...ਲੰਡਨ ਧੁਖ਼ ਰਿਹਾ ਹੈ!
ਅੱਜ ਮੇਰੇ ਜਿ਼ਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਆਂ ਹਨ, “ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼!” ਸਮੇਂ-ਸਮੇਂ ਦੀ ਗੱਲ ਹੈ। ਜਿਸ ਲੰਡਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਸੀ, ਜਿਸ ਲੰਡਨ ਵਿਚ ਬੈਠ ਕੇ ਲਿਬੀਆ, ਅਫ਼ਗਾਨਿਸਤਾਨ ਅਤੇ ਇਰਾਕ ਵਿਚ ‘ਸ਼ਾਂਤੀ’ ਸਥਾਪਿਤ ਕਰਨ ਦੇ ਦਮਗੱਜੇ ਮਾਰੇ ਜਾਂਦੇ ਰਹੇ ਸਨ, ਅੱਜ ਉਹੀ ਲੰਡਨ ਕਈ ਦਿਨਾਂ ਤੋਂ ਬਲ਼ ਅਤੇ ਧੁਖ਼ ਰਿਹਾ ਹੈ। ਲਾਟਾਂ ਨਿਕਲ਼ ਰਹੀਆਂ ਹਨ ਅਤੇ ਲੁੱਟ-ਮਾਰ ਦਾ ਦੌਰ ਨਿਰੰਤਰ ਜਾਰੀ ਹੈ। ਪਿਛਲੇ ਵੀਰਵਾਰ ਨੂੰ ਸੈਂਟਰਲ ਲੰਡਨ ਦੇ ਇਲਾਕੇ ਟੋਟਨਹੈਮ ਵਿਚ ਕਥਿਤ ਤੌਰ ‘ਤੇ ਪੁਲੀਸ ਹੱਥੋਂ ਇੱਕ 29 ਸਾਲਾ ਵਿਅਕਤੀ ਮਾਰਕ ਡੱਗਨ ਮਾਰਿਆ ਗਿਆ, ਜਿਸ ਦੇ ਪ੍ਰਤੀਕਰਮ ਵਜੋਂ ਲੋਕਾਂ ਵਿਚ ਰੋਸ ਅਤੇ ਫਿ਼ਰ ਗੁੱਸਾ ਫ਼ੈਲ ਗਿਆ। ਟੋਟਨਹੈਮ ਵਿਚ ਇਸ ਫ਼ੈਲੇ ਰੋਸ ਦੇ ਕਾਰਨ ਪਹਿਲਾਂ ਇੱਕਾ-ਦੁੱਕਾ ਵਾਰਦਾਤਾਂ ਹੋਈਆਂ ਅਤੇ ਫਿ਼ਰ ਗੱਲ ਨਸ਼ਈ, ਵਿਗੜੇ, ਕਮਚੋਰ ਅਤੇ ਅਪਰਾਧਿਕ-ਬਿਰਤੀ ਵਾਲ਼ੇ ਵਰਗ ਨੇ ਆਪਣੇ ਹੱਥਾਂ ਵਿਚ ਲੈ ਲਈ ਅਤੇ ਲੁਟੇਰੇ ਬਣ ਤੁਰੇ। ਸਿੱਟੇ ਵਜੋਂ ਪੂਰੇ ਲੰਡਨ ਵਿਚ ਤੜਥੱਲ ਮੱਚ ਗਿਆ! ਭੰਨ-ਤੋੜ, ਡਾਕੇ, ਸਾੜ-ਫ਼ੂਕ ਅਤੇ ਲੁੱਟ-ਮਾਰ ਸ਼ੁਰੂ ਹੋ ਗਈ। ਪਹਿਲਾਂ ਤਾਂ ਦੰਗਾਕਾਰੀਆਂ ਨੇ ਇੱਕ ਪੁਲੀਸ ਸਟੇਸ਼ਨ ‘ਤੇ ਹਮਲਾ ਕੀਤਾ ਅਤੇ ਫਿ਼ਰ ਪੁਲੀਸ ਦੀਆਂ ਗੱਡੀਆਂ ਦੀ ਸਾੜ-ਫ਼ੂਕ ਕੀਤੀ। ਲੰਡਨ ਦੀ ਸਥਿਤੀ ਇਸ ਹੱਦ ਤੱਕ ਹੌਲਨਾਕ ਬਣ ਗਈ ਸੀ ਕਿ ਲੋਕ ਪੁਲੀਸ ਨੂੰ ਬਚਾਓ ਲਈ ਫ਼ੋਨ ਕਰ ਰਹੇ ਸਨ ਅਤੇ ਪੁਲੀਸ ਉਹਨਾਂ ਨੂੰ ਤੋੜ ਕੇ ਜਵਾਬ ਦੇ ਰਹੀ ਸੀ, “ਅਫ਼ਸੋਸ, ਅਸੀਂ ਨਹੀਂ ਆ ਸਕਦੇ!” ਮੇਰੀ ਨਜ਼ਰ ਵਿਚ ਅਜਿਹੇ ਹਾਲਾਤ ਭਿਆਨਕ ‘ਸਿਵਲ ਵਾਰ’ ਨੂੰ ਜਨਮ ਦੇ ਸਕਦੇ ਹਨ। ਜੇ ਪੁਲੀਸ ਤੁਹਾਡੇ ਬਚਾਓ ਲਈ ਅੱਗੇ ਨਹੀਂ ਆਉਂਦੀ ਤਾਂ ਲੋਕ ਆਪਣਾ ਬਚਾਓ ਤਾਂ ਕਿਵੇਂ ਨਾ ਕਿਵੇਂ ਕਰਨਗੇ ਹੀ? ਮਰਦਾ ਕੀ ਨਹੀਂ ਕਰਦਾ?? ਇਹਨਾਂ ਦੰਗਿਆਂ-ਡਾਕਿਆਂ ਅਤੇ ਸਾੜ-ਫ਼ੂਕ ਦਾ ਸੇਕ ਮਾਨਚੈਸਟਰ, ਲਿਵਰਪੂਲ ਅਤੇ ਮਿੱਡਲੈਂਡ ਤੱਕ ਜਾ ਪਹੁੰਚਿਆ ਹੈ! ਸਥਾਨਕ ਵਿਹਲੜ ਗੁੰਡੇ ਉਠ ਕੇ ਆਪਣੇ ਇਲਾਕਿਆਂ ਨੂੰ ਹੀ ਲੁੱਟ ਰਹੇ ਹਨ! ਬਲੈਕਬਰੀ ਫ਼ੋਨਾਂ ‘ਤੇ ‘ਟੈਕਸਟ’ ਕਰ ਕੇ ਵੱਡੇ-ਵੱਡੇ ਸਟੋਰਾਂ ਅਤੇ ਕੀਮਤੀ ਦੁਕਾਨਾਂ ਦੀ ਕਨਸੋਅ ਦਿੱਤੀ ਜਾ ਰਹੀ ਹੈ ਕਿ ਅਗਲੀ ਲੁੱਟ ਦਾ ਨਿਸ਼ਾਨਾ ਕਿਹੜਾ ਹੈ। ਸਾਊਥਾਲ ਅਤੇ ਹੋਰ ਗੁਰੂ ਘਰਾ ਅੱਗੇ ਸਾਡੇ ਲੋਕ ਥੰਮ੍ਹ ਬਣ ਕੇ ਖੜ੍ਹੇ ਹੋ ਗਏ ਹਨ ਕਿ ਕੋਈ ਗੁਰਦੁਆਰਾ ਸਾਹਿਬ ਦਾ ਨੁਕਸਾਨ ਨਾ ਕਰ ਜਾਵੇ! ਇੰਨਫ਼ੀਲਡ ਵਿਚ ਨੌਜਵਾਨ ਤਬਕਾ ਆਪਣੀ ਸੰਪਤੀ ਦੇ ਬਚਾਓ ਲਈ ਆਪ ਅੱਗੇ ਆਇਆ ਹੈ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਉਹਨਾਂ ਨੇ ਖ਼ੁਦ ਕਮਰਕਸੇ ਕਰ ਲਏ ਹਨ!
ਹੋਰ ਪੜੋ...
ਵੰਨਗੀ :
ਲੇਖ਼