ਸੁਰੱਖਿਆ ਕਾਨੂੰਨ 'ਚ ਗੁਰਦਾਸ ਮਾਨ ਦਾ ਕੀ ਦੋਸ਼?



ਜਦ ਤੋਂ ਪੰਜਾਬੀ ਗਾਇਕੀ ਵਿਚ ਗੁਰਦਾਸ ਮਾਨ ਨੇ ਪੈਰ ਧਰਿਆ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਗੁਰਦਾਸ ਮਾਨ ਦਾ ਕੋਈ ਸਾਨੀ ਨਹੀਂ! ਇਸ ਖੇਤਰ ਵਿਚ ਬਹੁਤ ਲੋਕਾਂ ਦੀ ਦੌੜ ਲੱਗੀ ਅਤੇ ਅੱਜ ਵੀ ਲੱਗੀ ਹੋਈ ਹੈ। ਕਈ ਆਪਣੇ-ਆਪਣੇ ਜੌਹਰ ਦਿਖਾ ਕੇ ਮੈਦਾਨ ਛੱਡ ਗਏ ਅਤੇ ਕਈਆਂ ਨੂੰ ਲੋਕਾਂ ਨੇ ਹਿੱਕ ਨਾਲ਼ ਨਹੀਂ ਲਾਇਆ। ਪਰ ਜਦ ਤੋਂ ਗੁਰਦਾਸ ਮਾਨ ਉਠਿਆ, ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਕਾਬ ਵਾਂਗੂੰ ਅੱਜ ਤੱਕ ਅੰਬਰਾਂ ਦੀਆਂ ਉਡਾਰੀਆਂ ਹੀ ਭਰ ਰਿਹਾ ਹੈ। ਉਹ ਉਡਾਰੀਆਂ, ਜੋ ਪੰਛੀ ਬਗੈਰ ਖੰਭ ਫ਼ੜਫ਼ੜਾਇਆਂ ਅਸਮਾਨ ਦੀ ਵਿਸ਼ਾਲਤਾ ਦਾ ਆਨੰਦ ਲੈਂਦੇ ਹਨ। ਉਸ ਦੀ ਗਾਇਕੀ ਦਾ ਇਤਿਹਾਸ ਬਹੁਤ ਲੰਬਾ, ਸੁਚੱਜਾ ਅਤੇ ਮਾਣਮੱਤਾ ਹੈ। ਸਾਫ਼ ਸੁਥਰੀ ਗਾਇਕੀ ਦਾ ਵਾਰਿਸ ਉਹ ਇਕ ਨਿਰਮਲ ਅਤੇ ਨਿਰਵੈਰ ਕਲਾਕਾਰ ਹੈ। ਉਸ ਦੀ ਲੇਖਣੀ, ਗਾਇਕੀ, ਅਦਾਕਾਰੀ ਅਤੇ ਪੰਜਾਬੀਆਂ ਪ੍ਰਤੀ ਇਮਾਨਦਾਰੀ 'ਤੇ ਕੋਈ ਉਂਗਲ਼ ਨਹੀਂ ਰੱਖ ਸਕਦਾ। ਗਾਇਕੀ ਤੋਂ ਲੈ ਕੇ ਫਿ਼ਲਮਾਂ ਤੱਕ, ਜਿਸ ਖੇਤਰ ਵਿਚ ਵੀ ਗੁਰਦਾਸ ਮਾਨ ਨੇ ਪੈਰ ਧਰਿਆ, ਸੱਚੇ ਦਿਲੋਂ ਹੀ ਨਿੱਤਰਿਆ ਅਤੇ ਸੋਲ੍ਹਾਂ ਕਲਾਂ ਸੰਪੂਰਨ ਹੋ ਕੇ ਪੂਰੀ ਪਾਈ ਅਤੇ ਕਿਸੇ ਪੱਖ ਤੋਂ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਨਹੀਂ ਕਰਨ ਦਿੱਤਾ, ਮਾਣ ਸਨਮਾਨ ਹੀ ਪੱਲੇ ਪਾਇਆ। ਉਸ ਦੀ ਅਦਾਕਾਰੀ ਨੇ ਪੰਜਾਬੀ ਸਿਨਮੇ ਨੂੰ ਕਈ ਪੁਰਸਕਾਰ ਵੀ ਲੈ ਕੇ ਦਿੱਤੇ ਅਤੇ ਪੰਜਾਬੀਆਂ ਦੀ ਇੱਜ਼ਤ ਨੂੰ ਚਾਰ ਚੰਨ ਲਾਏ। ਜੇ ਦਿੱਲੀ ਜਾਂ ਮੁੰਬਈ ਜਾ ਕੇ ਪੁੱਛੀਏ ਕਿ ਕੀ ਤੁਸੀਂ ਕਿਸੇ ਪੰਜਾਬੀ ਕਲਾਕਾਰ ਨੂੰ ਜਾਣਦੇ ਹੋ? ਤਾਂ ਇਕ ਹੀ ਉੱਤਰ ਮਿਲ਼ਦਾ ਹੈ ਕਿ ਗੁਰਦਾਸ ਮਾਨ ਨੂੰ ਜਾਣਦੇ ਹਾਂ! ਜਿੱਥੋਂ ਤੱਕ ਗੁਰਦਾਸ ਮਾਨ ਗਿਆ ਹੈ, ਪੰਜਾਬੀਆਂ ਦੀ ਝੋਲ਼ੀ ਮਾਣ-ਸਤਿਕਾਰ ਹੀ ਪਾਇਆ ਹੈ, ਕਦੇ ਕੋਈ ਨਮੋਸ਼ੀ ਨਹੀਂ ਖੱਟ ਕੇ ਦਿੱਤੀ।
ਪਿੱਛੇ ਜਿਹੇ ਗੁਰਦਾਸ ਮਾਨ ਦੇ ਵਿਦੇਸ਼ਾਂ ਵਿਚ ਹੋਏ ਸ਼ੋਆਂ ਦੌਰਾਨ ਉਹ ਕੁਝ ਆਲੋਚਕਾਂ ਦੀ ਆਲੋਚਨਾ ਦਾ ਵੀ ਸਿ਼ਕਾਰ ਹੋਇਆ, ਜਿਸ ਵਿਚ ਮੈਨੂੰ ਉਸ ਦਾ ਕੋਈ ਕਸੂਰ ਹੀ ਨਜ਼ਰ ਨਹੀਂ ਆਉਂਦਾ। ਜਿਵੇਂ ਕਿ ਆਮ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਕਿ ਫ਼ਲਾਣੇ ਥਾਂ ਗੁਰਦਾਸ ਮਾਨ ਦੇ ਸ਼ੋਅ ਵਿਚ ਅੰਮ੍ਰਿਤਧਾਰੀ ਸਿੰਘਾਂ ਨੂੰ ਕਿਰਪਾਨ ਪਾ ਕੇ ਸ਼ੋਅ ਵਿਚ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਅਤੇ ਇੱਥੋਂ ਤੱਕ ਕਿ ਗੁਰਦਾਸ ਮਾਨ ਦੇ ਅੰਮ੍ਰਿਤਧਾਰੀ 'ਪ੍ਰਮੋਟਰ' ਨੂੰ ਵੀ ਇਸ 'ਪਾਬੰਦੀ' ਦਾ ਸਾਹਮਣਾ ਕਰਨਾ ਪਿਆ। ਪਰ ਸੁਆਲ ਤਾਂ ਇਹ ਉਠਦਾ ਹੈ ਕਿ ਸਕਿਊਰਿਟੀ ਦੇ ਇਹਨਾਂ ਕਾਇਦੇ ਕਾਨੂੰਨਾਂ ਸਾਹਮਣੇ ਗੁਰਦਾਸ ਮਾਨ ਦਾ ਕੀ ਕਸੂਰ? ਅਸੀਂ ਜਿਸ ਵੀ ਦੇਸ਼ ਵਿਚ ਜਾਂਦੇ ਜਾਂ ਵਸਦੇ ਹਾਂ, ਸਾਨੂੰ ਉਸ ਦੇਸ਼ ਦੇ ਕਾਇਦੇ-ਕਾਨੂੰਨ ਦਾ ਸਤਿਕਾਰ ਕਰਕੇ ਉਸ ਅਨੁਸਾਰ ਚੱਲਣਾ ਪੈਂਦਾ ਹੈ ਅਤੇ ਜੇ ਅਸੀਂ ਉਸ ਦੇਸ਼ ਦੇ 'ਰੂਲਜ਼ ਐਂਡ ਰੈਗੂਲੇਸ਼ਨਜ਼' ਅਨੁਸਾਰ ਨਹੀਂ ਵਿਚਰਦੇ ਜਾਂ ਉਸ ਦੀ ਉਲੰਘਣਾਂ ਕਰਦੇ ਹਾਂ, ਤਾਂ ਅਸੀਂ ਕਾਨੂੰਨ ਦੀਆਂ ਨਜ਼ਰਾਂ ਵਿਚ ਇਕ ਤਰ੍ਹਾਂ ਦੇ 'ਅਪਰਾਧੀ' ਬਣ ਜਾਂਦੇ ਹਾਂ! ਸੁਣਨ ਵਿਚ ਆਇਆ ਹੈ ਕਿ ਉਸ ਦੇ ਕਿਸੇ ਸ਼ੋਅ ਦੌਰਾਨ ਕਿਤੇ ਕੋਈ ਲੜਾਈ ਹੋ ਗਈ ਅਤੇ ਕਿਰਪਾਨਾਂ ਨਿਕਲ਼ ਆਈਆਂ ਅਤੇ ਉਸ ਵਾਰਦਾਤ ਤੋਂ ਸੁਚੇਤ ਹੋਈ ਸਕਿਊਰਿਟੀ ਸਰਵਿਸ ਨੇ ਇਹ ਬੰਦਿਸ਼ ਰੱਖ ਦਿੱਤੀ ਕਿ ਕਿਸੇ ਵੀ ਸ਼ੋਅ ਵਿਚ ਕਿਰਪਾਨ ਪਾ ਕੇ ਆਉਣ ਦੀ ਮਨਾਹੀ ਹੋਵੇਗੀ। ਦੱਸੋ ਇਸ ਵਿਚ ਕਸੂਰ ਗੁਰਦਾਸ ਮਾਨ ਦਾ ਹੈ ਕਿ ਕਿਰਪਾਨਾਂ ਕੱਢ ਕੇ ਲੜਨ ਵਾਲਿ਼ਆਂ ਦਾ? ਜਦ ਅਸੀਂ ਜਹਾਜ ਚੜ੍ਹਦੇ ਹਾਂ ਤਾਂ ਏਅਰਪੋਰਟ ਸਕਿਊਰਿਟੀ ਵਾਲ਼ੇ ਵੀ ਸਾਡੀ ਕਿਰਪਾਨ ਲੁਹਾ ਲੈਂਦੇ ਹਨ, ਉਸ ਏਅਰਪੋਰਟ ਕਾਨੂੰਨ ਦਾ ਵੀ ਅਸੀਂ ਸਤਿਕਾਰ ਕਰਦੇ ਹੀ ਹਾਂ! ਇਕ ਗੱਲ ਇੱਥੇ ਜ਼ਰੂਰ ਵਿਚਾਰਨ ਵਾਲ਼ੀ ਹੈ ਕਿ ਕਿਰਪਾਨ 'ਤੇ ਪਾਬੰਦੀ ਉਥੇ ਹੀ ਲੱਗੀ ਹੈ, ਜਿੱਥੇ ਅਸੀਂ ਇਸ ਧਾਰਮਿਕ ਚਿੰਨ੍ਹ ਦੀ ਦੁਰਵਰਤੋਂ ਕੀਤੀ। ਨਹੀਂ ਕਿਸੇ ਵਿਚ ਹਿੰਮਤ ਨਹੀਂ ਸੀ ਕਿ ਸਾਡੇ ਕਿਸੇ ਧਾਰਮਿਕ ਚਿੰਨ੍ਹ ਉਪਰ ਕੋਈ ਬੰਦਿਸ਼ ਲਾ ਸਕਦਾ। ਦੁਨੀਆਂ ਦੇ ਇਤਿਹਾਸ 'ਤੇ ਨਜ਼ਰ ਮਾਰ ਕੇ ਦੇਖ ਲਓ, ਕਿਸੇ ਵੀ ਧਾਰਮਿਕ ਚਿੰਨ੍ਹ 'ਤੇ ਪਾਬੰਦੀ ਲੱਗਣ ਦਾ ਕਾਰਨ ਅਸਲ ਵਿਚ ਧਾਰਮਿਕ ਚਿੰਨ੍ਹ ਦੀ ਦੁਰਵਰਤੋਂ ਹੀ ਹੋਵੇਗਾ!
ਅਗਲੀ ਗੱਲ ਇਹ ਆ ਜਾਂਦੀ ਹੈ ਕਿ ਅਸੀਂ ਸਕਿਊਰਿਟੀ ਦੇ ਨਿਯਮਾਂ ਨੂੰ ਮੰਨਣ ਅਤੇ ਸਮਝਣ ਦੀ ਜਗਾਹ ਸਿੱਧਾ ਗੁਰਦਾਸ ਮਾਨ ਨੂੰ ਹੀ 'ਅੱਗੇ' ਧਰ ਲੈਂਦੇ ਹਾਂ ਕਿ ਦੋਸ਼ ਗੁਰਦਾਸ ਮਾਨ ਦਾ ਹੈ, ਜਿਹੜਾ ਰੋਸ ਵਜੋਂ ਸ਼ੋਅ ਛੱਡ ਕੇ ਨਹੀਂ ਗਿਆ, ਉਸ ਨੂੰ ਇਹਨਾਂ ਸ਼ੋਆਂ ਦਾ ਬਾਈਕਾਟ ਕਰਨਾਂ ਚਾਹੀਦਾ ਸੀ..! ਇਕ ਸੱਜਣ ਨੇ ਜਦ ਇਹ ਗੱਲ ਦੁਹਰਾਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਦੋਸ਼ ਗੁਰਦਾਸ ਮਾਨ ਦਾ ਕਿਵੇਂ ਹੈ? ਤਾਂ ਉਹ ਕਹਿਣ ਲੱਗਿਆ ਬਾਈ ਜੀ ਗੁਰਦਾਸ ਮਾਨ ਨੂੰ ਸ਼ੋਅ ਦਾ ਬਾਈਕਾਟ ਕਰਨਾਂ ਚਾਹੀਦਾ ਸੀ..! ਮੈਂ ਉਸ ਨੂੰ ਪੁੱਛਿਆ ਕਿ ਜਦ ਇੰਗਲੈਂਡ ਵਿਚ ਸਾਨੂੰ 'ਪਾਲਿਸੀ ਐਂਡ ਪ੍ਰਸੀਜ਼ਰਸ' ਦੀ ਉਲੰਘਣਾਂ ਕਰਨ ਕਾਰਨ ਸਾਡਾ 'ਬੌਸ' ਗੁੱਸੇ ਹੁੰਦਾ ਹੈ ਤਾਂ ਅਸੀਂ ਉਸ ਦਾ ਬਾਈਕਾਟ ਕਰਕੇ, ਕੰਮ ਛੱਡ ਕੇ ਘਰ ਆ ਜਾਂਦੇ ਹਾਂ..? ਕੀ ਅਸੀਂ ਉਦੋਂ ਆਪਣਾ ਕਿੱਤਾ ਤਿਆਗ ਦਿੰਦੇ ਹਾਂ..? ਗਾਇਕੀ ਗੁਰਦਾਸ ਮਾਨ ਦਾ 'ਕਿੱਤਾ' ਹੈ, ਜਿਸ ਗੱਲ ਵਿਚ ਉਸ ਦਾ ਦੋਸ਼ ਹੀ ਕੋਈ ਨਹੀਂ, ਉਹ ਆਪਣੇ ਕਿੱਤੇ ਦਾ ਤਿਆਗ ਕਿਉਂ ਕਰੇ..? ਕੀਤੀਆਂ ਦੁੱਲਿਆ ਤੇਰੀਆਂ ਪੇਸ਼ ਲੱਧੀ ਦੇ ਆਈਆਂ! ਅਗਰ ਸਾਨੂੰ ਕਿਸੇ ਏਅਰਪੋਰਟ 'ਤੇ ਰੋਕ ਕੇ ਕਿਰਪਾਨ ਲੁਹਾਈ ਜਾਂਦੀ ਹੈ, ਤਾਂ ਅਸੀਂ ਕਦੇ ਵੀ ਉਸ ਦੇਸ਼ ਦੇ ਕਾਨੂੰਨ ਮੰਤਰੀ, ਪ੍ਰਧਾਨ ਮੰਤਰੀ ਜਾ ਰਾਸ਼ਟਰਪਤੀ ਤੋਂ ਅਸਤੀਫ਼ੇ ਦੀ ਮੰਗ ਨਹੀਂ ਕੀਤੀ ਤਾਂ ਗੁਰਦਾਸ ਮਾਨ ਤੋਂ ਬਾਈਕਾਟ ਦੀ ਮੰਗ ਕਿਉਂ..? ਕਿਉਂਕਿ ਗੁਰਦਾਸ ਮਾਨ ਸਾਡਾ 'ਆਪਣਾ' ਹੈ? ਤੇ ਸਾਡਾ ਉਸ 'ਤੇ ਜੋਰ ਚੱਲਦਾ ਹੈ? ਪਰ ਸਿਆਣਿਆਂ ਦੀ ਕਹਾਵਤ ਤਾਂ ਇਹ ਆਖਦੀ ਹੈ ਕਿ ਆਪਦਾ ਮਾਰੂ, ਫ਼ੇਰ ਵੀ ਛਾਂਵੇਂ ਸਿੱਟੂ..!
ਬਾਹਰਲੇ ਦੇਸ਼ਾਂ ਵਿਚ ਆਦਮੀ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ। ਪਹਿਲਾਂ ਜਾਨ ਅਤੇ ਫਿ਼ਰ ਮਾਲ! ਸੁਰੱਖਿਆ ਨਿਯਮਾਂ ਵਿਚ ਕਿਸੇ ਦੀ ਕੋਈ ਸਿ਼ਫ਼ਾਰਸ਼ ਕਦਾਚਿੱਤ ਨਹੀਂ ਮੰਨੀ ਜਾਂਦੀ ਅਤੇ ਨਾ ਹੀ ਕਿਸੇ ਨਾਲ਼ ਰਿਆਇਤ ਕੀਤੀ ਜਾਂਦੀ ਹੈ। ਰੱਬ ਨਾ ਕਰੇ, ਕਿਤੇ ਕੋਈ ਵਾਰਦਾਤ ਹੋ ਜਾਵੇ ਤਾਂ ਪ੍ਰਮੋਟਰ ਜਾਂ ਕਲਾਕਾਰ ਨੂੰ ਨਹੀਂ ਪੁੱਛਿਆ ਜਾਂਦਾ, ਜਿ਼ੰਮੇਵਾਰ ਸਕਿਊਰਿਟੀ ਅਫ਼ਸਰਾਂ ਦੇ ਗਲ਼ ਰੱਸਾ ਪਾਇਆ ਜਾਂਦਾ ਹੈ। ਜਿੱਥੇ ਉਹ ਜਵਾਬਦੇਹ ਵੀ ਹੁੰਦੇ ਹਨ, ਕਿਉਂਕਿ ਸ਼ਾਂਤੀ ਬਣਾਈ ਰੱਖਣਾਂ ਉਹਨਾਂ ਦੀ ਜਿ਼ੰਮੇਵਾਰੀ ਹੁੰਦੀ ਹੈ। ਆਪਣੇ 24 ਸਾਲ ਦੇ ਪੁਲੀਸ ਅਤੇ ਸਕਿਊਰਿਟੀ ਦੇ ਨਿੱਜੀ ਤਜ਼ਰਬੇ ਤੋਂ ਗੱਲ ਕਰਾਂ ਤਾਂ ਜਦ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਨਿਯਮ ਅਨੁਸਾਰ ਕਿੱਥੇ, ਕਿਵੇਂ, ਕੌਣ, ਕਿਉਂ ਅਤੇ ਕਾਰਨ 'ਤੇ ਜੋਰ ਦਿੱਤਾ ਜਾਂਦਾ ਹੈ ਅਤੇ ਇੱਥੋਂ ਹੀ ਕਾਰਵਾਈ ਅੱਗੇ ਤੋਰੀ ਜਾਂਦੀ ਹੈ! ਇੱਥੇ ਇਸ ਦਾ ਅਰਥ ਇਹੀ ਨਿਕਲ਼ਦਾ ਹੈ ਕਿ ਉਥੇ ਗੁਰਦਾਸ ਮਾਨ ਦਾ ਕੋਈ ਵੱਸ ਨਹੀਂ ਚੱਲਦਾ, ਸਗੋਂ ਸਕਿਊਰਿਟੀ ਦਾ ਨਿਯਮ ਚੱਲਦਾ ਹੈ। ਜਦ ਸਕਿਊਰਿਟੀ ਵਾਲ਼ੇ ਪ੍ਰੋਗਰਾਮ ਦੇ ਦਾਰੋਮਦਾਰ ਕਿਰਪਾਨ ਵਾਲ਼ੇ 'ਪ੍ਰਮੋਟਰ' ਨੂੰ ਹੀ ਅੰਦਰ ਨਹੀਂ ਜਾਣ ਦਿੰਦੇ, ਤਾਂ ਹੋਰ ਕਿਸ ਨੂੰ ਜਾਣ ਦੇਣਗੇ ਅਤੇ ਇਸ ਦਾ ਕਾਰਨ ਵੀ ਕੋਈ ਜ਼ਰੂਰ ਹੋਵੇਗਾ? ਇਹ ਗੱਲ ਵੀ ਸੋਚਣ ਵਾਲ਼ੀ ਹੈ! ਜੋਰ, ਜਿ਼ਦ ਜਾਂ ਦਬਾਓ ਨਾਲ਼ ਸਬੰਧਿਤ ਪ੍ਰੋਗਰਾਮ ਦਾ ਕਲਾਕਾਰ ਵੱਲੋਂ 'ਬਾਈਕਾਟ' ਕਰਵਾਉਣਾ ਜਾਂ ਆਪ ਕਲਾਕਾਰ ਦੇ ਸ਼ੋਅ ਦਾ ਬਾਈਕਾਟ ਕਰਨਾ ਇਸ ਮਸਲੇ ਦਾ ਹੱਲ ਨਹੀਂ! ਇਸ ਨੂੰ ਤਾਂ ਕੂਟਨੀਤਕ ਜਾਂ ਸਿਧਾਂਤਕ ਤਰੀਕੇ ਨਾਲ਼ ਹੀ ਸੁਲਝਾਇਆ ਜਾ ਸਕਦਾ ਹੈ ਕਿ ਅਸਲ ਮਸਲੇ ਦੀ 'ਜੜ੍ਹ' ਕਿੱਥੇ ਹੈ? ਇਹ ਮਸਲਾ ਕਿਉਂ ਸ਼ੁਰੂ ਹੋਇਆ? ਅਤੇ ਕਿੱਥੋਂ ਸ਼ੁਰੂ ਹੋਇਆ? ਸਕਿਊਰਿਟੀ ਵਾਲਿ਼ਆਂ ਵੱਲੋਂ ਕਿਰਪਾਨ ਪਹਿਨ ਕੇ ਅੰਦਰ ਜਾਣ ਵਾਲਿ਼ਆਂ ਨੂੰ ਰੋਕਣ ਦਾ 'ਕਾਰਨ' ਕੀ ਸੀ? ਅਤੇ ਇਸ ਨੂੰ ਸੁਲ਼ਝਾਇਆ ਕਿਵੇਂ ਜਾਵੇ? ਗੁਰਦਾਸ ਮਾਨ ਇਸ ਦੇ ਰੋਸ ਵਜੋਂ ਸ਼ੋਅ ਛੱਡ ਕੇ ਚਲਾ ਜਾਵੇ, ਜਾਂ ਉਸ ਉੱਪਰ ਗਿ਼ਲਾ-ਸਿ਼ਕਵਾ ਕਰਨ ਵਾਲ਼ੇ ਸੱਜਣ ਰੋਸ ਵਜੋਂ ਉਸ ਦੇ ਸ਼ੋਅ ਦਾ ਬਾਈਕਾਟ ਕਰ ਦੇਣ, ਇਹ ਅਸਲ ਹੱਲ ਨਹੀਂ! ਜੇ ਮਾਮਲੇ ਦੀ ਜੜ੍ਹ ਲੱਭ ਕੇ, ਉਸ ਨੂੰ ਜਿ਼ਮੇਵਾਰ ਅਫ਼ਸਰਾਂ ਨਾਲ਼ ਬੈਠ ਕੇ ਹੱਲ ਕਰ ਲਿਆ ਜਾਵੇ ਤਾਂ ਇਸ ਦੇ ਨਾਲ਼ ਦੀ ਰੀਸ ਨਹੀਂ! ਸਤਿਕਾਰਯੋਗ ਭਾਈ ਗੁਰਦਾਸ ਜੀ ਦੀ ਵਾਰ ਵਿਚ ਪੰਗਤੀਆਂ ਆਉਂਦੀਆਂ ਹਨ: ਖਾਂਡ ਖਾਂਡ ਕਹੈ ਜਿਹਬਾ ਨ ਸਵਾਦੁ ਮੀਠੋ ਆਵੈ।। ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ।। ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ।। ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ।। ਭਾਵ ਖੰਡ ਖੰਡ ਕਹੇ ਤੋਂ ਮੂੰਹ ਮਿੱਠਾ ਨਹੀਂ ਹੋ ਜਾਣਾ ਅਤੇ ਅੱਗ ਅੱਗ ਆਖੇ ਤੋਂ ਠੰਢ ਨਹੀਂ ਹਟ ਜਾਣੀਂ, ਇਸ ਲਈ ਸਾਨੂੰ ਇਸ ਦਾ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ!
ਜਿੰਨਾਂ ਕੁ ਮੈਂ ਗੁਰਦਾਸ ਮਾਨ ਨੂੰ ਜਾਣਦਾ ਹਾਂ, ਉਸ ਦੀ ਕਿਤਾਬ ਵਿਚ 'ਵਿਤਕਰਾ' ਸ਼ਬਦ ਕਿਤੇ ਵੀ ਦਰਜ਼ ਨਹੀਂ! "ਕਿਹੜਾ ਚੱਲ ਕੇ ਦੁਆਰੇ ਤੇਰੇ ਆਊ" ਤੋਂ ਲੈ ਕੇ "ਸਰਬੰਸ ਦਾਨੀਆਂ ਵੇ ਦੇਣਾਂ ਕੌਣ ਦਿਊਗਾ ਤੇਰਾ" ਤੱਕ ਉਸ ਦੇ ਗੀਤ ਸਾਂਝੀਵਾਲਤਾ ਦੇ ਪ੍ਰਤੀਕ ਹਨ। ਉਹ ਉੱਡ ਕੇ, ਗਲਵਕੜੀ ਪਾ ਕੇ ਮਿਲਣ ਵਾਲ਼ਾ ਇਨਸਾਨ ਅਤੇ ਪੰਜਾਬੀਆਂ ਪ੍ਰਤੀ ਮਨ 'ਚ ਵੈਰਾਗ ਰੱਖਣ ਵਾਲ਼ਾ ਦਰਵੇਸ਼ ਅਤੇ ਫ਼ਕੀਰ ਮਿੱਤਰ ਹੈ! ਕਸੂਰ ਉਸ ਨੇ ਕੋਈ ਕੀਤਾ ਨਹੀਂ। ਫ਼ੇਰ ਟੰਬੇ ਚੁੱਕ ਕੇ ਉਸ ਦੇ ਮਗਰ ਪੈ ਜਾਣਾ, ਕਿਹੜੀ ਭਦਰਕਾਰੀ ਹੈ? ਸੋ ਭਲੇਮਾਣਸ ਵੀਰੋ! ਸਕਿਊਰਿਟੀ ਵਾਲਿ਼ਆਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਲੋੜ ਹੈ ਕਿ ਕਿਰਪਾਨ ਸਾਡਾ ਧਾਰਮਿਕ ਅਤੇ ਅਟੁੱਟ ਚਿੰਨ੍ਹ ਹੈ, ਇਸ ਦੀ ਕਦੇ ਵੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਵਿਸ਼ਵਾਸ ਆਸਰੇ ਧਰਤੀ ਖੜ੍ਹੀ ਹੈ ਅਤੇ ਜਿੱਥੇ ਵਿਸ਼ਵਾਸ ਬੱਝ ਜਾਵੇ, ਉਥੇ ਕੋਈ 'ਤੇਰ-ਮੇਰ' ਲਈ ਜਗਾਹ ਹੀ ਨਹੀਂ ਰਹਿ ਜਾਂਦੀ! ਇਕ ਗੱਲ ਆਖ ਦੇਵਾਂ ਕਿ ਇਕੱਲੇ ਗੁਰਦਾਸ ਮਾਨ ਦੇ ਪ੍ਰੋਗਰਾਮ ਦੇ ਬਾਈਕਾਟ ਕਰਨ ਨਾਲ਼ ਕੁਝ ਨਹੀਂ ਹੋਣਾਂ! ਹੋਰ ਕਿੰਨੇ ਕਲਾਕਾਰ ਹਰ ਰੋਜ਼ ਪ੍ਰੋਗਰਾਮ ਪੇਸ਼ ਕਰਨ ਆਉਂਦੇ ਹਨ..? ਕਿਸ ਕਿਸ ਦਾ ਬਾਈਕਾਟ ਕਰਵਾਈ ਜਾਵਾਂਗੇ..? ਝਗੜੇ ਦੀ ਤਹਿ ਤੱਕ ਪਹੁੰਚਣ ਦੀ ਕੋਸਿ਼ਸ਼ ਕਰ ਕੇ ਇਸ ਨੂੰ ਮੁੱਢ ਤੋਂ ਹੀ ਨਜਿੱਠ ਲਿਆ ਜਾਵੇ ਤਾਂ ਇਸ ਤੋਂ ਵੱਡੀ ਸਿਆਣਪ ਕੋਈ ਨਹੀਂ ਹੋਵੇਗੀ। ਇਕ ਗੱਲ ਮੈਂ ਜਾਂਦਾ ਜਾਂਦਾ ਆਖ ਜਾਵਾਂ, ਕੋਈ ਮੇਰਾ ਵੀਰ ਗਲਤ ਨਾ ਸਮਝ ਲਵੇ ਕਿ ਨਾ ਤਾਂ ਮੈਂ ਕਿਰਪਾਨ ਦੇ ਖਿ਼ਲਾਫ਼ ਹਾਂ ਅਤੇ ਨਾ ਕਿਰਪਾਨ ਪਾ ਕੇ ਪ੍ਰੋਗਰਾਮ ਵਿਚ ਜਾਣ ਦੇ! ਪਰ ਜੇ ਇਸ ਲੇਖ ਕਰਕੇ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਮੈਂ ਮੁਆਫ਼ੀ ਦਾ ਖ਼ੁਆਸਤਗ਼ਾਰ ਹਾਂ!



ਹੋਰ ਪੜੋ...

...ਭਰੂਣ ਹੱਤਿਆ ਹੁੰਦੀ ਰਹੇਗੀ !

ਮਨੁੱਖਤਾ ਕਿੰਨੀ ਲਾਲਚੀ ਅਤੇ ਬੇਰਹਿਮ ਹੋ ਚੁੱਕੀ ਹੈ, ਇਸ ਦਾ ਜਵਾਬ ਨਿੱਤ ਛਪਦੀਆਂ ਅਖ਼ਬਾਰਾਂ ਦੇ ਦਿੰਦੀਆਂ ਹਨ। ਸਾਡਾ ਸਮਾਜਿਕ ਢਾਂਚਾ ਕਿਵੇਂ ਅਪਾਹਜ ਬਣਦਾ ਜਾ ਰਿਹਾ ਹੈ, ਇਸ ਦਾ ਸਬੂਤ ਸਾਡੇ ਲੀਡਰਾਂ ਦੀ ਸ਼ੈਤਾਨ ਚੁੱਪ ਹੈ! ਉਹ ਸਭ ਕੁਝ ਹੱਥ ਵੱਸ ਹੋਣ ਦੇ ਬਾਵਜੂਦ ਵੀ ਮੂੰਹ 'ਤੇ ਛਿੱਕਲ਼ੀ ਚਾੜ੍ਹ ਲੈਂਦੇ ਹਨ ਕਿ ਕਿਤੇ ਕੁਝ ਬੋਲਿਆਂ ਤੋਂ ਸਾਡਾ 'ਵੋਟ ਬੈਂਕ' ਨਾ ਖੁੱਸ ਜਾਵੇ! ਕਿਸੇ ਸਮੇਂ 'ਰੰਗਲੇ' ਅਤੇ ਅੱਜ ਦੇ 'ਕੰਗਲੇ' ਪੰਜਾਬ ਵਿਚ ਮਨੁੱਖ ਆਪਣੀਆਂ ਧੀਆਂ-ਭੈਣਾਂ ਅਤੇ ਨੂੰਹਾਂ ਨੂੰ ਬੇਰਹਿਮੀ ਨਾਲ਼ ਕਤਲ ਕਰੀ ਜਾ ਰਿਹਾ ਹੈ। ਪਰ ਲੀਡਰਾਂ ਵੱਲੋਂ ਵੱਡੇ ਵੱਡੇ ਦਮਗੱਜੇ ਮਾਰਨ ਦੇ ਬਾਵਜੂਦ ਹੋ ਕੁਝ ਵੀ ਨਹੀਂ ਰਿਹਾ। ਕਿਉਂ..?

ਇਕ ਗੱਲ ਮੈਂ ਇੱਥੇ ਦਾਅਵੇ ਨਾਲ਼ ਕਹਾਂਗਾ ਕਿ ਜੋ ਅੱਜ ਅਸੀਂ "ਭਰੂਣ ਹੱਤਿਆ - ਭਰੂਣ ਹੱਤਿਆ" ਦਾ ਰੌਲ਼ਾ ਪਾ ਰਹੇ ਹਾਂ। ਜਿੰਨਾਂ ਚਿਰ ਇਸ ਦਾਜ ਦਾ ਕੋਬਰਾ ਸੱਪ ਸਾਡੇ ਸਮਾਜ ਵਿਚ ਹੇਲ੍ਹੀਆਂ ਦਿੰਦਾ ਫਿ਼ਰਦਾ ਹੈ, ਇਸ ਭਰੂਣ ਹੱਤਿਆ ਨੂੰ ਅਸੀਂ ਕਦੇ ਵੀ ਰੋਕ ਨਹੀਂ ਸਕਾਂਗੇ! ਬਿਮਾਰੀ ਦੀ ਜੜ੍ਹ ਨੂੰ ਹੱਥ ਪਾ ਕੇ ਉਸ ਨੂੰ ਧੁਰੋਂ ਖਤਮ ਕੀਤਾ ਜਾ ਸਕਦਾ ਹੈ, ਨਹੀਂ ਚੀਸਾਂ ਦੀਆਂ ਗੋਲ਼ੀਆਂ ਕਿੰਨਾਂ ਕੁ ਚਿਰ ਦਰਦ ਨੂੰ ਦਬਾਉਂਦੀਆਂ ਰਹਿਣਗੀਆਂ? ਯਾਦ ਰੱਖੋ, ਰੋਗ ਦਿਨੋਂ ਦਿਨ ਅਸਾਧ ਬਣਦਾ ਜਾਵੇਗਾ! ਪਵਿੱਤਰ ਗੁਰਬਾਣੀ ਫ਼ੁਰਮਾਉਂਦੀ ਹੈ, "ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ।।" ਜੋ ਵੈਦ ਰੋਗ ਵੀ ਬੁੱਝ ਲਵੇ ਅਤੇ ਦਾਰੂ ਵੀ, ਉਹ ਹੀ ਸਿਆਣਾ ਵੈਦ ਹੁੰਦਾ ਹੈ! ਜੇ ਅਸੀਂ ਕੁੱਤੇ ਦੇ ਡੰਡਾ ਮਾਰਦੇ ਹਾਂ ਤਾਂ ਉਹ ਡੰਡੇ ਨੂੰ ਮੂੰਹ ਪਾਉਂਦਾ ਹੈ ਕਿ ਮੇਰੇ ਆਹ ਵੱਜਦਾ ਹੈ! ਪਰ ਜੇ ਸਿ਼ਕਾਰੀ ਬੰਦੂਕ ਨਾਲ਼ ਸ਼ੇਰ ਨੂੰ ਗੋਲ਼ੀ ਮਾਰਦਾ ਹੈ ਤਾਂ ਸ਼ੇਰ ਬੰਦੂਕ ਨੂੰ ਮੂੰਹ ਨਹੀਂ ਪਾਉਂਦਾ, ਉਹ ਸਿ਼ਕਾਰੀ ਦੇ ਗਲ਼ ਨੂੰ ਚਿੰਬੜਦਾ ਹੈ ਕਿ ਮੇਰੇ ਆਹ ਮਾਰਦਾ ਹੈ! ਸੋ ਸਾਨੂੰ ਭਰੂਣ ਹੱਤਿਆ ਦੇ ਅਸਲ ਰੋਗ ਦੀ ਜੜ੍ਹ ਨੂੰ ਪਹਿਚਾਣ ਕੇ ਉਸ ਨੂੰ ਜੜ੍ਹੋਂ ਉਖਾੜਨਾ ਹੋਵੇਗਾ। ਤਾਂ ਅਗਲਾ ਕੰਮ ਆਪਣੇ ਆਪ ਰਾਸ ਆ ਜਾਵੇਗਾ!
ਸਭ ਤੋਂ ਵੱਡਾ ਕੋਹੜ ਸਾਡੇ ਸਮਾਜ ਵਿਚ 'ਦਾਜ' ਹੈ! ਸੱਚ ਹੀ ਅੱਜ ਉਸ ਵਿਅਕਤੀ ਨੂੰ ਗਲ਼ੋਂ ਫੜਨ ਨੂੰ ਮਨ ਕਰਦਾ ਹੈ, ਜਿਸ ਨੇ ਦਹੇਜ ਦੇ ਇਹਨਾਂ ਤਿੰਨ ਅੱਖਰਾਂ ਦਾ ਸੁਮੇਲ ਕਲਪਿਆ। ਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਹੈ! ਜਦ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਅਸੀਂ ਅਗਲੀ ਚੀਜ਼ ਦੀ ਕਾਢ ਕੱਢਦੇ ਹਾਂ ਅਤੇ ਜ਼ਰੂਰ ਕੋਈ ਨਾ ਕੋਈ ਨਵੀਂ ਵਸਤੂ ਹੋਂਦ ਵਿਚ ਆਉਂਦੀ ਹੈ! ਇੱਥੇ ਸਾਰਿਆਂ ਤੋਂ ਵੱਡਾ ਸੁਆਲ ਇਹ ਉਠਦਾ ਹੈ ਕਿ ਦਹੇਜ ਦੀ ਲੋੜ ਕਿਉਂ ਪਈ? ਲੋੜ ਤਾਂ ਸ਼ਾਇਦ ਇਸ ਕਰਕੇ ਪਈ ਕਿ ਮਾਂ-ਬਾਪ ਆਪਣੀ ਧੀ ਨੂੰ 'ਬਿਗਾਨੇ' ਘਰੇ ਜਾਣ ਕਰਕੇ ਉਸ ਨੂੰ ਆਪਣੇ ਵੱਲੋਂ ਕੁਝ ਨਾ ਕੁਝ 'ਦਾਨ' ਦੇ ਰੂਪ ਵਿਚ ਦਿੰਦੇ ਸਨ ਅਤੇ ਧੀ ਦੀਆਂ ਲੋੜਾਂ ਦਾ ਮੁਢਲਾ ਸਮਾਨ ਦਾਜ ਵਿਚ ਦਿੱਤਾ ਜਾਣ ਲੱਗਿਆ। ਕਿਉਂਕਿ ਪੁਰਾਣੇ ਜ਼ਮਾਨੇ ਵਿਚ ਦਰਜਣ-ਦਰਜਣ ਭੈਣ ਭਰਾ ਹੁੰਦੇ ਸਨ। ਮਾਂ-ਬਾਪ ਜਾਂ ਕਬੀਲੇ ਵਾਲ਼ੇ ਸੋਚਦੇ ਸਨ ਕਿ ਕੁੜੀ ਵੱਡੇ ਪ੍ਰੀਵਾਰ ਵਿਚ ਜਾ ਰਹੀ ਹੈ, ਜੇ ਪ੍ਰੀਵਾਰ ਵੱਡਾ ਹੋਣ ਕਾਰਨ ਕਿਤੇ ਇਸ ਦੀ ਸੁਖ-ਸਹੂਲਤ ਵਿਚ ਸੰਕਟ ਆ ਗਿਆ ਤਾਂ ਇਹ ਆਪਣਾ ਸਮਾਨ ਕੱਢ ਕੇ ਵਰਤ ਲਵੇਗੀ! ਇੱਥੋਂ ਇਸ ਲੈਣ-ਦੇਣ ਦੀ ਸ਼ੁਰੂਆਤ ਹੋਈ!
ਉਦੋਂ ਸਕੂਲ ਸੁਵਿਧਾਵਾਂ ਘੱਟ ਹੁੰਦੀਆਂ ਸਨ ਅਤੇ ਮਾਂ-ਬਾਪ ਦੇ ਘਰ ਬੈਠੀ ਕੁਆਰੀ ਸਚਿਆਰੀ ਕੁੜੀ ਆਪਣੇ ਸਹੁਰੇ ਘਰ ਜਾਂ ਆਪਣੇ ਹੋਣ ਵਾਲ਼ੇ ਪਤੀ ਦੀ ਕਲਪਨਾ ਕਰਦੀ ਕੋਈ ਸਿਰਹਾਣਾਂ ਜਾਂ ਚਾਦਰ ਕੱਢਦੀ ਸੀ ਅਤੇ ਜਾਂ ਕੋਈ ਬਾਗ! ਦਰੀ ਬੁਣਦੀ ਸੀ ਜਾਂ ਖੇਸ! ਇਸ ਨਾਲ਼ ਉਸ ਕੁੜੀ ਦੀ ਆਪਣੇ ਹੋਣ ਵਾਲ਼ੇ ਪਤੀ ਪ੍ਰਤੀ ਸ਼ਰਧਾ ਅਤੇ ਪ੍ਰੇਮ-ਭਾਵਨਾ ਦਾ ਪ੍ਰਗਟਾਵਾ ਵੀ ਹੁੰਦਾ ਸੀ ਅਤੇ ਉਸ ਦੀ ਸੁਚੱਜੀ ਯੋਗਤਾ ਦਾ ਵੀ ਸਬੂਤ ਮਿਲ਼ਦਾ ਸੀ ਅਤੇ ਤਿਆਰ ਕੀਤੀ ਚੀਜ਼ ਪ੍ਰੀਵਾਰ ਵਿਚ ਕੰਮ ਵੀ ਆਉਂਦੀ ਸੀ। ਉਸ ਸਮੇਂ ਵੱਡੇ ਵੱਡੇ ਪ੍ਰੀਵਾਰਾਂ ਵਿਚੋਂ ਭਰਾਵਾਂ ਦਾ ਆਪਸ ਵਿਚ 'ਅੱਡ' ਹੋਣਾ ਵੀ ਕਦੇ ਨਾ ਕਦੇ ਲਾਜ਼ਮੀ ਹੁੰਦਾ ਸੀ ਅਤੇ ਮਾਂ ਬਾਪ ਸੋਚਦੇ ਸਨ ਕਿ ਅਗਰ ਕੁੜੀ ਆਪਣੇ ਸਹੁਰੇ ਪ੍ਰੀਵਾਰ ਨਾਲ਼ੋਂ ਅੱਡ ਹੁੰਦੀ ਹੈ ਤਾਂ ਉਹ ਸਾਡੇ ਵੱਲੋਂ ਦਿੱਤਾ ਗਿਆ ਸਮਾਨ ਬੇਝਿਜਕ ਅਤੇ ਨਿਰ-ਸੰਕੋਚ ਵਰਤ ਲਵੇਗੀ ਅਤੇ ਬਿਨਾ ਸ਼ੱਕ ਇਹ ਸਮਾਨ ਉਸ ਦੇ ਅੱਡ ਹੋਣ ਵਾਲ਼ੇ ਸਮੇਂ ਕੰਮ ਵੀ ਆਉਂਦਾ ਸੀ! ਸਵਰਗਵਾਸੀ ਜਗਮੋਹਣ ਕੌਰ ਦਾ ਗੀਤ, "ਬਾਪੂ ਵੇ ਅੱਡ ਹੁੰਨੀ ਐਂ...!" ਇਸ ਗੱਲ ਦੀ ਹਾਂਮ੍ਹੀਂ ਭਰਦਾ ਜਾਪਦਾ ਹੈ!
ਪਰ ਹੁਣ ਵੱਡਾ ਸੁਆਲ ਇਹ ਉਠਦਾ ਹੈ ਕਿ ਸਾਡੇ ਸੁਆਰਥੀ ਲੋਕ ਇਸ 'ਦਾਜ' ਦੇ ਨਾਂ 'ਤੇ 'ਵਪਾਰ' ਕਿਉਂ ਕਰਨ ਲੱਗ ਪਏ? ਆਖਰ ਇਸ ਲੋੜੀਂਦੀ 'ਮੱਦਦ' ਨੂੰ 'ਕਲੰਕ' ਬਣਾ ਕੇ ਜੱਗ ਦੀਆਂ ਰੀਤਾਂ ਰਿਵਾਜਾਂ ਵਿਚ ਸ਼ਾਮਲ ਕਿਉਂ ਕਰ ਲਿਆ ਗਿਆ? ਵਪਾਰ ਹੀ ਤਾਂ ਹੈ! ਮੁੰਡੇ ਦਾ ਮੁੱਲ ਵੱਟ ਕੇ ਫ਼ੇਰ ਵਿਆਹੁੰਣਾ! ਫ਼ੇਰ ਉਲਾਂਭਾ ਕਿਸ ਮੂੰਹ ਨਾਲ਼ ਦਿੰਦੇ ਨੇ ਕਿ ਸਾਡੀ ਨੂੰਹ ਸਾਡੀ 'ਸੇਵਾ' ਨਹੀਂ ਕਰਦੀ ਜਾਂ ਸਾਨੂੰ ਚੰਗਾ ਨਹੀਂ ਸਮਝਦੀ? ਜਿਹੜੀ ਨੂੰਹ ਦੀ ਧੌਣ 'ਤੇ ਗੋਡਾ ਧਰ ਕੇ ਟੈਲੀਵੀਯਨ, ਫ਼ਰਿੱਜ ਜਾਂ ਹੋਰ ਐਸ਼ ਅਤੇ ਮਨੋਰੰਜਨ ਦੀਆਂ ਚੀਜ਼ਾਂ ਮੰਗਵਾਉਂਦੇ ਹੋ ਅਤੇ ਫਿ਼ਰ ਉਸ ਤੋਂ ਬਾਅਦ ਇਹ 'ਬੋਕ ਝਾਕ' ਵੀ ਰੱਖਦੇ ਹੋ ਕਿ ਸਾਡੀ ਨੂੰਹ ਸਾਨੂੰ ਚੰਗਾ ਵੀ ਸਮਝੇ ਅਤੇ ਸਾਡੀਆਂ ਲੱਤਾਂ ਵੀ ਘੁੱਟੇ? ਦਿਲ ਉਸ ਨੂੰ ਨਿੱਘੀ ਪ੍ਰਵਾਨਗੀ ਦਿੰਦਾ ਹੈ, ਜੋ ਤੁਹਾਨੂੰ ਧੁਰ ਹਿਰਦੇ ਤੋਂ ਪ੍ਰੇਮ ਕਰਦਾ ਹੈ! ਜਿਹੜੀ ਚੀਜ਼ ਨੂੰ ਅੱਖਾਂ ਨਹੀਂ ਝੱਲਦੀਆਂ, ਉਸ ਨੂੰ ਜੀਭ ਕਦ ਝੱਲੇਗੀ? ਮੈਨੂੰ ਇਕ ਗੱਲ ਯਾਦ ਆ ਗਈ। ਮੇਰੀ ਵੱਡੀ ਸਾਲ਼ੀ ਦੇ ਮੁੰਡੇ ਦਾ ਵਿਆਹ ਸੀ। ਵਿਆਹ 'ਤੇ ਤਾਂ ਮੈਂ ਭਾਰਤ ਗਿਆ ਹੋਣ ਕਾਰਨ ਜਾ ਨਾ ਸਕਿਆ। ਪਰ ਉਸ ਤੋਂ ਬਾਅਦ ਮੈਨੂੰ ਅਤੇ ਮੇਰੇ ਘਰਵਾਲ਼ੀ ਨੂੰ ਮੇਰੀ ਸਾਲ਼ੀ ਅਤੇ ਸਾਢੂ ਨੇ ਵਿਸ਼ੇਸ਼ ਤੌਰ 'ਤੇ ਸੱਦਿਆ ਅਤੇ ਸਾਨੂੰ ਕੱਪੜੇ ਬਗੈਰਾ ਦਿੱਤੇ ਗਏ। ਮੈਂ ਚਾਹ ਪੀਂਦਿਆਂ ਆਪਣੇ ਸਾਢੂ ਨੂੰ ਪੁੱਛਿਆ, "ਬਾਈ..! ਸਾਰੀ ਜਿ਼ੰਦਗੀ ਤੂੰ ਵੀ ਦਾਜ ਦੇ ਖਿ਼ਲਾਫ਼ ਹੀ ਰਿਹੈਂ ਤੇ ਮੈਂ ਵੀ! ਨਾ ਮੈਂ ਦਾਜ ਲਿਐ ਤੇ ਨਾ ਤੂੰ..! ਤੇ ਹੁਣ ਆਹ ਕੀ ਕਰੀ ਜਾਨੈਂ..?" ਤੇ ਬਾਈ ਆਖਣ ਲੱਗਿਆ, "ਮੈਂ ਕੁਛ ਨ੍ਹੀ ਕੀਤਾ..! ਮੈਂ ਤਾਂ ਆਪਦੇ ਕੁੜਮਾਂ ਨੂੰ ਬਥੇਰਾ ਰੋਕਿਆ, ਪਰ ਉਹ ਕਹਿੰਦੇ ਜੇ ਅਸੀਂ ਲੈਣ ਦੇਣ ਨਾ ਕੀਤਾ ਤਾਂ ਸਾਡਾ ਨੱਕ ਨਹੀਂ ਰਹਿਣਾ..!" ਨਾ ਤਾਂ ਸਾਡੇ ਕੋਲ ਬਾਈ ਦਾ ਕੁੜਮ ਸੀ ਅਤੇ ਨਾ ਹੀ ਮੈਂ ਹੋਰ ਕਿਸੇ ਨਾਲ ਦਲੀਲਬਾਜ਼ੀ ਕਰ ਸਕਦਾ ਸੀ। ਸੋ ਚੁੱਪ ਰਹਿਣਾ ਹੀ ਬਿਹਤਰ ਸਮਝਿਆ।
ਮੇਰੇ ਵੱਡੇ ਸਾਲ਼ੀ ਸਾਹਿਬਾਂ ਲੋਕਾਂ ਨੂੰ ਹਮੇਸ਼ਾ ਇਕ 'ਦਲੀਲ' ਦਿੰਦੇ ਹੁੰਦੇ ਹਨ ਕਿ ਸਾਡੇ ਪਿਉ ਨੇ ਸਾਨੂੰ ਪਾਲ਼ ਦਿੱਤਾ, ਪੜ੍ਹਾ ਦਿੱਤਾ, ਅਸੀਂ ਦਾਜ ਕਾਹਦੇ ਵਾਸਤੇ ਲਿਆਉਣਾ ਸੀ? ਮੈਂ ਦਾਜ ਲਿਆਉਣ ਦੇ ਹੱਕ ਵਿਚ ਵੀ ਨਹੀਂ ਹਾਂ! ਪਰ ਹੁਣ ਮੈਂ ਆਪਣੀ ਸਾਲ਼ੀ ਸਾਹਿਬਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਸਾਲ਼ੀ ਸਾਹਿਬਾਂ, ਜੋ ਤੁਹਾਡੀ ਇੰਗਲੈਂਡ ਵਿਚ ਜੰਮੀ ਪਲ਼ੀ ਨੂੰਹ ਆਈ ਹੈ, ਉਸ ਦੇ ਪਿਉ ਨੇ ਉਹ 'ਅਨਪੜ੍ਹ' ਹੀ ਤੁਹਾਡੇ ਘਰੇ ਤੋਰ ਦਿੱਤੀ? ਜੇ ਤੁਹਾਡੀ ਨੂੰਹ ਵੀ ਪੜ੍ਹ ਲਿਖ ਕੇ ਤੁਹਾਡੇ ਘਰ ਆਈ ਹੈ ਤਾਂ ਫਿ਼ਰ ਹੁਣ ਦਾਜ ਅਤੇ ਹੋਰ ਲਟਰਮ ਪਟਰਮ ਕਿਉਂ? ਹੁਣ ਕਿਉਂ ਨਾ ਉਹਨਾਂ ਨੂੰ ਸਖ਼ਤੀ ਨਾਲ਼ ਮਨ੍ਹਾਂ ਕੀਤਾ ਕਿ ਅਸੀਂ ਦਾਜ ਨਹੀਂ ਲੈਣਾਂ? ਫਿ਼ਰ ਪਿੰਡਾ ਅਗਾਂਹ ਤੇ ਪੁੱਤਾ ਪਿਛਾਂਹ ਦਾ ਸਿਧਾਂਤ ਕਿਉਂ? ਪਰ ਤੁਹਾਡੀ ਦਲੀਲ ਵੀ ਉਥੇ ਚੱਲਦੀ ਹੈ, ਜਿੱਥੇ ਕੋਈ ਤੁਹਾਡੀ ਦਲੀਲ ਸੁਣਨ ਵਾਲ਼ਾ ਹੋਵੇ! ਨਹੀਂ ਕੱਟੇ ਦੇ ਅੱਗੇ ਵੰਝਲੀ ਵਜਾਉਣ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਉਸ ਨੂੰ ਸੁਰਾਂ ਦੀ ਸਮਝ ਨਹੀਂ ਹੁੰਦੀ! ਉਸ ਨੂੰ ਤਾਂ ਗੋਹੇ ਨਾਲ਼ ਲਿੱਬੜੀ ਪੂਛ ਘੁੰਮਾ ਕੇ ਮੂੰਹ 'ਤੇ ਮਾਰਨ ਦੀ ਹੀ ਜਾਂਚ ਹੁੰਦੀ ਹੈ! ਜੇ ਅਗਲਾ ਆਪ ਦੀ ਦਲੀਲ ਜਬਰੀ ਮੰਨਵਾਉਣ ਲਈ ਆਖੇ ਕਿ ਜੀ ਅਸੀਂ ਤਾਂ ਕੁਛ ਮੰਗਿਆ ਹੀ ਨਹੀਂ ਸੀ, ਅਗਲੇ ਨੇ ਆਪਦੀ ਕੁੜੀ ਨੂੰ ਸ਼ਰੀਕੇ ਕਬੀਲੇ ਵਿਚ ਆਪਣਾ 'ਨੱਕ' ਰੱਖਣ ਲਈ ਮੱਲੋਮੱਲੀ ਦੇ ਦਿੱਤਾ, ਤਾਂ ਕੀ ਉਥੇ ਦਾਜ ਲੈਣ ਵਾਲ਼ੇ ਦਾਜ ਲੈਣ ਦੇ ਦੋਸ਼ ਤੋਂ ਮੁਕਤ ਹੋ ਗਏ?
ਹਰ ਮਾਂ-ਬਾਪ ਨੂੰ ਆਪਣੇ ਧੀ-ਪੁੱਤ ਜੁਆਨ ਹੋਣ ਅਤੇ ਜੁਆਨ ਦੇਖਣ ਦਾ ਚਾਅ ਹੁੰਦਾ ਹੈ। ਜੁਆਨ ਹੋਣ 'ਤੇ ਪੁੱਤ ਨੂੰ ਵਿਆਹ ਕੇ ਨੂੰਹ ਘਰੇ ਲਿਆਉਣ ਦਾ ਉਤਨਾਂ ਚਾਅ ਨਹੀਂ ਹੁੰਦਾ, ਜਿੰਨਾਂ ਨੂੰਹ ਦੇ ਦਾਜ ਆਉਣ ਦਾ ਚਾਅ ਹੁੰਦਾ ਹੈ। ਜਦ ਨੂੰਹ ਘਰ ਆਉਂਦੀ ਹੈ ਤਾਂ ਘਰ ਵਾਲ਼ੇ ਮੱਝ ਵਾਂਗ ਸੰਗਲ਼ ਜਿਹੇ ਤੁੜਾ ਕੇ ਦਾਜ ਨੂੰ ਪੱਬਾਂ ਭਾਰ ਹੋ ਕੇ ਤਫ਼ਤੀਸ਼ ਜਿਹੀ ਕਰਦੇ ਅਤੇ ਨਜ਼ਰਾਂ ਨਾਲ਼ ਤੋਲਦੇ ਹਨ। ਜੇ ਕਿਸੇ ਗਰੀਬ ਨੇ ਸਮਰੱਥਾ ਨਾ ਹੋਣ ਕਾਰਨ ਦਾਜ ਘੱਟ ਦਿੱਤਾ ਹੋਵੇ ਤਾਂ ਸੌ ਨੱਕ ਬੁੱਲ੍ਹ ਮਾਰੇ ਜਾਂਦੇ ਨੇ ਅਤੇ ਨਵੀਂ ਵਿਆਹੀ ਆਈ ਦੇ ਨਾਸੀਂ ਧੂੰਆਂ ਲਿਆਂਦਾ ਜਾਂਦਾ ਹੈ, "ਤੇਰੇ ਪਿਉ ਨੇ ਤਾਂ ਬੜਾ ਨਿੱਕਾ ਕੱਤਿਆ ਕੁੜ੍ਹੇ..!" ਅੱਜ ਦੇ ਜ਼ਮਾਨੇ ਵਿਚ ਵਿਚ ਕਈ ਬੇਕਿਰਕ ਮਾਪੇ ਆਪਣੇ 'ਸੁੱਖੀ ਲੱਧੇ' ਪੁੱਤ ਦਾ 'ਸੌਦਾ' ਕਰਕੇ ਸਹੁਰੇ ਘਰੋਂ ਲਹੂ-ਪਸੀਨੇ ਨਾਲ਼ ਕਮਾਇਆ ਧਨ 'ਮੁੱਛ' ਲਿਆਉਂਦੇ ਹਨ ਅਤੇ ਸ਼ਰੀਕੇ ਕਬੀਲੇ ਵਿਚ ਆਪਣੀ ਅਖੌਤੀ ਹੈਂਕੜ ਨੂੰ ਖਲ਼ ਚਾਰਦੇ ਹਨ! ਇਹੀ ਕਾਰਨ ਹੈ ਕਿ ਅੱਜ ਕੱਲ੍ਹ ਦਿਲਾਂ ਦਾ ਪਿਆਰ ਸਤਿਕਾਰ ਤਾਂ ਮਨੁੱਖਤਾ ਵਿਚੋਂ ਖੰਭ ਲਾ ਕੇ ਉਡ ਗਿਆ ਹੈ। ਜਿਹੜੀ ਨੂੰਹ ਮਜਬੂਰੀ ਕਾਰਨ ਆਪਣੇ ਮਾਂ-ਬਾਪ ਦੇ ਗਲ਼ 'ਤੇ ਆਰੀ ਧਰ ਕੇ ਦਾਜ ਲੈ ਕੇ ਆਈ ਹੁੰਦੀ ਹੈ, ਸਹੁਰੇ ਘਰ ਪੈਰ ਲੱਗਣ 'ਤੇ ਉਹ ਸਾਰੀ ਉਮਰ ਆਪਣੇ ਸਹੁਰੇ ਘਰ ਨੂੰ ਕੋਸਦੀ ਪਿੱਟਦੀ ਰਹਿੰਦੀ ਹੈ ਅਤੇ ਕਦੇ ਕਦੇ ਗੱਲ ਤਲਾਕ 'ਤੇ ਜਾ ਕੇ ਨਿੱਬੜਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਕੁੜੀ ਦਾ ਪੇਕਾ ਘਰ ਫ਼ਸਿਆ ਫ਼ਸਾਇਆ ਇਕ ਵਾਰ ਤਾਂ ਦਾਜ ਦੇਣ ਦਾ 'ਹੂਲ਼ਾ' ਫ਼ੱਕ ਲੈਂਦਾ ਹੈ। ਪਰ ਕੁੜੀ ਸਾਰੀ ਜਿ਼ੰਦਗੀ ਸਹੁਰੇ ਘਰ ਨਾਲ਼ ਮਨ ਨਹੀਂ ਮਿਲ਼ਾਉਂਦੀ! ਉਹਨਾਂ ਨੂੰ ਅੱਖ-ਤਿਣ ਹੀ ਰੱਖਦੀ ਹੈ ਅਤੇ ਮਾਨਸਿਕ ਤੌਰ 'ਤੇ ਅੰਦਰੇ ਅੰਦਰ ਵਿਸ਼ ਘੋਲ਼ਦੀ ਰਹਿੰਦੀ ਹੈ!
ਇਸ ਦਾ ਦੂਜਾ ਪੱਖ ਇਹ ਹੈ ਕਿ ਜਦ ਧੀ ਧਰੇਕ ਵਾਂਗ ਦਿਨੋਂ ਦਿਨ ਜੁਆਨ ਹੋਣ ਲੱਗਦੀ ਹੈ ਤਾਂ ਉਸ ਦੇ ਵਿਆਹ ਦੀ ਚਿੰਤਾ ਮਾਪਿਆਂ ਦੇ ਦਿਲ ਨੂੰ ਖੋਰਨ ਲੱਗਦੀ ਹੈ ਅਤੇ ਇਸ ਦੇ ਨਾਲ਼ ਨਾਲ਼ ਦਾਜ ਦੀ ਸੋਚ ਦਹਿਲੀਜਾਂ ਆਣ ਟੱਪਦੀ ਹੈ। ਖ਼ਾਸ ਤੌਰ 'ਤੇ ਇਹ ਸੋਚ ਮਾਪਿਆਂ ਦੀ ਮਾਨਸਿਕਤਾ 'ਤੇ ਘਰੂਟ ਮਾਰਨ ਲੱਗਦੀ ਹੈ ਅਤੇ ਜਜ਼ਬਾਤਾਂ ਨੂੰ ਲਹੂ ਲੁਹਾਣ ਕਰਦੀ ਹੈ। ਮੇਰੇ ਮਿੱਤਰ ਬਾਈ ਕੁਲਦੀਪ ਮਾਣਕ ਨੇ ਇਕ ਵਾਰ ਕਿਹਾ ਸੀ ਕਿ ਜੇ ਸਾਡੇ ਸਮਾਜ ਵਿਚ ਦਾਜ ਦਾ ਨੁੱਗਾ ਨਾ ਹੁੰਦਾ ਤਾਂ ਧੀ ਨੂੰ ਕੋਈ ਬੁਰਾ ਨਾ ਆਖਦਾ। ਇਸ ਬਾਰੇ ਸਟੇਜ਼ਾਂ ਉਪਰ ਹਿੱਕ 'ਤੇ ਧੱਫ਼ੇ ਮਾਰ ਕੇ ਟਾਹਰਾਂ ਮਾਰਨ ਵਾਲਿ਼ਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ! ਸਾਡੇ ਸਮਾਜ ਵਿਚ ਉਹ 'ਗਿੱਦੜਮਾਰ' ਵੀ ਹਨ, ਜਿੰਨ੍ਹਾਂ ਦੀ ਕਥਨੀ ਅਤੇ ਕਰਨੀ ਕਦੇ ਵੀ ਹਾਣੀ ਹੋ ਕੇ ਨਹੀਂ ਤੁਰਦੀ, ਸਗੋਂ ਜੋ ਉਹ ਦਾਅਵੇ ਕਰਦੇ ਹਨ, ਉਸ ਤੋਂ ਸਰਾਸਰ ਉਲਟ ਵਗਦੇ ਹਨ! ਮੁੰਡੇ ਵਾਲਿ਼ਆਂ ਵੱਲੋਂ ਮੂੰਹ ਪਾੜ ਕੇ ਮੰਗਣਾ ਅਤੇ ਕੁੜੀ ਵਾਲਿ਼ਆਂ ਵੱਲੋਂ ਉਹਨਾਂ ਦੇ ਬੋਲਾਂ 'ਤੇ 'ਫ਼ੁੱਲ' ਚੜਾਉਣਾ ਇਕ ਮਜਬੂਰੀ ਅਤੇ ਗਲ਼ਘੋਟੂ ਬਣ ਕੇ ਰਹਿ ਗਿਆ ਹੈ! ਘੱਟ ਦਾਜ ਦੇਣ 'ਤੇ ਅਗਲੇ ਦੀ ਧੀ ਦੀ ਜਿ਼ੰਦਗੀ ਸਿ਼ਕਾਰੀਆਂ ਦੀ ਮਾਰ ਵਿਚ ਆਏ ਖ਼ਰਗੋਸ਼ ਵਰਗੀ ਬਣ ਜਾਂਦੀ ਹੈ! ਸਹੁਰੇ ਘਰ ਅਤੀਅੰਤ ਘ੍ਰਿਣਾਂ ਭਰਿਆ ਵਤੀਰਾ ਅਤੇ ਪਸ਼ੂਆਂ ਵਰਗਾ ਵਰਤਾਉ ਉਹਨਾਂ ਦਾ ਜਿਉਣਾ ਮੁਹਾਲ ਕਰੀ ਰੱਖਦਾ ਹੈ। ਕਿਸੇ ਮਿੱਤਰ ਨੇ ਇਕ ਗੱਲ ਸੁਣਾਈ। ਇਕ ਵਾਰ ਕਿਸੇ ਦੇ ਘਰ ਕੋਈ ਮਹਿਮਾਨ ਆ ਗਿਆ। ਮਾਂ ਨੇ ਪੁੱਤ ਸੱਜਰਾ ਹੀ ਵਿਆਹਿਆ ਸੀ। ਦਾਜ ਘੱਟ ਲਿਆਉਣ ਕਰਕੇ ਨੂੰਹ 'ਤੇ ਤਾਂ ਮਾਤਾ ਜੀ ਪਹਿਲਾਂ ਹੀ ਅੱਕੇ ਰਹਿੰਦੇ ਸਨ। ਆਂਢ ਗੁਆਂਢ ਅਤੇ ਸ਼ਰੀਕੇ ਵਿਚ ਤਾਂ ਮਾਤਾ ਜੀ ਦਾ ਨੱਕ 'ਵੱਢਿਆ' ਗਿਆ ਸੀ! ਐਹੋ ਜਿਹੀਆਂ ਸੱਸਾਂ ਦੇ ਤਾਂ ਰੱਬ ਨੂੰ ਨੱਕ ਨਹੀਂ, ਹਾਥੀ ਦੀ ਸੁੰਡ ਲਾਉਣੀ ਚਾਹੀਦੀ ਸੀ। ਜੇ ਪੰਜ ਸੱਤ ਨੂੰਹਾਂ ਦੇ ਆਉਣ 'ਤੇ ਹਰ ਵਾਰ ਨੱਕ ਚਾਰ ਉਂਗਲਾਂ ਵੱਢਿਆ ਵੀ ਜਾਂਦਾ ਤਾਂ ਸਾਹ ਲੈਣ ਜੋਕਰਾ ਤਾਂ ਫ਼ੇਰ ਵੀ ਬਾਕੀ ਬਚ ਜਾਂਦਾ! ....ਖ਼ੈਰ, ਅੱਤ ਦੀ ਗਰਮੀ ਹੋਣ ਕਾਰਨ ਅੱਕਲ਼ਕਾਨ ਹੋਏ ਮਹਿਮਾਨ ਨੇ ਆ ਕੇ ਠੰਢੇ ਪਾਣੀ ਦੀ ਮੰਗ ਰੱਖੀ ਤਾਂ ਸੱਸ ਘਰੋੜਵੇਂ ਸ਼ਬਦਾਂ ਵਿਚ ਬੋਲੀ, "ਕੁੜ੍ਹੇ ਨੂੰਹ ਰਾਣੀ..! ਆਹ ਤੇਰੇ ਮਾਸੜ ਜੀ ਆਏ ਨੇ..! ਇਹਨਾਂ ਨੂੰ ਠੰਢਾ ਪਾਣੀ ਲਿਆ ਕੇ ਦੇਹ ਫ਼ਰਿੱਜ 'ਚੋਂ, ਜਿਹੜਾ ਤੇਰੇ ਪੇਕਿਆਂ ਨੇ ਦਿੱਤਾ ਸੀ..! ਉਹਦਾ ਪਾਣੀ ਬਲਾਅ ਠੰਢਾ ਹੁੰਦੈ..!" ਅਸਲ ਵਿਚ ਨੂੰਹ ਰਾਣੀ ਦਾਜ ਵਿਚ ਕੋਈ ਫ਼ਰਿੱਜ ਲੈ ਕੇ ਹੀ ਨਹੀਂ ਆਈ ਸੀ। ਉਸੇ ਦਿਨ ਨੂੰਹ ਰਾਣੀ ਨੇ ਆਪਣੇ ਬਾਪ ਦੀ ਹਿੱਕ 'ਤੇ ਅੜੀ ਦੀ ਬੰਦੂਕ ਧਰ ਲਈ ਕਿ ਮੈਨੂੰ ਜਲਦੀ ਫ਼ਰਿੱਜ ਲਿਆ ਕੇ ਭੇਜੋ, ਜਿੱਥੋਂ ਮਰਜ਼ੀ ਐ ਪੈਸਿਆਂ ਦਾ ਪ੍ਰਬੰਧ ਕਰੋ, ਮੈਨੂੰ ਸਹੁਰੇ ਘਰ ਵਿਚ ਨਿੱਤ ਤਾਹਨੇ ਮਿਹਣੇ ਮਿਲ਼ਦੇ ਨੇ! ਦੱਸੋ ਉਹ ਨੂੰਹ ਸਹੁਰੇ ਘਰ ਨੂੰ ਕਿਵੇਂ ਚੰਗਾ ਸਮਝੇਗੀ, ਜਿਸ ਨੂੰ ਰਿਸ਼ਤੇਦਾਰਾਂ ਵਿਚ ਸ਼ਰੇਆਮ 'ਨਸ਼ਤਰ' ਲਾਏ ਜਾ ਰਹੇ ਹਨ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ?
ਦਾਜ ਦਹੇਜ ਕਾਰਨ ਮਾਰ ਮਰਾਈ ਅਜੇ ਵੀ ਜਾਰੀ ਹੈ, ਜੋ ਵਾਕਿਆ ਹੀ ਚਿੰਤਾਜਨਕ ਹੈ! ਇਕ ਚੰਗੀ ਪੜ੍ਹੀ ਲਿਖੀ, ਅਮੀਰ ਘਰਾਣੇ ਦੀ ਕੁੜੀ ਮੇਰੇ ਸਾਹਮਣੇ ਟਾਹਰਾਂ ਮਾਰ ਰਹੀ ਸੀ, "ਕੁੱਸਾ ਜੀ, ਮੈਂ ਤਾਂ ਆਬਦੇ ਮਾਂ ਬਾਪ ਨੂੰ ਸ਼ਰੇਆਮ ਠੋਕ ਕੇ ਕਿਹਾ ਹੋਇਐ, ਬਈ ਜੇ ਤੁਸੀਂ ਮੇਰੇ ਵਿਆਹ 'ਤੇ ਪੱਚੀ ਤੀਹ ਲੱਖ ਲਾਵੋਂਗੇ, ਮੈਂ ਤਾਂ ਵਿਆਹ ਕਰੂੰਗੀ, ਨਹੀਂ ਮੈਂ ਵਿਆਹ ਈ ਨ੍ਹੀ ਕਰਵਾਉਣਾ...!" ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੇ ਘਰਦੇ ਪੱਚੀ ਤੀਹ ਤਾਂ ਕੀ, ਪੰਜਾਹ ਲੱਖ ਲਾਉਣ ਦੀ ਸਮਰੱਥਾ ਵੀ ਰੱਖਦੇ ਸਨ। ਪਰ ਇਹ ਸਾਰਾ ਅਡੰਬਰ ਕਾਹਦੇ ਵਾਸਤੇ? ਮੈਂ ਉਸ ਕੁੜੀ ਨੂੰ ਕਿਹਾ, "ਜੇ ਕੋਈ ਅਣਪੜ੍ਹ ਕੁੜੀ ਮੈਨੂੰ ਆਹ ਗੱਲ ਆਖ ਦਿੰਦੀ ਤਾਂ ਮੈਂ ਗਿ਼ਲਾ ਸਿ਼ਕਵਾ ਨਾ ਕਰਦਾ..! ਪਰ ਤੇਰੀ ਪੜ੍ਹੀ ਲਿਖੀ ਸੋਚ 'ਤੇ ਮੈਨੂੰ ਤਰਸ ਨਹੀਂ ਆਉਂਦਾ, ਅਫ਼ਸੋਸ ਹੋ ਰਿਹੈ!" ਉਹ ਬੇਪਰਵਾਹ ਹੋ ਕੇ ਆਖਣ ਲੱਗੀ, "ਕੁੱਸਾ ਜੀ, ਬੰਦਾ ਇਕ ਵਾਰੀ ਜਿਉਂਦੈ ਤੇ ਸ਼ਾਦੀ ਦੀ ਖ਼ੁਸ਼ੀ ਵੀ ਜਿ਼ੰਦਗੀ ਵਿਚ ਇਕ ਵਾਰ ਆਉਂਦੀ ਐ..!" ਉਸ 'ਪੜ੍ਹੀ ਲਿਖੀ' ਕੁੜੀ ਨਾਲ਼ ਮੈਂ ਮਗਜ਼ਮਾਰੀ ਕਰਨੀ ਆਪਣੀ ਬੇਵਕੂਫ਼ੀ ਸਮਝੀ। ਮੈਂ ਉਸ ਨੂੰ ਕਹਿਣ ਤਾਂ ਲੱਗਿਆ ਸੀ ਕਿ ਜੇ ਤੇਰੇ ਵਰਗੀਆਂ ਪੜ੍ਹੀਆਂ ਲਿਖੀਆਂ ਸਮਾਜ ਨੂੰ ਸੁਧਾਰਨ ਦੀ ਵਜਾਏ ਬਾਪ ਦੇ ਅਮੀਰਪੁਣੇ ਦੀ ਧੌਂਸ ਵਿਚ ਖ਼ਤਾਨਾ ਨੂੰ ਲਈ ਜਾ ਰਹੀਆਂ ਹਨ, ਤਾਂ ਅਨਪੜ੍ਹਾਂ ਨੂੰ ਕੀ ਮਿਹਣਾ ਦੇਣਾ ਹੋਇਆ? ਚੱਲ ਉਸ ਕੁੜੀ ਦਾ ਬਾਪ ਤਾਂ ਪੱਚੀ ਤੀਹ ਲੱਖ ਦੇਣ ਦੀ ਸਮਰੱਥਾ ਰੱਖਦਾ ਹੈ, ਦੇ ਵੀ ਦੇਵੇਗਾ! ਪਰ ਜਿੰਨ੍ਹਾਂ ਕੋਲ਼ ਪੱਚੀ ਤੀਹ ਲੱਖ ਨਹੀਂ, ਉਹ ਕੀ ਕਰਨ? ਭੇਡ ਨੂੰ ਦੇਖ ਕੇ ਭੇਡ ਖੂਹ ਵਿਚ ਤਾਂ ਛਾਲ਼ ਮਾਰੇਗੀ ਹੀ ਮਾਰੇਗੀ, ਪਿਉ ਚਾਹੇ ਕਰਜ਼ਾਈ ਹੋ ਕੇ ਕਿਸੇ ਗੱਡੀ ਥੱਲੇ ਆ ਜਾਵੇ ਜਾਂ ਜ਼ਹਿਰ ਪੀ ਕੇ ਖ਼ੁਦਕਸ਼ੀ ਹੀ ਕਰ ਲਵੇ! ਉਹ ਕੁੜੀ ਵਾਰ ਵਾਰ ਇੱਕੋ ਗੱਲ 'ਤੇ ਜੋਰ ਦੇ ਰਹੀ ਸੀ, "ਮੇਰੇ ਨਾਲ਼ ਜੋ ਕੁੜੀਆਂ ਕਾਲਜ ਵਿਚ ਪੜ੍ਹਦੀਆਂ ਸਨ, ਉਹਨਾਂ ਨੂੰ ਮੈਂ ਨਿੱਤ ਆਖ ਕੇ ਚਿੜਾਉਂਦੀ ਹੁੰਦੀ ਸੀ ਕਿ ਮੈਂ ਤੁਹਾਡੇ ਸਾਰੀਆਂ ਨਾਲ਼ੋਂ ਵੱਧ ਦਾਜ ਲੈ ਕੇ ਜਾਵਾਂਗੀ ਤੇ ਪੱਚੀ ਤੀਹ ਲੱਖ ਵਿਆਹ 'ਤੇ ਖ਼ਰਚ ਕਰਵਾਵਾਂਗੀ, ਤੇ ਉਹ ਗੱਲ ਮੈਂ ਪੂਰੀ ਕਰ ਕੇ ਹਟਣੀ ਹੈ ਤੇ ਕੁੜੀਆਂ ਨੂੰ ਕਰ ਕੇ ਵੀ ਦਿਖਾਉਣੀ ਹੈ, ਮੇਰੇ ਨਾਲ਼ ਪੜ੍ਹਦੀ ਕੁੜੀ ਦੇ ਪਿਉ ਨੇ ਉਸ ਦੇ ਵਿਆਹ 'ਤੇ ਵੀਹ ਲੱਖ ਖਰਚਿਆ ਸੀ, ਤੇ ਮੈਂ ਆਪਦੇ ਬਾਪ ਤੋਂ ਪੱਚੀ ਜਾਂ ਤੀਹ ਲੱਖ ਲੁਆਵਾਂਗੀ...!" ਦੱਸੋ ਇਹੋ ਜਿਹੀ ਬਿਮਾਰ ਮਾਨਸਿਕਤਾ ਵਾਲ਼ੀ ਕੁੜੀ ਨੂੰ ਬੰਦਾ ਕੀ ਆਖੇ, ਜੋ ਬਾਪ ਦੇ ਪੈਸੇ ਦੇ ਸਿਰ 'ਤੇ ਹੀ ਬੈਠਕਾਂ ਕੱਢੀ ਜਾ ਰਹੀ ਹੈ? ਕੀ ਪੱਚੀ ਤੀਹ ਲੱਖ ਲੁਆ ਕੇ ਉਹ ਕੁੜੀ ਜਿ਼ੰਦਗੀ ਭਰ ਖ਼ੁਸ਼ ਰਹੇਗੀ? ਮੇਰੀ ਨਜ਼ਰ ਵਿਚ, ਨਹੀਂ! ਜੇ ਪੈਸੇ ਦੇ ਜੋਰ 'ਤੇ ਅਸੀਂ ਇਕ ਖ਼ੂਹ ਬੰਦ ਕਰਦੇ ਹਾਂ ਤਾਂ ਅੱਗੇ ਦਸ ਖਾਤੇ ਹੋਰ ਖੁੱਲ੍ਹ ਜਾਂਦੇ ਨੇ! ਖਾੜਕੂਵਾਦ ਵੇਲ਼ੇ ਲੋਕਾਂ ਨੂੰ ਇਸ ਪੱਖੋਂ ਜ਼ਰੂਰ ਕੁਝ ਸੁਖ ਦਾ ਸਾਹ ਆਇਆ ਸੀ। ਪਰ ਲਹਿਰ ਦੇ ਦਬਣ ਤੋਂ ਬਾਅਦ ਉਹੀ ਬੈਹਾਂ ਅਤੇ ਉਹੀ ਕੁਹਾੜੀ ਖੜ੍ਹੀ ਹੋ ਗਈ।
ਮੈਂ ਨਿੱਜੀ ਤੌਰ 'ਤੇ ਕਈ ਧਰਮ ਦੇ 'ਠੇਕੇਦਾਰ' ਵੀ ਦੇਖੇ ਹਨ, ਜੋ ਆਪਣੇ ਆਪ ਨੂੰ ਬੜੇ 'ਧਰਮੀ' ਅਤੇ ਅਸੂਲਾਂ ਦੇ 'ਨਾਨੇ' ਅਖਵਾਉਂਦੇ ਹਨ। ਪਰ ਅੰਦਰੋਂ ਕੀ ਹਨ...? "ਤੇਰਾ ਦਿੱਤਾ ਖਾਵਣਾ" ਕਹਿ ਕੇ ਜ਼ੁਲਮ ਢਾਹੁੰਣ ਵਾਲ਼ੇ ਬੁੱਚੜ, ਅਹਿਸਾਨ ਫ਼ਰਾਮੋਸ਼, ਅਕ੍ਰਿਤਘਣ, ਹਾਉਮੈ-ਗ੍ਰਸੇ ਅਤੇ ਅੱਤ ਦੇ ਲਾਲਚੀ, ਖ਼ੂਨੀ ਕੁੱਤੇ ਹਨ! ਜੋ ਡਰਾ ਧਮਕਾ ਕੇ ਜਾਂ ਨਿੱਤ ਨਵੀਂ ਸ਼ਤਰੰਜ ਚਾਲ ਖੇਡ ਕੇ ਆਪਣੇ ਨਿੱਜੀ ਸੁਆਰਥਾਂ ਲਈ ਮਜਬੂਰ ਰਿਸ਼ਤੇਦਾਰਾਂ ਨੂੰ ਵਰਤਦੇ ਹਨ। ਉਹਨਾਂ ਦੀ ਸੌੜੀ ਸੋਚ ਸਿਰਫ਼ ਆਪਣੀ ਮਤਲਬ ਪੂਰਤੀ ਤੱਕ ਹੀ ਸੀਮਤ ਰਹਿੰਦੀ ਹੈ! ਮਨੁੱਖ ਨੂੰ ਕਤਲ ਕਰਨਾ ਕਿਸ ਧਰਮ ਨੇ ਦੱਸਿਆ ਹੈ? ਸਾਡੇ ਗੁਰੂ ਤਾਂ "ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ" ਦਾ ਹੋਕਾ ਹੀ ਦਿੰਦੇ ਹਨ!
ਮੈਂ ਤਾਂ ਇਸ ਗੱਲ 'ਤੇ ਹੀ ਜੋਰ ਦਿਆਂਗਾ ਕਿ ਕਸੂਰ ਜਿੰਨਾਂ ਦਾਜ ਲੈਣ ਵਾਲਿ਼ਆਂ ਦਾ ਹੈ, ਉਸ ਤੋਂ ਕਿਤੇ ਵੱਧ ਦਾਜ ਦੇਣ ਵਾਲਿ਼ਆਂ ਦਾ ਹੈ! ਆਮ ਦੇਖਣ ਵਿਚ ਆਉਂਦਾ ਹੈ ਕਿ ਉਸੇ ਲੜਕੀ ਨੂੰ ਹੀ ਜਿ਼ਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜੋ ਵੱਧ ਤੋਂ ਵੱਧ ਦਾਜ ਲੈ ਕੇ ਆਉਂਦੀ ਹੈ! ਕੁੱਤੇ ਦੇ ਮੂੰਹ ਨੂੰ ਲਹੂ ਲੱਗਿਆ, ਕਦੋਂ ਭਲੀ ਗੁਜ਼ਾਰਦਾ ਹੈ? ਜਦ ਬੰਦੇ ਦੇ ਖ਼ੂਨ ਦਾ ਸੁਆਦ ਪੈ ਜਾਂਦਾ ਹੈ ਤਾਂ 'ਮਾਣਸ-ਬੂ - ਮਾਣਸ-ਬੂ' ਤਾਂ ਸ਼ੁਰੂ ਹੋਣੀ ਹੀ ਹੋਈ! ਵਾਰਦਾਤਾਂ ਦੇਖ ਸੁਣ ਅਤੇ ਪੜ੍ਹ ਕੇ ਸੋਚੀਦਾ ਹੈ ਕਿ ਜ਼ਮਾਨਾ ਇਤਨਾ ਜ਼ਾਲਮ ਕਿਉਂ ਬਣਦਾ ਜਾ ਰਿਹਾ ਹੈ? ਮਨੁੱਖ ਦੀ ਮਤਲਬ-ਪ੍ਰਸਤ ਸੋਚ ਕਿਉਂ ਇਤਨੀ ਪਤਲੀ ਪੈਂਦੀ ਜਾ ਰਹੀ ਹੈ? ਲੋਭੀਆਂ ਨੂੰ ਰੱਬ ਦਾ ਡਰ ਭੈਅ ਕਿਉਂ ਨਹੀਂ ਰਿਹਾ? ਮਨੁੱਖਤਾ ਇਤਨੀ ਕੁਰਾਹੇ ਕਿਉਂ ਪੈਂਦੀ ਜਾ ਰਹੀ ਹੈ? ਇਹ ਨੌਜਵਾਨ, ਇੱਕੀਵੀਂ ਸਦੀ ਵਿਚ ਵਿਚਰਦੀ ਪੜ੍ਹੀ ਲਿਖੀ ਪੀੜ੍ਹੀ ਵੀ ਕਿਉਂ ਹਨ੍ਹੇਰ ਭਰੇ ਬਿਖੜੇ ਪੈਂਡਿਆਂ ਨੂੰ ਅੰਨ੍ਹੇਵਾਹ ਅਪਣਾਉਂਦੀ ਜਾ ਰਹੀ ਹੈ? ਇਸ "ਤਰੱਕੀ ਕਰ ਰਹੇ" ਸਮਾਜ ਵਿਚੋਂ ਇਹ ਊਣਤਾਈਆਂ ਅਤੇ ਖੋਟਾਂ ਕਦੋਂ ਨਿਕਲਣਗੀਆਂ? ਦਿਸ਼ਾਹੀਣ ਹੋਇਆ ਸਮਾਂ ਆਪਣੀਆਂ ਮੁਹਾਰਾਂ ਕਦੋਂ ਮੋੜੇਗਾ ਅਤੇ ਕਦ ਸਥਿਰ ਜਿ਼ੰਦਗੀ ਵੱਲ ਆਵੇਗਾ? ਇਕ ਗੱਲ ਹੋਰ ਵੀ ਦੱਸਦਾ ਜਾਵਾਂ..! ਇਕ ਜ਼ਾਲਮ ਟੱਬਰ ਆਪਣੀ ਨੂੰਹ ਨੂੰ ਰੱਜ ਕੇ ਕੁੱਟਦਾ ਮਾਰਦਾ ਰਿਹਾ। ਅਖੀਰ ਉਸ ਨਿਭਾਗੀ ਕੁੜੀ ਦਾ ਅੰਤ ਉਸ ਦੀ ਮੌਤ ਨਾਲ਼ ਹੋਇਆ। ਇਕ ਦਿਨ ਉਹਨਾਂ ਦਾ ਨੌਕਰ ਦੁੱਧ ਦਾ ਡਰੰਮ ਚੁੱਕੀ ਆ ਰਿਹਾ ਸੀ। ਉਸ ਪ੍ਰੀਵਾਰ ਦਾ 'ਅੱਤ ਪਿਆਰਾ' ਪਾਲਤੂ ਕੁੱਤਾ ਨੌਕਰ ਦੇ ਪੈਰ ਚੱਟਣ ਆ ਲੱਗਿਆ। ਨੌਕਰ ਦੇ ਕੁਤਕੁਤੀਆਂ ਜਿਹੀਆਂ ਨਿਕਲਣ ਲੱਗ ਪਈਆਂ ਅਤੇ ਉਸ ਨੇ ਦੁੱਧ ਡੁੱਲ੍ਹਣ ਦੇ ਡਰੋਂ ਕੁੱਤੇ ਦੇ ਪੋਲੀ ਜਿਹੀ ਲੱਤ ਮਾਰ ਦਿੱਤੀ। ਬੱਸ ਫਿ਼ਰ ਕੀ ਸੀ...? ਨੌਕਰ ਦੀ ਸ਼ਾਮਤ ਆ ਗਈ ਅਤੇ 'ਕੁੱਤਾ-ਪ੍ਰੇਮੀ' ਟੱਬਰ ਨੇ ਨੌਕਰ ਦੀ ਕੁੱਟ ਕੁੱਟ ਕੇ ਲੱਤ ਤੋੜ ਦਿੱਤੀ। ਇਸ ਦਾ ਮਤਲਬ ਕੀ ਹੋਇਆ..? ਕਿ ਉਸ ਬੇਰਹਿਮ ਟੱਬਰ ਨੂੰ ਆਪਣੀ ਨੂੰਹ ਨਾਲ਼ੋਂ ਜਿ਼ਆਦਾ ਆਪਣਾ ਪਾਲਤੂ ਕੁੱਤਾ ਪਿਆਰਾ ਸੀ ਅਤੇ ਉਸੇ ਕੁੱਤੇ ਦੀ ਖਾਤਰ ਗ਼ਰੀਬ ਨੌਕਰ ਦੀ ਲੱਤ ਵੀ ਭੰਨੀ ਗਈ। ਮੈਂ ਨਹੀਂ ਕਹਿੰਦਾ ਕਿ ਬੇਜ਼ੁਬਾਨ ਜਾਨਵਰ ਨੂੰ ਪ੍ਰੇਮ ਨਹੀਂ ਕਰਨਾ ਚਾਹੀਦਾ। ਪਰ ਜਾਨਵਰ ਦੇ ਨਾਲ਼ ਨਾਲ਼ ਇਨਸਾਨ ਅਤੇ ਇਨਸਾਨੀਅਤ ਨੂੰ ਵੀ ਮੋਹ ਕਰਨਾ ਚਾਹੀਦਾ ਹੈ! ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਹੈ, "ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ।। ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ।।"
ਸਭ ਤੋਂ ਵੱਡਾ ਡਰ ਪੰਜਾਬੀਆਂ ਨੂੰ ਧੀਆਂ ਦਾ ਕੀ ਹੈ? ਇਕ ਤਾਂ ਰੁਜ਼ਗਾਰ ਅਤੇ ਦੂਜੀ ਜੇ ਪੰਜਾਬ ਗੌਰਮਿੰਟ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਹੀ ਦੇ ਦੇਵੇ, ਤਾਂ ਨਵੀਆਂ ਨਵੇਲੀਆਂ ਵਿਆਹੀਆਂ ਧੀਆਂ ਦੇ ਕਤਲ ਅਤੇ ਭਰੂਣ ਹੱਤਿਆ ਬਹੁਤ ਹੱਦ ਤੱਕ ਰੋਕੀ ਜਾ ਸਕਦੀ ਹੈ! ਇਕ ਗੱਲ ਲਲਕਾਰ ਕੇ ਕਹਿਣੀਂ ਚਾਹਾਂਗਾ ਕਿ ਜਿੰਨਾਂ ਚਿਰ ਦਾਜ, ਧੀਆਂ ਦੇ ਬਲਾਤਕਾਰ, ਨਸ਼ੇ ਅਤੇ ਵਿਹਲੜਬਾਜ਼ੀ ਨੂੰ ਕਿਸੇ ਸਾਰਥਿਕ ਅਤੇ ਸਖ਼ਤ ਢੰਗ ਨਾਲ਼ ਨੱਥ ਨਹੀਂ ਪਾਈ ਜਾਂਦੀ, ਧੀਆਂ ਕੁੱਖ ਵਿਚ ਮਰਦੀਆਂ ਹੀ ਰਹਿਣਗੀਆਂ! ਜਿੰਨਾਂ ਚਿਰ ਸਾਡੇ ਲੀਡਰ ਫ਼ੋਕੇ ਦਮਗੱਜੇ ਛੱਡ ਕੇ ਉਪਰੋਕਤ ਗੱਲਾਂ ਵੱਲ ਧਿਆਨ ਨਹੀਂ ਦਿੰਦੇ, ਭਰੂਣ ਹੱਤਿਆ ਹੁੰਦੀ ਰਹੇਗੀ! ਸਭ ਤੋਂ ਵੱਡਾ ਕਲੰਕ ਦਾਜ, ਬਲਾਤਕਾਰ, ਬੇਰੁਜ਼ਗਾਰੀ ਅਤੇ ਨਸ਼ਾ ਹੈ! ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ! ਧੀਆਂ ਅਤੇ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਮਿਲ ਜਾਵੇ ਤਾਂ ਮਾਪਿਆਂ ਦੇ ਸਿਰ ਤੋਂ ਅੱਧਾ ਬੋਝ ਲਹਿ ਜਾਵੇ ਕਿਉਂਕਿ ਜੇ ਧੀ ਕਿਸੇ ਪੱਕੇ ਕਿੱਤੇ 'ਤੇ ਲੱਗੀ ਹੋਵੇਗੀ ਤਾਂ ਸਹੁਰੇ ਵੀ ਜ਼ੁਬਾਨ ਖੋਲ੍ਹਣ ਦੀ ਜ਼ੁਅਰਤ ਨਹੀਂ ਕਰਨਗੇ। ਜੇ ਹਰ ਮਹੀਨੇ ਪੱਕੀ ਤਨਖ਼ਾਹ ਘਰ ਆਵੇਗੀ ਤਾਂ ਕਮਾਊ ਨੂੰਹ ਨੂੰ ਕੌਣ ਕੁਝ ਆਖੇਗਾ? ਕੌਣ ਦਾਜ ਦਾ ਮਿਹਣਾ ਦੇਵੇਗਾ? ਜੇ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਮਿਲੇਗਾ ਤਾਂ ਉਹ ਨਸਿ਼ਆਂ ਵੱਲ ਉਲਾਰ ਨਹੀਂ ਹੋਵੇਗੀ। ਅਗਰ ਨਸਿ਼ਆਂ ਦੀ ਵਰਤੋਂ ਘਟ ਜਾਵੇਗੀ ਤਾਂ ਜ਼ਾਹਿਰ ਹੈ ਕਿ ਜੁਰਮ ਵੀ ਘਟਣਗੇ! ਜੁਰਮਾਂ ਦੇ ਵਿਚ ਬਲਾਤਕਾਰਾਂ ਦੀ ਬਹੁਤਾਤ ਹੈ। ਜੇ ਬਲਾਤਕਾਰ ਜਿਹੇ ਘਿਨਾਉਣੇ ਜੁਰਮ ਰੁਕ ਜਾਣਗੇ ਤਾਂ ਧੀਆਂ ਦਾ ਸਤਿਕਾਰ ਵੀ ਹੋਵੇਗਾ ਅਤੇ ਭਰੂਣ ਹੱਤਿਆ ਨੂੰ ਵੀ ਠੱਲ੍ਹ ਪਵੇਗੀ! ਹਰ ਮਾਂ-ਬਾਪ ਧੀ ਦੀ 'ਦੁਰਗਤੀ' ਤੋਂ ਡਰਦਾ ਹੈ, ਧੀ ਤੋਂ ਨਹੀਂ! ਹਰ ਬਾਪ ਆਪਣੀ ਇੱਜ਼ਤ-ਅਣਖ਼ ਨੂੰ ਬਚਾਉਣ ਵਿਚ ਲੱਗਿਆ ਹੋਇਆ ਭਰੂਣ ਹੱਤਿਆ ਨੂੰ ਪਹਿਲ ਦਿੰਦਾ ਹੈ! ਨਹੀਂ ਉਸ ਨੂੰ ਕੋਈ ਸ਼ੌਕ ਨਹੀਂ ਕਿ ਆਪਣੇ ਖ਼ੂਨ ਦਾ ਸੰਘਾਰ ਕਰੇ! ਅਗਲੀ ਗੱਲ ਇਹ ਹੈ ਕਿ ਧੀ ਦਾ ਵਿਆਹ ਕਰਨ ਲਈ ਹਰ ਬਾਪ ਨੂੰ ਅੱਜ ਘੱਟੋ ਘੱਟ ਪੰਜ-ਸੱਤ ਲੱਖ ਰੁਪਏ ਦੀ ਜ਼ਰੂਰਤ ਹੈ। ਇਕ ਤਾਂ ਅਸੀਂ ਨਕੌੜੇ ਦੇ ਮਾਰੇ ਹੋਏ ਹਾਂ। ਜੇ ਧੀ ਨੂੰ ਵਾਜੇ-ਗਾਜੇ ਨਾਲ਼ ਨਹੀਂ ਤੋਰਦੇ ਤਾਂ ਸਾਡਾ 'ਨੱਕ' ਨਹੀਂ ਰਹਿੰਦਾ! ਨੱਕ ਰੱਖਦਾ ਰੱਖਦਾ ਬੰਦਾ ਦਸ ਲੱਖ ਥੱਲੇ ਆ ਕੇ ਖੁੰਘਲ਼ ਹੋ ਜਾਂਦਾ ਹੈ ਅਤੇ ਆਤਮ ਹੱਤਿਆ ਵੱਲ ਨੂੰ ਪੈਰ ਪੁੱਟਦਾ ਹੈ! ਸੋ ਸਾਡੀ ਸਰਕਾਰ ਨੂੰ ਇਸ ਪਾਸੇ ਵੱਲ ਅਤੀ ਅੰਤ ਧਿਆਨ ਦੇਣ ਦੀ ਲੋੜ ਹੈ! ਜੇ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਕੋਈ ਨਿੱਗਰ ਹੱਲ ਕੱਢਿਆ ਜਾਵੇ ਤਾਂ ਸਾਡੇ ਮੁਲਕ ਵਿਚ ਜੁਰਮਾਂ ਦੀ ਗਿਣਤੀ ਬਹੁਤ ਹੱਦ ਤੱਕ ਘਟਾਈ ਜਾ ਸਕਦੀ ਹੈ, ਅਗਰ ਅਸੀਂ ਇਸ ਪੱਖ ਵੱਲ ਧਿਆਨ ਨਹੀਂ ਦਿੰਦੇ ਤਾਂ ਭਰੂਣ ਹੱਤਿਆ ਤੋਂ ਲੈ ਕੇ ਧੀਆਂ ਦੇ ਕਤਲ ਹੁੰਦੇ ਰਹਿਣਗੇ!
ਆਪਣੀਆਂ ਧੀਆਂ-ਭੈਣਾਂ ਦੇ ਸਿਵੇ ਦੀ ਅੱਗ ਸੇਕਦੇ ਪੰਜਾਬੀਓ! ਹੰਭਲਾ ਮਾਰਨ ਦੀ ਲੋੜ ਹੈ। ਜਿੱਥੇ ਲੋਭ ਲਾਲਚ ਭਾਰੂ ਹੋ ਜਾਵੇ, ਉਥੋਂ ਮੋਹ ਪਿਆਰ ਦੱਬਵੇਂ ਪੈਰੀਂ ਬਾਹਰ ਨਿਕਲ਼ ਜਾਂਦਾ ਹੈ! ਤੁਸੀਂ "ਪਹਿਲੇ ਆਪ - ਪਹਿਲੇ ਆਪ" ਕਰਦੇ ਕਰਦੇ ਗੱਡੀਆਂ ਲੰਘਾਈ ਜਾ ਰਹੇ ਹੋ! ਚੁੱਪ ਕਰਕੇ ਕਾਤਲਾਂ ਦੇ ਚਿਹਰੇ ਪੜ੍ਹਨ ਦੀ ਲੋੜ ਨਹੀਂ! ਜ਼ਾਲਮ ਅਤੇ ਜ਼ੁਲਮ ਨਾਲ਼ ਟੱਕਰ ਲੈਣ ਦੀ ਲੋੜ ਹੈ! ਇਹ ਬਰਬਾਦੀ ਵੱਲ ਤੁਰਿਆ ਸਮਾਜ ਛੇਤੀ ਕੀਤੇ ਸਹੀ ਦਿਸ਼ਾ ਵੱਲ ਆਉਣ ਵਾਲ਼ਾ ਨਹੀਂ। ਇਸ ਲਾਲਚ ਤੋਂ ਵਿੱਥ ਰੱਖ ਕੇ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਇੱਜ਼ਤ, ਜਾਨ ਨੂੰ ਜਾਨ ਅਤੇ ਇਨਸਾਨ ਨੂੰ ਇਨਸਾਨ ਸਮਝੋ! ਦਾਜ ਮੰਗ ਕੇ ਘੱਟੋ ਘੱਟ ਪੰਜਾਬ ਦੇ ਨਾਂ 'ਤੇ ਕਲੰਕ ਨਾ ਬਣੋਂ! ਇਹ ਗੁਰੂਆਂ-ਫ਼ਕੀਰਾਂ ਦੀ ਰਹਿਮਤਾਂ ਵਾਲ਼ੀ ਧਰਤੀ ਹੈ! ਹੌਸਲੇ ਨਾਲ਼ ਨਵੀਂ ਨਰੋਈ ਦੁਨੀਆਂ ਸਿਰਜਣ ਦਾ ਸੰਕਲਪ ਲੈਣਾ ਨਾਜ਼ੁਕ ਸਮੇਂ ਦੀ ਜ਼ਰੂਰਤ ਹੈ। ਲਾਲਚ ਵੱਸ ਕੁਰਾਹੇ ਪਏ ਸਮਾਜੀਆਂ ਨੂੰ ਇਕ ਮੁੱਠ ਹੋ ਕੇ ਲਾਹਣਤਾਂ ਪਾਉਣ ਦੀ ਲੋੜ ਹੈ! ਜਿੰਨਾਂ ਘਰ ਫ਼ੂਕ ਕੇ ਤਾੜੀਆਂ ਮਾਰੀ ਜਾਓਗੇ, ਦਾਜ ਦੇ ਲਾਲਚੀਆਂ ਦੇ ਹੌਸਲੇ ਹੋਰ ਬੁਲੰਦ ਹੋਣਗੇ ਅਤੇ ਧੀਆਂ ਕੁੱਖ ਵਿਚ ਜਾਂ ਸਹੁਰੇ ਘਰ ਮਰਦੀਆਂ ਹੀ ਰਹਿਣਗੀਆਂ! ਲੋੜ ਹੈ ਇਸ ਨੂੰ ਬੁਲੰਦੀ ਨਾਲ਼ ਨੱਥ ਕੇ ਸਿਰੜ ਅਤੇ ਪ੍ਰਣ ਦੇ ਕਿੱਲੇ ਨਾਲ਼ ਨਰੜਨ ਦੀ! ਜੋ ਬਿਗਾਨੀਆਂ ਧੀਆਂ ਨੂੰ ਹਥਿਆਰ ਬਣਾ ਕੇ ਵਰਤਦੇ ਹਨ, ਉਹਨਾਂ ਦੇ ਨਿਸ਼ਾਨੇ ਤੋੜਨਾ ਅਤੇ ਨਾਸਾਂ ਭੰਨ ਕੇ ਮੂੰਹ ਭੁਆਉਣਾ ਹੀ ਮਰਦਾਨਗੀ ਅਤੇ ਨਰੋਏ ਸਮਾਜ ਦੀ ਸਿਰਜਣਾ ਹੈ! ਸਾਡੀਆਂ ਧੀਆਂ-ਭੈਣਾਂ ਨੂੰ ਵੀ ਆਪਣੀ ਜਿ਼ੰਦਗੀ ਮਹਿਫ਼ੂਜ਼ ਅਤੇ ਖ਼ੁਸ਼ਹਾਲ ਰੱਖਣ ਲਈ, ਫ਼ੋਕੀ ਸ਼ੁਹਰਤ ਨੂੰ ਲੱਤ ਮਾਰ ਕੇ ਦਾਜ ਦੀ ਕਾਲ਼ੀ ਵਹੀ ਪਾੜਨੀ ਹੋਵੇਗੀ। ਜੇ ਤੁਹਾਡੇ ਅਮੀਰ ਬਾਪ ਤੁਹਾਡੀਆਂ ਬੇਹੂਦਾ ਖ਼ਾਹਿਸ਼ਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦੇ ਹਨ, ਤਾਂ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਧੀਆਂ ਦੇ ਬਾਪ ਤੁਹਾਡੇ ਬਾਪ ਜਿੰਨੀ ਧੰਗੇੜ ਝੱਲਣ ਦੇ ਸਮਰੱਥ ਹੋਣ? ਸਮੇਂ ਦੀ ਨਬਜ਼ ਤੁਹਾਡੇ ਹੱਥ ਹੈ!

ਹੋਰ ਪੜੋ...

ਆਓ ਜੀ, ਜੀ ਆਇਆਂ ਨੂੰ !!!

free counters