ਧਤੂਰੇ ਦਾ ਫ਼ੁੱਲ
ਮੇਰੀਆਂ ਸਧਰਾਂ-ਹਸਰਤਾਂ,
ਅਰਮਾਨਾਂ ਅਤੇ ਰੀਝਾਂ ਸਮੇਤ,
ਮੇਰੇ ਸੁਪਨਿਆਂ ਦੀ ਖ਼ਾਕ ਉਪਰ ਸੁੱਟ,
ਜਦ ਜਿ਼ੰਦਾ ਦਫ਼ਨਾ ਕੇ ਤੁਰਨ ਲੱਗੇ ਲੋਕ ਮੈਨੂੰ,
ਤਾਂ ਮੈਂ ਦੁਨੀਆਂ 'ਤੇ ਕੋਈ ਗਿ਼ਲਾ ਨਾ ਕੀਤਾ,
ਸਿ਼ਕਵਾ ਨਾ ਦਿਖਾਇਆ,
ਨਾ ਗੁੱਸਾ ਅਤੇ ਨਾ ਕਰੋਧ ਆਇਆ!
ਸਗੋਂ ਸ਼ੁਕਰਾਨਾ ਕੀਤਾ,
ਕਿ ਵਕਤ 'ਚੋਂ ਵਕਤ ਕੱਢ ਮੈਨੂੰ,
ਕਬਰ ਤੱਕ ਛੱਡਣ ਤਾਂ ਆਏ..!
ਕਿਉਂਕਿ 'ਕੱਲਾ ਬੰਦਾ ਤਾਂ,
ਕਬਰ ਤੱਕ ਵੀ ਨਹੀਂ ਜਾ ਸਕਦਾ!
...ਤੇ ਫਿ਼ਰ ਜਦ ਤੂੰ ਮੇਰੀ ਕਬਰ 'ਤੇ,
'ਫ਼ਰਜ਼' ਦਾ ਫ਼ੁੱਲ ਰੱਖ ਕੇ ਤੁਰਨ ਲੱਗੀ,
ਹਾਕ ਮਾਰਨ ਲੱਗਿਆ ਸਾਂ ਤੈਨੂੰ,
ਕਿ ਕੀ ਤੂੰ ਵੀ,
ਕਬੀਲੇ ਦੀਆਂ ਰੀਤਾਂ ਸੰਗ ਰਲ਼ ਗਈ ਹੈਂ?
ਪਰ ਤੂੰ ਤਾਂ,
ਪੱਛੋਂ ਦੀ ਬਾਰੀ ਵੱਲ ਤੁਰੀ ਜਾ ਰਹੀ ਸੀ!
ਮੈਨੂੰ ਪਤੈ, ਤੈਨੂੰ ਧਰਤੀ ਦੀ ਹਿੱਕ 'ਤੇ ਪੈੜਾਂ ਕਰਨੀਆਂ
ਅਤੇ ਬਾਗਾਂ ਦੇ ਫ਼ੁੱਲ ਮਿੱਧਣੇ, ਚੰਗੇ ਲੱਗਦੇ ਨੇ!!
ਤੂੰ ਤਾਂ ਇਕ ਵਾਰ ਵੀ ਮੁੜ,
ਮੇਰੇ ਚਿਹਰੇ ਵੱਲ ਨਾ ਤੱਕਿਆ!
ਲੋਕਾਂ ਭਾਣੇ ਚਾਹੇ ਮੈਂ ਮੁਰਦਾ ਸਾਂ,
ਪਰ ਚਿਹਰਾ ਤਾਂ ਮੁਰਦੇ ਦਾ ਵੀ ਬੋਲਦਾ ਹੁੰਦੈ!
ਬੱਸ, ਪੜ੍ਹਨ ਵਾਲ਼ਾ ਨੇਕ ਨੀਅਤ ਚਾਹੀਦੈ!!
ਤੂੰ ਤਾਂ ਆਪ ਹੀ ਵਾਰ ਕਰ,
ਦੋਸ਼ੀ ਸਿੱਧ ਕਰਦੀ ਰਹੀ 'ਮੈਨੂੰ'!
...ਤੇ ਮੈਂ, ਹਰ ਵਾਰ ਹਾਂਮੀਂ ਭਰ,
ਅਪਰਾਧੀ ਹੋਣ ਦਾ ਦੋਸ਼ ਕਬੂਲਦਾ ਰਿਹਾ,
ਸਿਰਫ਼ ਤੈਨੂੰ ਆਨੰਦਤ ਰੱਖਣ ਵਾਸਤੇ!
ਜਦ ਸਿਰ ਚੁੱਕ ਕੇ ਦੇਖਿਆ,
ਤਾਂ ਤੂੰ ਬਹੁਤ ਦੂਰ ਜਾ ਚੁੱਕੀ ਸੀ,
ਤੇ ਪਰਚ ਗਈ ਸੀ, ਥੋਰ੍ਹਾਂ ਦੀਆਂ ਲਗਰਾਂ ਸੰਗ!!
.....
ਤੇਰੇ ਫ਼ੁੱਲ 'ਚੋਂ ਤੇਰੀ ਭਾਵਨਾ ਸਿਆਨਣੀ ਚਾਹੀ,
ਜਦ ਗਹੁ ਨਾਲ਼ ਦੇਖਿਆ, ਤਾਂ ਤੂੰ,
'ਧਤੂਰੇ' ਦਾ ਫ਼ੁੱਲ ਧਰ ਕੇ ਹੀ ਚੱਲਦੀ ਬਣੀ ਸੀ!
ਤੇਰੇ ਅਨੁਭਵ ਅਤੇ ਸ਼ਰਧਾ ਦੀ ਸਮਝ ਪਈ,
ਸੁਮੋਹ, ਪ੍ਰੀਤ-ਮੁਹੱਬਤ ਕੁਚਲ਼ੀ ਦੇਖੀ,
ਤਾਂ ਮੈਂ ਆਪਣੇ ਆਪ ਨੂੰ ਮੁਰਦਾ 'ਕਬੂਲ' ਕਰ ਲਿਆ!
ਕਿਉਂ..?
ਸੋਚ ਰਿਹਾ ਸੀ ਕਿ, ਇੰਨੇ ਲੋਕਾਂ ਸਮੇਤ,
ਤੂੰ ਵੀ ਗ਼ਲਤ ਨਹੀਂ ਹੋ ਸਕਦੀ!!!!!
...ਤੇ ਮੈਂ ਕਿੰਨਾਂ ਕੁ ਚਿਰ,
ਜਿ਼ੰਦਾ ਹੋਣ ਦਾ 'ਦਾਅਵਾ' ਕਰਦਾ ਰਹਾਂਗਾ????
No comments:
Post a Comment