ਲਹੂ ਲਿੱਬੜੀ ਆਤਮਾ..........ਕਹਾਣੀ

ਪੁਸ਼ਪਿੰਦਰ ਡੀ. ਐੱਮ. ਕਾਲਜ ਮੋਗਾ ਦੀ ਵਿਦਿਆਰਥਣ ਸੀ। ਬੀ. ਏ. ਕਰਨ ਤੋਂ ਬਾਅਦ ਹੁਣ ਬੀ. ਐੱਡ ਕਰ ਰਹੀ ਸੀ। ਬੜੀ ਹੀ ਸਾਊ, ਸਿਆਣੀ, ਹੱਸਮੁੱਖ ਅਤੇ ਰਲਾਉਟੀ ਸੀ। ਹਰ ਇਕ ਨੂੰ ਖਿੜੇ ਮੱਥੇ ਮਿਲਣ ਦਾ ਗੁਣ ਸ਼ਾਇਦ ਉਸ ਨੂੰ ਗੁੜ੍ਹਤੀ ਵਿਚ ਹੀ ਮਿਲਿਆ ਹੋਇਆ ਸੀ। ਗੱਲ ਕਰਦੀ ਦੇ ਮੂੰਹੋਂ ਫੁੱਲ ਕਿਰਦੇ ਸਨ। ਕੁਦਰਤੀ ਮੁਸਕੁਰਾਹਟ ਤਾਂ ਉਸ ਦੇ ਸੁਨੱਖੇ ਮੁੱਖ 'ਤੇ ਹਮੇਸ਼ਾ ਖਿੜੀ ਰਹਿੰਦੀ। ਖ਼ੁਸ਼ੀ ਦੀ ਮੂਰਤ ਪੁਸ਼ਪਿੰਦਰ ਇਕ ਗਰੀਬ ਕਿਸਾਨ ਪ੍ਰੀਵਾਰ ਦੀ ਕੁੜੀ ਸੀ। ਕਾਲਜ ਦੇ ਅੰਨ੍ਹੇ ਖਰਚ ਦੀ ਤਾਬ ਨਾ ਝੱਲਦਾ ਹੋਇਆ ਬਾਪੂ ਫਿਰ ਵੀ ਕੁੜੀ ਨੂੰ ਹਿੱਕ 'ਤੇ ਪੱਥਰ ਰੱਖ ਕੇ ਪੜ੍ਹਾਈ ਜਾ ਰਿਹਾ ਸੀ। ਉਸ ਨੂੰ ਇਕ ਆਸ ਦੀ ਕਿਰਨ ਜ਼ਰੂਰ ਨਜ਼ਰ ਆਉਂਦੀ ਸੀ ਕਿ ਕੁੜੀ ਪੜ੍ਹ-ਲਿਖ ਕੇ ਕਿਸੇ ਕਿੱਤੇ 'ਤੇ ਲੱਗ ਜਾਵੇ ਤਾਂ ਕੋਈ ਚੰਗਾ ਘਰ ਮਿਲ ਜਾਵੇਗਾ। ਪੁਸ਼ਪਿੰਦਰ ਵਾਲੇ ਫ਼ਰਜ਼ ਦਾ ਉਸ ਨੂੰ ਪੂਰਨ ਤੌਰ 'ਤੇ ਅਹਿਸਾਸ ਸੀ। ਪੁਸ਼ਪਿੰਦਰ ਵੱਲੋਂ ਉਹ ਬਿਲਕੁਲ ਸੰਤੁਸ਼ਟ ਸੀ। ਕਦੇ ਕੋਈ ਉਲਾਂਭਾ ਨਹੀਂ ਖੱਟਿਆ ਸੀ। ਹਮੇਸ਼ਾ ਚੰਗੇ ਨੰਬਰ ਲੈ ਕੇ ਪਾਸ ਹੋਈ ਸੀ। ਕਦੇ ਕੋਈ ਉੱਚੀ-ਨੀਵੀਂ ਗੱਲ ਨਹੀਂ ਸੁਣੀ ਸੀ। ਨਹੀਂ ਤਾਂ ਲੋਕਾਂ ਦੀਆਂ ਕਾਲਜ ਪੜ੍ਹਦੀਆਂ ਕੁੜੀਆਂ ਦਾ ਤਾਂ ਰੱਬ ਹੀ ਰਾਖਾ ਸੀ! ਹੋਟਲਾਂ ਵਿਚ 'ਖੇਹ' ਖਾਂਦੀਆਂ ਸਨ। ਬੇਲੱਜ ਕੁੜੀਆਂ ਆਪਸ ਵਿਚ 'ਚੱਚੇ' ਦੀ ਭਾਸ਼ਾ ਵਰਤਦੀਆਂ, ਜਿਹੜੀ ਅਨਪੜ੍ਹ ਮਾਪਿਆਂ ਦੇ ਕੱਖ ਪੱਲੇ ਨਹੀਂ ਪੈਂਦੀ ਸੀ। ਕੜਬਚੱਬਾਂ ਦੀ ਕੁੜੀ ਨੂੰ ਤਾਂ ਉਸ ਦੇ ਘਰਦੇ ਕਈ ਦਿਨਾਂ ਪਿੱਛੋਂ ਕਿਤੋਂ ਭਾਲ ਕੇ ਲਿਆਏ ਸਨ। ਬਾਹਰਲੇ ਪਿੰਡੋਂ, ਖੇਤ ਕਿਸੇ ਮੋਟਰ ਤੋਂ ਮਿਲੀ ਸੀ। ਪਰ ਪੁਸ਼ਪਿੰਦਰ ਤਾਂ ਮਾਪਿਆਂ ਦੀ ਸੀਤਾ ਵਰਗੀ ਗਊ ਧੀ ਸੀ।
ਜਦੋਂ ਪੁਸ਼ਪਿੰਦਰ ਨੇ ਬੀ ਐੱਡ ਕਰ ਲਈ ਤਾਂ ਬਾਪੂ ਨੂੰ ਉਸ ਦੇ ਵਿਆਹ ਦਾ ਫਿ਼ਕਰ ਪੈ ਗਿਆ। ਇਸ ਫਿ਼ਕਰ ਨਾਲ ਬਾਪੂ ਦੇ ਗ਼ਰੀਬ ਮੱਥੇ 'ਤੇ ਠ੍ਹੀਕਰ ਫੁੱਟ੍ਹਿਆ ਰਹਿੰਦਾ। ਪਰ ਹੱਥ ਕਿਤੇ ਨਹੀਂ ਅੜ ਰਿਹਾ ਸੀ। ਬਾਕੀ ਸਾਰੇ ਫਿ਼ਕਰ ਪਰ੍ਹੇ ਵਗਾਹ ਬਾਪੂ ਨੇ ਪੁਸ਼ਪਿੰਦਰ ਦੇ ਰਿਸ਼ਤੇ ਬਾਰੇ ਤਵੱਜੋਂ ਦੇਣੀ ਸ਼ੁਰੂ ਕਰ ਦਿੱਤੀ।
ਇਕ ਦਿਨ ਕਚਿਹਰੀਆਂ ਦੇ ਕਿਸੇ ਕੰਮ ਫਿਰਦੇ ਬਾਪੂ ਕਿਸ਼ਨ ਸਿੰਘ ਨੂੰ ਪੁਰਾਣਾ ਬੇਲੀ ਮਲਕੀਤ ਮਿਲ ਪਿਆ। ਮਲਕੀਤ ਅਤੇ ਕਿਸ਼ਨ ਸਿੰਘ 1971 ਦੀ ਜੰਗ ਵੇਲੇ ਇਕੱਠੇ ਫ਼ੌਜ ਵਿਚ ਭਰਤੀ ਹੋਏ ਸਨ। ਦੋ ਸਾਲ ਬਾਅਦ ਫ਼ੌਜ ਦੀ ਛਾਂਟੀ ਸ਼ੁਰੂ ਹੋਈ ਤਾਂ ਦੋਨੋਂ ਨਾਂ ਕਟਵਾ ਕੇ ਆਪਣੇ-ਆਪਣੇ ਪਿੰਡ ਆ ਗਏ। ਕਿਸ਼ਨੇ ਨੇ ਤਾਂ ਆਪਣਾ ਪਿਤਾ-ਪੁਰਖ਼ੀ ਕਿੱਤਾ ਖੇਤੀਬਾੜੀ ਅਪਣਾ ਲਿਆ ਅਤੇ ਮਲਕੀਤ ਕਿਸੇ ਏਜੰਟ ਨੂੰ ਪੈਸੇ ਦੇ ਕੇ ਜਰਮਨ ਪਹੁੰਚ ਗਿਆ। ਪਹਿਲੇ ਚਾਰ-ਪੰਜ ਸਾਲ ਤਾਂ ਉਸ ਨੂੰ ਕਾਫ਼ੀ ਜੱਦੋਜਹਿਦ ਦਾ ਸਾਹਮਣਾ ਕਰਨਾ ਪਿਆ, ਪਰ ਜਦੋਂ 1978 ਵਿਚ ਜਰਮਨ ਗੌਰਮਿੰਟ ਨੇ ਪ੍ਰਵਾਸੀਆਂ 'ਤੇ ਲੱਗੀਆਂ ਪਾਬੰਦੀਆਂ ਦੀਆਂ ਵਾਗਾਂ ਢਿੱਲੀਆਂ ਕੀਤੀਆਂ ਤਾਂ ਪ੍ਰਵਾਸੀਆਂ ਨੇ ਸੁਖ ਦਾ ਸਾਹ ਲਿਆ। ਜਾਹਲੀ ਪ੍ਰਵਾਸੀ ਬਹਾਲ ਹੋ ਗਏ ਅਤੇ ਕਾਨੂੰਨ ਦੇ ਦਾਇਰੇ ਅੰਦਰ ਰਹਿੰਦੇ ਲੋਕਾਂ ਨੂੰ ਸਿਟੀਜ਼ਨਸਿ਼ੱਪਾਂ ਮਿਲ ਗਈਆਂ।
ਮਲਕੀਤ ਜਿਉਂ ਦਾ ਤਿਉਂ ਘੋਟਣੇ ਵਰਗਾ ਸੀ। ਡਰਾਈਵਰ-ਕੱਟ ਦਾਹੜੀ ਉਸ ਨੇ ਜੜੋਂ ਹੀ ਰਗੜ ਧਰੀ ਸੀ। ਪਲਿਆ ਸਰੀਰ ਹੋਰ ਫਿੱਟ ਗਿਆ ਸੀ। ਉਸ ਦੀ ਗੋਗੜ ਹੋਰ ਵਧ ਗਈ ਸੀ ਅਤੇ ਪੈਰਾਂ ਦਾ ਵਾਧੂ ਜਿਹਾ ਮਾਸ ਬੂਟਾਂ ਤੋਂ ਬਾਹਰ ਲਟਕ ਰਿਹਾ ਸੀ। ਉਹ ਵਾਰ-ਵਾਰ ਆਪਣੇ ਕਾਲੇ ਕੀਤੇ ਹੋਏ ਪਟਿਆਂ ਨੂੰ ਪਲੋਸਦਾ ਸੀ। ਗਹੁ ਨਾਲ ਕਿਸ਼ਨ ਸਿੰਘ ਨੇ ਮਲਕੀਤ ਨੂੰ ਪਹਿਚਾਣ ਕੇ ਜੱਫ਼ੀ ਜਾ ਪਾਈ। ਸਾਹਣ ਵਰਗਾ ਮਲਕੀਤ ਉਸ ਦੀ ਜੱਫ਼ੀ ਵਿਚ ਪੂਰਾ ਨਹੀਂ ਆਇਆ ਸੀ।
-"ਉਏ ਘੁੱਗੂਆ ਪਛਾਣਿਆਂ ਨ੍ਹੀ? ਮੈਂ ਕਿਸ਼ਨਾ ਐਂ ਦੌਲਤਪੁਰ ਆਲਾ!" ਕਿਸ਼ਨਾ ਫ਼ੌਜ ਵਿਚ ਮਲਕੀਤ ਨੂੰ 'ਘੁੱਗੂ' ਹੀ ਆਖਦਾ। ਉਹਨਾਂ ਦੀ ਯਾਰੀ ਦੀ ਲੋਕ ਮਿਸਾਲ ਦਿੰਦੇ। ਪਰ ਹੁਣ ਕਾਫ਼ੀ ਦੇਰ ਤੋਂ ਰਾਬਤਾ ਟੁੱਟਿਆ ਹੋਇਆ ਸੀ।
-"ਓਹ! ਬੱਲੇ ਬੱਲੇ...!!" ਮਲਕੀਤ ਨੇ ਕਿਸ਼ਨੇ ਨੂੰ ਤੱਕੜੀ ਵਾਂਗ ਤੋਲ ਲਿਆ।
-"ਦੇਖੀਂ ਬਾਈ ਕੋਈ ਅੰਗ ਪੈਰ ਤੋੜ ਧਰੇਂ-ਕੀੜੀ ਨੂੰ ਤਾਂ ਤੱਕਲੇ ਦਾ ਦਾਗ ਈ ਬਥ੍ਹੇਰਾ ਹੁੰਦੈ!" ਕਿਸ਼ਨਾ ਜੱਟ ਵਾਲੀ ਕੁਤਕੁਤੀ ਤੋਂ ਡਰਦਾ ਬੋਲਿਆ। ਮਲਕੀਤ ਨੇ ਉਸ ਨੂੰ ਗਲਵਕੜੀ ਵਿਚ ਕਤੂਰੇ ਵਾਂਗ ਬੋਚਿਆ ਹੋਇਆ ਸੀ।
-"ਉਏ ਕੀ ਗੱਲ ਹੋ ਗਈ? ਗਿੱਲੀ ਗੰਢ ਮਾਂਗੂੰ ਪਿਚ ਗਿਐਂ-ਕਿਤੇ ਭਰਜਾਈ ਤਾਂ ਨ੍ਹੀ ਉਤੋਂ ਦੀ ਪੈ ਗਈ?"
-"ਤੇਰੇ ਅਰਗੇ ਭਰਾਵਾਂ ਦੇ ਸਿਰ 'ਤੇ ਉਤੋਂ ਦੀ ਪੈਣ ਦਿੰਨੇ ਐਂ?" ਕੁੱਛੜੋਂ ਛੱਡੇ ਕੁੱਕੜ ਵਾਂਗ ਕਿਸ਼ਨੇ ਨੇ ਖੰਭ ਜਿਹੇ ਝਿਣਕੇ।
-"ਆ ਜਾਹ ਗੱਡੀ ਕੋਲੇ ਚੱਲੀਏ।" ਮਲਕੀਤ ਨੇ ਕਿਸ਼ਨੇ ਨੂੰ ਮਾਰੂਤੀ ਕਾਰ ਵੱਲ ਨੂੰ ਧੂਹ ਲਿਆ। ਗੱਡੀ ਵਿਚੋਂ ਬੋਤਲ ਕੱਢ ਕੇ ਉਹ ਹੋਟਲ ਵਿਚ ਵੜ ਗਏ।
-"ਕਿੰਨੀ ਆਰੀ ਛੁੱਟੀ ਆਇਐਂ-ਕਦੇ ਮਿਲ ਗਿਲ ਈ ਜਾਇਆ ਕਰ।" ਦਾਰੂ ਦਾ ਗਿਲਾਸ ਖਾਲੀ ਕਰਦਿਆਂ ਕਿਸ਼ਨੇ ਨੇ ਸਿ਼ਕਵਾ ਜ਼ਾਹਿਰ ਕੀਤਾ।
-"ਬਾਈ ਝਮ੍ਹੇਲੇ ਈ ਐਨੇ ਰਹੇ -ਬੱਸ...!"
-"ਕਦੇ ਬੰਦਾ ਤੁਰਦਾ ਫਿਰਦਾ ਈ ਪਿੰਡ ਵਿਚ ਦੀ ਲੰਘ ਜਾਂਦੈ।"
-"ਬਾਈ ਟੈਮ ਈ ਨ੍ਹੀ ਮਿਲਿਆ-ਸੱਚ ਜਾਣੀਂ।"
-"ਆਹੋ ਭਾਈ! ਥੋਡੇ ਬਾਹਰਲੇ ਬੰਦਿਆਂ ਕੋਲੇ ਗਰੀਬਾਂ ਲਈ ਟੈਮ ਕਿੱਥੇ?" ਵਿਅੰਗ ਕੱਸ ਕੇ ਕਿਸ਼ਨੇ ਨੇ ਮੂੰਹ ਘਸਮੈਲਾ ਜਿਹਾ ਕਰ ਲਿਆ।
-"ਉਏ ਵੱਡੇ ਭਾਈ! ਥੁੱਕ ਵੀ ਹੁਣ ਗੁੱਸਾ-ਲੈ ਮੈਂ ਤੇਰੇ ਗੋਡੀਂ ਹੱਥ ਲਾਉਨੈਂ।" ਮਲਕੀਤ ਨੇ ਕਿਸ਼ਨੇ ਦੇ ਗੰਨਿਆਂ ਵਰਗੇ ਗੋਡੇ ਫੜ ਲਏ।
-"ਤੂੰ ਬੁੜ੍ਹਾ ਹੋ ਚੱਲਿਆ-ਪਰ ਤੇਰੀਆਂ ਲਿੱਚ-ਗੜਿੱਚੀਆਂ ਨ੍ਹੀ ਗਈਆਂ।"
-"ਤੇਰੀਆਂ ਕਿਹੜਾ ਕੁਪੱਤੀ ਸੱਸ ਆਲੀਆਂ ਠੰਗੋਰਾਂ ਜਾਣੀਐਂ?" ਦੋਨੋਂ ਹੱਸ ਪਏ।
-"ਤੂੰ ਕਚਿਹਰੀਆਂ 'ਚ ਫਿਰਦੈਂ-ਸੁੱਖ ਐ?"
-"ਮੇਰੇ ਨਾਲ ਮੁੰਡਾ ਆਇਐ ਜਰਮਨ ਤੋਂ-ਉਹਦੇ ਤਲਾਕ ਬਾਰੇ ਅੱਜ ਤਰੀਕ ਐ।"
-"ਤਲਾਕ..! ਕਾਹਤੋਂ...?"
-"ਯਾਰ ਕਾਹਦੀ ਗੱਲ ਐ? ਤੀਮੀਂ ਹੈਗੀ ਐ ਮੂੰਹ ਫੱਟ-ਚੌਵੀ ਘੰਟੇ ਕਲੇਸ਼ ਖੜ੍ਹਾ ਕਰੀ ਰੱਖਦੀ ਐ-ਘਰਆਲੇ ਤੋਂ ਚੋਰੀ ਆਬਦੇ ਭਰਾਵਾਂ ਤੇ ਮਾਂ ਬਾਪ ਨੂੰ ਪੈਸੇ ਭੇਜਦੀ ਰਹੀ-ਇਕ ਦਿਨ ਇਹਨੂੰ ਪਤਾ ਲੱਗਿਆ ਤਾਂ ਇਹਨੇ ਸਮਝਾਉਣ ਦੀ ਕੋਸਿ਼ਸ਼ ਕੀਤੀ-ਗੱਲ ਤਾਂ ਇਹਦੀ ਕੀ ਸੁਣਨੀ ਸੀ-ਅੱਗਿਓਂ ਕਹਿੰਦੀ: ਮੈਂ ਅਖੇ ਤੈਨੂੰ ਤਲਾਕ ਦੇ ਦੇਣੈਂ-ਇੰਡੀਆ ਤੋਂ ਸੋਹਣਾ ਸੁਨੱਖਾ ਮੁੰਡਾ ਵਿਆਹ ਕੇ ਲਿਆਊਂ-ਮੁੰਡਾ ਅੱਗਿਓਂ ਚਿੜ ਗਿਆ-ਬੱਸ ਗੱਲ ਐਥੋਂ ਵਿਤੋਂ ਬਾਹਰ ਹੋ ਗਈ-ਉਧਰੋਂ ਕੁੜੀ ਦੇ ਘਰਦੇ ਓਦੂੰ ਚੜ੍ਹਦੇ ਚੰਦ ਐ-ਕਹਿੰਦੇ ਅਖੇ ਆ ਜਾਹ-ਤੈਨੂੰ ਐਥੇ ਮੁੰਡਿਆਂ ਦਾ ਘਾਟੈ? ਮੁੰਡਿਆਂ ਦੀ ਤਾਂ ਲਾਈਨ ਲਾ ਦਿਆਂਗੇ-ਉਹਨਾਂ ਨੂੰ ਕੀ ਮਾੜਾ ਐ? ਕੁੜੀ ਨੋਟਾਂ ਦੇ ਨੋਟ ਭੇਜਦੀ ਰਹੀ ਐ-ਉਹਨਾ ਦੇ ਦਿਲ 'ਚ ਤਾਂ ਇਹ ਐ ਬਈ ਕੋਈ ਬਾਹਰ ਜਾਣ ਲਈ ਕਾਹਲਾ ਮੁੰਡਾ ਲੱਭ ਦਿਆਂਗੇ-ਕੁੜੀ ਦੀ ਕਮਾਈ ਤਾਂ ਐਥੇ ਆਊ-।"
-"ਮਾੜੀ ਗੱਲ ਐ ਬਈ-ਧੀ ਧਿਆਣੀ ਦਾ ਘਰ ਉਜਾੜਨਾ-।"
-"ਇਹ ਮੁੰਡਾ ਐ ਸਿਆਣਾ-ਇਹਨੇ ਸੋਚਿਆ ਬਈ ਜੇ ਜਰਮਨ ਤਲਾਕ ਵਾਸਤੇ ਅਪਲਾਈ ਕੀਤਾ ਤਾਂ ਨਾਲੇ ਪਊ ਮਹਿੰਗਾ-ਤੇ ਨਾਲੇ ਟੈਮ ਲੱਗੂ-ਬਈ ਜਿੰਨੀ ਜਲਦੀ ਹੋ ਸਕੇ-ਇਸ ਚੁੜੇਲ ਤੋਂ ਖਹਿੜਾ ਛੁੱਟੇ ਉਨਾਂ ਈ ਫ਼ਾਇਦੈ-ਤੈਨੂੰ ਪਤਾ ਈ ਐ ਬਾਈ ਕਿਸ਼ਨਿਆਂ-ਜਦੋਂ ਦਿਲਾਂ 'ਚ ਫ਼ਰਕ ਪੈਜੇ-ਫੇਰ ਵਸੇਬਾ ਮੁਸ਼ਕਿਲ ਐ-।"
-"ਇਹ ਤਾਂ ਹੈ-ਪਰ ਉਹਨੂੰ ਸਹੁਰੀ ਨੂੰ ਕੀ ਪੁੱਠੀ ਭਮਾਲੀ ਆਈ ਐ? ਭਰਾ ਕਿਹੜਾ ਸਾਰੀ ਉਮਰ ਨਾਲ ਨਿਭਣੇਂ ਐਂ? ਉਹ ਤਾਂ ਜਿੰਨਾ ਚਿਰ ਹੱਥ ਝਾੜ੍ਹਦੀ ਐ-ਸਿੱਧੇ ਐ-ਜਿੱਦੇਂ ਹਟ ਗਈ-ਬੱਸ ਸਾਸਰੀਕਾਲ!"
-"ਅਸੀਂ ਬਥੇਰਾ ਸਮਝਾਇਆ ਬਾਈ-ਬਈ ਜੀਹਨੂੰ ਤੂੰ ਵਿਆਹ ਕੇ ਲਿਆਵੇਂਗੀ-ਪਤਾ ਨ੍ਹੀ ਕਿਹੋ ਜਿਆ ਹੋਊ? ਪਰ ਬਾਈ ਉਹ ਸਮਝਣ ਆਲੀ ਜੜੀ ਈ ਨਹੀਂ-ਮਾਂ ਪਿਉ ਤੇ ਭਰਾਵਾਂ ਦੀ ਚੱਕੀ ਵੀ ਸਮਝਾਉਣ ਆਲੇ ਦੇ ਗਲ ਨੂੰ ਆਉਂਦੀ ਐ!"
-"ਜਦੋਂ ਨਾ ਵਸਣ ਦਾ ਇਰਾਦਾ ਹੋਵੇ ਤਾਂ ਓਹੀ ਗੱਲਾਂ ਸੁਝਦੀਐਂ-ਅਖੇ ਇਹਦੀ ਰੋਟੀ ਖਾਂਦੇ ਦੀ ਦਾਹੜੀ ਹਿੱਲਦੀ ਐ।"
-"ਮੇਰੀ ਨਜਰ 'ਚ ਬਾਈ ਇਹਦੇ ਮਾਂ-ਪਿਉ ਤੇ ਭਰਾ ਨ੍ਹੀ ਇਹਦੇ ਪੈਰ ਲੱਗਣ ਦਿੰਦੇ।"
-"ਮੁੰਡਾ ਕਿੱਥੋਂ ਦਾ ਐ?"
-"ਮੋਹੀ ਦਾ ਐ।"
-"ਯਾਰ ਜੇ ਤਲਾਕ ਈ ਹੋ ਜਾਣੈਂ-ਤਾਂ ਤੂੰ ਆਪਣੀ ਪੁਸ਼ਪਿੰਦਰ ਬਾਰੇ ਈ ਬਾਤ ਪਾ ਕੇ ਦੇਖਲਾ?"
-"ਕਿੰਨਾ ਪੜ੍ਹੀ ਐ?"
-"ਬੀ ਐੱਡ ਕੀਤੀ ਐ ਬੀ. ਏ. ਤੋਂ ਬਾਅਦ।"
-"ਮੈਂ ਕੱਲ੍ਹ ਨੂੰ ਤੇਰੇ ਪਿੰਡ ਆਊਂ-ਬੈਠ ਕੇ ਗੱਲ ਕਰਾਂਗੇ-ਪਰ ਬਾਈ ਕੁੜੀ ਸਾਰੀ ਬੀਹਾਂ ਬਾਈਆਂ ਕੁ ਸਾਲਾਂ ਦੀ ਹੋਊ ਤੇ ਮੁੰਡਾ ਤਾਂ ਚਾਲ੍ਹੀਆਂ ਦੇ ਗੇੜ ਐ!"
-"ਚੱਲੂ! ਕੁੜੀ ਸੁਖੀ ਵਸੇ-ਦਸ ਪੰਦਰਾਂ ਸਾਲਾਂ ਦੇ ਫਰਕ ਨੂੰ ਕੋਈ ਨ੍ਹੀ ਪੁੱਛਦਾ ਮਲਕੀਤ! ਨਾਲੇ ਕੁੜੀ ਆਪਣੀ ਹੁੰਦੜਹੇਲ ਐ-ਤੂੰ ਗੱਲ ਚਲਾ!" ਕਿਸ਼ਨ ਸਿੰਘ ਨੇ ਹਿੱਕ ਠੋਕੀ।
-"ਚੱਲ ਚੱਲੀਏ! ਕਚਿਹਰੀਆਂ ਦਾ ਟੈਮ ਵੀ ਹੋਣ ਆਲੈ-ਮੈਂ ਕੱਲ੍ਹ ਨੂੰ ਤੇਰੇ ਕੋਲ ਪਹੁੰਚੂੰ-ਸਾਗ ਧਰਵਾ ਕੇ ਰੱਖੀਂ ਭਰਜਾਈ ਤੋਂ!"
-"ਸਾਗ ਵੀ ਕੋਈ ਚੀਜ ਐ ਯਾਰ?"
-"ਸਾਡੇ ਬਾਹਰਲਿਆਂ ਲਈ ਤਾਂ ਨਿਹਮਤ ਐ ਬਾਈ ਕਿਸ਼ਨਿਆਂ!"
ਉਹ 'ਰੰਗੀਲੇ' ਜਿਹੇ ਹੋ ਕੇ ਹੋਟਲ ਤੋਂ ਬਾਹਰ ਆ ਗਏ।
ਕਿਸ਼ਨ ਸਿੰਘ ਕਿਸੇ ਖ਼ੁਸ਼ੀ ਦੇ ਖੰਭਾਂ ਆਸਰੇ ਉਡਦਾ ਘਰੇ ਪਹੁੰਚਿਆ। ਰਾਤ ਨੂੰ ਉਸ ਨੇ ਜੱਕਾਂ-ਤੱਕਾਂ ਕਰਦੀ ਪੁਸ਼ਪਿੰਦਰ ਦੀ ਮਾਂ ਤੋਂ 'ਹਾਂ' ਕਰਵਾ ਲਈ। ਮਾਂ, ਮੁਹਿੰਦਰ ਕੌਰ ਨੂੰ ਕਿਹੜਾ ਆਪਣੇ ਘਰ ਬਾਰੇ ਪਤਾ ਨਹੀਂ ਸੀ? ਪਰ ਇਕੱਲੀ-ਇਕੱਲੀ ਕੁੜੀ ਨੂੰ ਬਾਹਰ ਤੋਰਨੋਂ ਉਹ ਜਰਕਦੀ ਸੀ। ਪਰ ਕਿਸ਼ਨ ਸਿੰਘ ਦੀਆਂ ਦਲੀਲਾਂ ਨੇ ਉਸ ਨੂੰ ਕਾਇਲ ਕਰ ਲਿਆ।
-"ਮ੍ਹਿੰਦਰ ਕੁਰੇ! ਐਥੇ ਵਿਆਹੀ ਦੇ ਤਾਂ ਕਰੂਏ ਦੇ ਵਰਤ ਤੇ ਲੋਹੜੀਆਂ-ਦਿਵਾਲੀਆਂ ਈ ਲੋਟ ਨ੍ਹੀ ਆਉਣੀਆਂ-ਕੁਰਕੀ ਨਿੱਤ ਹੋਇਆ ਕਰੂਗੀ! ਇਕ ਕਿੱਲਾ ਵੇਚ ਕੇ ਵਿਆਹ ਕਰ ਦਿਆਂਗੇ-ਅੱਗੋਂ ਰੱਬ ਭਲੀ ਕਰੂ-ਨਿੱਤ ਦੇ ਸਿੰਧਾਰਿਆਂ ਨਾਲੋਂ ਕੁੜੀ ਬਾਹਰ ਈ ਤੋਰੀ ਚੰਗੀ ਐ-ਸੁੱਖ ਨਾਲ ਸਾਲ ਜਾਂ ਦੋ ਸਾਲ ਬਾਅਦ ਇੱਕ ਅੱਧਾ ਮਹੀਨਾਂ ਆਇਆ ਕਰਨਗੇ-ਸ਼ਗਨ ਦਾ ਸੌ ਰੁਪਈਆ ਦੁਖਦਾ ਨ੍ਹੀ-ਲੋੜਵੰਦ ਘਰ ਐ-ਮੈਨੂੰ ਮੈਦ ਐ ਬਹੁਤੀਆਂ ਮੰਗਾਂ ਨ੍ਹੀ ਧਰਦੇ-ਨਿੱਤ ਨਿੱਤ ਮੂੰਹ ਭਰਨ ਨੂੰ ਆਪਣੇ ਕੋਲੇ ਟਾਟੇ ਆਲੀ ਢੇਰੀ ਨ੍ਹੀ-ਨਾਲੇ ਮਲਕੀਤ ਵਿਚ ਐ-ਆਪਾਂ ਨੂੰ ਤੰਗ ਨ੍ਹੀ ਹੋਣ ਦਿੰਦਾ।"
-"ਥੋਡੀ ਮਰਜੀ ਐ।"
-"ਤੈਨੂੰ ਕਿਹੜਾ ਆਪਣੇ ਘਰ ਦਾ ਪਤਾ ਨ੍ਹੀਂ?"
ਜਦ ਪੁਸ਼ਪਿੰਦਰ ਨੂੰ ਪਤਾ ਲੱਗਿਆ ਤਾਂ ਉਹ ਘੋਰ ਉਦਾਸ ਹੋ ਗਈ। ਉਹ ਆਪਣੇ ਮਾਂ-ਬਾਪ ਨੂੰ ਕਦਾਚਿੱਤ ਇਕੱਲਿਆਂ ਨਹੀਂ ਛੱਡਣਾ ਚਾਹੁੰਦੀ ਸੀ, ਪਰ ਮਜਬੂਰ ਸੀ। ਘਰ ਦੀ ਗ਼ਰੀਬੀ ਨੂੰ ਮੁੱਖ ਰੱਖ ਕੇ ਉਹ ਖੰਡੇ ਦੀ ਧਾਰ 'ਤੇ ਤੁਰਨ ਲਈ ਸਹਿਮਤ ਹੋ ਗਈ। ਮਾਂ-ਪਿਉ ਨਾਲ ਪੈਣ ਵਾਲੇ ਵਿਛੋੜੇ ਲਈ ਉਸ ਨੇ ਆਪਣੇ ਆਪ ਨੂੰ ਅੰਦਰੋਂ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਵਿਛੋੜਾ ਜਰਨ ਲਈ ਉਸ ਨੇ ਆਪਣੀ ਸਹਿਣਸ਼ੀਲਤਾ ਨੂੰ ਅਗਾਊਂ ਜੋਹਿਆ।
-"ਧੀਏ! ਸਾਰੀ ਉਮਰ ਮਾਪਿਆਂ ਦੇ ਬੂਹੇ ਨਹੀਂ ਬੈਠ ਰਹਿਣਾ ਹੁੰਦਾ-ਤੈਨੂੰ ਆਪਣੇ ਹਾਲਾਤਾਂ ਦਾ ਪਤਾ ਈ ਐ? ਰੱਬ ਸੁੱਖ ਰੱਖੇ-ਐਸ਼ ਕਰੇਂਗੀ!" ਮਾਂ ਨੇ ਉਸ ਨੂੰ ਉਦਾਸ ਦੇਖ ਕੇ ਆਖਿਆ ਸੀ। ਬੇਵੱਸ ਹੋਈ ਪੁਸ਼ਪਿੰਦਰ ਦਾ ਰੋਣ ਨਿਕਲ ਗਿਆ। ਮਨੋਂ ਘੁੱਟੀ-ਘੁੱਟੀ ਮਾਂ ਉਸ ਨੂੰ ਪਲੋਸਦੀ ਰਹੀ।
ਸ਼ਾਮ ਨੂੰ ਮਲਕੀਤ ਆ ਗਿਆ। ਕਿਸ਼ਨ ਸਿੰਘ ਅਤੇ ਮੁਹਿੰਦਰ ਕੌਰ ਲਈ ਤਾਂ ਰੱਬ ਬਹੁੜ ਪਿਆ ਸੀ। ਮਲਕੀਤ ਨੇ ਆਉਣਸਾਰ ਮੁਹਿੰਦਰ ਕੌਰ ਨੂੰ ਟਕੋਰ ਕੀਤੀ।
-"ਭਾਬੀ! ਬਾਈ ਤਾਂ ਤੂੰ ਜਮਾਂ ਈ ਸੁੱਬੀ 'ਚ ਬੰਨ੍ਹਣ ਆਲਾ ਕਰਤਾ?"
-"ਤੇਰੇ ਜਰਮਨ ਤੋਂ ਭੇਜੇ ਬਦਾਮ ਇਹਨੂੰ ਫਿੱਟ ਨ੍ਹੀ ਬੈਠੇ ਦਿਉਰਾ ਮੇਰਿਆ!" ਮੁਹਿੰਦਰ ਕੌਰ ਦੇ ਜਵਾਬੀ ਅਟੈਕ ਨੇ ਮਲਕੀਤ ਨੂੰ ਛਿੱਥਾ ਪਾ ਦਿੱਤਾ।
-"ਲੈ! ਹੁਣ ਤੂੰ ਛਿੱਤਰ ਲਾਹ ਲੈ-ਇਹ ਤਾਂ ਕੱਲ੍ਹ ਈ ਬਥ੍ਹੇਰੀਆਂ ਮਾਰ ਆਇਐ।" ਉਸ ਨੂੰ ਕੋਈ ਟਿਕਾਣੇ ਦੀ ਗੱਲ ਨਾ ਔੜੀ।
-"ਜੇ ਮੈਂ ਮਾਰਨ ਲੱਗ ਪਈ-ਤਾਂ ਸੌ ਮਾਰੂੰ ਤੇ ਇੱਕ ਗਿਣੂੰ।"
-"ਛਿੱਤਰ ਫੇਰ ਮਾਰ ਲਈਂ-ਪਹਿਲਾਂ ਛੋਟੇ ਦਿਉਰ ਨੂੰ ਚਾਹ ਪਾਣੀ ਪਿਆ ਕੇ ਕੈਮ ਤਾਂ ਕਰਲਾ ਲਾਣੇਦਾਰਨੀਏਂ!" ਖ਼ੁਸ਼ੀ ਵਿਚ ਭਿੱਜੇ ਕਿਸ਼ਨ ਸਿੰਘ ਨੇ ਕਿਹਾ।
-"ਚਾਹ ਬਥ੍ਹੇਰੀ!"
-"ਭਰਜਾਈ ਜੀ! ਖੁਸ਼ੀ ਦੀ ਖਬਰ ਲੈ ਕੇ ਆਇਐਂ-ਅੱਜ ਮੂੰਹ ਕੌੜਾ ਕਰਾਂਗੇ!"
-"ਹੋਰ ਤੂੰ ਕੀ ਕਰਨੈਂ ਬੋਕਾ? ਦਾਰੂ ਤੋਂ ਬਿਨਾ ਥੋਨੂੰ ਦੋਨਾਂ ਭਰਾਵਾਂ ਨੂੰ ਕੋਈ ਗੱਲ ਆਉਂਦੀ ਈ ਨ੍ਹੀ।"
-"ਤੂੰ ਭੌਂਕੀ ਨਾ ਜਾਹ! ਜਾਹ ਜਾ ਕੇ ਪਾਣੀ ਲੈ ਕੇ ਆ!" ਹਨ੍ਹੇਰੀ ਵਾਂਗ ਅੰਦਰੋਂ ਕਿਸ਼ਨ ਸਿੰਘ ਬੋਤਲ ਕੱਢ ਲਿਆਇਆ। ਮੁਹਿੰਦਰ ਕੌਰ ਸਾਗ ਦੀ ਬਾਟੀ ਭਰ ਲਿਆਈ।
-"ਆਹ ਬਣੀ ਐਂ ਨਾ ਗੱਲ! ਘਰ ਦੀ ਕੱਢੀ ਦਾਰੂ ਤੇ ਭਰਜਾਈ ਦੇ ਹੱਥਾਂ ਦਾ ਬਣਿਆਂ ਸਰ੍ਹੋਂ ਦਾ ਸਾਗ।" ਮਲਕੀਤ ਦਿਲੋਂ ਬਾਗੋਬਾਗ ਹੋ ਗਿਆ।
-"ਮ੍ਹਿੰਦਰ ਕੁਰੇ! ਇਹਦੇ ਤੇ ਪਸ਼ੂ 'ਚ ਕੋਈ ਫਰਕ ਨ੍ਹੀ-ਪਸ਼ੂ ਹਰੇ ਚਾਰੇ ਨੂੰ ਤੇ ਇਹੇ ਸਾਗ ਨੂੰ ਦੇਖ ਕੇ ਲਾਚੜਦੈ।" ਕਿਸ਼ਨ ਸਿੰਘ ਖ਼ੀਂ-ਖ਼ੀਂ ਕਰਕੇ ਹੱਸਿਆ।
ਉਹ ਪੀਂਦੇ ਹੱਸਦੇ ਰਹੇ।
-"ਹਾਂ! ਹੁਣ ਕਰ ਗੱਲ? ਲਾਈ ਘਾਣੀ ਕਿਸੇ ਸਿਰੇ ਕਿ ਨਹੀਂ?" ਮੁਹਿੰਦਰ ਕੌਰ ਦੇ ਗੁੱਝੇ ਇਸ਼ਾਰੇ 'ਤੇ ਕਿਸ਼ਨ ਸਿੰਘ ਬੋਲਿਆ।
-"ਘਾਣੀ ਬਾਈ ਆਪਣੇ ਹੱਥ 'ਚ ਐ-ਜਦੋਂ ਕਹੇਂ ਸਿਰੇ ਲਾ ਦਿਆਂਗੇ।"
-"ਬੱਸ-ਸਿਰੇ ਲਾ ਦੇ ਮੇਰਾ ਵੀਰ!"
-"ਵੇ ਬਾਹਲਾ ਮੂੰਹ ਤਾਂ ਨ੍ਹੀ ਅੱਡਦੇ?"
-"ਮੈਖਿਆ ਭਾਬੀ ਜਮਾਂ ਈ ਨ੍ਹੀ!"
-"ਵੇ ਫੇਰ ਵੀ ਬਾਹਰਲੇ ਐ।"
-"ਫੇਰ ਕੀ ਹੋ ਗਿਆ? ਘਾਬਰਦੀ ਕਾਹਤੋਂ ਐਂ? ਬੇਸੰਸ ਰਹਿ!"
ਖ਼ੈਰ! ਜਿਵੇਂ ਮਲਕੀਤ ਗੱਲ ਤਹਿ ਕਰਕੇ ਆਇਆ ਸੀ, ਉਸੇ ਤਰ੍ਹਾਂ ਹੀ ਸਿਰੇ ਚੜ੍ਹ ਗਈ। ਮੁੰਡੇ, ਬਲਬੀਰ ਦਾ ਤਲਾਕ ਹੋ ਗਿਆ ਸੀ। ਘਰਦਿਆਂ ਨੇ ਕੁੜੀ ਦੇਖਣ ਉਪਰੰਤ, ਚੁੰਨੀ ਚੜ੍ਹਾ ਕੇ ਲਿਜਾਣ ਦਾ ਵਾਅਦਾ ਕੀਤਾ ਸੀ। ਕੋਈ ਲੈਣ-ਦੇਣ ਨਹੀਂ ਕਾਰਮਿਆਂ ਸੀ।
ਰੱਬ ਦੀ ਦਇਆ ਸਦਕਾ ਰਿਸ਼ਤਾ ਸਿਰੇ ਚੜ੍ਹ ਗਿਆ। ਦੋਨੋਂ ਧਿਰਾਂ ਹੀ ਸੰਤੁਸ਼ਟ ਸਨ। ਮੁੰਡੇ ਵਾਲਿਆਂ ਨੂੰ ਕੁੜੀ ਪਸੰਦ ਸੀ। ਕੁੜੀ ਵਾਲਿਆਂ ਵੱਲੋਂ ਸਿਰੋਂ ਭਾਰ ਲੱਥ ਗਿਆ ਸੀ। ਮੋਗੇ ਕੋਰਟ-ਮੈਰਿਜ ਰਜਿਸਟਰ ਹੋ ਗਈ ਅਤੇ ਪੁਸ਼ਪਿੰਦਰ ਨੂੰ ਜਲਦੀ ਹੀ ਬੁਲਾ ਲੈਣ ਦੀ ਗੱਲ ਕਰ ਕੇ ਮੁੰਡੇ ਵਾਲਿਆਂ ਦਾ ਸਾਰਾ ਪ੍ਰੀਵਾਰ ਜਰਮਨ ਨੂੰ ਉਡਾਰੀ ਮਾਰ ਗਿਆ। ਪੁਸ਼ਪਿੰਦਰ ਫਿਰ ਮਾਪਿਆਂ ਕੋਲ ਆ ਗਈ। ਬਲਬੀਰ ਦੀ ਅਣਹੋਂਦ ਉਸ ਨੂੰ ਖੋਰਾ ਲਾਉਂਦੀ। ਠੰਡੀਆਂ ਕਾਲੀਆਂ ਰਾਤਾਂ ਉਸ ਇਕੱਲੀ ਨੂੰ ਸ਼ਰਾਪ ਬਣ-ਬਣ ਸਤਾਉਂਦੀਆਂ। ਉਸ ਦਾ ਬਦਨ ਅੱਗ ਵਾਂਗ ਤਪਦਾ। ਉਸ ਦੀ ਜਵਾਨ ਹਿੱਕ ਕਿਸੇ ਦੀ ਗਲਵਕੜੀ ਲਈ ਤਾਂਘਦੀ। ਉਸ ਦਾ ਦਿਲ ਕਰਦਾ ਕਿ ਬਲਬੀਰ ਅਚਾਨਕ ਕਿਸੇ ਫ਼ਰਿਸ਼ਤੇ ਵਾਂਗ ਉਸ ਪਿਆਸੀ ਦੇ ਬੂਹੇ ਆ ਖੜ੍ਹੇ ਅਤੇ ਉਸ ਦੀ ਜੁੱਗੜਿਆਂ ਦੀ ਪਿਆਸ ਮਿਟਾ ਦੇਵੇ। ਉਸ ਦਾ ਅੰਗ-ਅੰਗ ਨਿਚੋੜ ਸੁੱਟੇ। ਉਸ ਅੰਦਰ ਧੜਕਦਾ ਲਾਵਾ ਹਰ ਵਕਤ ਅੰਗੜਾਈਆਂ ਲੈਂਦਾ ਰਹਿੰਦਾ। ਕੇਸੂ ਬੁੱਲ੍ਹ ਕਿਸੇ ਆਸ ਵਿਚ ਫ਼ਰਕਦੇ ਰਹਿੰਦੇ।
ਮਲਕੀਤ ਦੇ ਇੰਡੀਆ ਹੁੰਦੇ-ਹੁੰਦੇ ਪੁਸ਼ਪਿੰਦਰ ਦੇ ਸਾਰੇ ਕਾਗਜ਼ ਪੱਤਰ ਪੁੱਜ ਗਏ। ਇਕ ਪਾਸੜ ਫ਼ਰੈਂਕਫ਼ੋਰਟ ਦੀ ਟਿਕਟ ਵੀ ਨਾਲ ਸੀ। ਮਲਕੀਤ ਦੀ ਭੱਜ ਨੱਠ ਰੰਗ ਲਿਆਈ ਅਤੇ ਪੁਸ਼ਪਿੰਦਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਜਰਮਨ ਦਾ ਵੀਜ਼ਾ ਮਿਲ ਗਿਆ। ਟਿਕਟ 'ਕਨਫ਼ਰਮ' ਕਰਵਾ ਲਈ।
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਮਾਂ ਅਤੇ ਬਾਪੂ ਕਿਸ਼ਨ ਸਿੰਘ ਚੜ੍ਹਾਉਣ ਆਏ। ਮਲਕੀਤ ਨੇ ਪੁਸ਼ਪਿੰਦਰ ਦੇ ਨਾਲ ਹੀ ਜਾਣਾ ਸੀ। ਮੁਹਿੰਦਰ ਕੌਰ ਮਲਕੀਤ ਨੂੰ ਬੜੇ ਜਜ਼ਬਾਤੀ ਸੁਰ ਵਿਚ ਬੋਲੀ:
-"ਮਲਕੀਤ ਤੂੰ ਤਾਂ ਸਾਡੇ ਸਿਰੋਂ ਗੱਡੇ ਜਿੰਨਾ ਭਾਰ ਲਾਹ ਦਿੱਤਾ ਭਰਾਵਾ! ਅਸੀਂ ਤੇਰਾ ਇਹ ਗੁਣ ਕਿਹੜੇ ਜੁੱਗ ਦਿਆਂਗੇ?" ਤਾਂ ਮਲਕੀਤ ਬੋਲਿਆ:
-"ਭਾਬੀ! ਕਰਨ ਕਰਾਉਣ ਆਲਾ ਰੱਬ ਐ-ਬੰਦਾ ਕੀ ਚੀਜ ਐ? ਨਾਲੇ ਇਹ ਤਾਂ ਸੰਜੋਗਾਂ ਦੀ ਗੱਲ ਐ।"
ਮੁਹਿੰਦਰ ਕੌਰ ਫਿ਼ੱਸ ਪਈ।
-"ਇਹਦਾ ਖਿਆਲ ਰੱਖੀਂ ਮਲਕੀਤ-ਨਿਆਣੀ ਐਂ-ਚਾਹੇ ਘਰੇ ਲੱਖ ਗਰੀਬੀ ਸੀ-ਪਰ ਪੁੱਤਾਂ ਮਾਂਗੂੰ ਪਾਲੀ ਐ-ਹੁਣ ਤਾਂ ਪ੍ਰਦੇਸਾਂ ਵਿਚ ਇਹਦਾ ਤੂੰ ਈ ਪਿਉ ਤੇ ਤੂੰ ਈ ਮਾਂ ਐਂ।"
-"ਭਾਬੀ ਫਿ਼ਕਰ ਕਾਹਦਾ ਕਰਦੀ ਐਂ? ਤੱਤੀ 'ਵਾਅ ਨ੍ਹੀ ਲੱਗਣ ਦਿੰਦਾ।"
ਮੁਹਿੰਦਰ ਕੌਰ ਨੇ ਧੀ ਨੂੰ ਬੁੱਕਲ ਵਿਚ ਲੈ ਲਿਆ।
-"ਸਿਆਣੀ ਬਣ ਕੇ ਰਹੀਂ ਪੁੱਤ! ਸਾਨੂੰ ਤਾਂ ਤੇਰੇ ਵਿਚ ਦੀ ਈ ਸਾਹ ਆਉਂਦੈ-ਤੇਰਾ ਇਕ ਅੱਧਾ ਵੀਰ ਹੁੰਦਾ-ਓਹ ਜਾਣੇਂ ਮਾੜਾ ਮੋਟਾ ਸਹਾਰਾ ਹੁੰਦਾ-ਪਰ ਰੱਬ ਮੂਹਰੇ ਕਾਹਦਾ ਜੋਰ ਐ ਧੀਏ ਰਾਣੀਏਂ?" ਮਾਂ ਸਿਸਕ ਪਈ ਅਤੇ ਪੁਸ਼ਪਿੰਦਰ ਦਾ ਬੰਨ੍ਹ ਮਾਰਿਆ ਹੜ੍ਹ ਧਰਾਲੀਂ ਵਹਿ ਤੁਰਿਆ। ਉਸ ਦਾ ਕਾਲਜਾ ਲੀਰਾਂ ਹੋਇਆ ਪਿਆ ਸੀ। ਦੋਨੋਂ ਮਾਵਾਂ-ਧੀਆਂ ਰੋ-ਰੋ ਕੇ ਆਪਣਾ ਮਨ ਹੌਲਾ ਕਰਦੀਆਂ ਰਹੀਆਂ ਅਤੇ ਫਿਰ ਪੁਸ਼ਪਿੰਦਰ ਬਾਪੂ ਦੇ ਗਲ ਨੂੰ ਚਿੰਬੜ ਗਈ।
-"ਜਾਹ ਪੁੱਤ ਸੋਹਣਿਆਂ! ਥੋਡਾ ਜਹਾਜ ਦਾ ਟੈਮ ਹੋ ਗਿਐ-ਰੱਬ ਤੈਨੂੰ ਸੁਖੀ ਰੱਖੇ-ਚਿੱਠੀ ਪੱਤਰ ਪਾਉਂਦੀ ਰਹੀਂ ਪੁੱਤ-ਬਾਹਰ ਜਾ ਕੇ ਸਾਨੂੰ ਕਿਤੇ ਭੁੱਲ ਨਾ ਜਾਈਂ! ਸਾਡਾ ਤਾਂ ਤੂੰ ਈ ਪੁੱਤ ਤੇ ਤੂੰ ਈ ਧੀ ਐਂ-ਤੇਰੀ ਮਾਂ ਤਾਂ ਐਮੇ ਬੁੜ੍ਹੀਆਂ ਆਲੀਆਂ ਗੱਲਾਂ ਕਰਨ ਲੱਗ ਪੈਂਦੀ ਐ-ਜਾਹ ਹੁਣ ਮੇਰਾ ਸ਼ੇਰ ਬੱਗਾ!" ਬਾਪੂ ਧੀ ਨੂੰ ਗਲ ਲਾਈ ਥਾਪੜੀ ਜਾ ਰਿਹਾ ਸੀ। ਪਰ ਉਸ ਦੀ ਆਤਮਾ ਅੰਦਰੋਂ ਲਹੂ ਲੁਹਾਣ, ਬਿਲਕੀ ਜਾ ਰਹੀ ਸੀ!
ਮਲਕੀਤ ਅਤੇ ਪੁਸ਼ਪਿੰਦਰ ਅੰਦਰ ਚਲੇ ਗਏ।
ਜਦ ਰਾਤ ਦੇ ਡੇੜ੍ਹ ਵਜੇ ਜਹਾਜ ਉੱਡਿਆ ਤਾਂ ਬਾਪੂ ਜਹਾਜ ਨੂੰ ਬੜੇ ਮੋਹ ਨਾਲ ਤੱਕਦਾ, ਪਰਨਾ ਹਿਲਾਉਂਦਾ, ਅੱਖਾਂ ਅਤੇ ਨੱਕ ਪੂੰਝ ਰਿਹਾ ਸੀ। ਉਸ ਦੀਆਂ ਅੱਖਾਂ ਵਿਚੋਂ 'ਤਰਿੱਪ-ਤਰਿੱਪ' ਹੰਝੂ ਡਿੱਗੀ ਜਾ ਰਹੇ ਸਨ।
-"ਹੁਣ 'ਕੱਲਿਆਂ ਨੂੰ ਮ੍ਹਿੰਦਰ ਕੁਰੇ ਘਰ ਵੱਢਣ ਆਇਆ ਕਰੂ-ਘਰੇ ਹੁੰਦੀ ਸੀ-ਸਹੁਰੀ ਨਾਲ ਬਾਹਵਾ ਰਾਲ ਬੋਲ ਬਣੀ ਰਹਿੰਦੀ ਸੀ-ਕਦੇ ਘੂਰ ਲਿਆ-ਕਦੇ ਵਿਰਾ ਲਿਆ-ਲੈ ਸਹੁਰੀ ਔਹ ਜਾਂਦੀ ਐ ਉੱਡੀ-ਮੈਨੂੰ ਤਾਂ ਇਉਂ ਝੌਲਾ ਜਿਆ ਪੈਂਦੈ ਜਿਮੇਂ ਘਚਾਨੀ ਦੇ ਕੇ ਤੁਰਗੀ ਹੁੰਦੀ ਐ।" ਬਾਪੂ ਬੱਚਿਆਂ ਵਾਂਗ ਰੋ ਪਿਆ।
-"ਸੁੱਖ ਮੰਗੀਦੀ ਹੁੰਦੀ ਐ-ਉਹਨੇ ਆਬਦੇ ਘਰੇ ਨ੍ਹੀ ਸੀ ਜਾਣਾਂ? ਸਾਰੀ ਉਮਰ ਮਾਪਿਆਂ ਦੇ ਘਰੇ ਈ ਬੈਠੀ ਰਹਿੰਦੀ?" ਮੁਹਿੰਦਰ ਕੌਰ ਧੀ ਦੇ ਵਿਛੋੜੇ ਨਾਲ ਭਰਾੜ੍ਹ ਹੋਏ ਦਿਲ ਨੂੰ ਧਰਵਾਸ ਨਾਲ ਸੀਣ ਦੀ ਕੋਸਿ਼ਸ਼ ਵਿਚ ਲੱਗੀ ਹੋਈ ਸੀ।
ਜਦੋਂ ਜਹਾਜ ਦੀਆਂ ਬੱਤੀਆਂ ਦਿਸਣੋਂ ਬੰਦ ਹੋ ਗਈਆਂ ਤਾਂ ਉਹ ਹਾਰੇ ਹੋਏ ਪਹਿਲਵਾਨ ਵਾਂਗ ਝੂਠੇ ਜਿਹੇ ਪਏ ਥੱਲੇ ਉੱਤਰ ਆਏ। ਕੋਈ ਇਕ ਦੂਜੇ ਨਾਲ ਗੱਲ ਨਹੀਂ ਕਰ ਰਿਹਾ ਸੀ। ਜਿਵੇਂ ਉਹ ਇਕ ਦੂਜੇ ਨਾਲ ਰੁੱਸੇ ਹੋਏ ਸਨ। ਦੋਨੋਂ ਆਪਣੇ-ਆਪਣੇ ਵਹਿਣਾਂ ਵਿਚ ਰੁੜ੍ਹੇ, ਪਿੰਡ ਵੱਲ ਨੂੰ ਜਾਣ ਵਾਲੀ ਬੱਸ ਵਿਚ ਬੈਠ ਗਏ। ਉਹਨਾਂ ਦੇ ਜਿ਼ਹਨ ਅੰਦਰ ਸਿਰਫ਼ ਪੁਸ਼ਪਿੰਦਰ ਹੀ ਚੱਕਰ ਕੱਟ ਰਹੀ ਸੀ। ਦੋਨਾਂ ਦਾ ਮਨ ਭਰਦਾ-ਰਿਸਦਾ ਰਿਹਾ।
ਨਵਾਂ-ਨਵਾਂ ਸਾਧ ਹੋਏ ਜੱਟ ਦੇ ਪੁੱਤ ਵਾਂਗ ਪੁਸ਼ਪਿੰਦਰ ਨੂੰ ਪਹਿਲਾਂ-ਪਹਿਲਾਂ ਪ੍ਰਵਾਸੀ ਜੀਵਨ ਓਪਰਾ-ਓਪਰਾ ਜਿਹਾ ਜਾਪਿਆ। ਪਰ ਕੰਮ 'ਤੇ ਲੱਗਣ ਤੋਂ ਬਾਅਦ ਉਸ ਨੇ ਹੌਲੀ-ਹੌਲੀ ਆਪਣੇ ਆਪ ਨੂੰ ਇਸ ਮਸ਼ੀਨੀ ਯੁੱਗ ਅਨੁਸਾਰ ਢਾਲ ਲਿਆ।
-"ਅਗਰ ਤੁਸੀਂ ਹਾਲਾਤ ਨਹੀਂ ਬਦਲ ਸਕਦੇ ਤਾਂ ਤੁਸੀਂ ਖ਼ੁਦ ਆਪ ਹਾਲਾਤਾਂ ਅਨੁਸਾਰ ਤੁਰਨਾ ਸ਼ੁਰੂ ਕਰ ਦਿਓ-ਕਾਫ਼ੀ ਹੱਦ ਤੱਕ ਸੁਖੀ ਵਸੋਂਗੇ।" ਕਾਲਜ ਵਿਚ ਕਦੇ ਪ੍ਰੋਫ਼ੈਸਰ ਵੱਲੋਂ ਕਹੇ ਸ਼ਬਦ ਪੁਸ਼ਪਿੰਦਰ ਲਈ ਤਿਣਕਾ ਸਹਾਰਾ ਬਣ ਬਹੁੜੇ। ਵੇਲੇ ਸਿਰ ਪੈਣਾ ਅਤੇ ਵੇਲੇ ਸਿਰ ਉਠਣਾ। ਛੁੱਟੀ ਵਾਲੇ ਦਿਨ ਸ਼ਾਪਿੰਗ ਕਰਨੀ, ਕੱਪੜੇ ਧੋਣੇ, ਪ੍ਰੈੱਸ ਕਰਨੇ, ਗੱਲ ਕੀ ਉਸ ਨੇ ਹਰ ਕੰਮ ਨੂੰ ਤਰਤੀਬ ਦੇ ਲਈ। ਜਿ਼ੰਦਗੀ ਦਾ ਤਾਲ ਸੁਰ ਕਰ ਲਿਆ। ਬੇਸੁਰਾ ਜੀਵਨ ਆਪਣੇ ਲਈ ਤਾਂ ਹੈ ਹੀ, ਪਰ ਦੂਸਰਿਆਂ ਲਈ ਵੀ ਸਿਰਦਰਦੀ ਬਣ ਜਾਂਦਾ ਹੈ। ਵਕਤ 'ਚੋਂ ਵਕਤ ਕੱਢ ਕੇ ਉਹ ਮਾਂ-ਬਾਪ ਨੂੰ ਚੜ੍ਹਦੀਆਂ ਕਲਾਂ ਦੇ ਖ਼ਤ ਲਿਖਦੀ। ਚਿੱਠੀਆਂ ਸਹਾਰੇ ਉਹ ਉਡੇ ਫਿਰਦੇ। ਜਵਾਬੀ-ਪੱਤਰ ਵਿਚ ਸੌ-ਸੌ ਅਸੀਸ ਅਤੇ ਮੱਤਾਂ ਲਿਖੀਆਂ ਹੁੰਦੀਆਂ। ਸੱਸ-ਸਹੁਰੇ ਦੀ ਸੇਵਾ ਕਰਨ ਅਤੇ ਲਈ ਤਾਕੀਦ ਕੀਤੀ ਹੁੰਦੀ। ਮਾਂ ਦੀ ਤਾਂ ਬੱਸ ਇਕ ਹੀ ਨਸੀਹਤ ਲਿਖਵਾਈ ਹੁੰਦੀ ਕਿ ਉਹ ਜਲਦੀ ਤੋਂ ਜਲਦੀ 'ਮਾਂ' ਬਣੇ! ਬੱਚੇ ਬਗੈਰ ਸਹੁਰੇ ਘਰ ਵਿਚ ਵਸੇਬਾ ਮੁਹਾਲ ਹੋ ਜਾਂਦਾ ਹੈ। ਚੰਗੀ ਭਲੀ ਕੁੜੀ ਨੂੰ ਸਹੁਰੇ 'ਬਾਂਝ' ਦਾ ਖਿ਼ਤਾਬ ਦੇ ਕੇ ਪੇਕੀਂ ਬਿਠਾ ਦਿੰਦੇ ਹਨ। ਫਿਰ ਉਹ ਸਾਰੀ ਉਮਰ ਮਾਪਿਆਂ ਦੇ ਕੰਧਾਂ-ਕੌਲੇ ਲਿੱਪਣ ਜੋਗੀ ਹੀ ਰਹਿ ਜਾਂਦੀ ਹੈ।
ਪੁਸ਼ਪਿੰਦਰ ਦੀ ਸੱਸ ਵੀ ਅੱਠੋ-ਪਹਿਰ ਉਸ ਦੇ ਢਿੱਡ 'ਤੇ ਹੀ ਅੱਖਾਂ ਦੀ ਸਿ਼ਸ਼ਤ ਬੰਨ੍ਹੀ ਰੱਖਦੀ। ਉਹ ਸਾਰੇ ਇੱਕੋ ਘਰ ਵਿਚ ਹੀ ਤਾਂ ਰਹਿੰਦੇ ਸਨ। ਸੱਸ ਦੀਆਂ ਤੋਕੜ ਜਿਹੀਆਂ ਸਹੇਲੀਆਂ ਵੀ ਗੱਲੀਂ ਬਾਤੀਂ ਕਨਸੋਅ ਲੈ ਜਾਂਦੀਆਂ।
-"ਕੁੜ੍ਹੇ ਬਹੂ ਨੂੰ ਹੋਈ ਕੋਈ ਮੈਦਵਾਰੀ?"
-"ਨੀ ਭੈਣੇ ਕਾਹਨੂੰ...!"
-"ਕੁੜ੍ਹੇ ਗਧੇ ਅਰਗੀ ਪਈ ਐ-ਹੁਣ ਨੂੰ ਤਾਂ ਸੁੱਖ ਨਾਲ ਪੋਤਾ ਤੇਰੀ ਬੁੱਕਲ 'ਚ ਹੋਣਾ ਸੀ?" ਕੋਈ ਹੋਰ ਲੂਤੀ ਲਾਉਂਦੀ।
-"ਕਿਸੇ ਡਾਕਟਰ ਡੂਕਟਰ ਨੂੰ ਦਿਖਾ ਲੈਣਾ ਸੀ-ਕਿਤੇ ਓਸ ਗੱਲ ਆਖਣ ਮਾਂਗੂੰ-ਊਂ ਈ ਨਾ ਕੰਜ ਬੱਕਰੀ ਹੋਵੇ?"
-"ਹੈਅ-ਹੈਅ ਨੀ..! ਸਾਲ ਹੋ ਗਿਆ ਢਿੱਡੋਂ ਈ ਨ੍ਹੀ ਫੁੱਟੀ ਚੰਦਰੀ..!"
ਬੁੜ੍ਹੀਆਂ ਦੀਆਂ ਚੋਭਵੀਆਂ ਗੱਲਾਂ ਪੁਸ਼ਪਿੰਦਰ ਦੇ ਸੀਨੇ ਪਾੜ ਪਾ ਗਈਆਂ। ਮਾਂ ਦੀਆਂ ਸਮਝੌਤੀਆਂ ਉਸ ਨੂੰ ਬਿਲਕੁਲ ਸੱਚੀਆਂ ਹੁੰਦੀਆਂ ਜਾਪੀਆਂ। ਸਹੁਰੇ ਘਰ ਵਿਚ ਆਪਣਾ ਵਸੇਬਾ ਡੋਲਦਾ ਦਿਸਿਆ। ਬਲਬੀਰ ਵੱਲੋਂ ਲਿਆ ਕੇ ਦਿੱਤੀਆਂ 'ਗਰਭ-ਰੋਕੂ' ਗੋਲੀਆਂ ਉਸ ਨੇ ਕੂੜੇ ਵਿਚ ਵਗਾਹ ਮਾਰੀਆਂ ਅਤੇ ਉਸੇ ਦਿਨ ਤੋਂ ਬਲਬੀਰ ਨੂੰ ਦਿਨ-ਰਾਤ ਪਲੋਸਣਾ ਸ਼ੁਰੂ ਕਰ ਦਿੱਤਾ। ਉਸ ਦੀ ਖ਼ੁਰਾਕ ਵਿਚ ਆਂਡੇ ਅਤੇ ਦੁੱਧ ਦੀ ਮਾਤਰਾ ਵਧਾ ਦਿੱਤੀ। ਅਜਿਹਾ ਕੁਝ ਤਾਂ ਉਸ ਨੇ ਆਪਣੇ ਨਾਲ ਕੰਮ ਕਰਦੀਆਂ, ਤਜ਼ਰਬੇਕਾਰ ਸਾਥਣਾਂ ਤੋਂ ਸਿੱਖ ਲਿਆ ਸੀ। ਮਿਸਿਜ਼ ਸਿੱਧੂ ਹਾਸੇ ਮਜ਼ਾਕ ਵਿਚ ਆਮ ਹੀ ਆਖਦੀ ਹੁੰਦੀ।
-"ਬੰਦਾ ਸੈਕਸ ਪੱਖੋਂ ਮੱਠਾ ਪੈਂਦਾ ਦਿਸੇ ਤਾਂ ਉਹਨੂੰ ਦੁੱਧ ਤੇ ਆਂਡੇ ਦੱਬ ਕੇ ਚਾਰੋ-ਜੇ ਨਾ ਸਾਹਣ ਮਾਂਗੂੰ ਖੁਰਗੋ ਪੱਟੇ ਤਾਂ ਮੈਨੂੰ ਫੜ ਲਿਓ!"
ਇਹ ਸਕੀਮ ਪੁਸ਼ਪਿੰਦਰ ਨੂੰ ਬੜੀ ਰਾਸ ਆਈ। ਉਹ ਸਰੀਰਕ ਪੀੜਾ ਸਹਿ ਕੇ ਵੀ ਰਾਤ ਨੂੰ ਕਈ-ਕਈ ਵਾਰ ਬਲਬੀਰ ਨਾਲ ਹਮ-ਬਿਸਤਰ ਹੁੰਦੀ। ਸਵੇਰ ਤੱਕ ਪੁਸ਼ਪਿੰਦਰ ਦੀ ਬੱਸ ਹੋ ਜਾਂਦੀ। ਪਰ ਉਹ ਆਪਣੇ ਮੁਕਾਮ ਪ੍ਰਤੀ ਪੂਰਨ ਤੌਰ 'ਤੇ ਸੁਚੇਤ ਸੀ। ਕਦੇ-ਕਦੇ ਜਦ ਉਹ ਤੀਜੀ ਜਾਂ ਚੌਥੀ ਵਾਰ ਬਲਬੀਰ ਨੂੰ ਸੈਕਸ ਪੱਖੋਂ ਉਤੇਜਿਤ ਕਰਦੀ ਤਾਂ ਬਲਬੀਰ ਖਿਝ ਕੇ ਆਖਦਾ, "ਸਾਲੀਏ ਤੈਨੂੰ ਕਿਤੇ ਹਲ਼ਕ ਤਾਂ ਨ੍ਹੀ ਛੁੱਟ ਪਿਆ?" ਤਾਂ ਨਿਢਾਲ ਹੋਈ ਪੁਸ਼ਪਿੰਦਰ ਬੋਲਦੀ, "ਮੈਂ ਤਾਂ ਤੁਹਾਨੂੰ ਈ ਸੰਤੁਸ਼ਟ ਕਰਦੀ ਐਂ।"
-"ਤੂੰ ਸੰਤੁਸ਼ਟ ਆਖਦੀ ਐਂ-ਮੈਂ ਮਰਨ ਆਲਾ ਹੋਇਆ ਪਿਐਂ-ਹਰ ਰੋਜ ਤਿੰਨ-ਤਿੰਨ, ਚਾਰ-ਚਾਰ ਵਾਰੀ-ਕੰਜਰ ਦੀਏ ਮੇਰੇ ਚਿੜ੍ਹੇ ਖਾਧੇ ਵੇ ਐ?" ਤਾਂ ਪੁਸ਼ਪਿੰਦਰ ਸਾਹ ਘੁੱਟ ਲੈਂਦੀ। ਕੀ ਦੱਸਦੀ? ਬਈ ਮੈਂ ਤੇਰੀ ਮਾਂ ਨੂੰ ਪੋਤਾ ਦੇਣ ਲਈ ਆਪਣੀ ਬਲੀ ਦੇ ਰਹੀ ਹਾਂ? ਉਸ ਦੀਆਂ ਸਹੇਲੀਆਂ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਇਕ ਕੋਹਲੂ ਥੱਲੇ ਪੀੜੀ ਜਾ ਰਹੀ ਹਾਂ? ਬਲਬੀਰ ਕਿਹੜਾ ਕਿਸੇ ਕੋਹਲੂ ਨਾਲੋਂ ਘੱਟ ਸੀ? ਪੂਰੇ ਢਾਈ ਮਣ ਦਾ ਰੇਲਵੇ ਇੰਜਣ ਸੀ! ਜਦੋਂ ਸੱਪ ਖਾਣੀ ਸਰਾਲ ਵਾਂਗ ਪੁਸ਼ਪਿੰਦਰ ਦੇ ਉਪਰ ਲਿਟਿਆ ਹੁੰਦਾ ਤਾਂ ਪੁਸ਼ਪਿੰਦਰ ਦਾ ਸਾਹ ਬੰਦ ਹੋ ਜਾਂਦਾ, ਉਹ ਉਸ ਨੂੰ ਹਝੋਕੇ ਮਾਰ-ਮਾਰ ਨਿਕਲਦੀ ਜਾਂਦੀ ਜਿੰਦ ਦਾ ਅਹਿਸਾਸ ਕਰਵਾਉਂਦੀ। ਬਲਬੀਰ ਦੇ ਊਠ ਦੇ ਸਰੀਰ ਵਰਗੇ ਸਰੀਰ ਹੇਠ ਪਈ ਪੁਸ਼ਪਿੰਦਰ ਨੂੰ ਆਪਣੇ ਮਲੂਕ ਹੱਡਾਂ ਦੇ ਜੜਾਕੇ ਪ੍ਰਤੱਖ ਸੁਣਾਈ ਦਿੰਦੇ। ਹਰ ਸੱਟ ਹਥੌੜੇ ਵਾਂਗ ਸਰੀਰ ਅੰਦਰ ਵੱਜਦੀ। ਉਸ ਨੂੰ ਆਪਣੇ ਅੰਦਰ ਪਾੜ ਪੈਂਦਾ ਜਾਪਦਾ, ਜਿਵੇਂ ਕੋਈ ਕਿੱਲਾ ਗੱਡਣ ਲਈ ਸੱਬਲ ਨਾਲ ਟੋਆ ਪੱਟਦੈ! ਪਰ ਜਦ ਉਸ ਅੰਦਰ ਕੁਛ 'ਕੋਸਾ-ਕੋਸਾ' ਡਿੱਗਦਾ ਤਾਂ ਮਾਂ ਬਣਨ ਦਾ ਉਤਸ਼ਾਹ ਉਸ ਦੇ ਸਾਰੇ ਦੁੱਖ ਭੁਲਾ ਦਿੰਦਾ। ਕਤਰਾ-ਕਤਰਾ ਜਿ਼ਬਾਹ ਹੁੰਦੀ ਹੋਈ ਵੀ ਉਹ ਖ਼ੁਦ ਆਪਣੀ ਜਿ਼ੰਦਗੀ ਲਈ ਇਕ ਵੰਗਾਰ ਬਣੀ ਹੋਈ ਸੀ। ਅਖੀਰ ਪੁਸ਼ਪਿੰਦਰ ਦੀ ਦਿਨ-ਰਾਤ ਦੀ ਮਿਹਨਤ ਨੂੰ ਫ਼ਲ ਲੱਗਿਆ। ਉਸ ਦਾ ਪੈਰ 'ਭਾਰਾ' ਹੋ ਗਿਆ। ਘਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਬਲਬੀਰ ਕੁਝ ਕੁ ਤਾਂ ਖ਼ਫ਼ਾ ਹੋਇਆ, ਪਰ ਚੁੱਪ ਕਰ ਗਿਆ। ਯਾਰਾਂ-ਮਿੱਤਰਾਂ ਨੇ ਅਗਾਊਂ ਪਾਰਟੀ ਲੈ ਕੇ, ਮੁਫ਼ਤੀ ਦੀ ਪੀ ਕੇ ਖ਼ੂਬ ਭੰਗੜਾ ਪਾਇਆ। ਪੁਸ਼ਪਿੰਦਰ ਨੂੰ ਜਾਪਿਆ ਜਿਵੇਂ ਕੋਈ ਉਸ ਦੀ ਮੜ੍ਹੀ 'ਤੇ ਗਿੱਧਾ ਪਾ ਰਿਹਾ ਹੋਵੇ। ਜਿਵੇਂ ਸਿਵਿਆਂ ਵਿਚੋਂ ਉਠ ਕੇ ਮੁਰਦਿਆਂ ਦੀਆਂ ਖੋਪੜੀਆਂ ਹੱਸ ਰਹੀਆਂ ਹੋਣ! ਜਿਵੇਂ ਪਿੰਜਰ ਖਰੂਦ ਕਰ ਰਹੇ ਹੋਣ!
ਪੁਸ਼ਪਿੰਦਰ ਦੇ ਦਿਨ ਪੂਰੇ ਹੋ ਗਏ।
ਉਸ ਨੇ ਇਕ ਸੋਹਣੀ ਸੁਨੱਖੀ ਧੀ ਨੂੰ ਜਨਮ ਦਿੱਤਾ। ਘਰ ਵਿਚ ਇਕ ਸੋਗ ਜਿਹਾ ਵਰ੍ਹ ਗਿਆ, ਜਿਵੇਂ ਕੋਈ ਮਰ ਗਿਆ ਹੋਵੇ! ਬਲਬੀਰ ਪੁਸ਼ਪਿੰਦਰ ਨੂੰ ਹਸਪਤਾਲ ਮਿਲਣ ਵੀ ਨਾ ਆਇਆ। ਪੁਸ਼ਪਿੰਦਰ ਨੂੰ ਛੁੱਟੀ ਮਿਲਣ 'ਤੇ ਹਸਪਤਾਲੋਂ ਲੈ ਜ਼ਰੂਰ ਗਿਆ ਸੀ। ਸੱਸ ਹਸਪਤਾਲ ਆ ਕੇ 'ਜੱਗ-ਰਵੀਰਾ' ਜਿਹਾ ਕਰ ਗਈ ਸੀ। ਸਤਯੁਗੀ ਸਹੁਰੇ ਨੇ ਪੋਤਰੀ ਨੂੰ ਬੜੇ ਮੋਹ ਨਾਲ ਹਿੱਕ ਨਾਲ ਲਾ ਕੇ ਪਿਆਰ ਦਿੱਤਾ ਸੀ ਅਤੇ ਮਾਂ-ਧੀ ਨੂੰ ਪੰਜ ਸੌ ਮਾਰਕ ਸ਼ਗਨ ਦੇ ਕੇ ਦਿਲੀ-ਅਪਣੱਤ ਅਤੇ ਇਨਸਾਨੀਅਤ ਦਿਖਾਈ ਸੀ।
ਸਿਰਫ਼ ਸਹੁਰੇ ਤੋਂ ਬਗੈਰ ਸਾਰੇ ਪ੍ਰੀਵਾਰ ਦਾ ਵਤੀਰਾ ਪੁਸ਼ਪਿੰਦਰ ਨਾਲ ਰੁੱਖਾ ਹੋ ਗਿਆ। ਮਾਂ ਵੱਲੋਂ ਆਈਆਂ ਚਿੱਠੀਆਂ ਵੀ ਹੁਣ ਉਸ ਲਈ ਧਰਵਾਸ ਨਾ ਬਣਦੀਆਂ। ਉਹ ਆਪਣੀ ਧੀ ਪ੍ਰੀਤੀ ਨਾਲ ਪਰਚਣ ਦੀ ਕੋਸਿ਼ਸ਼ ਕਰਦੀ। ਸਹੁਰਾ ਉਸ ਨੂੰ ਉਖੜੀ-ਉਖੜੀ ਜਿਹੀ ਦੇਖ ਕੇ ਬਾਕੀ ਟੱਬਰ ਤੋਂ ਚੋਰੀ ਦਿਲ ਧਰਾਉਂਦਾ, "ਕੋਈ ਨਾ ਪੁੱਤ! ਆਪਾਂ ਕਿਹੜਾ ਰੱਬ ਦੇ ਮਾਂਹ ਮਾਰੇ ਐ? ਜਰੂਰ ਦਿਊ ਪੁੱਤ ਦੀ ਦਾਤ ਤੈਨੂੰ-ਫਿਕਰ ਨਾ ਕਰ! ਔਹ ਮੇਰਾ ਦਾਤਾ ਬੜਾ ਬੇਅੰਤ ਐ!" ਹਮਦਰਦ ਸਹੁਰੇ ਦੇ ਬੋਲ ਪੁਸ਼ਪਿੰਦਰ ਦੇ ਫੱਟਾਂ 'ਤੇ ਮੱਲ੍ਹਮ ਦਾ ਕੰਮ ਕਰਦੇ। ਸੱਚੀ ਹਮਦਰਦੀ ਗ੍ਰਹਿਣ ਕਰਕੇ ਉਹ ਸਾਂਅਵੀਂ ਜਿਹੀ ਹੋ ਤੁਰਦੀ। ਸੱਸ ਲਈ ਤਾਂ ਪੁਸ਼ਪਿੰਦਰ ਦਿਨੇ ਅਤੇ ਬਲਬੀਰ ਲਈ ਲਈ ਪੁਸ਼ਪਿੰਦਰ ਰਾਤ ਨੂੰ 'ਵਰਤਣ' ਵਾਲੀ ਇਕ ਮਸ਼ੀਨ ਹੀ ਬਣ ਕੇ ਰਹਿ ਗਈ ਸੀ।
ਪੂਰੇ ਇਕ ਸਾਲ ਬਾਅਦ ਜਦ ਪੁਸ਼ਪਿੰਦਰ ਨੇ ਦੂਜੀ ਕੁੜੀ ਨੂੰ ਜਨਮ ਦਿੱਤਾ ਤਾਂ ਘਰ ਵਿਚ ਝੱਖੜ ਝੁੱਲ ਗਿਆ! ਇਸ ਵਾਰ ਉਸ ਨੂੰ ਹਸਪਤਾਲ ਕੋਈ ਵੀ ਮਿਲਣ ਨਾ ਗਿਆ। ਸਾਰੇ ਪ੍ਰੀਵਾਰ ਤੋਂ ਚੋਰੀ ਸਿਰਫ਼ ਸਹੁਰਾ ਹੀ ਜ਼ਖ਼ਮਾਂ 'ਤੇ ਲੇਪ ਕਰਨ ਪਹੁੰਚਿਆ ਸੀ। ਉਸ ਨੇ ਆਖਿਆ, "ਧੀਏ! ਮੈਨੂੰ ਤੇਰਾ ਤੇ ਪੋਤੀ ਦਾ ਮੋਹ ਖਿੱਚ ਲਿਆਇਆ-ਮੇਰੇ ਐਥੇ ਆਉਣ ਬਾਰੇ ਕਿਸੇ ਕੋਲੇ ਭਾਫ਼ ਨਾ ਕੱਢੀਂ-ਨਹੀਂ ਤਾਂ ਸਾਰੇ ਮੇਰੀ ਧੌਲੀ ਦਾਹੜੀ ਨੂੰ ਪੈਣਗੇ!" ਤੇ ਫਿਰ ਉਹ ਸਾਹ ਲੈ ਕੇ ਬੋਲਿਆ, "ਤੂੰ ਮਲਕੀਤ ਸਿਉਂ ਨੂੰ ਫ਼ੋਨ ਕਰ ਦੇਈਂ-ਤੈਨੂੰ ਆ ਕੇ ਲੈ ਜਾਊਗਾ-ਇਸ ਕੁੱਤੇ ਟੱਬਰ 'ਚੋਂ ਤੈਨੂੰ ਕਿਸੇ ਨੇ ਲੈਣ ਨ੍ਹੀ ਆਉਣਾ-ਸਾਰੇ ਕੰਜਰ ਇੱਕੋ ਵਾਹਣ ਦੇ ਕੁੱਤੇ ਐ-ਮੈਂ ਸਾਰੀਆਂ ਗੱਲਾਂ ਸੁਣ ਲਈਆਂ-ਊਠ ਦੇ ਢਿੱਡ 'ਚ ਪੁੱਤ ਮੇਰਿਆ ਸਾਰੀਆਂ ਈ ਦਾਤਣਾਂ ਹੁੰਦੀਐਂ-ਇਹ ਟੱਬਰ ਉੱਜੜ ਕੇ ਰਹੂ-ਤੂੰ ਮਲਕੀਤ ਸਿਉਂ ਨੂੰ ਸਾਰੀ ਗੱਲ ਦੱਸ ਦੇਈਂ-ਉਹ ਲਾਊ ਇਹਨਾਂ ਨੂੰ ਮੂਹਰੇ-ਉਹਤੋਂ ਇਹ ਸਾਰੇ ਕੰਨ ਭੰਨਦੇ ਐ!" ਤੁਰਦੇ ਬਜ਼ੁਰਗ ਨੇ ਸੌ ਮਾਰਕ ਪੁਸ਼ਪਿੰਦਰ ਦੇ ਹੱਥ ਥਮ੍ਹਾ ਦਿੱਤਾ। ਪੁਸ਼ਪਿੰਦਰ ਦਾ ਦਿਲ ਕੀਤਾ ਕਿ ਉਹ ਬਾਪ ਵਰਗੇ ਸਹੁਰੇ ਦੇ ਗਲ ਲੱਗ ਕੇ ਧਾਹੀਂ ਰੋਵੇ! ਪਰ ਬਿਰਧ ਦੁੱਖ ਦੀ ਧੰਗੇੜ੍ਹ ਨਾ ਝੱਲਦਾ ਹੋਇਆ ਹਸਪਤਾਲੋਂ ਤੇਜ਼ੀ ਨਾਲ ਬਾਹਰ ਨਿਕਲ ਗਿਆ ਸੀ। ਉਸ ਦੀ ਹੱਥਲੀ ਡੰਗੋਰੀ ਥਿੜਕਦੀ ਜਾ ਰਹੀ ਸੀ।
ਪੁਸ਼ਪਿੰਦਰ ਨੂੰ ਅਗਲੀ ਸੋਚ ਨੇ ਨਰੜ ਲਿਆ। ਉਸ ਨੇ ਮਲਕੀਤ ਨੂੰ ਫ਼ੋਨ ਕਰਕੇ ਸਾਰੀ ਹਾਲਤ ਤੋਂ ਜਾਣੂੰ ਕਰਵਾਇਆ। ਉਹ ਸਾਰੀ ਗੱਲ ਸੁਣ ਕੇ ਤੜਫ਼ ਉਠਿਆ ਅਤੇ ਕੰਮ ਕਾਰ ਵਿਚੇ ਹੀ ਛੱਡ ਤੁਰੰਤ ਹਸਪਤਾਲ ਪਹੁੰਚ ਗਿਆ।
-"ਪਹਿਲੀ ਮਾਂ ਮੂਹਰੇ ਕੋਈ ਸਾਹ ਨ੍ਹੀ ਸੀ ਕੱਢਦਾ-ਹੁਣ ਸਾਰੇ ਤੇਰੇ 'ਤੇ ਈ ਸ਼ੇਰ ਬਣਗੇ? ਤੂੰ ਕੁੜੀਏ ਮੇਰੇ ਜਿਉਂਦੇ ਜੀਅ ਕੋਈ ਫਿ਼ਕਰ ਨਾ ਕਰ! ਮਾਰ ਮਾਰ ਰੈਂਗੜੇ ਚੱਪਣੀਆਂ ਨਾ ਤੋੜ ਦਿਆਂਗੇ? ਤੂੰ ਕਹਿੰਨੀ ਐਂ ਉਹਨਾਂ ਨੇ ਲੈਣ ਨ੍ਹੀ ਆਉਣਾ-ਮੈਂ ਕਹਿੰਨੈ ਤੇਰੇ ਅੱਗੇ ਪਿੱਛੇ ਨਾ ਭੱਜੇ ਫਿਰਨ!" ਉਸ ਨੇ ਹਿੱਕ ਥਾਪੜੀ, "ਨਾਲੇ ਗੱਲ ਸੁਣ! ਬਾਈ ਕਿਸ਼ਨੇ ਹੋਰਾਂ ਨੂੰ ਨਾ ਕੁਛ ਲਿਖ ਦੇਈਂ-ਉਹ ਤਾਂ ਸਾਹ ਸਤ ਛੱਡ ਜਾਣਗੇ-ਤੂੰ ਮੇਰੇ ਹੁੰਦੇ ਝੋਰਾ ਨਾ ਕਰ! ਤੈਨੂੰ ਤਾਂ ਹੱਥ ਬੰਨ੍ਹ ਕੇ ਲੈਣ ਆਉਣਗੇ।" ਤੇ ਉਹ ਤੁਰ ਗਿਆ।
ਪਤਾ ਨਹੀਂ ਮਲਕੀਤ ਨੇ ਕਿਹੜਾ ਮੰਤਰ ਪੜ੍ਹਿਆ? ਸ਼ਾਮ ਨੂੰ ਹੀ ਬਲਬੀਰ ਮਾਂ ਸਮੇਤ ਹਸਪਤਾਲ ਆ ਗਿਆ। ਉਹਨਾਂ ਦਾ ਵਿਵਹਾਰ ਅਤੀਅੰਤ ਨਰਮ ਸੀ। ਸੱਸ ਤਾਂ ਬੈਗ ਵਿਚ ਕੱਪੜੇ ਵੀ ਲੈ ਕੇ ਆਈ ਸੀ। ਬਲਬੀਰ ਫੁੱਲਾਂ ਦਾ ਗੁਲਦਸਤਾ ਚੁੱਕੀ ਫਿਰਦਾ ਸੀ। ਹਰ ਗੱਲ ਨਾਲ ਦੰਦੀਆਂ ਜਿਹੀਆਂ ਕੱਢਦਾ ਸੀ। ਸੱਸ ਨੇ ਪੋਤਰੀ ਨੂੰ 'ਸ਼ੀਅ-ਸ਼ੀਅ' ਕਰਕੇ ਲੋਰੀਆਂ ਦਿੱਤੀਆਂ ਸਨ।
ਅਗਲੇ ਦਿਨ ਪੁਸ਼ਪਿੰਦਰ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ। ਉਹ ਆਪਣੇ ਘਰ ਆ ਗਈ। ਪੁਸ਼ਪਿੰਦਰ ਨੂੰ ਜੇ ਕੋਈ ਚੰਗਾ ਨਹੀਂ ਕਹਿੰਦਾ ਸੀ ਤਾਂ ਮਾੜਾ ਵੀ ਨਹੀਂ ਆਖਦਾ ਸੀ। ਮਲਕੀਤ ਦਿਨ ਵਿਚ ਦੋ-ਦੋ ਗੇੜੇ ਮਾਰਨ ਲੱਗ ਪਿਆ ਸੀ। ਪੁਸ਼ਪਿੰਦਰ ਦਾ ਸਹੁਰਾ ਬੜਾ ਖ਼ੁਸ਼ ਸੀ। ਮਲਕੀਤ ਦੇ ਹੁੰਦਿਆਂ ਬੁੜ੍ਹੀ ਊਰੀ ਬਣੀ ਫਿਰਦੀ। ਕਦੇ ਵੱਡੀ ਪੋਤੀ ਨੂੰ ਨਹਾਉਂਦੀ, ਕਦੇ ਛੋਟੀ ਨੂੰ! ਕਦੇ ਪੁਸ਼ਪਿੰਦਰ ਨੂੰ ਰੋਟੀ ਪੁੱਛਦੀ ਅਤੇ ਕਦੇ ਮਲਕੀਤ ਨੂੰ ਚਾਹ! ਮਲਕੀਤ ਦੇ ਨਾਲ-ਨਾਲ ਬਜ਼ੁਰਗ ਨੂੰ ਵੀ ਪੀਣ ਲਈ ਤੱਤਾ-ਠੰਢਾ ਮਿਲਣ ਲੱਗ ਪਿਆ ਸੀ। ਮਲਕੀਤ ਦੇ ਦਬਦਬੇ ਕਾਰਨ ਨੂੰਹ ਦੇ ਨਾਲ-ਨਾਲ ਸਹੁਰੇ ਦੇ ਵੀ ਦਿਨ ਸੋਹਣੇ ਤੁਰੀ ਜਾ ਰਹੇ ਸਨ। ਮਲਕੀਤ ਦਾ ਵੀ ਉਸ ਦਿਨ ਤੋਂ ਰੁਟੀਨ ਹੀ ਬਣ ਗਿਆ ਸੀ ਕਿ ਦਿਨ ਵਿਚ ਦੋ ਗੇੜੇ ਜ਼ਰੂਰ ਮਾਰਦਾ। ਦਿਨ ਬੀਤਦੇ ਗਏ, ਸੂਰਜ ਚੜ੍ਹਦਾ ਰਿਹਾ, ਛੁਪਦਾ ਰਿਹਾ। ਰੁੱਤਾਂ ਆਉਂਦੀਆਂ ਰਹੀਆਂ ਅਤੇ ਬਦਲਦੀਆਂ ਰਹੀਆਂ।
ਜਦ ਪੁਸ਼ਪਿੰਦਰ ਤੀਜੀ ਵਾਰ ਗਰਭਵਤੀ ਹੋਈ ਤਾਂ ਉਸ ਦੀ ਸੱਸ ਨੇ ਆਏ ਮਲਕੀਤ ਨੂੰ ਕੋਲ ਬਿਠਾ ਲਿਆ, "ਦੇਖ ਭਾਈ ਮਲਕੀਤ! ਤੂੰ ਸਾਡੇ ਘਰ ਦਾ ਇਕ ਮਿੰਬਰ ਐਂ-ਤੈਨੂੰ ਅਸੀਂ ਕਦੇ ਬਿਗਾਨਾ ਸਮਝਿਆ ਈ ਨ੍ਹੀ!"
-"ਗੁਰਦੀਪ ਕੁਰੇ ਤੂੰ ਗੱਲ ਕਰ-ਮੈਂ ਸੁਣਦੈਂ!"
-"ਲੈ ਸੁਣ ਫੇਰ! ਬਹੂ ਦਾ ਹੁਣ ਤੀਜੀ ਆਰੀ ਪੈਰ ਭਾਰੈ-ਮੈਂ ਕਿਹੈ ਬਹੂ ਨੂੰ-ਬਈ ਨਾਲੇ ਤਾਂ ਤੂੰ ਮਾਂ-ਪਿਉ ਨੂੰ ਮਿਲ-ਗਿਲ ਆਈਂ ਤੇ ਨਾਲੇ ਚੈੱਕ ਅੱਪ ਕਰਵਾ ਆਇਓ-ਜੇ ਰੱਬ ਨੇ ਸੁਣ ਲਈ ਤਾਂ ਹੋਰ ਆਪਾਂ ਨੂੰ ਕੀ ਚਾਹੀਦੈ? ਤੇ ਭਾਈ ਜੇ ਕੁੜੀ ਈ ਫੇਰ ਹੋਈ ਤਾਂ ਫੇਰ...।" ਕਹਿ ਕੇ ਬੁੜ੍ਹੀ ਨੇ ਮਲਕੀਤ ਦਾ ਚਿਹਰਾ ਨਿਰਖਿਆ।
-"ਬਈ ਫੇਰ ਅਬਾਰਸ਼ਨ?" ਮਲਕੀਤ ਬੋਲਿਆ।
-"ਤੇ ਹੋਰ ਕੀ? ਐਨੀਆਂ ਤਾਂ ਸਮੇਟਣੀਆਂ ਵੀ ਔਖੀਆਂ ਹੋ ਜਾਣਗੀਆਂ!"
-"ਗੁਰਦੀਪ ਕੁਰੇ! ਤੇਰੇ ਵੀ ਤਿੰਨ ਸੀ-ਤੂੰ ਵੀ ਕਿਵੇਂ ਸਮੇਟੀਆਂ ਈ ਐ?"
-"ਵੇ ਭਾਈ ਸਾਡੇ ਆਲੇ ਵੇਲੇ ਗਏ!"
-"ਇਕ ਗੱਲ ਦੀ ਸਮਝ ਨ੍ਹੀ ਲੱਗਦੀ ਗੁਰਦੀਪ ਕੁਰੇ? ਬਈ ਔਰਤ ਈ ਔਰਤ ਦੀ ਦੁਸ਼ਮਣ ਕਿਉਂ ਐਂ?"
-"ਵੇ ਭਾਈ ਤੂੰ ਸਿੱਧੀ ਗੱਲ ਪੁੱਠੀ ਨਾ ਪਾਅ! ਤੂੰ ਤਾਂ ਕੱਛ ਥਾਣੀਂ ਮੁੰਮਾਂ ਦਿੰਨੈਂ!" ਬੁੜ੍ਹੀ ਵੱਟ ਖਾ ਗਈ।
ਮਲਕੀਤ ਹੱਸ ਪਿਆ।
-"ਮੈਨੂੰ ਕੋਈ ਇਤਰਾਜ ਨ੍ਹੀ-ਤੁਸੀਂ ਆਬਦੇ ਪ੍ਰੀਵਾਰ ਲਈ ਜੋ ਮਰਜੀ ਐ ਕਰੋ-ਪਰ ਕੁੜੀ ਨੂੰ ਛੱਡਣ ਦੀ ਗੱਲ ਨਾ ਕਰਿਓ!"
-"ਜਮਾਂ ਨ੍ਹੀ ਕਰਦੇ-ਤੂੰ ਇਹਨਾਂ ਨੂੰ ਇੰਡੀਆ ਜਾ ਆਉਣ ਦੇ ਮੇਰਾ ਵੀਰ!"
-"ਮੈਂ ਸਹਿਮਤ ਆਂ-ਜਾਣ ਦਿਓ!"
ਸਾਰਿਆਂ ਦੀ ਸਹਿਮਤੀ 'ਤੇ ਬਲਬੀਰ ਅਤੇ ਪੁਸ਼ਪਿੰਦਰ ਇੰਡੀਆ ਆ ਗਏ। ਮੁਹਿੰਦਰ ਕੌਰ ਨੇ ਭਰਿਆ ਮਨ ਧੀ ਦੇ ਗਲ ਲੱਗ ਕੇ ਹੌਲਾ ਕਰ ਲਿਆ। ਦੋਹਤੀਆਂ ਨੂੰ ਪਿਆਰ ਕੀਤਾ। ਕਿਸ਼ਨ ਸਿੰਘ ਨੇ ਵੱਡੀ ਦੋਹਤੀ ਨੂੰ 'ਘੋੜਾ' ਬਣ ਕੇ ਝੂਟੇ ਦਿੱਤੇ। ਉਹਨਾਂ ਦੀ ਵੈਰਾਨ ਜਿ਼ੰਦਗੀ ਵਿਚ ਬੱਚੇ ਫੁੱਲ ਬਣ ਕੇ ਟਹਿਕ ਪਏ ਸਨ। ਬੰਦਿਆਂ ਦੀਆਂ ਰੌਣਕਾਂ! ਸੁੰਨਾਂ, ਭਾਂ-ਭਾਂ ਕਰਦਾ ਘਰ ਖੇੜੇ ਵਿਚ ਆ ਗਿਆ ਸੀ।
ਦੋ ਕੁ ਦਿਨਾਂ ਬਾਅਦ ਪੁਸ਼ਪਿੰਦਰ ਨੇ ਅਸਲੀ ਗੱਲ ਮਾਂ ਨਾਲ ਤੋਰੀ। ਉਹ ਤੁਰੰਤ ਹੀ ਕੁੜੀ ਨੂੰ ਲੈ ਕੇ ਪਿੰਡ ਦੀ ਇਕ ਨਰਸ ਕੋਲ ਚਲੀ ਗਈ।
-"ਕਿੰਨਵਾਂ ਮਹੀਨੈਂ?"
-"ਜੀ ਤੀਜਾ।"
-"ਬਹੁਤ ਜਲਦੀ ਕਰਨ ਦੀ ਲੋੜ ਐ-ਨਹੀਂ ਤਾਂ ਅਬਾਰਸ਼ਨ ਕਰਵਾਉਣੀ ਔਖੀ ਹੋ ਜਾਵੇਗੀ-ਕੱਲ੍ਹ ਨੂੰ ਆਪਾਂ ਮੋਗੇ ਸਕੈਨਿੰਗ ਲਈ ਚੱਲਾਂਗੀਆਂ-ਇਕ-ਦੋ ਲੇਡੀ ਡਾਕਟਰ ਮੇਰੀਆਂ ਵਾਕਿਫ਼ ਨੇ-ਤੁਸੀਂ ਸਵੇਰੇ ਗੱਡੀ ਲੈ ਕੇ ਆ ਜਾਣਾ।" ਤੇ ਨਰਸ ਨੇ ਆਪਣੀ ਫ਼ੀਸ ਸੌ ਰੁਪਏ ਲੈ ਲਈ, ਜਿਹੜੀ ਉਸ ਦੀ ਬਣਦੀ ਹੀ ਨਹੀਂ ਸੀ। ਕੀਤਾ ਵੀ ਉਸ ਨੇ ਕੱਖ ਨਹੀਂ ਸੀ। ਬੱਸ! ਇਕ ਅੱਧਾ ਸੁਆਲ ਹੀ ਪੁੱਛਿਆ ਸੀ। ਪਰ 'ਬਾਹਰਲੀ' ਮੁਰਗੀ ਉਹ ਕਿਉਂ ਨਾ ਮਰੋੜਦੀ? ਜਦੋਂ ਹੋਰ ਸਾਰੇ ਮਹਿਕਮੇ ਮਰੋੜਦੇ ਹੀ ਨਹੀਂ, ਸਗੋਂ ਹਲਾਲ ਕਰਦੇ ਸਨ!
ਅਗਲੇ ਦਿਨ ਸਕੈਨਿੰਗ ਹੋ ਗਈ। ਡਾਕਟਰਨੀ ਅਨੁਸਾਰ ਪੁਸ਼ਪਿੰਦਰ ਦੇ ਪੇਟ ਵਿਚ ਫਿਰ ਲੜਕੀ ਸੀ। ਮੁਹਿੰਦਰ ਕੌਰ ਦੇ ਤੀਜੀ ਵਾਰ ਮੁੜ ਕੇ ਪੁੱਛਣ 'ਤੇ ਲੇਡੀ ਡਾਕਟਰ ਖਿਝ ਗਈ, "ਤੁਹਾਨੂੰ ਇਕ ਵਾਰੀ ਆਖ ਦਿੱਤਾ ਕਿ ਇਸ ਦੇ ਗਰਭ 'ਚ ਲੜਕੀ ਹੈ-ਵਾਰ ਵਾਰ ਤੰਗ ਨਾ ਕਰੋ!"
ਮਾਂ ਅਤੇ ਪੁਸ਼ਪਿੰਦਰ ਨੂੰ ਸਕਤਾ ਮਾਰ ਗਿਆ। ਉਹ ਬੇਹੋਸ਼ ਹੋਣ ਵਾਲੀਆਂ ਹੋਈਆਂ ਖੜ੍ਹੀਆਂ ਸਨ।
-"ਭੈਣ ਜੀ-ਮੈਂ ਇਹ ਕੁੜੀ ਨਹੀਂ ਰੱਖਣੀ-ਮੇਰੀ ਸਫ਼ਾਈ ਕਰਵਾ ਦਿਓ!" ਪੁਸ਼ਪਿੰਦਰ ਨੇ ਜੋਰ ਦੇ ਕੇ ਕਿਹਾ। ਉਹ ਦੂਰ, ਪਰ੍ਹੇ ਵਰਾਂਡੇ ਵਿਚ ਖੜ੍ਹੇ ਬਲਬੀਰ ਨੂੰ ਦੇਖ-ਦੇਖ ਕੇ ਨਿਰਬਲ ਹੁੰਦੀ ਜਾ ਰਹੀ ਸੀ।
-"ਤੇਰੀ ਜਾਨ ਨੂੰ ਕੋਈ ਖਤਰਾ ਨਾ ਹੋਜੇ ਪੁੱਤ?" ਮਾਂ ਬੋਲੀ।
-"ਮਾਂ ਮੇਰੀ ਜਾਨ ਨੂੰ ਮਾਰ ਗੋਲੀ! ਪਲ ਨੂੰ ਨਿਕਲਦੀ ਐ ਹੁਣ ਨਿਕਲਜੇ! ਪਰ ਮੈਂ ਇਹ ਕੁੜੀ ਨ੍ਹੀ ਜੰਮਣੀ!" ਸੁੱਕੇ ਬੁੱਲ੍ਹਾਂ 'ਚੋਂ ਬੋਲਦੀ, ਬਾਕੀ ਸਾਰਾ ਰਹੱਸ ਕੁੜੀ ਮਾਂ ਕੋਲੋਂ ਬੋਚ ਗਈ। ਅੰਦਰੋਂ ਉਹ ਵਲੂੰਧਰੀ ਪਈ ਸੀ। ਧੀ ਦੀ ਅੜੀ ਮੂਹਰੇ ਮਾਂ ਹਥਿਆਰ ਸੁੱਟ ਗਈ ਅਤੇ ਬਲਬੀਰ ਨਾਲ ਰੈਅ-ਮਸ਼ਵਰਾ ਕਰਕੇ ਉਹ ਨਰਸ ਨੂੰ ਨਾਲ ਲੈ ਕੇ ਅਬਾਰਸ਼ਨ ਲਈ ਕਿਸੇ ਹੋਰ ਲੇਡੀ ਡਾਕਟਰ ਦੇ ਕਲੀਨਿਕ ਨੂੰ ਰਵਾਨਾ ਹੋ ਗਏ।
ਅਬਾਰਸ਼ਨ ਦੌਰਾਨ ਪੁਸ਼ਪਿੰਦਰ ਬੜੀ ਹੀ ਔਖੀ ਹੋਈ। ਬਾਂਹ ਜਿੱਡੇ ਸੂਏ ਨੇ ਉਸ ਦਾ ਢਿੱਡ ਇਕ ਤਰ੍ਹਾਂ ਨਾਲ ਪਰੋਅ ਦਿੱਤਾ ਸੀ। ਅਬਾਰਸ਼ਨ ਤੋਂ ਬਾਅਦ ਪੁਸ਼ਪਿੰਦਰ ਨੂੰ ਲੋੜੀਂਦੇ ਟੀਕੇ ਅਤੇ ਇਕ ਗੁਲੂਕੋਜ਼ ਦੀ ਬੋਤਲ ਲਾ ਦਿੱਤੀ ਗਈ ਸੀ।
ਦੁਆਈ-ਬੂਟੀ ਤੋਂ ਵਿਹਲੇ ਹੋ ਕੇ ਸ਼ਾਮ ਨੂੰ ਸਾਰੇ ਲੇਡੀ ਡਾਕਟਰ ਦੇ 'ਪਰਸਨਲ-ਆਫਿ਼ਸ' ਵਿਚ ਆ ਗਏ। ਮਾਂ ਨੇ ਪੀਲੀ ਭੂਕ ਹੋਈ ਪੁਸ਼ਪਿੰਦਰ ਨੂੰ ਸਾਂਭ ਰੱਖਿਆ ਸੀ। ਪਿੰਡ ਵਾਲੀ ਨਰਸ ਨੂੰ ਦੁਪਿਹਰੇ ਹੀ ਗੱਡੀ ਛੱਡ ਆਈ ਸੀ।
-"ਮਿਸਟਰ ਬਲਬੀਰ ਮੇਰੀ ਜਾਣਕਾਰੀ ਅਨੁਸਾਰ ਤੁਸੀਂ ਦੋਨੋਂ ਮੀਆਂ ਬੀਵੀ ਹੋ?" ਲੇਡੀ ਡਾਕਟਰ ਨੇ ਬਿੱਲ ਬਣਾਉਂਦਿਆਂ ਬਲਬੀਰ ਨੂੰ ਸੁਆਲ ਕੀਤਾ।
-"ਜੀ ਡਾਕਟਰ-ਇਹ ਮੇਰੀ ਪਤਨੀ ਹੀ ਹੈ।" ਬਲਬੀਰ ਸੁਆਲ ਤੋਂ ਅਤੀਅੰਤ ਹੈਰਾਨ ਸੀ।
-"ਤੁਹਾਡੇ ਪਹਿਲਾਂ ਵੀ ਦੋ ਲੜਕੀਆਂ ਨੇ?"
-"ਜੀ ਹਾਂ-ਦੋ ਬੱਚੀਐਂ!"
-"ਤੇ ਫਿਰ ਇਹ ਲੜਕਾ ਕਢਵਾਉਣ ਦੀ ਕੀ ਲੋੜ ਪੈ ਗਈ ਸੀ?" ਲੇਡੀ ਡਾਕਟਰ ਦੇ ਆਖਣ 'ਤੇ ਸਾਰਿਆਂ ਦੇ ਸਿਰ 'ਤੇ ਬਿਜਲੀ ਡਿੱਗ ਪਈ। ਅੱਖਾਂ ਅੱਗੇ ਧਰਤੀ ਘੁਕਣ ਲੱਗ ਪਈ।
-"ਜੀ...!!" ਸਾਰਿਆਂ ਦੇ ਔਸਾਣ ਮਾਰੇ ਗਏ।
-"ਪਰ ਡਾਕਟਰ-ਸਕੈਨਿੰਗ ਰਿਪੋਰਟ 'ਚ ਤਾਂ ਕੁੜੀ ਦੱਸਿਆ ਗਿਆ ਸੀ?" ਬਲਬੀਰ ਨੇ ਚੀਕ ਜਿਹੀ ਮਾਰੀ।
-"ਰਿਪੋਰਟ ਕੁਝ ਵੀ ਕਹੇ ਮਿਸਟਰ ਬਲਬੀਰ! ਮੈਂ ਤੁਹਾਨੂੰ ਅੱਖੀਂ ਦੇਖਿਆ ਦ੍ਰਿਸ਼ ਦੱਸ ਰਹੀ ਹਾਂ-ਚਾਹੋਂ ਤਾਂ ਅੱਖੀਂ ਦੇਖ ਸਕਦੇ ਹੋ...!"
ਸਾਰੇ ਨਿਹੱਥੇ ਜਿਹੇ ਹੋਏ ਇਕ ਦੂਜੇ ਵੱਲ ਅਜੀਬ-ਅਜੀਬ ਤੱਕ ਰਹੇ ਸਨ। ਠੱਗੇ-ਠੱਗੇ ਜਿਹੇ ਝਾਕ ਰਹੇ ਸਨ।
-"ਡਾਕਟਰ! ਮੈਂ ਗਲਤ ਰਿਪੋਰਟ ਦੇਣ ਵਾਲੀ ਡਾਕਟਰ 'ਤੇ ਕੇਸ ਕਰਾਂਗਾ।" ਬਲਬੀਰ ਕ੍ਰੋਧ ਨਾਲ ਸੜ ਉਠਿਆ।
-"ਕੀ ਕੇਸ ਕਰੋਂਗੇ? ਬਈ ਉਸ ਦੇ ਕਹਿਣ 'ਤੇ ਅਸੀਂ ਅਬਾਰਸ਼ਨ ਕਰਵਾ ਦਿੱਤੀ? ਅਬਾਰਸ਼ਨ ਕਰਵਾਉਣ ਲਈ ਸਾਡਾ ਕਾਨੂੰਨ ਇਜਾਜ਼ਤ ਹੀ ਨਹੀਂ ਦਿੰਦਾ-ਕਸੂਤੇ ਫਸ ਜਾਵੋਂਗੇ ਮਿਸਟਰ ਬਲਬੀਰ!"
ਬਲਬੀਰ ਨਿਰੁਤਰ ਹੋ ਗਿਆ।
-"ਇਕ ਗੱਲ ਯਾਦ ਰੱਖਣੀ ਬਲਬੀਰ ਜੀ-ਕੰਪਿਊਟਰ ਦੀ ਅੱਖ ਗਲਤ ਦੇਖ ਸਕਦੀ ਹੈ-ਪਰ ਰੱਬ ਦੀ ਅੱਖ ਨਹੀਂ।" ਉਸ ਨੇ ਦੋ ਹਜ਼ਾਰ ਦਾ ਬਿੱਲ ਉਸ ਦੇ ਹੱਥ ਫੜਾਉਂਦਿਆਂ ਕਿਹਾ। ਬਲਬੀਰ ਨੇ ਪੈਸੇ ਦੇ ਦਿੱਤੇ। ਪੁਸ਼ਪਿੰਦਰ ਨੂੰ ਮਹਿਸੂਸ ਹੋਇਆ ਕਿ ਬਲਬੀਰ ਨੇ ਉਸ ਦਾ ਪੁੱਤ ਆਪਣੇ ਹੱਥੀਂ ਕਤਲ ਕਰਵਾ ਕੇ ਰਕਮ ਤਾਰ ਦਿੱਤੀ ਹੈ। ਉਸ ਦੀ ਲਹੂ ਲਿੱਬੜੀ ਆਤਮਾ ਵੈਣ ਪਾਈ ਜਾ ਰਹੀ ਸੀ। ਨੁੱਚੜਦੀ ਆਤਮਾ ਨੂੰ ਲੈ ਉਹ ਮਾਂ ਦੇ ਸਹਾਰੇ ਕਾਰ ਵਿਚ ਬੈਠ ਗਈ। ਉਸ ਦਾ ਚਿਹਰਾ ਪੱਥਰ ਹੋਇਆ ਪਿਆ ਸੀ।

Print this post

2 comments:

raja lopon said...

pata nai ea paap kado band hovaga??????????????????????

raman bukaanwaliya said...

dil tubvi rachna

Post a Comment

ਆਓ ਜੀ, ਜੀ ਆਇਆਂ ਨੂੰ !!!

free counters