ਤੁਰ ਗਏ ਦੀ ਉਦਾਸੀ ਏ…

ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

29 ਨਵੰਬਰ ਦਿਨ ਮੰਗਲਵਾਰ ਨੂੰ 'ਫ਼ੇਸਬੁੱਕ' 'ਤੇ ਇੱਕ 'ਦੰਦ-ਕਥਾ' ਛਿੜੀ ਸੀ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ। ਭਮੱਤਰੇ ਅਤੇ ਪ੍ਰੇਸ਼ਾਨ ਜਿਹੇ ਹੋਏ ਨੂੰ ਹੋਰ ਤਾਂ ਮੈਨੂੰ ਕੁਝ ਸੁੱਝਿਆ ਨਾ, ਮੈਂ ਤੁਰੰਤ ਬਾਈ ਦੇਵ ਥਰੀਕੇ ਨੂੰ ਫ਼ੋਨ ਮਿਲ਼ਾ ਲਿਆ। ਉਸ ਅੱਕੇ ਹੋਏ ਨੇ 'ਫ਼ੇਸਬੁੱਕੀਆਂ' ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੋਕ ਕਿਸੇ ਦੀ ਸੁੱਖ ਨਹੀਂ ਮੰਗਦੇ, ਫ਼ੇਸਬੁੱਕ 'ਤੇ ਅਫ਼ਵਾਹਾਂ ਉਡਾ ਰਹੇ ਨੇ! 29 ਨਵੰਬਰ ਨੂੰ ਮਾਣਕ ਠੀਕ-ਠਾਕ ਸੀ। ਨਮੂਨੀਆਂ ਹੋਣ ਕਾਰਨ ਉਹ ਹਸਪਤਾਲ਼ ਜ਼ਰੂਰ ਦਾਖ਼ਲ ਸੀ। ਪਰ ਬਾਈ ਦੇਵ ਥਰੀਕੇ ਦੇ ਦੱਸਣ ਅਨੁਸਾਰ ਠੀਕ ਸੀ। …ਤੇ ਫ਼ਿਰ 30 ਨਵੰਬਰ ਨੂੰ ਫ਼ਿਰ ਉਹੀ ਚਰਚਾ ਛਿੜੀ ਹੋਈ ਸੀ, "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ!" ਅੱਜ ਕੋਈ ਬਹੁਤਾ ਮਹਿਸੂਸ ਜਿਹਾ ਨਾ ਹੋਇਆ ਕਿ ਇਹ ਵੀ ਕੱਲ੍ਹ ਵਾਂਗ ਕਿਸੇ 'ਵਿਹਲੇ' ਨੇ 'ਟਸ਼ਣ' ਕਰਦੇ ਨੇ 'ਸ਼ੋਸ਼ਾ' ਛੱਡ ਦਿੱਤਾ ਅਤੇ ਟਾਈਮ ਪਾਸ ਕਰ ਲਿਆ। ਪਰ ਜਦੋਂ ਮੈਂ ਆਸਟਰੇਲੀਆ ਵਸਦੇ ਮੇਰੇ ਨਿੱਕੇ ਵੀਰ ਮਿੰਟੂ ਬਰਾੜ ਅਤੇ ਹਰਮਿੰਦਰ ਕੰਗ ਹੋਰਾਂ ਵੱਲੋਂ ਲਿਖਿਆ ਪੜ੍ਹਿਆ ਤਾਂ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ। ਹਰਮਿੰਦਰ ਕੰਗ ਨੂੰ ਪੁੱਛਿਆ ਕਿ ਕੀ ਇਹ ਗੱਲ ਸਹੀ ਹੈ? ਤਾਂ ਉਸ ਨੇ ਸਹੀ ਦੀ ਪੁਸ਼ਟੀ ਕਰ ਦਿੱਤੀ। 'ਮਰਨਾਂ ਸੱਚ ਅਤੇ ਜਿਉਣਾਂ ਝੂਠ' ਵਾਲ਼ੀ ਕਹਾਵਤ ਸੱਚ ਮੰਨਣੀ ਪਈ। ਪਰ ਫ਼ਿਰ ਵੀ ਦਿਲ ਨਾ ਟਿਕਿਆ ਅਤੇ ਦੇਵ ਥਰੀਕੇ ਨੂੰ ਪੰਜਾਬ ਫ਼ੋਨ ਮਿਲ਼ਾ ਲਿਆ ਅਤੇ ਸੱਚੀ ਗੱਲ ਦੀ ਪੁਸ਼ਟੀ ਕਰ ਕੇ ਬੇਵੱਸ ਹੋ ਕੇ ਬੈਠ ਗਿਆ। ਕਿਉਂਕਿ ਮੌਤ ਨੂੰ ਕੋਈ ਜਿੱਤ ਨਹੀਂ ਸਕਿਆ।
 
ਬਾਈ ਕੁਲਦੀਪ ਮਾਣਕ ਨਾਲ਼ ਮੇਰੀ ਪੁਰਾਣੀ ਯਾਰੀ ਸੀ। ਉਸ ਨਾਲ਼ ਕੀਤੀਆਂ ਟਿੱਚਰਾਂ ਅਤੇ ਦਿਲ-ਲੱਗੀਆਂ ਅੱਜ ਮੇਰੇ ਜ਼ਿਹਨ ਵਿਚ ਕਿਸੇ ਵਦਾਣ ਵਾਂਗ ਵੱਜ ਰਹੀਆਂ ਹਨ। ਕਿਉਂਕਿ ਹੋਂਦ ਅਤੇ ਅਣਹੋਂਦ ਦਾ ਇੱਕ ਆਪਣਾ ਹੀ ਅਹਿਸਾਸ ਹੈ! ਇੱਕ ਯਾਦ ਮੇਰੇ ਜ਼ਿਹਨ ਵਿਚ ਅੱਜ ਵੀ ਤਾਜ਼ੀ ਹੈ। ਜਦੋਂ ਲੁਧਿਆਣੇ ਬਾਈ ਦੇਵ ਥਰੀਕੇ ਅਤੇ ਕੁਲਦੀਪ ਮਾਣਕ ਨੂੰ ਪ੍ਰੋਫ਼ੈਸਰ ਮੋਹਣ ਸਿੰਘ ਦੇ ਮੇਲੇ 'ਤੇ ਸਨਮਾਨਤ ਕਰਨ ਲੱਗੇ ਤਾਂ ਇਹਨਾਂ ਦੋਨਾਂ ਨੂੰ ਹਾਥੀ 'ਤੇ ਚੜ੍ਹਾ ਲਿਆ ਅਤੇ ਮੇਲੇ ਵੱਲ ਲਿਜਾਣ ਲੱਗੇ। ਅੱਗੇ ਮਾਣਕ ਅਤੇ ਪਿੱਛੇ ਥਰੀਕੇ ਵਾਲ਼ਾ ਦੇਵ ਬੈਠਾ ਸੀ। ਹਾਥੀ ਦੇ ਨਾਲ਼-ਨਾਲ਼ ਮਾਣਕ ਦਾ ਭਤੀਜਾ ਕੇਵਲ ਜਲਾਲ ਵੀ ਤੁਰਿਆ ਜਾ ਰਿਹਾ ਸੀ। ਮਾਣਕ ਨੇ ਉਸ ਨੂੰ ਅਵਾਜ਼ ਮਾਰੀ, "ਕੇਵਲਾ…! ਪਾਣੀ ਪਿਆ…!" ਪਾਣੀ ਤਾਂ ਕੇਵਲ ਜਲਾਲ ਨੇ ਕਿਹੜਾ ਪਿਆਉਣਾ ਸੀ? ਉਸ ਦੀ ਡੱਬ ਵਿਚ ਬੋਤਲ ਸੀ ਅਤੇ ਉਸ ਨੇ ਪਰਦੇ ਜਿਹੇ ਨਾਲ਼ 'ਖੱਦਰ' ਦਾ ਗਿਲਾਸ ਦਾਰੂ ਨਾਲ਼ ਭਰ ਕੇ ਮਾਣਕ ਨੂੰ ਫ਼ੜਾ ਦਿੱਤਾ। 'ਗਰਰ' ਕਰ ਕੇ ਮਾਣਕ ਨੇ ਪੈੱਗ ਅੰਦਰ ਸੁੱਟਿਆ ਅਤੇ ਗਿਲਾਸ ਦੇਵ ਥਰੀਕੇ ਨੂੰ ਫ਼ੜਾ ਦਿੱਤਾ। ਥਰੀਕੇ ਵਾਲ਼ੇ ਨੇ ਵੀ ਪੈੱਗ ਪੁਆ ਕੇ ਪੀ ਲਿਆ। ਅੱਗੇ ਜਾ ਕੇ ਇਹਨਾਂ ਨੇ ਪਾਣੀ ਪੀਣ ਦੇ ਬਹਾਨੇ ਇੱਕ-ਇੱਕ ਪੈੱਗ ਹੋਰ ਲਾ ਲਿਆ। ਆਸੇ ਪਾਸੇ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਦੇਵ ਥਰੀਕੇ ਅਤੇ ਮਾਣਕ ਪਾਣੀ ਪੀ ਰਹੇ ਸਨ ਕਿ ਦਾਰੂ? ਲੋਕ ਤਾਂ ਉਹਨਾਂ ਨੂੰ ਦੇਖ ਕੇ ਤਾੜੀਆਂ ਵਜਾ ਕੇ ਸੁਆਗਤ ਕਰ ਰਹੇ ਸਨ ਅਤੇ ਅਥਾਹ ਮਾਣ ਦੇ ਰਹੇ ਸਨ। ਦੇਵ ਥਰੀਕੇ ਅਤੇ ਬਾਈ ਮਾਣਕ ਦੀ ਪੰਜਾਬੀ ਨੂੰ ਦੇਣ ਹੀ ਐਨੀ ਸੀ ਕਿ ਲੋਕ ਉਹਨਾਂ ਤੋਂ ਕੁਰਬਾਨ ਜਾਂਦੇ ਸਨ। ਦੇਵ ਥਰੀਕੇ ਪੈੱਗ ਦੇ ਸਰੂਰ ਵਿਚ ਮਾਣਕ ਨੂੰ ਕਹਿ ਰਿਹਾ ਸੀ, "ਮਾਣਕਾ, ਹਾਥੀ ਦੇ ਬਰੇਕ ਨੀ ਹੁੰਦੇ, ਇਹਦਾ ਕੰਨ ਫ਼ੜ ਕੇ ਬੈਠ…!" ਤਾਂ ਅੱਗਿਓਂ ਮਾਣਕ ਬੋਲਣ ਲੱਗਿਆ, "ਇਹ ਤਾਂ ਜੇ ਹਿੱਲ ਪਿਆ, ਬਠਿੰਡੇ ਜਾ ਕੇ ਈ ਛੱਡੂ…! ਤਾਂ ਹੀ ਤਾਂ ਦਿਲ ਕਰੜਾ ਕਰਨ ਆਸਤੇ ਪੈੱਗ ਮਾਰੀ ਜਾਨੇ ਐਂ…!" ਅੱਗੇ ਜਾ ਕੇ ਜਦੋਂ ਇਹਨਾਂ ਦਾ ਹਾਥੀ ਸ਼ਰਾਬ ਦੇ ਠੇਕੇ ਕੋਲ਼ ਦੀ ਲੰਘਣ ਲੱਗਿਆ ਤਾਂ ਠੇਕੇ ਵਾਲ਼ੇ ਵੀ ਇਹਨਾਂ ਨੂੰ ਹਾਥੀ 'ਤੇ ਬੈਠਾ ਦੇਖ ਕੇ ਖ਼ੁਸ਼ੀ ਵਿਚ ਤਾੜੀਆਂ ਮਾਰਨ ਲੱਗ ਪਏ। ਮਾਣਕ ਦੇਵ ਥਰੀਕੇ ਨੂੰ ਕਹਿਣ ਲੱਗਿਆ, "ਆਹ ਠੇਕੇ ਆਲ਼ੇ ਆਪਾਂ ਨੂੰ ਦੇਖ ਕੇ ਤਾੜੀਆਂ ਪਤੈ ਕਿਉਂ ਮਾਰਦੇ ਐ…?"
 
-"ਕਿਉਂ ਮਾਰਦੇ ਐ…?" ਦੇਵ ਥਰੀਕੇ ਪੁੱਛਣ ਲੱਗਿਆ।
 
-"ਇਹ ਠੇਕੇ ਆਲ਼ੇ ਤਾਂ ਤਾੜੀਆਂ ਮਾਰਦੇ ਐ, ਬਈ ਕੰਜਰਾਂ ਨੇ ਸਾਡਾ ਦਾਰੂ ਦਾ ਉਧਾਰ ਤਾਂ ਮੋੜਿਆ ਨੀ, ਚੜ੍ਹੇ ਅੱਜ ਹਾਥੀ 'ਤੇ ਫ਼ਿਰਦੇ ਐ…!"
 
ਹੱਸਦੇ ਦੋਨੋਂ ਲੋਕਾਂ ਨੂੰ ਦੇਖ ਕੇ ਹਾਥੀ 'ਤੇ ਬੈਠੇ ਫ਼ਿਰ ਹੱਥ ਜਿਹੇ ਜੋੜਨ ਲੱਗ ਪਏ।
 
ਜਦੋਂ ਉਹ ਮੇਰੇ ਪੁੱਤਰ ਕਬੀਰ ਦੇ ਜਨਮ ਦਿਨ 'ਤੇ ਪ੍ਰੋਗਰਾਮ ਕਰਨ ਆਇਆ ਤਾਂ ਪ੍ਰੋਗਰਾਮ ਦੁਪਿਹਰ ਇੱਕ ਵਜੇ ਦਾ ਸੀ। ਪਰ ਮਾਣਕ ਮੇਰਾ ਬੇਲੀ ਹੋਣ ਕਾਰਨ ਸਵੇਰੇ ਨੌਂ ਵਜੇ ਹੀ ਮੇਰੇ ਪਿੰਡ ਕੁੱਸੇ ਆ ਗਿਆ। ਉਸ ਨੇ ਆ ਕੇ ਬਾਪੂ ਜੀ ਦੇ ਪੈਰੀਂ ਹੱਥ ਲਾਏ ਅਤੇ ਖ਼ੁਸ਼-ਮਿਜ਼ਾਜ਼ ਬਾਪੂ ਹੱਸ ਕੇ ਕਹਿੰਦੇ, "ਮਾਣਕਾ, ਜਿਹੋ ਜਿਹਾ ਤੇਰੀ ਪਿੱਠ 'ਤੇ ਹੱਥ ਫ਼ੇਰ ਲਿਆ, ਤੇ ਜਿਹੋ ਜਿਹਾ ਬੱਕਰੀ ਦੇ ਪਠੋਰੇ ਦੀ ਪਿੱਠ 'ਤੇ ਹੱਥ ਫ਼ੇਰ ਲਿਆ, ਕੁਛ ਖਾ-ਪੀ ਲਿਆ ਕਰ ਪੁੱਤ।।?" ਤਾਂ ਮਾਣਕ ਹੱਸ ਕੇ ਆਖਣ ਲੱਗਿਆ, "ਤੂੰ ਤਾਂ ਮੈਨੂੰ ਐਵੇਂ ਮਾਰੂੰ-ਮਾਰੂੰ ਕਰੀ ਜਾਂਦਾ ਰਹਿੰਨੈ ਬਾਪੂ, ਅੱਗੇ ਦੱਸ ਮੈਂ ਕਦੋਂ ਮੱਲ ਢਾਹੁੰਦਾ ਹੁੰਦਾ ਸੀ…?"
 
-"ਦਾਰੂ-ਦੂਰੂ ਘੱਟ ਕਰਦੇ।।!" ਬਾਪੂ ਨੇ ਫ਼ਿਰ ਮੱਤ ਦਿੱਤੀ।
 
-"ਬਾਪੂ, ਖਾਣ-ਪੀਣ ਆਲ਼ੀ ਚੀਜ਼ ਕਿਵੇਂ ਘੱਟ ਕਰਦੀਏ…?"
 
ਜਦੋਂ ਦੁਪਿਹਰੇ ਇੱਕ ਵਜੇ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਮਾਣਕ ਸਟੇਜ਼ 'ਤੇ ਬੋਲਣ ਲੱਗਿਆ, "ਅੱਜ ਮੈਂ ਕਿਸੇ ਪ੍ਰੋਗਰਾਮ 'ਤੇ ਨਹੀਂ ਆਇਆ।।! ਅੱਜ ਮੈਂ ਆਪਣੇ ਭਤੀਜ ਦੇ ਨਿੱਜੀ ਪ੍ਰੋਗਰਾਮ 'ਤੇ ਆਇਐਂ, ਜਿਹੜੀ ਫ਼ਰਮਾਇਸ਼ ਕਰੋਂਗੇ, ਪੂਰੀ ਕਰ ਕੇ ਜਾਊਂਗਾ, ਚਾਹੇ ਸਵੇਰ ਦੇ ਤਿੰਨ ਵੱਜ ਜਾਣ…!" ਅਤੇ ਉਸ ਨੇ ਆਪਣੇ ਸਿਧਾਂਤ ਦੇ ਉਲਟ ਦੋ ਗੀਤ ਦੋ ਵਾਰ ਦੁਹਰਾ ਕੇ ਗਾਏ।
 
ਜਦੋਂ ਤੋਂ ਮਾਣਕ ਦਾ ਇਕਲੌਤਾ ਪੁੱਤਰ ਯੁੱਧਵੀਰ ਮਾਣਕ ਬਿਮਾਰ ਹੋਇਆ ਹੈ, ਮਾਣਕ ਸਿਹਤ ਪੱਖੋਂ ਤਾਬ ਨਹੀਂ ਆਇਆ। ਮਾਨਸਿਕ ਪੱਖੋਂ ਉਹ ਐਸਾ ਤਿਲ੍ਹਕਿਆ ਕਿ ਮੁੜ ਜ਼ਿੰਦਗੀ ਦੇ ਪੱਤਣ 'ਤੇ ਨਹੀਂ ਆ ਸਕਿਆ। ਚਾਹੇ ਬਹੁਤੇ ਲੋਕ ਉਸ ਦੀ ਬਿਮਾਰੀ ਦਾ 'ਮੁੱਖ ਕਾਰਨ' ਸ਼ਰਾਬ ਨੂੰ ਹੀ ਮੰਨਦੇ ਨੇ, ਪਰ ਸ਼ਰਾਬ ਤੋਂ ਬਿਨਾਂ ਉਸ ਦੀ ਜ਼ਿੰਦਗੀ ਵਿਚ ਕੁਝ 'ਹੋਰ' ਵੀ ਕਾਰਨ ਸਨ, ਜੋ ਉਸ ਦੀ ਜਾਨ ਦਾ 'ਖੌਅ' ਬਣੇ। ਕੁੱਲੀ ਤੋਂ ਲੈ ਕੇ ਮਹਿਲ ਤੱਕ ਦਾ ਸਫ਼ਰ ਮਾਣਕ ਨੇ ਬੜੀ ਜੱਦੋਜਹਿਦ ਅਤੇ ਹੌਸਲੇ ਨਾਲ਼ ਤਹਿ ਕੀਤਾ। ਬੜੀਆਂ ਤੱਤੀਆਂ-ਠੰਢੀਆਂ ਹਵਾਵਾਂ ਉਸ ਨੇ ਪਿੰਡੇ 'ਤੇ ਜਰੀਆਂ। ਪਰ ਉਹ ਫ਼ੌਲਾਦੀ ਜਿਗਰੇ ਵਾਲ਼ਾ ਬੰਦਾ ਪਰਬਤ ਵਾਂਗ ਅਡੋਲ ਅਤੇ ਅਣਥੱਕ ਰਾਹੀ ਵਾਂਗ ਅੱਗੇ ਵਧਦਾ ਗਿਆ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਨਿੱਕੇ ਜਿਹੇ ਪਿੰਡ ਜਲਾਲ ਅਤੇ ਅੱਤ ਦੀ ਗ਼ਰੀਬੀ ਵਿਚੋਂ ਉਠ ਕੇ ਉਸ ਨੇ ਆਪਣੀ ਕਲਾ ਦੇ ਸਿਰ 'ਤੇ ਸਾਰੀ ਦੁਨੀਆਂ ਗਾਹ ਮਾਰੀ।
 
ਸਮੇਂ-ਸਮੇਂ ਦੀਆਂ ਸਰਕਾਰਾਂ 'ਤੇ ਇੱਕ ਰੰਜ ਜ਼ਰੂਰ ਆਉਂਦਾ ਹੈ। 19 ਮਿੰਟਾਂ ਲਈ ਸ਼ਾਹਰੁਖ ਖ਼ਾਨ ਨੂੰ ਤਿੰਨ ਕਰੋੜ ਦੇਣ ਵਾਲ਼ੀ ਗੌਰਮਿੰਟ ਨੇ ਸਾਰੀ ਜ਼ਿੰਦਗੀ ਪੰਜਾਬੀ ਮਾਂ-ਬੋਲੀ ਦੇ ਲੇਖੇ ਲਾ ਦੇਣ ਵਾਲ਼ੇ ਕੁਲਦੀਪ ਮਾਣਕ ਦੀ ਕੋਈ ਵਿਤੀ ਮੱਦਦ ਨਹੀਂ ਕੀਤੀ ਅਤੇ ਨਾ ਕੋਈ ਸਾਰ ਲਈ। ਕੋਈ ਮੰਤਰੀ ਉਠ ਕੇ ਉਸ ਦਾ ਪਤਾ ਤੱਕ ਨਹੀਂ ਲੈਣ ਗਿਆ ਅਤੇ ਕਿਸੇ ਮੌਜੂਦਾ ਮੰਤਰੀ ਨੇ ਉਸ ਦੀ ਬਾਤ ਤੱਕ ਨਹੀਂ ਪੁੱਛੀ। ਜੇ ਉਹ ਹੱਸਦਾ-ਖੇਡਦਾ, ਤੁਰਿਆ-ਫ਼ਿਰਦਾ 'ਤੁਰ' ਜਾਂਦਾ ਤਾਂ ਉਸ ਦੇ ਚਹੇਤਿਆਂ ਨੂੰ ਇਤਨਾ ਦੁੱਖ ਨਹੀਂ ਸੀ ਮ,ਹੋਣਾਂ, ਜਿੰਨਾਂ ਹੁਣ ਹੋਇਆ ਹੈ। ਦੁੱਖ ਅਤੇ ਰੰਜ ਤਾਂ ਉਸ ਦੀ ਅਖ਼ੀਰ ਵੇਲ਼ੇ ਭੋਗੀ ਮਾਨਸਿਕ-ਪੀੜਾ ਦਾ ਹੈ। ਅਖ਼ੀਰ ਵੇਲ਼ੇ ਮਾਣਕ ਪੈਸੇ-ਪੈਸੇ ਦਾ ਮੁਥਾਜ ਹੋ ਗਿਆ। ਪਰ 19 ਮਿੰਟਾਂ ਦੇ ਨਾਚ ਲਈ ਤਿੰਨ ਕਰੋੜ ਫ਼ੂਕਣ ਵਾਲ਼ਿਆਂ ਨੂੰ ਬਿਮਾਰ ਪਿਆ ਮਾਣਕ ਨਹੀਂ ਦਿਸਿਆ ਅਤੇ ਨਾ ਹੀ ਕੋਈ ਉਸ ਦਾ ਪਤਾ ਲੈਣ ਗਿਆ।
 
ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਮਾਣਕ ਬਾਬਾ ਬੰਦਾ ਸਿੰਘ ਬਹਾਦਰ ਦੀ 'ਵਾਰ' ਨਾਲ਼ ਕਰਦਾ ਸੀ ਅਤੇ ਸਾਰੀ ਉਮਰ ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਸਤਿਤ ਵਿਚ ਗਾਇਆ। ਇੱਕ ਮਹਿਜ਼ ਇਤਫ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਓਧਰ 30 ਨਵੰਬਰ 2011 ਨੂੰ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤ ਦਾ ਉਦਘਾਟਨ ਹੋ ਰਿਹਾ ਸੀ ਅਤੇ ਇੱਧਰ ਮਾਣਕ ਆਪਣੇ 'ਆਖਰੀ' ਸਾਹ ਲੈ ਰਿਹਾ ਸੀ। ਮਾਣਕ ਦੀ ਮੌਤ ਜਾਂ ਉਸ ਦਾ ਵਿਛੋੜਾ ਮੈਨੂੰ ਘੱਟ ਦੁਖੀ ਕਰਦਾ ਹੈ, ਪਰ ਜ਼ਿੰਦਗੀ ਦੇ ਅਖ਼ੀਰ ਵਿਚ ਆ ਕੇ ਉਸ ਵੱਲੋਂ ਤਨ 'ਤੇ ਝੱਲੇ ਦੁੱਖ ਅਤੇ ਸਰੀਰ 'ਤੇ ਹੰਢਾਏ ਮਾਨਸਿਕ ਦਰਦ ਮੈਨੂੰ ਜ਼ਿਆਦਾ ਪ੍ਰੇਸ਼ਾਨ ਕਰਦੇ ਨੇ! 25 ਦਸੰਬਰ 2009 ਨੂੰ ਜਦ ਮਾਣਕ, ਪ੍ਰੋਫ਼ੈਸਰ ਨਿਰਮਲ ਜੌੜਾ ਅਤੇ ਦੇਵ ਥਰੀਕੇ ਨਾਲ਼ ਮੇਰੇ ਬਾਪੂ ਜੀ ਦੀ ਬਰਸੀ 'ਤੇ ਪਿੰਡ ਆਇਆ ਤਾਂ ਆਖੰਡ ਪਾਠ ਦੇ ਭੋਗ ਤੋਂ ਬਾਅਦ ਦੇਵ ਥਰੀਕੇ ਨੇ ਆਪਣਾ ਸੱਤਰਵਾਂ ਜਨਮ ਦਿਨ ਸਾਡੇ ਕੋਲ਼ ਇੰਗਲੈਂਡ ਮਨਾਉਣ ਦੀ ਗੱਲ ਆਖੀ, ਜੋ ਮਾਣਕ ਦੇ ਤੁਰ ਜਾਣ ਨਾਲ਼ ਹੁਣ ਕਦੇ ਵੀ ਪੂਰੀ ਨਹੀਂ ਹੋਵੇਗੀ। ਦਿਲ ਦਰਿਆ ਬਾਈ ਕੁਲਦੀਪ ਮਾਣਕ ਮੇਰੇ ਚੇਤਿਆਂ 'ਚੋਂ ਕਦੇ ਵੀ ਮਨਫ਼ੀ ਨਹੀਂ ਹੋਵੇਗਾ। ਲੋਕ ਆਖ ਰਹੇ ਹਨ ਕਿ ਕੁਲਦੀਪ ਮਾਣਕ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਪਰ ਮੈਂ ਆਖ ਰਿਹਾ ਹਾਂ ਕਿ ਬਾਈ ਮਾਣਕਾ, ਤੂੰ ਮਰਿਆ ਨਹੀਂ! ਅਤੇ ਨਾ ਹੀ ਕਦੇ ਮਰੇਂਗਾ!! ਤੂੰ ਸਰੀਰਕ ਪੱਖੋਂ ਹੀ ਸਾਡੇ ਤੋਂ ਓਹਲੇ ਹੋਇਆ ਹੈਂ, ਪਰ ਆਪਣੇ ਗੀਤਾਂ ਨਾਲ਼ ਤੂੰ ਹਮੇਸ਼ਾ ਸਾਡੇ ਦਿਲਾਂ ਵਿਚ ਕਿਸੇ ਜੋਤ ਵਾਂਗ ਜਗੇਂਗਾ!!!

****

Print this post

3 comments:

Manjinder Gill said...

Sachi gal aa 22 Ji sahrukh wali. Hun hi dekhde aa eh sarkaran ki kardiyan ne manak di family lyi. Main suni c tohadi interview b os din harjit gill nal .
Manjinder Gill ( Gold Coast )

Beant Singh said...

ਬਾਈ ਮਾਣਕਾ, ਤੂੰ ਮਰਿਆ ਨਹੀਂ! ਅਤੇ ਨਾ ਹੀ ਕਦੇ ਮਰੇਂਗਾ!! ਤੂੰ ਸਰੀਰਕ ਪੱਖੋਂ ਹੀ ਸਾਡੇ ਤੋਂ ਓਹਲੇ ਹੋਇਆ ਹੈਂ, ਪਰ ਆਪਣੇ ਗੀਤਾਂ ਨਾਲ਼ ਤੂੰ ਹਮੇਸ਼ਾ ਸਾਡੇ ਦਿਲਾਂ ਵਿਚ ਕਿਸੇ ਜੋਤ ਵਾਂਗ ਜਗੇਂਗਾ!!! bilkul sahi aa changa writer te changa singer bahut aukha labhda, kio k kanjarpune da mull vakti taur te kujh jiada hai, te changa likhan te gaun walle di kadr baad ch hi paindi aa

Unknown said...

bai g main manak sab da bahut vadda fan riha han.uhna de tur jan nall punjabi sangeet na pura hon wala ghata pia hai.

Post a Comment

ਆਓ ਜੀ, ਜੀ ਆਇਆਂ ਨੂੰ !!!

free counters