ਪ੍ਰੀਖ਼ਿਆ

ਵਾਰ-ਵਾਰ ਪਰਖ਼ੀ ਆਪਣੀ ਕਿਸਮਤ,
ਤੇ ਉਹ ਮੇਰੇ ਸੰਗ ਖੇਡਦੀ ਰਹੀ,
ਸੱਪ ਤੇ ਨਿਉਲ਼ੇ ਵਾਲ਼ੀ, ਖ਼ੂਨੀ ਖੇਡ!
ਵਾਰ-ਵਾਰ ਠੋਕ੍ਹਰ ਕੇ ਦੇਖਿਆ, ਕੱਚੇ ਘੜ੍ਹੇ ਵਾਂਗ!
ਪਰ, ਬਾਂਝ ਔਰਤ ਦੀ ਕੁੱਖ ਵਾਂਗ, ਰਹੀ ਸੁੰਨੀ ਦੀ ਸੁੰਨੀ!
..........
ਜਦ ਵੀ, ਆਸਰੇ ਲਈ, ਤੇਰਾ ਮੋਢਾ ਮੰਗਿਆ,
ਤੂੰ ਚੰਦਰਮਾਂ ਵਾਂਗ, ਪਤਾ ਨਹੀਂ ਕਿੱਥੇ,
ਗੋਡੀ ਮਾਰ ਜਾਂਦੀ।।? ਅਤੇ ਕਰ ਜਾਂਦੀ,
ਮੇਰੀ ਜ਼ਿੰਦਗੀ ਵਿਚ ਮੱਸਿਆ ਦੀ ਰਾਤ!
ਤੂੰ ਤਾਰਿਆਂ ਨਾਲ਼ ਗੱਲਾਂ ਕਰਨਾ ਛੱਡ,
ਨਕਲੀ ਜੁਗਨੂੰਆਂ ਵਿਚ ਪਰਚ ਜਾਂਦੀ!
..........
ਜਦ ਕਿਤੇ ਵੀ ਮੇਰੀ 'ਬਲੀ' ਦੀ ਗੱਲ ਚੱਲਦੀ,
ਤਾਂ ਤੂੰ ਮੇਰੇ ਹੱਕ ਵਿਚ, ਭੁਗਤਣ ਦੀ ਥਾਂ,
ਹੋ ਜਾਂਦੀ ਅਲਾਦੀਨ ਵਾਂਗ ਆਲੋਪ!
ਜਦ ਮੈਨੂੰ ਲੂਲ੍ਹਾ-ਲੰਗੜਾ ਕਰ,
ਖ਼ੂਹ ਵਿਚ ਸੁੱਟ ਦਿੱਤਾ ਜਾਂਦਾ, ਤਾਂ ਤੇਰੀ,
ਹੰਝੂ ਵਗਾਉਣ ਦੀ ਵਾਰੀ ਆ ਜਾਂਦੀ!

ਤੂੰ ਮੇਰੇ ਮੱਲ੍ਹਮ ਲਾਉਣ ਦੀ ਥਾਂ,
ਗੰਗਾ-ਜਲ ਦਾ ਛਿੱਟਾ ਹੀ ਦੇ ਛੱਡਦੀ,
'ਫ਼ਰਜ਼' ਪੂਰਾ ਕਰਨ ਲਈ!
..........
ਕੱਚੇ ਧਾਗੇ ਦੀ ਤੰਦ ਨਾਲ਼ ਖ਼ੂਹ 'ਚੋਂ ਬਾਹਰ ਆਉਣਾ,
ਸ਼ਾਇਦ ਮੇਰੇ ਵੱਸ ਨਹੀਂ ਸੀ, ਪੂਰਨ ਜਤੀ ਦੇ ਵਾਂਗ!
ਕਿਉਂਕਿ ਗੋਰਖ਼ ਦੀ ਪ੍ਰੀਖਿਆ ਵਿਚ ਮੈਂ,
ਪੂਰਾ ਨਹੀਂ ਉੱਤਰਦਾ ਸੀ!
ਜ਼ਿੰਦਗੀ ਦੇ ਇਮਤਿਹਾਨ ਵਿਚ,
ਕਦੇ ਖ਼ਰਾ ਨਹੀਂ ਉੱਤਰ ਸਕਦਾ,
ਕਿਉਂਕਿ ਦੁਨੀਆਂ ਦੀ ਪਰਖ਼ ਵਾਲ਼ੀ ਅੱਖ,
ਟੀਰੀ ਹੈ!
..........
ਚਾਹੇ ਅਸ਼ਟ-ਬੱਕਰ ਵਾਂਗ, ਮੇਰੇ ਵਿਚ ਵੀ ਵਲ਼ ਨੇ,
ਪਰ ਵੰਝਲੀ ਵਿਚ ਦੀ ਝਾਕਿਆਂ ਤਾਂ, ਸਿੱਧਾ ਦਿਸਦਾ ਹਾਂ!
ਪਰ ਕਾਸ਼! ਤੇਰੀ ਨਜ਼ਰ ਵੀ,
ਤਰਕਸ਼ ਤੋਂ ਹਟ, ਵੰਝਲੀ 'ਤੇ ਜਾ ਪੈਂਦੀ!
ਪਰ ਤੂੰ ਤਾਂ ਮਿਣਦੀ ਰਹੀ ਮੈਨੂੰ, ਬਰਫ਼ ਦੇ ਤੋਦਿਆਂ ਨਾਲ਼,
ਉਥੇ ਮੈਂ ਕਦ ਪੂਰਾ ਉੱਤਰਨਾ ਸੀ?
ਨਾ ਤੇਰੀ ਮਿਣਤੀ-ਗਿਣਤੀ ਵਿਚ ਕਦੇ ਪੂਰਾ ਆਇਆ ਸੀ,
ਅਤੇ ਨਾ ਕਦੇ ਆ ਸਕਾਂ ਸ਼ਾਇਦ?
ਕਿਉਂਕਿ ਮੇਰਾ ਸੰਤੁਲਨ ਬਾਰਿਸ਼ ਦੇ ਪਾਣੀ ਵਾਂਗ,
ਕਦੇ ਇੱਕ ਸਾਰ ਨਹੀਂ ਰਹਿੰਦਾ!

Print this post

1 comment:

vicky said...

veer ji bauht wadia

Post a Comment

ਆਓ ਜੀ, ਜੀ ਆਇਆਂ ਨੂੰ !!!

free counters