ਸਿਵੇ ਦੀ ਚੁੱਪ

ਆਖ਼ਰੀ ਸਾਹ ਤੱਕ ਰੱਖੂੰਗਾ ਸ਼ਾਂਤੀ
ਕਰੂੰਗਾ ਸਬਰ, ਤੇਰੇ ਭਾਣੇਂ 'ਚ ਰਹਿ ਕੇ!
ਇਸ ਲਈ ਕਿ ਕਿਤੇ ਤੂੰ ਸ਼ਿਕਵਾ ਨਾ ਕਰੇਂ?
ਪਰ ਵਾਅਦਾ ਕਰ!
ਸਿਰ ਝੁਕਾ ਕੇ ਕਰ ਦੇਵੀਂ ਸਿਜਦਾ,
ਮੇਰੇ ਸਿਦਕ ਅਤੇ ਸਿਰੜ ਨੂੰ,
ਮੇਰੇ ਆਖ਼ਰੀ ਸਫ਼ਰ ਵੇਲ਼ੇ....!
....
ਕਦੇ-ਕਦੇ ਲੱਗਦੀ ਹੈ, ਇੱਕ ਸਾਜ਼ਿਸ਼ ਤੇਰੀ
ਕਿ ਕਰਦੀ ਹੈਂ ਸਿਰਫ਼ ਤੂੰ,
ਮੇਰੇ ਤੁਰ ਜਾਣ ਦਾ ਇੰਤਜ਼ਾਰ?
ਨਹੀਂ ਤਾਂ ਵਾਰ-ਵਾਰ ਮੈਨੂੰ,
ਸੂਲੀ ਚੜ੍ਹਨ ਲਈ ਨਾ ਪ੍ਰੇਰਦੀ!
....
ਪਿਆਸ ਨਾਲ਼ ਵਿਆਕੁਲ਼ ਵਿਅਕਤੀ ਨੂੰ,
'ਲਾਰਾ' ਲਾ ਕੇ 'ਝੀਲ' ਦਾ,
ਕਿੰਨਾਂ ਕੁ ਪੰਧ ਤੋਰੋਂਗੇ ਆਪਣੇ ਨਾਲ਼?
ਉਸ ਦੀ ਰੀਝ ਵਿਚ ਵਸੀ ਪਿਆਸ ਤਾਂ,
ਕਦੇ 'ਲਾਰੇ' ਨਾਲ਼ ਨਹੀਂ ਮਿਟੇਗੀ!
....
ਕੀ ਪੁੰਨ ਤੇ ਕੀ ਪਾਪ,
ਕੀ ਮੰਦਾ ਅਤੇ ਕੀ ਚੰਗਾ ਹੋਊ,
ਮੇਰੇ ਤੁਰ ਜਾਣ ਤੋਂ ਬਾਅਦ?
ਜਦ ਰੂਹ ਹੀ ਤੜਪਦੀ ਰਹੀ,
ਤੇਰੀ ਤੜਪ ਵਿਚ ਪਿਆਸੀ,
ਦੱਸ ਸਵਰਗ ਦੀ ਸੁਆਤੀ ਬੂੰਦ ਵੀ,
ਮੈਨੂੰ ਕੀ ਆਧਾਰ ਦੇਵੇਗੀ....?
....
ਨਾ ਤਾਂ ਕਦੇ,
ਕਾਮ-ਧੇਨ ਗਊ ਦੀ ਇੱਛਾ ਜ਼ਾਹਿਰ ਕੀਤੀ
ਤੇ ਨਾ ਹੀ ਗਾਉਂਦੇ ਰੁੱਖ਼ ਦੀ!
ਇੱਕ ਨਿੱਕੀ ਜਿੰਨੀ ਹਮਦਰਦੀ ਦੀ,
ਆਸ ਲਾਈ ਸੀ ਤੈਥੋਂ
ਪਰ ਇਹ ਨਹੀਂ ਸੀ ਪਤਾ,
ਕਿ ਤੂੰ ਵੀ,
ਛੂਕਦੇ ਤੁਫ਼ਾਨਾਂ ਵਿਚ, ਮੇਰੀ ਬਾਂਹ ਛੱਡ,
ਮੁਸਕੁਰਾ ਕੇ ਤੁਰ ਜਾਵੇਂਗੀ,
ਕਿਸੇ ਅਗਲੇ ਕਾਫ਼ਲੇ ਦੇ ਨਾਲ਼!
....
ਬੜੀ ਨਿਰਾਸ਼ਾ ਹੋਈ, ਜਦ ਤੈਨੂੰ,
ਕਿਸੇ ਹੋਰ ਬੇੜੇ 'ਤੇ ਸਵਾਰ ਹੋਈ ਦੇਖਿਆ,
ਤੇਰਾ ਬੇੜਾ ਦੂਰ ਜਾ ਰਿਹਾ ਸੀ,
ਤੇ ਮੇਰਾ ਸਰੀਰ ਜੂਝ ਰਿਹਾ ਸੀ,
ਜ਼ਮਾਨੇਂ ਦੀਆਂ ਕਪੜਛੱਲਾਂ ਦੇ ਨਾਲ਼,
ਤੇ ਜਾ ਰਿਹਾ ਸੀ ਕਿਸੇ ਡੂੰਘੇ ਪਾਤਾਲ਼ ਵੱਲ ਨੂੰ!
ਤੇਰੇ ਵਿਛੋੜੇ ਦੀਆਂ ਛੱਲਾਂ, ਘੁੱਟਦੀਆਂ ਸੀ ਦਮ ਮੇਰਾ
....
ਤੇ ਅਖ਼ੀਰ ਜਦ,
ਤੇਰੀ ਹਿੱਲਦੀ ਬਾਂਹ ਵੀ ਦਿਸਣੋਂ ਹਟ ਗਈ
ਅਤੇ ਹੋ ਗਈ ਅੱਖਾਂ ਤੋਂ ਓਹਲੇ,
ਤਾਂ ਮੈਨੂੰ ਆਪਣਾ 'ਅੰਤ' ਨਜ਼ਰ ਆਇਆ!
ਅੰਤ ਵੇਲ਼ੇ ਮੈਨੂੰ ਸਵਰਗ ਤੇ ਨਰਕ ਚੇਤੇ ਆਏ,
ਪਰ ਇਹ ਤਾਂ ਮੈਂ ਦੋਨੋਂ ਹੀ ਦੇਖ ਚੁੱਕਾ ਸਾਂ!
ਤੇਰੀ ਮਿਲਣੀ ਅਤੇ ਵਿਛੋੜਾ,
ਸਵਰਗ-ਨਰਕ ਹੀ ਤਾਂ ਸੀ!
....
ਮੈਂ ਦੁਨੀਆਂ ਨੂੰ 'ਜ਼ਾਲਮ' ਗਰਦਾਨਦਾ ਰਿਹਾ,
ਪਰ ਸੋਚ ਕੇ ਦੇਖ,
'ਸ਼ੋਭਾ' ਤੇਰੀ ਵੀ ਘੱਟ ਨਹੀਂ!
ਫ਼ਰਕ ਇਹ ਹੈ
ਕਿ ਦੁਨੀਆਂ ਤ੍ਰਿਸਕਾਰ ਅਤੇ ਘ੍ਰਿਣਤ ਨਜ਼ਰਾਂ ਨਾਲ਼
ਹਲਾਲ ਕਰਦੀ ਰਹੀ,
ਤੇ ਤੂੰ ਮੁਸਕਰਾ ਕੇ....!
....
ਤੂੰ ਕਰਦੀ ਰਹੀ ਤਿਆਰ ਮੈਨੂੰ ਹਰ ਪਲ,
ਹੋਰ ਤਸ਼ੱਦਦ ਸਹਿਣ ਲਈ
ਤੇ ਕਰਦੀ ਰਹੀ ਦੁਆਵਾਂ
ਕਿ ਮੈਂ ਜ਼ਾਲਮਾਂ ਦੇ ਵਾਰ ਜਰਦਾ ਕਿਤੇ,
ਡੋਲ-ਥਿੜਕ ਨਾ ਜਾਵਾਂ?
ਦਿੰਦੀ ਰਹੀ ਹੌਸਲੇ ਦੀ ਖ਼ੁਰਾਕ ਮੈਨੂੰ
ਕਿ ਮੇਰੇ ਹਿਰਦੇ 'ਚੋਂ ਸਿੰਮਦਾ
ਚਾਰ ਕੁ ਬੂੰਦਾਂ ਖ਼ੂਨ ਦੇਖ,
ਕਿਤੇ ਖ਼ੂਨ ਦੇ ਪਿਆਸੇ ਵੈਰੀ,
ਨਿਰਾਸ਼ ਨਾ ਹੋ ਜਾਣ?
....
ਕਰੂੰਗਾ ਇੰਤਜ਼ਾਰ ਅਜੇ ਵੀ,
ਕਿ ਅਜੇ ਹੋਰ ਕਿੰਨੇ ਕੁ ਦੁੱਖ ਬਾਕੀ ਨੇ,
ਕਿੰਨੀਆਂ ਮੁਸੀਬਤਾਂ ਕਤਾਰ ਵਿਚ ਨੇ,
ਮੇਰੀ ਕਿਸਮਤ ਲਈ?
ਕਿੰਨੇ ਕੁ ਲੈਂਦੀ ਹੈਂ ਹੋਰ ਇਮਤਿਹਾਨ ਮੇਰੇ,
ਕਦ ਰੱਜੇਗੀ ਤੇਰੀ ਰੂਹ,
ਮੈਨੂੰ ਤੜਪਦਾ ਦੇਖ?
ਇਸੇ ਘੜ੍ਹੀ ਦਾ ਅਨੁਮਾਨ ਲਾਉਂਦਾ ਹੀ,
ਤੁਰ ਜਾਵਾਂਗਾ ਇਸ ਜੱਗ ਤੋਂ
ਕਿ ਅਜੇ ਕਿਸੇ ਨੂੰ 'ਖ਼ੁਸ਼' ਕਰਨਾ,
ਬਾਕੀ ਤਾਂ ਨਹੀਂ ਰਹਿ ਗਿਆ?
....
ਜਦ ਸੰਤੁਸ਼ਟ ਹੋ ਜਾਵੇਗੀ ਦੁਨੀਆਂ ਦੀ ਜਾਬਰ ਰੂਹ,
ਮੈਨੂੰ ਤਸੀਹੇ ਦੇ-ਦੇ ਕੇ,
ਤੇ ਉੱਤਰ ਜਾਵੇਗਾ ਮੇਰਾ ਕਰਜ਼,
ਤਾਂ ਚੁੱਪ, ਅੱਖਾਂ ਮੀਟੀ ਪਿਆ ਹੋਵਾਂਗਾ ਮੈਂ!
ਫ਼ਿਰ ਅੱਖਾਂ ਭਰ ਲਵੀਂ,
ਤੇ ਚਾਹੇ ਤਾਹਨਿਆਂ ਦੇ ਚਾਰ ਛਾਂਟੇ ਤੂੰ ਵੀ ਮਾਰ ਲਵੀਂ,
ਮੈਨੂੰ ਕੋਈ ਫ਼ਰਕ ਨਹੀਂ ਪੈਣਾਂ!
....
ਤੇਰੇ ਬਿਨਾਂ ਮੇਰੀ ਸੱਖਣੀਂ ਤੇ ਵੈਰਾਨ ਰੂਹ ਤਾਂ,
ਜਹਾਨੋਂ 'ਕੂਚ' ਕਰ ਗਈ ਹੋਵੇਗੀ,
ਫ਼ੇਰ ਤੇਰੀ ਹਮਦਰਦੀ,
ਮੇਰੇ ਕਿਸੇ ਕੰਮ ਨਹੀਂ ਹੋਵੇਗੀ!
ਫ਼ਿਰ ਤਾਂ ਆਦਤ ਅਨੁਸਾਰ ਮੁਸਕਰਾ ਕੇ,
ਦੋ ਡੱਕੇ ਹੀ ਅਰਥੀ 'ਤੇ ਸੁੱਟ ਦੇਵੀਂ,
ਇਹੀ ਤੇਰਾ ਅਹਿਸਾਨ ਹੋਵੇਗਾ!
....
ਸਰੀਰ ਦੀ ਗੱਲ ਤਾਂ ਛੱਡ ਜਿੰਦ!
ਪਰ ਆਤਮਾਂ 'ਤੇ ਪਈਆਂ ਲਾਸਾਂ,
ਦਿਲ 'ਤੇ ਹੋਏ ਡੂੰਘੇ ਘਾਓ,
ਅਰਮਾਨਾਂ ਦਾ ਹੋਇਆ ਘਾਣ,
ਰੀਝਾਂ ਦਾ ਮਲ਼ੀਆਮੇਟ,
ਚਾਅਵਾਂ ਦਾ ਬਣਿਆਂ ਮਲ਼ੀਦਾ
ਚਕਨਾਚੂਰ ਹੋਏ ਸੁਪਨੇ ਤਾਂ ਤੈਨੂੰ,
ਮੇਰੇ ਚੁਗੇ ਜਾਣ ਵਾਲ਼ੇ,
'ਫ਼ੁੱਲਾਂ' 'ਚੋਂ ਵੀ ਨਹੀਂ ਮਿਲ਼ਣੇ!
....
ਪਰ ਵਾਅਦੇ ਨਾਲ਼ ਆਖਦਾ ਹਾਂ ਜਿੰਦ,
ਤੈਨੂੰ ਮੇਰੇ ਸਿਵੇ ਦੀ ਸੁਆਹ 'ਚੋਂ ਵੀ,
ਸ਼ਾਂਤੀ ਤੇ ਚੁੱਪ ਹੀ ਨਜ਼ਰ ਆਵੇਗੀ!
ਫ਼ਿਰ ਤਾਂ ਖ਼ੁਸ਼ ਹੋ ਜਾਵੇਂਗੀ ਨਾ?
ਕਿਉਂਕਿ ਤੈਨੂੰ ਖ਼ੁਸ਼ ਕਰਨ ਲਈ ਤਾਂ ਮੈਂ,
ਚੁੱਪ ਵੱਟੀ ਰੱਖੀ ਸੀ!
ਹੁਣ ਮੇਰੇ ਸਿਵੇ ਦੀ ਚੁੱਪ ਵੀ ਕਬੂਲ ਕਰੀਂ!!
ਇਸ ਤੋਂ ਬਿਨਾਂ ਤੈਨੂੰ ਕੁਝ ਵੀ,
ਭੇਂਟ ਨਹੀਂ ਕਰ ਸਕੂੰਗਾ!
ਚੁੱਪ ਤੇ ਸ਼ਾਂਤੀ ਹੀ ਤਾਂ ਤੂੰ ਮੰਗਦੀ ਹੁੰਦੀ ਸੀ,
ਤੇ ਉਹ ਮੈਂ ਦੇ ਚੱਲਿਐਂ, ਹੁਣ ਖ਼ੁਸ਼....?


ਹੋਰ ਪੜੋ...

ਆਓ ਜੀ, ਜੀ ਆਇਆਂ ਨੂੰ !!!

free counters