆਹੂਤੀ,
ਬਿਨਾ ਕਿਸੇ ਵਜ੍ਹਾ ਤੋਂ, ਤੇਰੇ 'ਆਪਣਿਆਂ
' ਦੀ
ਖ਼ਾਨਦਾਨੀ ਰੀਤ ਅਤੇ ਰਵਾਇਤ ਅੱਗੇ!
ਕਰਦੀ ਰਹੀ ਕਿਸੇ ਸ਼ਿਕਾਰ ਵਾਂਗ,
ਝਟਕਾਉਣ ਲਈ, ਉਹਨਾਂ ਅੱਗੇ ਪੇਸ਼!
......
ਮੈਨੂੰ ਨਹੀਂ ਸੀ ਪਤਾ ਤੇਰੇ 'ਆਦਮਖ਼ੋਰ' ਕਬੀਲੇ
ਅਤੇ ਉਹਨਾਂ ਦੇ ਖੋਟੇ ਦਿਲਾਂ ਬਾਰੇ,
ਕਿ ਛਿਲਾ ਜਗਾ ਕੇ ਮਾਣਸ ਦੇ ਅਰਮਾਨਾਂ ਦੀ
ਬਲੀ ਦੇ ਕੇ ਰੱਤ ਪੀਣੀਂ ਉਹਨਾਂ ਦਾ ਸ਼ੁਗਲ ਹੈ!
......
ਅਹਿਸਾਸ ਨਹੀਂ ਤੇਰੇ ਕਬੀਲੇ ਨੂੰ,
ਕਿਸੇ ਦੀ ਭਾਵਨਾਂ, ਪੀੜ ਅਤੇ ਸਧਰਾਂ ਦਾ!
ਉਹ ਤਾਂ ਇਨਸਾਨ ਦੀ ਭੇਟ ਦੇ ਕੇ ਕਿਸੇ,
ਮਗਰੂਰੀ ਦੇ ਅਣਡਿੱਠ ਦੇਵਤੇ ਨੂੰ
ਖ਼ੁਸ਼ ਕਰਨ ਦਾ ਤਮਾਸ਼ਾ ਬਣਾ, ਖਿੱਲੀ ਉਡਾਉਂਦੇ ਨੇ!
......
ਰੋਲ਼ਦੀ ਰਹੀ ਤੂੰ ਮੈਨੂੰ, ਉਹਨਾਂ ਕਲਯੁੱਗੀ ਪੈਰਾਂ ਹੇਠ,
ਜਿੰਨ੍ਹਾਂ ਨੂੰ ਜ਼ਿੰਦਗੀ ਵਿਚ ਮੈਂ ਕਦੇ,
ਸਪੱਰਸ਼ ਵੀ ਕਰਨਾ ਨਹੀਂ ਸੀ ਚਾਹੁੰਦਾ!
ਝਰੀਟ ਕੇ ਜ਼ਖ਼ਮੀ ਕਰਦੀ ਰਹੀ ਮੇਰੇ ਜੀਣ ਦਾ ਆਨੰਦ,
ਆਪ-ਹੁਦਰੀਆਂ ਨਹੁੰਦਰਾਂ ਨਾਲ!
ਦੁਰਕਾਰਦੀ ਰਹੀ ਮੈਨੂੰ,
ਤੂੰ 'ਆਪਣਿਆਂ' ਦੀਆਂ ਜੁਗਤਾਂ ਦੇ ਘਨ੍ਹੇੜੇ ਚੜ੍ਹ ਕੇ!
......
ਆਪਣੀ ਪ੍ਰੇਮ-ਪ੍ਰੀਤ 'ਚ ਜ਼ਬਰੀ ਘੁੱਸਪੈਂਠ ਹੋਈ
ਤੇਰੀ ਸੌੜੀ ਸਿਆਸਤ ਨੇ,
ਮੇਰੇ ਮਨ ਦੀਆਂ ਪਰਤਾਂ 'ਚੋਂ ਤੈਨੂੰ ਸੈਂਕੜੇ ਕੋਹਾਂ
ਦੂਰ ਲਿਜਾ ਸੁੱਟਿਆ
ਅਤੇ ਪਾ ਸੁੱਟੀ ਵਰ੍ਹਿਆਂ ਦੀ ਦਰਾੜ!
ਪਰ ਮੈਂ ਬਹੁਤ ਲੰਬੀ ਸੋਚ ਕੇ,
ਚੁੱਪ ਹੀ ਰਿਹਾ,
ਕਿਸੇ ਲਾਵਾਰਿਸ ਮੜ੍ਹੀ ਵਾਂਗ!
......
ਮੇਰੀ ਸਿਰੜੀ ਚੁੱਪ ਨੂੰ ਸਮਝਦੀ ਰਹੀ ਤੂੰ,
ਮੇਰਾ ਡਰ ਸ਼ਾਇਦ?
ਜਾਂ ਆਪਣੇ 'ਰੋਅਬ' ਦਾ ਦਾਬਾ??
ਤੂੰ ਧੱਕੇ ਮਾਰਦੀ ਰਹੀ ਮੇਰੀ ਜ਼ਮੀਰ ਨੂੰ,
ਪਰ ਹਰ ਚੋਟ ਖਾ ਕੇ ਵੀ ਮੈਂ,
ਮੋਨ ਧਾਰੀ ਰੱਖਿਆ ਵਗਦੇ ਸਾਹਾਂ ਦਾ!
ਉਦਾਸੀਨ ਦਿਲ ਦੀ ਧੜਕਣ ਨੂੰ,
ਮਿਣਦਾ ਅਤੇ ਤੋਲਦਾ ਅਤੇ ਥਾਪੜਦਾ ਰਿਹਾ,
ਦਿੰਦਾ ਰਿਹਾ ਧਰਵਾਸ,
ਕਿਸੇ ਭਲੀ ਆਸ ਦੀ ਇੰਤਜ਼ਾਰ ਵਿਚ!
ਪੀ ਜਾਂਦਾ ਰਿਹਾ ਮੀਰਾਂ ਦੇ ਪਿਆਲੇ ਵਾਂਗ,
ਤੇਰਾ ਕੀਤਾ ਤਸ਼ੱਦਦ,
ਮੇਰੇ ਸਨੇਹ-ਸੁਪਨੇ ਗਸ਼ ਖਾ-ਖਾ ਕੇ,
ਡਿੱਗਦੇ ਰਹੇ ਤੇਰੇ ਕਰੂਰ ਰਵੱਈਏ ਅੱਗੇ!
ਸੀਨੇਂ ਸੱਟ ਖਾ ਕੇ ਮੈਂ,
ਡਿੱਗਦਾ-ਢਹਿੰਦਾ ਵੀ, ਸੰਭਲ਼ਦਾ ਰਿਹਾ
ਅਤੇ ਹਾਰਦਾ ਰਿਹਾ ਤੇਰੇ ਜ਼ੁਲਮ ਸਾਹਮਣੇ!
......
ਤੂੰ ਰੁੱਖੇ ਸ਼ਬਦਾਂ ਦੇ ਨਸ਼ਤਰ ਲਾ-ਲਾ ਦੇਖਦੀ ਰਹੀ,
ਸ਼ਾਇਦ ਮੇਰੇ ਸਬਰ-ਸੰਤੋਖ਼ ਦਾ
ਆਖ਼ਰੀ ਕਤਰਾ ਖ਼ੂਨ ਪੀਣ ਲਈ?
ਚਲਾਉਂਦੀ ਰਹੀ ਨਫ਼ਰਤ ਬਾਣ,
ਮੇਰੀ ਬੇਗੁਨਾਂਹ ਰੂਹ 'ਤੇ
...ਤੇ ਮੈਂ ਹੁੰਦਾ ਰਿਹਾ ਲਹੂ-ਲੁਹਾਣ,
ਨੁੱਚੜਦੀ ਰਹੀ ਮੇਰੀ ਜਿੰਦ, ਬਣ ਤੁਪਕਾ-ਤੁਪਕਾ!
ਤੂੰ ਮਿਹਣਿਆਂ ਦੇ ਵਾਰ ਕਰਦੀ ਰਹੀ ਮੇਰੀ ਆਤਮਾਂ 'ਤੇ,
ਤੇ ਮੈਂ ਸ਼ਾਂਤ-ਚਿੱਤ ਦੀ ਢਾਲ਼ 'ਤੇ ਝੱਲਦਾ ਰਿਹਾ!
......
ਇਸ ਦਾ ਇਕ ਕਾਰਨ ਸੀ!!
ਕਾਰਨ, ਕਿਸੇ ਉਮੰਗ-ਧੁਨੀ ਦੀ ਖੋਜ 'ਚ!
ਮੈਂ ਤਾਂ ਕਿਸੇ ਉਪਕਾਰੀ ਮਣੀਂ ਦੀ ਭਾਲ਼ ਵਿਚ,
ਗਾਹੁੰਦਾ ਰਿਹਾ ਜੰਗਲ-ਬੇਲੇ,
ਨਦੀਆਂ, ਦਰਿਆ ਅਤੇ ਸਾਗਰ
ਆਕਾਸ਼-ਪਾਤਾਲ਼ ਅਤੇ ਜੰਨਤ ਦੇ ਨਗਰ
...ਤੇ ਉਜਾੜ ਰੋਹੀ-ਬੀਆਬਾਨ!
ਮੈਨੂੰ ਕੀ ਪਤਾ ਸੀ, ਕਿ ਮਣੀਂ ਤਾਂ
ਮੇਰੀ ਬੁੱਕਲ਼ ਵਿਚ ਹੀ ਸੀ!!
......
ਪਤਾ ਤਾਂ ਮੈਨੂੰ ਉਦੋਂ ਲੱਗਿਆ,
ਜਦ ਮੈਨੂੰ,
ਮਣੀਂ ਵਿਚੋਂ ਚੰਦਨ ਦੀ ਮਹਿਕ ਆਈ,
ਤੇ ਮੇਰਾ ਇਰਦ-ਗਿਰਦ ਮਹਿਕ ਉਠਿਆ!
ਉਸ ਦੀ ਮਧੁਰ ਅਵਾਜ਼ ਨੇ,
ਮੇਰੀ ਹਰ ਪੀੜ ਚੂਸ ਲਈ!
ਕਿਤੇ ਵੰਝਲੀ ਦੀ ਹੂਕ, ਤੇ ਕਿਤੇ
ਰਬਾਬ ਦੀ ਧੁੰਨ ਘੁਲ਼ ਗਈ ਮੇਰੇ
ਮਨ-ਮਸਤਕ 'ਚ,
ਤੇ ਮੈਂ ਆਨੰਦ-ਮਸਤ ਹੋ ਤੁਰਿਆ!
ਤੇ ਉਸ ਮਣੀਂ ਨੇ ਮੈਨੂੰ ਆਪਣਾ ਸਭ ਕੁਛ ਜਾਣ,
ਭਰ ਲਿਆ ਪਰਉਪਕਾਰੀ ਗਲਵਕੜੀ ਵਿਚ!
......
ਹੁਣ ਮੈਂ ਅਤੇ ਮਣੀਂ
ਇਕ-ਦੂਜੇ ਦੀ ਖ਼ੁਸ਼ਬੂ ਵਿਚ ਹੀ,
ਖ਼ੀਵੇ ਅਤੇ ਵਿਅਸਤ ਹਾਂ,
ਦੁਨੀਆਂ ਦੇ ਘਾਟੇ-ਵਾਧੇ ਤੋਂ ਬੇਪ੍ਰਵਾਹ!
ਉਹ ਮੈਨੂੰ ਨਿੱਤ ਕਹਿੰਦੀ ਹੈ,
"ਤੂੰ ਉਦੋਂ ਨਾ ਆਇਆ,
ਜਦ ਮੇਰੇ 'ਤੇ ਭਰ ਜੋਬਨ ਸੀ?"
ਤੇ ਮੈਂ ਉੱਤਰ ਦਿੱਤਾ,
"ਜਦ ਦੋ ਰੂਹਾਂ ਇੱਕ ਜੋਤ ਹੋ ਤੁਰਨ,
ਯੁੱਗ-ਅਵੱਸਥਾ, ਉਮਰ-ਕਾਲ ਅਤੇ ਵਿੱਥਾਂ,
ਫ਼ਾਸਲਾ ਰੱਖ ਕੇ ਤੁਰਨ ਲੱਗ ਪੈਂਦੀਆਂ ਨੇ!"
ਮੁੜ ਉਸ ਨੇ ਵੱਡੇ-ਛੋਟੇ,
ਤੇ ਉੱਚੇ-ਨੀਵੇਂ ਦੀ ਬਾਤ ਨਹੀਂ ਪਾਈ,
ਤੇ ਆਤਮਾਂ ਬਣ, ਮੇਰੇ ਸਰੀਰ ਵਿਚ ਸਮਾ ਗਈ!
ਉਹ ਮੇਰੀ ਫ਼ੁੱਲ ਤੇ ਮੈਂ ਉਸ ਦਾ ਭੌਰਾ ਬਣ ਤੁਰਿਆ,
ਹੁਣ ਉਸ ਦੇ ਤਨ ਦੀ ਸੁਗੰਧੀ ਦੀ ਮਦਹੋਸ਼ੀ ਨੇ ਮੈਨੂੰ,
ਤੇਰੇ ਕੌੜੇ ਬੋਲ ਵੀ ਮਿੱਠੇ ਲੱਗਣ ਲਾ ਦਿੱਤੇ ਨੇ!
ਇਹ ਉਸ ਮਣੀਂ ਦੇ ਮਾਖ਼ਿਓਂ-ਮਿੱਠੇ ਬੋਲਾਂ
ਅਤੇ ਵਰਤਾਓ ਦਾ ਕਮਾਲ ਹੈ,
...ਤੇ ਮੇਰਾ ਮਨ 'ਬਲਿਹਾਰੇ' ਦੇ
ਨਾਅਰੇ ਲਾਉਣ ਲੱਗਦਾ ਹੈ!





ਹੋਰ ਪੜੋ...

ਅਸੀਂ ਚਾਲ੍ਹੀਆਂ ਦੇ ਹੋ ਗਏ


ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ, ਉਨਤਾਲੀ ਸਾਲਾਂ ਦਾ ਸਫ਼ਰ ਕਰਦੇ ਅਸੀਂ ਚਾਲ੍ਹੀਆਂ 'ਤੇ ਆ ਗਏ। ਬੱਚਿਆਂ ਨੂੰ ਬੜੀ ਖ਼ੁਸ਼ੀ ਹੋਈ, ਪਾਪਾ ਦਾ ਜਨਮ ਦਿਨ ਹੈ। ਖਾਣ-ਪੀਣ ਤੋਂ ਇਲਾਵਾ ਜਨਮ ਦਿਨ ਲਈ 'ਕੇਕ' ਵੀ ਬੱਚਿਆਂ ਨੇ ਹੀ ਆਰਡਰ ਕੀਤਾ। ਉਪਰ ਚਾਕਲੇਟ ਨਾਲ 'ਪਾਪਾ' ਲਿਖਵਾ ਕੇ 40 ਵੀ ਉੱਕਰਿਆ ਹੋਇਆ ਸੀ। ਗੋਲਧਾਰੇ ਵਿਚ ਮੋਮਬੱਤੀਆਂ ਵੀ ਗੱਡੀਆਂ ਗਈਆਂ ਸਨ, ਪੂਰੀਆਂ ਚਾਲੀ! ਬੱਚਿਆਂ ਨੇ ਆਪਣੇ ਸਕੂਲ ਸਾਥੀਆਂ ਨੂੰ ਵੀ ਸੱਦਾ ਪੱਤਰ ਭੇਜਿਆ ਸੀ। ਆਂਢੀ-ਗੁਆਂਢੀ ਵੀ ਬੁਲਾਏ ਹੋਏ ਸਨ। ਅਸੀਂ ਆਉਣ ਵਾਲੇ ਖਰਚੇ ਪ੍ਰਤੀ ਆਪਣੀ ਜੇਬ ਤੋਲ-ਤੋਲ ਕੇ ਦੇਖ ਰਹੇ ਸਾਂ। ਘਰਵਾਲੀ ਨੂੰ ਵੀ ਕੋਈ ਬਹੁਤਾ ਚਾਅ ਨਹੀਂ ਸੀ। ਉਸ ਦੀ ਧਰਨ ਵੀ ਮੇਰੇ ਵਾਂਗ ਹੀ ਡਿੱਕਡੋਲੇ ਜਿਹੇ ਖਾ ਰਹੀ ਸੀ। ਕਾਰਨ...? ਸਾਡੀ ਘਰਵਾਲੀ-ਸ਼੍ਰੀ ਨੇ ਸਾਡੇ ਨਾਲੋਂ ਪੂਰੇ ਦਸ ਸਾਲ ਪਹਿਲਾਂ ਅਵਤਾਰ ਧਾਰਿਆ ਸੀ। ਮੈਂ ਚਾਲ੍ਹੀਆਂ ਦਾ ਅਤੇ ਘਰਵਾਲੀ ਪੰਜਾਹਾਂ ਦੀ, ਰੱਬ ਬਖ਼ਸ਼ੀ ਰੱਖੇ! ਉਹ ਮੱਝ ਦੇ ਮਗਰ ਕੱਟਾ ਫਿਰਨ ਵਾਂਗ ਮੇਰੇ ਪਿੱਛੇ-ਪਿੱਛੇ ਹੀ ਤੁਰੀ ਫਿਰਦੀ ਸੀ। ਮੈਨੂੰ ਕਾਰਨ ਸਮਝ ਨਾ ਆਇਆ ਕਿ ਪਤਨੀ-ਸ਼੍ਰੀ ਅੱਜ ਮੇਰਾ ਪਿੱਛਾ ਕਿਉਂ ਨਹੀਂ ਛੱਡ ਰਹੀ? ਅੱਗੇ ਤਾਂ ਉਸ ਦੀ ਇੱਕੋ ਹੀ ਰਟ ਹੁੰਦੀ ਸੀ, "ਜਾਓ ਜਿੱਥੇ ਜਾਣੈਂ-ਖਾਓ ਧੱਕੇ-ਮਰੋ ਪਰ੍ਹੇ..!" ਪਰ ਅੱਜ ਤਾਂ ਮੇਰਾ ਕੁਝ ਜਿ਼ਆਦਾ ਹੀ 'ਮੋਹ' ਜਿਹਾ ਕਰ ਰਹੀ ਸੀ? ਦਿਮਾਗ 'ਤੇ ਕਈ ਵਾਰ ਸੋਚਾਂ ਦਾ ਰੇਗਮਾਰ ਫੇਰਿਆ, ਪਰ ਜੰਗਾਲਿਆ ਦਿਮਾਗ ਕਦੋਂ ਛੇਤੀ ਕੀਤੇ ਲਿਸ਼ਕੋਰ ਫੜਦੈ! ਫੇਰ ਸਿਰ ਵਿਚ ਪੁਰਾਣੇ ਰੇਡੀਓ ਵਾਂਗ ਧੱਫ਼ੇ ਜਿਹੇ ਮਾਰੇ, ਕਿ ਕੀ ਐ 'ਘਿਰੜ-ਘਿਰੜ' ਕਰਦੇ ਰੇਡੀਓ ਵਾਂਗ ਸ਼ਾਇਦ ਕੋਈ ਸਟੇਸ਼ਨ ਫੜ ਹੀ ਲਵੇ? ਪਰ ਸਾਨੂੰ ਸਾਡੇ ਦਿਮਾਗ 'ਤੇ ਅਥਾਹ ਮਾਣ ਸੀ ਕਿ ਸਾਡਾ ਦਿਮਾਗ ਸਾਨੂੰ ਲੋੜ ਪੈਣ 'ਤੇ ਦਗ਼ਾ ਨਹੀਂ ਦੇਵੇਗਾ। ਵਿਸ਼ਵਾਸ ਆਸਰੇ ਹੀ ਧਰਤੀ ਖੜ੍ਹੀ ਹੈ! ਦਿਲ ਨੂੰ ਧਰਵਾਸ ਦਿੱਤਾ।
ਜਦ ਮੈਂ ਸਾਰੇ ਖਾਣ ਪੀਣ ਦਾ ਜਾਇਜਾ ਲੈਣ ਡਰਾਇੰਗ-ਰੂਮ ਵਿਚ ਆਇਆ ਤਾਂ ਮੇਰੇ ਲੜਕੇ ਕਬੀਰ ਦੇ ਸਕੂਲ ਦੇ ਜੋਟੀਦਾਰ ਨੇ ਮੈਨੂੰ ਪੁੱਛ ਹੀ ਲਿਆ, "ਅੰਕਲ, ਕਿੰਨੀ ਉਮਰ ਹੋ ਗਈ ਤੁਹਾਡੀ?" ਕੇਕ ਅਜੇ ਸਜਾਇਆ ਨਹੀਂ ਸੀ, ਜਿਸ 'ਤੇ 40 ਲਿਖਿਆ ਹੋਇਆ ਸੀ। ਮੈਂ ਉੱਤਰ ਦੇਣ ਹੀ ਲੱਗਿਆ ਸੀ ਕਿ ਘਰਵਾਲੀ ਨੇ ਮੈਨੂੰ ਘੂਰੀ ਵੱਟੀ ਅਤੇ ਮੇਰੀ ਸੋਚ ਬਿੱਲੇ ਵਾਂਗ ਛਹਿ ਗਈ। ਮੈਂ ਮੁੜ੍ਹਕੋ-ਮੁੜ੍ਹਕੀ ਹੋਇਆ ਘਰਵਾਲੀ ਦੇ ਵੇਲਣੇ ਦੀ ਕਲਪਨਾ ਕਰਨ ਲੱਗਿਆ। ਘਰਵਾਲੀ ਦੀਆਂ ਤਿਊੜੀਆਂ ਭੋਲੇ-ਸ਼ੰਕਰ ਜੀ ਦੇ ਸ਼ੇਸ਼ਨਾਗ ਵਾਂਗ ਮੱਥੇ ਵਿਚ ਫ਼ਣ ਚੁੱਕੀ ਖੜ੍ਹੀਆਂ ਸਨ। ਜਦ ਲੜਕੇ ਨੇ ਆਪਣਾ ਸੁਆਲ ਦੁਹਰਾਇਆ ਤਾਂ ਸਾਡੇ ਦਿਮਾਗ ਨੇ ਸਾਡਾ ਸਾਥ ਦਿੱਤਾ, ਭਲਾ ਹੋਵੇ ਵਿਚਾਰੇ ਦਾ! ਮੈਂ ਉੱਤਰ ਦਿੱਤਾ, "ਪੁੱਤਰ ਮੈਂ ਬਾਲਗ ਹੋ ਗਿਐਂ...!" ਸਾਰੇ ਬੱਚੇ ਹੱਸ ਪਏ। ਘਰਵਾਲੀ ਨੇ ਕੌੜਾ ਜਿਹਾ ਹਾਸਾ ਹੱਸ ਕੇ ਤੂੰਬੇ ਵਰਗਾ ਸਿਰ ਹਿਲਾਇਆ। ਪਰ ਮੂੰਹ ਉਸ ਦਾ ਕੌੜਤੁੰਮੇ ਵਾਂਗ ਸਕੋੜਿਆ ਹੀ ਰਿਹਾ। ਅਸੀਂ ਸੋਚਿਆ ਗ਼ਲਤੀ ਤਾਂ ਕੋਈ ਕੀਤੀ ਨਹੀਂ, ਪਰ ਘਰਵਾਲੀ ਫਿਰ ਵੀ ਨਿਰਾਸ਼ ਹੋ ਗਈ, ਜਾਂ ਸ਼ਾਇਦ ਗੁੱਸੇ ਹੋ ਗਈ। ਦਿਲ ਵਿਚ ਸੋਚਿਆ ਕਿ ਜਨਮ ਦਿਨ 'ਤੇ ਮਹਿਮਾਨ ਬੁਲਾ ਕੇ ਘੋਰ ਗ਼ਲਤੀ ਕੀਤੀ। ਨਾ ਹੀ ਜਨਮ ਦਿਨ ਮਨਾਉਂਦੇ ਅਤੇ ਨਾ ਹੀ ਘਰਵਾਲੀ ਦੇ ਕਰੋਧ ਦਾ ਸਿ਼ਕਾਰ ਹੋਣਾ ਪੈਂਦਾ। ਪਰ ਮੈਂ ਕਦੋਂ ਆਖਿਆ ਸੀ ਜਨਮ ਦਿਨ ਮਨਾਉਣ ਨੂੰ? ਬੱਚਿਆਂ ਨੇ ਹੀ ਖਹਿੜਾ ਨਾ ਛੱਡਿਆ। ਘਰਵਾਲੀ ਨੇ ਵੀ 'ਹਾਂ-ਪੱਖੀ' ਹੁੰਗਾਰਾ ਹੀ ਭਰਿਆ ਸੀ। ਹੁਣ ਭੁਗਤੇ ਆਪ ਈ, ਮੈਂ ਕੀ ਕਰਾਂ? ਮੇਰਾ ਕੀ ਕਸੂਰ? 
ਪਤਾ ਨਹੀਂ ਮੇਰੇ ਜੁੰਡੀ ਦੇ ਯਾਰਾਂ ਨੂੰ ਕਿੱਥੋਂ ਪਤਾ ਲੱਗ ਗਿਆ। ਉਹ ਵੀ ਭੂਤਾਂ ਵਾਂਗ ਘਰੇ ਆ ਵੱਜੇ। 
-"ਤੁਸੀਂ ਸਾਨੂੰ ਸੱਦੋ ਨਾ ਸੱਦੋ-ਪਰ ਸਾਨੂੰ ਤਾਂ ਥੋਡੇ ਜਨਮ ਦਿਨ ਦਾ ਚਾਅ ਐ!" ਮੇਰੇ ਬੇਲੀ ਆਖ ਰਹੇ ਸਨ। ਦਿਲ ਨੂੰ ਹੋਰ ਹੌਲ ਪੈ ਗਿਆ। ਅਗਲਾ ਫਿ਼ਕਰ, ਘਰਵਾਲੀ ਕੀ ਸੋਚੇਗੀ? ਅਸੀਂ ਘਰਵਾਲੀ ਦੇ ਘੋਟਣੇ ਸਹਿ ਲਏ, ਵਾਰ ਜਰ ਲਏ, ਪਰ ਕਦੇ ਮੱਥੇ ਦਾ ਮੁੜ੍ਹਕਾ ਨਹੀਂ ਸਹਾਰਿਆ। ਘਰਵਾਲੀ ਆਈ ਅਤੇ ਚੋਰੀ ਜਿਹੇ ਦੇਖ ਕੇ ਮੁੜ ਗਈ। ਉਸ ਦੇ ਮੱਥੇ ਦੀ ਕਸੀਸ ਮੇਰਾ ਕਾਲਜਾ ਕੱਢੀ ਜਾ ਰਹੀ ਸੀ। ਮੈਂ ਮਗਰੇ ਹੀ ਚਲਾ ਗਿਆ। ਸਾਡੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਨੇ ਸੁਆਲ ਦਾ ਤੀਰ ਸਾਡੇ ਮੱਥੇ ਵਿਚ ਮਾਰਿਆ, "ਇਹਨਾਂ ਬੇਵਕੂਫ਼ਾਂ ਨੂੰ ਕੀਹਨੇ ਬੁਲਾਇਐ?" ਮੈਂ ਸਪੱਸ਼ਟੀਕਰਨ ਦੇਣ ਹੀ ਲੱਗਿਆ ਸੀ ਕਿ ਘਰਵਾਲੀ ਜੀ ਨੇ ਫਿਰ ਕਿਹਾ, "ਇਹਨਾਂ ਨੂੰ ਚਾਹ-ਚੂਹ ਪਿਆ ਕੇ ਦਫ਼ਾ ਕਰੋ!" ਅਬਦਾਲੀ ਹੁਕਮ ਆਇਆ। ਮੇਰਾ ਕੁਝ ਕਹਿਣ ਦਾ ਹੀਆਂ ਹੀ ਨਾ ਪਿਆ। ਮੈਂ ਕੁੱਟੇ ਹੋਏ ਕੁੱਤੇ ਵਾਂਗ ਡਰਾਇੰਗ-ਰੂਮ ਵੱਲ ਤੁਰ ਪਿਆ। ਮੇਰੇ ਜੁੰਡੀ ਦੇ ਯਾਰ ਚੌੜੇ ਹੋਏ, ਲਾਚੜੇ ਬੈਠੇ ਸਨ। ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਇਸ ਹਨੂੰਮਾਨ ਦੀ ਸੈਨਾ ਨੂੰ ਕਿਵੇਂ ਗਲੋਂ ਲਾਹਿਆ ਜਾਵੇ?
-"ਬੱਚਿਆਂ ਨੇ ਮਨਾਉਣੈਂ-ਆਪਾਂ ਕਦੇ ਫੇਰ ਮਨਾਲਾਂਗੇ।" ਮੈਂ ਉਹਨਾਂ ਨੂੰ ਤਰਲੇ ਭਰਿਆ ਬਹਾਨਾ ਜਿਹਾ ਮਾਰਿਆ। 
-"ਕੇਕ ਤਾਂ ਕੱਟ ਲਵੋ-ਫੇਰ ਚਲੇ ਜਾਂਵਾਂਗੇ-ਸਾਨੂੰ ਘਰੋਂ ਤਾਂ ਨ੍ਹੀ ਕੱਢਣਾ-ਘਰੇ ਆਏ ਤਾਂ ਕੋਈ ਕੁੱਤੇ ਨੂੰ ਨ੍ਹੀ ਦੁਰਕਾਰਦਾ-ਅਸੀਂ ਤਾਂ ਫੇਰ ਵੀ ਆਪ ਦੇ ਮਿੱਤਰ ਹਾਂ!"
-"ਹਮ ਪਿਆਲਾ-ਹਮ ਨਿਵਾਲਾ!" ਦੂਜੇ ਨੇ ਪੈੱਗ ਵੱਲ ਇਸ਼ਾਰਾ ਕੀਤਾ।
-"ਸੁੱਕੀ ਨ੍ਹੀ ਪੀਤੀ ਜਾਣੀ!" ਤੀਜੇ ਦੀ ਉਂਗਲ ਮੀਟ-ਮੁਰਗੇ ਵੱਲ ਸੀ।
ਮੇਰਾ ਧਿਆਨ ਘਰਵਾਲੀ ਤਰਫ਼ ਸੀ। ਪਰ ਇਕ ਗੱਲੋਂ ਸਾਨੂੰ ਆਪਣੀ ਘਰਵਾਲੀ 'ਤੇ ਪੂਰਾ ਮਾਣ ਹੈ। ਜੇ ਗਾਲ੍ਹ ਵੀ ਕੱਢੇਗੀ ਤਾਂ ਬੜੇ ਹੀ ਸਲੀਕੇ ਨਾਲ, "ਜਨਾਬ ਤੁਸੀਂ ਬਹੁਤ ਬੇਵਕੂਫ਼ ਹੋ!" ਜਾਂ "ਜਨਾਬ ਤੁਹਾਡਾ ਦਿਮਾਗ ਖਰਾਬ ਹੋ ਗਿਐ!" ਪੜ੍ਹੀ ਲਿਖੀ ਜਿਉਂ ਹੋਈ! ਹਿਸਟਰੀ ਅਤੇ ਇੰਗਲਿਸ਼ ਦੀ ਡਬਲ ਐੱਮ. ਏ. ਬੀ. ਐੱਡ! ਕਾਲਜ ਦੀ ਲੈਕਚਰਾਰ! ਪੜ੍ਹੇ ਲਿਖੇ ਇਨਸਾਨ ਅਤੇ ਅਨਪੜ੍ਹ ਵਿਚ ਇਹੀ ਤਾਂ ਫ਼ਰਕ ਹੁੰਦੈ! ਇਕ ਵਾਰੀ ਘਰਵਾਲੀ ਤੋਂ ਸਾਡੇ ਮੌਰਾਂ ਵਿਚ ਘੋਟਣਾ ਵੱਜ ਗਿਆ, ਕਸੂਰ ਘਰਵਾਲੀ ਦਾ ਨਹੀਂ, ਕਸੂਰ ਸਰਾਸਰ ਉਸ ਦੇ ਗੁੱਸੇ ਦਾ! ਗੁੱਸਾ ਬੜੀ ਚੰਡਾਲ ਚੀਜ਼! ਖ਼ੈਰ ਵੱਜ ਤਾਂ ਵਿਚਾਰੀ ਤੋਂ ਗਿਆ, ਅਸੀਂ ਵੀ ਸੀਲ ਬਲਦ ਵਾਂਗ ਖੜ੍ਹ ਕੇ ਹੀ ਖਾ ਲਿਆ, ਸੋਚਿਆ, ਚਲਾਵੇਂ ਘੋਟਣੇ ਦੀ ਸੱਟ ਵੱਧ ਵੱਜਦੀ ਐ। ਸਾਡੇ ਘਰਵਾਲੀ ਘੰਟਾ ਮਾਲਿਸ਼ ਵੀ ਕਰਦੀ ਰਹੀ, ਨਾਲੇ ਮੱਤਾਂ ਦਿੰਦੀ ਰਹੀ, "ਜੇ ਤੁਹਾਨੂੰ ਜਨਾਬ ਉਸ ਕਮਾਂਡੋ ਵਾਲੀ ਕੁੱਤੀ ਨਾਲ ਮੈਂ ਕਦੇ ਮੁੜ ਕੇ ਦੇਖ ਲਿਆ-ਫੇਰ ਮਾਲਿਸ਼ ਮੈਂ ਨਹੀਂ-ਹਸਪਤਾਲ ਵਾਲੇ ਈ ਕਰਨਗੇ।" ਅਸੀਂ ਵੀ 'ਸੌਰੀ-ਸ਼ੁਕਰੀਆ' ਕਰੀ ਗਏ। ਪਰ ਅਸੀਂ ਸੁਧਰਨ ਵਾਲੀ ਜੜ੍ਹ ਕਦੋਂ ਹਾਂ? ਸੋਚਿਆ ਇਕ ਮਾਲਿਸ਼ ਹੁਣ ਘਰਵਾਲੀ ਤੋਂ ਤੇ ਦੂਜੀ ਕਮਾਂਡੋ ਵਾਲੀ ਗੋਰੀ ਮੇਮ ਤੋਂ ਕਰਵਾਵਾਂਗੇ ਤੇ ਨਾਲੇ ਆਖਾਂਗੇ, "ਦੇਖੋ ਤੁਹਾਡੇ ਕਰਕੇ ਅਸੀਂ ਕੀ-ਕੀ ਦੁਖੜੇ ਸਹਾਰਦੇ ਹਾਂ ਸੋਹਣਿਓਂ!" ਕਮਾਂਡੋ ਵਾਲੀ ਗੋਰੀ ਵਿਚਾਰੀ ਸਾਡੇ ਨਾਲ ਕੰਮ ਕਰਦੀ ਹੈ ਅਤੇ ਕਦੇ-ਕਦੇ ਆਪਣੀ ਕਾਰ ਵਿਚ ਘਰੇ ਲਾਹ ਜਾਂਦੀ ਹੈ। ਗੱਲ ਹੋਰ ਵਿਚੋਂ ਕੁਝ ਵੀ ਨਹੀਂ! ਘਰਵਾਲੀ ਨੂੰ ਪਤਾ ਨਹੀਂ ਉਸ 'ਤੇ ਕੀ ਖੁੰਧਕ ਐ? ਵਿਚਾਰੀ ਨੂੰ 'ਕੁੱਤੀ-ਬਿੱਲੀ' ਤੋਂ ਬਿਨਾ ਸੰਬੋਧਨ ਹੀ ਨਹੀਂ ਕਰਦੀ। ਅਸੀਂ ਘਰਵਾਲੀ ਨੂੰ ਬਥ੍ਹੇਰਾ ਸਮਝਾਇਆ ਕਿ ਜਦੋਂ ਦੀ ਇਰਾਕ ਜੰਗ ਲੱਗੀ ਐ, ਪੈਟਰੋਲ ਬਹੁਤ ਮਹਿੰਗਾ ਹੋ ਗਿਐ, ਜੇ ਇਹ ਮੈਨੂੰ ਘਰੇ ਛੱਡ ਜਾਂਦੀ ਐ ਤਾਂ ਆਪਣੇ ਪੈਟਰੋਲ ਦੀ ਬੱਚਤ ਹੁੰਦੀ ਐ। ਪਰ ਨਾ, ਘਰਵਾਲੀ ਕਿੱਥੇ ਮੰਨਣ ਵਾਲੀ ਜੜੀ ਸੀ? ਰੱਪੜ ਪਾ ਕੇ ਬੈਠ ਗਈ, ਮੈਨੂੰ ਪਤੈ ਤੁਸੀਂ ਕਿੰਨ੍ਹੀ ਕੁ ਬੱਚਤ ਕਰਨ ਆਲੇ ਓਂ ਜਨਾਬ, ਬੱਸ ਚੁੱਪ ਰਹੋ, ਨਹੀਂ ਮੈਥੋਂ ਕੁਛ ਹੋਰ ਹੋਜੂ! ਖ਼ੈਰ, ਪਤਨੀ ਦਾ ਆਖਿਆ ਤਾਂ ਸਿ਼ਵ ਜੀ ਮਹਾਰਾਜ ਨਹੀਂ ਮੋੜਦੇ ਸੀ, ਅਸੀਂ ਕੌਣ ਹੋਏ?
ਸਾਡੇ ਸਾਰੇ ਜੁੰਡੀ ਦੇ ਯਾਰਾਂ ਨੂੰ ਪਤਾ ਹੈ ਕਿ ਘਰਵਾਲੀ ਸਾਥੋਂ ਦਸ ਸਾਲ ਵੱਡੀ ਹੈ। ਮੈਂ ਵਾਰ ਵਾਰ ਕੁਝ ਸੋਚ ਕੇ, ਬਲੂੰਗੜੇ ਵਾਂਗ ਇਕੱਠਾ ਜਿਹਾ ਹੋਈ ਜਾ ਰਿਹਾ ਸੀ। ਮੈਂ ਪੂਰਾ ਦਿਲ ਕੱਢ ਕੇ ਅੰਦਰ ਘਰਵਾਲੀ ਕੋਲ ਗਿਆ।
-"ਇਹ ਐਂਵੇਂ ਤੁਰਨ ਆਲੇ ਹੈਨ੍ਹੀ-ਇਹਨਾਂ ਨੂੰ ਪੈੱਗ ਸ਼ੈੱਗ ਲੁਆਉਣਾ ਪਊ-ਨਹੀਂ ਇਹਨਾਂ ਜਮਦੂਤਾਂ ਨੇ ਆਥਣ ਤੱਕ ਨ੍ਹੀ ਹਿੱਲਣਾ।" ਮੈਨੂੰ ਘਰਵਾਲੀ ਮੂਹਰੇ ਸੱਚਾ ਰਹਿਣ ਵਾਸਤੇ ਆਪਣੇ ਮਿੱਤਰਾਂ ਨੂੰ 'ਜਮਦੂਤ' ਕਹਿਣਾ ਪਿਆ। ਹਾਲਾਂ ਕਿ ਉਹ ਮੈਥੋਂ ਜਾਨ ਵਾਰਦੇ ਹਨ। ਜਦੋਂ ਸਾਡੀ ਕਿਸੇ ਨਾਲ 'ਜੰਗ' ਹੋ ਜਾਂਦੀ ਹੈ ਤਾਂ ਮੇਰੇ ਇਹ ਮਿੱਤਰ ਮੇਰੇ ਨਾਲੋਂ ਵੱਧ ਅਗਲੇ ਦੀ 'ਸੇਵਾ' ਕਰਦੇ ਹਨ। ਭਾਵਨਾ ਦਿਖਾਉਂਦੇ ਹਨ। ਪਰ ਰੱਬ ਨੇੜੇ ਕਿ ਘਸੁੰਨ? ਘਰਵਾਲੀ ਤਾਂ ਮਗਰਮੱਛ ਵਾਂਗ ਮੂੰਹ ਅੱਡੀ ਖੜ੍ਹੀ ਸੀ। ਅਸੀਂ ਮਾੜੇ ਕਬੂਤਰ ਵਾਂਗ ਆਪਣੇ ਖੰਭ ਬਚਾ ਰਹੇ ਸਾਂ। ਜਦੋਂ ਸਾਡੀ ਘਰਵਾਲੀ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਵਿਚ 'ਭੀਮ-ਸੈਨ' ਜਿੰਨਾ ਬਲ ਆ ਜਾਂਦਾ ਹੈ। ਭਾਵੇਂ ਅਸੀਂ ਕਬੱਡੀ ਦੇ ਘਾਗ ਖਿਡਾਰੀ ਰਹੇ ਹਾਂ, ਪਰ ਹੁਣ ਤੱਕ ਘਰਵਾਲੀ ਨੂੰ 'ਜੱਫ਼ਾ' ਨਹੀਂ ਲਾ ਸਕੇ। ਦਿਲ ਹੀ ਨਹੀਂ ਪੈਂਦਾ। ਜਦੋਂ ਮਨ ਕਮਜ਼ੋਰ ਹੋਵੇ, ਤਨ ਆਪੇ ਕਮਜ਼ੋਰ ਹੋ ਜਾਂਦਾ ਹੈ!
ਖ਼ੈਰ! ਘਰਵਾਲੀ ਦੀ ਅੱਧੀ ਕੁ ਸਹਿਮਤੀ ਲੈ ਕੇ ਮੈਂ ਮਿੱਤਰਾਂ ਅੱਗੇ ਬੈਲਨਟਾਈਨ ਦੀ ਬੋਤਲ ਰੱਖ ਦਿੱਤੀ। ਨਾਲ ਦੀ ਨਾਲ ਮੈਨੂੰ ਡਰ ਵੀ ਖਾਈ ਜਾ ਰਿਹਾ ਸੀ ਕਿ ਮੁਫ਼ਤ ਦੀ ਚੜ੍ਹਦੀ ਵੀ ਬਹੁਤ ਛੇਤੀ ਹੈ। ਕਿਤੇ ਕੋਈ ਅਵਲ਼ੀ-ਸਵਲ਼ੀ ਗੱਲ ਨਾ ਮੂੰਹੋਂ ਕੱਢ ਮਾਰਨ, ਜਿਸ ਕਾਰਨ ਸਾਨੂੰ ਘਰਵਾਲੀ ਦੇ ਗੁੱਸੇ ਦਾ ਸਿ਼ਕਾਰ ਹੋਣਾ ਪਵੇ! ਮਿੱਤਰਾਂ ਨੇ ਪੈੱਗ-ਸ਼ੈੱਗ ਲਾ ਕੇ ਮੇਰੇ ਜਨਮ ਦਿਨ ਦੇ ਸੋਹਿਲੇ ਗਾਉਣੇ ਸ਼ੁਰੂ ਕਰ ਦਿੱਤੇ, "ਸਾਡੇ ਬਾਈ ਜੀ ਚਾਲ੍ਹੀਆਂ ਸਾਲਾਂ ਦੇ ਹੋ ਗਏ-ਹੈਪੀ ਬਰਥ ਡੇ ਟੂ ਯੂ-ਰੱਬ ਬਾਈ ਜੀ ਦੀ ਉਮਰ ਲੰਮੀ ਕਰੇ-ਅਗਲੇ ਸਾਲ ਫੇਰ ਆਈਏ!" ਉਹ ਮਰਾਸੀਆਂ ਵਾਂਗ ਅਸੀਸਾਂ ਜਿਹੀਆਂ ਦੇ ਰਹੇ ਸਨ। ਇਕ ਪੀ ਕੇ ਆਖੀ ਜਾ ਰਿਹਾ ਸੀ, "ਸੱਚੇ ਪਾਤਸ਼ਾਹ ਸਾਡੇ ਬਾਈ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀਂ।" ਕਿਸੇ ਨੂੰ ਕਿਸੇ ਦੀ ਗੱਲ ਪੂਰੀ ਸਮਝ ਨਹੀਂ ਆ ਰਹੀ ਸੀ। ਫੇਰ ਇਕ ਉੱਭੜਵਾਹੇ ਬੋਲਿਆ, "ਬਾਈ ਜੀ ਚਾਲ੍ਹੀਆਂ ਦੇ ਤੇ ਸਾਡੇ ਭਰਜਾਈ ਜੀ ਤਾਂ ਫੇਰ ਅੱਧੀ ਸਦੀ ਨੂੰ ਟੱਪਗੇ ਹੋਣੇ ਐਂ?" ਅਸੀਂ ਉਸ ਦੇ ਮੂੰਹ ਅੱਗੇ ਹੱਥ ਦੇ ਕੇ ਮਸਾਂ ਹੀ ਰੋਕਿਆ, ਪਰ ਫਿਰ ਵੀ ਉਹ ਬਲ਼ਦ ਵਾਂਗ ਉਗਾਲ਼ਾ ਜਿਹਾ ਕਰਦਾ ਹੋਇਆ, ਗੱਲ ਪੂਰੀ ਕਰ ਗਿਆ। ਤੀਜਾ ਬੋਲਿਆ, "ਚਲੋ ਰੱਬ ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਬਖ਼ਸ਼ੇ!" ਸ਼ੁਕਰ ਕੀਤਾ ਪਤਨੀ ਜੀ ਰਸੋਈ ਵਿਚ ਸਨ। ਮੌਕਾ ਸਾਂਭਦਿਆਂ ਅਸੀਂ ਕਿਹਾ, "ਚਲੋ ਬਈ ਹੁਣ ਬੱਚਿਆਂ ਦੀ ਵਾਰੀ ਐ।" ਮੇਰੇ ਆਖਣ ਦੀ ਦੇਰ ਸੀ ਕਿ ਉਹਨਾਂ ਨੇ ਕਵੀਸ਼ਰੀ ਕਰਨੀ ਸ਼ੁਰੂ ਕਰ ਦਿੱਤੀ, "ਬਾਈ ਹੋਇਆ ਚਾਲ੍ਹੀਆਂ ਦਾ, ਅੱਧੀ ਸਦੀ ਤੋਂ ਟੱਪਗੀ ਭਾਬੀ-ਡੱਬ ਪੈਗੇ ਮੁਖੜੇ 'ਤੇ, ਪਹਿਲਾਂ ਸੀਗਾ ਰੰਗ ਗੁਲਾਬੀ!" ਬੋਲੀ ਸੁਣ ਕੇ ਮੇਰਾ ਸਰੀਰ ਥਰ-ਥਰ ਕੰਬਣ ਲੱਗ ਪਿਆ। ਪਰ ਸ਼ਾਇਦ ਘਰਵਾਲੀ ਨੂੰ ਕਿਚਨ ਵਿਚ ਸੁਣਿਆਂ ਨਹੀਂ ਸੀ, ਸ਼ੁਕਰ ਰੱਬ ਦਾ! ਪਰ ਖੋਟੇ ਕਰਮ ਮੇਰੇ, ਬੋਲੀ ਦੂਜੇ ਭਾਈਬੰਦ ਨੇ ਚੁੱਕ ਲਈ, "ਹੁਣ ਬੁੱਢੀ ਹੋ ਗਈ ਐ, ਮੁਸ਼ਕੀ ਰੰਗ ਜਾਵੇ ਪਿਆ ਖ਼ੁਰਦਾ-ਸੈਂਡਲ ਪਾ ਇਉਂ ਤੁਰਦੀ ਐ, ਕੁੱਕੜ ਜਿਉਂ ਸੂਲਾਂ 'ਤੇ ਤੁਰਦਾ!" ਮੈਂ ਛੇਤੀ ਨਾਲ ਡਰਾਇੰਗ-ਰੂਮ ਦਾ ਦਰਵਾਜਾ ਬੰਦ ਕੀਤਾ ਅਤੇ ਹੱਥ ਜੋੜ ਕੇ ਚੁੱਪ ਦਾ ਦਾਨ ਬਖਸ਼ਣ ਲਈ ਬੇਨਤੀ ਭਰਿਆ ਇਸ਼ਾਰਾ ਕੀਤਾ। ਪਰ ਤੀਜੇ ਮਾਈ ਦੇ ਲਾਲ ਨੇ ਕਸਰ ਹੀ ਪੂਰੀ ਕਰ ਦਿੱਤੀ, "ਚਾਹੇ ਮੌਲੀ ਹੋਗੀ ਐ, ਮਿਰਚਾਂ ਨਾਲ ਨੈਣਾਂ ਦੇ ਭੋਰੇ-ਵਿਚ ਚੁੰਨ੍ਹੀਆਂ ਅੱਖੀਆਂ ਦੇ, ਖਿੱਚਦੀ ਅਜੇ ਕੱਜਲ ਦੇ ਡੋਰੇ!" ਸੁਣ ਕੇ ਮੇਰਾ ਸੀਤ ਨਿਕਲ ਗਿਆ।
ਘਰਵਾਲੀ ਨੂੰ ਪਤਾ ਲੱਗ ਗਿਆ ਕਿ ਕਵੀਸ਼ਰੀ ਉਸ ਦੇ ਸਬੰਧ ਵਿਚ ਹੀ ਕੀਤੀ ਜਾ ਰਹੀ ਸੀ। ਉਹ ਹਨ੍ਹੇਰੀ ਵਾਂਗ ਡਰਾਇੰਗ-ਰੂਮ ਵਿਚ ਆਈ। ਉਸ ਦਾ ਜਾਹੋ-ਜਲਾਲ ਦੇਖ ਕੇ ਭਾਈਬੰਦਾਂ ਦੇ ਸਾਹ ਸੂਤੇ ਗਏ। ਇਕ ਚੁੱਪ ਛਾ ਗਈ। ਅਸੀਂ ਆਪਣੀ ਸ਼ਾਮਤ ਆਈ ਸਮਝੀ। ਮੈਂ ਮੌਕਾ ਸਾਂਭ ਕੇ ਆਖਿਆ, "ਚੱਲੋ ਬਈ ਆਪਾਂ ਹੁਣ ਬਾਗੋਬਾਗ ਹੋ ਗਏ ਆਂ-ਆਪਾਂ ਜਨਮ ਦਿਨ ਮਨਾ ਲਿਆ-ਹੁਣ ਬੱਚਿਆਂ ਦੀ ਵਾਰੀ ਐ-।" ਮੈਂ ਭਾਈਬੰਦਾਂ ਨੂੰ ਬਾਹੋਂ ਫੜ ਆਲ਼ਸੀ ਕੱਟੇ ਵਾਂਗ ਬਾਹਰ ਧੂਹ ਲਿਆਇਆ। ਘਰਵਾਲੀ ਦੀਆਂ ਅੱਖਾਂ ਦਾ ਸੇਕ ਮੈਨੂੰ ਬਾਹਰ ਤੱਕ ਆ ਰਿਹਾ ਸੀ। ਜਦੋਂ ਮੈਂ ਉਹਨਾਂ ਨੂੰ ਬਾਹਰ ਛੱਡ ਕੇ ਮੁੜਿਆ ਤਾਂ ਘਰਵਾਲੀ ਜੀ ਮੇਰੇ 'ਤੇ ਰਾਸ਼ਣ-ਪਾਣੀ ਲੈ ਕੇ ਚੜ੍ਹ ਗਏ। ਭਾਈਬੰਦਾਂ ਨੂੰ ਬੇਵਕੂਫ਼, ਜੰਗਲੀ, ਬਦਮਗਜ, ਬਦਮਾਸ਼, ਗੁੰਡੇ ਅਤੇ ਹੋਰ ਪਤਾ ਨਹੀਂ ਕੀ-ਕੀ ਵਿਸ਼ਲੇਸ਼ਣ ਲਾ ਦਿੱਤੇ। ਘਰਵਾਲੀ ਦਾ ਪੱਖ ਪੂਰਨਾ ਤਾਂ ਮੇਰਾ ਪਹਿਲਾ ਕਰਮ ਸੀ, ਕਿਉਂਕਿ ਮੈ 'ਜਨਮ-ਦਿਨ' ਅਤੇ 'ਫ਼ੱਟੜ-ਦਿਨ' ਇੱਕੋ ਦਿਨ ਹੀ ਨਹੀਂ ਚਾਹੁੰਦਾ ਸੀ, ਮੈਂ ਢਿੱਲੇ ਜਿਹੇ ਹੁੰਦੇ ਨੇ ਆਖਿਆ, "ਸੱਚੀਂ ਮੂਰਖ ਐ ਸਾਲੇ-ਇਹਨਾਂ ਨੂੰ ਇਹ ਨ੍ਹੀਂ ਪਤਾ ਬਈ ਬੰਦੇ ਦਾ ਮਨ ਨਾ ਬੁੱਢਾ ਹੋਵੇ-ਬੰਦਾ ਬੁੱਢਾ ਨ੍ਹੀ ਹੁੰਦਾ-ਚਾਲੀ ਪੰਜਾਹ ਸਾਲ ਵੀ ਸਾਲੀ ਕੋਈ ਉਮਰ ਹੁੰਦੀ ਐ?" ਘਰਵਾਲੀ ਨੂੰ ਸਾਡੇ ਤੀਸਰੇ ਬਚਨ ਤੋਂ ਸੰਤੁਸ਼ਟੀ ਹੋਈ ਅਤੇ ਆਖਣ ਲੱਗੀ, "ਗੋਲੀ ਮਾਰੋ ਉਹਨਾਂ ਦੇ-ਹੁਣ ਤੁਸੀਂ ਜੁਆਕਾਂ ਨਾਲ ਜਨਮ ਦਿਨ ਮਨਾਓ!" ਤਾਂ ਸਾਡੀ ਵੀ ਧੜਕਦੀ ਕੌਡੀ ਥਾਂ-ਸਿਰ ਆਉਣ ਲੱਗੀ ਅਤੇ ਅਸੀਂ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਉਣ ਵਿਚ ਰੁੱਝ ਗਏ। 


ਹੋਰ ਪੜੋ...

ਮਿਲ ਜਿਆ ਕਰੀਂ ਧੀਏ

ਗੁਰਮੀਤ ਜਦੋਂ ਮੰਗੀ ਗਈ ਤਾਂ ਉਸ ਦੇ ਕੰਨੀ ਭਿਣਕ ਪਈ ਕਿ ਉਸ ਦੀ ਸੱਸ ਹਰਬੰਸ ਕੌਰ ਬੜੀ ਹੀ ‘ਕੱਬੀ’ ਸੀ। ਸੁਣ ਕੇ ਉਸ ਨੂੰ ਸੀਤ ਚੜ੍ਹ ਜਾਂਦਾ। ਭਵਿੱਖ ਵਿਚ ਹੋਣ ਵਾਲੇ ਸਲੂਕ ਲਈ ਉਹ ਆਪਣੇ ਆਪ ਨੂੰ ਕਰੜਾ ਕਰਦੀ। ਪਰ ਉਸ ਦਾ ਮਨ ਥਾਲੀ ਦੇ ਪਾਣੀ ਵਾਂਗ ਡੋਲਦਾ ਰਹਿੰਦਾ। ਉਹ ਉਸ ਪ੍ਰਮ-ਸ਼ਕਤੀ, ਪ੍ਰਮਾਤਮਾ ਅੱਗੇ ਬੇਨਤੀਆਂ ਕਰਦੀ ਰਹਿੰਦੀ।

- “ਹੇ ਅਕਾਲ ਪੁਰਖ ! ਮੇਰੀ ਸੱਸ ਨੂੰ ਸਮੱਤ ਬਖਸ਼।" ਆਪਣੇ ਵਿਆਹਤਾ ਜੀਵਨ ਲਈ ਸੁਖ ਪ੍ਰਦਾਨ ਕਰਨ ਲਈ ਉਹ ਰੱਬ ਅੱਗੇ ਅਰਦਾਸਾਂ ਕਰਦੀ। ਗੁਰਮੀਤ ਦਾ ਸਹੁਰਾ ਚੰਨਣ ਸਿੰਘ ਮਿਲਟਰੀ ਵਿਚ ਡਾਕਟਰ ਸੀ ਅਤੇ ਹੁਣ ਰਟਾਇਰ ਹੋ ਚੁੱਕਾ ਸੀ। ਹੁਣ ਉਸ ਨੇ ਆਪਣੇ ਪਿੰਡ ਹੀ ਪ੍ਰਾਈਵੇਟ ਡਿਸਪੈਂਸਰੀ ਖੋਲ੍ਹ ਲਈ ਸੀ ਅਤੇ ਕੰਮ ਕਾਫੀ ਰਿੜ੍ਹ ਪਿਆ ਸੀ। ਗੁਰਮੀਤ ਦੀ ਸੱਸ ਹਰਬੰਸ ਕੌਰ ਮਾਪਿਆਂ ਦੀ ਇਕੱਲੀ-ਇਕੱਲੀ ਧੀ ਸੀ। ਜਿਸ ਨੇ ਪੇਕੀਂ ਅਤੇ ਸਹੁਰੀਂ ਚੰਮ ਦੀਆਂ ਚਲਾਈਆਂ ਸਨ। ਹਰਬੰਸ ਕੌਰ ਦਾ ਪੁੱਤ ਰੂਪਇੰਦਰ ਮਿਲਟਰੀ ਸਕੂਲ ਵਿਚ ਹੀ ਪੜ੍ਹਿਆ ਸੀ, ਸਕੂਲ ਤੋਂ ਬਾਅਦ ਕਾਲਿਜ। ਰੂਪਇੰਦਰ ਇਕ ਲੰਡਰ ਮੁੰਡਾ ਸੀ। ਕਾਲਿਜ ਵਿਚ ਉਹ ਪੜ੍ਹਾਈ ਘੱਟ ਅਤੇ ਲਫੈਂਡਪੁਣਾਂ ਜਿਆਦਾ ਕਰਦਾ ਸੀ। ਗਸ਼ਤ ਜਿ਼ਆਦਾ ਅਤੇ ਪੜ੍ਹਾਈ ਘੱਟ ਕਰਨ ਦਾ ਉਹ ਆਦੀ ਬਣ ਚੁੱਕਾ ਸੀ।
ਰਟਾਇਰਮੈਂਟ ਲੈਣ ਤੋਂ ਬਾਅਦ ਚੰਨਣ ਸਿੰਘ ਨੂੰ ਜਦੋਂ ਅਹਿਸਾਸ ਹੋਇਆ ਕਿ ਰੂਪਇੰਦਰ ਪੜ੍ਹਾਈ ਵਿਚ ਉੱਕਾ ਹੀ ਰੁਚੀ ਨਹੀਂ ਰੱਖਦਾ ਤਾਂ ਉਸ ਨੇ ਉਸ ਨੂੰ ਡਾਕਟਰੀ ਕਿੱਤੇ ਵਿਚ ਹੀ ਲਾ ਲਿਆ। ਪਰ ਰੂਪਇੰਦਰ ਦੀ ਆਦਤ ਨਾ ਬਦਲੀ। ਉਹ ਕੁੜੀਆਂ ਦੀ ਚੱੈਕ ਅੱਪ ਘੱਟ ਅਤੇ ਛਾਤੀਆਂ ਜਿ਼ਆਦਾ ਨਾਪਦਾ ਤੋਲਦਾ ਸੀ। ਪਰ ਦਿਨ ਤਾਂ ਚੰਨਣ ਸਿੰਘ ਦੇ ਸਿਰ ਉਪਰੋਂ ਪਾਣੀ ਹੀ ਵਗ ਗਿਆ, ਜਦ ਉਸ ਦੀ ਗੈਰਹਾਜ਼ਰੀ ਵਿਚ ਰੂਪਇੰਦਰ ਨੇ ਦੁਆਈ ਲੈਣ ਆਈ ਕੁੜੀ ਹੀ ਫੜ ਲਈ। ਕਾਫੀ ਲਾਅਲਾ-ਲਾਅਲਾ ਹੋਈ। ਪਰ ਚੰਨਣ ਸਿੰਘ ਬਾਰਸੂਖ਼ ਬੰਦਾ ਸੀ। ਜਿਸ ਕਰਕੇ ਪੰਚਾਇਤ ਨੇ ਗੱਲ ਦਬਾ ਲਈ। ਰੂਪਇੰਦਰ ਤੋਂ ਮੁਆਫੀ ਦੁਆ ਕੇ ਗੱਲ ਰਫ਼ਾ-ਦਫ਼ਾ ਕਰ ਦਿੱਤੀ ਗਈ। ਅੱਗੇ ਤੋਂ ਰੂਪਇੰਦਰ ਨੂੰ ਖ਼ਬਰਦਾਰ ਕਰ ਦਿੱਤਾ ਗਿਆ।
ਇੱਜ਼ਤਦਾਰ ਬੰਦਾ, ਡਾਕਟਰ ਚੰਨਣ ਸਿੰਘ ਸ਼ਰਮ ਦਾ ਮਾਰਿਆ ਕਈ ਦਿਨ ਬਾਹਰ ਹੀ ਨਾ ਨਿਕਲਿਆ। ਧਰਤੀ ਗਰਕਣ ਲਈ ਉਸ ਨੂੰ ਵਿਹਲ ਨਹੀਂ ਦਿੰਦੀ ਸੀ। ਇਕੱਲੇ-ਕਹਿਰੇ ਪੁੱਤ ਨੂੰ ਉਹ ਜਿਆਦਾ ਘੂਰਨੋ ਵੀ ਡਰਦਾ ਸੀ। ਅੱਜ ਦੀ ਮਡੀਹਰ ਦਾ ਕੀ ਇਤਬਾਰ? ਗੁੱਸੇ ਮਾਰਿਆ ਖੂਹ ਖਾਤੇ ਹੀ ਪੈ ਜਾਵੇ? ਜਾਂ ਫਿਰ ਅੱਗੋਂ ਥੱਪੜ ਹੀ ਕੱਢ ਮਾਰੇ? ਆਪਣੀ ਇੱਜ਼ਤ ਆਪਣੇ ਹੱਥ!
- “ਤੇਰੇ ਅੰਨ੍ਹੇ ਲਾਅਡ ਨੇ ਮੁੰਡਾ ਵਿਗਾੜਤਾ।" ਰੋਟੀ ਖਾਣ ਲੱਗਾ ਡਾਕਟਰ ਹਰਬੰਸ ਕੌਰ ਨੂੰ ਕਹਿ ਬੈਠਾ।
- “ਕੀ ਪਰਲੋਂ ਆ ਗਈ? ਮੁੰਡੇ ਖੁੰਡੇ ਅਜਿਹੀਆਂ ਘਤਿੱਤਾਂ ਕਰਦੇ ਹੀ ਹੁੰਦੇ ਐ - ਕੀ ਅਗਲੀ ਦੇ ਗੋਲੀ ਮਾਰਤੀ?”
- “ਅਗਲੇ ਮੇਰੇ ਮੂੰਹ ਨੂੰ ਈ ਚੁੱਪ ਕਰ ਗਏ-ਨਹੀਂ ਤਾਂ ਮਾਰ ਮਾਰ ਰੈਂਗੜੇ ਇਹਦੇ 'ਚ ਚਿੱਬ ਪਾ ਦਿੰਦੇ-ਬਾਹਲੀ ਹੱਫੀ ਬਣੀ ਫਿਰਦੀ ਐਂ।"
- “ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਐ-ਸਾਰਾ ਕਸੂਰ ਮੁੰਡੇ ’ਚ ਵੀ ਨਹੀਂ।" ਹਰਬੰਸ ਕੌਰ ਤੱਟ ਫੱਟ ਜਵਾਬ ਦੇ ਰਹੀ ਸੀ।
- “ਤੇਰੇ ਧੀ ਹੈ ਨਹੀ ਨਾਂ ਘਰੇ-ਤੈਨੂੰ ਧੀਆਂ ਦੇ ਦੁੱਖ ਦਾ ਕੀ ਪਤੈ? ਲੱਗ ਪਈ ਚਬਰ-ਚਬਰ ਮੂੰਹ ਮਾਰਨ ਹਰਾਮਦੀ!"
ਚੰਨਣ ਸਿੰਘ ਭੂਸਰ ਗਿਆ। ਉਹ ਚੁਪ ਕਰ ਗਈ। ਜਦੋਂ ਡਾਕਟਰ ਗੁੱਸੇ ਵਿਚ ਹੁੰਦਾ, ਹਰਬੰਸ ਕੌਰ ਉਸ ਤੋਂ ਕੰਨ ਭੰਨਦੀ। ਕਿਉਂਕਿ ਗੱਸਾ ਡਾਕਟਰ ਨੂੰ ਬਹੁਤ ਹੀ ਘੱਟ ਆਉਂਦਾ ਸੀ। ਪਰ ਜਦੋਂ ਗੁੱਸਾ ਉਸ ਦੇ ਸਿਰ ਨੂੰ ਚੜ੍ਹਦਾ ਤਾਂ ਉਹ ਹਾਕੀ ਲੈ ਕੇ ਹਰਬੰਸ ਕੌਰ ਦੇ ਦੁਆਲੇ ਹੋ ਜਾਂਦਾ ਅਤੇ ਫਿਰ ਨਿੱਸਲ ਕਰ ਕੇ ਹਟਦਾ ਸੀ। ਗੁੱਸੇ ਵਿਚ ਉਸ ਦੇ ਕੁਝ ਵੱਸ ਨਾ ਰਹਿੰਦਾ। ਹਰਬੰਸ ਕੌਰ ਨੂੰ ਭਲੀ-ਭਾਂਤ ਪਤਾ ਸੀ ਕਿ ਜਦੋਂ ਚੰਨਣ ਸਿੰਘ ‘ਹਰਾਮਦੀ’ ਲਫਜ਼ ਵਰਤਦਾ ਸੀ ਤਾਂ ਉਸ ਦੇ ਗੁੱਸੇ ਦੀ ਭੱਠੀ ਮਘਣ ਲੱਗ ਪੈਂਦੀ ਸੀ। ਜਿਸ ਕਰਕੇ ਉਹ ਤੁਰੰਤ ਹੀ ਚੁੱਪ ਧਾਰ ਲੈਂਦੀ। ‘ਹਰਾਮਦੀ’ ਲਫ਼ਜ਼ ਤਬਾਹੀ ਦਾ ਸੰਕੇਤ ਸੀ। ਗੁੱਸੇ ਵਿਚ ਭੂਤਰਿਆ ਡਾਕਟਰ ਖੱਬੇ ਸੱਜੇ ਨਹੀਂ ਦੇਖਦਾ ਸੀ। ਬੱਸ! ਪਰਾਗਾ ਪਾ ਹੀ ਲੈਂਦਾ ਸੀ।
ਖ਼ੈਰ! ਡਾਕਟਰ ਨੇ ਰਿਸ਼ਤੇਦਾਰ ਬੁਲਾ ਕੇ ਰੂਪਇੰਦਰ ਦੀ ਸ਼ਾਦੀ ਦੀ ਗੱਲ ਤੋਰੀ।
- “ਇੱਤਰਾਂ ਪ੍ਰਾਹੁਣਿਆਂ ਸਾਕਾਂ ਦਾ ਮੁੰਡੇ ਨੂੰ ਘਾਟੈ? ਤੂੰ ਮੁੜ ਹੁਕਮ ਤਾਂ ਕਰਕੇ ਤੇ ਦੇਖ- ਕੁੜੀਆਂ ਦੇ ਮੁੜ ਢੇਰ ਪਏ ਲਾ ਦਿਆਂਗੇ- ਉੱਤਰਾਂ ਕੋਈ ਕੁੜੀ ਤੇਰੀ ਨਜ਼ਰ’ਚ ਹੈ?” ਰੂਪਇੰਦਰ ਦੇ ‘ਅੰਬਰਸਰੀਏ’ ਭਾਊ ਮਾਮੇ ਨੇ ਆਖਿਆ। ਮੁੱਛਾਂ ਦੇ ਕੁੰਢ ਉਹ ਅੱਖਾਂ ਨਾਲ ਲਾਈ ਬੈਠਾ ਸੀ। ਕੱਕੀਆਂ ਮੁੱਛਾਂ ਉਪਰੋਂ ਦੀ ਕੋਚਰੀਆਂ ਅੱਖਾਂ ‘ਗਟਰ ਗਟਰ’ ਝਾਕ ਰਹੀਆਂ ਸਨ।
- “ਜੈਤੋ ਵਾਲੇ ਬਰਾੜ ਬਾਰੇ ਤੇਰਾ ਕੀ ਖਿਆਲ ਐ? ਕੈਪਟਨ ਬੜਾ ਹੀ ਸਾਊ ਬੰਦੈ।" ਡਾਕਟਰ ਨੇ ਕਿਹਾ।
- “ਛੱਡ ਪਰਾਂਹ ਪ੍ਰਾਹੁਣਿਆਂ - ਕੈਪਟਨ ਕੋਈ ਬੰਦੈ? ਉਹ ਤਾਂ ਮੁੜ ਨਿਰਾ ਗੁਰਦੁਆਰੇ ਦਾ ਗ੍ਰੰਥੀ ਲੱਗਦਾ ਊ।" ਮਾਮੇ ਨੇ ਨੱਕ ਚਾੜ੍ਹਿਆ।
- “ਸਾਨੂੰ ਬੰਦੇ ਚਾਹੀਦੇ ਐ ਘੈਂਟ - ਜਿਹੜੇ ਜੁਆਕ ਦੇ ਪਿੱਛੇ ਆਉਣ ਵਾਲੇ ਵੀ ਹੋਣ।" ਹਰਬੰਸ ਕੌਰ ਨੇ ਕਿਹਾ।
- “ਜੁਆਕ ਦੇ ਪਿੱਛੇ ਆਉਣ ਚਾਹੇ ਨਾ ਆਉਣ - ਪਰ ਤੂੰ ਗੁਤਨੀ ਜਰੂਰ ਪੱਟਾਵਾਂਏਂਗੀ- ਕਿਉਂਕਿ ਤੇਰੀ ਜਬਾਨ ਚੱਲਣੋਂ ਰਹਿਣੀ ਨਹੀ-।"
- “ਉੱਤਰਾਂ ਗੱਲ ਭੈਣਾਂ ਦੀ ਦਰੁਸਤ ਈ - ਮੁੜ ਚਾਰ ਬੰਦੇ ਪਿੱਠ ਤੇ ਹੋਏ ਜੁਆਨ ਦੀ ਭੱਲ ਤਾਂ ਬਣੀ ਰਹੂ।“ ਮਾਮੇ ਤੋਂ ਰਿਹਾ ਨਾ ਗਿਆ, “ਕੋਈ ਉੱਤਰਾਂ ਅੱਖ ’ਚ ਪਾਇਆ ਤਾਂ ਮੁੜ ਨਾ ਰੜਕੂ ਪ੍ਰਾਹੁਣਿਆਂ।"
- “ਘੱਲਾਂ ਆਲਿਆਂ ਨਾਲ ਗੱਲ ਕਰੀਏ?” ਰੂਪਇੰਦਰ ਦੇ ਫੁੱਫੜ ਨੇ ਆਖਿਆ।
- “ਚਾਰ ਭਰਾਵਾਂ ਦੀ 'ਕੱਲੀ-'ਕੱਲੀ ਭੈਣ ਐਂ।"
- “ਕਰ ਲਓ! ਦਾਜ ਦਹੇਜ ਦੀ ਆਪਾਂ ਨੂੰ ਉੱਕਾ ਈ ਜਰੂਰਤ ਨਹੀਂ।" ਡਾਕਟਰ ਨੇ ਕਿਹਾ।
- “ਕਿਉਂ ਲੋੜ ਕਿਉਂ ਨ੍ਹੀਂ? ਹਰਬੰਸ ਕੌਰ ਜਿਵੇਂ ਭੱਜ ਕੇ ਵਿਚ ਹੋਈ, “ਅਗਲਿਆਂ ਨੇ ਆਬਦੀ ਕੁੜੀ ਨੂੰ ਦੇਣੈ -ਸਾਨੂੰ ਦੇਣੈ?” ਹਰਬੰਸ ਕੌਰ ਰਹਿ ਨਾ ਸਕੀ।
- “ਮੁੜ ਭਾਅ ਫੌਜੀਆਂ ਆਲੀ ਗੱਲ ਨਾ ਮੁੜ ਪਿਆ ਕਰ- ਘਰ ਆਈ ਲਕਸ਼ਮੀ ਕਿਸੇ ਨੇ ਮੋੜੀ ਊ? ਉੱਤਰਾਂ ਆਪਾਂ ਕੋਈ ਮੰਗ ਨਹੀ ਧਰਦੇ - ਵੈਸੇ ਮਾਮਿਆਂ ਫੁੱਫਿਆਂ ਨੂੰ ਮੁੰਦਰੀਆਂ ਛੁੰਦਰੀਆਂ ਦਾ ਤਾਂ ਹੱਕ ਬਣਦਾ ਈ।"
- “ਕਿਉਂ ਨਹੀਂ ਬਣਦਾ? ਇੱਕੋ ਇੱਕ ਪੁੱਤ ਵਿਆਹੁੰਣੈ- ਅਸੀਂ ਇਲਾਕੇ ’ਚ ਕਿਹੜਾ ਮੂੰਹ ਵਿਖਾਵਾਂਗੇ?”
ਡਾਕਟਰ ਚੁਪ ਕਰ ਗਿਆ। ਮੇਲੇ ਵਿਚ ਚੱਕੀਰਾਹੇ ਦਾ ਕੁਝ ਨਹੀ ਵੱਟੀਦਾ ਸੀ। ਝੰਡੇ ਹੇਠਲੀ ਹਰਬੰਸ ਕੌਰ ਅਤੇ ਪ੍ਰਤਾਪ ਸਿੰਘ ਭਾਊ ਅੱਗੇ ਉਸ ਦੀ ਪੇਸ਼ ਨਹੀ ਜਾ ਰਹੀ ਸੀ। ਰਿਸ਼ਤੇਦਾਰਾਂ ਸਾਹਮਣੇ ਉਹ ਝੱਜੂ ਨਹੀ ਪਾਉਣਾ ਚਾਹੁੰਦਾ ਸੀ।
ਖ਼ੈਰ! ਰੂਪਇੰਦਰ ਦੇ ਫੁੱਫੜ ਨੇ ਗੱਲ ਚਲਾਈ।
ਰਿਸ਼ਤਾ ਸਿਰੇ ਚੜ੍ਹ ਗਿਆ।
ਪਹਿਲੇ ਦਿਨ ਮੰਗਣੀ ਅਤੇ ਦੂਜੇ ਦਿਨ ਸ਼ਾਦੀ ਹੋ ਗਈ। ਸਹੁਰਿਆਂ ਨੇ ਦਾਜ ਵਿਚ ਕਾਫੀ ਕੁਝ ਦਿੱਤਾ ਸੀ। ਫਰਿੱਜ਼, ਸੋਫੇ਼, ਅਲਮਾਰੀਆਂ, ਟੀ.
ਵੀ. ਅਤੇ ਮੋਟਰਸਾਈਕਲ! ਮਾਮਿਆਂ-ਫੁੱਫੜਾਂ ਤੱਕ ਛਾਪਾਂ ਪਾਈਆਂ ਸਨ। ਪਰ ਹਰਬੰਸ ਕੌਰ ਅਜੇ ਵੀ ਖੁਸ਼ ਨਹੀ ਸੀ।
- “ਮੇਰਾ ਗਲ ਕਿਉਂ ਨਹੀ ਢਕਿਆ?” ਉਹ ਮੂੰਹ ਵੱਟੀ ਬੈਠੀ ਸੀ। ਰਿਸ਼ਤੇਦਾਰੀਆਂ ਵਿਚੋਂ ਅੱਗ ਤੇ ਫੂਸ ਪਾਉਣ ਵਾਲੀਆਂ ਜਿ਼ਆਦਾ ਅਤੇ ਪਾਣੀ ਪਾਉਣ ਵਾਲੀਆਂ ਘੱਟ ਸਨ।
- “ਹੈਂ-ਹੈਂ ਨੀ! ਇਹ ਕੀ ਆਖ? ਇੱਕੋ ਇੱਕ ਪੁੱਤ ਵਿਆਹਿਐ- ਗਲ ਢਕਣ ਦਾ ਤਾਂ ਭੈਣੇ ਹੱਕ ਬਣਦਾ ਸੀ।" ਕੋਈ ਆਖ ਰਹੀ ਸੀ।
- “ਸਹੁਰਿਆਂ ਨੇ ਤਾਂ ਭਾਈ ਮੂਲੋਂ ਈ ਨਿੱਕਾ ਕੱਤਿਆ।" ਸੁਣ ਕੇ ਗੁਰਮੀਤ ਨੂੰ ਘੁੰਡ ਵਿਚ ਤਰੇਲੀਆਂ ਆ ਰਹੀਆਂ ਸਨ। ਉਸ ਨੂੰ ਅੰਦਰੋਂ ਝਰਨਾਹਟ ਚੜ੍ਹਦੀ ਅਤੇ ਸਿਰ ਚਕਰਾ ਰਿਹਾ ਸੀ।
- “ਹਰਬੰਸ ਕੁਰੇ ਭਾਈ ਸਾਹੇ ’ਚ ਕਲੇਸ਼ ਮਾੜਾ ਹੁੰਦੈ।" ਗੁਆਂਢਣ ਸੰਤੀ ਬੁੜ੍ਹੀ ਨੇ ਆ ਕੇ ਮੱਤ ਦਿੱਤੀ।
- “ਸਾਰੀ ਉਮਰ ਪਈ ਐ ਗੱਲਾਂ ਕਰਨ ਨੂੰ - ਪਰ ਅੱਜ ਕਲੇਸ਼ ਨਾ ਕਰੋ - ਸ਼ਗਨਾਂ ਦਾ ਖੱਟਿਆ ਈ ਖਾਈਦੈ।" ਕਿਸੇ ਹੋਰ ਸਚਿਆਰੀ ਨੇ ਹਾਮ੍ਹੀਂ ਭਰੀ।
ਬਾਹਰ ‘ਅੰਬਰਸਰੀਆ’ ਮਾਮਾ ਸ਼ਰਾਬ ਨਾਲ ਰੱਜਿਆ ਲਲਕਾਰੇ ਮਾਰ ਰਿਹਾ ਸੀ, ਉਹ ਬਲਦ ਵਾਂਗ ਝੂਲਦਾ ਅੰਦਰ ਆਇਆ।
- “ਦੇਖ ਕੁੜੀਏ! ਮੁੜ ਸਾਰੀ ਉਮਰ ਤੇਰੇ ਘਰ 'ਤੇ ਖੂਨ ਪਏ ਵਗਾਂਦੇ ਰਹੇ - ਅੱਜ ਮੇਰਾ ਇੱਕੋ ਮੁੰਦਰੀ ਨਾਲ ਮੁੜ ਸਾਰ ਦਿੱਤਾ? ਜਿਹਨਾਂ ਨੇ ਤੇਰੀ ਦੁਖਦੇ ਸੁਖਦੇ ਬਾਤ ਨਹੀ ਮੁੜ ਪੁੱਛੀ ਸੀ - ਉਹਨਾਂ ਨੂੰ ਵੀ ਮੁੜ ਮੁੰਦਰੀਆਂ ਤੇ ਇੱਤਰਾਂ ਮੇਰੇ ਨਾਲ ਮੁੜ ਕਿੱਧਰਲਾ ਇਨਸਾਫ ਹੋਇਆ?”
- ਉਏ ਮਾਮਾ ਬੱਸ ਵੀ ਕਰ ਪਤੰਦਰਾ! ਆ ਬਾਹਰ ਪੈੱਗ ਸ਼ੈੱਗ ਲਾਈਏ।" ਰੂਪਇੰਦਰ ਦੇ ਦੋਸਤ ਮਾਮੇਂ ਨੂੰ ਧੱਕੀ ਲਿਜਾ ਰਹੇ ਸਨ। ਜਿਵੇਂ ਰੋਡਵੇਜ਼ ਦੀ ਬੱਸ ਨੂੰ ਧੱਕਾ ਲਾਈਦੈ।
- “ਉੱਤਰਾਂ ਕੁੜੀਏ ਮੁੜ ਯਾਦ ਰੱਖੀਂ - ਦੁਖਦੇ ਸੁਖਦੇ ਤੇਰੇ ਕੰਮ ਮੈਂ ਈ ਆਣਾ ਊਂ।" ਮਾਮਾ ਬੁੱਕਦਾ ਜਾਂਦਾ ਕਹਿ ਰਿਹਾ ਸੀ। ਉਹ ਰਿੰਗ ਬੈਠੇ ਟਰੈਕਟਰ ਵਾਂਗ ਧੂੰਆਂ ਮਾਰੀ ਜਾ ਰਿਹਾ ਸੀ।
- “ ਵੇ ਮੈਂ ਕਿਹੜੇ ਜਣਦਿਆਂ ਨੂੰ ਪਿੱਟਾਂ.....?” ਉਠ ਕੇ ਹਰਬੰਸ ਕੌਰ ਨੇ ਦੁਹੱਥੜ ਮਾਰੀ। ਪਰ ਸੰਤੀ ਬੁੜ੍ਹੀ ਨੇ ਫਿਰ ਬਿਠਾ ਲਈ।
- “ਕਲੇਸ਼ ਮਾੜਾ ਹੁੰਦੈ ਹਰਬੰਸ ਕੁਰੇ!“
- “ਬਹਿਨੀ ਐਂ ਕਿ ਦੇਵਾਂ ਮੱਤ ਹਰਾਮਦੀਏ?” ਡਾਕਟਰ ਹਨ੍ਹੇਰੀ ਵਾਂਗ ਅੰਦਰ ਆਇਆ। ਹਰਬੰਸ ਕੌਰ ਦੜ ਵੱਟ ਗਈ। ‘ਹਰਾਮਦੀਏ’ ਵੱਖੀਆਂ ਸੇਕਣ ਦਾ ਪ੍ਰਤੀਕ ਸੀ। ਸ਼ਾਮਤ ਦਾ ਘੁੱਗੂ ਸੀ। ਡਾਂਗ ਤੋਂ ਡਰਦੀ ਉਹ ਚੁੱਪ ਕਰ ਗਈ।
- “ਬੱਸ ਡੱਡੇ ਗੁੱਸਾ ਥੁੱਕੋ - ਸ਼ਗਨਾਂ ਵਾਲੇ ਦਿਨ ਤੁਸੀਂ ਕਾਹਤੋਂ ਕਲੇਸ਼ ਪਾ ਕੇ ਬੈਠ ਗਏ?” ਸੰਤੀ ਬੁੜ੍ਹੀ ਸਮਝਾਉਣ ਦੀ ਬੜੀ ਕੋਸਿ਼ਸ਼ ਕਰ ਰਹੀ ਸੀ।
- “ਮੈਂ ਕਦੋਂ ਦਾ ਮੂੰਹ ਕੰਨੀ ਦੇਖੀ ਜਾਨੈਂ - ਬੱਸ ਈ ਨਹੀ ਕਰਦੀ ਗੱਦਾਂ ਯੱਧੀ - ਕੀ ਕੰਜਰਖਾਨਾਂ ਖੜ੍ਹੈ ਕੀਤੈ ਇਹਨੇ ਮੱਚੜ ਜੀ ਨੇ!“ ਗੁੱਸੇ ਦੇ ਲਾਂਬੂ ਛੱਡਦਾ ਡਾਕਟਰ ਬਾਹਰ ਨਿਕਲ ਗਿਆ।
ਖ਼ੈਰ! ਸੰਤੀ ਬੁੜ੍ਹੀ ਦੀ ਸਰਪ੍ਰਸਤੀ ਸਦਕਾ ਵਿਆਹ ਘੱਟਣ ਜਿਹੇ ਮਾਹੌਲ ਵਿਚ ਵੀ ਸੁੱਖ ਸਾਂਦ ਨਾਲ ਲੰਘ ਗਿਆ। ਪਰ ਹਰਬੰਸ ਕੌਰ ਨੇ ਦਿਲੋਂ ਖੋਰ ਨਾ ਗੁਆਇਆ। ਨੂੰਹ ਪ੍ਰਤੀ ਉਸ ਦੇ ਦਿਲ ਵਿਚ ਪਿਆ ਵਲ ਹਰ ਰੋਜ਼ ਵੱਟ ਚਾਹੜਦਾ ਸੀ। ਨੂੰਹ ਰੋਟੀ ਪਕਾ ਕੇ ਦਿੰਦੀ ਉਸ ਦੇ ਪਸੰਦ ਨਾ ਆਉਂਦੀ। ਸਬਜ਼ੀ ਬਣਾਉਂਦੀ ਤਾਂ ਹਰਬੰਸ ਕੌਰ ਨੱਕ ਬੁੱਲ੍ਹ ਮਾਰਦੀ ਰਹਿੰਦੀ।
ਪਰ ਚੰਨਣ ਸਿੰਘ ਨੂੰਹ ਦੀ ਦਿਲੋਂ ਇੱਜ਼ਤ ਕਰਦਾ ਸੀ। ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਸੀ। ਪਰ ਜਦੋਂ ਚੰਨਣ ਸਿੰਘ ਕਿਤੇ ਬਾਹਰ ਚਲਾ ਜਾਂਦਾ ਤਾਂ ਹਰਬੰਸ ਕੌਰ ਗੁਰਮੀਤ ਨੂੰ ਸੁਣਾਈ ਕਰਦੀ, “ਆਹ ਭਿੱਟਭਿਟੀਆ ਜਿਆ ਖਰਚਿਆਂ ਦਾ ਘਰ ਸਾਡੇ ਮੱਥੇ ਮਾਰਿਆ।“ ਪਰ ਧੰਨ ਸੀ ਗੁਰਮੀਤ ਦੀ ਸਹਿਣਸ਼ੀਲਤਾ। ਉਹ ਚੁੱਪ ਚਾਪ ਸਾਰਾ ਕੁਝ ਜਰਦੀ, ਸਹਾਰਦੀ। ਮੂੰਹੋਂ ਕਦੇ ਨਾ ਬੋਲਦੀ। ਕਈ ਵਾਰ ਉਸ ਨੇ ਰਾਤ ਨੂੰ ਰੂਪਇੰਦਰ ਨੂੰ ਸੱਸ ਦੇ ਕੁਰੱਖਤ ਸੁਭਾਅ ਬਾਰੇ ਦੱਸਿਆ। ਪਰ ਉਹ ਪੀਤੀ ਵਿਚ, “ਮੰਮੀ ਦਾ ਸੁਭਾਅ ਈ ਕੁਛ ਐਹੋ ਜਿਐ- ਤੂੰ ਚੁੱਪ ਰਿਹਾ ਕਰ!“ ਆਖ ਕੇ ਅੱਖੋਂ ਪਰੋਖੇ ਕਰ ਛੱਡਦਾ। ਗੁਰਮੀਤ ਨੂੰ ਸਾਰੀ ਸਾਰੀ ਰਾਤ ਨੀਂਦ ਨਾ ਪੈਂਦੀ। ਕਦੇ ਉਹ ਸੋਚਦੀ ਕਿ ਉਹ ਤਾਂ ਇਕ ਮਸ਼ੀਨ ਸੀ। ਜਿਸ ਨੂੰ ਰਾਤ ਨੂੰ ਰੂਪਇੰਦਰ ਵਰਤ ਛੱਡਦਾ ਅਤੇ ਦਿਨੇ ਸੱਸ ਕੰਮ ’ਤੇ ਲਾਈ ਰੱਖਦੀ ਸੀ। ਜੇ ਉਸ ਨੂੰ ਕੋਈ ਸਮਝਣ ਵਾਲਾ ਸੀ ਤਾਂ ਸਿਰਫ ਉਸ ਦਾ ਸਹੁਰਾ ਚੰਨਣ ਸਿੰਘ!
ਕਈ ਵਾਰ ਗੁਰਮੀਤ ਦੇ ਪੇਕੇ ਉਸ ਨੂੰ ਲੈਣ ਆਏ ਪਰ ਹਰਬੰਸ ਕੌਰ ਕੋਈ ਨਾ ਕੋਈ ਬਹਾਨਾ ਮਾਰ ਕੇ ਟਰਕਾ ਛੱਡਦੀ। ਕਰਵਾ ਚੌਥ ਦੇ ਵਰਤਾਂ ’ਤੇ ਗੁਰਮੀਤ ਦਾ ਭਰਾ ਲੈਣ ਆਇਆ ਤਾਂ ਡਾਕਟਰ ਨੇ ਹਰਬੰਸ ਕੌਰ ਦੀ ਗੈਰਹਾਜ਼ਰੀ ਵਿਚ ਤੋਰ ਦਿੱਤੀ। ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਕਿਸੇ ਕੈਦ ਵਿਚੋਂ ਰਿਹਾਅ ਹੋਈ ਹੋਵੇ।
ਜਦ ਹਰਬੰਸ ਕੌਰ ਨੂੰ ਪਤਾ ਚੱਲਿਆ ਕਿ ਨੂੰਹ ਪੇਕੀਂ ਚਲੀ ਗਈ ਸੀ ਤਾਂ ਉਸ ਨੇ ਬਰੜਾਹਟ ਕਰਨਾ ਸ਼ੁਰੂ ਕਰ ਦਿੱਤਾ।
- “ਮੇਰੀ ਕਾਹਨੂੰ ਹੁਣ ਦੱਸ ਪੁੱਛ ਰਹੀ ਐ ਇਸ ਘਰ ’ਚ - ਜੋ ਕਰਨ ਨੂੰਹ ਸਹੁਰਾ ਈ ਕਰਨ।“ ਉਹ ਰੋਣ ਲੱਗ ਪਈ।
- “ਮੈਂ ਨਹੀਂ ਐਹੋ ਜਿਹੀ ਆਪਹੁਦਰੀ ਘਰੇ ਰੱਖਣੀ- ਰਹੇ ਪੇਕੀੰਂ - ਅਸੀਂ ਤਾਂ ਤਲਾਕ ਦੇ ਦੇਣੈਂ!”
- “ਤੈਨੂੰ ਚਾਰਾਂ ਬੱਕਲ? ਮਾਰ ਮਾਰ ਪੁੜੇ ਸੇਕਦੂੰ - ਕੁਛ ਨਾ ਆਖ!“ ਡਾਕਟਰ ਨੇ ਡਿਸਪੈਂਸਰੀ ਅੰਦਰੋਂ ਕਿਹਾ।
- “ਚਾਰਾਂ ਬੱਕਲ - ਸੇਕਦੂੰ ਪੁੜੇ - ਜੀਹਨੇ ਸਾਰੀ ਉਮਰ ਸਾਥ ਦਿੱਤੈ - ਉਹਦੀ ਕੋਈ ਪੁੱਛ ਦੱਸ ਨਹੀ -ਕੱਲ੍ਹ ਦੀ ਆਈ ਨੇ ਪਤਾ ਨਹੀ ਕੀ ਘੋਲ ਕੇ ਸਿਰ ਪਾ ਦਿੱਤੈ - ਐਹੋ ਜਿਹੀਆਂ ਰੰਡੀਆਂ ਬੜੀਆਂ ਖੇਖਣ ਹੱਥੀਆਂ ਹੁੰਦੀਆਂ।“ ਉਹ ਮੂੰਹ ਪਾੜ ਕੇ ਆਪਣੀ ਇਕਲੌਤੀ ਨੂੰਹ ਨੂੰ ‘ਰੰਡੀ’ ਆਖ ਰਹੀ ਸੀ।
ਡਾਕਟਰ ਨੇ ਬੈਂਤ ਫੜ ਕੇ ਹਰਬੰਸ ਕੌਰ ਦੀ ਤਹਿ ਲਾ ਦਿੱਤੀ। ਰੋਂਭੜ੍ਹੇ ਪਾ ਦਿੱਤੇ।
ਸ਼ਾਮ ਨੂੰ ਸ਼ਰਾਬ ਨਾਲ ਧੁੱਤ ਰੂਪਇੰਦਰ ਜਦ ਘਰ ਆਇਆ ਤਾਂ ਘਰ ਦਾ ਮਾਹੌਲ ਕਾਫ਼ੀ ਗੰਭੀਰ ਸੀ। ਉਹ ਮਾਂ ਦੇ ਮੰਜੇ ਤੇ ਇਕ ਤਰ੍ਹਾਂ ਨਾਲ ਡਿੱਗ ਹੀ ਪਿਆ। ਮੋਟਰਸਾਈਕਲ ਦਾ ਉਸ ਤੋਂ ਸਟੈਂਡ ਨਹੀਂ ਲੱਗਿਆ ਸੀ। ਉਸ ਨੇ ਵੈਸੇ ਹੀ ਕੰਧ ਨਾਲ ਲਾ ਦਿੱਤਾ ਸੀ।
- “ ਲੈ ਪੁੱਤ ਇਕ ਕੰਮ ਕਰ ਲੈ - ਜਾਂ ਤਾਂ ਬਹੂ ਛੱਡ ਦੇ ਤੇ ਜਾਂ ਫਿਰ ਮਾਂ ਛੱਡ ਦੇ।“ ਹਰਬੰਸ ਕੌਰ ਨੇ ਪੁੱਤ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ।
- “ਮੰਮੀ! ਬਹੂਆਂ ਮੈਨੂੰ ਵੀਹ - ਮਾਂ ਕਿਥੋਂ ਲਿਆਊਂ?” ਸ਼ਰਾਬੀ ਰੂਪਇੰਦਰ ਨੇ ਕਿਹਾ।
- “ਹੁਸਨ ਜਵਾਨੀ ਮਾਪੇ - ਮਿਲਦੇ ਨਹੀਂ ਹੱਟੀਆਂ ਤੋਂ” ਕਵਿਸ਼ਰੀ ਕਰਦਾ ਉਹ ਘੁਰਾੜ੍ਹੇ ਮਾਰਨ ਲੱਗ ਪਿਆ। ਚੁਬਾਰੇ ਵਿਚ ਪਿਆ ਡਾਕਟਰ ਸਾਰਾ ਕੁਝ ਸੁਣ ਰਿਹਾ ਸੀ। ਉਸ ਦੇ ਤਨ ਮਨ ਨੂੰ ਅੱਗ ਲੱਗੀ ਪਈ ਸੀ। ਕਰੋਧ ਵਿਚ ਉਹ ਸੜਿਆ ਪਿਆ ਸੀ।
ਜਦ ਰੂਪਇੰਦਰ ਗੁਰਮੀਤ ਨੂੰ ਲੈਣ ਨਾ ਹੀ ਗਿਆ ਤਾਂ ਉਸ ਦਾ ਭਰਾ ਗੁਰਮੀਤ ਨੂੰ ਛੱਡ ਗਿਆ। ਬਗੈਰ ਚੰਨਣ ਸਿੰਘ ਤੋਂ ਉਸ ਨਾਲ ਕਿਸੇ ਨੇ ਵੀ ਗੱਲ ਨਾ ਕੀਤੀ। ਸ਼ਾਮ ਨੂੰ ਉਹ ਵਾਪਿਸ ਪਰਤ ਗਿਆ। ਜਿ਼ੱਦੀ ਹਰਬੰਸ ਕੌਰ ਨੇ ਨੂੰਹ ਨਾਲ ਇਕ ਸ਼ਬਦ ਵੀ ਸਾਂਝਾ ਨਾ ਕੀਤਾ। ਜਦ ਗੁਰਮੀਤ ਉਸ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਹਰਬੰਸ ਕੌਰ ਨੇ ‘ਖ਼ਬਰਦਾਰ’ ਆਖ ਕੇ ਵਰਜ਼ ਦਿੱਤੀ। ਨੂੰਹ ਦੀ ਪਕਾਈ ਹੋਈ ਰੋਟੀ ਵੀ ਉਸ ਨੇ ਨਾ ਖਾਧੀ।
ਰੂਪਇੰਦਰ ਗੁਰਮੀਤ ਹੁਰਾਂ ਨੂੰ ਤੱਕ ਕੇ ਹੀ, ਮੋਟਰਸਾਈਕਲ ਲੈ ਕੇ ਬਾਹਰ ਨਿਕਲ ਗਿਆ ਸੀ। ਇਕ ਦੋਸਤ ਨੂੰ ਨਾਲ ਲੈ ਕੇ ਉਹ ਕਿਸੇ ਦੂਸਰੇ ਦੋਸਤ ਦੇ ਖੇਤ ਜਾ ਕੇ ਦਾਰੂ ਪੀਣ ਲੱਗ ਪਿਆ। ਉਹ ਤਿੰਨੇ ਸਾਰੀ ਦਿਹਾੜੀ ਪੀਂਦੇ ਰਹੇ।
ਹਨ੍ਹੇਰੇ ਹੋਏ ਰੂਪਇੰਦਰ ਨੇ ਮੋਟਰਸਾਈਕਲ ਲਿਆ ਅਤੇ ਆਪਣੇ ਪਿੰਡ ਨੂੰ ਸਿੱਧਾ ਹੋ ਗਿਆ। ਉਸ ਦਾ ਦੋਸਤ ਬਹੁਤਾ ਸ਼ਰਾਬੀ ਹੋਣ ਕਰਕੇ ਉਥੇ ਹੀ ਰਹਿ ਪਿਆ ਸੀ। ਉਹ ਆਪਣੇ ਪਿੰਡ ਦੀ ਸੜਕ ਪੈ ਕੇ ਆ ਹੀ ਰਿਹਾ ਸੀ ਕਿ ਸਪੀਡ ਜਿਆਦਾ ਹੋਣ ਕਰਕੇ ਸ਼ਰਾਬੀ ਰੂਪਇੰਦਰ ਤੋਂ ਮੋਟਰਸਾਈਕਲ ਨਾ ਸੰਭਲਿਆ ਅਤੇ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਿਆ। ਰੂਪਇੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਹਾਹਾਕਾਰ ਮੱਚ ਗਈ। ਕੋਈ ਮਨਹੂਸ ਖਬਰ ਲੈ ਕੇ ਡਾਕਟਰ ਚੰਨਣ ਸਿੰਘ ਵੱਲ ਤੁਰ ਗਿਆ।
ਚੰਨਣ ਸਿੰਘ ਅਜੇ ਡਿਸਪੈਂਸਰੀ ਵਿਚ ਹੀ ਬੈਠਾ ਸੀ। ਬਿਲਕੁਲ ਇਕੱਲਾ! ਘੋਰ ਦੁਖੀ! ਖ਼ਾਮੋਸ਼! ਹਰਬੰਸ ਕੌਰ ਉਪਰ ਚੁਬਾਰੇ ਵਿਚ ਸੀ। ਨੂੰਹ ਦੋ ਵਾਰ ਰੋਟੀ ਨੂੰ ਆਖ ਆਈ ਸੀ।
- "ਤੂੰ ਪੈ ਜਾ ਪੁੱਤ! ਮੈਂ ਆਪੇ ਰੋਟੀ ਖਾ ਲਊਂ!“ ਚੰਨਣ ਸਿੰਘ ਨੇ ਕਿਹਾ ਸੀ। ਉਸ ਦਾ ਮੱਥਾ ਠਣਕ ਰਿਹਾ ਸੀ। ਖੱਬੀ ਅੱਖ ਸਵੇਰ ਦੀ ਫ਼ਰਕੀ ਜਾ ਰਹੀ ਸੀ।
- “ਚਾਚਾ ਜੀ ਆਪਾਂ ਤਾਂ ਪੱਟੇ ਗਏ! ਆਪਣਾ ਰੂਪ ਚੜ੍ਹਾਈ ਕਰ ਗਿਆ!” ਚੰਨਣ ਸਿੰਘ ਦਾ ਸਾਬਤ ਸੂਰਤ ਭਤੀਜਾ ਗੁਰਮੇਲ ਸਿੰਘ ਡਿਸਪੈਂਸਰੀ ਵਿਚ ਆ ਕੇ ਪਿੱਟਿਆ। ਚੰਨਣ ਸਿੰਘ ਤਾਂ ਜਿਵੇਂ ਅਜਿਹੀ ਮਨਹੂਸ ਖਬਰ ਦੀ ਕਾਫੀ ਚਿਰ ਤੋਂ ਉਡੀਕ ਕਰ ਰਿਹਾ ਸੀ। ਉਸ ਦਾ ਦੁਖੀ ਦਿਲ ਲਹੂ ਲੁਹਾਣ ਹੋ, ਨੁੱਚੜਨ ਲੱਗ ਪਿਆ। ਉਸ ਨੂੰ ਜਿਵੇਂ ਇਸ ਭਾਣੇ ਬਾਰੇ ਪਹਿਲਾਂ ਹੀ ਪਤਾ ਸੀ। ਗੁਰਮੀਤ ਦੇ ਕੰਨੀਂ ਪਿਆ ਤਾਂ ਉਹ ਕਾਲਜਾ ਫੜ ਕੇ ਬੈਠ ਗਈ। ਪਰ ਹਰਬੰਸ ਕੌਰ ਨੂੰ ਕੋਈ ਖ਼ਬਰ ਨਹੀ ਸੀ।
ਚੰਨਣ ਸਿੰਘ ਜਾ ਕੇ ਪੱਤ ਦੀ ਲਾਸ਼ ਲੈ ਆਇਆ। ਰੂਪਇੰਦਰ ਦਾ ਸਾਰਾ ਸਿਰ ਪਾਟ ਗਿਆ ਸੀ। ਖੂਨ ਨਾਲ ਸਾਰਾ ਸਰੀਰ ਗੜੁੱਚ ਸੀ।
ਟਰਾਲੀ ਵਿਚੋਂ ਲਾਸ਼ ਲਾਹੀ ਗਈ।
- “ ਅੰਦਰ ਲੈ ਚੱਲੋ!” ਚੰਨਣ ਸਿੰਘ ਨੇ ਕਿਹਾ।
- “ਲਾਸ਼ ਨੂੰ ਘਰ ਅੰਦਰ ਨਹੀਂ ਲੈ ਕੇ ਜਾਂਦੇ ਹੁੰਦੇ ਭਾਈ!” ਕਿਸੇ ਬਜੁਰਗ ਨੇ ਕਿਹਾ।
- “ਇਹ ਘਰ ਨਹੀ ਕਬਰਸਤਾਨ ਐ - ਅੰਦਰ ਲੈ ਚੱਲੋ.....!” ਚੰਨਣ ਸਿੰਘ ਨੇ ਚੀਕ ਕੇ ਕਿਹਾ।
ਲਾਸ਼ ਅੰਦਰ ਲੈ ਗਏ।
- “ਹਰਬੰਸ ਕੁਰੇ! ਨੀ ਹਰਬੰਸ ਕੁਰੇ!! ਅੱਜ ਰੋ ਲੈ ਜਿੰਨਾ ਰੋਣੈ - ਰੋ ਲੈ ਰੱਜ ਕੇ - ਲਾਹ ਲੈ ਚਾਅ - ਆਹ ਦੇਖ ਰੂਪ ਦੀ ਲਾਸ਼ ਆ ਗਈ - ਹਰਬੰਸ ਕੁਰੇ....!” ਚੰਨਣ ਸਿੰਘ ਨੇ ਬੇਹੋਸ਼ਾਂ ਵਾਂਗ ਕਿਹਾ।
- “ਦੇਖ ਲੈ ਤੇਰੇ ਪੁੱਤ ਦੀ ਲਾਅਸ਼ ਆ ਗਈ - ਜੀਹਦੇ ਸਿਰ ਤੇ ਤੂੰ ਬੁੱਕਦੀ ਫਿਰਦੀ ਸੀ - ਹਰਬੰਸ ਕੁਰੇ.....!” ਚੰਨਣ ਸਿੰਘ ਜਿਵੇਂ ਕਮਲਾ ਹੋ ਗਿਆ ਸੀ।
ਘਰ ਵਿਚ ਰੋਣ ਪਿੱਟਣ ਪੈ ਗਿਆ। ਗੁਰਮੀਤ ਨੇ ਛਾਤੀ ਪਿੱਟ ਲਾਲ ਕਰ ਲਈ। ਹਰਬੰਸ ਕੌਰ ਹਾਲੋਂ ਬੇਹਾਲ ਸੀ। ਹੋਣੀ ਕਿੱਡੀ ਬਲਵਾਨ ਸੀ? ਨੂੰਹ ਦੇ ਹੱਥਾਂ ਦੀ ਅਜੇ ਮਹਿੰਦੀ ਵੀ ਨਹੀਂ ਲਹੀ ਸੀ!
ਅਗਲੇ ਦਿਨ ਸਵੇਰੇ ਹੀ ਰੂਪਇੰਦਰ ਦਾ ਸਸਕਾਰ ਕਰ ਦਿੱਤਾ ਗਿਆ। ਰੂਹ ਦੀ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਦਾ ਭੋਗ ਪਾਇਆ ਗਿਆ। ਵਿਛੜੀ ਰੂਹ ਨੂੰ ਚਰਨਾਂ ਵਿਚ ਜਗਾਹ ਬਖਸ਼ਣ ਲਈ ਦਾਤੇ ਅੱਗੇ ਅਰਦਾਸਾਂ ਹੋਈਆਂ।
ਹਰਬੰਸ ਕੌਰ ਅਤੇ ਚੰਨਣ ਸਿੰਘ ਪੁੱਤਰ ਦੇ ਵਿਛੋੜੇ ਨਾਲ ਦਿਨਾਂ ਵਿਚ ਹੀ ਹਾਰ ਗਏ। ਬੁੱਢੇ ਹੋ ਗਏ।
ਮਹੀਨਾਂ ਕੁ ਬੀਤਣ ਤੇ ਗੁਰਮੀਤ ਦਾ ਬਾਪ ਆ ਗਿਆ।
- “ਚੰਨਣ ਸਿਆਂ - ਜੇ ਗੁੱਸਾ ਨਾ ਕਰੇਂ ਤਾਂ.....।“ ਗੁਰਮੀਤ ਦੇ ਬਾਪੂ ਤੋਂ ਗੱਲ ਪੂਰੀ ਨਾ ਹੋ ਸਕੀ।
- “ਗੁਰਮੁਖ ਸਿਆਂ - ਕੱਲ੍ਹ ਦੀ ਜੁਆਕੜੀ ਐ - ਐਡੀ ਪਹਾੜ ਜਿੱਡੀ ਜਿੰਦਗੀ ਕਿਵੇਂ ਲੰਘਾਊ - ਮੈਂ ਤਾਂ ਖ਼ੁਦ ਹੀ ਆਖਣ ਵਾਲਾ ਸੀ - ਵਿਚਾਰੀ ਦੀ ਸਾਰੀ ਜਿੰਦਗੀ ਦਾ ਸੁਆਲ ਐ - ਇਹਦੇ ’ਚ ਗੁੱਸੇ ਵਾਲੀ ਕਿਹੜੀ ਗੱਲ ਐ?” ਚੰਨਣ ਸਿੰਘ ਦਿਲੋਂ ਸਹਿਮਤ ਸੀ।
ਸਾਰੇ ਸਮਾਨ ਦੀ ਮੋੜ ਮੁੜਾਈ ਹੋ ਗਈ। ਗੁਰਮੀਤ ਕਿਤੇ ਹੋਰ ਮੰਗ ਦਿੱਤੀ ਗਈ। ਵਿਆਹ ਦਾ ਦਿਨ ਤਹਿ ਹੋ ਗਿਆ।
ਅੱਜ ਗੁਰਮੀਤ ਇਸ ਘਰੋਂ ਜਾ ਰਹੀ ਸੀ। ਹਰਬੰਸ ਕੌਰ ਦਾ ਦਿਲ ਹਿੱਲਿਆ। ਉਹ ਕੋਈ ਪੀਚ੍ਹੀ ਗੰਢ ਲੱਗਦੀ ਸੀ।
- “ਚੰਗਾ ਬੀਜੀ - ਮੈਂ ਚੱਲਦੀ ਆਂ।” ਗੁਰਮੀਤ ਸੱਸ ਦੇ ਪੈਰੀਂ ਹੱਥ ਲਾਉਂਦੀ ਡੁਸਕ ਪਈ। ਉਸ ਦਾ ਦਿਲ ਰੋਈ ਜਾ ਰਿਹਾ ਸੀ।
- “ਪੁੱਤ - ਗਲਤੀਆਂ ਤਾਂ ਮਾਂ ਬਾਪ ਤੋਂ ਹੋ ਜਾਂਦੀਐਂ - ਮਾਫ਼ ਈ ਕਰੀਂ!" ਅੰਦਰੋਂ ਕਿਰਦੀ ਹਰਬੰਸ ਕੌਰ ਗੁਰਮੀਤ ਨੂੰ ਘੁੱਟੀ ਖੜੀ ਸੀ। ਉਸ ਦੀਆਂ ਅੱਖਾਂ ਚੋਅ ਰਹੀਆਂ ਸਨ।
- “ਚੰਗਾ - ਬਾਪੂ ਜੀ।“ ਧਾਹ ਮਾਰ ਕੇ ਗੁਰਮੀਤ ਚੰਨਣ ਸਿੰਘ ਦੇ ਗਲ ਨੂੰ ਚਿੰਬੜ ਗਈ, ਸਕੇ ਬਾਪ ਵਾਂਗ!
- “ ਆਉਂਦੀ ਜਾਂਦੀ- ਮਿਲ ਜਿਆ ਕਰੀਂ ਧੀਏ.......।" ਚੰਨਣ ਸਿੰਘ ਦਾ ਉੱਚੀ ਉੱਚੀ ਰੋਣ ਨਿਕਲ ਗਿਆ ਅਤੇ ਦੇਖਣ ਵਾਲਿਆਂ ਦਾ ਸੀਨਾਂ ਪਾਟ ਗਿਆ। ਹਰ ਇਕ ਦੇ ਮੂੰਹੋਂ ‘ਵਾਹਿਗੁਰੂ’ ਨਿਕਲਿਆ ਸੀ।

****


ਹੋਰ ਪੜੋ...

ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ

ਇਕ ਦਿਨ ਸੱਥ ਵਿਚ ਬੈਠੇ ਸਰਪੰਚ ਨੇ ਅਵਾਰਾ ਕੁੱਤਿਆਂ ਤੋਂ ਦੁਖੀ ਹੋ ਕੇ ਕੋਈ ਠੋਸ ਕਦਮ ਚੁੱਕਣ ਲਈ ਫ਼ੈਸਲਾ ਕੀਤਾ। ਸਰਪੰਚ ਦੇ ਸੱਦੇ ਉਪਰ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਕਿਤੇ ਰਾਤ ਨੂੰ ਇੱਕ ਅਵਾਰਾ ਕੁੱਤੇ ਨੇ ਪਿੰਡ ਦੇ ਕਿਸੇ ਬਜ਼ੁਰਗ ਨੂੰ ਵੱਢ ਖਾਧਾ ਸੀ ਅਤੇ ਕਦੇ ਅਗਲੇ ਦਿਨ ਇੱਕ ਸੁੱਤੇ ਪਏ ਬੱਚੇ ਨੂੰ ਬੁਰੀ ਤਰ੍ਹਾਂ ਚੂੰਡ ਧਰਿਆ ਸੀ। ਲੋਕ ਧੜਾ-ਧੜ ਪਹੁੰਚ ਰਹੇ ਸਨ। ਸੱਥ ਵਿਚ ਇਕੱਠ ਹੋ ਰਿਹਾ ਸੀ।

-"ਕੀ ਦੱਸੀਏ ਸਰਪੈਂਚ ਸਾਹਬ...! ਮੈਂ ਰਾਤ ਨ੍ਹੇਰੇ ਹੋਏ ਬੌਡਿਆਂ ਅੱਲੀਓਂ ਤੁਰਿਆ ਆਉਂਦਾ ਸੀ, ਓਥੇ ਤੀਹਾਂ-ਪੈਂਤੀਆਂ ਦੀ ਕੁਤੀਹੜ ਨਾਨਕਾ ਮੇਲ਼ ਮਾਂਗੂੰ ਬੈਠੀ, ਮੈਨੂੰ ਦੇਖ ਕੇ ਮੇਰੇ ਸਾਲ਼ੇ ਇਉਂ 'ਕੱਠੇ ਹੋਣ ਲੱਗ ਪਏ, ਜਿਵੇਂ ਅੱਤਿਵਾਦੀ ਨੂੰ ਦੇਖ ਕੇ ਸੀ. ਆਰ. ਪੀ. 'ਕੱਠੀ ਹੁੰਦੀ ਐ...!" ਇਕ ਨੇ ਦੁਹਾਈ ਦਿੱਤੀ।


ਲੋਕ ਹੱਸ ਪਏ।

-"ਹਾਸਾ ਨੀ ਬਾਈ ਸਿਆਂ...! ਜਿਸ ਤਨ ਲੱਗੀਆਂ ਸੋਈ ਜਾਣੇ...!
ਅਜੇ ਤਾਂ ਚੰਗੇ ਕਰਮਾਂ ਨੂੰ ਮੇਰੇ ਕੋਲ਼ੇ ਅਣਘੜਤ ਜਿਆ ਰੈਂਗੜਾ ਸੀ, ਤੇ ਮੈਂ ਤਾਂ ਭਾਈ ਰੈਂਗੜਾ ਘੁੰਮਾਉਂਦਾ ਲਿਆ ਭੱਜ਼...! ਮੈਂ ਤਾਂ ਲਾਈ ਦੌੜ ਮੰਗੂ ਕੇ ਮੱਲ ਮਾਂਗੂੰ, ਤੇ ਪਿੰਡ ਆ ਕੇ ਸਾਹ ਲਿਆ...! ਮੇਰੇ ਸਾਲ਼ੇ ਮੇਰੇ ਮਗਰ ਪਿੰਡ ਤੱਕ ਆਏ, ਜਿਵੇਂ ਪੁਲ਼ਸ ਭੁੱਕੀ ਦੇ ਬਲੈਕੀਏ ਮਗਰ ਆਉਂਦੀ ਐ...!"



-"ਉਏ ਆਹੀ ਤਾਂ ਮੈਂ ਪਿੱਟਦੈਂ ਬਈ ਇਹਨਾਂ ਨੂੰ ਬੰਦੇ ਦੇ ਲਹੂ ਦਾ ਸੁਆਦ ਪੈ ਗਿਆ, ਹੁਣ ਇਹ ਕੁਤੀੜ੍ਹ ਕਦੋਂ ਭਲੀ ਗੁਜ਼ਾਰੂ...?"
-"ਬੰਦੇ ਦੇ ਲਹੂ ਦੀ ਗੱਲ ਸੁਣ ਲੈ...!" ਇਕ ਨੇ ਦੂਜੇ ਦੇ ਪੱਟ 'ਤੇ ਧੱਫ਼ਾ ਜਿਹਾ ਮਾਰਿਆ।
-"ਮਹੀਨਾਂ ਕੁ ਹੋਇਐ...! ਆਹ ਨਾਲ਼ ਦੇ ਪਿੰਡ, ਇਕ ਨਵੀਂ-ਨਵੇਲ ਵਿਆਹੀ ਨੂੰਹ ਦਾ ਰਾਤ ਨੂੰ ਸੁੱਤੀ ਪਈ ਦਾ ਮੂੰਹ ਈ ਖਾ ਜਾਣਾਂ ਸੀ ਖ਼ਸਮਾਂ ਨੂੰ ਖਾਣੇਂ ਨੇ...! ਪੈਂਦੀ ਸੱਟੇ ਮੂੰਹ 'ਤੇ ਬੁਰਕ ਜਾ ਭਰਿਆ..!" ਕਿਸੇ ਹੋਰ ਨੇ ਅਕਾਸ਼ਬਾਣੀ ਕੀਤੀ।
-"ਲੈ ਦੇਖ਼...! ਆ ਦੇਖਿਆ ਨਾ ਤਾਅ, ਬੁਰਕ ਕਿੱਥੇ ਮਾਰਿਆ ਲੋਹੜਾ ਪੈਣੇ ਨੇ...! ਮੂੰਹ ਤੋਂ ਬਿਨਾਂ ਹੋਰ ਕੋਈ ਥਾਂ ਈ ਨ੍ਹੀ ਲੱਭੀ ਕੋਹੜੀ ਹੋਣੇ ਨੂੰ...?" 
ਇਕ ਸੰਨਾਟਾ ਛਾ ਗਿਆ।
-"ਸਾਡੇ ਨਾਲ਼ੋਂ ਤਾਂ ਸਾਲ਼ਾ ਕੁੱਤਾ ਈ ਚੰਗੈ...! ਸਾਡਾ ਤਾਂ ਕਿਸੇ ਨੇ ਕਦੇ ਮੂੰਹ ਦੇ ਨੇੜੇ ਪ੍ਰਛਾਵਾਂ ਵੀ ਨੀ ਢੁੱਕਣ ਦਿੱਤਾ...!" ਅਮਲੀ ਚੁੱਪ ਚਾਪ ਬੈਠਾ ਮਨ ਵਿਚ ਹੀ ਸੋਚ ਰਿਹਾ ਸੀ, "ਇਹ ਸਾਲ਼ੀਆਂ ਲੋਟ ਈ ਕੁੱਤਿਆਂ ਤੋਂ ਆਉਂਦੀਐਂ...!"
-"ਪੌਡਰ ਦੀ ਬਾਸ਼ਨਾਂ ਆਈ ਹੋਣੀ ਐਂ...?" 
-"ਇਕ ਨਵੀਆਂ ਬਿਆਹੀਆਂ ਲਾਚੜੀਆਂ ਵੀਆਂ ਪੌਡਰ ਥੱਪਦੀਐਂ ਵੀ ਬਹੁਤੈ...!"
-"ਫ਼ੇਰ ਬਚਗੀ ਬਈ...?" ਅਮਲੀ ਨੇ ਹਮਦਰਦੀ ਨਾਲ਼ ਉੱਚਾ ਹੋ ਕੇ ਪੁੱਛਿਆ।
-"ਉਹਨੇ ਉਠ ਕੇ ਪਾਅਤਾ ਚੀਕ ਚੰਘਿਆੜਾ...!"
-"ਪਾਉਣਾ ਈ ਸੀ...? ਹੋਰ ਉਹਨੂੰ ਚੂਰੀ ਕੁੱਟ ਕੇ ਖੁਆਉਣੀਂ ਸੀ...!"
-"ਫ਼ੇਰ ਰੌਲ਼ੇ ਤੋਂ ਡਰਦਾ ਭੱਜ ਗਿਆ ਹੋਣੈਂ...?"
-"ਹੋਰ ਉਹਨੇ ਖੜ੍ਹ ਕੇ ਜਿੰਦਾਬਾਦ-ਮੁਰਦਾਬਾਦ ਦੇ ਨਾਅਰੇ ਲਾਉਣੇ ਸੀ...? ਤਲੈਂਬੜਾਂ ਤੋਂ ਡਰਦੇ ਤਾਂ ਵੱਡੇ-ਵੱਡੇ ਖੱਬੀ ਖ਼ਾਨ ਭੱਜ ਜਾਂਦੇ ਐ...! ਉਹ ਤਾਂ ਫ਼ੇਰ ਲੰਡਰ ਕੁੱਤਾ ਸੀ...! ਕਿਹੜਾ ਮਗਰ ਬਚਾਅ ਕਰਨ ਵਾਸਤੇ ਫ਼ੁੱਫ਼ੜ ਹੋਰਾਂ ਨੇ ਆਉਣਾਂ ਸੀ ...?"
ਹਾਸੜ ਪੈ ਗਈ।
-"ਇੱਕ ਗੱਲ ਸਮਝ ਨੀ ਆਈ...! ਬਈ ਇਹ ਸਾਲ਼ੀ ਐਨੀਂ ਕੁਤੀੜ੍ਹ ਆਈ ਕਿੱਧਰੋਂ ਐਂ...?" ਬਚਿੱਤਰ ਛੜੇ ਨੇ ਦਿਮਾਗ 'ਤੇ ਹੱਥ ਮਾਰ ਕੇ ਪੁੱਛਿਆ। ਜਿਵੇਂ 'ਘਿਰੜ-ਘਿਰੜ' ਕਰਦੇ ਰੇਡੀਓ 'ਤੇ ਮਾਰੀਦੈ!
-"ਮੈਨੂੰ ਤਾਂ ਇਹਦੇ ਪਿੱਛੇ ਪਾਕਿਸਤਾਨ ਦੀ ਆਈ. ਐੱਸ਼. ਆਈ. ਦਾ ਹੱਥ ਲੱਗਦੈ...!" ਅੱਭੜਵਾਹਿਆਂ ਵਾਂਗ ਆਉਂਦਾ ਬਚਨਾਂ 'ਕਾਲੀ' ਬੋਲਿਆ। 
-"ਲਓ ਜੀ...! ਬੱਸ ਆਹੀ ਕਸਰ ਰਹਿੰਦੀ ਸੀ...! ਕਰ ਲਓ 'ਕਾਲੀਆਂ ਦੇ ਘਿਉ ਨੂੰ ਭਾਂਡਾ...!" ਦਲੀਪ ਨੇ ਮੱਥੇ 'ਤੇ ਹੱਥ ਮਾਰਿਆ।
ਸਾਰਾ ਪਿੰਡ ਹੱਸ ਪਿਆ।
-"ਮੁਰਦਾ ਬੋਲੂ ਤੇ ਖੱਫ਼ਣ ਈ ਪਾੜੂ...!" ਨੰਜੂ ਦਾ ਹਾਸਾ ਬੰਦ ਨਹੀਂ ਹੁੰਦਾ ਸੀ।
-"ਜੇ ਕੁੱਤਿਆਂ ਦਾ ਧਿਆਨ ਖਿੱਚਣ ਆਸਤੇ ਮੈਨੂੰ ਪਾਣੀ ਆਲ਼ੀ ਟੈਂਕੀ 'ਤੇ ਚੜ੍ਹਨਾਂ ਪਿਆ, ਮੈਂ ਪਿੱਛੇ ਨੀ ਹਟੂੰਗਾ...! ਇਕ ਆਰੀ ਹੁਕਮ ਦੀ ਲੋੜ ਐ...! ਪੈਟਰੋਲ ਆਲ਼ੀ ਬੋਤਲ ਵੀ ਮੇਰੇ ਘਰੇ ਭਰੀ, ਤਿਆਰ ਪਈ ਐ...!" ਸੁਰਿੰਦਰ ਰਾਮ ਮਾਸਟਰ ਨੇ ਪੂਰੇ ਜੋਰ ਨਾਲ਼ ਹਿੱਕ ਥਾਪੜ ਕੇ ਆਪਣੀ 'ਸੇਵਾ' ਪੇਸ਼ ਕੀਤੀ।
-"ਲੈ...! ਇਹਨੇ ਓਦੂੰ ਕੱਛ 'ਚੋਂ ਗੰਧਾਲ਼ਾ ਕੱਢ ਮਾਰਿਆ...!" ਪੂਰਨਾਂ ਖਹਿਰਾ ਬੋਲਿਆ।
-"ਇਹਨਾਂ ਨੂੰ ਪਾਣੀ ਆਲ਼ੀਆਂ ਟੈਂਕੀਆਂ 'ਤੇ ਚੜ੍ਹਨ ਤੋਂ ਬਿਨਾ ਕੋਈ ਕੰਮ ਧੰਦਾ ਈ ਨ੍ਹੀ...! ਗੰਧਾਲ਼ੇ ਨੀ, ਇਹ ਅੱਜ ਕੱਲ੍ਹ ਪੈਟਰੋਲ ਆਲ਼ੀਆਂ ਬੋਤਲਾਂ ਨੂੰ ਈ ਗਰਨੇਟ ਬਣਾਈ ਫ਼ਿਰਦੇ ਐ...!" 
-"ਇਹ ਫ਼ਾਰਮੂਲਾ ਮਾਸਟਰ ਜੀ ਤੁਸੀਂ ਆਪਣੇ ਕੋਲ਼ੇ ਈ ਰੱਖੋ...! ਤੁਸੀਂ ਮਾਸਟਰ ਲਾਣਾਂ ਤਾਂ ਜੇ ਮਿਸਤਰੀ ਮੰਜੀ ਨਾ ਠੋਕਣ ਆਵੇ ਤਾਂ ਟੈਂਕੀ 'ਤੇ ਜਾ ਚੜ੍ਹਦੇ ਐਂ, ਤੇ ਜਾਂ ਜੇ ਕੱਟਾ ਮੱਝ ਚੁੰਘਜੇ, ਪਾਣੀ ਆਲ਼ੀ ਟੈਂਕੀ 'ਤੇ ਚੜ੍ਹਨ ਲੱਗੇ ਫ਼ੋਰਾ ਲਾਉਨੇ ਐਂ...! ਇਹ ਤਾਂ ਹੁਣ ਥੋਨੂੰ ਆਦਤ ਜੀ ਈ ਪੈ ਗਈ...!"
-"ਯਾਰ ਮੈਂ ਇਕ ਜਾਨਵਰਾਂ ਦੀ ਗੱਲ ਦੇਖੀ ਐ...!" ਪਾੜ੍ਹੇ ਨੇ ਹੋਰ ਗੱਲਾਂ ਵੱਲੋਂ ਬੇਧਿਆਨਾਂ ਹੋ ਕੇ ਚਲਾਈ, "ਇਕ ਦਿਨ ਮੈਂ ਟੀ. ਵੀ. 'ਤੇ ਇਕ ਪ੍ਰੋਗਰਾਮ ਦੇਖੀ ਜਾਵਾਂ...! ਜੰਗਲ 'ਚ ਇਕ ਮੱਝ ਦਾ ਕੱਟਾ ਡਿੱਗ ਪਿਆ ਨਦੀ 'ਚ...! ਉਹਦੇ ਮੂਹਰੇ ਨਦੀ 'ਚ ਬੈਠਾ ਮਗਰਮੱਛ...! ਮਗਰਮੱਛ ਦੇ ਮੂੰਹ 'ਚ ਆਉਣ ਤੋਂ ਪਹਿਲਾਂ ਮੱਝ ਨੇ ਕੱਟਰੂ ਨਦੀ 'ਚੋਂ ਬਾਹਰ ਧੂਅ ਲਿਆ ਤੇ ਨਦੀ ਦੇ ਕਿਨਾਰੇ 'ਤੇ ਬਾਹਰ ਖੜ੍ਹਾ ਸ਼ੇਰ...! ਤੇ ਸ਼ੇਰ ਨੇ ਭਾਈ ਕੱਟਰੂ ਨੂੰ ਮੂੰਹ ਪਾ ਲਿਆ...!"
-"ਓਹ-ਹੋ...! ਕਿੱਡਾ ਜਾਲਮ ਐਂ...!"
-"ਮੱਝ ਨੇ ਬਥੇਰਾ ਜੋਰ-ਜੂਰ ਲਾਇਆ, ਪਰ ਉਹਨੇ ਕੱਟਰੂ ਨਾ ਛੱਡਿਆ...! ਫ਼ੇਰ ਮੱਝ ਨੇ ਕੀ ਕੀਤਾ, ਸਿਰਤੋੜ ਜੰਗਲ ਵੱਲ ਨੂੰ ਭੱਜ ਲਈ ਤੇ ਪੰਜ ਕੁ ਮਿੰਟਾਂ 'ਚ ਈ ਸੈਂਕੜੇ ਮੱਝਾਂ 'ਕੱਠੀਆਂ ਕਰ ਲਿਆਈ...!"
-"ਵਾਹ ਜੀ ਵਾਹ...!"
-"ਉਹ ਤਾਂ ਆ ਪਈਆਂ ਫ਼ੌਜ ਦੀ ਛਾਉਣੀ ਵਾਂਗੂੰ...! ਤੇ ਮੱਝਾਂ ਨੇ ਤਾਂ ਪਾ ਦਿੱਤੇ ਖਿਲਾਰੇ...! ਸ਼ੇਰ ਚੱਕ ਲਿਆ ਸਿੰਗਾਂ 'ਤੇ...! ਕਰਤਾ ਲਹੂ-ਲੁਹਾਣ, ਤੇ ਸ਼ੇਰ ਨੂੰ ਤਾਂ ਭੱਜਣ ਨੂੰ ਰਾਹ ਨਾ ਲੱਭੇ...! ਉਹ ਤਾਂ ਜਿੱਧਰ ਭੱਜੇ, ਭੂਸਰੀਆਂ ਮੱਝਾਂ ਮੂਹਰੇ...!"
-"ਜੰਗਲੀ ਜਾਨਵਰ ਹੁੰਦੇ ਤਾਂ ਭੈੜ੍ਹੇ ਐ ਭਾਈ...! ਆਈ 'ਤੇ ਆ ਜਾਣ ਤਾਂ ਪਾੜ ਧਰਦੇ ਐ...!"
-"ਪਰ ਸਰਪੰਚ ਸਾਹਿਬ...!" ਪਾੜ੍ਹੇ ਨੇ ਮਨ ਦੀ ਗੱਲ ਸਾਂਝੀ ਕਰਨੀ ਚਾਹੀ, "ਮੈਨੂੰ ਇਕ ਗੱਲ ਦੀ ਸਮਝ ਨੀ ਆਈ, ਬਈ ਉਹਨੇ ਕਿਹੜੀ ਭਾਸ਼ਾ 'ਚ ਜਾ ਕੇ ਦੂਜੀਆਂ ਮੱਝਾਂ ਨੂੰ ਸਮਝਾਇਆ ਹੋਊ...? ਬੋਲਣਾਂ ਤਾਂ ਮੱਝਾਂ ਨੂੰ ਆਉਂਦਾ ਨੀ...!"
-"ਬਈ ਰੱਬ ਜਾਣੇ...! ਇਹ ਤਾਂ ਰੱਬ ਵੱਲੋਂ ਈ ਐਂ ਗੁਣ ਐਂ ਕੋਈ...! ਫ਼ੇਰ ਕੱਟਰੂ ਛੁਡਾ ਲਿਆ...?"
-"ਹਾਂ...! ਜ਼ਖ਼ਮੀ ਤਾਂ ਦਿੱਤਾ ਉਹਨੇ ਕਰ ਬਹੁਤ...! ਪਰ ਕੱਟਰੂ ਛੁਡਾ ਲਿਆ...!"
-"ਕਿਆ ਬਾਤ ਐ...! ਮਾਂ ਤਾਂ ਫ਼ੇਰ ਮਾਂ ਈ ਹੁੰਦੀ ਐ ਬਈ...! ਜਿਹੜੀਆਂ ਜੁਆਕਾਂ ਦੀ ਪ੍ਰਵਾਹ ਨੀ ਕਰਦੀਆਂ, ਲੋਕ ਉਹਨਾਂ ਨੂੰ ਡੈਣਾਂ ਆਖਦੇ ਐ...! ਐਥੇ ਤਾਂ ਆਬਦੇ ਜੁਆਕ ਛੱਡ ਕੇ ਪੇਕੀਂ ਜਾ ਵੜਦੀਐਂ...!"
-"ਮੈਨੂੰ ਭਾਸ਼ਾ ਤੋਂ ਗੱਲ ਯਾਦ ਆਗੀ...! ਤੁਸੀਂ ਭਾਸ਼ਾ ਦੀ ਬਾਤ ਸੁਣ ਲਓ...!" ਅਮਲੀ ਨੇ ਆਪਣੀ ਵਾਰੀ ਲਈ, "ਆਹ ਜਿੱਦਣ ਮਰਦਮ-ਸ਼ਮਾਰੀ ਆਲ਼ੇ ਆਏ ਸੀ, ਉਹ ਸਾਲ਼ੇ ਮੈਨੂੰ ਪੁੱਛੀ ਜਾਣ, ਅਖੇ ਅਮਲੀ ਜੀ, ਆਪ ਕੀ ਆਯੂ ਕਿਤਨੀ ਹੈ...? ਮੈਖਿਆ, ਬੱਤੀਆਂ ਕੁ ਸਾਲਾਂ ਦੀ ਹੋਣੀਂ ਐ ਤੇ ਪੰਜਾਂ ਕੁ ਸਾਲਾਂ ਨੂੰ ਮੈਨੂੰ ਤੇਤੀਮਾਂ ਲੱਗ ਜਾਣੈਂ...! ਚੁੱਪ ਕਰ ਕੇ ਮੁੜਗੇ...! ਬਈ ਦੱਸੋ ਸਾਲ਼ਿਓ, ਤੁਸੀਂ ਮੇਰੀ ਆਯੂ ਪੁੱਛ ਕੇ ਮੇਰੇ ਨਾਲ਼ 'ਨੰਦ-ਕਾਜ' ਕਰਨੈਂ...?" ਅਮਲੀ ਦੇ ਕਹਿਣ 'ਤੇ ਫ਼ਿਰ ਹਾਸਾ ਪੈ ਗਿਆ।
-"ਤੁਸੀਂ ਓਸ ਗੱਲ ਵੱਲ ਆਓ, ਜਿਹੜੀ ਵਾਸਤੇ 'ਕੱਠੇ ਹੋਏ ਐਂ...!" ਸਰਪੰਚ ਬੋਲਿਆ। ਉਹ ਅਵਲ਼ੀਆਂ-ਸਵਲ਼ੀਆਂ ਗੱਲਾਂ ਤੋਂ ਅੱਕ ਗਿਆ ਸੀ।
-"ਇਹਦਾ ਇੱਕ ਹੱਲ ਹੈਗਾ ਸਰਪੈਂਚ ਜੀ...!" ਪਿੱਲਾ ਦਰਜੀ ਬੋਲਿਆ। ਉਸ ਦੀ ਅਵਾਜ਼ ਬਿੰਡੇ ਵਾਂਗ ਟਿਆਂਕੀ ਸੀ।
-"ਦੱਸ਼...?"
-"ਉਹ ਜਿਹੜਾ ਛੰਜੇ ਗਾਂਧੀ ਨੇ ਕੰਮ ਜਿਆ ਤੋਰਿਆ ਸੀ, ਬੰਦਿਆਂ ਦੇ 'ਪਰੇਸ਼ਨ ਕਰਨ ਆਲ਼ਾ...? ਆਪਾਂ ਉਹੀ ਕੰਮ ਕੁੱਤਿਆਂ ਦਾ ਕਿਉਂ ਨ੍ਹੀ ਕਰਦੇ...?"
-"ਲੈ, ਹੋਰ ਕਾਹਨੂੰ ਕੰਮ ਐਂ ਸਾਨੂੰ ਕੋਈ...!" ਕਿਸੇ ਨੇ ਨੱਕ ਚਾੜ੍ਹਿਆ।
-"ਫ਼ੇਰ ਪੜਵਾਈ ਚੱਲੋ ਲੱਤਾਂ...! ਕੋਈ ਬਾਨ੍ਹ ਐਂ...?" 
ਸਾਰੇ ਇੱਕ-ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ।
-"ਗੱਲ ਪਿੱਲੇ ਦੀ ਵੀ ਠੀਕ ਐ...! ਪਰ ਨਸਬੰਦੀ ਲਈ ਪ੍ਰਸ਼ਾਸਨ ਨਾਲ਼ ਗੱਲ ਕਰਨੀ ਪਊ...!"
-"ਦੇਖੋ ਜੀ...!" ਪਿੱਲੇ ਨੇ ਫ਼ੇਰ ਵਾਰੀ ਲਈ।
-"ਆਹ ਹੱਡਾਂਰੋੜੀ ਵੱਲੀਂ ਕਤੂਰਿਆਂ ਦੀਆਂ ਡਾਰਾਂ ਦੀਆਂ ਡਾਰਾਂ ਈ ਫ਼ਿਰਦੀਐਂ...! ਇਹਨਾਂ ਨੇ ਵੱਡੇ ਹੋ ਕੇ ਵਾਰਦਾਤਾਂ ਈ ਕਰਨੀਐਂ...? ਉਹਨਾਂ ਨੂੰ ਪਾਓ ਕੁੱਤੇ ਮਾਰਨ ਆਲ਼ੀ ਦੁਆਈ ਤੇ ਬਾਕੀਆਂ ਦਾ ਕਰੋ ਓਸ ਗੱਲ ਦੇ ਆਖਣ ਮਾਂਗੂੰ, 'ਪਰੇਸ਼ਨ...!"
-"ਇਹ ਤਾਂ ਪਾਪ ਐ ਬਈ...!" ਗੁਰਦਿਆਲ ਸਿਉਂ ਗ੍ਰੰਥੀ ਬੋਲਿਆ।
-"ਫ਼ੇਰ ਗ੍ਰੰਥੀ ਜੀ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਲੈ ਆਓ...! ਰੱਬ ਦੇ ਜੀਅ ਐ...!" ਪਿੱਲਾ ਵੱਟ ਖਾ ਗਿਆ।
ਗ੍ਰੰਥੀ ਉਠ ਕੇ ਤੁਰ ਚੱਲਿਆ।
ਸੱਚੀ ਗੱਲ ਉਸ ਦੇ ਡਾਂਗ ਵਾਂਗ ਸਿਰ ਵਿਚ ਵੱਜੀ ਸੀ।
ਹਫ਼ਤੇ ਦੇ ਵਿਚ-ਵਿਚ ਪ੍ਰਸ਼ਾਸਨ ਨਾਲ਼ ਗੱਲ-ਬਾਤ ਹੋ ਗਈ।
-"ਜੇ ਤੁਸੀਂ ਸਾਨੂੰ ਇਕ-ਦੋ ਸਹਿਯੋਗੀ ਬੰਦੇ ਦੇ ਦਿਓਂ ਤਾਂ ਸਾਡਾ ਕੰਮ ਸੌਖਾ ਹੋਜੇ...!" ਕਰਮਚਾਰੀ ਨੇ ਕਿਹਾ।
-"ਅਸੀਂ ਸਾਰਾ ਪਿੰਡ ਹਾਜ਼ਰ ਆਂ ਜੀ...!" ਸਾਧੂ ਘੈਂਟ ਨੇ ਹਿੱਕ ਠੋਕ ਦਿੱਤੀ।
ਅਗਲੇ ਦਿਨ ਪ੍ਰਸ਼ਾਸਨ ਵਾਲ਼ੇ ਵੈਨ ਲੈ ਕੇ ਪਿੰਡ ਆ ਗਏ।
-"ਹਾਂ ਬਈ..! ਪ੍ਰਸ਼ਾਸਨ ਵਾਲ਼ਿਆਂ ਨਾਲ਼ ਕਿਹੜੇ ਕਿਹੜੇ ਤਿਆਰ ਐ...?" ਸਰਪੰਚ ਨੇ ਸਾਰੇ ਪਿੰਡ ਵੱਲ ਬੇਥਵੀ ਗੱਲ ਸੁੱਟੀ।
-"ਇਕ ਤਾਂ ਮੈਂ ਤਿਆਰ ਆਂ ਜੀ, ਸਰਪੈਂਚ ਜੀ...!" ਅਮਲੀ ਧਰਤੀ ਤੋਂ ਗਜ ਉੱਚਾ ਹੋ ਕੇ ਬੋਲਿਆ।
ਤਿੰਨ ਚਾਰ ਉਸ ਨਾਲ਼ ਹੋਰ ਉਹਦੇ ਵਰਗੇ ਹੀ ਤਿਆਰ ਹੋ ਗਏ।
ਅਮਲੀ ਕੋਲ਼ ਗੋਲ਼ ਜਿਹਾ ਜਾਲ਼ ਫ਼ੜਿਆ ਹੋਇਆ ਸੀ। ਉਹ ਕੁੱਤੇ ਨੂੰ ਬੁਛਕਾਰ ਕੇ ਬਿਸਕੁਟ ਪਾਉਂਦਾ ਅਤੇ ਆਪਣਾ ਜਾਲ਼ ਸੁੱਟਦਾ। ਜਦ ਕੁੱਤਾ ਜਾਲ਼ ਵਿਚ ਆ ਫ਼ਸਦਾ ਤਾਂ ਪ੍ਰਸ਼ਾਸਨ ਵਾਲ਼ੇ ਉਸ ਦੇ ਜਬਰੀ ਬੇਹੋਸ਼ੀ ਵਾਲ਼ਾ ਟੀਕਾ ਲਾ ਕੇ ਆਪਣੀ ਵੈਨ ਵਿਚ ਸੁੱਟ ਲੈਂਦੇ। 
ਅਮਲੀ ਕਮਾਂਡ ਕਰਨ ਵਾਲ਼ਿਆਂ ਵਾਂਗ ਅੱਗੇ ਅੱਗੇ ਜਾਲ਼ ਫ਼ੜੀ ਤੁਰਿਆ ਜਾ ਰਿਹਾ ਸੀ। ਜੇ ਉਸ ਨੂੰ ਕੋਈ ਕੁੱਤਾ ਦਿਸਦਾ ਤਾਂ ਉਹ ਉਸ ਅੱਗੇ ਜਾ ਕੇ ਰਹਿਮ ਦੀ ਨਜ਼ਰ ਜਿਹੀ ਨਾਲ਼ ਝਾਕਦਾ, ਗਿੱਦੜਮਾਰ ਜਿਹੀਆਂ ਗੱਲਾਂ ਸ਼ੁਰੂ ਕਰ ਦਿੰਦਾ, "ਆ ਜਾ...! ਆ ਜਾਹ ਬੇਲੀ ਮੇਰਿਆ..!! ਬਥੇਰੇ ਲਾਡ ਲਡਾ ਲਏ ਤੂੰ ਵੀ..! ਸਾਲ਼ਿਆ ਪੈਂਤੀ ਕਤੂਰਿਆਂ ਦਾ ਪਿਉ ਤੇ ਪੰਦਰਾਂ ਕੁੱਤੀਆਂ ਦਾ ਬਣਕੇ ਖ਼ਸਮ ਚੰਦ, ਹੁਣ ਸਾਨੂੰ ਆਕੜ-ਆਕੜ ਦਿਖਾਉਨੈਂ...? ਆ ਜਾਹ...! ਅੱਜ ਲਿਆਂਦੀ ਤੈਨੂੰ ਖੱਸੀ ਕਰਨ ਆਲ਼ੀ ਮੋਟਰ...! ਇਹ ਲਾਉਣਗੇ ਤੇਰੇ ਖੁਰੀਆਂ...! ਹਲਾਲ ਕਰਨਗੇ ਤੇਰੀ ਉਹ ਨਾੜ, ਜਿਹੜੀ ਸਿਆਪੇ ਹੱਥੀ ਐ...! ਸਾਲ਼ਿਆਂ ਨੇ ਜੰਮ-ਜੰਮ ਕੇ ਛਾਉਣੀ ਬਣਾ ਧਰੀ...! ਕੀ ਹੋ ਗਿਆ ਰੱਬ ਨੇ ਸਾਨੂੰ ਇਕ ਵੀ ਜੁਆਕ ਜੰਮਣ ਆਲ਼ੀ ਨੀ ਦਿੱਤੀ...? ਪਰ ਪੁੱਤ ਹੁਣ 'ਭਾਅਪਾ ਜੀ' ਬਣਨ ਜੋਗਾ ਤੈਨੂੰ ਅਸੀਂ ਵੀ ਨੀ ਛੱਡਣਾ...! ਕਰ ਲੈ ਖੜ੍ਹ ਕੇ ਜਿਹੜੇ ਅਛਨੇ-ਪਛਨੇ ਕਰਨੇ ਐਂ...! ਦੇ ਲੈ ਰੋਹਬ...! ਪਤਾ ਤਾਂ ਉਦੋਂ ਲੱਗੂ, ਜਦੋਂ ਬੇਸੁਰਤੀ ਤੋਂ ਬਾਅਦ ਸੁਰਤ ਟਿਕਾਣੇਂ ਆਈ...! ਫ਼ੇਰ ਖੁਦਕਸ਼ੀ ਕਰਦਾ ਫ਼ਿਰੇਂਗਾ, ਬਈ ਮੈਂ ਆਬਦੀ ਪਤਨੀ ਪ੍ਰਮੇਸ਼ਰੀ ਜੋਕਰਾ ਨੀ ਰਿਹਾ...! ਜੇ ਇੱਕ ਅੱਧੀ ਹੋਵੇ ਤਾਂ ਜਰ ਵੀ ਲਈਏ...? ਪਰ ਤੂੰ ਤਾਂ ਬਣਿਆਂ ਫ਼ਿਰਦੈਂ ਸਾਊਦੀ ਅਰਬ ਦਾ ਸ਼ੇਖ਼...!"
ਪ੍ਰਸ਼ਾਸਨ ਵਾਲ਼ੇ ਹੱਸਦੇ ਲੋਟ-ਪੋਟ ਹੋ ਰਹੇ ਸਨ।
-"ਪਾਪ ਤਾਂ ਅਸੀਂ ਵੀ ਨ੍ਹੀ ਸੀ ਕਰਨਾ...! ਪਰ ਤੁਸੀਂ ਸਾਲ਼ਿਓ ਸਾਨੂੰ ਈ ਗੱਬਰ ਸਿੰਘ ਬਣ-ਬਣ ਦਿਖਾਉਣ ਲੱਗਪੇ...! ਕਦੇ ਕਿਸੇ ਦੇ ਮੂੰਹ ਨੂੰ ਪੈਗੇ ਤੇ ਕਦੇ ਕਿਸੇ ਦੀ ਗੱਲ੍ਹ ਨੂੰ ਚਿੰਬੜਗੇ, ਜਿਵੇਂ ਸੱਤ ਫ਼ੇਰੇ ਲਏ ਹੁੰਦੇ ਐ...! ਤੁਸੀਂ ਤਾ ਲੱਗ ਗਏ ਸੀ ਟਾਹਲੀਆਂ ਵਿਹੁ ਕਰਨ..! ਕੁੱਤੀਆਂ ਨਾਲ਼ ਥੋਡਾ ਸਰਿਆ ਨਾ, ਤੁਸੀਂ ਤਾਂ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਜਾ ਚਿੰਬੜੇ...! ਸਾਲ਼ੀ ਕੋਈ ਹਾਅਥ ਈ ਨੀ ਰਹੀ ਥੋਨੂੰ...! ਊਂ ਈਂ ਹਲ਼ਕ ਤੁਰੇ...! ਨਾਸਾਂ 'ਚ ਦਮ ਈ ਐਨਾਂ ਕੀਤਾ ਪਿਐ, ਬੱਸ ਈ ਕੋਈ ਨੀ ਰਿਹਾ...!"
-"ਅਮਲੀਆ, ਇਹ ਓਹੀ ਐ, ਜਿਹੜਾ ਧੋਨੀ ਕੀ ਨੂੰਹ ਦੇ ਮੂੰਹ ਨੂੰ ਪਿਆ ਸੀ...!" ਨਾਲ਼ ਦੇ ਨੇ ਹੋਰ ਫ਼ੋਕੀ ਸਿੰਗੜੀ ਛੇੜ ਦਿੱਤੀ।
-"ਆ ਜਾਹ ਤੂੰ ਤਾਂ ਬਈ ਮੋਤੀ ਸਿਆਂ...! ਤੇਰੀ ਤਾਂ ਮੈਂ ਬਹੁਤ ਚਿਰ ਦਾ ਭਾਲ਼ 'ਚ ਤੁਰਿਆ ਫ਼ਿਰਦੈਂ...! ਤੇਰਾ ਤਾਂ ਕਰ ਦਿਆਂਗੇ ਸਿਗਨਲ ਫ਼ੱਟੜ ਅੱਜ਼...! ਤੂੰ ਤਾ ਕੁੜੀ ਯਾਹਵੇ ਦਿਆ ਸਾਰੇ ਬਾਡਰ ਈ ਟੱਪ ਗਿਆ...? ਇਕ ਚੋਰੀ ਤੇ ਉਤੋਂ ਸੀਨਾਂ ਜੋਰੀ..! ਲੈ ਡਾਕਧਾਰ ਸਾਹਬ...! ਪਰੇਸ਼ਨ ਕਰਨ ਆਲ਼ਾ ਚਿਮਟਾ ਜਿਆ ਤੁਸੀਂ ਮੈਨੂੰ ਫ਼ੜਾਇਓ, ਇਹਦਾ ਕਲਿਆਣ ਦੇਖਿਓ ਮੈਂ ਕਿਵੇਂ ਕਰਦੈਂ..! ਜਣੀਂ ਖਣੀਂ ਦੇ ਮੂੰਹ ਨੂੰ ਜਾ ਚਿੰਬੜਨਾ, ਕੋਈ ਰਾਹ ਐ...? ਡਾਕਧਾਰ ਜੀ, ਅੱਬਲ ਤਾਂ ਮੈਨੂੰ ਇਹਦਾ ਕੰਮ ਜੜਾਂ 'ਚੋਂ ਈ ਕਰ ਲੈਣ ਦਿਓ...? ਇਹ ਸਾਲ਼ਾ ਮੈਨੂੰ ਜਾਅਦੇ ਚਾਂਭਲ਼ਿਆ ਲੱਗਦੈ..? ਸਾਲ਼ਾ ਹੈ ਤਾਂ ਸੋਹਣਾਂ-ਸੁਨੱਖਾ...! ਕਿਸੇ ਕੁੱਤੀ ਨੇ ਇਹਨੂੰ ਨਾਂਹ-ਨੁੱਕਰ ਨੀ ਕੀਤੀ ਹੋਣੀ, ਤੇ ਸਾਲ਼ਾ ਜਾ ਕੇ ਬੁੜ੍ਹੀਆਂ-ਕੁੜੀਆਂ 'ਤੇ ਵੀ ਟਰਾਈਆਂ ਮਾਰਨ ਲੱਗ ਪਿਆ...? ਲੱਗ ਪਿਆ ਕਰਨ ਟੈਛਟ...!" ਅਮਲੀ ਨੇ ਜਾਲ਼ ਉਸ ਦੇ ਗਲ਼ 'ਚ ਜਾ ਪਾਇਆ। 
ਕੁੱਤਾ ਧੁਰਲ਼ੀਆਂ ਜਿਹੀਆਂ ਮਾਰ ਰਿਹਾ ਸੀ।
-"ਸਾਲ਼ਿਆ ਬਹਿੜਕਿਆਂ ਦਿਆ...! ਤੈਨੂੰ ਐਸ ਅੜੰਗੇ ਦਾ ਤਾਂ ਪਤਾ ਈ ਨੀ ਸੀ...! ਤੂੰ ਤਾਂ ਬਣਿਆਂ ਫ਼ਿਰਦਾ ਸੀ ਬਿਨ-ਲਾਦਨ ਸਾਡੇ 'ਤੇ..! ਦੱਸੋ ਗੌਰਮਿੰਟ ਜੀ, ਇਹਨੂੰ ਕਿਹੜੇ ਖੂੰਜੇ ਰੱਖਣੈਂ...? ਇਹ ਤਾਂ ਮੇਰਾ ਸ਼ਿਕਾਰ ਐ...! ਅਬ ਤੇਰਾ ਕਿਆ ਹੋਗਾ ਕਾਲ਼ਿਆ...?"
-"ਅਮਲੀਆ, ਕਿਤੇ ਇਹਦਾ ਸ਼ਿਕਾਰ ਕਰਦਾ ਕਰਦਾ ਕਿਤੇ ਤੂੰ ਨਾ ਦੋਨੋਂ ਜਹਾਨ ਸਫ਼ਲੇ ਕਰ ਜਾਈਂ...!" ਕਿਸੇ ਨੇ ਕਿਹਾ।
-"ਇਹ ਕੌਣ ਐਂ ਬਈ...?" ਅਮਲੀ ਨੇ ਬਾਜ਼ ਵਰਗੀ ਨਜ਼ਰ ਦਾ ਚਾਰੇ ਪਾਸੇ ਗੇੜਾ ਦਿੱਤਾ। ਪਰ ਮੁੜ ਕੇ ਕੋਈ ਨਾ ਬੋਲਿਆ।
-"ਥੋਡਾ ਕੰਮ ਐਂ ਚੰਗੇ ਭਲੇ ਬੰਦੇ ਨੂੰ ਥਿੜਕਾਉਣਾਂ...!"
-"ਕੁੱਤਿਆਂ ਤੋਂ ਬਾਅਦ ਕਿਤੇ ਤੇਰੀ ਵਾਰੀ ਨਾ ਆਜੇ ਅਮਲੀਆ...! ਕਿਤੇ ਤੈਨੂੰ ਵੀ ਨਾ ਖੱਸੀ ਕਰ ਮਾਰਨ...!" ਲੱਛੇ ਕੂਕੇ ਨੇ ਕਿਹਾ।
-"ਵੱਡੇ ਭਾਈ...! ਅਖੇ ਅੰਨ੍ਹਿਆਂ ਸੌਂ ਜਾ...! ਉਹ ਹੱਸ ਕੇ ਕਹਿੰਦਾ, ਚੁੱਪ ਈ ਕਰ ਜਾਣੈਂ...! ਸਾਡਾ ਕੀ ਐ...? ਅਸੀਂ ਤਾਂ ਜਿਹੋ ਜੇ ਐਸ ਜਹਾਨ ਤੇ ਆਏ, ਤੇ ਜਿਹੋ ਜਿਆ ਨਾ ਆਏ...!" ਅਮਲੀ ਦੇ ਅੰਦਰੋਂ ਉਸ ਦੀ ਲੰਮੀ ਜ਼ਿੰਦਗੀ ਦੀ ਚੀਸ ਬੋਲੀ।
-"ਅਮਲੀਆ..! ਤੂੰ ਬੰਦੇ ਫ਼ੜਦਾ ਫ਼ੜਦਾ ਕੁੱਤੇ ਕਦੋਂ ਕੁ ਤੋਂ ਫ਼ੜਨ ਲੱਗ ਪਿਆ...?" ਕਿਸੇ ਹੋਰ ਨੇ ਰਾਹ ਜਾਂਦਿਆਂ ਸਿੰਗੜੀ ਛੇੜ ਦਿੱਤੀ।
-"ਜਦੋਂ ਤੋਂ ਲੋੜ ਪੈ ਗਈ ਬਾਈ...! ਅਜੇ ਤਾਂ ਮੈਂ ਸੱਪ ਫ਼ੜਨ ਲੱਗਣੈਂ, ਸੱਪ...! ਤੇ ਉਹ ਵੀ ਤੇਰੇ ਅਰਗੇ ਕੌਡੀਆਂ ਆਲ਼ੇ...! ਉਏ ਜੇ ਥੋਨੂੰ ਨੀ ਧੀਆਂ-ਭੈਣਾਂ ਦਾ ਦਰਦ, ਸਾਨੂੰ ਤਾਂ ਹੈ...! ਨਾਲ਼ੇ ਸ਼ਰਮ ਤਾਂ ਥੋਨੂੰ ਆਉਣੀ ਚਾਹੀਦੀ ਐ...! ਮੇਰੇ ਤਾਂ ਨਾ ਰੰਨ ਤੇ ਨਾ ਕੰਨ..! ਪੈਂਦੇ ਤਾਂ ਇਹ ਥੋਡੀਆਂ ਨੂੰ ਐਂ...! ਫ਼ੜਨੇਂ ਤਾਂ ਇਹ ਥੋਨੂੰ ਚਾਹੀਦੇ ਐ, ਪਰ ਫ਼ੜੀ ਜਾਨੈਂ, ਮੈਂ..! ਜਿਹੜਾ ਹੈ ਵੀ ਬੋਤੇ ਦੀ ਪੂਛ ਅਰਗਾ 'ਕੱਲਾ...!"
ਕੁੱਤੇ ਫ਼ੜਨ ਦੀ ਸਾਰੀ ਕਾਰਵਾਈ ਕਰਕੇ ਸ਼ਾਮ ਤੱਕ ਪ੍ਰਸ਼ਾਸਨ ਵਾਲ਼ੇ ਵਿਹਲੇ ਹੋ ਗਏ।
-"ਸਰਪੈਂਚ ਸਾਹਿਬ...! ਜੇ ਤੁਸੀਂ ਹਾਂਮੀਂ ਭਰੋਂ ਤਾਂ ਅਸੀਂ ਅਮਲੀ ਨੂੰ ਪੱਕੀ ਨੌਕਰੀ ਦੇ ਸਕਦੇ ਐਂ...!" ਪ੍ਰਸ਼ਾਸਨ ਦੇ ਕਰਮਚਾਰੀ ਨੇ ਕਿਹਾ।
-"ਤੇ ਜਦੋਂ 'ਲਾਕੇ ਦੇ ਕੁੱਤੇ ਮੁੱਕ ਗਏ ਸਰਕਾਰ ਜੀ, ਫ਼ੇਰ...?" ਅਮਲੀ ਨੇ ਅਗਲਾ ਡਰ ਜ਼ਾਹਿਰ ਕੀਤਾ।
-"ਫ਼ੇਰ ਬੰਦਿਆਂ 'ਤੇ ਹੋਜਾਂਗੇ...! ਬੰਦੇ ਵੀ ਅੱਜ ਕੱਲ੍ਹ ਹਟ ਕੁੱਤੀਏ ਨੀ ਕਹਿਣ ਦਿੰਦੇ...! ਆਏ ਸਾਲ ਜੁਆਕ ਪਾਥੀ ਮਾਂਗੂੰ ਪੱਥ ਧਰਦੇ ਐ...!"
ਹਾਸਾ ਮੱਚ ਗਿਆ।
-"ਕੁੱਤਿਆਂ ਆਲ਼ਾ ਕੰਮ ਤਾਂ ਮੈਂ ਮੁਖ਼ਤ ਕਰਨ ਨੂੰ ਤਿਆਰ ਐਂ ਜੀ...! ਇਹਨਾਂ ਨੇ ਤਾਂ ਅੱਤ ਈ ਚੱਕ ਲਈ ਸੀ...!"
-"ਚੱਲ ਕੋਈ ਨਾ...! ਨਾਲ਼ੇ ਕੰਮ ਕਰੀ ਚੱਲ ਤੇ ਨਾਲ਼ੇ ਪੈਸੇ ਲਈ ਚੱਲ਼...!" ਸਰਪੰਚ ਨੇ ਕਿਹਾ।
-"ਚਲੋ...! ਜਿਵੇਂ ਤੂੰ ਲੋਟ ਸਮਝੇਂ ਸਰਪੈਂਚਾ...!"
ਅਮਲੀ ਉਹਨਾਂ ਦੇ ਨਾਲ਼ ਤੁਰ ਗਿਆ। ਉਸ ਨੂੰ ਪੱਕੀ ਨੌਕਰੀ ਦੇ ਦਿੱਤੀ ਗਈ।



ਹੋਰ ਪੜੋ...

ਆਓ ਜੀ, ਜੀ ਆਇਆਂ ਨੂੰ !!!

free counters