ਵੱਸ ਨਹੀਂ

ਕਿਸੇ ਦੇ ਸੀਨੇਂ 'ਕਟਾਰ' ਮਾਰ ਕੇ,
ਮੁਆਫ਼ੀ ਮੰਗ ਲੈਣ ਨਾਲ਼,
ਅਗਲੇ ਦੇ ਜ਼ਖ਼ਮ ਤੁਰੰਤ ਨਹੀਂ ਭਰ ਜਾਂਦੇ!
ਉਸ ਨੂੰ ਭਰਨ ਲਈ ਵੀ ਵਕਤ ਲੱਗਦੈ, ਜਿੰਦ!
ਕਿਉਂਕਿ ਜ਼ਖ਼ਮਾਂ ਦੀ ਵੀ ਆਪਣੀ,
ਉਮਰ ਹੁੰਦੀ ਹੈ!
......
ਤੂੰ ਮੇਰੀ ਪਿਆਸੀ ਜ਼ਿੰਦਗੀ ਵਿਚ ਘਟਾ ਵਾਂਗ ਆਈ,
ਤੇ ਬੱਦਲ਼ ਵਾਂਗ ਛਾ ਗਈ,
ਕੀਤੀ ਕਿਣਮਿਣ ਮੇਰੀ 'ਹਾੜ' ਮਾਰੀ ਰੂਹ 'ਤੇ!
ਬਲ਼ਦੀ ਰਹੀ ਸ਼ਮ੍ਹਾਂ ਬਣ, ਮੇਰੇ ਅੰਧਕਾਰ ਮਨ ਵਿਚ,
ਤੇ ਕਰਦੀ ਰਹੀ ਚਮਤਕਾਰੀ ਰੌਸ਼ਨੀ!
..ਤੇ ਲਾਉਂਦੀ ਰਹੀ ਮੱਲ੍ਹਮ, ਹਮਦਰਦ ਬਣ,
ਮੇਰੇ ਚਸਕਦੇ ਜ਼ਖ਼ਮਾਂ 'ਤੇ!
ਪਰ ਜਦ...
ਸ਼ਾਇਦ ਭੁਲੇਖੇ ਵਿਚ, ਤੈਥੋਂ ਰੱਖਿਆ ਗਿਆ,
ਅੱਕ ਦਾ ਪੱਤਾ ਮੇਰੇ ਨਾਸੂਰ ਬਣੇ ਘਾਉ 'ਤੇ,
ਤਾਂ ਮੈਂ ਕਰਾਹ ਉੱਠਿਆ!
ਤੂੰ ਖ਼ਿਮਾਂ ਮੰਗਦੀ ਰਹੀ, ਪਛਤਾਉਂਦੀ ਰਹੀ,
ਪਰ ਮੇਰਾ ਜ਼ਖ਼ਮ ਚਸਕਦਾ ਰਿਹਾ!
ਕਿਸੇ ਦਾ ਪ੍ਰਗਟ ਕੀਤਾ ਖ਼ੇਦ,
ਵਕਤੀ ਤੌਰ 'ਤੇ ਸਕੂਨ ਜ਼ਰੂਰ ਦਿੰਦਾ ਹੈ,
ਪਰ ਜ਼ਖ਼ਮ,
ਆਠਰਨ ਲਈ ਸਮੇਂ ਦੀ ਮੰਗ ਕਰਦੈ, ਜਿੰਦ!
......
ਜਦ ਵਾਰ-ਵਾਰ ਛੇੜਦੀ ਤੂੰ ਮੇਰੇ 'ਅੱਲੇ' ਜ਼ਖ਼ਮ ਨੂੰ,
ਤਾਂ ਸ਼ਾਇਦ ਤੈਨੂੰ ਤਾਂ ਚਾਹੇ ਆਨੰਦ ਆਉਂਦਾ ਹੋਵੇਗਾ ਛੇੜ ਕੇ?
ਪਰ ਪੀੜਾਂ ਮਾਰੀ ਮੇਰੀ ਆਤਮਾਂ ਲੀਰੋ-ਲੀਰ ਹੋ ਜਾਂਦੀ!
ਤੂੰ ਸਮਝਦੀ ਰਹੀ ਸ਼ਾਇਦ 'ਪਾਖੰਡ' ਇਸ ਨੂੰ,
ਪਰ ਜ਼ਖ਼ਮ ਦੇ ਦਰਦ ਦਾ ਮਾਪ ਤਾਂ ਤੈਨੂੰ ਨਹੀਂ ਦੱਸ ਸਕਦਾ ਸੀ?
.......
ਤੇਰੇ ਦਿਲ ਵਿਚ ਸੀ,
ਕਿ ਮੈਂ ਤੈਨੂੰ ਮੁਆਫ਼ ਨਹੀਂ ਕੀਤਾ?
ਨਹੀਂ...! ਤੂੰ ਗ਼ਲਤ ਸਮਝਦੀ ਰਹੀ!
ਮੈਂ ਆਪਣਾ ਪੀੜਾ-ਗ੍ਰਸਤ ਚਿਹਰੇ ਦਾ ਅਕਸ ਹੀ,
ਮੁਸਕੁਰਾਹਟ ਵਿਚ ਬਦਲ ਨਹੀਂ ਸਕਿਆ!
ਕਿਉਂਕਿ ਦਰਦਾਂ ਵਿਚ ਵੀ ਮੁਸਕੁਰਾਉਣਾ,
'ਆਮ' ਬੰਦੇ ਦੇ ਵੱਸ ਨਹੀਂ!!

Print this post

3 comments:

Post a Comment

ਆਓ ਜੀ, ਜੀ ਆਇਆਂ ਨੂੰ !!!

free counters