ਬੋਲ ਕੇ ਦੱਸੀਂ...!
ਇੱਛਾ ਮੇਰੀ ਵੀ ਰਹੀ ਹੈ,
ਸ਼ਾਇਦ ਇੱਛਾ ਤੇਰੀ ਵੀ ਰਹੀ ਹੈ..!
ਇਕ ਦੂਜੇ ਦੀ ਗਲਵਕੜੀ ਵਿਚ ਗੁਆਚ ਕੇ,
ਦੋ ਦਿਲਾਂ ਦੀ ਧੜਕਣ ਇਕ ਸਾਰ ਸੁਣਨ ਦੀ..!
ਜੁੱਗੜਿਆਂ ਜੁਗਾਂਤਰਾਂ ਤੋਂ,
ਵੇਲਾਂ ਵਾਂਗ ਪਿਆਸੀਆਂ, ਮੱਚੀਆਂ ਰੂਹਾਂ ਨੂੰ,
ਰੂਹਾਨੀ ਜਲ ਦੇਣ ਦੀ..!
ਤੂੰ ਬੋਲ ਕੇ ਦੱਸ, ਚਾਹੇ ਨਾ ਦੱਸ,
ਪਰ ਪੜ੍ਹਿਆ ਹੈ ਮੈਂ ਤੇਰੇ ਹੁਸੀਨ ਚਿਹਰੇ 'ਤੇ,
ਸ਼ੀਸ਼-ਸਿ਼ਲਾਲੇਖ ਹਰਫ਼ਾਂ ਨੂੰ...!
ਅਤੇ ਥਰਕਦਾ ਤੱਕਿਆ ਕੋਈ ਲਾਵਾ,
ਤੇਰੇ ਵਿਸ਼ਾਲ ਹਿਰਦੇ ਅੰਦਰ...!
ਬਲ਼ਦੀ ਵੇਖੀ ਜੁਆਲਾ ਮੁਖੀ,
ਤੇਰੇ ਮਨ ਮਸਤਿਕ 'ਤੇ...!
ਲਿਸ਼ਕਦੀ ਦੇਖੀ ਕੋਈ ਤੂਫ਼ਾਨੀ ਬਿਜਲੀ,
ਤੇਰੀਆਂ ਬਲੌਰੀ ਅੱਖਾਂ ਵਿਚ..!
ਤੇਰੀ ਇਕ ਛੋਹ, ਪਾਰਸ ਵਾਂਗ,
ਕਿਸੇ ਲੋਹ-ਸਿਲ਼ ਨੂੰ,
ਸੋਨ ਪਰਬਤ ਵਿਚ ਬਦਲਣ ਦੀ,
ਸਮਰੱਥਾ ਰੱਖਦੀ ਹੈ..!
ਪਰ,
ਤੇਰੀਆਂ ਸਧਰਾਂ ਦੇ ਬੋਲਾਂ ਦੀ ਬੱਦਲ਼ਵਾਈ,
ਤੇਰੇ ਹੋਠਾਂ 'ਤੇ ਆ ਕੇ ਰੁਕ ਜਾਂਦੀ ਰਹੀ,
ਅਤੇ ਗੁੰਮ ਹੋ ਜਾਂਦੀ ਕਿਸੇ ਸਮਾਜ ਦੇ
ਬੰਜਰ ਉਜਾੜ ਵਿਚ..!
ਮੈਂ ਜੋਗੀ ਵਾਂਗ ਫ਼ਰੋਲਦਾ ਰਿਹਾ,
ਤੇਰੇ ਮਨ ਦੀਆਂ ਹਸਰਤਾਂ ਦੀ ਮਿੱਟੀ,
ਮੇਰਾ ਮਨ ਵੀ ਗ਼ੈਬੀ ਅੰਬਰ ਨੂੰ
ਟਾਕੀਆਂ ਲਾਉਣ ਲੱਗਦਾ!
ਪਰ ਚੰਦਰੀ ਸੱਸ ਅੱਗੇ,
ਨਾ ਬੋਲਣ ਦੀ ਕਸਮ ਖਾਣ ਵਾਂਗ,
ਕਦੇ ਬਾਗ਼ੀ ਮਨ ਦਾ ਹੁੰਗਾਰਾ ਨਾ ਭਰ ਸਕਿਆ!
ਡਰਦੇ ਰਹੇ ਆਪਾਂ ਦੋਨੋਂ,
ਜ਼ਮਾਨੇ ਦੀ ਲਛਮਣ ਰੇਖਾ ਤੋਂ!
ਤੇ ਭਟਕਦੇ ਰਹੇ ਰੋਹੀ ਬੀਆਬਾਨ ਵਿਚ..!
ਪਾਰ ਕਰਨ ਦੀ ਹਿੰਮਤ, ਨਾ ਤੇਰੇ ਵਿਚ,
ਅਤੇ ਨਾ ਮੇਰੇ ਵਿਚ...!
ਅਰਮਾਨ ਸੜਦੇ ਰਹੇ ਆਪਣੇ,
ਚੁੱਪ ਸਿਵਿਆਂ ਵਾਂਗ ਆਪਣੇ ਹਿਰਦਿਆਂ 'ਚ!
ਮੈਂ ਚੁੱਪ ਰਿਹਾ, ਤੂੰ ਚੁੱਪ ਹੈਂ,
ਹਵਨ ਕੁੰਡ ਵਿਚ ਡਿੱਗੀ ਛਿਪਕਲੀ ਵਾਂਗ,
ਧੁਖ਼ਦੇ ਬਦਨ ਦਾ ਦੀਵਾ ਬਾਲ਼ਦੇ ਰਹੇ,
ਕਿਸੇ ਮੁਕਤੀ ਦੀ ਆਸ ਵਿਚ...!
ਮੈਨੂੰ ਸਮਝ ਨਹੀਂ ਆਉਂਦੀ,
ਇਸ ਰੋਹੀ ਬੀਆਬਾਨ ਦੀ,
ਦਿਸਹੱਦਿਆਂ ਤੋਂ ਪਾਰ ਦੀ ਸੀਮਾਂ,
ਪਾਰ ਕਰਨ ਦੀ ਪਹਿਲ,
ਤੂੰ ਕਰੇਂਗੀ...?
ਕਿ ਮੈਂ ਕਰਾਂ...?
ਆਪਣੇ ਵਿਚ ਸ਼ਰਮ ਦਾ ਓਹਲਾ,
ਜਾਂ ਅਖੌਤੀ ਹਾਉਮੈ ਦਾ ਅਹਿਸਾਸ,
ਜਾਂ ਫ਼ੋਕੀ ਸ਼ੋਹਰਤ ਦੀ ਕੋਹੜ ਕਿਰਲ਼ੀ,
ਕਹਿਣ ਦਾ ਸਾਹਸ,
ਜਾਂ ਸਹਿਣ ਦੀ ਸਮਰੱਥਾ,
ਇਕ ਚੀਜ਼ ਕੰਧ ਬਣੀ ਖੜ੍ਹੀ ਹੈ,
ਆਪਣੇ ਮਨ ਦੀਆਂ ਸਾਂਝਾਂ ਵਿਚ..!
ਜਿਤਨੀ ਦੇਰ ਇਸ ਕੰਧ,
ਹਾਉਮੈਂ, ਸ਼ੋਹਰਤ
ਜਾਂ ਓਹਲੇ ਨੂੰ,
ਆਪਣੇ ਸਾਹਸ ਅਤੇ ਹਿੰਮਤ ਦਾ ਧੱਕਾ ਨਹੀਂ ਵੱਜਦਾ,
ਆਪਾਂ ਆਪਸ ਵਿਚ, ਕਿਸੇ ਸ਼ਰਾਪੀ ਲਾਸ਼ ਵਾਂਗ
ਲਾਵਾਰਿਸ ਹੀ ਰਹਿ ਜਾਵਾਂਗੇ..!
..ਤੇ ਆਪਣੇ ਤੜਫ਼ਦੇ ਅਹਿਸਾਸ,
ਫ਼ੱਟੜ ਅਰਮਾਨ,
ਤਿੜਕਿਆ ਦਿਲ,
ਮੈਨੂੰ ਹੀ ਨਹੀਂ,
ਤੈਨੂੰ ਵੀ ਮੁਆਫ਼ ਨਹੀਂ ਕਰਨਗੇ..!
ਤੇ ਆਪਾਂ ਭਟਕਾਂਗੇ ਜੁੱਗੋ ਜੁੱਗ,
ਪਤਾ ਨਹੀਂ ਕਿਸ ਜੂਨੀ ਵਿਚ..!
ਕਿਉਂਕਿ ਆਤਮਘਾਤੀ, ਜਗਤ ਕਸਾਈ ਹੁੰਦਾ ਹੈ..!
ਰੱਖ ਹੱਥ ਇਕ ਵਾਰ ਆਪਣੇ ਦਿਲ 'ਤੇ,
ਦੁਨੀਆਂ ਦੇ ਖ਼ੌਫ਼ ਨੂੰ ਪਰਾਂਹ ਵਗਾਹ ਕੇ,
ਦੇਖ, ਸਵਰਗ ਕਿਵੇਂ ਤੇਰੀ ਝੋਲ਼ੀ ਢਹਿ ਪੈਂਦਾ..!
ਇਕ ਵਾਰ ਸੁਣ ਤਾਂ ਸਹੀ,
ਆਪਣੀ ਪਾਕ ਰੂਹ ਦੀ ਅਵਾਜ਼,
ਨਿਰਪੱਖ ਹੋ ਕੇ..!
ਤੱਕ ਵਿਸ਼ਾਲ ਸੂਰਜ ਦੀਆਂ ਕਿਰਨਾਂ ਨੂੰ,
ਕਿੱਦਾਂ ਤੇਰੀ ਝੋਲੀ ਡਿੱਗਣ ਲਈ ਬੇਤਾਬ ਨੇ..!
ਤਾਰਿਆਂ ਦੀ ਜ਼ਾਤ ਨਾ ਪੁੱਛੀਂ,
ਨਹੀਂ ਬ੍ਰਹਿਮੰਡ ਦੇ ਸਿਤਾਰੇ ਤੈਨੂੰ,
'ਵਿਤਕਰਾ' ਆਖ ਦੁਰਕਾਰ ਦੇਣਗੇ..!
ਜੇ ਆਪਣੀ ਅੰਤਰ ਆਤਮਾਂ ਦੀ ਹੂਕ ਸੁਣ ਕੇ,
ਕਦੇ ਦਿਲ ਖੋਲ੍ਹ ਕੇ ਹੁੰਗਾਰਾ ਭਰ ਛੱਡੇਂ,
ਤਾਂ ਹਰ ਖ਼ੁਸ਼ੀ ਦੀ ਰਹਿਮਤ,
ਤੇਰੇ ਹਾਰ ਬਣ ਗਲ਼ ਵਿਚ ਆ ਪਵੇ..!
ਤੂੰ ਸ਼ਾਇਦ ਮੈਨੂੰ ਕਮਲ਼ਾ, ਬਾਂਵਰਾ ਗਰਦਾਨੇਂ,
ਪਰ ਸੱਚ ਦੀ ਅਵਾਜ਼ ਸੁਣ ਕੇ,
ਕੰਨ ਮੁੱਢ ਮਾਰ ਲੈਣਾਂ,
ਰੱਬ ਵੱਲੋਂ ਮੁੱਖ ਮੋੜਨਾ ਹੈ..!
ਇਕ ਪਲ ਮੇਰੇ ਲਈ ਕੱਢ ਕੇ,
ਸਮੁੰਦਰ ਦੀਆਂ ਸਿੱਪੀਆਂ ਦੀ,
ਨਸਲ ਪਰਖ਼ਣੀ ਛੱਡ..!
..ਤੇ ਆਪਣੇ ਦਿਲ ਦੇ ਅਰਮਾਨਾਂ ਦੇ,
ਜਵਾਹਰ ਮੋਤੀ ਚੁੱਕ ਕੇ,
ਦੁਪੱਟੇ ਦੇ ਲੜ ਵਿਚ ਤਾਂ ਪਾ..!
..ਤੇ ਫ਼ੇਰ ਤੇਰੀਆਂ ਬਲੌਰੀ ਅੱਖਾਂ ਵਿਚ,
ਜਦ ਤੱਕਾਂਗਾ ਮੈਂ,
ਤਾਂ ਸੁਆਲ ਕਰਨ ਦੀ ਲੋੜ ਹੀ ਨਹੀਂ ਰਹਿ ਜਾਣੀ,
ਕਿਉਂਕਿ
ਦਿਲਾਂ ਦੀ ਕੋਈ ਭਾਸ਼ਾ ਜਾਂ ਪ੍ਰੀਭਾਸ਼ਾ ਨਹੀਂ ਹੁੰਦੀ..!
ਸਹਿਮਤ ਹੈਂ?
ਤਾਂ ਇਕ ਪੰਗਤੀ ਵਾਹ,
ਜੋ ਤੈਨੂੰ 'ਏਕ' ਤੋਂ 'ਅਨੇਕ' ਕਰ ਜਾਵੇਗੀ..!
No comments:
Post a Comment