ਗ਼ਿਲਾ ਨਾ ਕਰ..!
ਨਾ ਉਲਾਂਭਾ ਦੇਹ ਬੱਚਿਆਂ ਨੂੰ!
ਗ਼ਿਲਾ ਨਾ ਕਰ,
ਸ਼ਿਕਵਾ ਨਾ ਦਿਖਾ,
ਕਿ ਉਹ ਮੈਨੂੰ ਕੁਛ ਦੱਸਦੇ ਨਹੀਂ!
ਕਿਉਂਕਿ
ਇਹਨਾਂ ਨੂੰ ਸਿਖਾਇਆ ਕੀ ਹੈ ਤੂੰ…?
ਓਹਲੇ ਰੱਖਣੇ,
ਨਿੱਕੀ-ਨਿੱਕੀ ਗੱਲ ਲਕੋਣੀਂ,
ਰੱਖਣੇ ਪਰਦੇ ਅਤੇ ਛੁਪਾਉਣੀਆਂ ਗੋਝਾਂ!
'ਆਪਣਿਆਂ' ਦੀ ਫ਼ੋਕੀ ਉਸਤਿਤ
ਤੇ 'ਦੂਜਿਆਂ' ਦੇ ਕਰਨੇ 'ਭਰਾੜ੍ਹ'!
ਖੁੱਲ੍ਹੀ ਕਿਤਾਬ ਵਾਂਗ ਵਿਚਰਨ ਦੀ ਤਾਂ ਤੂੰ,
ਉਹਨਾਂ ਕੋਲ਼ ਬਾਤ ਹੀ ਨਹੀਂ ਪਾਈ!
ਇਨਸਾਨ ਨੂੰ 'ਇਨਸਾਨ' ਸਮਝਣਾ ਤਾਂ
ਤੂੰ ਉਹਨਾਂ ਨੂੰ ਦੱਸਿਆ ਹੀ ਨਹੀਂ!
ਉਹਨਾਂ ਦੀ ਮਾਨਸਿਕਤਾ ਦਾ ਦਾਇਰਾ
ਤੂੰ ਆਪਣੇ 'ਇੱਕ' ਫ਼ਿਰਕੇ ਵਿਚ ਹੀ ਬੰਨ੍ਹ ਕੇ ਰੱਖਿਐ!
….
ਤੂੰ ਤਾਂ ਉਹਨਾਂ ਨੂੰ ਦੱਸਿਐ
ਮਨ ਵਿਚ ਰੱਖਣੀ ਬੇਈਮਾਨੀ
'ਦੂਜਿਆਂ' ਨਾਲ਼ ਕਰਨੀਂ ਈਰਖ਼ਾ,
ਸਿੰਗ ਨਾਲ਼ ਦੋਸਤੀ
ਤੇ ਪੂਛ ਨਾਲ਼ ਕਮਾਉਣਾਂ ਵੈਰ!
'ਸਾਂਝੀਵਾਲ਼ਤਾ' ਦਾ ਉਪਦੇਸ਼ ਤਾਂ ਦਿੱਤਾ ਹੀ ਨਹੀਂ!
ਕਿੱਕਰ ਬੀਜ਼ ਕੇ
ਦਾਖਾਂ ਦੀ ਝਾਕ ਨਾ ਕਰ!!
ਇੱਕ ਦਿਨ 'ਉਹ' ਆਊਗਾ,
ਹੱਥਾਂ ਨਾਲ਼ ਦਿੱਤੀਆਂ ਗੰਢਾਂ ਤੈਥੋਂ
ਦੰਦਾ ਨਾਲ਼ ਵੀ ਨਹੀਂ ਖੁੱਲ੍ਹਣੀਆਂ!
ਕਿਉਂਕਿ ਉਦੋਂ ਸੱਪ ਵਾਂਗੂੰ,
ਤੇਰੇ 'ਜ਼ਹਿਰੀ ਦੰਦ' ਨਿਕਲ਼ ਚੁੱਕੇ ਹੋਣਗੇ!
…ਤੇ ਲੱਗ ਜਾਵੇਗਾ ਤੈਨੂੰ ਵੀ,
'ਭੂਆ' ਤੇ 'ਮਾਸੀ' ਦੇ ਰਿਸ਼ਤੇ ਦੇ ਫ਼ਰਕ ਦਾ ਪਤਾ!!
……
ਬੱਚਿਆਂ ਦੇ ਕੋਰੇ ਕਾਗਜ਼ ਮਨ 'ਤੇ
ਲਿਖੇ ਤੂੰ ਕਾਲ਼ੇ ਲੇਖ, ਵਿਤਕਰੇ, ਨਫ਼ਰਤਾਂ,
ਨਸਲੀ ਦੰਗੇ ਅਤੇ ਪੱਖਪਾਤ!
'ਆਪਣਿਆਂ' ਨੂੰ 'ਅੱਗੇ' ਰੱਖਣ ਲਈ
ਉਹਨਾਂ ਨੂੰ,
ਇਨਸਾਨ ਦੀ 'ਪ੍ਰੀਭਾਸ਼ਾ' ਵੀ ਭੁਲਾ ਦਿੱਤੀ?
ਭੁੱਲ ਗਈ ਹੁਣ ਉਹਨਾਂ ਨੂੰ
ਤੇਰੇ ਰਿਸ਼ਤੇ ਦੀ ਵੀ ਪਛਾਣ
ਤੇ ਉਹ ਦਿਲ ਵਿਚ ਘ੍ਰਿਣਾਂ ਬੁੱਕਲ਼ ਚੁੱਕ,
ਆਪਹੁਦਰੇ ਹੋ ਤੁਰੇ!
ਹੁਣ ਬੱਚਿਆਂ ਨੂੰ ਉਲਾਂਭਾ ਕਿਉਂ?
ਤੈਨੂੰ ਤਾਂ ਆਪਣੇ ਗਿਰੀਵਾਨ 'ਚ
ਨਜ਼ਰ ਮਾਰਨੀ ਚਾਹੀਦੀ ਹੈ!
ਕਿਉਂਕਿ ਉਹਨਾਂ ਦੇ ਪਾਕ-ਪਵਿੱਤਰ ਮਨ 'ਤੇ
ਜੋ ਤੂੰ ਕਾਲ਼ੇ ਅੱਖਰ ਲਿਖੇ ਨੇ,
ਉਹ 'ਤੈਨੂੰ ਹੀ' ਪੜ੍ਹਨੇ ਪੈਣੇ ਨੇ!
ææਤੇ ਉਹਨਾਂ ਦੇ ਅਰਥ ਮੇਰੀ ਨਜ਼ਰ ਵਿਚ,
'ਤਬਾਹੀ' ਹੀ ਨਿਕਲ਼ਦੇ ਨੇ!
…….
ਵਕਤੀ ਤੌਰ 'ਤੇ ਤੂੰ ਲੱਖ 'ਹੀਰੋ' ਬਣੇਂ
ਪਰ ਜਿਸ ਦਿਨ 'ਜ਼ੀਰੋ' ਹੋਣ ਦਾ ਸਮਾਂ ਆਇਆ
ਓਸ ਦਿਨ ਤੇਰੇ ਅਖੌਤੀ ਸੁਪਨਿਆਂ ਦੇ ਪਾਤਰ ਤਾਂ
ਬਹੁਤ ਦੂਰ ਨਿਕਲ਼ ਗਏ ਹੋਣਗੇ!
ਆਖੀ ਜਿਸ ਦਿਨ 'ਫ਼ਕੀਰ' ਨੇ
ਤੇਰੇ ਸ਼ਹਿਰ ਨੂੰ 'ਸਲਾਮ'
ਉਸ ਦਿਨ ਤੇਰੇ 'ਆਪਣੇ' ਵੀ ਤੈਨੂੰ,
'ਫ਼ਿੱਕੇ' ਦਿਸਣਗੇ!
…..
ਫ਼ਕੀਰਾਂ ਦੇ ਵਾਸ ਤਾਂ
ਰੋਹੀ-ਬੀਆਬਾਨਾਂ ਵਿਚ ਵੀ ਹੋ ਜਾਂਦੇ ਨੇ
ਤੇ ਲੱਗ ਜਾਂਦੇ ਨੇ ਜੰਗਲਾਂ ਵਿਚ ਮੰਗਲ਼!
ਪਰ ਤੈਨੂੰ ਮਖ਼ਮਲੀ ਗੱਦਿਆਂ 'ਤੇ ਵੀ
ਟੇਕ ਨਹੀਂ ਆਉਣੀ!
ਕਿਉਂਕਿ, ਜਿੰਨ੍ਹਾਂ ਨੂੰ ਜੋ ਸਿਖਾਇਐ,
ਜੋ ਇੱਟਾਂ-ਵੱਟੇ ਉਹਨਾਂ ਦੇ ਪੱਲੇ ਬੰਨ੍ਹੇ ਐਂ,
ਉਹ ਤੇਰੇ ਮੱਥੇ ਵਿਚ ਜ਼ਰੂਰ ਮਾਰਨਗੇ
ਤੇ ਕਰਨਗੇ ਤੈਨੂੰ ਲਹੂ-ਲੁਹਾਣ!
ਅਜੇ ਵੀ 'ਮੈਂ-ਮੈਂ' ਦੀ ਰਟ ਤਿਆਗ ਕੇ,
'ਤੂੰ-ਤੂੰ' ਧਾਰ ਲਵੇਂ,
ਤਾਂ ਤੇਰਾ ਅਜੇ ਵੀ ਬਹੁਤ ਭਲਾ ਹੋ ਸਕਦੈ!
ਤੇਰਾ 'ਹੂ ਕੇਅਰਜ਼'
ਬਹੁਤਿਆਂ ਦੀ ਅਹਿਮੀਅਤ 'ਤੇ
ਸੱਟ ਮਾਰਦੈ,
ਤੇ ਓਹੋ ਤੇਰਾ ਰਸਤਾ ਤਿਆਗ,
ਅਗਲੇ ਮਾਰਗ ਨਾਲ਼ ਮਸਤ ਹੋ ਜਾਂਦੇ ਨੇ!
…..
2 comments:
Gall ta sahi hai 22 Ji....Children what know about 'Hate' this is what we teach them
sachi gall ha 22 g
Post a Comment