ਇਬਾਦਤ ਵਰਗਾ ਰਾਗ

ਤੇਰੀ ਰੂਹ ਨਿਰਮਲ, ਮਨੋਬਿਰਤੀ ਨਿਰਛਲ
ਤੇ ਤੇਰੀ ਸੋਚ ਨਿਰਕਪਟ, ਤੇਰਾ ਹਿਰਦਾ ਕੋਮਲ...
ਉਸ ਸਰਦ, ਚੰਨ-ਚਾਨਣੀ ਰਾਤ ਨੂੰ,
ਜਦ ਤੇਰੇ ਝੀਲ ਵਰਗੇ ਨੇਤਰਾਂ 'ਚ
ਨੀਝ ਲਾ ਕੇ ਤੱਕਿਆ ਮੈਂ,
ਤਾਂ ਮੈਨੂੰ
ਤੇਰੇ ਮਿਰਗ ਨੈਣਾਂ ਵਿਚ,

ਝਿਲਮਲਾਉਂਦੇ ਦਿਸੇ
ਮੋਹ ਦੇ ਚੰਨ ਅਤੇ ਸਿਤਾਰੇ,
ਜਗਮਗਾਉਂਦੇ ਲੱਗੇ
ਪ੍ਰੀਤ ਦੇ ਮਹਿਲ ਤੇ ਮੁਨਾਰੇ।
ਤੇਰੇ ਧੜਕਦੇ ਦਿਲ ਦਾ ਸੰਗੀਤ
ਮੇਰੀ ਗ਼ਮਾਂ ਦੀ ਪੱਤਝੜ ਨਾਲ਼
ਰੁੰਡ-ਮਰੁੰਡ ਹੋਈ
ਆਤਮਾਂ ਨੂੰ ਸ਼ਰਸ਼ਾਰ ਕਰ ਗਿਆ
ਤੇ ਦੇ ਗਿਆ ਮੋਹ-ਮੁਹੱਬਤ ਦੇ,
ਸਨੇਹ ਦਾ ਸਮਾਧਾਨ!
ਸਰਦ ਕਣੀਆਂ ਦੀ ਫ਼ੁਹਾਰ ਛਿੜਕ ਗਿਆ,
ਮੇਰੀ ਕਰੰਡ ਹੋਈ ਰੂਹ 'ਤੇ
ਹਮਦਰਦੀ ਦੀ ਮੱਲ੍ਹਮ ਲਾ ਗਿਆ ਮੇਰੇ,
ਫ਼ੱਟੜ ਹੋਏ ਪ੍ਰਾਣਾਂ 'ਤੇ
ਸੁਣਾ ਗਿਆ ਮੈਨੂੰ ਫ਼ੱਕਰ-ਫ਼ਕੀਰਾਂ ਦੀ,
ਇਬਾਦਤ ਵਰਗਾ ਰਾਗ
ਅਤੇ
ਮੈਨੂੰ ਇਸ਼ਕ ਦੇ ਰੰਗ-ਰਸ ਦੀ,
ਦੀ ਦੀਦ ਵੀ ਦਿਖਾ ਗਿਆ।
.....
ਚਿਰਾਂ ਤੋਂ ਭਟਕਦਾ ਫਿ਼ਰਦਾ ਸੀ
ਸੁੰਨੇ ਦਿਲ ਦੀ ਮਛਕ ਚੁੱਕੀ,
ਕਿਸੇ ਰੋਹੀ-ਬੀਆਬਾਨ ਵਿਚ
ਅੱਠੇ ਪਹਿਰ ਰਹਿੰਦਾ ਸੀ,
ਕਿਸੇ ਨੀਰਨੁਮਾਂ ਸਖ਼ੀ ਦੀ ਭਾਲ਼ ਵਿਚ!
ਪਰ ਕੀ ਪਤਾ ਸੀ?
ਕਿ ਤੂੰ ਤਾਂ ਮੈਨੂੰ ਮਿਲੇਂਗੀ
ਮਿਰਗ ਦੀ ਕਸਤੂਰੀ ਵਾਂਗ,
ਆਪਣੀ ਹੀ 'ਨਾਭੀ' ਵਿਚੋਂ!
ਜਦ ਤੇਰੀ ਉਪਕਾਰੀ ਝਲਕ
ਪਈ ਮੇਰੇ ਜਿ਼ਹਨ ਦੇ ਪਰਦੇ 'ਤੇ
ਤਾਂ ਮੈਨੂੰ ਸੰਯੋਗ ਦੇ ਅਰਥ ਸਮਝ ਆ ਗਏ।
ਤੇ ਮੇਰੇ ਵਿਰਾਨ ਫਿ਼ਰਦੇ ਦਿਮਾਗ ਦੇ,
ਜਿਉਣ ਜੋਕਰੀਏ, ਕਪਾਟ ਖੁੱਲ੍ਹ ਗਏ
ਅਤੇ ਮੇਰੀ ਵਰ੍ਹਿਆਂ ਦੀ ਤੜਪ,
ਸਦੀਵੀ ਆਨੰਦ ਵਿਚ ਬਦਲ ਗਈ!
.....
ਜਦ ਮੈਂ ਅੱਖਾਂ ਮੀਟ ਸਿਜ਼ਦਾ ਕੀਤਾ
ਤੇਰੀ ਸ੍ਰੇਸ਼ਠ ਰੂਹ ਨੂੰ,
ਤਾਂ ਦਰਸ਼ਣ ਹੋਏ ਮੈਨੂੰ
ਤੇਰੇ ਮਨ ਅੰਦਰਲੀ ਜੰਨਤ ਦੇ,
ਤਾਂ ਮੈਨੂੰ
ਬ੍ਰਹਿਮੰਡ ਦੀਆਂ ਸੱਤੇ ਬਹਿਸ਼ਤਾਂ
ਨਜ਼ਰ ਪਈਆਂ
ਤੇ ਅਨੇਕਾਂ ਧਰੂ-ਤਾਰਿਆਂ ਨੇ
ਅਚੇਤ ਹੀ ਗਲ਼ਵਕੜੀ ਆ ਪਾਈ।
ਤੇਰੇ ਹੋਠਾਂ ਤੋਂ ਕਿਰੀ ਮੁਸਕਾਨ,
ਮੇਰੀ ਸੱਖਣੀ ਝੋਲ਼ੀ ਭਰ ਗਈ।
ਤੇ ਮੈਂ ਸ਼ੁਕਰਗੁਜ਼ਾਰ ਨਜ਼ਰਾਂ ਨਾਲ਼,
ਅਰਸ਼ਾਂ ਵੱਲ ਝਾਤੀ ਮਾਰੀ,
ਤਾਂ ਤੇਰੀ ਰਹਿਮਤ ਦੇ ਭੰਡਾਰ
ਮੇਰੇ ਕਲ਼ਾਵੇ ਡਿੱਗਣ ਲਈ
ਅਭਿਲਾਸ਼ੀ ਸਨ।
.....
ਕਦੇ ਕਦੇ ਮੈਨੂੰ ਇਕ ਗੱਲ ਦੀ
ਸਮਝ ਨਹੀਂ ਪੈਂਦੀ,
ਕਿ ਹਜ਼ਾਰਾਂ ਸਾਲ ਰਿਖ਼ੀ-ਮੁਨੀ
ਕਰਦੇ ਰਹੇ ਜਪ-ਤਪ ਅਤੇ ਸੰਜਮ
ਜੰਗਲ-ਬੇਲਿਆਂ ਵਿਚ, ਰੁੱਖਾਂ ਹੇਠ ਬੈਠ
ਅਤੇ ਲਾਉਂਦੇ ਰਹੇ ਲਗਨ,
ਉਸ ਇਲਾਹੀ ਸਿਰਜਣਹਾਰ ਨੂੰ ਪਾਉਣ ਖਾਤਰ,
ਕੀ ਉਹਨਾਂ ਨੂੰ ਵੀ,
ਉਤਨਾਂ ਹੀ ਸਕੂਨ ਆਉਂਦਾ ਹੋਵੇਗਾ,
ਜਿੰਨਾਂ ਮੈਨੂੰ, ਤੇਰੇ ਦੀਦਾਰ ਕਰ ਕੇ ਆਉਂਦੈ?
ਕੀ ਉਹਨਾਂ ਨੂੰ ਵੀ,
ਮੁਕਤੀ ਪਾਉਣ ਦੀ ਉਤਨੀ ਹੀ ਅਪੇਖਿਆ
ਅਤੇ ਬੇਸਬਰੀ ਹੈ,
ਜਿੰਨੀ ਮੈਨੂੰ ਤੇਰੀ ਗਲਵਕੜੀ ਦੀ ਰਹਿੰਦੀ ਹੈ?
ਜੇ ਤੂੰ ਇਸ ਦੀ ਪ੍ਰੀਭਾਸ਼ਾ ਪੁੱਛੇਂ,
ਤਾਂ ਮੈਂ ਇਸ ਦਾ ਨਿਰੂਪਣ ਨਹੀਂ ਕਰ ਸਕਦਾ,
ਇਹ ਤਾਂ ਮਣੀ 'ਤੇ ਬੈਠੇ ਨਾਗ ਵਾਂਗ,
ਅਨੁਭਵ ਹੀ ਵੱਖਰਾ ਹੈ!
ਸੂਰਜ ਚੰਦਰਮਾਂ ਤਾਂ
ਇਕ ਦੂਜੇ ਦੇ ਲੈਣ-ਦੇਣਦਾਰ ਹਨ
ਪਰ ਆਪਾਂ ਤਾਂ ਵਿਸ਼ਾਲ ਆਕਾਸ਼ ਦੀ
ਬੁੱਕਲ਼ ਵਿਚ ਬਿਰਾਜੇ ਚਮਕਦੇ ਤਾਰਿਆਂ ਵਾਂਗ,
ਇਕ ਦੂਜੇ ਦੇ 'ਪੂਰਕ' ਹਾਂ!
.....
ਪ੍ਰੇਮ ਕਰਨ ਵਾਲਿ਼ਆਂ ਦੇ ਡੇਰੇ
ਜੱਗ ਦੀ ਸ਼ਰ੍ਹਾਅ ਤੋਂ ਦੂਰ ਹੀ ਹੁੰਦੇ ਨੇ
ਤੇ ਯਾਰਾਂ ਦੀ ਹੁੰਦੀ ਹੈ ਵੱਖਰੀ ਮਸੀਤ!
ਜੱਗ ਦੀਆਂ ਕਮੰਡਲ਼ੀਆਂ ਅੱਖਾਂ,
ਲੈਂਦੀਆਂ ਨੇ ਪ੍ਰਹਿਲਾਦ ਵਰਗਿਆਂ ਤੋਂ,
ਤੱਤੇ ਥੰਮ੍ਹ 'ਤੇ ਚਾੜ੍ਹ ਪ੍ਰੀਖਿਆ
ਤੇ ਜਾਂ ਹੋਲਿਕਾ ਵਾਂਗ, ਬੁੱਕਲ਼ ਵਿਚ ਬਿਠਾ,
ਅਗਨੀ 'ਚ ਸਾੜਨਾਂ ਲੋਚਦੇ ਨੇ!
ਪਰ ਜਿੰਨ੍ਹਾਂ ਅੰਦਰ ਸੱਚੀ ਤੜਪ ਹੋਵੇ,
ਉਹ ਤਾਂ ਸੱਜਣ ਨੂੰ ਪੱਥਰ ਵਿਚੋਂ ਵੀ
ਪਾ ਲੈਂਦੇ ਨੇ!
ਡੁੱਬਦੇ ਪੱਥਰਾਂ ਨੂੰ ਤਾਰਨ ਦੀ
ਸਮਰੱਥਾ ਵੀ ਉਹੀ ਰੱਖਦੇ ਨੇ,
ਜਿੰਨ੍ਹਾਂ ਅੰਦਰ ਸਾਧਨਾਂ ਦੀ ਲਿਵ ਹੁੰਦੀ ਹੈ!
.....
ਪੁੱਛਣਾ ਹੋਵੇ ਬਲੀ ਚੜ੍ਹਨ ਵਾਲ਼ੇ ਬੱਕਰੇ ਨੂੰ,
ਕਿ ਕੀ ਤੈਨੂੰ ਸੁਣਦੀਆਂ ਨੇ
ਪੜ੍ਹੀਆਂ ਜਾਣ ਵਾਲ਼ੀਆਂ ਕਲਮਾਂ?
ਯਾਦ ਆਉਂਦੇ ਨੇ ਤੈਨੂੰ
ਪਿੱਛੇ ਛੱਡ ਜਾਣ ਵਾਲ਼ੇ ਰਿਸ਼ਤੇ?
ਰੱਬ ਨੂੰ ਖ਼ੁਸ਼ ਕਰਨ ਵਾਲਿ਼ਆਂ ਦਾ ਸਿਧਾਂਤ
ਜੀਭ ਦੇ ਚਸਕੇ ਦੀ ਲਾਲਸਾ ਹੀ ਰੱਖਦਾ ਹੈ?
ਜਾਂ ਸਿਰਫ਼ ਤੇਰੇ ਗਲ਼ 'ਤੇ ਫਿ਼ਰਨ ਵਾਲ਼ੀ ਛੁਰੀ ਦੀ,
ਬਿਰਥਾ ਹੀ ਪੀੜ ਦੀ ਧੁਨੀ ਸੁਣਾਉਂਦੀ ਹੈ?
ਪੁੱਛੀਂ ਕਦੇ ਸ਼ਮਸ ਤਬਰੇਜ਼ ਨੂੰ
ਕਿ ਤੈਨੂੰ ਪੁੱਠੀ ਖੱਲ ਲੁਹਾਉਣ ਤੋਂ ਬਾਅਦ,
'ਅਨ-ਉੱਲ-ਹੱਕ' ਉਚਾਰਨ ਦੀ
ਦ੍ਰਿੜਤਾ ਕਿਸ ਨੇ ਦਿੱਤੀ ਸੀ?
.....
ਬਰਸਾਂ ਤੋਂ ਪਿਆਸਾ, ਜਦ ਤੇਰੇ ਖ਼ੂਹ 'ਤੇ ਆਇਆ
ਮੌਣ 'ਤੇ ਆ ਕੇ ਵੇਖਿਆ,
ਨਿਰਮਲ ਪਾਣੀ ਨੇ ਮੈਨੂੰ ਦਾਅਵਤ ਦਿੱਤੀ
ਤੇ ਜਤਾਈ ਆਪਣੀ ਹਾਰਦਿਕ ਅਪਣੱਤ
ਤਾਂ ਮੈਂ ਯੁੱਗਾਂ-ਜੁਗਾਂਤਰਾਂ ਦੀ ਤ੍ਰਿਖ
ਤੇਰੇ ਮੁਬਾਰਕ ਬੁੱਕਾਂ ਵਿਚੋਂ ਬੁਝਾਈ!
ਦੁਨੀਆਂ ਕਿਸੇ 'ਇਕ' ਸੱਜਣ ਦੇ
ਲੜ ਲੱਗ ਕੇ ਤੁਰ ਪਵੇ,
ਤਮਾਮ ਝਗੜੇ-ਝੇੜੇ ਹੀ ਖ਼ਤਮ ਹੋ ਜਾਣ!
ਰਹਿਣ ਨਾ 'ਤੇਰ-ਮੇਰ' ਤੇ ਸੀਮਾਵਾਂ
...ਤੇ ਖ਼ਤਮ ਹੋ ਜਾਵੇ 'ਮੈਂ-ਤੂੰ'
ਤੇਰੀ ਬੁੱਕਲ਼ ਦਾ ਨਿੱਘ ਮੈਨੂੰ
ਕਿਸੇ ਦੀ ਅਰਾਧਨਾਂ ਦੀ ਹੀ ਤਾਂ ਯਾਦ ਦਿਵਾਉਂਦਾ ਹੈ!

Print this post

No comments:

Post a Comment

ਆਓ ਜੀ, ਜੀ ਆਇਆਂ ਨੂੰ !!!

free counters