ਨਜਾਇਜ਼ ਰਿਸ਼ਤੇ

ਤੂੰ ਨਿਕਾਰੇ ਰਿਸ਼ਤਿਆਂ ਨੂੰ
'ਜਲ-ਪ੍ਰਵਾਹ
' ਕਰਨ ਦੀ ਗੱਲ ਕੀਤੀ?
ਇਹਨਾਂ ਨੂੰ ਜਲ-ਪ੍ਰਵਾਹ ਨਹੀਂ,
ਭੱਠ ਝੋਕਣਾ ਚਾਹੀਦੈ!
...ਤੇ ਜਾਂ ਸਾੜਨਾ ਚਾਹੀਦੈ, ਕਿਸੇ ਪੁਤਲੇ ਵਾਂਗੂੰ,
ਸ਼ਰੇਆਮ ਚੁਰਾਹੇ ਵਿਚ,
ਆਪਣੀ ਰੂਹ ਦੀ ਭੜ੍ਹਾਸ ਕੱਢਣ ਲਈ!
......
ਦੱਸ ਖਾਂ, ਕੌਣ ਸੀ ਉਹ?
ਤੇ ਕਿਉਂ ਸੀ ਅਵਾਜ਼ਾਰ?
ਜੋ ਢੋਲ-ਜਾਨੀ ਦੇ ਆਉਣ 'ਤੇ
ਗਲ਼ੀਆਂ ਸੁਨੀਆਂ ਹੋਣ ਦੀ ਕਾਮਨਾ ਕਰਦੀ ਸੀ?
ਫ਼ਕੀਰ ਦੀ ਕੁੱਤੀ ਮਰਨ ਦੀ ਖ਼ਾਹਿਸ਼ ਰੱਖਦੀ ਸੀ?
ਪੰਜ-ਸੱਤ ਗੁਆਢਣਾਂ ਦੇ ਮਰਨ
ਤੇ ਰਹਿੰਦੀਆਂ ਨੂੰ ਤਾਪ ਚੜ੍ਹਨ ਦੀ
ਅਰਜ਼ ਕਰਦੀ ਸੀ?
ਕਰਾੜ ਦੀ ਹੱਟੀ ਸੜਨ ਦੀ
ਬਾਤ ਪਾਉਂਦੀ ਸੀ,
ਜਿੱਥੇ ਨਿੱਤ ਦੀਵਾ ਬਲ਼ਦਾ ਸੀ!
ਆਖ਼ਰ ਕਿਉਂ...?
ਕਿਉਂਕਿ
ਇਹ ਮੋਹ-ਮੁਹੱਬਤ ਪੱਖੋਂ ਅਣਭਿੱਜ ਸਮਾਜ
ਉਸ ਦੀ ਪ੍ਰੀਤ ਵਿਚ ਵਿਘਨ ਪਾਉਂਦਾ ਸੀ!
ਉਹ ਮਾਹੀ ਦੇ ਮੋਹ ਵਿਚ ਭਿੱਜੀ,
ਇਕ ਦੁਖਿਆਰੀ ਰੂਹ,
ਖ਼ੁਦਾ ਅੱਗੇ ਪੁਕਾਰ ਹੀ ਕਰ ਸਕਦੀ ਸੀ!
.......
ਇਕ ਗੱਲ ਦੱਸ ਜਿੰਦ,
ਇਹ ਮਾਰਨਖੰਡੇ, ਕਮੰਡਲ਼ੇ
ਅਤੇ ਨੀਲੇ ਗਿੱਦੜ ਵਰਗੇ ਲੋਕ,
ਕਿਹੜੇ ਜਾਇਜ਼ ਅਤੇ ਨਜਾਇਜ਼
ਰਿਸ਼ਤੇ ਦੀ ਗੱਲ ਕਰਦੇ ਨੇ?
........
ਮੇਰੀ ਨਜ਼ਰ ਵਿਚ ਜਾਇਜ਼
ਅਤੇ ਨਜਾਇਜ਼ 'ਕੁਝ' ਵੀ ਨਹੀਂ!
ਰੂਹ ਦੇ ਸਿਰਜੇ ਰਿਸ਼ਤੇ,
ਜੰਨਤ ਦਾ ਫ਼ਲ਼ ਚੱਖਣ ਵਾਂਗ ਹੁੰਦੇ ਨੇ
ਅਤੇ
ਗਲ਼ ਪਿਆ ਢੋਲ ਵਜਾਉਣ ਵਾਲ਼ੇ,
ਨਿੱਤ ਮਹੁਰਾ ਚੱਟ ਕੇ ਮਰਨ ਵਾਂਗ!
.......
ਮਰਿਆ ਸੱਪ ਤਾਂ ਹਰ ਕੋਈ,
ਗਲ਼ ਪਾਈ ਫ਼ਿਰਦੈ,
ਤੇ ਚੁੱਕੀ ਫ਼ਿਰਦੈ ਬਾਂਦਰੀ ਦੇ,
ਮਰੇ ਬੱਚੇ ਵਾਂਗ,
ਸੜਹਾਂਦ ਮਾਰਦੇ ਰਿਸ਼ਤਿਆਂ ਨੂੰ,
ਆਪਣੀ ਕੁੱਛੜ!
ਦਿੰਦਾ ਹੈ ਲੋਰੀਆਂ ਉਹਨਾਂ ਨੂੰ,
ਸੌਕਣ ਦੇ ਪੁੱਤਰ ਵਾਂਗ ਲੋਕ ਦਿਖਾਵੇ ਲਈ
ਅਤੇ ਝਿੜਕਦੈ, ਕੰਧ ਓਹਲੇ ਹੋ ਕੇ!
'ਆਪਣਿਆਂ' ਨੂੰ ਪਾਉਂਦੈ ਚੂਰੀ,
ਤੇ 'ਦੂਜਿਆਂ' ਅੱਗੇ ਸੁੱਟਦੈ ਸੁੱਕੇ ਟੁਕੜੇ,
ਤੇ ਉਹ ਵੀ ਸੜ-ਬਲ਼ ਕੇ!
ਲੋਕ-ਲਾਜ ਲਈ ਕਰਦੈ, ਅਪਣੱਤ ਦਾ ਪ੍ਰਦਰਸ਼ਨ,
ਲੰਗੜੇ ਕੈਦੋਂ ਚਾਚੇ ਵਾਂਗ!
ਤੇ ਅੰਦਰ ਵਾੜ ਕੇ ਦਿੰਦੈ ਤਸੀਹੇ, ਸੈਦੇ ਕਾਣੇਂ ਦੀ ਤਰ੍ਹਾਂ!
ਜਿੰਦ ਮੇਰੀਏ!
ਇਹ ਰਿਸ਼ਤੇ ਮੈਨੂੰ ਪ੍ਰਵਾਨ ਨਹੀਂ!!
.........
ਪਰ!
ਆਤਮਾ ਦੇ ਘੜੇ ਰਿਸ਼ਤੇ ਤਾਂ
ਪ੍ਰਾਣਾਂ ਤੋਂ ਵੀ ਵੱਧ ਪਿਆਰੇ
ਅਤੇ ਸੁਖ਼ਦਾਈ ਹੁੰਦੇ ਨੇ!
ਬਾਰਾਂ ਸਾਲ ਮੱਝਾਂ ਚਾਰਨੀਆਂ
ਤੇ ਏਨੇ ਸਾਲ ਹੀ ਖ਼ੂਹ ਗੇੜਨਾ,
ਤੇਸੇ ਨਾਲ਼ ਪਰਬਤ ਚੀਰ ਦੇਣਾ
ਤੇ ਦੁੱਧ ਦੀ ਨਦੀ ਵਗਾ ਦੇਣੀ,
ਇਹ ਰੂਹ ਦੇ ਹਾਣੀ ਦਾ ਬਖ਼ਸ਼ਿਆ,
ਮੋਹ-ਸਨੇਹ ਨਾਲ਼ ਲਿਬਰੇਜ਼
ਆਤਮਿਕ ਬਲ ਹੀ ਤਾਂ ਸੀ!
.......
ਜਾਇਜ਼-ਨਜਾਇਜ਼ ਰਿਸ਼ਤਿਆਂ ਦੀ ਗੱਲ,
ਉਹ ਲੋਕ ਕਰਦੇ ਨੇ,
ਜੋ ਜਾਨਵਰਾਂ ਵਾਂਗ ਗਿੱਝੇ ਹੁੰਦੇ ਨੇ ਖਾਣ,
ਸੰਤਾਨ ਪ੍ਰਾਪਤੀ ਲਈ ਕਰਦੇ ਨੇ ਸੰਭੋਗ
ਭੋਜਨ ਲਈ ਕਰਦੇ ਨੇ ਸ਼ਿਕਾਰ
ਬੁਰਕ ਮਾਰ-ਮਾਰ ਕਰਦੇ ਨੇ ਲਹੂ-ਲੁਹਾਣ!
ਕੁਝ ਢਿੱਡ ਵੀ ਪਾੜਦੇ ਨੇ
ਤੇ ਇਵਜ਼ ਵਜੋਂ ਸਿੰਗ ਵੀ ਤੁੜਵਾਉਂਦੇ ਨੇ!
ਅਤੇ ਬੱਝੇ ਰਹਿੰਦੇ ਨੇ ਇੱਕੋ ਕਿੱਲੇ 'ਤੇ
ਅਤੇ ਸੰਗਲ਼ ਨੂੰ ਹੀ ਸਮਝਦੇ ਨੇ ਆਪਣੀ ਸੰਪਤੀ!
ਸਮਾਜ ਦੀ 'ਸ਼ਰ੍ਹਾ' ਦੀ ਪੰਜਾਲ਼ੀ ਹੇਠ ਵਗਦੇ,
ਖਿੱਚਦੇ ਨੇ ਆਪੋ-ਆਪਣੇ ਰਿਸ਼ਤਿਆਂ ਵੱਲ
ਪੂਰਾ ਤਾਣ ਲਾ ਕੇ!
....ਤੇ ਫ਼ੇਰ ਖ਼ਰੂਦੀ ਬਣ,
ਖ਼ੁਰਲੀਆਂ ਵੀ ਢਾਹੁੰਦੇ ਨੇ,
ਸੰਗਲ਼ ਵੀ ਤੁੜਵਾਉਂਦੇ ਨੇ
ਤੇ ਕਿੱਲਾ ਵੀ ਪੁਟਾ ਤੁਰਦੇ ਨੇ!
........
ਜਿੰਦ ਮੇਰੀਏ,
ਅੰਬੀ ਅਤੇ ਤੋਤੇ ਵਾਲ਼ੇ,
ਇਹ ਰਿਸ਼ਤੇ ਮੈਨੂੰ ਮਨਜ਼ੂਰ ਨਹੀਂ!
ਮੈਨੂੰ ਮਨਜ਼ੂਰ ਹੈ;
ਤਿਤਲੀ ਤੇ ਫ਼ੁੱਲ ਦਾ ਰਿਸ਼ਤਾ!
ਰੁੱਖ ਅਤੇ ਪੰਛੀ ਦਾ ਰਿਸ਼ਤਾ!
ਚੰਦ ਅਤੇ ਚਕੋਰ ਦਾ ਰਿਸ਼ਤਾ!
ਸੂਰਜ ਅਤੇ ਪ੍ਰਛਾਵੇਂ ਦਾ ਰਿਸ਼ਤਾ!
ਦੀਵੇ ਅਤੇ ਪਤੰਗੇ ਦਾ ਰਿਸ਼ਤਾ!
ਬੱਦਲ਼ ਦੀ ਗ਼ਰਜ ਤੇ ਮੋਰ ਦੀ ਕੂਕ ਦਾ ਰਿਸ਼ਤਾ!
ਧਰਤੀ ਅਤੇ ਆਕਾਸ਼ ਦਾ ਰਿਸ਼ਤਾ,
ਇਕ ਵਰ੍ਹਦੈ ਅਤੇ ਦੂਜਾ ਗ੍ਰਹਿਣ ਕਰਦੈ!
ਰਿਸ਼ਤਿਆਂ ਨੂੰ,
ਨਜਾਇਜ਼ ਪਰਖ਼ਣ ਅਤੇ ਦੱਸਣ ਵਾਲਿਓ!
ਮੈਨੂੰ ਇਹ ਦੱਸ ਦਿਓ, ਕਿ ਇਹਨਾਂ 'ਚੋਂ
ਕਿਸ ਨੇ ਕਿਸ ਨਾਲ਼ 'ਲਾਵਾਂ' ਲਈਆਂ ਨੇ...?
ਕੀ ਇਹ ਸਭ ਨਜਾਇਜ਼ ਰਿਸ਼ਤੇ ਹੀ ਨੇ...??


Print this post

No comments:

Post a Comment

ਆਓ ਜੀ, ਜੀ ਆਇਆਂ ਨੂੰ !!!

free counters