ਅਜ਼ਬ ਤੇ ਗ਼ਜ਼ਬ

ਨਾ ਤਾਂ ਮੈਂ ਧਨੁੱਸ਼ ਤੋੜਨ ਦੇ ਕਾਬਲ ਹਾਂ,
ਤੇ ਨਾ, ਥੱਲੇ ਤੇਲ ਦੇ ਉੱਬਲ਼ਦੇ ਕੜਾਹੇ ਵਿਚ ਦੇਖ,
ਉਪਰ ਮੱਛੀ ਦੀ ਅੱਖ ਵਿੰਨ੍ਹਣ ਦੇ ਸਮਰੱਥ!
ਨਾ ਕੋਈ ਕਲਾ ਸੰਪੂਰਨ,
ਤੇ ਨਾ, ਕਿਸੇ ਵੇਦ ਦਾ ਗਿਆਤਾ ਹਾਂ ਮੈਂ...!
ਨਾ ਤ੍ਰਿਭਵਣ ਦਾ ਮਾਲਕ,
ਤੇ ਨਾ ਹਾਂ, ਸ਼ਕਤੀ ਦਾ ਬਲੀ ਭੀਮ ਸੈਨ!
ਨਾਂ ਸੂਰਜ ਜਿੰਨੀ ਤਪਸ਼ ਹੈ ਮੇਰੇ ਵਿਚ,
ਤੇ ਨਾ ਚੰਦਰਮਾਂ ਜਿੰਨਾਂ ਸੀਤ!
ਨਾ ਰਾਤ ਵਰਗੀ ਕਾਲ਼ਸ ਹੈ ਮੇਰੇ ਦਿਲ ਵਿਚ,

ਤੇ ਨਾ ਦਿਨ ਵਰਗਾ ਉਜਾਲਾ!
...ਮੈਂ ਤਾਂ 'ਖਾਲੀ' ਵਹਿੰਗੀ ਚੁੱਕ, ਭ੍ਰਮਣ ਕਰਦਾ ਹਾਂ,
ਖੁੱਲ੍ਹੇ ਅਸਮਾਨ ਥੱਲੇ,
ਚਾਰੇ ਕੂਟਾਂ ਦੇ ਤੀਰਥ ਅਸਥਾਨ!
ਨਾ ਤਾਂ ਇੱਛਾ ਹੈ ਮੈਨੂੰ ਕਿਸੇ ਸਵੰਬਰ ਦੀ,
ਤੇ ਨਾ ਹੀ ਮੈਂ ਕੋਈ ਧਰਮ-ਯੁੱਧ ਲੜਨ ਦੀ,
ਅਭਿਲਾਸ਼ਾ ਰੱਖਦਾ ਹਾਂ!
.....
ਮੇਰਾ ਬੋਲ਼ਾ ਦਿਲ ਵੀ ਸੁਣਦਾ ਹੈ, ਹਰ ਬ੍ਰਿਹੋ-ਪੀੜ ਦੀ ਧੁਨੀ,
ਤਾਂ ਮਿੱਤਰ ਪਿਆਰੇ ਨੂੰ ਫ਼ਕੀਰਾਂ ਦਾ,
ਹਾਲ ਹੀ ਸੁਣਾਉਂਦਾ ਹਾਂ,
ਤੈਂ ਕੀ ਦਰਦੁ ਨ ਆਇਆ ਦਾ, ਵਾਸਤਾ ਦੇ ਕੇ!
ਪਰ ਤੇਰੇ 'ਤੇ ਇਕ ਗ਼ਿਲਾ ਹੈ,
ਮੇਰੇ ਸ਼ਰਧਾ ਭਰੇ,
ਭੀਲਣੀ ਦੇ ਬੇਰਾਂ ਵਰਗੇ, ਚੁਣ ਕੇ ਕੱਢੇ ਮਿੱਠੇ ਸ਼ਬਦਾਂ ਨੂੰ ਵੀ,
ਤੂੰ 'ਟੁੱਕੇ' ਆਖ ਕੇ ਦੁਰਕਾਰ ਦਿੰਦੀ ਹੈਂ!
ਮੈਂ ਤਾਂ ਆਪਣੇ ਭਗਵਾਨ ਨੂੰ, ਧੱਕੇ ਨਾਲ਼,
ਪ੍ਰਸ਼ਾਦਾ ਛਕਾਉਣ ਦੀ ਜ਼ਿਦ ਫ਼ੜਦਾ ਹਾਂ, ਭੋਲ਼ੇ ਧੰਨੇ ਭਗਤ ਵਾਂਗ!
...ਤੇ ਵਾਗਾਂ ਫ਼ੜ ਕੇ, ਰੋਕਣ ਦਾ ਜ਼ਿਗਰਾ ਰੱਖਦਾ ਹਾਂ ਮੈਂ,
ਆਪਣੇ ਗੁਰੂ ਦਾ ਘੋੜ੍ਹਾ, ਮਾਤਾ ਸੁਲੱਖਣੀਂ ਦੀ ਤਰ੍ਹਾਂ!
.....
ਜੰਗਲ 'ਚ ਖੜ੍ਹ ਇਕ 'ਅਜ਼ਬ' ਆਲੋਕਣ ਤੱਕਿਆ,
ਇਕ ਨਦੀ ਪੁੱਛ ਰਹੀ ਸੀ ਮਛੇਰਿਆਂ ਤੋਂ,
ਹੀਰੇ ਜਵਾਹਾਰਾਤਾਂ ਦੀ ਦਾਸਤਾਨ!
...ਤਾਂ ਉਹ ਮੱਛਲੀ ਦੇ ਭਾਅ ਦਾ ਹੀ,
ਢੰਡੋਰਾ ਪਿੱਟਣ ਲੱਗ ਪਏ!!
ਜਦ ਬੱਦਲ਼ੀ ਨੇ ਸੱਤਰੰਗੀ ਪੀਂਘ ਪਾਈ ਮੋਰ ਦੇ ਸੰਗ,
ਤਾਂ ਬਿਜਲੀ ਨੇ ਕੜਕ ਕੇ, 'ਗ਼ਜ਼ਬ' ਦਾ ਗ਼ਿਲਾ ਕੀਤਾ!
...ਤਾਂ ਬੱਦਲ਼ੀ ਦੀ ਅੱਖ 'ਚੋਂ ਕਿਰੇ ਮੋਤੀ,
ਤੇ ਧਰਤੀ ਨੇ ਬਾਹਾਂ ਅੱਡ ਲਈਆਂ!
ਅਸਮਾਨ ਨੇ ਤਾੜੀ ਮਾਰੀ,
ਸਮੁੱਚਾ ਵਾਯੂ-ਮੰਡਲ ਵੀ ਸੂਹਾ ਹੋ, ਮੁਸਕਰਾ ਉਠਿਆ!
ਤਮਾਮ ਅਲੌਕਿਕ ਨਜ਼ਾਰੇ ਤੱਕਦਾ ਮੈਂ ਆ ਬੈਠਾ,
ਗਾਉਂਦੇ ਰੁੱਖ ਤੇ ਕਾਮ ਧੇਨ ਗਊ ਕੋਲ!
ਪ੍ਰਕਿਰਤੀ ਦੀ ਬੁੱਕਲ਼ ਵਿਚ ਬੈਠਾ,
ਅਜ਼ਬ ਤੇ ਗਜ਼ਬ ਦੇ ਚੱਕਰਾਂ ਵਿਚ ਪੈ ਗਿਆ ਮੈਂ...!

Print this post

No comments:

Post a Comment

ਆਓ ਜੀ, ਜੀ ਆਇਆਂ ਨੂੰ !!!

free counters