ਦੀਵਾਲੀ.......... ਨਜ਼ਮ/ਕਵਿਤਾ

ਕੀ ਦੀਵਾਲੀ ਭੁੱਖਿਆਂ ਦੀ, ਜਿਹੜੇ ਪਾਉਣ ਰੋਟੀ ਦੀਆਂ ਬਾਤਾਂ?
ਸਦਾ ਦੀਵਾਲੀ ਸਾਧ ਦੀ ਮਿੱਤਰਾ, ਰੋਜ ਚੋਰਾਂ ਦੀਆਂ ਰਾਤਾਂ!
ਦੀਵਾਲੀ ਤਾਂ ਅਫ਼ਸਰ ਨੂੰ ਭਾਉਂਦੀ, ਰੋਲਣ ਮੀਟ-ਸ਼ਰਾਬਾਂ
ਅੱਖ ਏਸ 'ਤੇ ਰੱਖਦੇ ਲੀਡਰ, ਵਿਚਰਨ ਵਾਂਗ ਨਵਾਬਾਂ
ਵਿਚ ਜਿਪਸੀਆਂ ਕਾਰਾਂ ਘੁੰਮਦੇ, ਕਦੇ ਚੰਡੀਗੜ੍ਹ-ਦਿੱਲੀ
ਅੱਜ ਉਹ ਬਣੇ ਸੂਰਮੇ ਫਿਰਦੇ, ਮਾਰੀ ਨਾ ਜਿਸ ਬਿੱਲੀ

ਪੰਜਾਬ ਪੁਲਸ ਦੀ ਬਣੀ ਦੀਵਾਲੀ, ਚੂਸਣ ਖ਼ੂਨ ਗ਼ਰੀਬਾਂ ਦਾ
ਭੁੱਖੇ ਮਰਦੇ ਜੱਟ ਪਏ ਆਖਣ, ਬਾਈ ਜੀ ਖੇਡ ਨਸੀਬਾਂ ਦਾ
ਇਕ ਕਿਸਾਨ ਨੇ ਕਰੀ ਖ਼ੁਦਕਸ਼ੀ, ਦੀਪਵਾਲੀ ਪ੍ਰੀਵਾਰ ਨੂੰ ਭੁੱਲੀ
ਜਿਸ ਦੇ ਘਰ ਦਾ ਦੀਪ ਬੁਝ ਗਿਆ, ਰਹੀ ਕੁੱਲੀ ਨਾ ਜੁੱਲੀ
ਕਾਕਾ ਪੜ੍ਹਿਆ ਬੀ. ਏ. ਐੱਮੇਂ, ਖਾਂਦਾ ਫਿਰਦਾ ਧੱਕੇ
ਖਾ ਕੇ ਆਇਓਡੈਕਸ ਜਦ ਪਾੜ੍ਹੀ, ਫਿਰੇ ਛੁਡਾਉਂਦੀ ਛੱਕੇ
ਮਿਲੇ ਤੇਲ ਨਾ ਆਵੇ ਬਿਜਲੀ, ਕਿਵੇਂ ਦੀਵਾਲੀ ਸੁੱਝੇ?
ਬੱਚੇ ਪਲ਼ਦੇ ਦਿਸਦੇ ਨਾਹੀਂ, ਬਾਤ ਕਿਸ ਤਰ੍ਹਾਂ ਬੁੱਝੇ?
ਨਾਸਾਂ ਤੱਕ ਕਰਜ਼ਾਈ ਹੋਇਆ, ਕਿੱਥੋਂ ਲਊ ਮਠਿਆਈ?
ਸਾਰਾ ਟੱਬਰ ਭੁੱਖਾ ਮਰਦਾ, ਕਾਹਦੀ ਨੇਕ ਕਮਾਈ?
ਸੁੱਖਾਂ ਸੁਖ-ਸੁਖ ਲਿਆ ਭੂਜੰਗੀ, ਫਿਰਦਾ ਨੰਗ ਧੜ੍ਹੰਗਾ
'ਕੱਲੇ ਪੁੱਤ ਦੀਆਂ ਰੀਝਾਂ ਕਿੱਥੋਂ, ਕਰੇਂ ਪੂਰੀਆਂ ਨੰਗਾ?
ਸੋਚੀਂ ਪਿਆ ਦਿਨ ਰਾਤ 'ਚ ਬਾਪੂ, ਨਿੱਤ ਤਕਸੀਮਾਂ ਕਰਦਾ
ਸਾਰੀ ਰਾਤ ਪਿਆ ਪਾਸੇ ਪਰਤੇ, ਕਿਵੇਂ ਲਹੂਗਾ ਕਰਜ਼ਾ?
ਦੀਵਾਲੀ ਤੋਂ ਦੋ-ਤਿੰਨ ਦਿਨ ਪਹਿਲਾਂ, ਟੇਕ-ਚੈਨ ਨਾ ਆਵੇ
ਸੁੱਖੀ-ਲੱਧੇ ਸੋਹਣੇ ਪੁੱਤ ਨੂੰ, ਕੀ ਆਖ ਸਮਝਾਵੇ?
ਮੁੰਡਾ ਆਖੇ ਬਾਪੂ ਸੁਣ ਲੈ, ਸੌ ਦੇ ਲਿਆ ਭੜ੍ਹਾਕੇ
ਜੈਲਦਾਰਾਂ ਦੇ ਕਾਕੇ ਨੇ, ਤਿੰਨ ਸੌ ਦੇ ਪਾਏ ਜੜਾਕੇ!
ਪੁੱਤ ਦੀਆਂ ਰੀਝਾਂ ਪੂਰਨ ਦੇ ਲਈ, ਦਿਲ ਬਾਪੂ ਦਾ ਕਰਦਾ
ਕਿਹੜੇ ਖੂਹ ਵਿਚ ਛਾਲ ਮਾਰ ਕੇ, ਰੱਖਾਂ ਪੁੱਤ ਤੋਂ ਪਰਦਾ?
ਦਿਲ ਬਾਪੂ ਦਾ ਬੜਾ ਦੁਖੀ, ਕਿੰਜ ਪੁੱਤ ਦਾ ਮਨ ਖ਼ੁਸ਼ ਰੱਖਾਂ?
ਪੁੱਤ ਨਿਆਮਤ ਭੋਲਿ਼ਆ ਬੰਦਿਆ, ਮਿਲਦੀ ਨਾ ਵਿਚ ਲੱਖਾਂ!
ਮੰਝਧਾਰ ਵਿਚ ਬਾਪੂ ਫ਼ਸਿਆ, ਦਿਸੇ ਨਾ ਕੋਈ ਕਿਨਾਰਾ
'ਕੱਲੇ ਪੁੱਤ ਨੂੰ ਕਿਹੜੇ ਯੁੱਗ ਦਾ, ਲਾ ਦਿਆਂ ਅੱਜ ਲਾਰਾ?
ਸੋਚਾਂ ਵਿਚ ਪਿਆ ਖੂਹ 'ਤੇ ਪੁੱਜਿਆ, ਦਿਸੇ ਚੁਫ਼ੇਰਾ ਖਾਲੀ
ਖ਼ਾਲੀ ਖ਼ੀਸੇ ਰੁਲ਼ਦਾ ਫਿਰਦਾ, ਭਰੇ ਪੰਜਾਬ ਦਾ ਵਾਲੀ!
ਵਾਰ-ਵਾਰ ਪੁੱਤ ਦਿਲ 'ਤੇ ਚੜ੍ਹਦਾ, ਮੰਗਦਾ ਕੱਢਵੀਂ ਜੁੱਤੀ
ਕੀ ਸਰਕਾਰ ਪੰਜਾਬਾ ਤੇਰੀ, ਘੋੜੇ ਵੇਚ ਕੇ ਸੁੱਤੀ?
ਵੋਟਾਂ ਵੇਲੇ ਪੜੁੱਲ ਤੇ ਗੱਲੀਂ ਆਉਣ ਨ੍ਹੀ ਦਿੰਦੇ ਵਾਰੇ
ਕੀ ਸਰਕਾਰ ਉਏ ਜੱਟਾ ਤੇਰੀ? ਦਿਨੇਂ ਦਿਖਾਤੇ ਤਾਰੇ
'ਕੱਲਾ ਈ ਗੱਲਾਂ ਕਰਦਾ ਫਿ਼ਰਦਾ, ਹੁੰਦੇ ਨੇ ਜਿਵੇਂ ਕਮਲ਼ੇ
ਅੱਜ ਸੁੱਕ ਕੇ ਜੱਟ ਪਿੰਜਰ ਬਣਿਆਂ, ਢਾਹ ਦਿੰਦਾ ਸੀ ਥਮਲ੍ਹੇ
ਕੀ ਮੂੰਹ ਲੈ ਕੇ ਘਰ ਨੂੰ ਜਾਂਵਾਂ? ਕੀ ਮੈਂ ਲਾਊਂ ਬਹਾਨਾ?
ਕਿੱਥੇ ਜਾ ਕੇ ਪਿੱਟਾਂ ਪੁੱਤਰਾ? ਜੇਬ 'ਚ ਹੈਨ੍ਹੀ ਆਨਾ
ਸੇਠ ਤਾਂ ਪਹਿਲਾਂ ਈ ਚਿੜਿਆ ਫਿ਼ਰਦਾ, ਦੱਸ ਹਿਸਾਬ ਪੁਰਾਣਾ
ਆਖੇ ਜਲਦੀ ਮੋੜ ਤਕਾਵੀ, ਨਹੀਂ ਦਿਖਾਊਂ ਠਾਣਾਂ
ਪੁੱਤ, ਖ਼ੁਸ਼ੀਆਂ ਕਿਵੇਂ ਕਰਾਂ ਪੂਰੀਆਂ? ਬਾਪੂ ਤੇਰਾ ਨੰਗਾ
ਕਦੇ ਤੇਲ ਤੇ ਕਦੇ ਤਕਾਵੀ, ਨਿੱਤ ਨਵਾਂ ਕੋਈ ਪੰਗਾ
ਬਾਪੂ ਹੈ ਕਰਜ਼ਾਈ ਤੇਰਾ, ਮਾਫ਼ ਕਰੀਂ ਪੁੱਤ ਮੈਨੂੰ!
'ਕੱਲੇ ਪੁੱਤ ਨੂੰ ਮਸਾਂ ਲਿਆ ਸੀ, ਕੀ ਦੁੱਖ ਦੱਸਾਂ ਤੈਨੂੰ?
ਤੇਰੀ ਰੀਝ ਨਾ ਪੂਰੀ ਕੋਈ, ਕਰ ਸਕਿਆ ਤੇਰਾ ਬਾਪੂ
ਕੀ ਹੈ ਜੱਗ ਜਿਉਣਾਂ ਮੇਰਾ? ਲਾ ਜਾਣਾ ਕੋਈ ਟਾਪੂ!
ਚੰਗਾ ਰੱਬਾ ਸਾਂਭ ਲਵੀਂ ਤੂੰ, ਜੱਟ ਨੂੰ ਜਾਣ ਗਰੀਬ
'ਕੱਲੇ ਪੁੱਤ ਦਾ ਸੁਖ ਨਾ ਦੇਖਿਆ, ਖੋਟੇ ਬੜੇ ਨਸੀਬ
ਐਨੀ ਕਹਿ ਮਜ਼ਬੂਰ ਜੱਟ ਨੇ, ਪੀ ਲਈ ਜ਼ਹਿਰ ਦੁਆਈ
ਸਿਰ ਘੁੰਮਿਆਂ ਤੇ ਦਿਲ ਪਾਟਿਆ, ਭੋਗੀ ਜਿੰਨੀ ਲਿਖ਼ਾਈ
ਚੰਗਾ ਪੁੱਤਰਾ ਜਿਉਂਦਾ ਰਹਿ ਤੂੰ! ਦਿੱਤੀ ਅਸੀਸ ਅਖੀਰੀ
ਦੀਵਾਲੀ ਦੇ ਤੂੰ ਵੀ ਰੰਗ ਮਾਣਦਾ, ਜੇ ਹੁੰਦੀ ਘਰੇ ਅਮੀਰੀ
ਜੱਟ ਦੀ ਪੁੱਤਾ ਜੂਨ ਬੁਰੀ ਉਏ! ਮਰਦਾ-ਮਰਦਾ ਆਖੇ
ਪੁੱਤ ਦੀ ਸੂਰਤ ਦਿਲੋਂ ਨ੍ਹੀ ਲਹਿੰਦੀ, ਜਾਂਦਾ ਕਰੀ ਸਿਆਪੇ
ਕੀ ਦੀਵਾਲੀ ਜੱਟ ਦੀ? ਉਹ ਤਾਂ ਮਰੂ ਜਾਂ ਕਰਜ਼ਾ ਚਾਹੜੂ!
ਜੀਹਦੇ ਘਰ ਦਰਵਾਜੇ ਛੋਟੇ, ਹਾਥੀ ਅੰਦਰ ਵਾੜੂ?
ਭਰੇ ਸਿਸਕੀਆਂ, ਲੈਂਦਾ ਹਾਉਕੇ, ਪੁੱਤ ਨੂੰ ਯਾਦ ਪਿਆ ਕਰਦਾ
ਕੀ ਰੱਬਾ ਇਸ ਜੱਗ 'ਤੇ ਘੱਲਿਆ, ਤੂੰ ਮੈਨੂੰ ਬੇਦਰਦਾ!
ਤੇਰੇ ਘਰ ਇਨਸਾਫ਼ ਹੈਨ੍ਹੀਗਾ, ਨਿੱਤ ਕਾਲ਼ਜਾ ਧੁੱਖੇ
ਇਕ ਪਏ ਆਫ਼ਰ ਕੇ ਖਾਂਦੇ, ਇਕ ਮਰਦੇ ਫਿਰਦੇ ਭੁੱਖੇ
ਕੀ ਦੋਸ਼ੀ-ਨਿਰਦੋਸ਼ੇ, ਇੱਕੋ ਰੱਸੇ ਜਾਂਦੇ ਨਰੜੇ
ਰਾਤ ਦਿਨੇ ਪਏ ਕਰਨ ਕਮਾਈ, ਫਿਰ ਵੀ ਜਾਂਦੇ ਦਰੜੇ
ਇਕਨਾ ਨੂੰ ਕੁਛ ਪਤਾ ਹੀ ਹੈਨੀ, ਕਿੰਨਾਂ ਪੈਸਾ ਕੋਲ਼ੇ?
ਕਈਆਂ ਨੂੰ ਪੰਦਰਾਂ ਕੰਨ ਲਾਏ, ਕੁਝ ਭੱਜੇ ਫਿਰਦੇ ਬੋਲ਼ੇ
ਤੇਰੇ ਘਰ ਇਨਸਾਫ਼ ਜੇ ਹੁੰਦਾ, ਅਸੀਂ ਵੀ ਐਸ਼ਾਂ ਕਰਦੇ
ਜੇ ਤੂੰ ਸਾਡੇ ਵੱਲ ਦਾ ਹੁੰਦਾ, ਅਸੀਂ ਕਿਉਂ ਭੁੱਖੇ ਮਰਦੇ?
ਹਾਏ ਪੁੱਤ-ਹਾਏ ਪੁੱਤਰਾ ਕਹਿੰਦਾ, ਹੋ ਗਿਆ ਬਾਪੂ ਢੇਰੀ
'ਜੱਗੀ' ਨਹੀਂ ਇਨਸਾਫ਼ ਜੱਗ 'ਤੇ, ਝੁਲਦੀ ਭੂਤ-ਹਨ੍ਹੇਰੀ
'ਕੱਲੇ ਪੁੱਤ ਦਾ ਬਾਪ ਮਰ ਗਿਆ, ਕੌਣ ਕਰੂ ਚਾਅ ਪੂਰੇ?
ਕੌਣ ਪੜ੍ਹਾਊ, ਕੌਣ ਲਿਖਾਊ? ਅਜੇ ਤਾਂ ਦਿੱਲੀ ਦੂਰ ਏ!
ਪੁੱਤ ਦੀਆਂ ਖ਼ਾਹਿਸ਼ਾਂ ਦਿਲ ਵਿਚ ਲੈ ਕੇ, ਕਰ ਗਿਆ ਬਾਪ ਚੜ੍ਹਾਈ
'ਕੁੱਸਾ ਪਿੰਡ' ਵਿਚਾਰਾ, ਜਾਂਦਾ ਸਿਰ ਲੇਖਾਂ ਦੇ ਲਾਈ



ਹੋਰ ਪੜੋ...

ਆਪਣੀ ਨਿੱਕੋ ਦਾ ਪੈਰ ਭਾਰੈ.......... ਵਿਅੰਗ

ਚਾਹੇ ਅਸੀਂ ਆਪ 'ਅੱਧੇ-ਛੜੇ' ਹੀ ਹਾਂ, ਪਰ ਰੱਬ ਦੀ ਕਿਰਪਾ ਸਦਕਾ ਅਸੀਂ ਹੁਣ ਤੱਕ ਕਈ ਘਰ 'ਵਸਾ' ਚੁੱਕੇ ਹਾਂ, ਆਪਣੇ ਨਹੀਂ, ਲੋਕਾਂ ਦੇ..! ਅਰਥਾਤ 'ਵਿਚੋਲੇ' ਬਣ ਚੁੱਕੇ ਹਾਂ। ਵਿਚੋਲੇ ਦਾ ਮਤਲਬ ਹੁੰਦੈ, "ਵਿਚ ਓਹਲਾ!" ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਘਰੇ ਪਤਨੀ ਨਹੀਂ। ਮੇਰੀ ਵੀ ਇਕ ਅੱਧ-ਪਚੱਧ ਜਿਹੀ ਪਤਨੀ ਹੈ। ਪਰ ਉਹ ਆਈ ਮੇਰੇ ਘਰੇ 'ਧੱਕੇ' ਨਾਲ ਹੀ ਹੈ। ਤੁਸੀਂ ਹੈਰਾਨ ਹੋਵੋਂਗੇ ਕਿ ਉਹ ਕਿਵੇਂ..? ਆਮ ਤੌਰ 'ਤੇ ਮੁੰਡੇ ਕੁੜੀਆਂ ਨਾਲ, ਧੱਕੇ ਨਾਲ ਵਿਆਹ ਕਰਵਾਉਂਦੇ ਹਨ। ਪਰ ਅਸੀਂ ਐਨੇ 'ਸਾਊ' ਅਤੇ 'ਸ਼ਰੀਫ਼' ਨਿਕਲੇ ਕਿ ਸਾਡੀ 'ਪਤਨੀ' ਨੇ ਸਾਡੇ ਨਾਲ ਫ਼ੋਟੋ 'ਤੇ ਹੀ ਵਿਆਹ ਕਰ ਲਿਆ ਅਤੇ ਅਸੀਂ ਉਸ ਨੂੰ ਬਾਪੂ ਅਤੇ ਦਾਦਾ ਜੀ ਦੇ 'ਛਿੱਤਰਾਂ' ਤੋਂ ਡਰਦਿਆਂ ਨੇ, 'ਧੰਨ ਐਂ-ਧੰਨ ਐਂ' ਆਖ ਕੇ ਸਵੀਕਾਰ ਕਰ ਲਿਆ। ਨਾ ਬਰਾਤ ਗਈ, ਨਾ ਆਨੰਦ ਕਾਰਜ ਹੋਏ। ਉਹ ਕਦੇ-ਕਦੇ ਸਾਡੇ ਕੰਨ 'ਚ ਇਕ ਗੀਤ ਗਾਉਂਦੀ ਹੁੰਦੀ ਐ, "ਐਵੇਂ ਨਾ ਲੜਿਆ ਕਰ ਢੋਲਾ-ਵੇ ਮੈਂ ਧੱਕੇ ਦੇ ਨਾਲ ਆਈ ਹੋਈ ਐਂ..!"
ਅਸੀਂ ਹੁਣ ਵੀ ਉਸ ਦੇ ਪੂਰੇ 'ਆਗਿਆਕਾਰ' ਹਾਂ। ਪਰ ਹੁਣ ਅਸੀਂ ਕਿਸੇ ਨੂੰ ਆਪਣੀ ਫ਼ੋਟੋ ਨਹੀਂ ਭੇਜਦੇ! ਕਾਰਨ...? ਕਿ ਕਿਤੇ ਹੁਣ ਕੋਈ ਹੋਰ ਨਾ ਸਾਡੇ ਨਾਲ ਫ਼ੋਟੋ 'ਤੇ ਵਿਆਹ ਕਰ ਲਵੇ! ਅੱਗ ਦੀ ਸਾੜੀ ਟਟਿਆਣ੍ਹੇਂ ਤੋਂ ਵੀ ਡਰਦੀ ਐ! ਗਧੀ ਡਿੱਗ ਪਈ ਸੀ ਭੱਠੇ ਵਿਚ ਤੇ ਦੀਵੇ ਵਾਲੇ ਘਰੇ ਨਹੀਂ ਸੀ ਵੜਦੀ! ਸਾਥੋਂ ਤਾਂ ਇਕ ਨ੍ਹੀ ਲੋਟ ਆਉਂਦੀ, ਦੂਜੀ ਨੂੰ ਕਿਵੇਂ ਸੰਭਾਲਾਂਗੇ..? ਦੁੱਧ ਦਾ ਸਾੜਿਆ ਲੱਸੀ ਨੂੰ ਵੀ ਫ਼ੂਕਾਂ ਮਾਰ-ਮਾਰ ਕੇ ਪੀਂਦੈ! ਪਰ ਹੁਣ ਸਾਨੂੰ ਇਕ ਗੱਲ ਦੀ ਸਮਝ ਹੌਲੀ-ਹੌਲੀ ਆਉਣ ਲੱਗ ਪਈ ਹੈ ਕਿ ਯਾਰੀ ਹਾਥੀਆਂ ਵਾਲਿਆਂ ਨਾਲ ਤੇ ਬਾਰ ਰੱਖਣੇਂ ਭੀੜ੍ਹੇ ਦਾ ਅਰਥ ਕੀ ਹੁੰਦੈ..!
ਅਸੀਂ ਪਹਿਲੀ ਵਾਰ ਵਿਚੋਲੇ ਬਣੇ ਤਾਂ ਸਾਡੀ ਬੜੀ ਸੇਵਾ ਅਤੇ 'ਖ਼ਾਤਿਰ' ਹੋਈ, ਦੋਨਾਂ ਧਿਰਾਂ ਨੇ ਸੇਵਾ ਦੇ ਕੜੱਲ ਕੱਢ ਦਿੱਤੇ। ਜਦੋਂ ਜਾਣਾ, ਦੁੱਧ, ਪਰੌਂਠੇ ਅਤੇ ਮਠਿਆਈ ਨਾਲ ਸੇਵਾ ਹੋਣੀ। ਕਦੇ ਕਦੇ ਰੋਟੀ ਨਾਲ਼ ਬੱਕਰਾ ਵੀ ਮਿਆਂਕ ਪੈਂਦਾ ਜਾਂ ਕੁੱਕੜ ਵੀ ਬਾਂਗ ਦੇ ਦਿੰਦਾ! ਅਸੀਂ ਆਪਣੇ ਆਪ ਨੂੰ ਲਾਹਣਤ ਪਾਈ ਕਿ ਅਜਿਹੇ ਕੰਮ ਪਹਿਲਾਂ ਕਿਉਂ ਨਾ ਵਿੱਢ ਲਏ? ਬਿੱਲੇ ਦੇ ਮੂੰਹ ਨੂੰ ਲਹੂ ਲੱਗਿਆ ਮਾੜਾ ਹੀ ਮਾੜਾ! ਖ਼ੈਰ, ਕੁੜੀ ਵਾਲਿਆਂ ਦਾ ਸੁਨੇਹਾਂ ਮੁੰਡੇ ਵਾਲਿਆਂ ਦੇ ਘਰ ਅਤੇ ਮੁੰਡੇ ਵਾਲਿਆਂ ਦਾ ਰੁੱਕਾ ਕੁੜੀ ਵਾਲਿਆਂ ਦੇ ਘਰ। ਕੰਮ ਤਾਂ ਮੈਨੂੰ ਇਹ 'ਕਰਮੂੰ ਬਾਹਮਣ' ਵਾਲਾ ਹੀ ਜਾਪਿਆ। ਪਰ ਜਦੋਂ ਅਸੀਂ ਦੋਨੋਂ ਧਿਰਾਂ ਵੱਲੋਂ ਮਿਲਦੇ ਪਿਆਰ-ਸਤਿਕਾਰ 'ਤੇ ਝਾਤੀ ਮਾਰੀ ਤਾਂ ਸਾਰੇ ਗਿ਼ਲੇ ਜਾਂਦੇ ਲੱਗੇ। ਵਿਆਹ ਹੋ ਗਿਆ। ਸਾਡੇ ਹਿੱਸੇ ਵਿਚੋਲਗਿਰੀ ਦੀ ਮੁੰਦਰੀ ਵੀ ਆ ਗਈ। ਚਾਹੇ ਅੱਧੇ ਤੋਲੇ ਦੀ ਹੀ ਸੀ, ਪਰ ਸੀ ਤਾਂ ਮੁੰਦਰੀ! ਚਾਹੇ ਹੌਲੀ ਹੀ ਸੀ, ਸੀ ਤਾਂ ਸੋਨੇ ਦੀ! ਪੁੰਨ ਦੀ ਗਾਂ ਦੇ ਦੰਦ ਕਿਸੇ ਨੇ ਗਿਣੇਂ ਐਂ?
ਦੋ ਕੁ ਮਹੀਨੇ ਬੀਤੇ। ਅਸੀਂ ਅਤੇ ਮੁੰਡੇ ਦਾ ਪਿਉ ਝੋਨਾ ਲੈ ਕੇ ਸ਼ਹਿਰ ਆੜ੍ਹਤੀਆਂ ਦੇ ਚਲੇ ਗਏ। ਕਿਉਂਕਿ ਇਕੋ ਪਿੰਡ ਦੇ ਹੀ ਸਾਂ। ਜਦੋਂ ਅਸੀਂ ਝੋਨਾ ਲਾਹ ਕੇ ਢੇਰੀਆਂ ਲਾ ਦਿੱਤੀਆਂ ਤਾਂ ਉਥੇ ਸਾਨੂੰ ਅਚਾਨਕ ਕੁੜੀ ਦਾ ਪਿਉ ਟੱਕਰ ਗਿਆ। ਬੜਾ ਸਿੱਧ-ਪੱਧਰਾ ਬੰਦਾ। ਖ਼ਾਲਸ ਜੱਟ! ਮੁੰਡੇ ਦੇ ਪਿਉ ਨੇ ਬੜੇ ਅਦਬ ਨਾਲ 'ਫ਼ਤਹਿ' ਬੁਲਾਈ। ਸਾਰੀ ਸੁੱਖ-ਸਾਂਦ ਤੋਂ ਬਾਅਦ ਕੁੜੀ ਦੇ ਪਿਉ ਨੇ ਪੁੱਛਿਆ, "ਹੋਰ ਕੁੜਮਾਂ ਨਿੱਕੋ ਦਾ ਕੀ ਹਾਲ ਐ?" ਤਾਂ ਮੁੰਡੇ ਦਾ ਪਿਉ ਬੜੀ ਨਿਮਰਤਾ ਨਾਲ ਦੱਸਣ ਲੱਗਿਆ, "ਬਾਬੇ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਐ-ਨਿੱਕੋ ਆਪਣੀ ਦਾ ਪੈਰ ਭਾਰੈ।" ਉਸ ਦੇ ਆਖਣ ਦੀ ਦੇਰ ਸੀ ਕਿ ਕੁੜੀ ਦੇ ਪਿਉ ਨੇ ਡਾਂਗ ਧੂਹ ਲਈ, "ਸਾਡੇ ਘਰੇ ਨਿੱਕੋ ਬੀਹ-ਬਾਈ ਵਰ੍ਹੇ ਰਹੀ ਐ-ਉਦੋਂ ਤਾਂ ਉਹਦਾ ਪੈਰ ਭਾਰਾ ਹੋਇਆ ਨਾ-ਹੁਣ ਕਿਮੇਂ ਹੋ ਗਿਆ?" ਤੇ ਫੇਰ ਉਹ ਆਪਣੀ ਤੋਪ ਦਾ ਮੂੰਹ ਸਾਡੇ ਵੱਲ ਨੂੰ ਸਿੱਧਾ ਕਰਕੇ ਖੜ੍ਹ ਗਿਆ, "ਕਿਉਂ ਉਏ ਕੰਜਰ ਦਿਆ ਵਿਚੋਲਿਆ! ਤੂੰ ਵੀ ਸਾਡੀ ਨਿੱਕੋ ਦਾ ਖਿਆਲ ਨ੍ਹੀ ਰੱਖਿਆ? ਕੀ ਕੀਤੈ ਇਹਨਾਂ ਕੰਜਰਾਂ ਨੇ ਨਿੱਕੋ ਨੂੰ? ਕੁੱਟਿਆ ਮਾਰਿਐ ਜਾਂ ਕੋਈ ਹੋਰ ਘਤਿੱਤ ਕੀਤੀ ਐ?" ਅਸੀਂ ਸਮਝਾਉਣ ਦੀ ਕੋਸਿ਼ਸ਼ ਕਰਨ ਹੀ ਲੱਗੇ ਸੀ ਕਿ ਉਹ ਫਿਰ ਭੜਕ ਪਿਆ, "ਮੈਂ ਥੋਡੇ ਦੋਨਾਂ 'ਤੇ ਈ ਠਾਣੇ ਰਪਟ ਲਿਖਾਊਂ-ਦੋਨਾਂ ਨੂੰ ਈ ਅੰਦਰ ਕਰਵਾਊਂ-ਦੋਨਾਂ ਨੂੰ ਈ! ਤੁਸੀਂ ਸਾਨੂੰ ਸਮਝ ਕੀ ਲਿਆ? ਨਿੱਕੋ ਕਿਸੇ ਕੱਢੇ ਵੱਢੇ ਘਰ ਦੀ ਐ?" ਜਦੋਂ ਰੌਲਾ ਸੁਣ ਕੇ ਉਥੇ ਦੁਨੀਆਂ ਇਕੱਠੀ ਹੋਣ ਲੱਗ ਪਈ ਤਾਂ ਸਾਨੂੰ ਆਪਣੇ ਕੋਮਲ ਸਰੀਰ ਦਾ ਫਿ਼ਕਰ ਪੈ ਗਿਆ। 'ਕੱਠ ਵਿਚ ਬੰਦਾ ਇਕ-ਇਕ ਮੁੱਕੀ ਮਾਰੇ ਤਾਂ 'ਰਾਮ ਨਾਮ ਸੱਤ' ਹੋ ਜਾਂਦੀ ਹੈ। ਅਸੀਂ ਕੁੜੀ ਦੇ ਪਿਉ ਨੂੰ ਇਕ ਪਾਸੇ ਲਿਜਾਣ ਵਿਚ ਸਫ਼ਲ ਹੋ ਗਏ। ਪਰ ਉਹ ਸੰਸਦ ਵਿਚ ਭੂਤਰੇ ਮੰਤਰੀਆਂ ਵਾਂਗ ਪੈਰਾਂ ਹੇਠੋਂ ਮਿੱਟੀ ਕੱਢਣੋਂ ਨਾ ਹਟੇ।
ਉਸ ਨੂੰ ਇਕ ਪਾਸੇ ਲਿਜਾ ਕੇ ਸਮਝਾਇਆ।
-"ਝਗੜਾ ਸਿਆਂ 'ਪੈਰ-ਭਾਰਾ' ਹੋਣ ਦਾ ਮਤਲਬ ਸਾਡੇ ਪਤਾ ਕੀ ਐ?"
-"ਕੀ ਮਤਬਲ ਐ?" ਉਸ ਦੀਆਂ ਦੁਨਾਲੀ ਬੰਦੂਕ ਵਰਗੀਆਂ ਨਾਸਾਂ ਸਾਨੂੰ ਡਰਾਉਣ ਆ ਰਹੀਆਂ ਸਨ।
-"ਪੈਰ ਭਾਰਾ ਹੋਣ ਦਾ ਮਤਲਬ ਐ ਬਈ ਆਪਣੀ ਨਿੱਕੋ ਨੂੰ ਬੱਚਾ-ਬੱਚੀ ਹੋਣ ਆਲੈ।"
-"..........।" ਝਗੜਾ ਸਿੰਘ ਦੀ ਬੋਲਤੀ ਬੰਦ ਹੋ ਗਈ। ਉਸ ਨੇ ਹੱਥ ਵਾਲੀ ਡਾਂਗ ਪਰ੍ਹੇ ਵਗਾਹ ਮਾਰੀ ਤਾਂ ਅਸੀਂ ਸੁਖ ਦਾ ਸਾਹ ਲਿਆ ਕਿ ਬਲਾਅ ਟਲ ਗਈ।
-"ਆਈ ਸਮਝ ਕਿ ਨਹੀਂ?" ਅਸੀਂ ਦੁਬਾਰਾ ਟੋਹਣ ਲਈ ਪੁੱਛਿਆ। ਸੰਤੁਸ਼ਟੀ ਕਰਨੀ ਚਾਹੀ।
-"ਅੱਛਾ-ਅੱਛਾ! ਬੱਚਾ ਬੱਚੀ ਹੋਣ ਆਲੈ? ਉਹੋ, ਉਏ ਭਰਾਵੋ ਮੇਰਾ ਈ ਡਮਾਕ ਖਰਾਬ ਐ! ਮੈਨੂੰ ਥੋਡੇ 'ਲਾਕੇ ਦੀ ਬਾਤ ਦਾ ਕੀ ਪਤਾ? ਆਓ ਬੋਤਲ ਲੈ ਕੇ ਇਕ ਇਕ ਪੇਕ ਲਾਈਏ ਤੇ ਕਾਲਜਾ ਤੱਤਾ ਕਰੀਏ-ਠੰਡ ਐ।" ਉਹ ਸਾਨੂੰ ਧੂਹ ਕੇ ਠੇਕੇ ਵੱਲ ਨੂੰ ਲੈ ਤੁਰਿਆ। ਅਸੀਂ ਮਨ ਵਿਚ ਹੀ ਕੱਛਾਂ ਵਜਾਈਆਂ। ਬਾਘੀ ਪਾਈ। ਸ਼ੁਕਰ ਮਨਾਇਆ ਬਈ ਸ਼ੁਕਰ ਐ ਰੱਬਾ ਤੇਰਾ। ਨਹੀਂ ਇਸ ਰੱਬ ਦੇ ਜੀਅ ਨੇ ਆਪ ਤਾਂ ਸਾਡੇ ਘਰੂਟ ਮਾਰਨੇ ਹੀ ਸੀ, ਇਕੱਠੀ ਹੋਈ ਜਨਤਾ ਨੇ ਵੀ ਹੱਥ ਸੇਕ ਲੈਣੇ ਸਨ। ਸ਼ੁਕਰ ਹੈ ਹੁਣ ਕਾਲਜਾ ਤੱਤਾ ਕਰਨ ਲਈ ਸੁਲਾਹ ਮਾਰਨ ਲੱਗ ਪਿਆ। ਅੱਗੇ ਤੋਂ ਅਸੀਂ ਆਪਣੇ ਕੰਨੀਂ ਹੱਥ ਲਾਏ ਕਿ ਜੇ ਕਿਸੇ ਨੂੰ ਅਜਿਹੀ ਭੇਦ ਭਰੀ ਗੱਲ ਦੱਸਣੀ ਹੋਵੇ ਤਾਂ ਸਿੱਧੀ ਹੀ ਅਗਲੇ ਦੇ ਮੱਥੇ ਮਾਰਿਆ ਕਰਾਂਗੇ, ਭਾਈ ਥੋਡੀ ਨੂੰਹ-ਧੀ ਨੂੰ ਜੁਆਕ-ਜੱਲਾ ਹੋਣ ਆਲੈ!
ਅਸੀਂ ਦੁਬਾਰਾ ਵਿਚੋਲੇ ਬਣਨ ਲਈ ਦਿਲ ਕੱਢਿਆ। ਆਪਣੇ ਖੰਭ ਪਰਖੇ ਕਿ ਭਾਰ ਤੋਲਣ ਜੋਗੇ ਹਨ ਵੀ ਕਿ ਨਹੀਂ? ਪਹਿਲੀ ਵਿਚੋਲਗਿਰੀ ਦੀ ਛਾਪ ਨੇ ਸਾਨੂੰ ਲਾਲਚੀ ਬਣਾ ਦਿੱਤਾ ਸੀ। ਲਾਲਚ ਕਰਕੇ ਤਾਂ ਸ਼ੇਰ ਕੜੱਕੇ ਵਿਚ ਜਾ ਫ਼ਸਦੈ, ਅਸੀਂ ਵਿਚਾਰੇ ਕੀਹਦੇ ਪਾਣੀਹਾਰ? ਦੂਜੀ ਵਾਰ ਵਿਚੋਲਾ ਬਣਨ ਦਾ ਪ੍ਰਪੱਕ ਨਿਹਚਾ ਕਰ ਲਿਆ। ਸਾਡੀ ਮਾੜੀ ਕਿਸਮਤ, ਮੁੰਡਾ ਅੱਗੋਂ ਕਾਮਰੇਡ! ਪਹਿਲਾਂ ਤਾਂ ਵਿਆਹ ਨੂੰ ਲੱਤ ਈ ਨਾ ਲਾਵੇ, ਅਖੇ ਥੋਡੀ ਸੋਚ ਪਿਛਾਂਹ-ਖਿੱਚੂ ਐ। ਘਰਦਿਆਂ ਨੇ ਜਾਭਾਂ ਦਾ ਭੇੜ੍ਹ ਕੀਤਾ, ਤਾਂ ਜਾ ਕੇ ਕਿਤੇ ਤੋਕੜ ਮੱਝ ਵਾਂਗ ਕਿੱਲੇ 'ਤੇ ਖੜ੍ਹਿਆ। ਫੇਰ ਹੋਰ ਗੱਲ ਦਾ ਰੇੜਕਾ ਪਾ ਕੇ ਬੈਠ ਗਿਆ, ਮੈਨੂੰ ਕੁੜੀ ਉਚੇ ਖਿਆਲਾਂ ਦੀ, ਉਸਾਰੂ-ਵਿਚਾਰਾਂ ਵਾਲੀ ਚਾਹੀਦੀ ਐ। ਕਾਮਰੇਡ ਦਾ ਬਾਪੂ ਖਿਝ ਗਿਆ, ਤੈਨੂੰ ਚੀਨ ਆਲੇ ਮੰਤਰੀ ਦੀ ਕੁੜੀ ਨਾ ਲਿਆ ਦੀਏ? ਮੁੰਡਾ ਹੱਸ ਪਿਆ ਅਤੇ ਸਾਨੂੰ ਅੱਧੀ ਸਹਿਮਤੀ ਮਿਲ ਗਈ। ਸਹੁਰੇ ਵੀ ਰਾਜੀ ਅਤੇ ਪੇਕੇ ਵੀ ਬਾਗੋਬਾਗ। ਪਰ ਅਸੀਂ ਨਿਰਾਸ਼! ਕਾਮਰੇਡ ਦਾ ਵਿਆਹ ਕਾਹਦਾ? ਨਾ ਜੰਨ ਗਈ, ਨਾ ਆਨੰਦ ਕਾਰਜ! ਨਾ ਕੋਈ ਦਾਰੂ-ਦੱਪਾ, ਨਾ ਪਾਰਟੀ! ਪਤੰਦਰ 'ਕੱਲਾ ਈ ਸਾਈਕਲ 'ਤੇ ਕੁੜੀ ਲੱਦ ਕੇ ਘਰੇ ਲੈ ਆਇਆ। ਅਖੇ ਫ਼ੋਕੇ ਖਰਚੇ ਅਸੀਂ ਨ੍ਹੀ ਕਰਨੇ। ਅਖੇ ਦੁਨੀਆਂ ਫ਼ੋਕੀਆਂ ਸ਼ੋਹਰਤਾਂ ਕਰਕੇ ਕਰਜ਼ਾਈ ਹੋਈ ਜਾ ਰਹੀ ਐ। ਲੋਟੂ-ਟੋਲਾ ਥੋਨੂੰ ਲੁੱਟ ਰਿਹੈ। ਫਿੱ੍ਹਟੇ ਮੂੰਹ! ਇਹ ਵੀ ਕੋਈ ਵਿਆਹ ਐ? ਜਦੋਂ ਕਾਮਰੇਡ ਨੇ ਹੀ ਕੁਛ ਨਹੀਂ ਲਿਆ ਸੀ, ਤਾਂ ਸਾਨੂੰ ਵਿਚੋਲਗਿਰੀ ਦੀ ਛਾਪ ਢੱਠੇ-ਖੂਹ 'ਚੋਂ ਮਿਲਣੀ ਸੀ? ਨੰਗਾਂ ਦੇ ਨੰਗ ਪ੍ਰਾਹੁਣੇਂ! ਕੰਨਾਂ ਨੂੰ ਹੱਥ ਲਾਏ, ਕੱਟਿਆਂ ਦਾ ਵਪਾਰ ਕਰਨਾ ਮਨਜ਼ੂਰ, ਪਰ ਕਿਸੇ ਕਾਮਰੇਡ ਦਾ ਵਿਚੋਲਾ ਨ੍ਹੀ ਬਣਨਾ! ਜਿਹੜੇ ਵਿਚੋਲੇ ਨੂੰ ਛਾਪ ਨ੍ਹੀ ਪਾ ਸਕਦੇ, ਇਹ ਕਾਮਰੇਡੀ ਸੁਆਹ ਦੀ ਐ? ਅਸੀਂ ਮੁੰਦਰੀ ਦੇ ਲਾਲਚ ਨੂੰ ਵਾਧੂ ਗਿੱਟੇ ਕਢਵਾਉਂਦੇ ਰਹਿ ਗਏ। ਸਾਡੀ ਤਾਂ ਕਾਮਰੇਡ ਬਾਤ ਨ੍ਹੀ ਪੁੱਛਦਾ, ਆਪਦੀ ਘਰਵਾਲੀ ਨੂੰ 'ਜੀਤੀ-ਜੀਤੀ' ਕਰਦੇ ਦਾ ਮੂੰਹ ਸੁੱਕਦੈ! ਕਿੰਨੇ ਨਾਸ਼ੁਕਰੇ ਬੰਦੇ ਐ!
ਦੂਜੀ ਵਿਚੋਲਗੀ ਦਾ ਕੌੜਾ ਤਜ਼ਰਬਾ ਹੋਇਆ। ਸੋਚਿਆ ਜਿਹੜਾ ਇਹ ਘਾਟਾ ਪਿਐ, ਅਗਲੇ ਘਰ ਤੋਂ ਪੂਰਾ ਕਰਾਂਗੇ! ਕੁੜੀ ਵਾਲਿਆਂ ਤੋਂ ਵੀ ਛਾਪ, ਮੁੰਡੇ ਆਲਿਆਂ ਕੋਲੋਂ ਵੀ ਛਾਪ! ਘਾਟੇ-ਵਾਧੇ ਬਰਾਬਰ! ਘਾਟੇ ਵਾਧੇ ਵਪਾਰ 'ਚ ਹੁੰਦੇ ਹੀ ਰਹਿੰਦੇ ਐ! ਹੁਣ ਸਾਡੇ ਉਪਰ 'ਵਿਚੋਲੇ' ਦਾ ਲੇਬਲ ਲੱਗ ਗਿਆ ਸੀ। ਜਿਵੇਂ ਕਿਸੇ ਨੂੰ ਡਾਕਟਰ, ਇੰਜਨੀਅਰ ਜਾਂ ਪ੍ਰੋਫ਼ੈਸਰ ਦੀ ਉਪਾਧੀ ਮਿਲ ਜਾਂਦੀ ਐ, ਸਾਨੂੰ ਵਿਚੋਲੇ ਵਾਲੀ 'ਉਪਾਧੀ' ਮਿਲ ਗਈ ਸੀ। ਸਾਡੀ ਰੱਬ ਨੇ ਫੇਰ ਸੁਣ ਲਈ। ਸੁਣੀ ਕੀ? ਲਹਿਰਾਂ ਬਹਿਰਾਂ ਕਰ ਦਿੱਤੀਆਂ! ਇਕ 'ਮੁੰਡਾ' ਕੈਨੇਡਾ ਤੋਂ ਆਇਆ ਸੀ। ਉਮਰ 50 ਸਾਲ। ਵਿਆਹ ਕਰਵਾਉਣ ਨੂੰ ਤਾਂਘਦਾ ਸੀ। ਨਾਲੇ 50 ਸਾਲ ਕੀ ਉਮਰ ਹੁੰਦੀ ਐ? ਵਾਲ ਕਾਲੇ, ਦਾਹੜ੍ਹੀ ਘਰੜ੍ਹੀ ਹੋਈ, ਉਹ ਤਾਂ ਲੱਗਦਾ ਹੀ ਪੱਚੀਆਂ ਕੁ ਦਾ ਐ! ਨਾਲੇ ਮਰਦ ਤੇ ਘੋੜਾ ਵੀ ਕਦੇ ਬੁੱਢੇ ਹੋਏ ਐ? ਖ਼ੁਰਾਕਾਂ ਮਿਲੀ ਜਾਣ ਸਹੀ! ਸਾਨੂੰ 'ਕਾਮਰੇਡ ਐਂਡ ਜੀਤੀ ਕੰਪਨੀ' 'ਚੋਂ ਪਿਆ ਘਾਟਾ ਇੱਧਰੋਂ ਪੂਰਾ ਹੁੰਦਾ ਲੱਗਦਾ ਸੀ। ਅਸੀਂ ਕੈਨੇਡੀਅਨ 'ਲਾੜੇ' ਨੂੰ ਉਚੇਚ ਕਰਕੇ ਜਾ ਮਿਲੇ। ਉਹ 'ਮੁੰਡਾ-ਖੁੰਡਾ' ਦਿਸਣ ਲਈ ਗਰੀਸ ਜਿਹੇ ਨਾਲ ਆਪਣੇ ਵਾਲ ਚੋਪੜੀ ਬੈਠਾ ਸੀ। ਉਠ ਕੇ ਬੜੇ ਉਤਸ਼ਾਹ ਨਾਲ ਮਿਲਿਆ, ਮੜਕ ਭੋਰਾ ਵੀ ਨਾ! ਵਿਚੋਲੇ ਵਾਲਾ 'ਲੇਬਲ' ਸਾਨੂੰ ਰਾਸ ਆਇਆ, ਉਸ ਨੇ ਜਾਨੀ-ਵਾਕਰ ਦੀ ਬੋਤਲ ਸੱਪ ਵਾਂਗ ਕੱਢ ਕੇ ਸਾਡੇ ਮੂਹਰੇ ਰੱਖ ਦਿੱਤੀ। ਬੜਾ ਦਿਲ ਦਰਿਆ ਬੰਦਾ। ਸੂਮ ਕਾਮਰੇਡ ਨਾਲੋਂ ਲੱਖ ਦਰਜੇ ਚੰਗਾ। ਜੇ ਅਸੀਂ ਕਦੇ ਭੁੱਲ-ਭੁੱਲੇਖੇ ਕਾਮਰੇਡ ਦੇ ਘਰੇ ਚਲੇ ਜਾਣਾ ਤਾਂ ਉਸ ਨੇ ਆਪਣੀ ਘਰਵਾਲੀ ਨੂੰ ਮਲਵੀਂ ਜਿਹੀ ਜੀਭ ਨਾਲ ਆਖਣਾ, "ਜੀਤੀ! ਸਾਥੀ ਅੱਧਾ ਕੁ ਕੱਪ ਚਾਹ ਬਣਾ ਲਵੋ!" ਬਈ ਪੁੱਛਣਾ ਹੋਵੇ, ਪੂਰਾ ਕੱਪ ਬਣਾਉਂਦੀ ਜੀਤੀ ਦੇ ਖੁਰਕ ਪੈਂਦੀ ਐ? ਨੀਤ ਦੇ ਨਿਰੇ ਨੰਗ! ਜਿਹੋ ਜੀ ਨੰਦੋ ਬਾਹਮਣੀਂ, ਉਹੋ ਜਿਆ ਘੁੱਦੂ ਜੇਠ। ਜਿਹੋ ਜਿਹਾ ਮੱਖੀ ਚੂਸ ਕਾਮਰੇਡ, ਉਸ ਤੋਂ ਵੱਧ ਟਿੱਡੀਆਂ ਬੁਸ਼ਕਰਨ ਵਾਲੀ ਉਸ ਦੀ ਖਲਪਾੜ ਜਿਹੀ ਜੀਤੀ! 'ਉਸਾਰੂ-ਵਿਚਾਰਾਂ' ਵਾਲੀ!
ਖ਼ੈਰ! ਸਾਡੀ ਜੱਦੋਜਹਿਦ ਰੰਗ ਲਿਆਈ। ਕੈਨੇਡੀਅਨ 'ਲਾੜੇ' ਦਾ ਪੱਕ-ਠੱਕ ਕਰਵਾ ਦਿੱਤਾ। ਕੀ ਹੋ ਗਿਆ ਕਿ ਕੁੜੀ ਦੀ ਉਮਰ ਕੈਨੇਡੀਅਨ ਲਾੜੇ ਤੋਂ ਤੀਹ ਸਾਲ ਛੋਟੀ ਸੀ? ਮੁੰਡਾ ਤਾਂ ਕੈਨੇਡੀਅਨ ਸੀ ਨਾ! ਨਾਲੇ 25-30 ਸਾਲਾਂ ਦਾ ਵੀ ਕੋਈ ਫ਼ਰਕ ਹੁੰਦੈ? ਕੁੜੀ ਦੇ ਮਾਂ-ਪਿਉ ਤਾਂ ਸਾਡੇ ਪੈਰ ਧੋ-ਧੋ ਕੇ ਪੀਣ ਨੂੰ ਤਿਆਰ ਸੀ, ਸਾਡੀ ਕੁੜੀ ਨੂੰ 'ਬਾਹਰਲਾ' ਮੁੰਡਾ ਲੱਭ ਕੇ ਦਿੱਤੈ! ਕੈਨੇਡੀਅਨ ਲਾੜਾ ਸਾਡੀ ਹਰ ਰੋਜ ਵਿਸਕੀ ਅਤੇ ਕੁੱਕੜ-ਬਟੇਰੇ ਨਾਲ ਸੇਵਾ ਕਰਦਾ ਸੀ, ਜੱਫ਼ੀਆਂ ਪਾਉਂਦਾ ਸੀ। ਜਦੋਂ ਅਸੀਂ ਕੈਨੇਡੀਅਨ ਦਾ ਮੁਕਾਬਲਾ ਕਾਮਰੇਡ ਨਾਲ ਕਰਕੇ ਦੇਖਣਾ ਤਾਂ ਸਾਥੋਂ ਕਾਮਰੇਡ ਨੂੰ ਸੌ-ਸੌ ਗਾਲ੍ਹ ਨਿਕਲਣੀ! ਕੈਨੇਡੀਅਨ ਦਾ ਵਿਆਹ ਹੋ ਗਿਆ। ਲੋਕਾਂ ਨੇ ਦੋ ਚਾਰ ਦਿਨ ਦੰਦ-ਕਥਾ ਕੀਤੀ। ਚੁੱਪ ਕਰ ਗਏ। ਪਤਾ ਨ੍ਹੀ ਲੋਕਾਂ ਨੂੰ ਕੀ ਬੁਰੀ ਬਾਣ ਐਂ? ਕਿਸੇ ਦੀ ਕੁੜੀ ਕਿਸੇ ਦਾ ਮੁੰਡਾ, ਲੋਕਾਂ ਦੇ ਕੀ ਸੂਲ ਹੁੰਦੈ? ਸਾਡੇ ਹਿੱਸੇ ਇਕ ਨਹੀਂ, ਦੋ ਛਾਪਾਂ ਆ ਗਈਆਂ। ਘਾਟੇ ਪੂਰੇ ਹੋ ਗਏ! ਦੋ-ਤਿੰਨ ਮਹੀਨੇ ਕੁੜੀ ਨੂੰ ਘੁੰਮਾ-ਫਿਰਾ ਕੇ ਕੈਨੇਡੀਅਨ 'ਮੁੰਡਾ' ਕੁੜੀ ਨੂੰ ਜਲਦੀ ਹੀ ਮੰਗਵਾ ਲੈਣ ਦਾ ਵਾਅਦਾ ਕਰਕੇ ਕੈਨੇਡਾ ਨੂੰ ਜਹਾਜ ਚੜ੍ਹ ਗਿਆ। ਜਾਣ ਤੋਂ ਪਹਿਲਾਂ ਚੰਡੀਗੜ੍ਹ, ਮੈਸੂਰੀ, ਸਿ਼ਮਲੇ ਤੇ ਹੋਰ ਪਤਾ ਨਹੀਂ ਕਿੱਥੇ-ਕਿੱਥੇ ਕੁੜੀ ਨੂੰ ਘੁਮਾਉਂਦਾ ਰਿਹਾ। ਕਾਮਰੇਡ ਤਾਂ ਆਪਦੀ ਜੀਤੀ ਨੂੰ ਮੋਗੇ ਫਿ਼ਲਮ ਨਹੀਂ ਦਿਖਾ ਸਕਿਆ। ਕਿੰਨਾਂ ਮੱਖੀ-ਚੂਸ ਐ ਸਾਲਾ ਕੁੱਤਿਆਂ ਦਾ!
ਹੁਣ ਤਿੰਨ ਮੁੰਦਰੀਆਂ ਸਾਡੇ ਹੱਥਾਂ ਵਿਚ ਕਾਲੇ ਨਾਗ਼ ਦੀ ਅੱਖ ਵਾਂਗੂੰ ਦਗ਼ਦੀਆਂ ਰਹਿੰਦੀਆਂ। ਸਾਡੀ ਸ਼ਾਮਤ ਤਾਂ ਉਦੋਂ ਆਈ ਜਦੋਂ ਕੈਨੇਡੀਅਨ ਲਾੜੇ ਨੇ ਜਾ ਕੇ ਕੁੜੀ ਨੂੰ ਕੋਈ ਕਾਗਜ਼-ਪੱਤਰ ਨਾ ਭੇਜਿਆ। ਪਹਿਲਾਂ ਜਾ ਕੇ ਤਾਂ ਫ਼ੋਨ-ਫ਼ਾਨ ਕਰਦਾ ਰਿਹਾ, ਪਰ ਫਿਰ ਇਕ ਦਮ ਚੁੱਪ ਜਿਹਾ ਕਰ ਗਿਆ। ਕੁੜੀ ਵਾਲਿਆਂ ਨੇ ਸਾਡੀ ਜਾਨ ਖਾਣੀ ਸ਼ੁਰੂ ਕਰ ਦਿੱਤੀ। ਅਸੀਂ ਕਿਹੜਾ ਕੈਨੇਡਾ ਦੇ ਮੁੱਖ ਮੰਤਰੀ ਸੀ? ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮੁੰਡਾ ਕੈਨੇਡਾ ਰਹਿੰਦਾ ਵੀ ਹੈ ਕਿ ਨਹੀਂ? ਕੁੜੀ ਨੂੰ ਵੀ ਕੰਜਰ ਦੇ ਨੇ ਕੋਈ ਪਤਾ-ਸੁਤਾ ਨਹੀਂ ਦਿੱਤਾ ਸੀ। ਕੁੜੀ ਵੀ ਸਹੁਰੀ ਭੋਲੀ, ਕੈਨੇਡੀਅਨ ਦੀ ਬੁੱਕਲ 'ਚ ਵੜ, ਲੋਰੀਆਂ ਲੈਂਦੀ, ਸਾਰਾ ਕੁਛ ਭੁੱਲ ਗਈ। ਜਦੋਂ ਕੁੜੀ ਵਾਲਿਆਂ ਨੇ ਸਾਡੇ ਬਨੇਰੇ ਬੁਰੀ ਤਰ੍ਹਾਂ ਰੰਦਣੇ ਸ਼ੁਰੂ ਕਰ ਦਿੱਤੇ ਤਾਂ ਅਸੀਂ ਆਪਣਾ ਭੁੱਗਾ ਕੁੱਟੇ ਜਾਣ ਤੋਂ ਪਹਿਲਾਂ ਹੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਡਰਦਿਆਂ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਡੇਰਾ ਲਾ ਲਿਆ। ਜਦੋਂ ਕੋਈ ਕੈਨੇਡਾ ਤੋਂ ਜਹਾਜ ਆਇਆ ਕਰੇ, ਅਸੀਂ ਕੈਨੇਡਾ ਤੋਂ ਆਉਣ ਵਾਲਿਆਂ ਨੂੰ 'ਲਾੜੇ' ਦਾ ਹੁਲੀਆ ਅਤੇ ਪਿੰਡ ਦੱਸ ਕੇ ਜਾਣਕਾਰੀ ਹਾਸਲ ਕਰਨ ਦੀ ਕੋਸਿ਼ਸ਼ ਕਰਿਆ ਕਰੀਏ।
ਆਖਰ ਸਾਡੇ ਸਿਰ ਵਿਚ ਇਕ ਹੋਰ ਭੜ੍ਹਾਕਾ ਫ਼ਟ ਗਿਆ। ਉਸ ਦੇ ਕਿਸੇ ਨੇੜਲੇ ਜਾਣਕਾਰ ਨੇ ਦੱਸਿਆ ਕਿ ਲਾੜਾ ਜੀ ਤਾਂ ਸੁੱਖ ਨਾਲ 25 ਸਾਲ ਪਹਿਲਾਂ ਦੇ ਵਿਆਹੇ-ਵਰੇ ਹਨ ਅਤੇ ਉਹਨਾਂ ਨੇ ਕੈਨੇਡਾ ਵਿਚ ਹੁਣੇ ਜਿਹੇ ਆਪਣੀ 23 ਸਾਲਾ ਲੜਕੀ ਦੀ ਸ਼ਾਦੀ ਕੀਤੀ ਸੀ। ਸਾਨੂੰ ਤਾਂ ਜੀ ਦਿਲ ਦਾ ਦੌਰਾ ਪੈਣ ਵਾਲਾ ਹੋ ਗਿਆ! ਰੱਬ ਅੱਗੇ ਹੱਥ ਜੋੜੇ, ਬਚਾ ਰੱਬਾ, ਤੇਰੇ ਅਣਜਾਣ ਬੱਚੇ ਹਾਂ! ਘਰੇ ਕਿਵੇਂ ਜਾਈਏ? ਕੁੜੀ ਵਾਲੇ ਸਾਨੂੰ ਛਿੱਲਣ ਲਈ ਰੈਂਗੜੇ ਚੁੱਕੀ ਫਿਰਦੇ ਸਨ। ਆਖਰ ਕਾਮਰੇਡ ਦੇ ਘਰੇ ਹੀ ਜਾ ਡੇਰੇ ਲਾਏ। ਕਦੇ-ਕਦੇ ਖੋਟਾ ਸਿੱਕਾ ਵੀ ਕੰਮ ਆ ਜਾਂਦੈ। ਕਾਮਰੇਡ ਨੂੰ ਸਾਰੀ ਗੱਲ ਦੱਸੀ। ਉਸ ਨੇ ਕੈਨੇਡੀਅਨ ਦੀਆਂ ਸਾਰੀਆਂ ਗੁੱਥੀਆਂ ਫ਼ਰੋਲਣ ਦੀ ਜਿ਼ੰਮੇਵਾਰੀ ਲਈ। ਕਹਿੰਦਾ ਕੈਨੇਡਾ ਵਿਚ ਸਾਡੇ ਬੜੇ ਸਾਥੀ ਵਸਦੇ ਨੇ, ਬੁੱਢੇ ਲਾੜੇ ਨੂੰ ਨਿਰਵਸਤਰ ਕਰਾਂਗੇ ਤੇ ਕੁੜੀ ਨੂੰ ਇਨਸਾਫ਼ ਦੁਆਵਾਂਗੇ! ਸਾਨੂੰ ਵੀ ਤੱਤੀਆਂ-ਠੰਢੀਆਂ ਸੁਣਾ ਗਿਆ, ਅਖੇ ਤੁਸੀਂ ਲੋਕ ਅੰਨ੍ਹੇ ਹੋ, ਕੁਛ ਕਰਨ ਲੱਗੇ ਅੱਗਾ ਪਿੱਛਾ ਨ੍ਹੀ ਦੇਖਦੇ। ਜੀਤੀ ਜੀ ਵੀ ਆਪਣੇ ਗੁੱਸੇ ਦਾ ਰੇਗਮਾਰ ਸਾਡੇ ਫ਼ੁੱਲ ਵਰਗੇ ਸਰੀਰ 'ਤੇ ਫੇਰ ਗਈ, ਅਖੇ ਕੁੜੀ ਦੀ ਜਿ਼ੰਦਗੀ ਬਰਬਾਦ ਕਰਨ ਦੇ ਸਰਾਸਰ ਤੁਸੀਂ ਜਿ਼ੰਮੇਵਾਰ ਹੋ! ਕੋਈ ਪੁੱਛੇ, ਬਈ ਸਹੁਰੀਏ ਖੁਰਚਣੀਏਂ ਜੀਏ, ਕੀ ਕੋਈ ਕਿਸੇ ਦੇ ਅੰਦਰ ਵੜਿਆ ਹੁੰਦੈ? ਕੇਰਾਂ ਈ ਜੱਜ ਬਣਕੇ ਖੜ੍ਹਗੀ? ਪਰ ਅਸੀਂ ਇਸ ਗਲਤੀ ਤੋਂ ਇਕ ਸਬਕ ਜ਼ਰੂਰ ਸਿੱਖਿਐ, ਕਿਸੇ 'ਬਾਹਰਲੇ' ਦੇ ਵਿਚੋਲੇ ਨਹੀਂ ਬਣਨਾ। ਕੰਨਾਂ ਨੂੰ ਵਾਰ-ਵਾਰ ਹੱਥ ਲਾਏ, ਅਜੇ ਤਾਂ ਅਸੀਂ ਆਪਣੇ ਹੱਡ ਬਚਾਉਣ 'ਤੇ ਲੱਗੇ ਹੋਏ ਹਾਂ!


ਹੋਰ ਪੜੋ...

ਦੇਵਤੇ ਮਗਰ ਚੁੜੇਲ.......... ਕਹਾਣੀ

-"ਬੰਤੇ ਨੇ ਵਿਆਹ ਕਰਵਾ ਲਿਆ...!" ਸਾਰੇ ਆਸਟਰੀਆ ਵਿਚ, ਖ਼ਾਸ ਤੌਰ 'ਤੇ ਪੰਜਾਬੀ ਭਾਈਚਾਰੇ ਵਿਚ ਇਹ ਗੱਲ ਧੂੰਏਂ ਵਾਂਗ ਫ਼ੈਲ ਗਈ। ਇਕ ਅਲੋਕਾਰ ਸੀ! ਆਚੰਭਾ ਸੀ! ਵਿਆਹ ਤਾਂ ਸਾਰਾ ਜੱਗ ਹੀ ਕਰਵਾਉਂਦਾ ਆਇਆ ਹੈ। ਪਰ ਬੰਤੇ ਦਾ ਵਿਆਹ ਕੁਝ ਅਨੋਖਾ ਹੀ ਸੀ। ਇਹ ਵਿਆਹ ਬੰਤੇ ਨੇ ਦੁਬਾਰਾ, ਬਾਹਟ ਸਾਲ ਦੀ ਉਮਰ ਵਿਚ ਕਰਵਾਇਆ ਸੀ। ਕੁੜੀ ਦਾ ਵਿਆਹ ਕਰਨ ਗਏ ਤਾਂ ਬੰਤੇ ਦੀ ਪਹਿਲੀ ਘਰਵਾਲੀ ਇੰਡੀਆ ਵਿਚ 'ਬਰੇਨ-ਟਿਊਮਰ' ਹੋਣ ਕਾਰਨ ਚੜ੍ਹਾਈ ਕਰ ਗਈ। ਬੰਤਾ ਰੋਹੀ ਵਿਚ ਖੜ੍ਹੇ ਦਰੱਖਤ ਵਾਂਗ ਇਕੱਲਾ ਹੀ ਰਹਿ ਗਿਆ। ਹਾਣੀ ਦੇ ਸਾਥ ਦੀ ਡੰਗੋਰੀ ਟੁੱਟ ਗਈ। ਬੁੱਢੇ ਸਰੀਰ ਨੂੰ ਇਕਲਾਪਾ ਘੁਣ ਵਾਂਗ ਚਰਨ ਲੱਗ ਪਿਆ। ਉਹ ਰੋਹੀ-ਬੀਆਬਾਨ ਵਿਚ ਭਟਕੇ ਰਾਹੀ ਵਾਂਗ ਹਨ੍ਹੇਰੇ ਵਿਚ ਹੱਥ-ਪੈਰ ਮਾਰ ਰਿਹਾ ਸੀ। ਜਿਸ ਮਾਨੁੱਖ ਨੇ ਸਾਰੀ ਜਿ਼ੰਦਗੀ ਇਕ ਪਲ ਇਕੱਲਿਆਂ ਨਾ ਕੱਟਿਆ ਹੋਵੇ, ਉਹ ਇਸ ਵਿਸ਼ਾਲ ਦੁਨੀਆਂ ਵਿਚ ਇਕੱਲਾ ਕਿਵੇਂ ਰਹਿ ਸਕਦਾ ਹੈ? ਜਿ਼ੰਦਗੀ ਬਸਰ ਕਰਨ ਲਈ ਇਨਸਾਨ ਨੂੰ ਸਹਾਰਾ ਅਤੇ ਆਸ ਚਾਹੀਦੀ ਹੈ। ਸਾਥੀ ਦਾ ਨਿੱਘ ਲੋੜੀਦਾ ਹੈ। ਬੰਤੇ ਨੇ ਸਾਥ ਲੱਭਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਸਾਥ ਬਿਨਾ ਉਹ ਇੱਕ ਤਰ੍ਹਾਂ ਨਾਲ ਬਿਨ-ਬਰੇਕਾ ਇੰਜਣ ਹੋਇਆ ਫਿਰਦਾ ਸੀ। ਸਿਆਣੇ ਆਖਦੇ ਹਨ ਕਿ ਲੋੜ ਕਾਢ ਦੀ ਮਾਂ ਹੈ। ਜਦੋਂ ਆਦਮੀ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਉਹ ਕਾਢਾਂ ਕੱਢਣੀਆਂ ਸ਼ੁਰੂ ਕਰਦਾ ਹੈ। ਸਕੀਮਾਂ ਬਣਾਉਂਦਾ ਹੈ।
ਬੰਤੇ ਦੇ ਦੋ ਮੁੰਡੇ ਵਿਆਹੇ ਹੋਏ ਸਨ। ਕੁੜੀ ਦਾ ਵਿਆਹ ਉਹ ਹੁਣੇਂ-ਹੁਣੇਂ ਕਰ ਕੇ ਫ਼ਾਰਗ ਹੋਇਆ ਸੀ। ਸਾਰਾ ਪ੍ਰੀਵਾਰ ਆਪਣੀ ਆਪਣੀ ਜਗਾਹ ਸੈੱਟ ਸੀ। ਖ਼ੁਸ਼ਹਾਲ ਸੀ। ਖਾਂਦਾ ਪੀਂਦਾ ਸੀ। ਬੱਸ! ਜੇ ਦੁਖੀ ਸੀ ਤਾਂ ਸਿਰਫ਼ ਬੰਤਾ! ਜਿਹੜਾ ਇਕੱਲਾ ਕੀੜਿਆਂ ਵਾਲੇ ਕੁੱਤੇ ਵਾਂਗ ਡਿੱਕ ਡੋਲੇ ਖਾਂਦਾ ਫਿਰਦਾ ਸੀ। ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਕਦੇ-ਕਦੇ ਬੰਤੇ ਨੂੰ ਆਪਣੇ ਘਰਵਾਲੀ ਦੀ ਯਾਦ ਬਹੁਤੀ ਹੀ ਸਤਾਉਣ ਲੱਗ ਪੈਂਦੀ ਤਾਂ ਉਸ ਦਾ 'ਧਾਹ' ਮਾਰਨ ਨੂੰ ਦਿਲ ਕਰਦਾ। ਕੀਰਨੇ ਪਾਉਣ ਨੂੰ ਜੀਅ ਚਾਹੁੰਦਾ। ਕਦੇ-ਕਦੇ ਉਹ ਆਪਣੀ ਮਰੀ ਹੋਈ ਪਤਨੀ ਨੂੰ ਮਿਹਣੇ ਮਾਰਦਾ:
-"ਤੁਰ ਗਈ ਡੋਬਾ ਦੇ ਕੇ ਕਰਮਾਂ ਆਲੀਏ! ਕੁਛ ਨ੍ਹੀ ਜੱਗ 'ਤੇ ਜਿਉਣਾ ਤੇਰੇ ਬਿਨਾ!" ਤੇ ਕਦੇ-ਕਦੇ ਉਹ ਰੱਬ ਨੂੰ ਤਾਹਨਾ ਮਾਰਦਾ, "ਕੀ ਥੁੜਿਆ ਪਿਐ ਉਏ ਰੱਬਾ ਮੇਰੇ ਬਿਨਾ ਇਸ ਜੱਗ 'ਤੇ? ਗੁਰਦੇਵ ਕੁਰ ਦੇ ਨਾਲ ਈ ਮੈਨੂੰ ਚੱਕ ਲੈਂਦਾ!" ਉਸ ਦੇ ਲਹੂ-ਲੁਹਾਣ ਦਿਲ 'ਚੋਂ ਤਰ੍ਹਾਂ-ਤਰ੍ਹਾਂ ਦੀਆਂ ਹੂਕਾਂ ਵੈਣ ਪਾਉਂਦੀਆਂ। ਜਿ਼ਹਨ ਵਿਚ ਪ੍ਰੇਤ ਨੱਚਦੇ ਪ੍ਰਤੀਤ ਹੁੰਦੇ। ਦਿਲ ਸ਼ਮਸ਼ਾਨ-ਘਾਟ ਵਾਂਗ ਸੁੰਨਾਂ ਜਾਪਦਾ। ਪਰ ਉਹ ਸੀਨੇ ਦਾ ਫ਼ੱਟ ਘੁੱਟੀ ਕਸੀਸ ਵੱਟੀ ਤੁਰਿਆ ਫਿਰਦਾ ਸੀ। ਕਦੇ-ਕਦੇ ਉਸ ਦਾ ਮਨ ਸਾਰਾ ਕੁਝ ਤਿਆਗ ਕੇ ਸਾਧ ਬਣਨ ਨੂੰ ਕਰਦਾ। ਪਰ ਬੰਤਾ ਸਿਆਂ! ਇਹ ਕੂੜ-ਕਪਟ ਤਾਂ ਸਾਧ ਬਣ ਕੇ ਵੀ ਤਿਆਗੇ ਨਹੀਂ ਜਾਣੇ! ਉਹ ਆਪਣੇ ਆਪ ਨੂੰ ਮੱਤ ਦਿੰਦਾ। ਪਾਖੰਡੀ ਸਾਧ ਉਹ ਬਣਨਾ ਨਹੀਂ ਚਾਹੁੰਦਾ ਸੀ।
ਬੰਤਾ ਦਿਲ ਦਾ ਬੜਾ ਹੀ ਸਾਧੂ ਬੰਦਾ ਸੀ। ਜਿਹੜੇ ਵੀ ਨੇਕ ਕੰਮ ਨੂੰ ਹੱਥ ਪਾਉਣਾ, ਸੱਚੇ ਅਤੇ ਈਮਾਨਦਾਰ ਮਨ ਨਾਲ ਪਾਉਣਾ। ਅਤੇ ਜਾਂ ਫਿਰ ਕਿਸੇ ਕੰਮ ਦੀ ਲੜੀ ਹੀ ਨਾ ਫੜਦਾ। ਜਿਸ ਕੰਮ ਨੂੰ ਹੱਥ ਪਾ ਲਿਆ, ਫਿਰ ਕੁੱਲੀ 'ਚ ਚਾਹੇ ਕੱਖ ਨਾ ਰਹੇ, ਪੂਰਾ ਕਰਕੇ ਹੱਟਦਾ ਸੀ।
ਸ਼ਾਮ ਨੂੰ ਬੰਤਾ ਵਿਸਕੀ ਦੀ ਬੋਤਲ ਬੈਗ ਵਿਚ ਪਾ ਜਲੰਧਰ ਨੂੰ ਬੱਸ ਚੜ੍ਹ ਗਿਆ। ਜਲੰਧਰ ਉਸ ਦੇ ਮਾਮੇਂ ਦਾ ਸਾਰਿਆਂ ਤੋਂ ਛੋਟਾ ਲੜਕਾ ਕਿਸੇ ਪ੍ਰਮੁੱਖ ਅਖ਼ਬਾਰ ਦੇ ਦਫ਼ਤਰ ਵਿਚ ਕੰਮ ਕਰਦਾ ਸੀ। ਚੰਗਾ ਪੜ੍ਹਿਆ-ਲਿਖਿਆ ਅਤੇ ਖੁੱਲ੍ਹੇ ਦਿਲ ਵਾਲਾ ਇਨਸਾਨ ਸੀ। ਉਹ ਇਸ ਤੰਗ-ਦਿਲ ਸਮਾਜ 'ਚੋਂ ਦੋ ਪੈਰ ਅੱਗੇ ਹੀ ਰੱਖਦਾ ਸੀ। ਇਕ ਥਾਂ 'ਤੇ ਖੜ੍ਹੇ ਰਹਿਣਾ ਉਸ ਨੂੰ ਕਿਸੇ ਸ਼ਾਨਦਾਰ ਕੋਠੀ ਦੇ ਮੱਥੇ 'ਤੇ ਟੰਗੇ ਛਿੱਤਰ ਵਰਗਾ ਲੱਗਦਾ ਸੀ, ਜਿਹੜਾ ਹਰ ਬੁਰੀ ਨਜ਼ਰ ਵਾਲੇ ਨੂੰ ਦੂਰੋਂ ਹੀ ਫਿ਼ਟਕਾਰਦਾ ਸੀ, ਜਾਂ ਫਿਰ ਫਿ਼ਟਕਾਰਨ ਦਾ ਸਿਰਫ਼ ਦਾਅਵਾ ਹੀ ਕਰਦਾ ਸੀ।
-"ਆ ਬਈ ਵੱਡੇ ਭਾਈ-ਹੋ ਗਿਆ ਤੇਰਾ ਵੀ ਮੂੰਹ ਗਰੀਬਾਂ ਦੀ ਝੁੱਗੀ ਵੱਲੀਂ?" ਉਸ ਨੇ ਟਕੋਰ ਕੀਤੀ।
-"ਮੇਰੇ ਰੁਝੇਵਿਆਂ ਦਾ ਤੈਨੂੰ ਪਤਾ ਈ ਐ ਦੀਪ!" ਬੰਤਾ ਜਿਵੇਂ ਛਿਪਦੀ ਵੱਲੋਂ ਬੋਲਿਆ ਸੀ।
-"ਚੱਲ ਬਾਈ-ਘਰੇ ਚੱਲਦੇ ਐਂ!"
ਸ਼ਾਮ ਹੋਈ ਤੋਂ ਉਹ ਘਰੇ ਆ ਗਏ। ਸਰਦੀ ਕਾਫ਼ੀ ਹੋ ਗਈ ਸੀ। ਦੀਪ ਦੇ ਘਰਵਾਲੀ ਪ੍ਰੀਤ ਨੇ ਬੰਤੇ ਦਾ ਦਿਲੋਂ ਸਤਿਕਾਰ ਕੀਤਾ। ਪ੍ਰੀਤ ਵੀ ਦੀਪ ਵਾਂਗ ਖੁੱਲ੍ਹੇ ਸੁਭਾਅ ਦੀ ਪੜ੍ਹੀ-ਲਿਖੀ ਕੁੜੀ ਸੀ। ਉਹ ਜਲੰਧਰ ਦੇ ਹੀ ਕਿਸੇ ਕਾਲਜ ਵਿਚ ਲੈਕਚਰਾਰ ਲੱਗੀ ਹੋਈ ਸੀ।
-"ਬਾਈ ਜੀ ਕੀ ਪੀਓਂਗੇ?" ਪ੍ਰੀਤ ਅਜ਼ੀਜ਼ ਬਣੀ ਖੜ੍ਹੀ ਸੀ। ਦੀਪ ਦੀ ਰੀਸ ਨਾਲ ਬੰਤੇ ਨੂੰ ਉਹ 'ਬਾਈ ਜੀ' ਹੀ ਆਖਦੀ।
-"ਪੀਣ ਦਾ ਸਮਾਨ ਤਾਂ ਪ੍ਰੀਤ ਮੇਰੇ ਕੋਲੇ ਹੈਗੈ-ਤੂੰ ਸਾਨੂੰ ਦੋ ਗਿਲਾਸ ਤੇ ਪਾਣੀ ਲਿਆਦੇ।" ਬੰਤੇ ਨੇ ਬੈਗ ਵਿਚੋਂ ਬੋਤਲ ਮਦਾਰੀ ਦੇ ਕਬੂਤਰ ਵਾਂਗ ਕੱਢ ਲਈ।
-"ਬਾਈ! ਤੂੰ ਬੋਤਲ ਬਿਗਾਨਿਆਂ ਵਾਂਗੂੰ ਨਾਲ ਈ ਚੱਕੀ ਫਿਰਦੈਂ? ਆਪਣੇ ਘਰੇ ਕਿਤੇ ਕਿਸੇ ਚੀਜ਼ ਦਾ ਘਾਟੈ? ਤੂੰ ਬਿਗਾਨਿਆਂ ਵਾਲੀ ਗੱਲ ਨਾ ਕਰਿਆ ਕਰ!" ਦੀਪ ਨੇ ਗਿ਼ਲਾ ਕੀਤਾ ਤਾਂ ਬੰਤਾ ਨਿਰੁੱਤਰ ਹੋ ਗਿਆ।
-"ਨਹੀਂ, ਘਰੇ ਵਾਧੂ ਜੀ ਪਈ ਸੀ-ਬੱਸ ਐਵੇਂ ਕਮਲਪੁਣੇਂ 'ਚ ਈ ਨਾਲ ਚੁੱਕ ਲਿਆਇਆ।" ਬੰਤੇ ਨੂੰ ਕੋਈ ਗੱਲ ਨਹੀਂ ਔੜੀ ਸੀ। ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ।
-"ਇਹਨੂੰ ਫਿਰ ਤੂੰ ਰੱਖ ਬੈਗ 'ਚ ਈ-ਮੈਂ ਤੈਨੂੰ ਥਰੀ ਐੱਕਸ ਰੰਮ ਦਾ ਸੁਆਦ ਦਿਖਾਉਨੈਂ-ਇਕ ਦੋਸਤ ਮਿਲਟਰੀ 'ਚ ਐ-ਆਉਂਦਾ ਜਾਂਦਾ ਪੰਜ ਸੱਤ ਬੋਤਲਾਂ ਲੈ ਆਉਂਦੈ-ਮੈਂ ਆਮ ਤਾਂ ਪੀਂਦਾ ਨ੍ਹੀ-ਬੱਸ ਕਦੇ ਕਦੇ ਸ਼ੁਗਲ ਕਰ ਲਈਦੈ-ਤੇਰੀ ਨਿੱਕੀ ਭਰਜਾਈ ਨੂੰ ਗਾਲ੍ਹਾਂ ਕੱਢਣ ਵਾਸਤੇ।" ਦੀਪ ਨਾਲ ਬੰਤਾ ਵੀ ਹੱਸ ਪਿਆ।
ਪ੍ਰੀਤ ਦੋ ਗਿਲਾਸ ਅਤੇ ਪਾਣੀ ਲੈ ਆਈ।
-"ਅੰਦਰੋਂ ਰੰਮ ਦੀ ਬੋਤਲ ਲਿਆ ਕੱਢ ਕੇ-ਬਾਈ ਦਾ ਅੱਜ ਪਾਅਲਾ ਲਾਹੀਏ-ਨਾਲੇ ਨਾਲ ਖਾਣ ਪੀਣ ਨੂੰ ਵੀ ਕੁਛ ਲਈ ਆਈਂ-ਸੁੱਕੀ ਪੀ ਕੇ ਤਾਂ ਸਹੁਰੇ ਦੀਏ ਕੁਰਕੀ ਹੋਜੂ!"
-"ਦੇਖ ਲਓ ਬਾਈ ਜੀ! ਪੀਤੀ ਅਜੇ ਹੈਨ੍ਹੀ-ਪਹਿਲਾਂ ਹੀ ਗਾਲ੍ਹਾਂ ਸ਼ੁਰੂ ਹੋ ਗਈਆਂ।" ਪ੍ਰੀਤ ਨੇ ਸਿ਼ਕਵਾ ਕੀਤਾ।
-"ਨਾ ਬਈ! ਇਉਂ ਕਮਲ ਨਾ ਮਾਰ!"
ਪ੍ਰੀਤ ਬੋਤਲ ਅਤੇ ਸਬਜ਼ੀ ਟੇਬਲ 'ਤੇ ਰੱਖ ਗਈ।
-"ਬਾਈ ਤੈਨੂੰ ਤਾਂ ਐਨਾ ਉਦਾਸ ਕਦੇ ਨਹੀਂ ਸੀ ਦੇਖਿਆ? ਤੂੰ ਤਾਂ ਗਿੱਲੀ ਕੰਧ ਵਾਂਗੂੰ ਊਂਈਂ ਡਿੱਗਦਾ ਜਾਨੈਂ?" ਉਹ ਦੋ-ਦੋ ਪੈੱਗ ਲਾ ਕੇ ਵਾਹਵਾ ਸਰੂਰ ਵਿਚ ਹੋ ਗਏ ਸਨ। ਪ੍ਰੀਤ ਵੀ ਆਪਣੇ ਲਈ ਚਾਹ ਬਣਾ ਕੇ ਉਹਨਾਂ ਕੋਲ ਆ ਬੈਠੀ ਸੀ।
-"ਉਏ ਦੀਪਿਆ! ਨਿੱਕੇ ਭਾਈ! ਕੋਈ ਹੱਜ ਨ੍ਹੀ ਰਿਹਾ ਹੁਣ ਜਿਉਣ ਦਾ! ਜਿੰਦਗੀ ਦਾ ਭੌਰ ਤਾਂ ਹੁਣ ਉੱਡਜੂੰ-ਉੱਡਜੂੰ ਕਰਦੈ!" ਬੰਤੇ ਨੇ ਹਮਦਰਦਾਂ ਅੱਗੇ ਸੱਚੀਂ ਹੀ ਧਾਹ ਮਾਰੀ। ਸਿਰ ਫੇਰਿਆ। ਦਿਲ ਦੇ ਹੜ੍ਹ ਨੂੰ ਰੁਮਾਲ ਵਿਚ ਬੋਚ ਲਿਆ।
ਦੀਪ ਅਤੇ ਪ੍ਰੀਤ ਗੰਭੀਰ ਹੋ ਗਏ। ਬੰਤੇ ਦੇ ਰੋਣ ਨੇ ਉਹਨਾਂ ਦੇ ਕੋਮਲ ਦਿਲਾਂ 'ਤੇ ਸੱਟ ਮਾਰੀ ਸੀ। ਜਜ਼ਬਾਤ ਪਿਘਲਾ ਛੱਡੇ ਸਨ।
-"ਬਾਈ ਜੀ! ਤੁਸੀਂ ਕੋਈ ਜੀਵਨ ਸਾਥਣ ਕਿਉਂ ਨਹੀਂ ਲੱਭ ਲੈਂਦੇ? ਵੀਹ ਲੋੜਵੰਦ ਮਿਲ ਜਾਣਗੀਆਂ!" ਪ੍ਰੀਤ ਨੇ ਕਿਹਾ।
-"ਪ੍ਰੀਤ ਦੁਨੀਆਂ ਹੱਸੂ! ਮੈਂ ਦੁਨੀਆਂ ਤੋਂ ਡਰਦੈਂ!" ਉਸ ਨੇ ਨੱਕ ਸੁਣਕਦਿਆਂ ਕਿਹਾ।
-"ਤੇ ਦੁਨੀਆਂ ਹੁਣ ਨ੍ਹੀ ਤੁਹਾਡੇ ਨਾਲ ਰੋਂਦੀ? ਹੱਸਦੀ ਐ, ਹੱਸੀ ਜਾਵੇ! ਦੁਨੀਆਂ ਦੀ ਪ੍ਰਵਾਹ ਕਰਨੀ ਛੱਡੋ-ਜੇ ਦੁਨੀਆਂ ਦੀ ਪ੍ਰਵਾਹ ਕਰਕੇ ਚੱਲੋਂਗੇ-ਜਿੰਦਗੀ ਬਸਰ ਨਹੀਂ ਹੋਣੀ।" ਪ੍ਰੀਤ ਨੇ ਤਸਵੀਰ ਦਾ ਦੂਜਾ ਪਾਸਾ ਦਿਖਾਇਆ।
-"ਦੁਨੀਆਂ ਤਾਂ ਬਾਈ ਜੀ ਕੁਛ ਨਾ ਕੁਛ ਕਹੀ ਜਾਂਦੀ ਐ-ਜਿਹੜਾ ਦੁਨੀਆਂ ਦੀ ਪ੍ਰਵਾਹ ਨਾਲ ਲੈ ਕੇ ਤੁਰਦੈ-ਉਹ ਜਹਾਨ ਦਾ ਬੇਵਕੂਫ਼ ਐ-ਹਾਥੀ ਤੁਰਿਆ ਜਾਂਦੈ ਤੇ ਕੁੱਤੇ ਭੌਂਕਦੇ ਈ ਰਹਿੰਦੇ ਐ!" ਦੀਪ ਬੋਲਿਆ।
-"ਤੁਹਾਡਾ ਖੁਦ ਦਾ ਦਿਲ ਹੌਂਸਲਾ ਨ੍ਹੀ ਕਰਦਾ-ਅਸੀਂ ਤੁਹਾਡੀ ਮੱਦਦ ਕਰਦੇ ਐਂ।" ਪ੍ਰੀਤ ਡੁੱਬਦੇ ਬੰਤੇ ਲਈ ਤਿਣਕਾ ਸਹਾਰਾ ਬਣੀ ਖੜ੍ਹੀ ਸੀ। ਬੰਤੇ ਦਾ ਦਿਲ ਕੀਤਾ ਪ੍ਰੀਤ ਦੇ ਪੈਰ ਚੁੰਮ ਲਵੇ। ਉਹ ਪ੍ਰੀਤ ਦੇ ਦਿਲ ਅੰਦਰਲੇ ਰੱਬ ਦੇ ਦਰਸ਼ਣ ਕਰਨ ਲਈ ਉਸ ਵੱਲ ਟਿਕਟਿਕੀ ਲਾ ਕੇ ਵੇਖੀ ਜਾ ਰਿਹਾ ਸੀ।
-"ਜੁਆਨ ਧੀਆਂ-ਪੁੱਤ ਕੀ ਸੋਚਣਗੇ?" ਬੰਤੇ ਅੱਗੇ ਇਕ ਪਰਬਤ ਜਿੱਡੀ ਮੁਸੀਬਤ ਆ ਖੜ੍ਹੀ ਹੋਈ।
-"ਬਾਈ! ਜੁਆਕ ਤੇਰੇ ਯੂਰਪ ਵਿਚ ਜੰਮੇ ਤੇ ਉਥੇ ਈ ਪਲੇ ਐ-ਮੇਰਾ ਖਿਆਲ ਨਹੀਂ ਬਈ ਜੁਆਕ ਤੇਰੀ ਖਿ਼ਲਾਫ਼ੀਅਤ ਕਰਨਗੇ? ਇੱਕੀਵੀਂ ਸਦੀ ਆ ਗਈ-ਤੂੰ ਅਜੇ ਵੀ ਪਹਿਲੇ ਕੋਹਲੂ ਗੇੜਿਆਂ ਵਿਚ ਪਿਆ ਫਿਰਦੈਂ?"
-"ਸਦੀ ਚਾਹੇ 'ਕੱਤੀਵੀਂ ਆਜੇ ਦੀਪ! ਪਰ ਸਾਡੀ ਘੀਸੀ ਕਰਨ ਦੀ ਆਦਤ ਨ੍ਹੀ ਜਾਣੀਂ-ਸਾਡੇ ਸਮਾਜ ਦੇ ਰੀਤੀ ਰਿਵਾਜ਼ ਸਾਡੇ ਦਿਲਾਂ 'ਤੇ ਸੀਮਿੰਟ ਵਾਂਗੂੰ ਪਲੱਸਤਰ ਹੋਏ ਪਏ ਐ-ਇਹ ਤਾਂ ਕਿਸੇ ਪਰਲੋਂ ਨਾਲ ਈ ਟੁੱਟਣਗੇ!" ਬੰਤੇ ਨੇ ਬੋਤਲ ਦਾ ਗਲ ਮਰੋੜਦਿਆਂ ਕਿਹਾ।
-"ਤੇ ਪਰਲੋਂ ਲਿਆਊ ਕੌਣ-ਬਾਬਾ ਬਖਤੌਰਾ? ਤੇਰਾ ਬਾਈ ਐਥੇ ਈ ਸਾਰਾ ਓਹੜ੍ਹ ਪੋਹੜ੍ਹ ਕਰ ਦਿਆਂਗੇ-ਪਿੰਡ ਜਮਾਂ ਨਾ ਜਾਈਂ-ਚੁੱਪ ਚਾਪ ਅਗਲੀ ਨੂੰ ਲੈ ਕੇ ਆਸਟਰੀਆ ਵੱਜੀਂ-ਕੀ ਕਿਸੇ ਨੂੰ ਸੁਪਨਾ ਆਉਂਦੈ?"
-"ਜਿੰਨਾਂ ਚਿਰ ਅਗਲੀ ਦਾ ਵੀਜ਼ਾ ਨ੍ਹੀ ਲੱਗਦਾ-ਐਥੇ ਸਾਡੇ ਕੋਲੇ ਰਹਿਓ!" ਪ੍ਰੀਤ ਬੋਲੀ।
-"ਪਰ ਪ੍ਰੀਤ! ਉਥੇ ਆਸਟਰੀਆ 'ਚ ਵੀ ਬਥੇਰ੍ਹੇ ਪੰਜਾਬੀ ਬੈਠੇ ਐ-ਉਹਨਾਂ ਨੂੰ ਕਿਹੜਾ ਮੂੰਹ ਦਿਖਾਊਂ?" ਬੰਤਾ ਅੰਦਰੋਂ ਰੇਤ ਵਾਂਗ ਕਿਰੀ ਜਾ ਰਿਹਾ ਸੀ। ਧਰਵਾਸ ਨਹੀਂ ਫੜਦਾ ਸੀ।
-"ਬਾਈ ਜੀ! ਜੇ ਆਪਣੇ ਲੋਕ ਯੂਰਪ ਦੇ ਖੁੱਲ੍ਹੇ ਡੁੱਲ੍ਹੇ ਮਾਹੌਲ ਵਿਚ ਵੀ ਐਨੇ ਨੈਰੋ-ਮਾਂਈਡਿਡ ਐ-ਤਾਂ ਇਸ ਗੱਲ 'ਤੇ ਤਾਂ ਅਫ਼ਸੋਸ ਹੀ ਕੀਤਾ ਜਾ ਸਕਦੈ!"
-"ਤੁਹਾਨੂੰ ਕਿਹੈ ਨਾ ਬਾਈ ਜੀ! ਲੋਕਾਂ ਦੀ ਪ੍ਰਵਾਹ ਤਿਆਗ ਕੇ ਆਪਣੀ ਜਿ਼ੰਦਗੀ ਜੀਵੋ-ਤੁਰਦੀ ਦਾ ਨਾਂ ਗੱਡੀ ਐ ਤੇ ਖੜ੍ਹੀ ਦਾ ਨਾਂ ਕਬਾੜ-ਤੁਹਾਨੂੰ ਬੈਠਿਆਂ ਨੂੰ ਕਿਸੇ ਨੇ ਨ੍ਹੀ ਰੇੜ੍ਹੇ ਪਾਉਣਾ!" ਪ੍ਰੀਤ ਅਥਾਹ ਹੌਂਸਲੇ ਦਾ ਫ਼ਾਨਾ ਠੋਕੀ ਤੁਰੀ ਆ ਰਹੀ ਸੀ।
ਬੰਤਾ ਜੱਕੋ-ਤੱਕੀ ਜਿਹੀ ਵਿਚ ਚੁੱਪ ਸੀ। ਉਹ ਚਾਰੇ ਪਾਸਿਓਂ ਕਸੂਤਾ ਜਿਹਾ ਫ਼ਸਿਆ ਬੈਠਾ ਸੀ। ਪਰ ਨਸ਼ੇ ਕਾਰਨ ਹੁਣ ਉਤਨਾ ਗੰਭੀਰ ਨਹੀਂ ਸੀ।
-"ਤੁਸੀਂ ਇਉਂ ਕਰੋ-!" ਪ੍ਰੀਤ, ਦੀਪ ਵੱਲ ਹੁੰਦੀ ਹੋਈ ਬੋਲੀ।
-"ਬੋਲ-?"
-"ਤੁਸੀਂ ਕੱਲ੍ਹ ਨੂੰ ਈ ਆਪਣੇ ਅਖ਼ਬਾਰ ਵਿਚ ਬਾਈ ਬਾਰੇ ਇੱਕ ਇਸ਼ਤਿਹਾਰ ਦੇ ਦਿਓ-ਬਾਕੀ ਗੱਲ ਮੇਰੇ 'ਤੇ ਛੱਡੋ!"
-"ਠੀਕ ਐ।"
ਰੋਟੀ ਖਾ ਕੇ ਸਾਰੇ ਪੈ ਗਏ। ਦੀਪ ਅਤੇ ਬੰਤਾ ਇੱਕੋ ਕਮਰੇ ਵਿਚ ਅਤੇ ਪ੍ਰੀਤ ਅੰਦਰਲੇ ਕਮਰੇ ਵਿਚ ਬੱਚਿਆਂ ਕੋਲ ਪੈ ਗਈ ਸੀ। ਬੰਤਾ ਸਾਰੀ ਰਾਤ ਵੱਡੇ-ਵੱਡੇ ਘੁਰਾੜ੍ਹੇ ਮਾਰਦਾ ਰਿਹਾ ਸੀ।
ਅਗਲੇ ਦਿਨ ਦੀਪ ਨੇ ਪ੍ਰਮੁੱਖ ਪੰਜਾਬੀ ਅਖ਼ਬਾਰ ਵਿਚ 'ਜੀਵਨ ਸਾਥਣ ਦੀ ਲੋੜ' ਦਾ ਇਸ਼ਤਿਹਾਰ ਦੇ ਦਿੱਤਾ। ਐੱਡਰੈੱਸ ਉਸ ਨੇ ਆਪਣਾ ਹੀ ਦਿੱਤਾ ਸੀ।
ਉਹਨਾਂ ਦੀ ਆਸ ਤੋਂ ਜਿ਼ਆਦਾ ਪੱਤਰਾਂ ਦਾ ਤਾਂਤਾ ਲੱਗ ਗਿਆ। ਚਿੱਠੀ-ਪੱਤਰਾਂ ਦੀ ਨਿਗਰਾਨੀ ਪ੍ਰੀਤ ਹੀ ਕਰ ਰਹੀ ਸੀ।
ਕੋਈ ਬਾਂਝ ਔਰਤ ਵਿਆਹ ਕੇ ਛੱਡੀ ਹੋਈ ਸੀ। ਕਿਸੇ ਦਾ ਨਿੱਤ ਦੇ ਸ਼ਰਾਬੀ ਪਤੀ ਨਾਲ ਤਲਾਕ ਹੋ ਗਿਆ ਸੀ। ਕੋਈ ਦਾਜ ਦੇ ਲਾਲਚੀ ਸਹੁਰੇ ਮਿਲਣ ਕਾਰਨ ਘਰ ਬੈਠੀ ਸੀ। ਕਿਸੇ ਦਾ ਪਤੀ ਐਕਸੀਡੈਂਟ ਵਿਚ ਅਣਿਆਈ ਮੌਤ ਮਾਰਿਆ ਗਿਆ ਸੀ। ਕਿਸੇ ਦਾ ਪਤੀ ਖਾੜਕੂਵਾਦ ਦੀ ਭੇਂਟ ਚੜ੍ਹ ਗਿਆ ਸੀ। ਜਿਤਨੀਆਂ ਚਿੱਠੀਆਂ, ਉਤਨੇ ਹੀ ਭਾਂਤ-ਭਾਂਤ ਦੇ ਦੁੱਖੜੇ! ਪ੍ਰੀਤ ਨੂੰ ਜਾਪਿਆ ਕਿ ਸਾਰੀ ਦੁਨੀਆਂ ਹੀ ਦੁਖੀ ਸੀ। ਦੁਖੀ ਹੀ ਦੀ ਦੁਖੀ ਦਾਰੂ ਬਣਦਾ ਹੈ!
ਉਸ ਨੇ ਇਕ ਔਰਤ ਦੀ ਚੋਣ ਕੀਤੀ ਅਤੇ ਉਸ ਨੂੰ ਜਵਾਬੀ ਪੱਤਰ ਲਿਖ ਦਿੱਤਾ। ਅਗਲੇ ਹਫ਼ਤੇ ਐਤਵਾਰ ਨੂੰ ਉਹਨਾਂ ਕੋਲ ਪੁੱਜਣ ਲਈ ਬੇਨਤੀ ਕੀਤੀ।
ਸ਼ਨਿੱਚਰਵਾਰ ਸ਼ਾਮ ਨੂੰ ਹੀ 'ਨਾਂਹ-ਨਾਂਹ' ਕਰਦੇ ਬੰਤੇ ਦੇ ਕਲਫ਼ ਲਾ ਕੇ ਪ੍ਰੀਤ ਨੇ ਜੁਆਨ ਕਰ ਲਿਆ। ਮੰਡੀ 'ਤੇ ਲਿਜਾਣ ਤੋਂ ਪਹਿਲਾਂ ਬੁੱਢੀ ਮੱਝ ਦੇ ਸਿੰਗ ਚੋਪੜਨ ਵਾਂਗ!
ਸ਼ਾਮ ਨੂੰ ਦੀਪ ਘਰ ਆਇਆ ਤਾਂ ਬੰਤਾ 'ਮੋਰ' ਬਣਿਆਂ ਬੈਠਾ ਸੀ।
-"ਬੱਲੇ! ਵੱਡਾ ਭਾਈ ਤਾਂ ਪਛਾਣ 'ਚ ਈ ਨ੍ਹੀ ਆਉਂਦਾ!" ਉਹ ਇੰਜ ਗਿੜ-ਗਿੜ ਕਰਕੇ ਹੱਸਿਆ, ਜਿਵੇਂ ਸੁਰਾਹੀ 'ਚੋਂ ਪਾਣੀ ਡੱਲ੍ਹਦੈ! ਬੰਤਾ ਸ਼ਰਮ ਨਾਲ ਧਰਤੀ ਵਿਚ ਗਰਕਣ ਵਾਲਾ ਹੋਇਆ ਬੈਠਾ ਸੀ।
-"ਮੈਂ ਤਾਂ ਬਥੇਰ੍ਹਾ ਵਰਜਿਆ-ਪਰ ਸਹੁਰੀ ਸਿੱਧਰੀ ਨੇ ਮੇਰੀ ਇਕ ਨ੍ਹੀ ਸੁਣੀ-ਲੈ ਕੇ ਗਰੀਸ ਜਿਆ-ਮਿੰਟ 'ਚ ਗੱਡੇ ਮਾਂਗੂੰ ਚੋਪੜਤਾ!" ਜੁਆਕਾਂ ਸਣੇਂ ਸਾਰਾ ਪ੍ਰੀਵਾਰ ਹੱਸ ਪਿਆ।
-"ਤੂੰ ਬੋਤਲ ਲਿਆ ਯਾਰ-ਮੈਨੂੰ ਤਾਂ ਸਾਲੀ ਸੰਗ ਜੀ ਆਈ ਜਾਂਦੀ ਐ-ਕਮਲੇ ਹੋਈਏ ਘੁੱਟ ਲਾ ਕੇ।" ਬੰਤਾ ਬੋਲਿਆ।
-"ਤੂੰ ਪ੍ਰੀਤ ਤੋਂ ਈ ਮੰਗ ਲੈਣੀਂ ਸੀ-ਘਰੇ ਤਾਂ ਪਈ ਐ।"
-"ਮੈਂ ਤਾਂ ਮਿੱਤਰਾ ਡਰਦਾ ਰਿਹਾ ਬਈ ਕਿਤੇ ਮੇਰਾ ਰੰਗ ਗੋਰਾ ਕਰਨ ਦੀ ਮਾਰੀ ਸਫ਼ੈਦੀ ਕਰਨ ਆਲੀ ਕਲੀ ਨਾ ਪਿਆ ਦੇਵੇ।" ਹਾਸਾ ਫਿਰ ਉੱਚਾ ਉਠਿਆ।
-"ਅੱਜ ਜੁਆਕ ਵੀ ਕਹਿੰਦੇ ਅਖੇ ਤਾਇਆ ਜੀ ਡਰਾਇੰਗ ਰੂਮ 'ਚੋਂ ਪੁਰਾਣਾ ਸਮਾਨ ਬਾਹਰ ਸੁੱਟਣੈਂ-ਮੈਂ ਡਰਦਾ ਮਾਰਿਆ ਵਿਹੜੇ 'ਚ ਈ ਜਾ ਕੇ ਬਹਿ ਗਿਆ-ਬਈ ਕਿਤੇ ਮੈਨੂੰ ਵੀ ਨਾ ਪੁਰਾਣੇਂ ਸਮਾਨ ਸਮੇਤ ਬਾਹਰ ਮਾਰਨ!"
ਸਾਰਿਆਂ ਦੀਆਂ ਹੱਸਦਿਆਂ ਦੀਆਂ ਵੱਖੀਆਂ ਦੁਖਣ ਲੱਗ ਪਈਆਂ। ਬੰਤਾ ਇਸ ਪ੍ਰੀਵਾਰ ਵਿਚ ਆ ਕੇ ਸਾਰੇ ਦੁੱਖ ਭੁੱਲ ਗਿਆ ਸੀ। ਰਵਾਂ ਜਿਹਾ ਹੋ ਗਿਆ ਸੀ। ਖ਼ੁਸ਼-ਗਵਾਰ ਮਾਹੌਲ ਬੰਦੇ ਨੂੰ ਵੈਸੇ ਵੀ ਤੰਦਰੁਸਤ ਅਤੇ ਤਾਜ਼ਾ ਕਰ ਦਿੰਦਾ ਹੈ।
ਰਾਤ ਨੂੰ ਬੋਤਲ ਖਾਲੀ ਕਰ ਉਹਨਾਂ ਨੇ ਰੋਟੀ ਖਾ ਲਈ।
-"ਸੱਚ ਦੱਸਿਓ ਬਈ ਬਾਈ ਜੀ ਕਿਹੋ ਜੇ ਲੱਗਦੇ ਐ?" ਪ੍ਰੀਤ ਦੀਪ ਵੱਲੋਂ ਥਾਪੀ ਦੀ ਆਸ ਲਾਈ ਬੈਠੀ ਸੀ।
-"ਮੈਂ ਕਹਿੰਨੈਂ ਜਮਾਂ ਈ ਕਲ੍ਹੈਹਰੀ ਮੋਰ ਲੱਗਦੈ!"
ਸਾਰੇ ਹੱਸ ਪਏ।
-"ਕਰ ਲਓ-ਕਰ ਲਓ ਟਿੱਚਰਾਂ ਨਿੱਕਿਓ! ਥੋਡੇ ਦਿਨ ਐਂ!" ਬੰਤੇ ਦੀਆਂ ਅੱਖਾਂ ਵਿਚ ਨਸ਼ਾ ਲਾਟ ਵਾਂਗ ਡੋਲ ਰਿਹਾ ਸੀ।
-"ਮੈਂ ਕਹਿੰਨੈਂ-ਕੱਲ੍ਹ ਨੂੰ ਆਈ ਅਗਲੀ ਜਮਾਂ ਨ੍ਹੀ ਮੁੜਦੀ-ਤੱਕੜੀ ਮਾਂਗੂੰ ਨਾ ਤੋਲ ਲਿਆ ਅਗਲੀ ਨੇ-ਤਾਂ ਕਹਿਓ!"
ਅਗਲੇ ਦਿਨ ਇੱਕ ਚਾਲੀ ਕੁ ਸਾਲਾਂ ਦੀ ਔਰਤ ਇਕ ਅੱਧਖੜ੍ਹ ਜਿਹੇ ਬੰਦੇ ਨਾਲ ਆਈ। ਮੋਟੀਆਂ ਅੱਖਾਂ ਉਪਰ ਉਸ ਨੇ ਸੇਹਲੀਆਂ 'ਤਲਵਾਰ' ਬਣਾਈਆਂ ਹੋਈਆਂ ਸਨ। ਗੱਦਰ ਔਰਤ ਹੱਡਾਂ ਦੀ ਮੋਟੀ ਅਤੇ ਗੱਲ ਕਰਨ ਵਿਚ ਪੂਰੀ 'ਚੰਟ' ਲੱਗਦੀ ਸੀ। ਥੱਲ-ਥੱਲ ਕਰਦੇ ਸਰੀਰ ਨੂੰ ਸਾਂਭਦੀ ਉਹ ਹਰ ਗੱਲ ਨਾਲ ਦੰਦੀਆਂ ਜਿਹੀਆਂ ਕੱਢਦੀ ਸੀ। ਚੌੜੇ ਚੁਗਾਠੇ ਵਾਲੀ ਇਸ ਔਰਤ ਦੀਆਂ ਅੱਖਾਂ ਸ਼ੈਤਾਨ ਵਾਂਗ ਵਿਹੜੇ ਵਿਚ ਘੁਕੀ ਜਾ ਰਹੀਆਂ ਸਨ। ਸਿਰ ਦੇ ਬੱਗੇ ਵਾਲ ਕਾਲੇ ਕੀਤੇ ਪ੍ਰਤੱਖ ਦਿਖਾਈ ਦਿੰਦੇ ਸਨ। ਹੰਢੀ-ਵਰਤੀ ਔਰਤ ਕੋਈ ਸਾਊ ਨਜ਼ਰ ਨਹੀਂ ਆਉਂਦੀ ਸੀ। ਉਸ ਦੇ ਨਾਲ ਆਇਆ ਆਦਮੀ ਘੁੱਗੂ ਜਿਹਾ ਹੋਇਆ ਬੈਠਾ ਸੀ। ਉਸ ਨੇ ਆਪਣਾ ਨਾਂ 'ਸੁਰੀਤਾ ਰਾਣੀ' ਦੱਸਿਆ ਸੀ। ਪ੍ਰੀਤ ਉਸ ਨਾਲ ਗੱਲੀਂ ਪਈ ਹੋਈ ਸੀ। ਬੰਤਾ ਅਤੇ ਦੀਪ ਉੱਪਰ ਚੁਬਾਰੇ ਵਿਚ ਬੈਠੇ ਪੈੱਗ-ਸ਼ੈੱਗ ਮਾਰ ਰਹੇ ਸਨ। ਸੰਗ ਲਾਹੁੰਣ ਲਈ।
-"ਇਹ ਭਾਈ ਸਾਹਿਬ?" ਪ੍ਰੀਤ ਨੇ ਉਸ ਬੰਦੇ ਵੱਲ ਇਸ਼ਾਰਾ ਕਰਕੇ ਸੁਰੀਤਾ ਨੂੰ ਪੁੱਛਿਆ।
-"ਇਹ ਮੇਰੇ ਮਾਮਾ ਜੀ ਦੇ ਲੜਕੇ ਹਨ।" ਉਸ ਨੇ ਸੰਖੇਪ ਗੱਲ ਕੀਤੀ। ਜਦ ਪ੍ਰੀਤ ਨੇ ਸੁਰੀਤਾ ਬਾਰੇ ਪੁੱਛਿਆ ਤਾਂ ਉਹ ਰੋ ਪਈ।
-"ਮੇਰੇ ਪਤੀ ਹਾਈਕੋਰਟ ਵਿਚ ਵਕੀਲ ਸਨ-ਅਦਾਲਤ ਤੋਂ ਬਾਹਰ ਨਿਕਲਦਿਆਂ ਅੱਤਿਵਾਦੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ-ਉਹਨਾਂ ਦਾ ਸਦਮਾ ਨਾ ਸਹਾਰਦੇ ਹੋਏ ਮੇਰੇ ਪਿਤਾ ਜੀ ਵੀ ਹਾਰਟ ਅਟੈਕ ਹੋਣ ਕਾਰਨ ਚੱਲ ਵਸੇ-ਸਹੁਰਿਆਂ ਨੇ ਚੰਦਰੀ ਆਖ ਪੇਕੀਂ ਵਾੜ ਦਿੱਤੀ-ਇਕ ਰੰਡੀ ਭੈਣ ਪਹਿਲਾਂ ਵੀ ਘਰੇ ਬੈਠੀ ਹੈ-ਹੁਣ ਤਾਂ ਬਿਰਧ ਮਾਂ ਤੇ ਆਹ ਭਾਈ ਦੇ ਆਸਰੇ ਦਿਨ ਕਟੀ ਕਰਦੀ ਹਾਂ।" ਉਸ ਦੇ ਹਟਕੋਰ੍ਹੇ ਉੱਚੇ ਹੋ ਗਏ।
-"ਕੋਈ ਬੱਚਾ?" ਪ੍ਰੀਤ ਨੇ ਉਸ ਨੂੰ ਪਲੋਸਿਆ।
-"ਕੋਈ ਨਹੀਂ।" ਉਸ ਨੇ ਨੱਕ ਪੂੰਝਦਿਆਂ ਦੱਸਿਆ।
ਪ੍ਰੀਤ ਉਸ ਦੇ ਦਰਦ ਵਿਚ ਪਾਣੀ-ਪਾਣੀ ਹੋਈ ਬੈਠੀ ਸੀ। ਉਸ ਨੇ ਬੰਤੇ ਦੀ ਸਾਰੀ ਕਹਾਣੀ ਕਹਿ ਸੁਣਾਈ। ਗੱਲ ਸਾਫ਼ ਹੋ ਜਾਣ 'ਤੇ ਪ੍ਰੀਤ ਨੇ ਉਹਨਾਂ ਨੂੰ ਹੇਠਾਂ ਬੁਲਾ ਲਿਆ। ਚਾਹ-ਪਾਣੀ ਪੀਤਾ ਗਿਆ। ਦੇਖ-ਰੇਖ ਹੋ ਗਈ। ਫ਼ੈਸਲਾ ਹੋ ਗਿਆ। ਮੂੰਹ ਮਿੱਠਾ ਕੀਤਾ ਗਿਆ। ਦੁਪਹਿਰੋਂ ਬਾਅਦ ਉਹ ਵਿਦਾ ਹੋ ਗਏ।
-"ਇਹ ਤਾਂ ਬਾਹਲਾ ਈ ਬੁੜ੍ਹਾ ਜਿਐ।" ਰਸਤੇ ਵਿਚ ਸੁਰੀਤਾ ਤਾੜੀ ਮਾਰ ਕੇ ਹੱਸੀ।
-"ਤੂੰ ਟਿੰਢੀਆਂ ਲੈਣੀਐਂ? ਆਬਦਾ ਕੰਮ ਕੱਢ-ਪਰ ਇਕ ਗੱਲ ਐ! ਤੂੰ ਐਕਟਿੰਗ ਬਹੁਤ ਸੋਹਣੀ ਕਰ ਲੈਨੀਂ ਐਂ।" ਨਾਲ ਆਇਆ ਬੰਦਾ ਹੱਸਿਆ, "ਐਸੀ ਐਕਟਿੰਗ ਕੀਤੀ-ਸਾਰੇ ਈ ਖੂੰਜੇ ਲਾਤੇ-ਬੁੜ੍ਹਾ ਤਾਂ ਤੇਰੀ ਮਾਲਸ਼ ਕਰਦਾ ਫਿਰਿਆ ਕਰੂ!"
ਅਸਲ ਵਿਚ ਸੁਰੀਤਾ ਕੋਈ ਵਿਧਵਾ ਔਰਤ ਨਹੀਂ ਸੀ। ਪਿਉ ਦੀ ਛਤਰ ਛਾਇਆ ਸਿਰ 'ਤੇ ਨਾ ਹੋਣ ਕਾਰਨ, ਕਾਲਜ ਸਮੇਂ ਹੀ ਪਹਿਲਾਂ ਬੱਸਾਂ ਦੇ ਡਰਾਈਵਰਾਂ-ਕੰਡਕਟਰਾਂ ਦੇ ਢਹੇ ਚੜ੍ਹ ਕੇ ਖੇਹ ਖਾਂਦੀ ਰਹੀ। ਫਿਰ ਜਦ ਇਕ ਦਿਨ ਪੁਲਸ ਨੇ ਰੰਗੇ ਹੱਥੀਂ ਫੜ ਲਈ ਤਾਂ ਠਾਣੇਂ ਵਿਚ ਉਹਨਾਂ ਨੇ 'ਲਾਦੂ' ਕੱਢ ਲਈ। ਬਦਮਾਸ਼ਾਂ ਦੇ ਨਾਲ ਵਿਗੜੀ ਔਰਤ ਨੇ ਰਲ ਕੇ ਵੇਸਵਾਪੁਣਾ ਅਪਣਾ ਲਿਆ। ਵੱਡੇ-ਵੱਡੇ ਹੋਟਲਾਂ ਵਿਚ ਜਾ ਕੇ ਉਹ ਸਾਰੀ-ਸਾਰੀ ਰਾਤ ਚੰਗੇ ਅਮੀਰ ਬੰਦਿਆਂ ਨੂੰ 'ਖੁਸ਼' ਕਰਦੀ। ਪੂਰਾ ਪੰਜ ਹਜ਼ਾਰ ਇਕ ਰਾਤ ਦਾ ਲੈਂਦੀ। ਬੁੱਢੀ ਅਤੇ ਸਾਊ ਮਾਂ ਦੀ ਉਹ ਕੱਖ ਪ੍ਰਵਾਹ ਨਾ ਕਰਦੀ। ਸਗੋਂ ਆਪਣੀ ਛੋਟੀ ਭੈਣ ਨੂੰ ਵੀ ਇਸ ਧੰਦੇ ਵੱਲ ਪ੍ਰੇਰਿਤ ਕਰਨ ਲੱਗ ਪਈ। ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦੈ। ਹੌਲੀ-ਹੌਲੀ ਦਲੀਲਾਂ ਦੇ ਕੇ, ਲਾਲਚ ਵੱਸ ਕਰਕੇ ਉਸ ਨੇ ਛੋਟੀ ਭੈਣ ਨੂੰ ਵੀ ਆਪਣੇ ਰਸਤੇ ਤੋਰ ਲਿਆ। ਜਿਸ ਨੂੰ ਉਹ ਆਪਣੇ ਮਾਮਾ ਜੀ ਦਾ ਲੜਕਾ ਦੱਸਦੀ ਸੀ, ਉਹ ਉਹਨਾਂ ਦਾ 'ਦਲਾਲ' ਅਤੇ ਦੱਲਾ ਸੀ। ਉਹ ਵੱਡੇ-ਵੱਡੇ ਹੋਟਲਾਂ ਦੇ ਮੈਨੇਜਰਾਂ ਨਾਲ ਸਾਂਢਾ-ਗਾਂਢਾ ਰੱਖਦਾ। ਫ਼ੀਸ ਤੈਅ ਕਰਦਾ ਅਤੇ ਆਪਣਾ ਹਿੱਸਾ ਕੱਢ ਕੇ ਕੁਝ ਹਿੱਸਾ ਹੋਟਲ ਮੈਨੇਜਰ ਨੂੰ ਵੀ ਦਿੰਦਾ।
ਰਿਸ਼ਤੇਦਾਰਾਂ ਨੂੰ ਵਿਚ ਪਾ ਕੇ ਉਸ ਦੀ ਮਾਂ ਨੇ ਉਸ ਦੀ ਸ਼ਾਦੀ ਵੀ ਕਰ ਦਿੱਤੀ। ਪਰ ਜਦੋਂ ਅੰਬ ਟੁੱਕਣ ਦੀ ਬੁਰੀ ਆਦਤ ਪੈ ਜਾਵੇ, ਕਦੋਂ ਤੋਤਾ ਇਕ ਟਾਹਣੀ 'ਤੇ ਟਿਕ ਕੇ ਬੈਠਦੈ? ਸੁਰੀਤਾ ਨਿੱਤ ਨਵੇਂ ਯਾਰ ਅਤੇ ਗਾਹਕ ਭੁਗਤਾਉਂਦੀ। ਪਰ ਅੱਖੀਂ ਦੇਖ ਕੇ ਮੱਖੀ ਕੌਣ ਨਿਗਲਦੈ? ਪਤੀ ਨੇ ਸੁਰੀਤਾ ਨੂੰ ਵਰਜਣਾ ਚਾਹਿਆ। ਪਰ ਸੁਰੀਤਾ ਨੇ ਦੱਲਿਆਂ ਤੋਂ ਉਸ ਦੀ ਖੁੰਬ ਠਪਾ ਦਿੱਤੀ ਅਤੇ ਉਹ ਆਪ ਹੀ ਕਿਨਾਰਾ ਕਰ ਗਿਆ। ਨਿੱਤ ਦੱਲਿਆਂ ਦੇ ਦੁਲੱਤੇ ਕੌਣ ਖਾਂਦਾ? ਸੁਰੀਤਾ ਦਾ ਬਿਜ਼ਨਿਸ ਵਧੀਆ ਤੁਰੀ ਜਾ ਰਿਹਾ ਸੀ। ਉਸ ਦੀ ਛੋਟੀ ਭੈਣ ਵੱਖ ਲਹਿਰਾਂ ਲਾਈ ਜਾ ਰਹੀ ਸੀ। ਬਿਜ਼ਨਿਸ ਵਿਚ ਖੜੋਤ ਤਦ ਆ ਗਈ, ਜਦ ਮੀਡੀਏ ਨੇ 'ਏਡਜ਼' ਬਾਰੇ ਧੂੰਆਂਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ। ਜਿਸ ਕੰਜਰਖਾਨੇ ਨੂੰ ਸਰਕਾਰ ਵੀ ਨਹੀਂ ਠੱਲ੍ਹ ਸਕੀ ਸੀ, ਉਹ ਏਡਜ਼ ਨੇ 'ਜਾਮ' ਕਰ ਦਿੱਤਾ ਸੀ! ਸੁਰੀਤਾ ਦਾ ਕਾਰੋਬਾਰ ਤਕਰੀਬਨ ਠੱਪ ਹੋ ਗਿਆ। ਹੁਣ ਉਹ ਘਰੇ ਬੈਠੀ ਮੱਖੀਆਂ ਮਾਰਦੀ ਰਹਿੰਦੀ। ਹੋਰ ਤਾਂ ਹੋਰ ਹੁਣ ਤਾਂ ਉਹ ਖਰਚੇ ਵੱਲੋਂ ਵੀ ਤੰਗ ਹੋ ਗਈ ਸੀ। ਬੈਂਕ ਵਿਚ ਪਈ ਰਕਮ ਲੂਣ ਵਾਂਗ ਖੁਰਨੀ ਸ਼ੁਰੂ ਹੋ ਗਈ ਤਾਂ ਸੁਰੀਤਾ ਨੂੰ ਆਪਣੇ ਭਵਿੱਖ ਦਾ ਫਿ਼ਕਰ ਪੈ ਗਿਆ। ਹੁਣ ਅਖ਼ਬਾਰ ਵਿਚ ਛਪੇ ਇਸ਼ਤਿਹਾਰ ਨੂੰ ਪੜ੍ਹ ਕੇ ਦੱਲੇ ਸਕੀਮ ਦੱਸੀ ਸੀ।
-"ਕੋਈ ਬੁੱਢਾ ਬਿਜ਼ਨਿਸਮੈਨ ਜਾਂ ਅਮੀਰ ਵਿਦੇਸ਼ੀ ਹੱਥ ਹੇਠ ਕਰ! ਭੋਰ-ਭੋਰ ਖਾਵਾਂਗੇ-ਸਲੋਅ ਪੁਆਇਜ਼ਨ ਦੇ ਕੇ ਪਾਰ ਬੁਲਾ ਦਿਆਂਗੇ-ਫਿਰ ਕਾਨੂੰਨੀ ਤੌਰ 'ਤੇ ਸਾਰਾ ਕੁਛ ਤੇਰਾ-ਐਸ਼ ਕਰਾਂਗੇ।"
-"ਪਰ ਬੁੱਢੇ ਦੀਆਂ ਲਾਲ੍ਹਾਂ ਕੌਣ ਚੱਟੂ?" ਸੁਰੀਤਾ ਨੇ ਉਲਟਾ ਸੁਆਲ ਦਾਗਿਆ ਸੀ।
-"ਹੁਣ ਨ੍ਹੀ ਚੱਟਦੀ? ਕੰਜਰੀ ਨੂੰ ਮੜਕ ਨ੍ਹੀ ਸੋਭਦੀ! ਅੰਨ੍ਹਾਂ ਕਾਣਾ ਕਬੂਲ ਕਰਨਾ ਪੈਂਦੈ!"
-"ਮੈਂ ਕੰਜਰੀ ਐਂ ਹਰਾਮਦਿਆ?"
-"ਹੋਰ ਤੂੰ ਸਾਧਣੀ ਐਂ...? ਹਜਾਰ ਬੰਦਾ ਉਤੋਂ ਦੀ ਟਪਾ ਕਰਕੇ ਹੁਣ ਤੂੰ ਬਣਨ ਤੁਰਪੀ ਸਤੀ ਸਵਿਤੱਰੀ? ਕੰਜਰੀ ਜਦੋਂ ਆਕੜ ਕਰਨ ਲੱਗ ਪਵੇ-ਭੁੱਖੀ ਈ ਮਰਦੀ ਐ! ਮੈਂ ਤਾਂ ਕੋਈ ਹੋਰ ਸਾਧਨ ਕਰ ਲਊਂ-ਪਰ ਤੂੰ ਔਖੀ ਹੋਵੇਂਗੀ-ਸੋਚ ਲੈ!" ਤੇ ਦੱਲੇ ਦੀਆਂ ਦਲੀਲਾਂ ਨੇ ਉਸ ਨੂੰ ਪੂਛ 'ਤੇ ਨਚਾ ਲਿਆ ਸੀ। ਕਾਫ਼ੀ ਸੋਚ ਵਿਚਾਰ ਬਾਅਦ ਉਹ ਵਕਤੀ ਤੌਰ 'ਤੇ ਬੰਤੇ ਦੇ ਘਰੇ ਵਸਣ ਲਈ ਮਜ਼ਬੂਰ ਹੋ ਗਈ ਅਤੇ ਦੱਲਾ ਮਾਮੇ ਦਾ ਲੜਕਾ ਬਣ ਕੇ ਨਾਲ ਗਿਆ ਸੀ।
ਪਹਿਲੀ ਪਤਨੀ ਦਾ 'ਡੈੱਥ-ਸਰਟੀਫਿ਼ਕੇਟ' ਪੇਸ਼ ਕਰਨ ਤੋਂ ਬਾਅਦ ਬੰਤੇ ਅਤੇ ਸੁਰੀਤਾ ਰਾਣੀ ਦੀ ਕੋਰਟ-ਮੈਰਿਜ ਰਜਿਸਟਰ ਹੋ ਗਈ। ਪ੍ਰੀਤ, ਦੀਪ, ਸੁਰੀਤਾ ਅਤੇ 'ਮਾਮੇ ਦਾ ਪੁੱਤ' ਦਲਬੀਰ ਹੀ ਕੋਰਟ ਪੁੱਜੇ ਸਨ। ਬੰਤੇ ਦੀ ਸਪਾਂਸਰ 'ਤੇ ਸੁਰੀਤਾ ਨੂੰ ਹਫ਼ਤੇ ਕੁ ਬਾਅਦ ਹੀ ਵੀਜ਼ਾ ਮਿਲ ਗਿਆ। ਬੰਤਾ ਖੁਸ਼ ਸੀ। ਸੁਰੀਤਾ ਖੁਸ਼ ਸੀ। ਦੱਲਾ ਖੁਸ਼ ਸੀ ਅਤੇ ਬੇਖ਼ਬਰ, ਨਾਵਕਿਫ਼ ਪ੍ਰੀਤ ਅਤੇ ਦੀਪ ਬਾਗੋਬਾਗ ਸਨ।
ਦੂਜੇ ਹਫ਼ਤੇ ਬੰਤਾ ਅਤੇ ਸੁਰੀਤਾ ਆਸਟਰੀਆ ਪਹੁੰਚ ਗਏ।
ਮਹੀਨਾ ਕੁ ਭਰ ਤਾਂ ਸੁਰੀਤਾ ਨੇ ਬੰਤੇ ਦੀ ਚੰਗੀ ਟਹਿਲ ਸੇਵਾ ਕੀਤੀ, ਪਲੋਸਿਆ। ਲੱਤਾਂ ਘੁੱਟੀਆਂ। ਮਾਲਸ਼ ਕੀਤੀ। ਸੰਤੁਸ਼ਟ ਰੱਖਿਆ। ਪਰ ਸਾਰਾ ਭੇਦ ਲੈਣ ਤੋਂ ਬਾਅਦ ਉਸ ਨੇ ਆਪਣਾ ਰੰਗ ਦਿਖਾਉਣਾ ਸੁਰੂ ਕਰ ਦਿੱਤਾ। ਤਰ੍ਹਾਂ-ਤਰ੍ਹਾਂ ਦੇ ਸੁਆਲ, ਖ਼ਾਹਿਸ਼ਾਂ ਠੋਸਣੀਆਂ ਸੁਰੂ ਕਰ ਦਿੱਤੀਆਂ: ਬੀਜੀ ਤੰਗ ਨੇ, ਪੈਸੇ ਭੇਜਣੇ ਪੈਣਗੇ, ਭੂਆ ਦੇ ਮੁੰਡੇ ਨੂੰ ਸਕੂਟਰ ਲੈਣ ਲਈ ਪੈਸੇ ਚਾਹੀਦੇ ਹਨ, ਛੋਟੀ ਬਿਮਾਰ ਹੈ, ਹਸਪਤਾਲ ਦੀ ਫ਼ੀਸ ਤਾਰਨੀ ਹੈ...ਆਦਿ, ਆਦਿ...!
ਮਹੀਨੇ ਵਿਚ ਹੀ ਬੰਤੇ ਦੇ ਨੱਕ ਵਿਚ ਦਮ ਆ ਗਿਆ। ਦੋ ਮਹੀਨਿਆਂ ਵਿਚ ਹੀ ਉਹ ਤਕਰੀਬਨ ਡੇੜ੍ਹ ਲੱਖ ਰੁਪਏ ਦਲਬੀਰ ਦੇ ਨਾਂ 'ਤੇ ਭੇਜ ਚੁੱਕਾ ਸੀ। ਬੰਤੇ ਦੇ ਸਬਰ ਦਾ ਬੰਨ੍ਹ ਤਾਂ ਉਦੋਂ ਟੁੱਟਿਆ ਜਦੋਂ ਉਸ ਨੇ ਸੁਰੀਤਾ ਨੂੰ ਆਪਣੇ ਕਿਰਾਏਦਾਰ ਨਾਲ ਨਗਨ ਹਾਲਤ ਵਿਚ ਰੰਗੇ ਹੱਥੀਂ ਫੜ ਲਿਆ। ਹਰ ਰੋਜ ਹਰੀ ਅੰਗੂਰੀ ਚਰਨ ਵਾਲੀ ਸੁਰੀਤਾ, ਇਕ ਕਿੱਲੇ ਨਾਲ ਬੱਝੀ ਕਦੋਂ ਰਹਿੰਦੀ ਸੀ? ਨਾਲੇ ਬੰਤੇ ਵਿਚਾਰੇ ਤੋਂ ਉਸ ਦਾ ਬਣਦਾ ਵੀ ਕੀ ਸੀ? ਸੁਰੀਤਾ ਤਾਂ ਬੋੜਾ ਖੂਹ ਸੀ, ਜਿਸ ਨੂੰ ਭਰਨਾ ਬੰਤੇ ਦੇ ਵੱਸ ਦਾ ਰੋਗ ਨਹੀਂ ਸੀ। ਉਸ ਨੇ ਸੁਰੀਤਾ ਦੀ ਵਜਾਏ ਕਿਰਾਏਦਾਰ ਨੂੰ ਸੰਘੀ ਤੋਂ ਜਾ ਫੜਿਆ।
-"ਤੂੰ ਮੇਰਿਆ ਸਾਲਿਆ! ਮੇਰੇ ਘਰੇ ਰਹਿ ਕੇ-ਮੇਰੇ ਈ ਪੈਰ ਵਾਹੁੰਣ ਲੱਗ ਪਿਆ?" ਤਾਂ ਕਿਰਾਏਦਾਰ ਨੇ ਸੱਚੀ ਗੱਲ ਇੱਟ ਵਾਂਗ ਮੱਥੇ ਵਿਚ ਮਾਰੀ।
-"ਭਾਅ ਜੀ! ਮੈਂ ਤਾਂ ਬਥੇਰ੍ਹਾ ਟਾਅਲਾ ਕਰਦਾ ਸੀ-ਪਰ ਇਹ ਈ ਅੱਗ ਤੋਂ ਦੀ ਲਿਟਦੀ ਐ-ਤੁਹਾਡੇ ਬਾਹਰ ਜਾਣ ਤੋਂ ਬਾਅਦ ਹੀ ਲੀੜੇ ਲਾਹ ਕੇ ਐਥੇ ਆ ਖੜ੍ਹਦੀ ਐ।"
-"ਚੱਲ ਨਿਕਲ ਮੇਰੇ ਘਰੋਂ! ਨਿਕਲ ਹਰਾਮਜ਼ਾਦਿਆ...!" ਉਸ ਨੇ ਕਿਰਾਏਦਾਰ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ।
-"ਨਿਕਲ ਤਾਂ ਮੈਂ ਭਾਅ ਜੀ ਜਾਨੈਂ-ਪਰ ਜਿਹੜੇ ਇਹਨੇ ਮੈਥੋਂ ਪੈਸੇ ਆਬਦੀ ਕੁੜੀ ਨੂੰ ਭੇਜਣ ਆਸਤੇ ਲਏ ਸੀ-ਉਹ ਕੌਣ ਦਿਊ?" ਇਕ ਹੋਰ ਗੱਲ ਕਪਾਲ ਵਿਚ ਆ ਵੱਜੀ।
-"ਇਹਦੇ ਤਾਂ ਕੋਈ ਜੁਆਕ ਈ ਹੈਨ੍ਹੀ...?" ਉਹ ਪਿੱਟਣ ਵਾਲਾ ਹੋਇਆ ਖੜ੍ਹਾ ਸੀ।
-"ਇਹ ਕਹਿੰਦੀ ਐ ਮੇਰੀ ਪੰਜ ਸਾਲ ਦੀ ਕੁੜੀ ਐ-ਸਾਹਮਣੇ ਖੜ੍ਹੀ ਐ-ਪੁੱਛ ਲਓ...!"
-"ਕਿਉਂ ਨੀ ਕੁੱਤੀਏ...?"
ਸੁਰੀਤਾ ਚੁੱਪ ਸੀ। ਉਸ ਦੀ ਚੋਰੀ ਫੜੀ ਗਈ ਸੀ।
ਗੁਆਂਢੀ ਕਿਰਾਏਦਾਰ ਤੁਰ ਗਿਆ।
ਬੰਤਾ ਵੀ ਸੁਰੀਤਾ ਨੂੰ ਮਾੜਾ-ਮੋਟਾ, ਧੌਲ-ਧੱਫ਼ਾ ਕਰਕੇ ਬਾਹਰ ਨਿਕਲ ਗਿਆ। ਬੰਤੇ ਦੇ ਜਾਣ ਤੋਂ ਬਾਅਦ ਸੁਰੀਤਾ ਨੇ ਦੱਲੇ ਨੂੰ ਫ਼ੋਨ ਕੀਤਾ ਤਾਂ ਦੱਲੇ ਨੇ ਠੋਸ ਰਾਇ ਦਿੱਤੀ।
-"ਆਪਦੇ ਆਪ ਚਾਕੂ ਮਾਰ ਕੇ ਪੁਲਸ ਦੇ ਚਲੀ ਜਾਹ-ਤਲਾਕ ਅਪਲਾਈ ਕਰ ਦੇਹ-ਤੂੰ ਅੱਧ ਦੀ ਮਾਲਕ ਐਂ!" ਦੱਲਾ ਕਦੇ ਜਰਮਨ ਰਿਹਾ ਸੀ। ਜਿਸ ਕਰਕੇ ਉਹ ਯੂਰਪ ਦੇ ਕਾਨੂੰਨ ਪ੍ਰਤੀ ਮਾੜਾ-ਮੋਟਾ ਗਿਆਨ ਰੱਖਦਾ ਸੀ।
ਦੱਲੇ ਦੀ ਰਾਇ 'ਤੇ ਸੁਰੀਤਾ ਨੇ ਕਿਚਨ ਵਿਚ ਹੀਟਰ ਉਪਰ ਚਾਕੂ ਗਰਮ ਕਰਕੇ ਲੱਤਾਂ-ਬਾਹਾਂ 'ਤੇ ਥਾਂ-ਥਾਂ ਲਾ ਲਏ ਅਤੇ ਆਪਣੇ ਆਪ ਨੂੰ ਜ਼ਖਮੀ ਕਰਕੇ ਪੁਲੀਸ ਸਟੇਸ਼ਨ ਜਾ ਪਹੁੰਚੀ। ਪੁਲੀਸ ਨੇ ਦੁਭਾਸ਼ੀਆ ਬੁਲਾ ਕੇ ਸੁਰੀਤਾ ਦੇ ਬਿਆਨ ਲਏ ਅਤੇ ਹਸਪਤਾਲ ਭੇਜ ਦਿੱਤਾ। ਬਿਆਨਾਂ ਦੇ ਆਧਾਰ 'ਤੇ ਬੰਤੇ ਨੂੰ ਗ੍ਰਿਫ਼ਤਾਰ ਕਰ ਲਿਆ। ਬੰਤਾ ਪੁਲੀਸ ਕੋਲ ਦੁਹਾਈ ਦੇਈ ਜਾ ਰਿਹਾ ਸੀ।
-"ਮੈਂ ਤਾਂ ਜੀ ਮਾੜਾ ਜਿਆ ਧੌਲ ਧੱਫਾ ਈ ਕੀਤਾ ਸੀ-ਪਰ ਚਾਕੂ ਚੂਕੂ ਮੈਂ ਕੋਈ ਨਹੀਂ ਮਾਰਿਆ।" ਉਹ ਆਪਣੇ ਥਾਂ ਬਿਲਕੁਲ ਸੱਚਾ ਸੀ। ਖ਼ੈਰ! ਪੁਲੀਸ ਨੇ ਉਸ ਦੇ ਬਿਆਨਾਂ 'ਤੇ ਕੁਝ ਕੁ ਵਿਸ਼ਵਾਸ ਕਰਕੇ ਉਸ ਨੂੰ ਛੱਡ ਦਿੱਤਾ। ਸਾਰਾ ਕੇਸ ਅਦਾਲਤ ਸਪੁਰਦ ਕਰ ਦਿੱਤਾ ਅਤੇ ਠੀਕ ਹੋਣ 'ਤੇ ਸੁਰੀਤਾ ਰਾਣੀ ਨੂੰ ਨਿਆਸਰੀਆਂ ਔਰਤਾਂ ਨੂੰ ਸਾਂਭਣ ਵਾਲੀ ਸੰਸਥਾ ਕੋਲ ਤੋਰ ਦਿੱਤਾ। ਸੰਸਥਾ ਰਾਹੀਂ ਸੁਰੀਤਾ ਨੇ ਤਲਾਕ ਵੀ ਅਪਲਾਈ ਕਰ ਦਿੱਤਾ।
ਤਾਰੀਕਾਂ ਪੈਣ ਲੱਗ ਪਈਆਂ। ਸੁਰੀਤਾ ਆਪਣੇ ਸਮੇਤ ਆਪਣੀ ਪੰਜ ਸਾਲ ਦੀ ਲੜਕੀ ਲਈ ਵੀ ਖਰਚਾ ਮੰਗ ਰਹੀ ਸੀ, ਜਿਸ ਦਾ ਬੰਤੇ ਨੂੰ ਕੋਈ ਭੇਦ ਹੀ ਨਹੀਂ ਦਿੱਤਾ ਗਿਆ ਸੀ। ਬੰਤਾ ਅਦਾਲਤ ਅੱਗੇ ਆਪਣੀ ਸਫ਼ਾਈ ਪੇਸ਼ ਕਰਦਾ, ਪਿੱਟਦਾ। ਪਰ ਸੰਸਥਾ ਦਾ ਵਕੀਲ ਹਰ ਵਾਰੀ ਕੋਈ ਨਾ ਕੋਈ ਨਵਾਂ ਸੱਪ ਕੱਢ ਦਿਖਾਉਂਦਾ। ਸੁਰੀਤਾ ਬੰਤੇ ਦੀ ਪ੍ਰਾਪਰਟੀ 'ਚੋਂ ਅੱਧ ਮੰਗ ਰਹੀ ਸੀ।
-"ਜੇ ਧਨ ਜਾਂਦਾ ਦਿਸੇ, ਅੱਧਾ ਦੇਈਏ ਲੁਟਾ!" ਅੱਕ ਕੇ ਬੰਤੇ ਨੇ ਸਾਰੀ ਪ੍ਰਾਪਰਟੀ ਬੱਚਿਆਂ ਦੇ ਨਾਂ ਕਰ ਦਿੱਤੀ। ਇਸ ਦੌਰਾਨ ਸੁਰੀਤਾ ਨੇ ਇਕ ਹਬਸ਼ੀ ਯਾਰ ਕਰ ਲਿਆ ਸੀ। ਬਿਲਕੁਲ ਬੈਂਗਣੀਂ ਰੰਗਾ, ਬੁਲਡੋਜ਼ਰ ਬੰਦਾ! ਰੇਲਵੇ ਇੰਜਣ ਜਿੱਡੇ ਕਾਲੇ ਹਬਸ਼ੀ ਨਾਲ ਸੁਰੀਤਾ ਬੜੀ ਆਕੜ ਨਾਲ ਬੰਤੇ ਸਾਹਮਣੇਂ ਬਾਂਹ 'ਚ ਬਾਂਹ ਪਾ ਕੇ ਤੁਰਦੀ। ਉਸ ਦੀ ਮੜਕ ਝੱਲੀ ਨਹੀਂ ਜਾਂਦੀ ਸੀ। ਅਸਲ ਵਿਚ ਉਹ ਇੰਡੀਆ ਵਾਲਾ 'ਧੰਦਾ' ਇੱਥੇ ਸ਼ੁਰੂ ਕਰਨ ਨੂੰ ਫਿਰਦੀ ਸੀ। ਬੰਤਾ ਸੜ ਕੇ ਕੋਲੇ ਹੋ ਜਾਂਦਾ। ਹੁੰਦਾ ਵੀ ਕਿਉਂ ਨਾ? ਅਕਸਰ ਫਿਰ ਵੀ ਉਸ ਦੀ ਪਤਨੀ ਸੀ! ਪ੍ਰੀਤ ਅਤੇ ਦੀਪ ਨੂੰ ਦੱਸ ਕੇ ਉਹ ਵਾਧੂ ਦੁਖੀ ਨਹੀਂ ਕਰਨਾ ਚਾਹੁੰਦਾ ਸੀ। ਉਹਨਾਂ ਨੇ ਤਾਂ ਉਸ ਦਾ ਭਲਾ ਹੀ ਸੋਚਿਆ ਸੀ। ਕਿਹੜਾ ਕੋਈ ਕਿਸੇ ਦੇ ਅੰਦਰ ਵੜਿਆ ਹੁੰਦੈ?
ਕਾਫ਼ੀ ਜੱਦੋ-ਜਹਿਦ ਬਾਅਦ ਬੰਤੇ ਅਤੇ ਸੁਰੀਤਾ ਦਾ ਤਲਾਕ ਹੋ ਗਿਆ। ਵਕੀਲਾਂ ਨੇ ਅੱਧ ਦੇਣ ਦਾ ਸੁਆਲ ਉਠਾਇਆ ਤਾਂ ਬੰਤੇ ਨੇ ਜੱਜ ਦੇ ਬਰਾਬਰ ਬੈਠੇ ਦੁਭਾਸ਼ੀਏ ਨੂੰ ਝੱਗਾ ਚੁੱਕ ਕੇ ਆਖਿਆ:
-"ਲੈ ਬਈ ਮਿੱਤਰਾ! ਆਖ ਦੇਹ ਜੱਜ ਸਾਹਬ ਨੂੰ-ਮੈਂ ਤਾਂ ਹੁਣ ਖਾਖੀ ਨੰਗ ਐਂ-ਮੇਰੇ ਤਾਂ ਹੁਣ ਸਿਰਫ਼ ਆਹ ਝੱਗਾ ਤੇ ਪੈਂਟ ਪਾਈ ਬਾਕੀ ਰਹਿ ਗਈ ਐ-ਜੱਜ ਸਾਹਬ ਫ਼ੈਸਲਾ ਕਰ ਦੇਵੇ ਕਿ ਮੈਂ ਇਹਨੂੰ ਝੱਗਾ ਲਾਹ ਕੇ ਦੇਵਾਂ ਜਾਂ ਪੈਂਟ? ਇਹਨਾਂ 'ਚੋਂ ਇਕ ਚੀਜ ਮੇਰੀ ਐ!" ਦੁਭਾਸ਼ੀਏ ਦੇ ਅੱਗੇ ਦੱਸਣ 'ਤੇ ਅਦਾਲਤ ਵਿਚ ਹਾਸੜ ਪੈ ਗਈ।
ਹਾਸਾ ਰੋਕ ਕੇ ਜੱਜ ਸੁਰੀਤਾ ਨੂੰ ਸੰਬੋਧਨ ਹੋਇਆ।
-"ਸੁਰੀਤਾ ਰਾਣੀ! ਤਲਾਕ ਲੈਣ ਤੋਂ ਬਾਅਦ ਤੁਹਾਡਾ ਇਸ ਦੇਸ਼ ਵਿਚ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ-ਸੋ ਤੁਹਾਨੂੰ ਹਫ਼ਤੇ ਦੀ ਮੋਹਲਤ ਦਿੱਤੀ ਜਾਂਦੀ ਐ-ਆਸਟਰੀਆ ਛੱਡ ਜਾਵੋ!" ਤੇ ਅਦਾਲਤ ਉਠ ਗਈ। ਸੁਰੀਤਾ ਡੁੱਬੀਆਂ ਅੱਖਾਂ ਨਾਲ ਠੱਗੇ ਕਿਸਾਨ ਵਾਂਗ, ਕੋਚਰ ਵਾਂਗ ਝਾਕ ਰਹੀ ਸੀ। ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ ਸਨ। ਡਿਪੋਰਟੇਸ਼ਨ ਬਾਰੇ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ!
ਸੁਰੀਤਾ ਨੇ ਅਪੀਲ ਕਰ ਦਿੱਤੀ।
ਅਗਲੀ ਪੇਸ਼ੀ 'ਤੇ ਦੂਸਰੇ ਜੱਜ ਨੇ ਪਹਿਲੇ ਜੱਜ ਦੇ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ:
-"ਸੁਰੀਤਾ ਰਾਣੀ! ਤੁਹਾਨੂੰ ਅਠਤਾਲੀ ਘੰਟੇ ਦਿੱਤੇ ਜਾਂਦੇ ਹਨ-ਸਾਡਾ ਦੇਸ਼ ਛੱਡ ਜਾਓ-ਨਹੀਂ ਤਾਂ ਜਬਰੀ ਫੜ ਕੇ ਡਿਪੋਰਟ ਕਰ ਦਿੱਤੇ ਜਾਓਗੇ!"
ਸੁਰੀਤਾ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇੰਡੀਆ ਵਾਲਾ ਧੰਦਾ ਅੱਖਾਂ ਅੱਗੇ ਕੀਰਨੇ ਪਾਉਂਦਾ ਲੱਗਿਆ। ਉਸ ਨੇ ਜਾ ਕੇ ਬੰਤੇ ਦੇ ਪੈਰ ਫੜ ਲਏ। ਪਰ ਬੰਤੇ ਨੇ ਇਕੋ 'ਚ ਹੀ ਨਬੇੜ ਦਿੱਤੀ।
-"ਜਾਹ ਭਾਗਮਾਨੇ...! ਰੱਬ ਤੈਨੂੰ ਭਾਗ ਲਾਵੇ! ਜਿਹੜਾ ਮੇਲਾ ਮੈਂ ਇਕ ਆਰੀ ਦੇਖ ਲਿਆ-ਦੁਬਾਰੇ ਨਹੀਂ ਦੇਖਣਾ ਚਾਹੁੰਦਾ-ਜਾਹ, ਸਿਆਣੀ ਬਣ ਕੇ ਕੁੜੀ ਪਾਲ! ਤੂੰ ਹੋਰ ਜੋ ਮਰਜੀ ਐ ਕਰ-ਕਹਿ ਲੈਂਦੀ-ਪਰ ਮੇਰੇ 'ਤੇ ਇਲਜਾਮ ਨੀ ਸੀ ਲਾਉਣਾ-ਮੈਂ ਤੇਰੀਆਂ ਸਾਰੀਆਂ ਈ ਜਰ ਲੈਂਦਾ-ਜਾਹ! ਗੁਰੂ ਤੇਰਾ ਭਲਾ ਕਰੇ!" ਤੇ ਬੰਤਾ ਤੁਰ ਗਿਆ ਸੀ। ਸੁਰੀਤਾ ਦੇਖਦੀ ਰਹਿ ਗਈ ਸੀ।
ਅਗਲੇ ਹਫ਼ਤੇ ਹੀ ਪੁਲੀਸ ਨੇ ਸੁਰੀਤਾ ਨੂੰ ਜਬਰੀ ਫੜ ਕੇ ਜਹਾਜ਼ ਚੜ੍ਹਾ ਦਿੱਤਾ।
-"ਰੱਬ ਈ ਬਚਾਉਂਦੈ ਭਾਈ! ਕਿੱਥੇ ਗੋਹ-ਗਹੀਰੇ ਨਾਲ ਵਾਹ ਪੈ ਗਿਆ ਸੀ-ਨਰੜਿਆ ਗਿਆ ਸੀ ਮੈਂ ਤਾਂ ਤੋਕੜ ਮੱਝ ਦੇ ਨਾਲ!" ਸੁਰੀਤਾ ਦੇ ਜਾਣ ਤੋਂ ਬਾਅਦ ਬੰਤਾ ਰੱਬ ਦਾ ਸ਼ੁਕਰ ਕਰਦਾ ਫਿਰਦਾ ਸੀ।



ਹੋਰ ਪੜੋ...

ਵੋਟਾਂ ਵੇਲ਼ੇ ਦੋ ਉਂਗਲ਼ਾਂ ਜੀਆਂ ਕਾਹਤੋਂ ਖੜ੍ਹੀਆਂ ਕਰਦੇ ਐ.......... ਵਿਅੰਗ

'ਅੜਿੱਕੇ' ਦਾ ਨਾਂ ਤਾਂ ਘਰਦਿਆਂ ਨੇ ਬਖਤੌਰ ਸਿਉਂ ਰੱਖਿਆ ਸੀ। ਪਰ ਹਰ ਗੱਲ ਵਿਚ ਬੁਰੀ ਤਰ੍ਹਾਂ ਨਾਲ ਟੰਗ ਅੜਾਉਣ ਕਰਕੇ, ਲੋਕਾਂ ਨੇ ਉਸ ਦਾ ਨਾਂ ਹੀ 'ਅੜਿੱਕਾ' ਪਾ ਲਿਆ ਸੀ। ਪਿੰਡਾਂ ਵਿਚ ਹਾਲ ਹੀ ਇਹ ਹੈ ਕਿ ਜੇ ਕਿਸੇ ਦਾ ਨਾਂ 'ਕੁਲਦੀਪ' ਹੋਵੇ, ਉਸ ਨੂੰ 'ਮਾਣਕ' ਜਾਂ ਜੇ ਕਿਸੇ ਦਾ ਨਾਂ 'ਦੇਵ' ਹੋਵੇ ਤਾਂ ਉਸ ਨੂੰ 'ਥਰੀਕਿਆਂ ਵਾਲਾ' ਕਹਿਣ ਲੱਗ ਪੈਣਗੇ। ਤੀਮੀਂ ਤੋਂ ਚੱਪਲੀਆਂ ਖਾਣ ਵਾਲੇ ਦਾ ਨਾਂ 'ਸੂਰਮਾਂ' ਅਤੇ ਛੋਟੀ ਭਰਜਾਈ ਤੋਂ ਛਿੱਤਰ ਖਾਣ ਵਾਲੇ ਛੜੇ ਜੇਠ ਦਾ ਨਾਂ 'ਘੈਂਟ' ਰੱਖ ਲੈਂਦੇ ਹਨ। ਪਿੰਡਾਂ ਵਿਚ ਨਾਵਾਂ ਦਾ ਇੱਕ ਆਪਣਾ ਹੀ 'ਇਤਿਹਾਸ' ਹੈ। ਜਿਵੇਂ ਮਾਲਵੇ ਵਿਚ ਕਹਾਵਤ ਹੈ, "ਬੁੜ੍ਹੀ ਮਰਗੀ ਨਖਾਸਣੇ ਨਾਲ-ਧੀ ਦਾ ਨਾਂ ਥੰਧ੍ਹੀ!" ਕਈ ਬਾਈ ਸੋਚਣਗੇ ਬਈ ਇਹ 'ਨਖਾਸਣਾ' ਕੀ ਬਲਾਅ ਹੋਈ? ਨਖਾਸਣੇ ਦਾ ਮਤਲਬ ਬਾਈ ਜੀ 'ਖੁਸ਼ਕੀ' ਹੁੰਦਾ ਹੈ! ਨਾਵਾਂ ਬਾਰੇ ਕਦੇ ਫੇਰ ਵਿਸਥਾਰ ਕਰਾਂਗੇ। ਲੰਮੀ ਘਾਣੀ ਐਂ...!

ਅੜਿੱਕਾ ਅਨਪੜ੍ਹ ਸੀ। ਨਸ਼ੇ ਪੂਰੇ ਟਿਕਾਅ ਕੇ ਕਰਦਾ ਸੀ। ਨਸ਼ੇ ਕਰਨੇ ਅਤੇ ਸੱਥ ਵਿਚ ਆ ਬੈਠਣਾ। ਪੜ੍ਹੇ-ਲਿਖਿਆਂ ਤੋਂ ਅਖ਼ਬਾਰਾਂ ਦੀਆਂ ਖ਼ਬਰਾਂ ਸੁਣਨੀਆਂ। ਖ਼ਬਰਾਂ ਸੁਣਦੇ - ਸੁਣਦੇ ਵਿਚ ਸੀ. ਬੀ. ਆਈ. ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਆ ਜਾਣਾ। ਬੱਸ! ਫਿਰ ਕੀ ਸੀ...? ਸੀ. ਬੀ. ਆਈ. ਦਾ ਭੂਤ ਅੜਿੱਕੇ ਨੂੰ ਅਜਿਹਾ ਨਸੂੜ੍ਹੇ ਦੀ ਗਿੜ੍ਹਕ ਵਾਂਗ ਚਿੰਬੜਿਆ ਕਿ ਲਹਿਣ ਦਾ ਨਾਂ ਨਹੀਂ ਸੀ ਲੈਂਦਾ।
ਜੇ ਕਿਸੇ ਦੀ ਮੱਝ ਨੂੰ ਕੱਟੇ ਨੇ ਚੁੰਘ ਜਾਣਾ। ਅਗਲੇ ਨੇ 'ਬੂ-ਪਾਹਰਿਆ' ਤਾਂ ਕਰਨੀ ਹੀ ਸੀ! ਤਾਂ ਅੜਿੱਕਾ ਬੜੇ ਮਜਾਜ ਨਾਲ ਕਹਿੰਦਾ, "ਇਹ ਤਾਂ ਭਾਈ ਅਣਹੋਣੀ ਐਂ-ਸਾਰਾ ਕਸੂਰ ਕੱਟੇ ਦਾ ਵੀ ਨਹੀਂ, ਸਾਜਿਸ਼ ਵਿਚ ਮੱਝ ਦੀ ਵੀ ਪੂਰੀ ਸ਼ਾਮਲ ਐ-ਹੈਂ ਬਈ ਸਹੁਰੇ ਦੀਏ! ਤੂੰ ਸਾਰਾ ਦੁੱਧ ਚੁੰਘਾਇਆ ਤਾਂ ਚੁੰਘਾਇਆ ਕਿਉਂ? ਮਾਲਕਾਂ ਦਾ ਵੀ ਖਿਆਲ ਕਰ-ਜਿਹੜੇ ਤੈਨੂੰ ਸਾਂਭਦੇ ਐ-ਕੱਟਾ 'ਤੇ ਮੱਝ ਦੋਨੋਂ ਦੋਸ਼ੀ - ਇਹਦੀ ਇਨਕੁਆਰੀ ਸੀ. ਬੀ. ਆਈ. ਤੋਂ ਕਰਵਾਓ-ਧੋਖਾਧੜੀ ਵੱਡੀ ਚਾਹੇ ਛੋਟੀ, ਜੁਰਮ ਐਂ-ਮੱਝ ਵੀ ਮੰਤਰੀਆਂ ਨਾਲੋਂ ਘੱਟ ਨਹੀਂ-ਉਹ ਬੋਟਾਂ ਲੈ ਕੇ ਦਿੱਲੀ ਜਾ ਵਜਦੇ ਐ ਤੇ ਇਹ ਪੱਠਾ-ਦੱਥਾ ਛਕ ਕੇ ਦੁੱਧ ਕੱਟੇ ਨੂੰ ਚੁੰਘਾ ਛੱਡਦੀ ਐ।" ਉਹ ਨਸ਼ੇ ਵਿਚ ਅਵਲ਼ੀਆਂ-ਸਵਲ਼ੀਆਂ ਮਾਰਨ ਲੱਗ ਪੈਂਦਾ।
ਜੇ ਅੜਿੱਕੇ ਦੇ ਘਰਵਾਲੀ ਉਸ ਨੂੰ ਜ਼ਮੀਨ ਵੇਚਣ ਤੋਂ ਜਾਂ ਨਸ਼ੇ ਕਰਨ ਤੋਂ ਵਰਜਦੀ, ਉਹ 'ਅਲੀ - ਅਲੀ' ਕਰਕੇ ਮਗਰ ਪੈ ਜਾਂਦਾ, "ਗੱਲ ਸੁਣ ਲੈ ਟਿਕਾਅ ਕੇ-ਜਮੀਨ ਮੇਰੀ-ਨਸ਼ੇ ਮੈਂ ਖਰੀਦਦੈਂ-ਕਰਦਾ ਮੈਂ ਆਂ-ਤੂੰ ਮੇਰੇ 'ਤੇ ਕੋਈ ਸੀ. ਬੀ. ਆਈ. ਨੀ ਲੱਗੀ ਵੀ! ਜੇ ਮੁੜ ਕੇ ਮੇਰੀ ਗੱਲ ਵਿਚ ਦਖਲ ਦਿੱਤਾ-ਫੇਰ ਦੇਖ ਲੈ-ਤੂੰ ਮੇਰੇ ਤੇ ਕਰਫੂ ਤਾਂ ਨੀ ਲਾਉਣਾ? ਤੂੰ ਦੱਸ ਮੇਰੇ ਤੇ ਕੀ ਕਮਿਸ਼ਨ ਬਿਠਾਉਣੈਂ?"
ਇਕ ਦਿਨ ਡੋਗਰ ਦੀ ਬੱਕਰੀ ਗੁਆਚ ਗਈ। ਉਹਨਾਂ ਨੇ ਗੁਰਦੁਆਰੇ ਦੇ ਸਪੀਕਰ ਵਿਚ ਬੁਲਾ ਦਿੱਤਾ, "ਸਾਧ ਸੰਗਤ ਜੀ! ਡੋਗਰ ਦੀ ਬੱਕਰੀ ਗੁਆਚ ਗਈ ਹੈ-ਕਿਸੇ ਨੇ ਦੇਖੀ ਹੋਵੇ ਕ੍ਰਿਪਾ ਕਰਕੇ ਸੂਚਨਾਂ ਦੇਵੇ!"
ਅੜਿੱਕੇ ਦੀ ਛਿੱਟ ਲੱਗੀ ਹੋਈ ਸੀ। ਸੂਚਨਾਂ ਸੁਣਦਿਆਂ ਹੀ ਬੋਲਿਆ, "ਸਾਧ ਸੰਗਤ ਸੀ. ਬੀ. ਆਈ. ਐ? ਬੱਕਰੀ ਕਿਸੇ ਨੇ ਵੱਢ ਕੇ ਪਤੀਲੇ 'ਚ ਸਿੱਟਲੀ ਹੋਊ - ਬੋਲਤੀ ਹੋਊ ਸੋ ਨਿਹਾਲ-ਤੋਰਤੀ ਹੋਊ ਸੁਰਗਾਂ ਨੂੰ-ਹੋਰ ਬੱਕਰੀ ਨਾਲ ਕਿਹੜਾ ਕਿਸੇ ਨੇ 'ਨੰਦ ਕਾਰਜ ਕਰਵਾਉਣੈ..?"
-"ਯਾਰ ਨੀਂਹ ਪੱਥਰ ਰੱਖੇ ਨੂੰ ਸਾਲ ਹੋ ਗਿਆ-ਪਰ ਪਾਣੀ ਆਲੀ ਟੈਂਕੀ ਅਜੇ ਤੱਕ ਨਹੀਂ ਬਣੀ।" ਮਲਕੀਤ ਮਿਸਤਰੀ ਨੇ ਇੱਕ ਦਿਨ ਸੱਥ ਵਿਚ ਬੈਠ ਕੇ ਗੱਲ ਚਲਾਈ।
-"ਚਲੋ ਟੈਂਕੀ ਬਣੀ ਚਾਹੇ ਨਹੀਂ ਬਣੀਂ-ਜਿਹੜਾ ਨੀਂਹ ਆਲਾ ਪੱਥਰ ਜਿਆ ਲਾਇਐ ਉਹੀ ਵਧੀਐ-ਮਡੀਹਰ ਨੂੰ ਲੱਤਾਂ ਲਮਕਾ ਕੇ ਬੈਠਣ ਨੂੰ ਜਗਾਹ ਤਾਂ ਬਣਗੀ-ਮੰਤਰੀ ਜਿੰਨਾਂ ਕੁ ਦਿੰਦੇ ਐ-ਉਨੇ ਕੁ ਤੇ ਈ ਸਬਰ ਕਰਨਾਂ ਸਿੱਖੋ-ਜਾਂਦੇ ਚੋਰ ਦੀ ਤੜਾਗੀ ਈ ਬਹੁਤ ਹੁੰਦੀ ਐ-ਹੋਰ ਮੰਤਰੀ 'ਤੇ ਸੀ. ਬੀ. ਆਈ. ਤਾਂ ਬਿਠਾਉਣੋ ਰਹੇ!"
ਅੱਜ ਕੱਲ੍ਹ ਸਾਰੇ ਪੰਜਾਬ ਵਿਚ ਚੋਣਾਂ ਦਾ 'ਬਿਗਲ' ਵੱਜਿਆ ਹੋਇਆ ਸੀ। ਹਰ ਪਿੰਡ, ਹਰ ਘਰ ਅਤੇ ਹਰ ਸੱਥ ਵਿਚ ਚੋਣਾਂ ਦੀਆਂ ਗੱਲਾਂ ਹੀ ਹੋ ਰਹੀਆਂ ਸਨ।
-"ਚੋਣਾਂ ਦਾ ਮਤਬਲ ਪਤਾ ਕੀ ਹੁੰਦੈ...?" ਅੜਿੱਕੇ ਨੇ ਸੱਥ ਵਿਚ ਬੈਠੇ ਬੰਦਿਆਂ ਨੂੰ ਪੁੱਛਿਆ।
-"ਚੋਣਾਂ ਦਾ ਮਤਲਬ ਹੁੰਦੈ-ਵੋਟਾਂ...!" ਕਿਸੇ ਨੇ ਕਿਹਾ।
-"ਨ੍ਹਾ...! ਜਮਾਂ ਗਲਤ..!" ਅੜਿੱਕਾ ਮੁਨੱਕਰ ਸੀ।
-"ਹੋਰ ਕੀ ਹੁੰਦੈ...?" ਕਾਮਰੇਡ ਵਿਅੰਗਮਈ ਹੱਸਿਆ।
-"ਚੋਣਾਂ ਦਾ ਮਤਬਲ ਹੁੰਦੈ-ਮੰਤਰੀਆਂ ਵੱਲੋਂ ਇਸ਼ਾਰਾ।" ਉਹ ਅਗਲੇ ਦੇ ਮੂੰਹ 'ਚ ਉਂਗਲ ਦੇਣ ਤੱਕ ਜਾਂਦਾ ਸੀ।
-"ਉਹ ਕਾਹਦਾ...?"
-"ਚੋਣਾਂ ਦਾ ਮਤਬਲ ਹੁੰਦੈ-ਬਈ, 'ਚੋਣੈਂ'...? ਬਈ, ਭਾਈ ਹੁਣ ਜੇ ਵੋਟਾਂ ਤੋਂ ਪਹਿਲਾਂ ਚੋਣੈਂ ਤਾਂ ਬੇਸ਼ੱਕ ਚੋਅ ਲਓ-ਨਹੀਂ ਮੈਂ ਮੁੜ ਕੇ ਡਾਹ ਨਹੀਂ ਦੇਣੀ-ਫੇਰ ਨਾ ਬਾਲਟੀ ਚੱਕੀ ਮੇਰੇ ਮਗਰ ਭੱਜੇ ਫਿਰਿਓ!"
ਸਾਰੇ ਹੱਸ ਪਏ।
-"ਹੱਸਣ ਦੀ ਗੱਲ ਨਹੀਂ-ਦੇਖ ਲਓ-ਬੋਟਾਂ ਤੋਂ ਪਹਿਲਾਂ ਹਰ 'ਮੀਦਬਾਰ ਰੋਜ ਦੋ ਸੌ ਕੋਹ ਬਾਟ ਕਰ ਦਿੰਦੈ-ਪੰਜਾਂ ਸਾਲਾਂ ਦਾ ਸਫਰ ਪਹਿਲਾਂ ਈ ਪੂਰਾ ਕਰ ਲੈਂਦੇ ਐ-ਫੇਰ ਬੋਟਾਂ ਤੋਂ ਬਾਅਦ ਬਾਵੇ ਅੰਗ ਨੀਂ ਆਉਂਦੇ-ਦਿੱਲੀ ਈ ਗੇੜਾ ਰੱਖਦੇ ਐ-ਜਿਵੇਂ...ਮੇਰੇ ਮੂੰਹੋਂ ਕੁਛ ਹੋਰ ਨਿਕਲ ਚੱਲਿਆ ਸੀ-।"
-"ਕੱਢ ਕੱਢ ਮੂੰਹੋਂ..! ਗੱਲ ਦਿਲ 'ਚ ਨਹੀਂ ਰੱਖੀਦੀ ਹੁੰਦੀ..!" ਕਾਮਰੇਡ ਨੇ ਅੜਿੱਕੇ ਦੀ ਬੱਤੀ ਉਗੀਸੀ।
-"ਜਿਵੇਂ ਦਿੱਲੀ ਜਾ ਕੇ 'ਨਵੇਂ ਦੁੱਧ' ਹੋਣਾਂ ਹੁੰਦੈ-।" ਉਸ ਨੇ ਗੱਲ ਪੂਰੀ ਕਰ ਮਾਰੀ।
ਮਡੀਹਰ ਵਿਚ ਹਾਸੜ ਪੈ ਗਈ।
-"ਜਾਂ ਫੇਰ ਕੰਨ ਨੂੰ ਲਾ ਕੇ ਕੋਹੜ ਕਿਰਲ੍ਹਾ ਜਿਆ, ਜਾੜ੍ਹਾਂ ਜੀਆਂ ਕੱਢੀ ਜਾਣਗੇ।" ਅੜਿੱਕੇ ਨੂੰ ਮੰਤਰੀਆਂ ਦੇ ਮੋਬਾਇਲ ਫ਼ੋਨਾਂ 'ਤੇ ਬਹੁਤੀ ਚਿੜ੍ਹ ਸੀ।
-"ਧਰਮਿੰਦਰ ਵੀ ਵੋਟਾਂ 'ਚ ਖੜ੍ਹ ਗਿਆ।" ਪਾੜ੍ਹੇ ਨੇ ਨਵੀਂ ਗੱਲ ਹਾਜ਼ਰ ਕੀਤੀ।
-"ਰਾਜਨੀਤੀ ਉਹਦੇ ਬੱਸ ਦਾ ਰੋਗ ਨਹੀਂ।" ਅੜਿੱਕੇ ਨੇ ਤੋੜ ਕੇ, ਦੋ ਟੁੱਕ ਫ਼ੈਸਲਾ ਦੇ ਦਿੱਤਾ।
-"ਕਿਉਂ ਉਹਦੇ ਛਪਾਕੀ ਲਿੱਕਲ਼ੀ ਐ?"
-"ਟੈਲੀਬੀਜਨ 'ਤੇ ਈ ਲੱਕ-ਲੁੱਕ ਹਿਲਾਈ ਜਾਂਦਾ, ਬਧੀਆ ਸੀ।"
-"ਕਾਹਤੋਂ...?"
-"ਹੇਲਾਂ ਬਾਹਮਣੀ ਨਾਲ ਇਸ਼ਕ ਮੁਸ਼ਕ ਕਰੀ ਜਾਂਦਾ, ਹੁਣ ਦੱਸੋ ਬਈ ਉਹ ਰਾਜ ਭਾਗ ਬੰਨੀਂ ਦੇਖੂ ਜਾਂ ਹੇਲਾਂ ਬਾਹਮਣੀ ਨੂੰ ਸੰਭਾਲੂ..?"
-"ਹੇਲਾਂ ਬਾਹਮਣੀ ਨਹੀਂ ਬਾਈ, ਹੇਮਾਂ ਮਾਲਿਨੀ ਕਹਿ..!"
-"ਕੁਛ ਹੋਇਆ...! ਕੀਤਾ ਤਾਂ ਕੁੱਤ ਪੌਅ ਈ ਐ..? ਆਹ ਬਾਜਬਾਈ ਦੀ ਗੱਲ ਈ ਲੈਲੋ...!" ਅੜਿੱਕਾ ਡੰਡ ਬੈਠਕਾਂ ਕੱਢਣ ਲੱਗ ਪਿਆ।
-"ਖੁੱਲ੍ਹ ਕੇ ਦੱਸ...।" ਕਾਮਰੇਡ ਉਸ ਨੂੰ ਗੇੜਾ ਪਾ ਕੇ ਸਟਾਰਟ ਹੀ ਰੱਖਦਾ ਸੀ। ਵੈਸੇ ਧੱਕਾ-ਸਟਾਰਟ ਅੜਿੱਕਾ ਵੀ ਨਹੀਂ ਸੀ। ਬੱਸ! ਟੱਸ ਭੰਨਣ ਦੀ ਹੀ ਲੋੜ ਸੀ!
-"ਗੋਡੇ ਉਹਦੇ ਆਬਦੇ ਨਹੀਂ ਤੁਰਦੇ-ਕਹਿੰਦੇ ਛਟੀਲ ਦੇ ਲੁਆਏ ਵੇ ਐ-ਜੀਹਤੋਂ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ ਉਹ ਰਾਜ ਭਾਗ ਨੂੰ ਕਿਮੇਂ ਤੋਰਲੂ...? ਬਈ ਤੂੰ ਘਰੇ ਬੈਠ ਕੇ ਰਾਮ ਰਾਮ ਕਰ...!"
-"ਰਾਮ ਰਾਮ ਕਰੇ ਚਾਹੇ ਨਾ ਕਰੇ-ਰਾਮ ਮੰਦਰ-ਰਾਮ ਮੰਦਰ ਤਾਂ ਕਰੀ ਜਾਂਦੇ ਐ!" ਮਲਕੀਤ ਬਾਈ ਬੋਲਿਆ।
ਅੱਧੇ ਕੁ ਹੱਸ ਪਏ ਅਤੇ ਅੱਧੇ ਕੁ ਚੁੱਪ ਰਹੇ।
-"ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ।" ਚੁੱਪ ਅੜਿੱਕੇ ਨੇ ਹੀ ਤੋੜੀ।
-"ਕਾਹਦੀ...?"
-"ਬੋਟਾਂ ਵੇਲੇ ਹੱਥ ਜੇ ਜੋੜਨ ਦੀ ਤਾਂ ਸਮਝ ਆਉਂਦੀ ਐ ਬਈ ਮਿੰਨਤ ਤਰਲਾ ਕਰਦੇ ਐ-ਪਰ ਇਹੇ ਜਿਹੜੀਆਂ ਸਹੇ ਦੇ ਕੰਨਾਂ ਮਾਂਗੂੰ ਦੋ ਉਂਗਲਾਂ ਜੀਆਂ ਖੜ੍ਹੀਆਂ ਕਰਦੇ ਐ-ਉਹ ਕਾਹਤੋਂ ਕਰਦੇ ਐ ਬਈ...?"
-"ਦੋ ਉਂਗਲਾਂ ਖੜ੍ਹੀਆਂ ਕਰਨੀਆਂ-ਜਿੱਤ ਦੀ ਨਿਸ਼ਾਨੀ ਹੁੰਦੀ ਐ।" ਪਾੜ੍ਹੇ ਨੇ ਦੱਸਿਆ।
-"ਬੋਟਾਂ ਅਜੇ ਪੈਣੀਐਂ-ਫੈਸਲੇ ਹੋਣੇ ਐਂ-ਇਹ ਜਿੱਤ ਦੀਆਂ ਉਂਗਲਾਂ ਪਹਿਲਾਂ ਈ ਖੜ੍ਹੀਆਂ ਕਰੀ ਜਾਂਦੇ ਐ-ਬਿਨਾਂ ਪਾਣੀਓਂ ਮੌਜੇ ਲਾਹੁਣ ਆਲੀ ਗੱਲ ਹੈ ਕਿ ਨਹੀਂ ਹੈ? ਉਂਗਲਾਂ ਤਾਂ ਖੜ੍ਹੀਆਂ ਕਰੀ ਜਾਂਦੇ ਐ-ਤੇ ਜੇ ਹਾਰਗੇ ਫੇਰ?"
-"ਫੇਰ ਉਂਗਲਾਂ ਥੱਲੇ ਕਰ ਲੈਣਗੇ-ਕੋਈ ਜੋਰ ਲੱਗਦੈ?" ਕਾਮਰੇਡ ਨੇ ਅਗਲਾ ਹੱਲ ਦੱਸਿਆ।
-"ਬਸ਼ੱਰਮੀਂ ਦੀ ਵੀ ਕੋਈ ਹੱਦ ਹੁੰਦੀ ਐ ਬਾਈ।"
-"ਪਾੜ੍ਹਿਆ ਨਮਾਂ 'ਖਬਾਰ ਨੀ ਆਇਆ ਅੱਜ?" ਅੜਿੱਕੇ ਨੇ ਪੁੱਛਿਆ।
-"ਆਇਐ ਬਾਈ-।"
-"ਪੜ੍ਹਗਾਂ ਕੋਈ ਖਬਰ...! ਤੱਤੀ ਜੀ ਪੜ੍ਹੀਂ-ਠੰਢ ਜੀ ਲੱਗੀ ਜਾਂਦੀ ਐ!"
-"ਸੁਣਾ ਬਈ ਇਹਨੂੰ ਕੋਈ ਖਬਰ-ਕਰ ਗਰਮ ਪਾੜ੍ਹਿਆ...।" ਕਾਮਰੇਡ ਨੇ ਆਖਿਆ।
ਪਾੜ੍ਹੇ ਨੇ ਕੱਪੜੇ ਦੇ ਥਾਨ ਵਾਂਗ ਅਖ਼ਬਾਰ ਖੋਲ੍ਹ ਲਿਆ।
-"ਖਬਰ ਐ-ਅਮਰੀਕਾ ਦਾ ਰਾਸ਼ਟਰਪਤੀ ਸਾਈਕਲ ਤੋਂ ਡਿੱਗ ਪਿਆ-ਰਗੜਾਂ ਲੱਗੀਆਂ।" ਪਾੜ੍ਹੇ ਨੇ ਪੜ੍ਹ ਕੇ ਦੱਸਿਆ।
-"ਲੈ ਇਹ ਵੀ ਕੋਈ ਖਬਰ ਐ...? ਲੱਗੀਆਂ ਰਗੜਾਂ...! ਮੈਂ ਨੌਤੀ ਸੌ ਆਰੀ ਰੇਹੜ੍ਹੀ ਤੋਂ ਡਿੱਗਿਆ ਹੋਊਂਗਾ?" ਉਸ ਨੇ ਨੱਕ ਚਾੜ੍ਹਿਆ।
ਹਾਸੜ ਪੈ ਗਈ।
-"ਤੇਰੇ 'ਚ ਤੇ ਉਹਦੇ 'ਚ ਬਹੁਤ ਫਰਕ ਐ ਬਾਈ!"
-"ਕਿਉਂ ਉਹ ਕੋਈ ਉਤੋਂ ਡਿੱਗਿਐ...? ਅਸੀਂ ਟੁੱਕ ਨੀ ਖਾਂਦੇ? ਕੋਈ ਚੱਜ ਦੀ ਹੋਰ ਖਬਰ ਸੁਣਾ ਯਾਰ?"
-"ਸਾਧੂਆਂ ਨੂੰ ਨਿਰੋਧ ਵੰਡੇ-ਗੁੱਸੇ 'ਚ ਆਏ ਸਾਧ ਨਿਰੋਧ ਵੰਡਣ ਵਾਲਿਆਂ ਨਾਲ ਛਿੱਤਰੋ ਛਿੱਤਰੀ!"
-"ਛਿੱਤਰੋ ਛਿੱਤਰੀ ਹੋਣਾ ਈ ਸੀ...! ਉਹਨਾਂ ਨੂੰ ਵੰਡਣ ਦੀ ਕੀ ਲੋੜ ਸੀ? ਵੰਡਦੇ ਜੱਗਰ ਅਰਗਿਆਂ ਨੂੰ-ਜਿਹੜੇ ਆਏ ਸਾਲ ਜੁਆਕ ਪਾਥੀ ਮਾਂਗੂੰ ਪੱਥ ਧਰਦੇ ਐ-?"
ਹੱਸਦਾ ਕਾਮਰੇਡ ਲਾਮਾ-ਲੇਟ ਹੋ ਗਿਆ। ਮਡੀਹਰ ਵੱਖ ਹੱਸੀ ਜਾ ਰਹੀ ਸੀ।
-"ਮੈਨੂੰ ਹੋਰ ਸਮਝ ਨਹੀਂ ਲੱਗਦੀ-ਬਈ ਸਾਲ਼ੇ ਜੁਆਕ ਨੂੰ ਹਰ ਸਾਲ ਦੇਬਤੇ ਮਾਂਗੂੰ ਪ੍ਰਗਟ ਕਿਵੇਂ ਕਰ ਲੈਂਦੇ ਐ? ਖੁੱਡੇ 'ਚੋਂ ਕਬੂਤਰ ਕੱਢਣ ਮਾਂਗੂੰ ਪਤੰਦਰ ਜੁਆਕ ਕੱਢ ਦਿਖਾਉਂਦੇ ਐ!"
ਅੜਿੱਕੇ ਦੇ ਕਹਿਣ 'ਤੇ ਕਾਮਰੇਡ ਨੂੰ ਹੱਥੂ ਆਉਂਦਾ ਮਸਾਂ ਬਚਿਆ।
-"ਅਡਵਾਨੀ ਵੱਲੋਂ ਰੱਥ ਯਾਤਰਾ ਸੁਰੂ।" ਪਾੜ੍ਹੇ ਨੇ ਅਗਲੀ ਖਬਰ ਪੜ੍ਹੀ।
-"ਇਹ ਟਿੱਡੀ ਮੁੱਛਾ ਜਿਆ ਕਿਸੇ ਨਾ ਕਿਸੇ ਪਾਸੇ ਨੂੰ ਜੱਕਾ ਜੋੜੀ ਈ ਰੱਖਦੈ-ਕਿਹੜਾ ਕੋਈ ਫਿਕਰ ਫਾਕੈ? ਵਿਹਲੀ ਰੰਨ ਪ੍ਰਾਹੁਣਿਆਂ ਜੋਗੀ! ਪਤਾ ਲੱਗੇ ਜੇ ਕਰਕੇ ਖਾਣਾ ਪਵੇ-ਫੇਰ ਦੇਖੀਏ ਜੱਕੇ ਕਿਮੇਂ ਜੁੜਦੇ ਐ?"
-"ਤਾਇਆ...! ਤੈਨੂੰ ਘਰੇ ਤਾਈ ਸੱਦਦੀ ਐ!" ਕਿਸੇ ਜੁਆਕ ਨੇ ਆ ਕੇ ਅੜਿੱਕੇ ਨੂੰ ਕਿਹਾ।
-"ਤਾਇਆ ਆਖਣ ਤੋਂ ਪਹਿਲਾਂ ਮੇਰੇ ਗੋਲੀ ਮਾਰ ਦਿੰਦਾ! ਤੂੰ ਸਾਲਿਆ ਚੱਪਣਾਂ ਜਿਆ! ਮੈਨੂੰ ਤਾਇਆ ਆਖਿਆ ਤਾਂ ਆਖਿਆ ਕਿਉਂ? ਮੈਂ ਤੇਰੇ ਪਿਉ ਨਾਲੋਂ ਪੂਰਾ ਸਾਲ ਛੋਟੈਂ-ਪਤੈ..? ਕੁੜੀ ਯਾਵ੍ਹੇ ਦਾ ਨਾਸਲ਼ ਜਿਆ...!"
-"ਜਾਹ ਸੁਣਿਆਂ ਗੱਲ-ਕੋਈ ਕੰਮ ਹੋਊ-ਜੁਆਕ ਦੇ ਗਲ ਈ ਪੈ ਗਿਆ।" ਕਾਮਰੇਡ ਬੋਲਿਆ।
-"ਨਹੀਂ ਕੌਮਨਸ਼ਟਾ..! ਇਹ ਤੇ ਇਹਦੀ ਮਾਂ ਮੈਨੂੰ ਜਾਣ ਕੇ ਤਪਾਉਂਦੇ ਐ-ਉਹ ਕਮੰਡਲੀ ਜੀ ਮੈਨੂੰ 'ਭਾਈ ਜੀ' ਆਖੂ-ਤੇ ਰਹਿੰਦੀ ਖੂੰਹਦੀ ਕਸਰ ਇਹ ਤਾਇਆ ਆਖ ਕੇ ਪੂਰੀ ਕਰ ਦਿੰਦੈ-ਸਾਲਾ ਚਾਪੜ ਜਿਆ!"
-"ਚਲ ਕੁਛ ਨਹੀ ਹੁੰਦਾ-ਜੁਆਕ ਨੂੰ ਮਾਫ਼ੀ ਬਖਸ਼।"
-"ਉਹ ਸਾਲੀ ਮੈਥੋਂ ਘੁੰਡ ਕੱਢ ਲੈਂਦੀ ਐ...! ਜਿਵੇਂ ਕੱਲ੍ਹ ਦੀ ਜੁਆਕੜੀ ਹੁੰਦੀ ਐ-ਇਹਦਾ ਪਿਉ ਓਦੂੰ ਚੰਦ ਐ-ਉਹ ਮੈਨੂੰ ਵੱਡਾ ਭਾਈ ਈ ਦੱਸੂ..! ਲੈ, ਕਰਲੋ ਗੱਲ...! ਇਹਨਾਂ ਦਾ ਤਾਂ ਸਾਰਾ ਆਵਾ ਈ ਊਤਿਆ ਵਿਐ-ਇੱਕ ਅੱਧਾ ਹੋਵੇ ਤਾਂ ਬੰਦਾ ਚੁੱਪ ਵੱਟ ਲੈਂਦੈ-ਜਿਹੋ ਜੀ ਨੰਦੋ ਬਾਹਮਣੀ ਉਹੋ ਜਿਆ ਘੁੱਦੂ ਜੇਠ-ਜੀਓ ਜੀ ਚੜ੍ਹਦਾ ਚੰਦ ਐ।"
-"ਜਾਹ ਜਾਇਆ ਹੁਣ-ਕਾਹਤੋਂ ਕਚੀਰ੍ਹਾ ਕਰਦੈਂ-ਬੰਤ ਕੁਰ ਉਡੀਕਦੀ ਹੋਊ?" ਕਾਮਰੇਡ ਨੇ ਅੜਿੱਕੇ ਨੂੰ ਠੰਢਾ ਕੀਤਾ।
-"ਬੰਤ ਕੁਰ ਸੀ. ਬੀ. ਆਈ. ਐ? ਉਹਦੇ ਵੀ ਲੈਨੈ ਝੱਗੇ ਦਾ ਮੇਚ ਜਾ ਕੇ-ਸੁਨੇਹਾਂ ਦੇ ਕੇ ਭੇਜੂ ਸਾਲੀ ਐਸ ਟੂਟਲ਼ ਨੂੰ-ਬਈ ਹੋਰ ਸਾਰਾ ਪਿੰਡ ਮਰ ਗਿਆ...?"
ਅੜਿੱਕਾ ਦੀਵੇ ਵਾਂਗ ਮੱਚਦਾ ਬੁੱਝਦਾ ਘਰ ਨੂੰ ਤੁਰ ਪਿਆ।
-"ਲੈ ਘਰੇ ਜਾ ਕੇ ਇਹਨੇ ਜਮਾਂ ਈ ਸੀਲ ਕੁੱਕੜ ਬਣ ਜਾਣੈਂ।" ਕਿਸੇ ਨੇ ਆਖਿਆ।
-"ਚੱਲ ਰਹਿਣਦੇ...! ਹੁਣ ਤੂੰ ਘਾਣੀ ਛੇੜਲੀ...!" ਕਾਮਰੇਡ ਨੇ ਉਸ ਨੂੰ ਬੋਲਣੋਂ ਰੋਕ ਦਿੱਤਾ।
ਸੱਥ ਅੜਿੱਕੇ ਬਿਨਾ 'ਭਾਂ-ਭਾਂ' ਕਰਨ ਲੱਗ ਪਈ ਸੀ! ਬੰਦਿਆਂ ਨਾਲ ਹੀ ਤਾਂ ਰੌਣਕ ਹੁੰਦੀ ਐ ਬਾਈ ਜੀ....!!



ਹੋਰ ਪੜੋ...

ਆਈ ਨਾਟ ਦੇਖਿੰਗ ਯੂਅਰ ਨੰਗੇਜ.......... ਵਿਅੰਗ

ਸਾਡੇ ਪ੍ਰਮ-ਮਿੱਤਰ ਦੇ ਸਾਲਾ ਸਾਹਿਬ ਨੇ ਭਾਰਤ ਤੋਂ ਸਾਡੇ ਕੋਲ 'ਬਾਹਰ' ਆਉਣਾ ਸੀ। ਮਿੱਤਰ ਨੂੰ ਕਿਸੇ ਕਾਰਨ ਛੁੱਟੀ ਨਾ ਮਿਲ ਸਕੀ ਤਾਂ ਉਸ ਨੇ ਸਾਡੇ ਤੱਕ ਪਹੁੰਚ ਕੀਤੀ, "ਸਾਲੇ ਨੇ ਆਉਣੈਂ ਯਾਰ-ਜੇ ਤੁਸੀਂ ਉਹਨੂੰ ਵਿਆਨਾ ਏਅਰਪੋਰਟ ਤੋਂ ਲੈ ਆਵੋਂ।" ਅਸੀਂ ਹੁੰਗਾਰਾ ਭਰ ਦਿੱਤਾ। ਮਿੱਤਰ ਨੇ ਇਹ ਵੀ ਦੱਸਿਆ ਕਿ ਸਾਲਾ ਸਾਹਿਬ ਤਾਂ 'ਸਿੱਧਰੇ' ਜਿਹੇ ਹੀ ਹਨ, ਕੋਈ ਉੱਘ ਦੀ ਪਤਾਲ ਗੱਲ ਕਰ ਦੇਵੇ ਤਾਂ ਬਾਈ ਬਣਕੇ ਗੁੱਸਾ ਨਾ ਕਰਿਓ! ਅਸੀਂ ਇਹ ਵੀ ਹੱਸ ਕੇ ਕਬੂਲ ਕਰ ਲਿਆ। ਉਸ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਗਰ ਆਪਾਂ ਸਾਲਾ ਸਾਹਿਬ ਨੂੰ ਏਅਰਪੋਰਟ ਤੋਂ ਨਾ ਲੈਣ ਗਏ ਤਾਂ ਘਰਵਾਲੀ ਸਾਹਿਬਾਂ ਘਰ ਵਿਚ ਬੁਸ਼-ਸੱਦਾਮ ਜੰਗ ਖੜ੍ਹੀ ਕਰ ਦੇਵੇਗੀ। ਅਸੀਂ ਨਿਸਚਿੰਤ ਹੋ ਜਾਣ ਲਈ ਹਿੱਕ ਠੋਕ ਦਿੱਤੀ ਅਤੇ ਆਪਣੇ ਬਾਕੀ ਸੱਜਣ-ਮਿੱਤਰਾਂ ਨੂੰ ਕਮਰਕਸੇ ਕਸ ਲੈਣ ਲਈ ਆਖਿਆ। ਸਾਲਾ ਸਾਹਿਬ ਨੂੰ ਲੈ ਕੇ ਆਉਣਾ ਸੀ, ਕੋਈ ਲੱਲੋ-ਪੱਤੋ ਗੱਲ ਨਹੀਂ ਸੀ! ਕੀ ਹੋ ਗਿਆ ਸੀ ਕਿ ਉਹ ਮਿੱਤਰ ਦਾ ਸਾਲਾ ਸੀ? ਸਾਡਾ ਵੀ ਤਾਂ 'ਕੁਛ' ਲੱਗਦਾ ਹੀ ਸੀ। ਮਿੱਤਰ ਦੀ ਮਾਂ, ਸਾਡੀ ਮਾਂ! ਮਿੱਤਰ ਦਾ ਭਰਾ, ਸਾਡਾ ਭਰਾ! ਮਿੱਤਰ ਦਾ ਬਾਪ, ਸਾਡਾ ਬਾਪ! ਮਿੱਤਰ ਦੇ ਸਾਲਾ ਸਾਹਿਬ ਵੀ ਤਾਂ ਸਾਡੇ 'ਸਾਲਾ ਸਾਹਿਬ' ਹੀ ਲੱਗੇ ਨ੍ਹਾ?
ਖ਼ੈਰ! ਅਸੀਂ ਨੌਂ ਸੀਟਾਂ ਵਾਲੀ ਵੈਨ ਕਿਰਾਏ 'ਤੇ ਲੈ ਲਈ ਅਤੇ ਸੱਤ ਜਾਣਿਆਂ ਨੇ ਵਿਆਨਾ 'ਸ਼ਵੇਖਾਟ-ਏਅਰਪੋਰਟ' ਨੂੰ ਚਾਲੇ ਪਾ ਦਿੱਤੇ। ਸਾਡਾ ਖਾਣ-ਪੀਣ ਅਤੇ ਪੈਟਰੋਲ ਦਾ ਖਰਚਾ ਮਿੱਤਰ ਸਿਰ ਸੀ। ਚਾਰ 'ਬੈਲਨਟਾਈਨ' ਦੀਆਂ ਬੋਤਲਾਂ ਸੱਜਣਾਂ ਨੇ ਵੈਨ ਵਿੱਚ ਰੱਖ ਲਈਆਂ ਸਨ। ਬਾਕੀ ਖਾਣ ਪੀਣ ਦਾ ਪ੍ਰਬੰਧ ਰਸਤੇ 'ਚੋਂ ਹੀ ਹੋ ਜਾਣਾ ਸੀ। ਹਾਸਾ ਠੱਠਾ ਕਰਦੇ ਅਸੀਂ ਸਾਰੇ ਸਵੇਰੇ ਦਸ ਕੁ ਵਜੇ ਵਿਆਨਾ ਦੇ ਸ਼ਵੇਖਾਟ ਏਅਰਪੋਰਟ 'ਤੇ ਪੁੱਜ ਗਏ। ਸਾਲਾ ਸਾਹਿਬ ਦੀ ਫ਼ਲਾਈਟ ਸਹੀ ਟਾਈਮ 'ਤੇ ਗਿਆਰ੍ਹਾਂ ਵਜੇ ਹੀ ਆ ਰਹੀ ਸੀ। ਸਾਡੇ ਡਰਾਈਵਰ ਤੋਂ ਛੁੱਟ ਬਾਕੀ ਭਾਈਬੰਦਾਂ ਨੇ ਫ਼ਲਾਈਟ ਦਾ ਸਮਾਂ ਪੜ੍ਹ ਕੇ ਇਕ-ਇਕ ਪੈੱਗ ਲਾ ਲਿਆ। ਏਅਰਪੋਰਟ 'ਤੇ ਭਲਵਾਨੀ ਗੇੜੇ ਦਿੱਤੇ, ਜਿਵੇਂ ਮੁੰਡੇ-ਖੁੰਡੇ ਕਿਸੇ ਬਰਾਤ ਵਿਚ ਜਾ ਕੇ ਬਿਗਾਨੇ ਪਿੰਡ ਵਿਚ ਦਿੰਦੇ ਹਨ।
ਮੋਰ ਵਾਂਗ ਖੰਭ ਜਿਹੇ ਖਿਲਾਰ ਕੇ ਗਿਆਰਾਂ ਵਜੇ ਫ਼ਲਾਈਟ ਆ ਉੱਤਰੀ। ਮਿੱਤਰ ਦੇ ਸਾਲਾ ਸਾਹਿਬ ਬਾਹਰ ਆ ਗਏ। ਬਿਲਕੁਲ ਸਿੱਧ ਪੱਧਰਾ ਬੰਦਾ, ਹਲ ਵਾਹ ਪੇਂਡੂ ਜੱਟ! ਇਕ ਹੱਥ ਵਿਚ ਅਟੈਚੀ ਅਤੇ ਦੂਜੇ ਹੱਥ ਵਿਚ ਬਿਸਕੁਟਾਂ ਵਾਲਾ ਪੀਪਾ ਫੜਿਆ ਹੋਇਆ। ਪੀਪੇ ਦੀ ਕੁੰਡੀ ਵਿਚ ਖੁੱਲ੍ਹ ਜਾਣ ਦੇ ਡਰੋਂ ਇਕ ਡੱਕਾ ਅੜਾਇਆ ਹੋਇਆ ਸੀ। ਮਿੱਤਰ ਦੇ ਦੱਸਣ ਅਨੁਸਾਰ, ਸਾਲਾ ਸਾਹਿਬ ਦੀ ਚਾਲ-ਢਾਲ ਅਤੇ ਬਿਸਕੁਟਾਂ ਵਾਲੇ ਪੀਪੇ ਤੋਂ ਸਾਨੂੰ ਸਾਲਾ ਸਾਹਿਬ ਨੂੰ ਪਹਿਚਾਨਣ ਵਿਚ ਕੋਈ ਅੜੱਚਣ ਨਹੀਂ ਆਈ ਸੀ। ਜਦੋਂ ਅਸੀਂ ਉਸ ਨੂੰ ਆਪਣੀ ਜਾਣ-ਪਹਿਚਾਣ ਦੱਸੀ ਤਾਂ ਉਸ ਨੇ ਵੱਡੀ ਸਾਰੀ "ਸੌਸਰੀਕਾਲ ਬਾਈ ਜੀ" ਆਖਿਆ। ਅਟੈਚੀ ਤਾਂ ਅਸੀਂ ਫੜ ਲਿਆ, ਪਰ ਪੀਪੇ ਨੂੰ ਕਿਸੇ ਨੇ ਏਡਜ਼ ਦੇ ਮਰੀਜ਼ ਵਾਂਗ ਹੱਥ ਨਾ ਪਾਇਆ। ਚਾਹੇ ਅਸੀਂ ਵੀ ਪੰਜਾਬ ਤੋਂ ਮੱਕੀਆਂ ਗੁੱਡਦੇ ਹੀ ਇੱਥੇ ਆਏ ਸੀ, ਪਰ ਐਥੇ ਆ ਕੇ ਸਾਡੀ 'ਪੁਜੀਸ਼ਨ' ਕੁਝ 'ਉੱਚੀ' ਹੋ ਗਈ ਸੀ। ਚਾਹੇ ਅਸੀਂ ਵੀ ਬੱਧਨੀ ਕਲਾਂ ਤੋਂ ਖ਼ੁਦ ਬਿਸਕੁਟ ਕਢਵਾ ਕੇ ਲਿਆਉਂਦੇ ਰਹੇ ਹਾਂ, ਪਰ ਅੱਜ ਸਾਨੂੰ ਵੀ ਪੀਪੇ ਨੂੰ ਹੱਥ ਲਾਉਂਦਿਆਂ ਸ਼ਰਮ ਆ ਰਹੀ ਸੀ। ਦਿਨਾਂ ਦਿਨਾਂ ਗੱਲ ਹੁੰਦੀ ਐ! ਸਮੇਂ ਸਮੇਂ ਅਨੁਸਾਰ ਬੰਦਾ ਤਾਂ ਕੀ, ਪਸ਼ੂ ਵੀ ਬਦਲ ਜਾਂਦੈ!
-"ਸਾਲ਼ ਗਰਾਮ ਜੀ ਪੈੱਗ ਲਾਓਂਗੇ?" ਸਾਡੇ ਭਾਈਬੰਦ ਨੇ ਇੱਜ਼ਤ ਕਰਦਿਆਂ ਪੁੱਛਿਆ।
-"ਲਾਊਂਗਾ-ਲਾਊਂਗਾ! ਜਰੂਰ ਲਾਊਂਗਾ ਯਾਰ!" ਪੈੱਗ ਦਾ ਨਾਂ ਲਏ ਤੋਂ ਉਸ ਨੂੰ ਗਧੇ ਵਾਂਗ ਹੀਂਗਣਾ ਛੁੱਟ ਪਿਆ।
ਭਾਈਬੰਦ ਨੇ ਪੈੱਗ ਪਾ ਦਿੱਤਾ। ਸਾਲਾ ਸਾਹਿਬ ਨੇ ਇਕੋ ਸਾਹ ਸਿਰੇ ਲਾ ਦਿੱਤਾ।
-"ਇਕ ਹੋਰ ਪਾ ਯਾਰ-ਇਹਦੇ ਨਾਲ ਤਾਂ ਧਰਨ ਵੀ ਗਿੱਲੀ ਨ੍ਹੀ ਹੋਈ।"
ਮਿੱਤਰ ਨੇ ਇਕ ਹੋਰ ਪੈੱਗ ਪਾ ਦਿੱਤਾ। ਸਾਲਾ ਸਾਹਿਬ ਨੇ ਉਹ ਵੀ ਧੁਰ ਲਾ ਦਿੱਤਾ।
-"ਚਲੋ, ਚਾਲੇ ਪਾਓ-ਅਸੀਂ ਕੰਮ 'ਤੇ ਵੀ ਜਾਣੈਂ।"
ਗੱਡੀ ਤੁਰ ਪਈ। ਅਜੇ ਅਸੀਂ ਹਾਈਵੇ 'ਤੇ ਚੜ੍ਹੇ ਨਹੀਂ ਸੀ ਕਿ ਸਾਲਾ ਸਾਹਿਬ ਨੇ 'ਰੋਕੀਂ-ਰੋਕੀਂ' ਦਾ ਰੌਲਾ ਪਾ ਦਿੱਤਾ। ਭਾਈਬੰਦ ਨੇ ਵੈਨ ਰੋਕ ਲਈ। ਅਸੀਂ ਸੋਚਿਆ ਕਿਤੇ ਸਾਲਾ ਸਾਹਿਬ ਦਾ ਦਿਲ-ਦੁਲ ਨਾ ਘਿਰਨ ਲੱਗ ਪਿਆ ਹੋਵੇ? ਜਹਾਜ ਦਾ ਸਫ਼ਰ, ਅਨੀਂਦਰਾ ਤੇ ਫੇਰ ਬਾਹਰਲਾ ਠੰਡਾ ਮੌਸਮ!
-"ਕੀ ਗੱਲ ਹੋ ਗਈ?" ਡਰਾਈਵਰ ਭਾਈਬੰਦ ਨੇ ਪੁੱਛਿਆ।
-"ਮੈਨੂੰ ਇਉਂ ਲੱਗਿਆ ਜਿਵੇਂ ਔਹ ਮਗਰਲੀ ਕਾਰ ਕੁੜੀ ਚਲਾਉਂਦੀ ਹੁੰਦੀ ਐ।" ਸਾਲਾ ਸਾਹਿਬ ਨੇ ਬਚਨ ਕੀਤੇ।
ਸਾਰੇ ਹੱਸ ਪਏ।
-"ਇੱਥੇ ਬਾਈ ਜੀ ਕੁੜੀਆਂ ਹੋਰ ਬਹੁਤ ਕੁਛ ਕਰਦੀਐਂ-ਕਾਰਾਂ ਵੀ ਕੁੜੀਆਂ ਈ ਚਲਾਉਂਦੀਐਂ-ਕੋਈ ਸੱ਼ਕ ਨ੍ਹੀ।" ਗੱਡੀ ਫਿਰ ਤੋਰ ਲਈ ਗਈ।
-"ਕਮਾਲ ਦੀ ਗੱਲ ਐ ਬਈ!" ਉਹ ਖਿੜ ਖਿੜਾ ਕੇ ਹੱਸ ਪਿਆ। ਰਸਤੇ ਵਿਚ ਪੈੱਗ-ਸ਼ੈੱਗ ਲਾਉਂਦੇ ਅਸੀਂ ਤਿੰਨ ਕੁ ਘੰਟਿਆਂ ਬਾਅਦ ਮਿੱਤਰ ਦੇ ਘਰ ਆ ਗਏ। ਸਾਲਾ ਸਾਹਿਬ ਆਪਣੀ ਭੈਣ ਜੀ ਨੂੰ ਕੁੜੀ ਦੇ ਕਾਰ ਚਲਾਉਣ ਦੀਆਂ ਗੱਲਾਂ ਦੱਸਣ ਲੱਗ ਪਏ। ਸਾਲਾ ਸਾਹਿਬ ਦੀ ਭੈਣ ਅਰਥਾਤ ਸਾਡੇ ਭਰਜਾਈ ਜੀ ਆਪਣੇ ਭਰਾ ਦੀਆਂ ਝੱਲ-ਵਲੱਲੀਆਂ ਗੱਲਾਂ ਸੁਣ ਕੇ ਸ਼ਰਮ ਖਾ ਰਹੇ ਸਨ। ਅਸੀਂ ਵੀ ਜਾਣਾ ਹੀ ਬਿਹਤਰ ਸਮਝਿਆ। ਜਦੋਂ ਅਸੀਂ ਤੁਰਨ ਲੱਗੇ ਤਾਂ ਸਾਡਾ ਮਿੱਤਰ ਵੀ ਕੰਮ ਤੋਂ ਆ ਗਿਆ। ਉਸ ਨੇ ਸਾਡਾ ਧੰਨਵਾਦ ਕੀਤਾ ਅਤੇ ਬੋਤਲ ਕੱਢ ਕੇ ਅੱਗੇ ਰੱਖ ਦਿੱਤੀ। ਸਾਲਾ ਸਾਹਿਬ ਹਲਵਾਈ ਦੇ ਕੁੱਤੇ ਵਾਂਗ ਰਸੋਈ ਵਿਚ ਜਾ ਵੜੇ ਸਨ। ਰਸੋਈ ਵਿਚ ਜਿਹੜਾ ਕੁਝ ਦਿਸਿਆ, ਨਬੇੜ ਦਿੱਤਾ।
-"ਸਾਲਾ ਐਥੋਂ ਦਾ ਸਾਗ ਬਕਬਕਾ ਜਿਐ!" ਬਾਹਰ ਆਉਂਦਿਆਂ, ਉਸ ਨੇ ਮੂੰਹ ਘਸਮੈਲਾ ਜਿਹਾ ਕਰਦਿਆਂ ਕਿਹਾ।
-"ਵੇ ਕਿਹੜਾ ਸਾਗ? ਸਾਗ ਤਾਂ ਮੈਂ ਬਣਾਇਆ ਈ ਨ੍ਹੀ!" ਸਾਡੇ ਭਰਜਾਈ ਜੀ ਪਿੱਟਣ ਵਾਂਗ ਆਖਣ ਲੱਗੇ।
-"ਉਹ ਜਿਹੜਾ ਕੌਲੀ 'ਚ ਪਿਆ ਸੀ-ਉਹ ਕੀ ਸੀ?"
-"ਫਿੱਟ੍ਹੇ ਮੂੰਹ! ਵੇ ਮਰ ਜਾਣਿਆਂ! ਉਹ ਤਾਂ ਮੈਂ ਮਹਿੰਦੀ ਘੋਲ ਕੇ ਰੱਖੀ ਸੀ-ਆਬਦੇ ਸਿਰ 'ਚ ਲਾਉਣ ਵਾਸਤੇ!"
ਸਾਰੇ ਹੱਸ ਪਏ। ਸਾਲਾ ਸਾਹਿਬ ਛਿੱਥੇ ਜਿਹੇ ਪੈ ਗਏ।
-"ਕੋਈ ਗੱਲ ਨ੍ਹੀ ਭਰਜਾਈ-ਮਹਿੰਦੀ ਕੋਈ ਮਾੜੀ ਚੀਜ ਨ੍ਹੀ-ਅੰਦਰ ਲਾਲੀ ਝਗੜੂ!" ਅਸੀਂ ਗੱਲ ਹਾਸੇ ਪਾ ਲਈ ਕਿ ਭਰਜਾਈ ਜੀ ਨਮੋਸ਼ੀ ਨਾ ਮੰਨ ਜਾਣ।
-"ਤੂੰ ਊਤ ਦਾ ਊਤ ਈ ਰਿਹਾ-ਐਥੇ ਆ ਕੇ ਕੀ ਤੂੰ ਲੱਲ੍ਹਰ ਲਾਦੇਂਗਾ!" ਭਰਜਾਈ ਨੂੰ ਬੇਇੱਜ਼ਤੀ ਡੋਬੀ ਜਾਂਦੀ ਸੀ।
ਅਸੀਂ ਖਾ ਪੀ ਕੇ ਘਰ ਆ ਗਏ।
ਤੀਜੇ ਕੁ ਦਿਨ ਭਰਜਾਈ ਜੀ ਦਾ ਫ਼ੋਨ ਆ ਗਿਆ। ਸਾਲਾ ਸਾਹਿਬ ਦੇ ਵਾਲ ਝੜਦੇ ਸਨ। ਸਿਰ ਵਿਚ ਸਿੱਕਰੀ ਸੀ। ਡਾਕਟਰ ਦੇ ਲੈ ਕੇ ਜਾਣਾ ਸੀ। ਭਰਜਾਈ ਸਾਹਿਬਾਂ ਨੂੰ ਬੋਲੀ ਨਹੀਂ ਆਉਂਦੀ ਸੀ, ਇਸ ਕਰਕੇ ਇਹ ਸੇਵਾ ਵੀ ਸਾਡੇ ਹਿੱਸੇ ਹੀ ਆਉਣੀ ਸੀ। ਅਸੀਂ ਸੋਮਵਾਰ ਨੂੰ ਸਾਲਾ ਸਾਹਿਬ ਨੂੰ ਡਾਕਟਰ ਦੇ ਲੈ ਗਏ। ਜਦੋਂ ਸਾਡੀ ਵਾਰੀ ਆਈ ਤਾਂ ਸਾਲਾ ਸਾਹਿਬ ਡਾਕਟਰ ਨੂੰ ਦੇਖ ਕੇ ਹੀ ਭੱਜ ਤੁਰੇ। ਅਸੀਂ ਕੁੱਤੇ ਵਾਂਗ ਮਗਰ ਮਗਰ ਤੀੜ ਦੇ ਲਈ! ਕਾਰਨ ਪੁੱਛਿਆ ਤਾਂ ਉਹ ਬੋਲਿਆ, "ਡਾਕਟਰ ਤਾਂ ਭੈਣ ਦੇਣਾ ਆਪ ਗੰਜੈ-ਮੇਰਾ 'ਲਾਜ ਉਹ ਸੁਆਹ ਕਰੂ?" ਸਾਨੂੰ ਹਾਸੇ ਦੇ ਨਾਲ ਨਾਲ ਗੁੱਸਾ ਵੀ ਆਈ ਜਾਵੇ। ਪਰ ਫਿਰ ਵੀ ਅਸੀਂ ਆਪਣੇ ਮਿੱਤਰ ਦੀ ਯਾਰੀ ਦਾ ਲਿਹਾਜ ਕਰਦਿਆਂ ਸਮਝਾਉਣ ਦੀ ਕੋਸਿ਼ਸ਼ ਕੀਤੀ, ਪਰ ਸਭ ਬੇਅਰਥ! ਆਪਣੀ ਇੱਜ਼ਤ ਆਪਣੇ ਹੱਥ ਲੈ ਕੇ ਅਸੀਂ ਵਾਪਿਸ ਆ ਗਏ।
ਕੁਝ ਦਿਨਾਂ ਬਾਅਦ ਫਿਰ ਸਾਡੇ ਮਿੱਤਰ ਨੇ ਸਾਡੇ ਕੋਲ ਫਿਰ ਪਹੁੰਚ ਕੀਤੀ, ਸਾਲਾ ਸਾਹਿਬ ਨੂੰ ਕੰਮ 'ਤੇ ਲੁਆਓ! ਅਸੀਂ ਅੱਗੇ ਆਪਣੇ ਮਿੱਤਰਾਂ ਦੀ ਡਿਊਟੀ ਲਾ ਦਿੱਤੀ। ਇਕ ਮਿੱਤਰ ਦੀ ਫ਼ੈਕਟਰੀ ਵਿਚ ਇਕ ਸਫ਼ਾਈ ਕਰਨ ਵਾਲੇ ਬੰਦੇ ਦੀ ਜ਼ਰੂਰਤ ਸੀ। ਸਾਲਾ ਸਾਹਿਬ ਪਹਿਲਾਂ ਤਾਂ ਲੱਤ ਹੀ ਨਾ ਲਾਉਣ, ਅਖੇ ਮੈਂ ਜੱਟ ਪੁੱਤ ਐਂ, ਸਫ਼ਾਈ ਕਾਹਤੋਂ ਕਰਾਂ? ਉਸ ਨੂੰ ਪਲੋਸ-ਪਲਾਸ ਕੇ ਸਮਝਾਇਆ ਕਿ ਇਕ ਵਾਰੀ ਇਹ ਡਿਊਟੀ ਲੈ-ਲਾ, ਜਦੋਂ ਵੀਜ਼ਾ ਲੱਗ ਗਿਆ, ਕੋਈ ਹੋਰ ਠੋਰਾ ਲੱਭ ਲਵਾਂਗੇ। ਸਾਲਾ ਸਾਹਿਬ ਮੰਨ ਗਏ।
ਸਾਡੇ ਮਿੱਤਰ ਦੀ ਜੱਦੋਜਹਿਦ ਰੰਗ ਲਿਆਈ। ਸਾਲਾ ਸਾਹਿਬ ਨੂੰ ਕੰਮ 'ਤੇ ਲਾ ਦਿੱਤਾ। ਉਸ ਨੇ ਬਾਹਰਲੀ ਸਫ਼ਾਈ ਦੇ ਨਾਲ ਨਾਲ ਪੁਰਸ਼ਾਂ ਦੀਆਂ ਟੁਆਇਲਟਾਂ ਵੀ ਸਾਫ਼ ਕਰਨੀਆਂ ਸਨ। ਔਰਤਾਂ ਵਾਲੀਆਂ ਟੁਆਇਲਟਾਂ ਵਿਚ ਜਾਣ ਦੀ ਮਨਾਹੀ ਸੀ। ਔਰਤਾਂ ਦੀਆਂ ਟੁਆਇਲਟਾਂ ਦੀ ਸਫ਼ਾਈ ਸਿਰਫ਼ ਔਰਤ ਕਰਮਚਾਰੀ ਹੀ ਕਰਦੀਆਂ ਸਨ। ਸਾਡੇ ਮਿੱਤਰ ਨੇ ਸਾਲਾ ਸਾਹਿਬ ਨੂੰ ਸਮਝਾਇਆ ਹੋਇਆ ਸੀ ਕਿ ਗੋਰੀ ਚਮੜੀ ਕੰਮ ਦੀ ਹੈ, ਚੰਮ ਦੀ ਨਹੀਂ, ਜਿੰਨਾਂ ਫ਼ੋਰਮੈਨ ਨੂੰ ਖ਼ੁਸ਼ ਰੱਖੇਂਗਾ, ਉਹ ਉਤਨਾ ਹੀ ਤੇਰੇ 'ਤੇ ਮਿਹਰਵਾਨ ਹੋਵੇਗਾ, ਹੋ ਸਕਦੈ ਉਹ ਖ਼ੁਸ਼ ਹੋ ਕੇ ਤੈਨੂੰ ਮੇਰੇ ਨਾਲ ਦੀ ਮਸ਼ੀਨ 'ਤੇ ਹੀ ਕੰਮ ਦੇ ਦੇਵੇ? ਸਾਲਾ ਸਾਹਿਬ ਨੇ ਗੱਲ ਲੜ ਬੰਨ੍ਹ ਲਈ। ਸਫ਼ਾਈ ਪੱਖੋਂ ਉਹ ਕੋਈ ਸ਼ਕਾਇਤ ਨਹੀਂ ਆਉਣ ਦਿੰਦਾ ਸੀ।
ਇਕ ਦਿਨ ਉਹ ਫ਼ੋਰਮੈਨ ਨੂੰ 'ਖ਼ੁਸ਼' ਕਰਨ ਲਈ ਪੁਰਸ਼ਾਂ ਵਾਲੀਆਂ ਟੁਆਇਲਟਾਂ ਲਿਸ਼ਕਾ-ਚਮਕਾ ਕੇ ਸਫ਼ਾਈ ਕਰਨ ਲਈ ਔਰਤਾਂ ਵਾਲੀਆਂ ਟੁਆਇਲਟਾਂ ਵਿਚ ਜਾ ਵੜਿਆ। ਅਜੇ ਉਸ ਨੇ ਉਪਰਲੇ ਸ਼ੀਸਿ਼ਆਂ ਦੀ ਸਫ਼ਾਈ ਸ਼ੁਰੂ ਕੀਤੀ ਹੀ ਸੀ ਕਿ ਹੇਠਾਂ ਟੁਆਇਲਟ ਉਪਰ ਬੈਠੀ ਬੁੱਢੀ ਗੋਰੀ ਨੇ ਰੌਲਾ ਪਾ ਕੇ ਛੱਤ ਸਿਰ 'ਤੇ ਚੁੱਕ ਲਈ, "ਨਾਨਸੈਂਸ..! ਯੂ ਫ਼ੱਕ ਔਫ਼....ਯੂ ਬਲੱਡੀ ਬਲੈਕ ਬਾਸਟਰਡ…!" ਘੱਗਰਾ ਉਪਰ ਧੂੰਹਦੀ ਹੋਈ ਉਹ ਪਤਾ ਨਹੀਂ ਕੀ-ਕੀ 'ਲੋਦੇ' ਲਾ ਗਈ ਸੀ। ਸਾਲਾ ਸਾਹਿਬ ਨੂੰ ਭੱਜਣ ਲਈ ਰਾਹ ਨਾ ਲੱਭੇ, ਬੋਲੀ ਉਸ ਨੂੰ ਆਉਂਦੀ ਨਹੀਂ ਸੀ। ਉਹ 'ਅਲੀ-ਅਲੀ' ਕਰ ਰਹੀ ਬੁੱਢੀ ਨੂੰ ਠੰਢੀ ਕਰਨ ਲਈ ਮੁੜ੍ਹਕੋ ਮੁੜ੍ਹਕੀ ਹੋਇਆ ਆਖੀ ਜਾਵੇ, "ਬੰਦਿਆਂ ਵਾਲੀ ਔਰੈਟ, ਟਿਚਨ..! ਹੁਣ ਆਈ ਐਮ ਕਰਇੰਗ ਲੇਡੀਆਂ ਵਾਲੀ ਸਾਫ਼...! ਆਈ ਨਾਅਟ ਦੇਖਿੰਗ ਯੂਅਰ ਨੰਗੇਜ…!"
ਭੂਤਰੀ ਬੁੱਢੀ ਗੋਰੀ ਫ਼ੋਰਮੈਨ ਨੂੰ ਬੁਲਾ ਲਿਆਈ। ਫ਼ੋਰਮੈਨ ਨੇ ਇਕ ਅੰਗਰੇਜ਼ੀ ਬੋਲਦਾ ਪੰਜਾਬੀ ਭਾਈਬੰਦ ਸੱਦ ਲਿਆ। ਉਸ ਨੇ ਸਾਲਾ ਸਾਹਿਬ ਦੀ ਗੱਲ ਦਾ ਉਲੱਥਾ ਕਰਕੇ ਫ਼ੋਰਮੈਨ ਨੂੰ ਦੱਸਿਆ ਕਿ ਇਹ ਕਹਿ ਰਿਹਾ ਹੈ ਕਿ ਪੁਰਸ਼ਾਂ ਵਾਲੀਆਂ ਟੁਆਇਲਟਾਂ ਤਾਂ ਸਾਫ਼ ਕਰ ਦਿੱਤੀਆਂ ਸਨ, ਪਰ ਹੁਣ ਉਹ ਲੇਡੀਜ਼ ਵਾਲੀਆਂ ਟੁਆਇਲਟਾਂ ਸਾਫ਼ ਕਰ ਕੇ ਫ਼ੋਰਮੈਨ ਦੀ ਖ਼ੁਸ਼ੀ ਜਿੱਤਣਾ ਚਾਹੁੰਦਾ ਸੀ, ਇਸ ਨੇ ਬੁੱਢੀ ਦਾ ਕੋਈ ਨੰਗੇਜ ਨਹੀਂ ਦੇਖਿਆ। ਗੱਲ ਹਾਸੇ ਵਿਚ ਹੀ ਟਲ ਗਈ ਅਤੇ ਫ਼ੋਰਮੈਨ ਨੇ ਉਸ ਨੂੰ 'ਵਾਰਨਿੰਗ' ਦੇ ਕੇ ਛੱਡ ਦਿੱਤਾ ਕਿ ਅੱਗੇ ਤੋਂ ਉਹ ਬੁੜ੍ਹੀਆਂ ਵਾਲੀਆਂ ਟੁਆਇਲਟਾਂ ਵੱਲ ਨਾ ਜਾਵੇ!
ਦਸੰਬਰ ਦੇ ਵਿਚ ਕ੍ਰਿਸਮਿਸ ਦਾ ਦਿਨ ਆ ਗਿਆ। ਕ੍ਰਿਸਮਿਸ ਦੇ ਦਿਹਾੜੇ 'ਤੇ ਫ਼ੈਕਟਰੀ ਵੱਲੋਂ ਵੱਡੇ ਪੱਧਰ 'ਤੇ ਪਾਰਟੀ ਦਿੱਤੀ ਜਾ ਰਹੀ ਸੀ। ਸ਼ਰਾਬ ਦੇ ਦੌਰ ਚੱਲ ਰਹੇ ਸਨ। ਕੁੱਕੜ ਦੀਆਂ ਟੰਗਾਂ ਚੱਬੀਆਂ ਜਾ ਰਹੀਆਂ ਸਨ। ਸਾਲਾ ਸਾਹਿਬ ਰੈੱਡ-ਵਾਈਨ ਸ਼ਰਬਤ ਵਾਂਗ ਸੂਤੀ ਜਾ ਰਹੇ ਸਨ। ਮਿਊਜਿ਼ਕ ਵੱਜ ਰਿਹਾ ਸੀ। ਗੋਰੇ ਗੋਰੀਆਂ ਨਾਚ ਕਰ ਰਹੇ ਸਨ। ਸਾਲਾ ਸਾਹਿਬ ਨੂੰ ਵੀ ਮੁਫ਼ਤ ਦੀ ਵਾਈਨ ਧਤੂਰੇ ਵਾਂਗ ਚੜ੍ਹ ਗਈ, ਉਹ ਮਿਊਜਿ਼ਕ ਨਾਲ ਲੋਰ ਵਿਚ ਸਿਰ ਹਿਲਾ ਰਹੇ ਸਨ, ਅਖੇ, ਬੈਠੇ ਬੈਠੇ ਦਾ ਮੇਰਾ ਵੀ ਪੈਰ ਉਠਦੈ! ਸਾਲਾ ਸਾਹਿਬ ਨਸ਼ੇ ਵਿਚ ਭਾਈਬੰਦ ਨੂੰ ਆਖਣ ਲੱਗੇ, "ਮੈਂ ਵੀ ਭੋਰਾ ਡਿਸਕੋ ਕਰਲਾਂ?" ਭਾਈਬੰਦ ਵੀ ਜੋਗੀ ਵਾਂਗ 'ਰੰਗੀਲਾ' ਹੋਇਆ ਬੈਠਾ ਸੀ, "ਕਰਲਾ ਜੇ ਆਉਂਦੈ ਤਾਂ!" ਉਸ ਨੇ ਵੀ ਹੁੰਗਾਰਾ ਭਰ ਦਿੱਤਾ। ਹੁੰਗਾਰੇ ਦੀ ਦੇਰ ਸੀ ਕਿ ਸਾਲਾ ਸਾਹਿਬ ਮੇਲੇ ਵਿਚ ਭੂਤਰੀ ਗਾਂ ਵਾਂਗ ਡਾਂਸ-ਫ਼ਲੋਰ 'ਤੇ ਛੜਾਂ ਜਿਹੀਆਂ ਮਾਰਨ ਲੱਗ ਪਏ ਅਤੇ ਡਾਂਸ ਕਰਦੇ ਗੋਰਿਆਂ ਦੇ ਪੈਰ ਮਿੱਧ ਧਰੇ। ਸਾਰੇ ਨੱਚਣਾ ਛੱਡ ਸਾਲਾ ਸਾਹਿਬ ਦਾ 'ਜਿੰਨ-ਨਾਚ' ਦੇਖਣ ਲੱਗ ਪਏ। ਸਾਲਾ ਸਾਹਿਬ ਪਿੱਟ-ਸਿਆਪਾ ਕਰਦੀ ਮਰਾਸਣ ਵਾਂਗ ਕਦੇ ਪੱਟਾਂ 'ਤੇ ਹੱਥ ਮਾਰਨ, ਕਦੇ ਖੁਰਾਂ 'ਚੋਂ ਗੋਹਾ ਕੱਢਣ ਵਾਲੀ ਮੱਝ ਵਾਂਗ ਲੱਤਾਂ ਜਿਹੀਆਂ ਝਾੜਨ ਲੱਗ ਪੈਣ। ਸਾਰੇ ਗੋਰੇ ਅਤੇ ਦੇਸੀ ਭਾਈਬੰਦ ਖ਼ੁਸ਼, ਹੱਸ ਰਹੇ ਸਨ। ਗੋਰਿਆਂ ਦੀ ਕ੍ਰਿਸਮਿਸ ਵਿਚ ਸਾਲਾ ਸਾਹਿਬ ਨੇ ਰੰਗ ਭਰ ਦਿੱਤਾ।
ਰੰਗ ਵਿਚ ਭੰਗ ਤਾਂ ਉਦੋਂ ਪਿਆ, ਜਦੋਂ ਸਾਲਾ ਸਾਹਿਬ ਨੇ ਸ਼ਰਾਬਣ ਹੋ ਕੇ ਨੱਚਦੀ ਇਕ ਗੋਰੀ ਦੇ ਚੂੰਢੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤਾਂ ਉਸ ਗੋਰੀ ਨੇ ਨਸ਼ੇ ਵਿਚ, ਪਤਾ ਨਹੀਂ ਕ੍ਰਿਸਮਿਸ ਦੀ ਖ਼ੁਸ਼ੀ ਵਿਚ ਕੋਈ ਗੌਰ ਨਾ ਕੀਤੀ। ਪਰ ਜਦੋਂ ਸਾਲਾ ਸਾਹਿਬ ਨੇ ਹਲਕਿਆਂ ਵਾਂਗ ਉਸ ਦੀਆਂ ਛਾਤੀਆਂ 'ਤੇ ਰੇਗਮਾਰ ਵਰਗਾ ਹੱਥ ਰਗੜਣਾ ਸ਼ੁਰੂ ਕੀਤਾ ਤਾਂ ਪਾਣੀ ਗੋਰੀ ਦੇ ਸਿਰ ਉਪਰੋਂ ਦੀ ਲੰਘ ਗਿਆ। ਉਸ ਨੇ ਉੱਚੀ ਅੱਡੀ ਦਾ ਸੈਂਡਲ ਲਾਹ ਕੇ ਸਾਲਾ ਸਾਹਿਬ ਦੇ ਸਿਰ ਵਿਚ ਚਿੱਬ ਪਾ ਦਿੱਤੇ। ਸਾਲਾ ਸਾਹਿਬ ਦੇ ਸਬਰ ਦਾ ਬੰਨ੍ਹ ਵੀ ਟੁੱਟ ਗਿਆ, "ਅਸੀਂ ਜੱਟ ਪੁੱਤ ਐਂ-ਤੀਮੀਆਂ ਤੋਂ ਕੁੱਟ ਨ੍ਹੀ ਖਾਣ ਗਿੱਝੇ!" ਤੇ ਸਾਲਾ ਸਾਹਿਬ ਨੇ ਗੋਰੀ ਦੇ ਪੰਜ-ਸੱਤ ਥੱਪੜ ਜੜ ਦਿੱਤੇ। ਜਦ ਦੋਨੋਂ ਗੁੱਥਮਗੁੱਥਾ ਹੋ ਗਏ ਤਾਂ ਰੌਲਾ ਪੈ ਗਿਆ। ਲਾਅਲਾ-ਲਾਅਲਾ ਹੋ ਗਈ। ਖਾੜਾ ਹਿੱਲ ਗਿਆ! ਕਿਸੇ ਨੇ ਪੁਲਸ ਨੂੰ ਫ਼ੋਨ ਕਰ ਦਿੱਤਾ। ਪੁਲਸ ਪ੍ਰੇਤਾਂ ਵਾਂਗ ਆ ਵੱਜੀ ਅਤੇ ਸਾਲਾ ਸਾਹਿਬ ਨੂੰ 'ਜਿਣਸੀ-ਛੇੜਛਾੜ' ਅਤੇ ਮਾਰ-ਕੁਟਾਈ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਕ੍ਰਿਸਮਿਸ ਪਾਰਟੀ ਭੰਗ ਹੋ ਗਈ। ਸਾਲਾ ਸਾਹਿਬ ਦੀ ਨੌਕਰੀ ਤਾਂ ਜਿਹੜੀ ਜਾਣੀ ਸੀ, ਚਲੀ ਗਈ, ਅੱਜ ਕੱਲ੍ਹ ਤਾਂ ਸਾਰੇ ਉਸ ਦੀ ਜ਼ਮਾਨਤ ਕਰਵਾਉਣ ਵਿਚ ਰੁੱਝੇ ਹੋਏ ਹਨ!


ਹੋਰ ਪੜੋ...

ਦਿਲ ਹੀ ਵਿਹਲਾ ਹੈ.......... ਨਜ਼ਮ/ਕਵਿਤਾ

ਹੁਣ ਮੇਰੇ ਹੋਂਠ ਵਿਹਲੇ ਨਹੀਂ,
ਤੇਰੇ ਹੋਂਠਾਂ 'ਤੇ ਧਰਨ ਲਈ
ਹੁਣ ਤਾਂ ਇਹ ਗਿਣਦੇ ਰਹਿੰਦੇ ਨੇ,
ਘੱਟ ਆਮਦਨ, ਅਤੇ
ਵੱਧ ਖਰਚੇ ਦਾ ਹਿਸਾਬ...!
ਹੁਣ ਮੇਰੀਆਂ ਬਾਹਵਾਂ ਵਿਹਲੀਆਂ ਨਹੀਂ,

ਤੈਨੂੰ ਘੁੱਟ, ਗਲਵਕੜੀ ਵਿਚ ਲੈਣ ਲਈ..!
ਕਿਉਂਕਿ
ਇਹਨਾਂ ਬਾਹਵਾਂ ਨਾਲ਼ ਮੈਂ ਆਪਣੇ
ਘਰ ਦੀ ਛੱਤ ਠੱਲ੍ਹ ਰੱਖੀ ਹੈ..।
ਹੁਣ ਮੇਰੇ ਹੱਥ ਵਿਹਲੇ ਨਹੀਂ,
ਤੇਰਾ ਕੋਮਲ ਮੁੱਖ ਪਰਸਣ ਲਈ,
ਕਿਉਂਕਿ
ਇਹਨਾਂ ਹੱਥਾਂ ਨਾਲ਼
ਮੈਂ ਆਪਣੀ ਇੱਜ਼ਤ ਕੱਜੀ ਹੋਈ ਹੈ..!
ਹੁਣ ਤਾਂ ਸਿਰਫ਼,
ਇਕ ਦਿਲ ਹੀ ਵਿਹਲਾ ਹੈ,
ਪਰ ਕੀ ਕਰਾਂ?
ਉੱਲੂ ਉਜਾੜੇ ਤੋਂ ਤਾਂ,
ਉਹ ਵੀ ਨਹੀਂ ਬਚਿਆ..!
ਹੁਣ ਸਿਰਫ਼ ਮੈਂ ਤੈਨੂੰ,
ਤੱਕ ਸਕਦਾ ਹਾਂ,
ਕੁੱਤੇ ਵਾਂਗ ਪੂਛ ਹਿਲਾ ਸਕਦਾ ਹਾਂ,
ਬਰਾਛਾਂ 'ਤੇ ਜੀਭ ਫੇਰ ਸਕਦਾ ਹਾਂ,
ਪਰ ਤੇਰੇ ਮਗਰ,
ਭੱਜ ਕੇ ਨਹੀਂ ਆ ਸਕਦਾ..!
ਕਿਉਂਕਿ
ਮੇਰੇ ਗਲ਼ ਵਿਚ ਹੁਣ,
ਮੇਰੀ ਅੜਬ ਪਤਨੀ ਦਾ ਪਟਾ ਹੈ..!
ਜਦੋਂ ਵੀ ਕਦੇ ਕੀਤਾ ਮੈਂ,
ਆਪਣੇ ਸੱਚੇ-ਸੁੱਚੇ ਪ੍ਰੇਮ ਦਾ ਇਜ਼ਹਾਰ,
ਤਾਂ ਉਠ ਖੜ੍ਹਿਆ,
ਬਾਪੂ ਦੇ ਢਿੱਡ ਵਿਚ
'ਖ਼ਾਨਦਾਨੀ' ਸੂਲ਼ ਦਾ ਦਰਦ!
ਜਦੋਂ ਮੈਂ ਕਿਸੇ ਕੁੜੀ ਨੂੰ ਚਾਹਿਆ,
ਸੁਪਨੇ ਸਿਰਜੇ,
'ਮੇਰ' ਕੀਤੀ,
ਤਾਂ ਉਸ ਦੀ ਡੋਲੀ ਉਪਰੋਂ
ਵਾਰ ਕੇ ਸੁੱਟੇ ਜਾਂਦੇ ਸਿੱਕੇ,
ਮੇਰੇ ਸਿਰ ਉੱਪਰ ਬੰਬਾਂ ਵਾਂਗ ਡਿੱਗੇ..!
ਅਤੇ ਉਹ ਮੇਰੇ ਦਿਲ ਦੀ ਜੂਹ ਤੋੜ,
ਕਿਸੇ ਪਰਾਈ ਹਿੱਕ ਦਾ,
ਤਗ਼ਮਾ ਬਣ ਗਈ..!
ਮੈਂ ਚੀਕਿਆ, ਕਰਾਹਿਆ,
ਪਰ ਕਿਸੇ ਨੇ ਮੇਰੀ ਇਕ ਨਾ ਸੁਣੀਂ..!
...ਕਦੇ ਕਦੇ ਸੇਕਦਾ ਹਾਂ ਹੱਥ ਯਾਦਾਂ ਦੀ ਧੂਣੀਂ 'ਤੇ,
ਕਿ ਕਿਵੇਂ ਮਿਲ਼ਦੇ ਸਾਂ ਆਪਾਂ ਚੋਰੀ ਛੁੱਪੇ,
ਮਹਿਕ ਵਾਂਗ ਮਦਹੋਸ਼ ਹੋਏ ਰਹਿੰਦੇ ਸਾਂ,
ਸਾਰੀ-ਸਾਰੀ ਰਾਤ..!
ਇਕ ਦੂਜੇ ਦੇ ਮੋਢੇ ਲੱਗ,
ਮਸਤ ਲਗਨ ਵਿਚ ਹਾਨਣੇਂ,
ਵਸਦੀ ਦੁਨੀਆਂ ਭੁੱਲ ਜਾਂਦੇ ਸੀ..!
ਪਤਾ ਹੀ ਨਾ ਲੱਗਦਾ
ਕਿ ਰਾਤ ਕਦ ਬੀਤ ਜਾਂਦੀ..?
ਕੁੱਕੜ ਦੀ ਬਾਂਗ ਨਾਲ਼
ਦਿਲ 'ਤੇ ਪੱਥਰ ਧਰ, ਵਿਛੜਦੇ ਸਾਂ ਆਪਾਂ,
ਅਗਲੀ ਰਾਤ ਮਿਲਣ ਦਾ ਵਾਅਦਾ ਲੈ,
ਤੇ ਸਾਰਾ ਦਿਨ ਬੀਤਦਾ ਸੀ,
ਕਿਸੇ ਯੁੱਗ ਵਾਂਗ,
ਇਕ ਦੂਜੇ ਦੀ ਯਾਦ ਵਿਚ..!
ਅਤੇ ਰਾਤ ਨੂੰ ਫਿਰ ਮਿਲਣ 'ਤੇ,
ਗਲਵਕੜੀ ਪਾਉਂਦੇ ਸਾਂ ਹਾਬੜਿਆਂ ਵਾਂਗ,
ਤੇਰੀ ਛਾਤੀ ਦਾ ਨਿੱਘ,
ਵੈਰਨੇ ਮੇਰੇ ਜੁੱਗਾਂ ਜੁਗਾਂਤਰਾਂ ਦੇ,
ਦੁੱਖ ਤੋੜ ਦਿੰਦਾ ਸੀ...!
ਤੇ ਆਪਣਾ ਰੱਬੀ ਮਿਲਾਪ,
ਮਿਟਾ ਦਿੰਦਾ ਸੀ ਰੂਹਾਂ ਦੀ ਪਿਆਸ
ਅਤੇ ਧੁਰ ਅੰਤਰ ਆਤਮਾ ਤੱਕ,
ਤ੍ਰਿਪਤ ਕਰ ਦਿੰਦਾ ਸੀ..!
ਇਹ ਪੁੰਨ ਸੀ ਜਾਂ ਪਾਪ?
ਇਹ ਕਲਪਣ ਬਾਰੇ,
ਤਾਂ ਕਮਲ਼ੀਏ ਆਪਾਂ ਸੋਚਿਆ ਵੀ ਨਹੀਂ ਸੀ..!
ਇਕ ਗੱਲ ਦੱਸਾਂ..?
ਜਿਹੜੀ ਛਾਤੀ 'ਤੇ ਸਾਰੀ-ਸਾਰੀ ਰਾਤ
ਪਈ ਰਹਿੰਦੀ ਸੀ ਸਿਰ ਧਰੀ,
ਹੁਣ ਮੇਰੀ ਉਸ ਫ਼ੌਲਾਦੀ ਛਾਤੀ ਵਿਚ
ਸਧਰਾਂ ਭਰੇ ਅਰਮਾਨ ਨਹੀਂ ਧੜਕਦੇ,
ਸਿਰਫ਼ ਗਿਣਤੀ ਦੇ ਸਾਹ ਹੀ ਖੜਕਦੇ ਨੇ..!
ਹੁਣ ਕਦੇ ਕਦੇ ਪੁੱਛਦਾ ਹਾਂ,
ਬਗੈਰ ਨਾਲ਼ੇ ਦੇ ਪਾਈ ਨਿੱਕਰ ਵਰਗੀ
ਆਪਣੀ ਜਿ਼ੰਦਗੀ ਨੂੰ,
ਕੀ ਪਿਐ ਅਜਿਹੀ ਬੇਰੰਗ ਜਿ਼ੰਦਗੀ ਵਿਚ..?
ਜੇ ਤੂੰ ਮੈਨੂੰ ਕਦੇ ਮਿਲੇਂ,
ਤਾਂ ਕੋਲ਼ ਦੀ ਚੁੱਪ ਚਾਪ ਗੁਜ਼ਰ ਜਾਵੀਂ,
ਕਿਉਂਕਿ
ਬੇਕਿਰਕ ਦੁਨੀਆਂ,
ਮੁਹੱਬਤ ਅਤੇ ਬਿਰਹਾ ਦੇ
ਅਰਥ ਤੇ ਅੰਤਰ ਨਹੀਂ ਜਾਣਦੀ,
ਤੇ ਭੁੱਲ ਜਾਂਦੀ ਹੈ,
ਪਰਬਤ ਜਿੱਡੀ ਆਸ ਦੀ ਦਾਸਤਾਨ,
ਜਿਸ ਆਸਰੇ ਤੂੰ ਬਚਪਨ ਤੋਂ ਹੀ,
ਸੁਪਨੇ ਸਜਾਈ ਬੈਠੀ ਹੈਂ..!
ਕਦੇ-ਕਦੇ ਮੰਗਦੀ ਹੈ,
ਤੇਰੀ ਭੋਲ਼ੀ ਮੂਰਤ ਚੁੱਪ ਚਾਪ ਉੱਤਰ ਮੈਥੋਂ..!
ਮੁੱਖ 'ਤੇ ਹੱਥ ਧਰੀ ਬੈਠੀ,
ਤੂੰ ਉਸੀ ਲੰਬੇਰੇ ਪੈਂਡਿਆਂ ਦੀ ਸੋਚ ਵਿਚ..!
ਤੇਰੀਆਂ ਹੁਸੀਨ ਅੱਖੀਆਂ ਮੈਨੂੰ ਹਰ ਪਲ,
ਜਿ਼ੰਦਗੀ ਜਿਉਣ ਦਾ ਵਰ,
ਜਾਂ ਫਿਰ ਮੌਤ ਦੀ ਸਜ਼ਾ ਦਿੰਦੀਆਂ ਨੇ..?
ਖ਼ੈਰ...! ਤੂੰ,
ਚੁੱਪ ਚਾਪ ਹੀ ਕੋਲ਼ ਦੀ ਲੰਘ ਜਾਵੀਂ,
ਕਿਉਂਕਿ
ਮੈਥੋਂ ਜਰੀ ਨਹੀਂ ਜਾਣੀ,
ਤੇਰੇ 'ਤੇ ਮੰਡਰਾਉਂਦੀ,
ਦੁਨੀਆਂ ਦੀ ਵੱਢਖਾਣੀਂ ਸੋਚ
ਅਤੇ ਦੋ ਮੂੰਹੀਂ ਕਟਾਰ ਨਜ਼ਰ..!
ਪਰ...!
ਜਦੋਂ ਕਦੇ ਤੈਨੂੰ ਵਿਹਲ ਮਿਲੇ,
ਅੱਲ੍ਹੜ ਉਮਰ ਦੇ ਸਿ਼ਕਵਿਆਂ ਤੋਂ ਇਲਾਵਾ,
ਆਪਣੇ ਬਾਰੇ ਜ਼ਰੂਰ ਦੱਸੀਂ..!
ਅਲਵਿਦਾ...!


ਹੋਰ ਪੜੋ...

ਰੋਂਭੜੇ ਪਾਊ ਸਟੇਜ ਸੈਕਟਰੀ .......... ਵਿਅੰਗ

'ਚਿਰੜ-ਘੁੱਗ' ਰਸਾਲੇ ਵਾਲਿਆਂ ਨੂੰ ਕੁਝ ਕੁ 'ਅਸਾਮੀਆਂ' ਦੀ ਸਖ਼ਤ ਜ਼ਰੂਰਤ ਸੀ। ਰਸਾਲਾ ਕੱਢਣ ਦਾ ਪੁੱਠਾ ਪੰਗਾ ਤਾਂ ਲੈ ਬੈਠੇ ਸਨ, ਪਰ ਚੱਲਦਾ ਕਿਵੇਂ? ਪੈਸੇ ਬਿਨਾਂ ਤਾਂ ਕੋਈ ਪੂਛ ਵਾਲੇ ਬਾਬੇ ਹਨੂੰਮਾਨ ਜੀ ਨੂੰ ਮੱਥਾ ਨਹੀਂ ਟੇਕਦਾ! ਫਿਰ ਰਸਾਲੇ ਦੀ ਆਰਥਿਕ ਮੱਦਦ ਕੌਣ ਕਰਦਾ? ਕਮੰਡਲੇ ਬੋਕ ਦੇ ਸਿੰਗਾਂ ਨੂੰ ਹੱਥ ਤਾਂ ਲਾ ਲਿਆ ਸੀ, ਪਰ ਕਲਿਆਣ ਕਿਹੜਾ ਮਾਈ ਦਾ ਲਾਲ ਕਰਵਾਉਂਦਾ? ਜੇਬ 'ਚੋਂ ਪੈਸੇ ਲਾਉਣ ਵਾਲਾ ਕਾਲਾ ਮੰਤਰ ਕੌਣ ਪੜ੍ਹਦਾ? ਰਸਾਲੇ ਦੇ ਮੁੱਖ ਸੰਪਾਦਕ ਜਨਾਬ ਘੇਸਲਮਾਰ ਜੀ ਅਤੇ ਸਹਾਇਕ ਸੰਪਾਦਕ ਸ੍ਰੀ ਕੰਡੇ-ਕੱਢ ਜੀ ਨੇ ਬਥੇਰੇ ਲੋਕਾਂ ਦੇ ਇੰਟਰਵਿਊ ਛਾਪੇ, ਇਸ਼ਤਿਹਾਰ ਲਾਏ, ਪਰ ਪੈਸੇ ਦੇਣ ਵੇਲੇ ਹਰ ਕੋਈ, ਤੋਕੜ ਮੱਝ ਵਾਂਗ ਲੱਤ ਮਾਰ ਕੇ ਹੀ ਬਾਲਟੀ ਭੰਨਦਾ ਰਿਹਾ। ਇਕ ਉਦਮੀਂ ਪੱਤਰਕਾਰ ਤੇਜ਼ ਪਟੋਲ੍ਹੇ ਵਾਲੇ ਨੇ ਇਕ ਇੰਗਲੈਂਡ ਤੋਂ ਪੈਨਸ਼ਨ ਲੈ ਕੇ ਆਏ ਭੱਦਰ-ਪੁਰਸ਼ ਨੂੰ ਲੱਭਿਆ। ਜਿਸ ਭੱਦਰ-ਪੁਰਸ਼ ਦਾ ਨਾਂ ਬਿੰਡਾ ਰਾਮ ਸੀ। ਉਹ ਬਿੰਡੇ ਵਾਂਗ ਹੀ ਟਿਆਂਕਦਾ ਸੀ।

ਸ੍ਰੀ ਬਿੰਡਾ ਰਾਮ ਜੀ ਨੂੰ ਹਰ ਥਾਂ ਬਦੋਬਦੀ ਰਿੰਡ-ਪ੍ਰਧਾਨ ਬਣਨ ਦੀ ਬੁਰੀ ਬਿਮਾਰੀ ਸੀ।
ਸ੍ਰੀ ਬਿੰਡਾ ਰਾਮ ਜੀ ਦੇ ਮੋਟੇ ਸ਼ੀਸਿ਼ਆਂ ਵਾਲੀ ਐਨਕ ਲੁਆਈ ਹੋਈ ਸੀ ਅਤੇ ਸੁੱਖ ਨਾਲ ਕੰਨੋਂ ਵੀ ਰੱਬ ਆਸਰੇ, ਲੰਗੇ ਡੰਗ ਹੀ ਸੁਣਦਾ ਸੀ। ਇੰਡੀਆ ਆ ਕੇ ਸੁਣਨ ਵਾਲੀ ਮਸ਼ੀਨ ਤਾਂ ਜਵਾਬ ਦੇ ਗਈ, ਇੱਥੇ ਆ ਕੇ ਤਾਂ ਵੱਡੇ-ਵੱਡੇ ਜਵਾਬ ਦੇ ਜਾਂਦੇ ਹਨ, ਮਸ਼ੀਨ ਕਿਹੜੇ ਬਾਗ ਦੀ ਮੂਲੀ ਸੀ? ਪਰ ਹੁਣ ਬਿੰਡਾ ਜੀ ਨੇ ਕੱਪੜੇ ਸਿਉਣ ਵਾਲੀ ਮਸ਼ੀਨ ਦੀ, ਤੇਲ ਦੇਣ ਵਾਲੀ ਕੁੱਪੀ ਦੇ ਹੇਠਲੇ ਪਾਸੇ ਮੋਰੀਆਂ ਕਰ ਕੇ, ਮੂੰਹ ਵਾਲੇ ਪਾਸੇ ਪਲਾਸਟਿਕ ਦੀ ਲੰਮੀ ਨਾਲੀ ਫਿੱਟ ਕੀਤੀ ਹੋਈ ਸੀ। ਨਾਲੀ ਦਾ ਸਿਰਾ ਉਹ ਪੱਗ ਹੇਠਾਂ ਦੀ ਕੰਨ ਵਿਚ ਤੁੰਨ ਲੈਂਦਾ ਅਤੇ ਕੁੱਪੀ ਦਾ ਹੇਠਲਾ ਪਾਸਾ ਮਾਈਕਰੋਫ਼ੋਨ ਦਾ ਕੰਮ ਦਿੰਦਾ।
ਸ੍ਰੀ ਬਿੰਡਾ ਜੀ ਜੁਆਨੀ ਤੋਂ ਲੈ ਕੇ ਹੁਣ ਤੱਕ ਅੱਖੜ ਸੁਭਾਅ ਦੇ ਹੀ ਰਹੇ। ਇਕ ਵਾਰ ਜਦੋਂ ਉਹਨਾ ਦੇ ਗ੍ਰਹਿ ਵਿਖੇ ਪੋਤਰਾ ਸਾਹਿਬ ਜੀ ਨੇ ਜਨਮ ਲਿਆ ਤਾਂ ਸਾਰਾ ਪ੍ਰੀਵਾਰ ਇੰਗਲੈਂਡ ਤੋਂ ਪੋਤਰਾ ਜੀ ਦੀ 'ਛਟੀ' ਮਨਾਉਣ ਇੰਡੀਆ ਆ ਗਏ। ਆਖੰਡ ਪਾਠ ਪ੍ਰਕਾਸ਼ ਕਰਵਾਇਆ। ਸਾਰੇ ਪਿੰਡ ਨੂੰ ਰੋਟੀ ਵਰਜੀ। ਖੁਸਰਿਆਂ ਨੂੰ ਵੀ ਭਿਣਕ ਪੈ ਗਈ। ਫਿਰ ਉਹ ਕਿਉਂ ਪਿੱਛੇ ਰਹਿੰਦੇ? ਫਿਰ ਵੀ 'ਬਾਹਰਲੀ ਅਸਾਮੀਂ' ਸੀ! ਜਿੱਥੇ ਸਾਰੇ ਮਹਿਕਮੇਂ 'ਬਾਹਰਲਿਆਂ' ਨੂੰ 'ਵੱਢਦੇ' ਹਨ, ਉਥੇ ਖੁਸਰੇ ਵਿਚਾਰੇ ਕਿਉਂ ਪਿੱਛੇ ਰਹਿਣ? ਉਹ ਵੀ ਰੰਬੀਆਂ ਲੈ ਕੇ 'ਹਲਾਲ' ਕਰਨ ਲਈ ਆ ਖੜ੍ਹੇ ਹੋਏ। ਰੱਪੜ ਇਹ ਖੜ੍ਹਾ ਹੋਇਆ ਕਿ ਦੋ ਖੁਸਰਾ-ਦਲ ਆ ਖੜ੍ਹੇ ਹੋਏ! ਇਕ ਜਗਰਾਂਵਾਂ ਤੋਂ ਅਤੇ ਇਕ ਮੋਗੇ ਤੋਂ!! ਸ੍ਰੀ ਬਿੰਡਾ ਮੱਲ ਜੀ ਦੋ ਪਾਰਟੀਆਂ ਵੱਲ, ਵਾੜ ਵਿਚ ਫ਼ਸੇ ਬਿੱਲੇ ਵਾਂਗ, ਘੁੱਟਾਂਬਾਟੀ ਝਾਕ ਰਹੇ ਸਨ। ਖੁਸਰਿਆਂ ਦੀ ਤਕਰਾਰ ਸ਼ੁਰੂ ਹੋ ਗਈ। ਇਕ ਪਾਰਟੀ ਇਸ ਪਿੰਡ ਨੂੰ ਆਪਣਾ ਇਲਾਕਾ ਗਰਦਾਨ ਰਹੀ ਸੀ, ਜਦ ਕਿ ਦੂਜੀ ਆਪਣਾ ਇਲਾਕਾ ਹੋਣ ਦਾ ਦਾਅਵਾ ਕਰ ਰਹੀ ਸੀ। ਸ੍ਰੀ ਬਿੰਡਾ ਜੀ ਨੇ ਆ ਦੇਖਿਆ, ਨਾ ਤਾਅ ਦੇਖਿਆ, ਰੈਂਗੜਾ ਲੈ ਕੇ ਇਕ ਖੁਸਰਾ-ਮੁਖੀ ਦੇ ਸਿਰ ਵਿਚ ਮਧਾਣੀ-ਚੀਰਾ ਪਾ ਦਿੱਤਾ ਤੇ ਬੋਲੇ, "ਸਾਨੂੰ ਮੇਰੇ ਸਾਲੇ ਖੁਸਰਿਆਂ ਨੇ ਈ ਵੰਡ ਲਿਆ?"
ਖੁਸਰੇ ਨੱਚਣ ਦੀ ਥਾਂ ਸ੍ਰੀ ਬਿੰਡਾ ਜੀ ਦਾ ਸਿਆਪਾ ਕਰਕੇ ਮੁੜ ਗਏ। ਸਾਰੇ ਖੁਸਰਿਆਂ ਨੇ ਸ੍ਰੀ ਬਿੰਡਾ ਜੀ ਨੂੰ ਆਪਣਾ ਨੰਗੇਜ਼ ਦਿਖਾਇਆ ਸੀ। ਸ੍ਰੀ ਬਿੰਡਾ ਜੀ ਫਿਰ ਪਿੱਟ ਉਠੇ, "ਢਕ ਲਓ ਆਬਦੀਆਂ ਮੂੰਗਰੀਆਂ ਜੀਆਂ-ਨਹੀਂ ਤਾਂ ਮੂਤਣ ਵੱਲੋਂ ਵੀ ਜਾਂਵੋਂਗੇ! ਵਗਜੋ ਪਰ੍ਹੇ-ਕੁਛ ਨਾ ਆਖੋ! ਮੈਥੋਂ ਫਿਰ ਇਕ ਅੱਧੇ ਦੇ ਪੁੜਪੜੀ 'ਚ ਵੱਜੂ-ਫੇਰ ਨਾ ਕਿਹੋ ਕਿਸੇ ਦੀ ਜਾਹ ਜਾਂਦੀ ਕਰਤੀ-ਚਿੱਬ ਪੈਜੂ ਮੈਥੋਂ ਕਿਸੇ ਦੇ ਖੋਪੜ 'ਚ-ਸਾਲੇ ਲੱਗਪੇ ਸੀਂਢ ਸਿੱਟਣ ਐਥੇ...!" ਬਿੰਡਾ ਜੀ ਨੇ ਕੁੱਤੇ ਵਾਂਗ ਪੈਰਾਂ ਹੇਠੋਂ ਮਿੱਟੀ ਕੱਢੀ, ਖੌਰੂ ਪੱਟਿਆ!
ਖੁਸਰੇ ਤੁਰ ਗਏ। ਸ੍ਰੀ ਬਿੰਡਾ ਜੀ ਵਾੜ ਦਾ ਝਾਫ਼ਾ ਬਣੇ ਖੜ੍ਹੇ ਸਨ।
......ਅੱਜ ਉਹਨਾ ਨੂੰ ਸਰਦਾਰ ਤੇਜ਼ ਪਟੋਲ੍ਹੇ ਵਾਲਾ ਬੜੇ ਆਦਰ-ਸਤਿਕਾਰ ਨਾਲ ਲੈ ਕੇ ਆਇਆ ਸੀ। ਸ੍ਰੀ ਬਿੰਡਾ ਜੀ ਨੂੰ ਸਟੇਜ਼ ਤੇ ਬੋਲਣ ਦਾ ਬੜਾ ਹੀ ਭੈੜਾ 'ਹਲਕ' ਉਠਦਾ ਸੀ। ਹੀਂਗਣਾ ਛੁੱਟਦਾ ਸੀ। ਸਰਦਾਰ ਪਟੋਲ੍ਹੇ ਵਾਲਾ ਜੀ ਉਹਨਾ ਨੂੰ ਸਟੇਜ਼ 'ਤੇ ਬੁਲਾਉਣ ਅਰਥਾਤ 'ਸਟੇਜ਼-ਸੈਕਟਰੀ' ਵਜੋਂ ਸੇਵਾ ਨਿਭਾਉਣ ਦੀ ਮਿੱਠੀ ਉਂਗਲ ਚਟਾਈ ਸੀ ਅਤੇ ਸ੍ਰੀ ਬਿੰਡਾ ਜੀ ਨੇ ਰਸਾਲੇ ਲਈ ਵੱਧ ਤੋਂ ਵੱਧ ਆਰਥਿਕ ਮੱਦਦ ਦੇਣ ਦਾ ਵਾਅਦਾ ਕੀਤਾ ਸੀ।
'ਚਿਰੜ-ਘੁੱਗ' ਰਸਾਲੇ ਵਾਲਿਆਂ ਨੇ ਸਪੈਸ਼ਲ ਇਕ ਸਮਾਗਮ ਰੱਖਿਆ ਸੀ, ਜਿੱਥੇ ਸ੍ਰੀ ਬਿੰਡਾ ਜੀ ਦਾ ਸਟੇਜੀ ਝੱਸ ਪੂਰਾ ਹੋ ਸਕੇ। ਅਸਲ ਮਕਸਦ ਤਾਂ ਆਰਥਿਕ ਲਾਹਾ ਲੈਣ ਦਾ ਸੀ। ਸ੍ਰੀ ਚਿਮਨੀ ਪ੍ਰਕਾਸ਼ ਜੀ ਨੇ ਇਕ ਭਾਸ਼ਨ ਅਤੇ ਪਹੁੰਚਣ ਵਾਲੇ ਸਾਹਿਤਕਾਰਾਂ ਬਾਰੇ ਲੋੜੀਂਦੀ ਜਾਣਕਾਰੀ ਲਿਖ ਕੇ ਬਿੰਡਾ ਜੀ ਦੇ ਹੱਥ ਥਮ੍ਹਾ ਦਿੱਤੀ। ਸ੍ਰੀ ਬਿੰਡਾ ਜੀ ਨੇ ਰੱਸੇ ਜਿੱਡੀ ਟਾਈ ਲਾ ਲਈ, ਐਨਕ ਦੇ ਮੋਟੇ-ਮੋਟੇ ਸ਼ੀਸ਼ੇ ਸਾਫ ਕੀਤੇ ਅਤੇ ਕੰਨ ਨੂੰ ਲਾਉਣ ਵਾਲੀ ਕੁੱਪੀ ਅਤੇ ਨਾਲੀ ਝੋਲੇ ਵਿਚ ਪਾ ਲਈ।
-"ਅਗਰ ਮੈਥੋਂ ਕੁਛ ਸਾਫ਼ ਨਾ ਪੜ੍ਹਿਆ ਜਾਵੇ ਤਾਂ ਪਰਦੇ ਪਿੱਛੋਂ ਕੁੱਪੀ ਵਿਚ ਦੀ ਬੋਲ ਦੇਇਓ!" ਸ੍ਰੀ ਬਿੰਡਾ ਜੀ ਨੇ ਤੂਫਾਨ ਸਿੰਘ 'ਨ੍ਹੇਰੀ' ਨੂੰ ਆਖਿਆ। ਸੁਣਨ ਵਾਲੀ ਕੁੱਪੀ ਨਾਲ ਅੱਜ ਤਿੰਨ ਫੁੱਟ ਲੰਮੀ ਨਾਲੀ ਸਪੈਸ਼ਲ ਤੌਰ 'ਤੇ ਲਾਈ ਗਈ ਸੀ।
-"ਤੁਸੀਂ ਫਿਕਰ ਨਾ ਕਰੋ ਬਿੰਡਾ ਜੀ! ਮੈਂ ਨਾਲ ਦੀ ਨਾਲ ਕੁਰੈਕਸ਼ਨ ਕਰ-ਕਰ ਦੱਸੀ ਜਾਵਾਂਗਾ-ਪਰ ਆਪਣਾ ਕੰਨ ਮੇਰੇ 'ਚ ਹੀ ਰੱਖਿਓ-ਹੋਰ ਨਾ ਕੋਹਲੂ ਗੇੜੇ ਪਏ ਰਿਹੋ!" ਨ੍ਹੇਰੀ ਜੀ ਨੇ ਪੂਰੀ ਹਿੱਕ ਥਾਪੜ ਦਿੱਤੀ।
-"ਥੋਡੀ ਅਸੀਂ ਐਸੀ ਠੁੱਕ ਬੰਨ੍ਹਾਂਗੇ ਕਿ ਸਰੋਤੇ ਅੱਛ-ਅੱਛ ਕਰ ਉਠਣਗੇ!" ਜਰਦੇ ਵਾਲੇ ਤੇਲੂ ਰਾਮ ਨੇ ਵੀ ਚੁੱਲ੍ਹੇ ਦੀ ਅੱਗ ਅਗਾਂਹ ਕਰ ਦਿੱਤੀ। ਉਸ ਨੇ ਸਰੋਤਿਆਂ ਨੂੰ ਕਮਲੇ ਜਿਹੇ ਕਰਨ ਖਾਤਰ 'ਰੂੜੀ-ਮਾਰਕਾ' ਦੇ ਦੋ-ਦੋ ਪੈੱਗ ਲੁਆ ਦਿੱਤੇ ਸਨ। ਜਿਹੋ ਜਿਹੀ ਨੰਦੋ ਬਾਹਮਣੀ, ਓਹੋ ਜਿਹਾ ਘੁੱਦੂ ਜੇਠ!
ਸ੍ਰੀ ਬਿੰਡਾ ਜੀ ਸਟੇਜ਼ 'ਤੇ ਆਏ। ਨਾਲੀ ਵਾਲਾ ਸਿਰਾ ਉਹਨਾ ਨੇ ਪੱਗ ਹੇਠੋਂ ਦੀ ਕੰਨ ਵਿਚ ਫਸਾਇਆ ਹੋਇਆ ਸੀ ਅਤੇ ਦੂਜੇ ਸਿਰੇ, ਪਰਦੇ ਪਿੱਛੇ, ਹੱਥ ਵਿਚ ਕੁੱਪੀ ਫੜੀ 'ਨ੍ਹੇਰੀ' ਪੂਰੀ ਤਿਆਰੀ ਨਾਲ ਮੋਰਚਾ ਮੱਲੀ ਬੈਠਾ ਸੀ।
-"ਪਿਆਰੇ ਭੈਣੋਂ ਅਤੇ ਮਾਈਓ-ਭਾਈਓ ਤੇ ਭਰਜਾਈਓ...!" ਸ੍ਰੀ ਬਿੰਡਾ ਜੀ ਨੇ ਲੰਮੀ ਸਾਰੀ ਲਿਸਟ ਪੜ੍ਹ ਕੇ ਬੋਲਣਾ ਸ਼ੁਰੂ ਕੀਤਾ।
'ਭਰਜਾਈਓ' ਦੇ ਨਾਂ 'ਤੇ ਪ੍ਰਬੰਧਕਾਂ ਨੇ ਕਸੀਸ ਵੱਟ ਲਈ। ਪਰ ਚੁੱਪ ਕਰ ਗਏ।
-"ਥੋਨੂੰ ਪਤਾ ਈ ਐ ਕਿ ਕੰਨ ਤਾਂ ਮੇਰੇ ਪਹਿਲਾਂ ਹੀ ਜਵਾਬ ਦੇਈ ਬੈਠੇ ਐ ਤੇ ਹੁਣ ਅੱਖਾਂ ਸਹੁਰੀਆਂ ਵੀ ਪੈਨਸ਼ਨ ਲੈਣ ਲਈ ਅੜੀਆਂ ਬੈਠੀਐਂ!"
ਸਰੋਤੇ ਡੱਡੂਆਂ ਵਾਂਗ 'ਗੜੈਂ-ਗੜੈਂ' ਕਰਕੇ ਹੱਸੇ।
-"ਖ਼ੈਰ! ਸਾਰਿਆਂ ਤੋਂ ਪਹਿਲਾਂ ਮੈਂ ਸ੍ਰੀ ਰਾਸ਼ਟਰੀ-ਫੰਡਰ ਜੀ ਨੂੰ ਬੇਨਤੀ ਕਰਾਂਗਾ-।"
-"ਰਾਸ਼ਟਰੀ-ਫੰਡਰ ਨਹੀਂ ਜੀ-!" ਨ੍ਹੇਰੀ ਨੇ ਤੁਰੰਤ ਐਕਸ਼ਨ ਲਿਆ, "ਸ਼ਾਸਤਰੀ ਚੰਦਰ ਜੀ ਕਹੋ-ਸ਼ਾਸਤਰੀ ਚੰਦਰ!"
ਪਿੱਛੋਂ ਸੁਚੇਤ ਹੋਏ ਬੈਠੇ ਨ੍ਹੇਰੀ ਨੇ ਫੌਰਨ ਗਲਤੀ ਸੁਧਾਰਨ ਲਈ ਬੇਨਤੀ ਕੀਤੀ।
-"ਮਾਫ਼ ਕਰਨਾ! ਸ਼ਾਸਤਰੀ ਚੰਦਰ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪ੍ਰਧਾਨਗੀ ਮੰਚ 'ਤੇ ਆਉਣ!"
ਸ਼ਾਸਤਰੀ ਚੰਦਰ ਜੀ ਮੰਚ 'ਤੇ ਆ ਕੇ ਬੈਠ ਗਏ ਅਤੇ ਬਿੰਡਾ ਜੀ ਨੇ ਤੁਆਰਫ਼ ਕਰਵਾਉਣਾ ਸੁਰੂ ਕੀਤਾ, "ਸ਼ਾਸਤਰੀ ਜੀ ਕਾਮ-ਰੂਪ ਵਿਚ ਰਿਵਿਊ ਕਰਨ ਵਿਚ ਬੜੇ ਨਿਪੁੰਸਕ ਹਨ!"
ਨ੍ਹੇਰੀ ਨੇ ਫਿਰ ਸੁਧਾਰ ਕੀਤਾ, "ਮਹਾਰਾਜ! ਸ਼ਾਸਤਰੀ ਜੀ ਕਾਵਿ-ਰੂਪ ਵਿਚ ਰਿਵਿਊ ਕਰਨ ਵਿਚ ਬੜੇ ਨਿਪੁੰਨ ਹਨ!"
-"ਸ਼ਾਸਤਰੀ ਜੀ-ਕਾਵਿ ਰੂਪ ਵਿਚ ਰਿਵਿਊ ਕਰਨ ਵਿਚ ਬੜੇ ਹੀ ਨਿਪੁੰਨ ਹਨ!" ਬਿੰਡਾ ਜੀ ਫੁਰਤੀ ਨਾਲ ਸੰਭਲ ਗਏ।
ਉਹ ਨ੍ਹੇਰੀ ਦੇ ਮਗਰੇ ਹੀ ਬੋਲੇ ਸਨ।
-"ਮਾਫ ਕਰਨਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਮੇਰੀਆਂ ਅੱਖਾਂ ਤੇ ਕੰਨਾਂ ਦੇ ਨਾਲ-ਨਾਲ ਮੇਰੀ ਜੁਬਾਨ ਦਾ ਵੀ ਘੋਰੜੂ ਵੱਜਣ ਲੱਗ ਪਿਐ!"
ਦਾਰੂ ਨਾਲ ਕਮਲੇ ਹੋਏ ਸਰੋਤੇ ਕੁਝ ਕੁ ਹੱਸੇ।
-"ਹੁਣ ਮੈਂ ਬੀਬੀ ਭੂਤ-ਮਧਾਣੀ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਇੱਥੇ ਆਉਣ।"
-"ਬੀਬੀ ਭੂਤ-ਮਧਾਣੀ ਨਹੀਂ ਬਿੰਡਾ ਜੀ! ਬੀਬੀ ਰੂਪਮ-ਰਾਣੀ!!"
-"ਹਾਂ ਸੱਚ! ਬੀਬੀ ਰੂਪਮ-ਰਾਣੀ ਜੀ।"
ਰੂਪਮ ਰਾਣੀ ਵੀ ਸਟੇਜ਼ 'ਤੇ ਪੁੱਜ ਗਈ।
ਬਿੰਡਾ ਜੀ ਬੋਲੀ ਜਾ ਰਹੇ ਸਨ। ਨ੍ਹੇਰੀ ਪਿੱਛੋਂ 'ਕੱਲੀ-'ਕੱਲੀ ਗਲਤੀ ਦੀ ਸੁਧਾਈ ਕਰੀ ਜਾ ਰਿਹਾ ਸੀ।
-"ਮਰਜਾਂ ਕੁਛ ਖਾ ਕੇ-ਕਿਮੇਂ ਨਿੱਖਰੀ ਤਿੱਖਰੀ ਫਿਰਦੀ ਐ-ਨਿਰੀ 'ਹੇਲਾਂ-ਬਾਹਮਣੀ' ਲੱਗਦੀ ਐ।"
-"ਹੇਲਾਂ ਬਾਹਮਣੀ ਨਹੀਂ ਜੀ-ਹੇਮਾਂ ਮਾਲਿਨੀ!"
-"ਸੱਚ! ਹੇਮਾਂ ਮਾਲਿਣੀ! ਪਿਛਲੇ ਸਾਲ ਇਹਨਾਂ ਨੂੰ ਸਿਆਪਾ ਪੁਰਸਕਾਰ ਮਿਲਿਐ।"
-"ਸਿਆਪਾ ਪੁਰਸਕਾਰ ਨਹੀ ਜੀ-ਇਆਪਾ ਪੁਰਸਕਾਰ!"
-"ਸੱਚ! ਇਆਪਾ ਪੁਰਸਕਾਰ!! ਪੁਰਸਕਾਰਾਂ ਦੇ ਕਿਹੜਾ ਨਾਂ ਆਉਂਦੇ ਐ? ਅੱਗੇ ਨਹਿਰੂ, ਗਾਂਧੀ ਆਦਿ ਪੁਰਸਕਾਰ ਹੁੰਦੇ ਸੀ-ਅੱਜ ਕੱਲ੍ਹ ਤਾਂ ਇਆਪਾ-ਸਿਆਪਾ ਸਭ ਇੱਕੋ ਜਿਹੇ ਹੋਏ ਪਏ ਐ!"
ਸਰੋਤੇ ਪੀ ਰਹੇ ਸਨ, ਸੁਣ ਰਹੇ ਸਨ। ਬਿੰਡਾ ਜੀ ਬੋਲੀ ਜਾ ਰਹੇ ਸਨ ਅਤੇ ਨ੍ਹੇਰੀ ਗਲਤੀਆਂ ਕੱਢੀ ਜਾ ਰਿਹਾ ਸੀ।
-"ਸੋ.... ਹੁਣ ਵਾਰੀ ਹੈ ਭਾਈ ਗੰਨਾਂ ਜੀ ਦੀ-।"
-"ਭਾਈ ਗੰਨਾਂ ਨਹੀਂ ਜੀ! ਭਾਈ ਮੰਨਾਂ ਜੀ ਦੀ!!"
-"ਸੱਚ! ਭਾਈ ਮੰਨਾਂ ਜੀ ਦੀ! ਪਰ ਇਹੇ ਮੰਨਣ ਚਾਹੇ ਨਾਂ ਮੰਨਣ-ਪਰ ਐਤਕੀਂ ਇਹਨਾਂ ਨੂੰ ਸਰਕਾਰ ਵੱਲੋਂ 'ਪੱਦ-ਮਿਸਰੀ' ਅਵਾਰਡ ਦਿੱਤਾ ਜਾ ਰਿਹੈ!"
-"ਪੱਦ-ਮਿਸਰੀ ਅਵਾਰਡ ਨਹੀ ਜੀ! ਪਦਮ-ਸ੍ਰੀ!! ਪਦਮ-ਸ੍ਰੀ!!!"
-"ਸੱਚ, ਪਦਮ-ਸ੍ਰੀ! ਪਦਮ-ਸ੍ਰੀ!! ਦੇਖੋ ਜੀ 'ਸਿਰੀ' ਨਾਲ ਜ਼ਰੂਰ ਲੱਗਣੀ ਚਾਹੀਦੀ ਐ-ਚਾਹੇ ਸੱਪ ਦੀ ਈ ਕਿਉਂ ਨਾਂ ਹੋਵੇ!"
-"ਖ਼ੈਰ! ਹੁਣ ਵਾਰੀ ਐ ਸੁਰਗਵਾਸੀ-।"
-"ਸੁਰਗਵਾਸੀ ਨਹੀਂ ਮਹਾਰਜ! ਸਰਵ ਸ੍ਰੀ!"
-"ਸੱਚ! ਸਰਵ ਸ਼੍ਰੀ ਰੋਣੂ ਪ੍ਰਸਾਦ ਜੀ-।"
-"ਰੋਣੂ ਪ੍ਰਸਾਦ ਨਹੀ ਬਿੰਡਾ ਜੀ! ਰੈਣੂ ਪ੍ਰਸਾਦ!!"
-"ਰੈਣੂ ਪ੍ਰਸਾਦ ਜੀ-ਸੱਚ!"
-"ਰੈਣੂ ਪ੍ਰਸਾਦ ਜੀ ਦੇ ਚਿਹਰੇ 'ਤੇ ਵੀ ਰਾਤ ਈ ਪਈ ਲੱਗਦੀ ਐ-ਲੱਗਦੇ ਵੀ ਕਾਰਤੂਸ ਦੇ ਰੈਣੇਂ ਅਰਗੇ ਈ ਐ-ਇਕ ਇਹਨਾਂ ਦਾ ਇਲਾਕਾ ਐਹੋ ਜਿਐ-ਉਥੇ ਕਮੇਟੀ ਨੇ ਮੈਨੂੰ ਸੱਦਿਆ-ਜਦੋਂ ਮੈਂ ਜਾ ਕੇ ਫ਼ਤਹਿ ਬੁਲਾਈ ਤਾਂ ਮੈਨੂੰ ਕਮੇਟੀ ਆਲੇ ਕਹਿੰਦੇ, ਅਖੇ: ਆਜੋ ਬਿੰਡਾ ਜੀ! ਅਸੀਂ ਤਾਂ ਕਦੋਂ ਦਾ ਥੋਡਾ 'ਸਸਕਾਰ' ਕਰਨ ਲਈ ਖੜ੍ਹੇ ਆਂ-'ਸਤਿਕਾਰ' ਨੂੰ ਪਤੰਦਰ 'ਸਸਕਾਰ' ਈ ਦੱਸਦੇ ਐ-ਮੈਂ ਕਿਹਾ ਮੇਰਾ ਸਸਕਾਰ ਤਾਂ ਅੱਜ ਐਥੇ ਈ ਕਰ ਦੇਣਗੇ!"
ਸਾਰੇ ਹੱਸ ਪਏ।
-"ਸੋ ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਬਰਬਾਦ ਕਰਦਾ-ਸਾਰੇ ਸੱਜਣ ਸਟੇਜ਼ 'ਤੇ ਪਹੁੰਚ ਗਏ ਹਨ-ਮੇਰੀ ਐਨੀ ਕੁ ਹੀ ਹਾਜ਼ਰੀ ਪ੍ਰਵਾਨ ਕਰਨੀ-ਧੰਨਵਾਦ!" ਬਿੰਡਾ ਜੀ ਬੈਠ ਗਏ। ਪ੍ਰਬੰਧਕਾਂ ਨੇ ਸ਼ੁਕਰ ਕੀਤਾ। ਨ੍ਹੇਰੀ ਨੇ ਮੁੜ੍ਹਕਾ ਪੂੰਝਿਆ ਅਤੇ ਕਾਰਵਾਈ ਅੱਗੇ ਸੁਰੂ ਹੋ ਗਈ।


ਹੋਰ ਪੜੋ...

ਬੁੱਢੇ ਦਰਿਆ ਦੀ ਜੂਹ.......... ਕਹਾਣੀ

ਪੂਰੇ ਪੈਂਤੀ ਸਾਲ ਹੋ ਗਏ ਸਨ ਬਦਨ ਸਿੰਘ ਨੂੰ ਆਸਟਰੀਆ ਆਏ ਹੋਏ। ਪ੍ਰਵਾਸ ਭੋਗਦਿਆਂ ਬੜੀਆਂ ਠੰਢੀਆਂ-ਤੱਤੀਆਂ ਹਵਾਵਾਂ ਪਿੰਡੇ 'ਤੇ ਵਗੀਆਂ। ਪਰ ਉਹ ਚੜ੍ਹਦੀ ਕਲਾ ਵਿਚ ਹੀ ਰਿਹਾ। ਕਿਸੇ ਪੱਖੋਂ ਗਿ਼ਲਾ ਨਾ ਕੀਤਾ। ਚੰਗੇ-ਮੰਦੇ, ਭਾਰੇ ਕੰਮ ਵੀ ਕੀਤੇ। ਗੋਰਿਆਂ ਦੇ ਛੋਕਰਿਆਂ ਦੀਆਂ ਢੁੱਚਰਾਂ ਸਹੀਆਂ। ਪਰ ਬਦਨ ਸਿੰਘ ਪਰਬਤ ਵਾਂਗ ਅਡੋਲ ਰਿਹਾ ਅਤੇ ਫ਼ੌਲਾਦ ਵਾਂਗ ਅਟੁੱਟ! ਸਿਰੜੀ ਸਾਧੂ ਵਾਂਗ ਪੈਂਤੀ ਸਾਲ ਤਪੱਸਿਆ ਹੀ ਕੀਤੀ ਸੀ। ਹਲਾਲ-ਹੱਕ ਦੀ ਕਮਾਈ ਦੀ ਤਪੱਸਿਆ! ਮਾੜੇ ਜਾਂ ਮਜ਼ਬੂਰ ਬੰਦੇ ਦੇ ਕੰਮ ਆਉਣਾ ਬਦਨ ਸਿੰਘ ਦੀ ਇੱਕ ਤਰ੍ਹਾਂ ਦੀ ਫਿ਼ਤਰਤ ਸੀ। ਕਿਸੇ ਦਾ ਦੁੱਖ ਉਹ ਝੱਲ ਨਹੀਂ ਸਕਦਾ ਸੀ। ਜਿੰਨੀ ਜੋਕਰਾ ਹੁੰਦਾ, ਵੱਧ ਚੜ੍ਹ ਕੇ ਮੱਦਦ ਕਰਦਾ। ਨੇਕ ਨੀਅਤ ਨੂੰ ਵੀ ਕਾਹਦੇ ਘਾਟੇ? ਪ੍ਰਮਾਤਮਾ ਨੇ ਵੀ ਉਸ ਨੂੰ ਸਾਰਾ ਕੁਝ ਬਖ਼ਸ਼ ਦਿੱਤਾ ਸੀ। ਆਸਟਰੀਆ ਵਿਚ ਖੁੱਲ੍ਹਾ-ਡੁੱਲ੍ਹਾ ਘਰ, ਧਨ-ਦੌਲਤ ਅਤੇ ਚਾਰ ਪੁੱਤਰ! ਬਦਨ ਸਿੰਘ ਦਰਵੇਸ਼ ਬੰਦਾ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ ਦਿਆਲੂ ਪੁਰਸ਼। ਹੁਣ ਪਿਛਲੇ ਸਾਲ ਪੈਨਸ਼ਨ 'ਤੇ ਹੋਇਆ ਸੀ।
ਜਿਸ ਦਿਨ ਹਰਪ੍ਰੀਤ ਦੀ ਮੌਤ ਹੋਈ ਤਾਂ ਬਦਨ ਸਿੰਘ ਨਦੀ ਕਿਨਾਰੇ ਖੜ੍ਹੇ ਰੁੱਖ ਵਾਂਗ ਜੜ੍ਹੋਂ ਹੀ ਪੱਟਿਆ ਗਿਆ। ਉਹ ਹਰਪ੍ਰੀਤ ਨੂੰ ਆਪਣੇ ਸਕੇ ਪੁੱਤਰਾਂ ਤੋਂ ਵੱਧ ਪਿਆਰ ਕਰਦਾ ਸੀ। ਹਰਪ੍ਰੀਤ, ਬਦਨ ਸਿੰਘ ਦੇ ਛੋਟੇ ਭਰਾ ਅਤੇ ਸਾਲੀ ਦਾ ਪੁੱਤ ਸੀ। ਸਕੀ ਸਾਲੀ ਦਿਲਜੀਤ ਦਾ ਰਿਸ਼ਤਾ ਉਹ ਆਪ ਆਪਣੇ ਸਕੇ ਭਰਾ ਦਿਲਬਾਗ ਲਈ ਲੈ ਕੇ ਆਇਆ ਸੀ। ਬਦਨ ਸਿੰਘ ਦੀ ਮਾਂ ਅੜਬ ਸੀ। ਨਿੱਕੀ-ਨਿੱਕੀ ਗੱਲ 'ਤੇ ਨਿਘੋਚਾਂ ਕੱਢਣ ਵਾਲੀ ਅੜੀਖੋਰ ਔਰਤ! ਮਾੜੀ-ਮਾੜੀ ਗੱਲ 'ਤੇ ਘੜਮੱਸ ਪਾਉਣ ਵਾਲੀ ਸੱਸ!
ਪੂਰਾ ਇੱਕ ਸਾਲ ਦਿਲਜੀਤ ਨੂੰ ਕੋਈ ਬੱਚਾ-ਬੱਚੀ ਨਾ ਹੋਇਆ। ਸੱਸ ਨੇ ਫਿਰ ਪੜਛੱਤੀ ਸਿਰ 'ਤੇ ਚੁੱਕ ਲਈ।
-"ਇਹ ਤਾਂ ਫੰਡਰ ਮੱਝ ਐ!"
ਦਿਲਜੀਤ ਨੇ ਤਰ੍ਹਾਂ-ਤਰ੍ਹਾਂ ਦੇ ਡਾਕਟਰਾਂ ਕੋਲ ਗੇੜੇ ਕੱਢੇ। ਸਬਜ਼ਬਾਗ ਦਿਖਾਉਣ ਵਾਲੇ 'ਬਾਬਿਆਂ' ਦੇ ਚਰਨ ਪਰਸੇ, ਘਰ ਲੁਟਾਇਆ, ਪਰ ਗੱਲ ਨਾ ਬਣੀ। ਇੱਕ ਈਮਾਨਦਾਰ ਲੇਡੀ-ਡਾਕਟਰ ਨੇ ਚੈੱਕ-ਅੱਪ ਤੋਂ ਬਾਅਦ ਦਿਲਜੀਤ ਨੂੰ ਹਨ੍ਹੇਰੇ ਵਿਚ ਰੱਖਣਾ ਪਾਪ ਸਮਝਿਆ। ਉਸ ਨੇ ਦਿਲਜੀਤ ਨੂੰ ਸਿੱਧੀ ਗੱਲ ਹੀ ਦੱਸ ਦਿੱਤੀ।
-"ਤੁਹਾਡੇ ਵਿਚ ਕੋਈ ਨੁਕਸ ਨਹੀਂ-ਤੁਹਾਡੇ ਹਸਬੈਂਡ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹਨ!" ਸੱਸ ਦੀ ਸਤਾਈ ਦਿਲਜੀਤ ਬੇਹੋਸ਼ ਹੋ ਗਈ। ਲੇਡੀ-ਡਾਕਟਰ ਨੇ ਕੋਸਿ਼ਸ਼ਾਂ ਕਰ ਕੇ ਉਸ ਨੂੰ ਹੋਸ਼ ਵਿਚ ਲਿਆਂਦਾ ਅਤੇ ਸਲਾਹ ਦਿੱਤੀ।
-"ਤੁਸੀਂ ਰਿਲੈਕਸ ਹੋਣ ਲਈ ਮਹੀਨਾ ਖੰਡ ਇੰਡੀਆ ਚਲੇ ਜਾਓ।" ਤੇ ਲੇਡੀ-ਡਾਕਟਰ ਦੀ ਸਲਾਹ 'ਤੇ ਦਿਲਜੀਤ ਮਹੀਨੇ ਲਈ ਇੰਡੀਆ ਆ ਗਈ। ਪਰ ਸਾਧਾਂ-ਸੰਤਾਂ ਦਾ ਖਹਿੜਾ ਉਸ ਨੇ ਫਿਰ ਵੀ ਨਾ ਛੱਡਿਆ। ਦੁੱਧ ਦਾ ਡੋਲੂ ਲੈ ਕੇ ਉਹ ਦੈੜਾਂ ਵਾਲੇ ਸਾਧ ਕੋਲ ਚਲੀ ਗਈ। ਦੈੜਾਂ ਵਾਲਾ ਸਾਧ ਸਿੱਧਾ ਅਤੇ ਸਪੱਸ਼ਟ ਬੰਦਾ ਸੀ।
-"ਕੀ ਅਚਾ ਐ, ਬੀਬੀ?" ਸਾਧ ਨੇ ਇਕਾਂਤ ਵਿਚ ਦਿਲਜੀਤ ਨੂੰ ਪੁੱਛਿਆ।
-"ਬਾਬਾ ਜੀ-ਇੱਕ ਸਾਲ ਤੋਂ ਉੱਪਰ ਹੋ ਗਿਆ ਵਿਆਹ ਹੋਏ ਨੂੰ-ਕੋਈ ਬੱਚਾ ਨਹੀਂ ਹੋਇਆ।" ਉਸ ਨੇ ਦੁੱਧ ਦਾ ਡੋਲੂ ਸਾਧ ਅੱਗੇ ਧੱਕਦਿਆਂ ਕਿਹਾ।
-"ਇਹ ਦੁੱਧ ਬੀਬੀ ਮੇਰੇ ਕਿਸੇ ਕੰਮ ਨਹੀਂ-ਇਹ ਆਬਦੇ ਪਤੀ ਪ੍ਰਮੇਸ਼ਰ ਨੂੰ ਪਿਆ-ਜੇ ਪਤੀ ਪ੍ਰਮੇਸ਼ਰ 'ਚ ਕਣ ਕੰਡਾ ਨਹੀਂ-ਕਿਸੇ ਦਿਉਰ ਜੇਠ ਨੂੰ ਪਿਆ-ਤੇ ਜੇ ਦਿਉਰ ਜੇਠ ਵੀ ਡੱਕੇ ਭੰਨੀਂ ਬੈਠੇ ਐ ਤਾਂ ਕਿਸੇ ਗੁਆਂਢੀ ਨੂੰ ਪਿਆ-ਸਾਧਾਂ ਦੇ ਡੇਰਿਆਂ ਤੋਂ ਤੈਨੂੰ ਪੁੱਤ ਨਹੀਂ ਮਿਲਣੇ-ਸਾਧ ਤਾਂ ਆਪ ਖਾਖੀ ਨੰਗ ਹੁੰਦੇ ਐ! ਗੱਲਾਂ ਨਾਲ ਪੂੜੇ ਨਹੀਂ ਪੱਕਦੇ, ਬੀਬੀ! ਜੇ ਕਿਸੇ ਪਾਸੇ ਨੂੰ ਤੁਰੇਂਗੀ ਤਾਂ ਈ ਕਿਸੇ ਪਾਸੇ ਲੱਗੇਂਗੀ-ਡੇਰਿਆਂ ਦਾ ਛੱਡ ਖਹਿੜਾ ਤੇ ਕੋਈ ਹੱਥ-ਪੱਲਾ ਹਿਲਾ-ਮੇਜ਼ 'ਤੇ ਪਿਆ ਸਾਜ਼ ਆਪਣੇ ਆਪ ਨਹੀਂ ਵੱਜਦਾ-ਸੰਗੀਤ ਦਾ ਰਸ ਲੈਣਾ ਹੋਵੇ ਤਾਂ ਹਰਮੋਨੀਅਮ ਦੀਆਂ ਸੁੱਚਾਂ ਦੱਬਣੀਆਂ ਪੈਂਦੀਐਂ! ਮੁੜ ਕੇ ਕਿਸੇ ਦੇ ਡੇਰੇ ਨਾ ਜਾਈਂ-ਔਲਾਦ ਦਾ ਹੱਲ ਤੈਨੂੰ ਆਪ ਲੱਭਣਾ ਪੈਣੈਂ! ਦਿਰੜ੍ਹ ਇਰਾਦੇ ਨਾਲ ਕੋਈ ਤੂੰਬਾ ਸੁਰ ਕਰ ਤੇ ਦੇਖ ਫੇਰ ਅਗਲੀ ਲੋਹੜੀ ਕਿਵੇਂ ਰੰਗੀਨ ਹੁੰਦੀ ਐ-ਜੇ ਥੁੱਕੀਂ ਵੜੇ ਪਕਾਉਣੇ ਐਂ-ਤੇਰੀ ਮਰਜ਼ੀ ਐ!"
ਦਿਲਜੀਤ ਨੇ ਦੁੱਧ ਦਾ ਡੋਲੂ ਨੇੜੇ ਕਰ ਲਿਆ।
-"ਇੱਕ ਗੱਲ ਯਾਦ ਰੱਖੀਂ, ਬੀਬੀ! ਖੇਤ ਵਿਚ ਰੇਹ ਨਾ ਪਾਈਏ ਤਾਂ ਉਪਜਾਊ ਜ਼ਮੀਨ ਵੀ ਬੰਜਰ ਹੋ ਜਾਂਦੀ ਐ-ਛੱਲੀਆਂ ਚੱਬਣੀਆਂ ਹੋਣ ਤਾਂ ਮੱਕੀ ਦਾ ਛਿੱਟਾ ਦੇਣਾ ਪੈਂਦੈ-ਕੁੱਖ ਹਰੀ ਕਰਨੀ ਐਂ ਤਾਂ ਕੋਈ ਠੋਰਾ ਲੱਭ-ਤੇ ਨਹੀਂ ਘਰੇ ਬੈਠ ਕੇ ਰਾਮ ਰਾਮ ਕਰ-ਬਾਕੀ ਤੂੰ ਆਪ ਸਿਆਣੀ ਐਂ!" ਸਾਧ ਨੇ ਸਿੱਧੀਆਂ ਅਤੇ ਅਸਿੱਧੀਆਂ ਸਪੱਸ਼ਟ ਸੁਣਾ ਦਿੱਤੀਆਂ ਅਤੇ ਦਿਲਜੀਤ ਦੁੱਧ ਦਾ ਡੋਲੂ ਲੈ ਕੇ ਪਰਤ ਆਈ।
ਪੂਰੇ ਇੱਕ ਸਾਲ ਬਾਅਦ ਦਿਲਜੀਤ ਦੇ ਘਰ ਹਰਪ੍ਰੀਤ ਹੋਇਆ। ਗਲੋਟੇ ਵਰਗਾ ਮੁੰਡਾ! ਘਰ ਵਿਚ ਖੁਸ਼ੀ ਖਿੜ ਪਈ। ਸੁੱਕਦੀਆਂ ਕਰੂੰਬਲਾਂ ਹਰੀਆਂ ਹੋ ਗਈਆਂ। ਖੁੱਲ੍ਹੀ ਪਾਰਟੀ ਕੀਤੀ ਗਈ।
ਕੁਦਰਤ ਰੱਬ ਦੀ, ਛੇ ਕੁ ਮਹੀਨਿਆਂ ਪਿੱਛੋਂ ਹੀ ਦਿਲਜੀਤ ਦੇ ਘਰ ਵਾਲਾ ਦਿਲਬਾਗ ਅਧਰੰਗ ਦੇ ਅਟੈਕ ਨਾਲ ਕੁਝ ਦਿਨਾਂ ਵਿਚ ਹੀ 'ਚੜ੍ਹਾਈ' ਕਰ ਗਿਆ। ਅਧਰੰਗ ਦਾ ਅਟੈਕ ਖੱਬੇ ਪਾਸੇ ਹੋਇਆ ਸੀ। ਜਿਸ ਕਰਕੇ ਕੋਈ ਬਹੁਤੀ ਚਾਰਾਜੋਈ ਨਾ ਹੋ ਸਕੀ। ਸੱਸ ਨੇ ਦਿਲਜੀਤ ਨੂੰ ਕਾਲੇ ਮੂੰਹ ਵਾਲੀ ਗਰਦਾਨਣਾ ਸ਼ੁਰੂ ਕਰ ਦਿੱਤਾ। ਹਰਪ੍ਰੀਤ ਹੋਣ ਤੋਂ ਬਾਅਦ ਦਿਲਜੀਤ ਵੀ ਸੱਸ ਅੱਗੇ ਮੂੰਹ ਖੋਲ੍ਹਣ ਲੱਗ ਪਈ ਸੀ।
ਇੱਕ ਦਿਨ ਐਸਾ ਯੁੱਧ ਸੱਸ-ਨੂੰਹ ਵਿਚ ਛਿੜਿਆ ਕਿ ਸੱਸ ਬਸੰਤ ਕੌਰ ਆਪਣਾ ਕੱਪੜਾ-ਲੱਤਾ ਚੁੱਕ ਕੇ ਇੰਡੀਆ ਤੁਰ ਗਈ ਅਤੇ ਮਰਨ ਤੱਕ ਵਾਪਿਸ ਨਾ ਆਈ। ਦਿਲਜੀਤ ਅਤੇ ਹਰਪ੍ਰੀਤ ਦੀ ਜਿ਼ੰਮੇਵਾਰੀ ਬਦਨ ਸਿੰਘ 'ਤੇ ਆ ਗਈ। ਉਸ ਨੇ ਸਾਲੀ ਨੂੰ ਆਪਣੇ ਸਾਹਮਣੇ ਹੀ ਇੱਕ ਗੁਜ਼ਾਰੇ ਜੋਕਰਾ ਮਕਾਨ ਲੈ ਕੇ ਦੇ ਦਿੱਤਾ।
ਜਦ ਹਰਪ੍ਰੀਤ ਹੋਇਆ ਸੀ ਤਾਂ ਬਦਨ ਸਿੰਘ ਤੋਂ ਚਾਅ ਨਹੀਂ ਚੁੱਕਿਆ ਜਾਂਦਾ ਸੀ।
-"ਛੋਟੇ ਭਾਈ ਦੀ ਜੜ੍ਹ ਵਧੀ ਐ।" ਪ੍ਰੀਤ ਦਾ ਕਮਰਾ ਉਸ ਨੇ ਖਿਡੌਣਿਆਂ ਨਾਲ ਭਰ ਦਿੱਤਾ ਸੀ। ਉਹ ਹਰਪ੍ਰੀਤ ਨੂੰ 'ਪ੍ਰੀਤ' ਹੀ ਆਖਦਾ। ਜਦ ਪ੍ਰੀਤ ਦੀ ਡਾਕਟਰੀ ਹੋਣੀ ਹੁੰਦੀ ਤਾਂ ਬਦਨ ਸਿੰਘ ਆਪਣੀ ਕਾਰ ਲੈ ਕੇ ਹਰ ਮਹੀਨੇ ਉਸ ਦੀ ਚੈੱਕ-ਅੱਪ ਕਰਵਾ ਕੇ ਲਿਆਉਂਦਾ। ਨਵੇਂ-ਨਵੇਂ ਕੱਪੜੇ ਖਰੀਦ ਕੇ ਦਿੰਦਾ। ਉਸ ਦੀ ਦੁਆਈ-ਬੂਟੀ, ਖਾਣੇਂ ਅਤੇ ਸਿਹਤ ਦਾ ਖਿਆਲ ਰੱਖਦਾ। ਉਸ ਦੇ ਘਰ ਵਾਲੀ ਮਲਕੀਤ ਕੌਰ ਅਤੇ ਜੁਆਕ ਉਸ ਨੂੰ ਨੱਕ-ਬੁੱਲ੍ਹ ਕੱਢਦੇ ਰਹਿੰਦੇ। ਉਹ ਕਿਸੇ ਦੀ ਕੋਈ ਪ੍ਰਵਾਹ ਨਾ ਕਰਦਾ।
-"ਇਹਦੇ ਨਾਲ ਤਾਂ ਮੇਰਾ ਧੁਰ ਦਰਗਾਹੋਂ ਪ੍ਰੇਮ ਐਂ।" ਉਹ ਆਖਦਾ, "ਇਹਨੂੰ ਪਿਉ ਨਹੀਂ ਯਾਦ ਆਉਣ ਦੇਣਾ।"
ਮਲਕੀਤ ਕੌਰ ਅਤੇ ਦਿਲਜੀਤ ਦੀ ਪੇਕਿਆਂ ਤੋਂ ਹੀ ਘੱਟ ਬਣਦੀ ਸੀ। ਚਾਹੇ ਉਹ ਸਕੀਆਂ ਭੈਣਾਂ ਸਨ। ਇੱਕੋ ਮਾਂ ਦੀਆਂ ਜਾਈਆਂ ਹੋਈਆਂ। ਪਰ ਮਲਕੀਤ ਕੌਰ ਦੇ ਅੜਬ ਸੁਭਾਅ ਨੇ ਨਰਮ-ਦਿਲ ਦਿਲਜੀਤ ਨੂੰ ਕਦੇ ਸਿੱਧੇ ਮੂੰਹ ਨਾਲ ਨਹੀਂ ਬੁਲਾਇਆ ਸੀ। ਦਿਲਜੀਤ ਦਾ ਰਿਸ਼ਤਾ ਵੀ ਬਦਨ ਸਿੰਘ ਆਪਣੇ ਬਿਰਧ ਸਹੁਰੇ ਦੇ ਕਹਿਣ 'ਤੇ ਲੈ ਆਇਆ ਸੀ। ਮਲਕੀਤ ਕੌਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਸੀ। ਵਿਆਹ ਵਿਚ ਉਹ ਲੱਕੜ ਦੀ ਲੱਕੜ ਬਣੀ ਰਹੀ ਸੀ। ਇੱਕ ਸੌਂਕਣ ਵਾਂਗ!
ਜਦ ਪ੍ਰੀਤ ਕੁਝ ਵੱਡਾ ਹੋਇਆ ਤਾਂ ਬਦਨ ਸਿੰਘ ਉਸ ਨੂੰ ਵਕਤ 'ਚੋਂ ਵਕਤ ਕੱਢ ਕੇ ਪਾਰਕ ਵਿਚ ਫ਼ੇਰਾ ਮਾਰਨ ਲੈ ਜਾਂਦਾ। ਆਈਸ-ਕਰੀਮ ਅਤੇ ਫ਼ਰੂਟੀ ਖਰੀਦ ਕੇ ਦਿੰਦਾ। ਘਰੇ ਆ ਕੇ ਕਾਰਪੈੱਟ 'ਤੇ ਘੋੜਾ ਬਣ ਕੇ ਝੂਟੇ ਦਿੰਦਾ ਅਤੇ ਫਿਰ ਮਰਸਡੀਜ਼ ਕਾਰ ਵਿਚ ਬਿਠਾ ਕੇ ਸਾਰੇ ਸ਼ਹਿਰ ਵਿਚ ਗੇੜਾ ਦਿਵਾਉਂਦਾ। ਭਲਵਾਨੀ ਗੇੜਾ!
-"ਮੈਨੂੰ ਇੱਕ ਯੂਰੋ ਦਿਓ!" ਪ੍ਰੀਤ ਆਖਦਾ।
-"ਪਹਿਲਾਂ ਡੈਡੀ ਆਖ!"
"ਡੈਡੀ" ਕਹਿਣ 'ਤੇ ਬਦਨ ਸਿੰਘ ਕੋਲੋਂ ਪ੍ਰੀਤ ਨੂੰ ਇੱਕ ਯੂਰੋ ਮਿਲ ਜਾਂਦਾ। ਦੋਨੋਂ ਖੁਸ਼ ਰਹਿੰਦੇ। ਹੱਸਦੇ-ਖੇਡਦੇ।
-"ਆਬਦਿਆਂ ਬਾਰੇ ਵੀ ਕੁਛ ਸੋਚ ਲਿਆ ਕਰ-ਉਹਦੀਆਂ ਕੋਕੋ ਜੀ ਦੀਆਂ ਲਾਲ੍ਹਾਂ ਚੱਟੀ ਜਾਂਦਾ ਰਹਿੰਨੈਂ-ਤੇਰੇ ਆਬਦੇ ਜੁਆਕ ਖਿਝਦੇ ਐ!" ਮਲਕੀਤ ਕੌਰ ਠ੍ਹੋਕਰਦੀ। ਪਰ ਬਦਨ ਸਿੰਘ ਮਸਤ ਰਹਿੰਦਾ। ਪਤਾ ਨਹੀਂ ਕਿਹੜੀ ਚੀਜ਼ ਦਾ ਉਸ ਨੂੰ ਚਾਅ, ਨਸ਼ਾ ਚੜ੍ਹਿਆ ਰਹਿੰਦਾ? ਉਹ ਮਲਕੀਤ ਕੌਰ ਦੀਆਂ ਗਾਲ੍ਹਾਂ ਸੁਣ ਕੇ ਵੀ ਹੱਸ ਛੱਡਦਾ। ਆਪਣੇ ਘਰ ਜਾਂ ਦਿਲਜੀਤ ਵੱਲ, ਪਰ ਰੋਟੀ ਉਹ ਪ੍ਰੀਤ ਨਾਲ ਹੀ ਖਾਂਦਾ।
-"ਪਤਾ ਨਹੀਂ ਤੇਰੇ ਨਾਲ ਮੇਰਾ ਐਨਾ ਮੋਹ ਕਿਉਂ ਐਂ?" ਕਦੇ-ਕਦੇ ਉਹ ਪ੍ਰੀਤ ਨੂੰ ਮੋਢਿਆਂ 'ਤੇ ਬਿਠਾਉਂਦਾ ਕਹਿੰਦਾ।
-"ਦਿਲਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ।" ਦਿਲਜੀਤ ਮੋੜਾ ਦਿੰਦੀ।
-"ਰੱਬ ਦੇ ਰੰਗ ਨਿਆਰੇ ਐ-ਪਿਉ ਖੋਹ ਲਿਆ-ਤਾਇਆ ਅੱਗੇ ਕਰਤਾ।"
-"ਤਾਇਆ ਕਹਿਲਾ-ਚਾਹੇ ਮਾਸੜ ਆਖ ਲੈ।"
-"ਕਿਉਂ ਉਏ ਲੁੱਚਿਆ...! ਤੂੰ ਮੈਨੂੰ ਤਾਇਆ ਕਹੇਂਗਾ ਕਿ ਮਾਸੜ ਆਖੇਂਗਾ...?" ਬਦਨ ਸਿੰਘ ਨੇ ਪ੍ਰੀਤ ਦੇ ਮੋਹ ਦੀ ਚਪੇੜ ਜਿਹੀ ਮਾਰੀ।
-"ਮੈਂ ਤਾਂ ਡੈਡੀ ਕਹੂੰਗਾ...!" ਪ੍ਰੀਤ ਨੇ ਮਾਸੂਮੀਅਤ ਨਾਲ ਬੜੇ ਮਜਾਜ਼ ਨਾਲ ਉੱਤਰ ਦਿੱਤਾ।
-"ਉਏ ਬੱਲੇ ਉਏ ਸ਼ੇਰ ਬੱਗਿਆ...! ਕਿਲੋ ਖੂਨ ਵਧਾ ਦਿੱਤਾ ਗੱਲ ਕਰਕੇ-ਤੇਰੀ ਮਾਂ ਤਾਂ ਘੋਗੜ ਈ ਐ-ਪਰ ਤੂੰ ਐਂ ਮੇਰਾ ਉੱਡਣਾ ਕਬੂਤਰ!"
-"ਡੈਡੀ! ਘੋਗੜ ਕੀ ਹੁੰਦੈ...?"
-"ਤੇਰੀ ਤਾਈ ਮਲਕੀਤ ਕੁਰ ਅਰਗਾ ਹੁੰਦੈ।"
ਸਾਰੇ ਹੱਸ ਪਏ।
ਪ੍ਰੀਤ ਨੂੰ ਨਰਸਰੀ ਵਿਚ ਦਾਖਲਾ ਮਿਲਿਆ ਤਾਂ ਬਦਨ ਸਿੰਘ ਨੇ ਪਟੜੀਫੇਰ ਮਿੱਤਰਾਂ ਨੂੰ ਪਾਰਟੀ ਦਿੱਤੀ। ਦੁਪਿਹਰੇ ਸਪੈਸ਼ਲ ਤੌਰ 'ਤੇ ਉਸ ਨੂੰ ਲੈ ਕੇ ਆਉਂਦਾ। ਉਸ ਦਾ ਮੂੰਹ ਧੋਂਦਾ, ਬੂਟ ਪਾਲਿਸ਼ ਕਰਦਾ। ਮਲਕੀਤ ਕੌਰ ਉਸ ਨੂੰ 'ਕਮਲਾ' ਆਖਦੀ।
ਸਮਾਂ ਪਾ ਕੇ ਪ੍ਰੀਤ ਸਕੂਲ ਜਾਣ ਲੱਗਾ ਤਾਂ ਬਦਨ ਸਿੰਘ ਨੇ ਉਸ ਨੂੰ ਕੰਪਿਊਟਰ ਲੈ ਦਿੱਤਾ। ਜਿਸ ਦੀ ਅਜੇ ਉਸ ਨੂੰ ਕੋਈ ਲੋੜ ਹੀ ਨਹੀਂ ਸੀ। ਵੱਖੋ-ਵੱਖਰੀਆਂ ਕੰਪਿਊਟਰ-ਗੇਮਜ਼ ਲਿਆ ਰੱਖੀਆਂ। ਪ੍ਰੀਤ ਵੀ ਉਸ ਨੂੰ ਹੱਦੋਂ ਵੱਧ ਮੋਹ ਕਰਦਾ ਸੀ। ਉਹ ਬਦਨ ਸਿੰਘ ਨੂੰ 'ਡੈਡੀ' ਹੀ ਆਖਦਾ। ਜਦ ਬਦਨ ਸਿੰਘ ਉਸ ਦੇ ਮੁੱਖੋਂ 'ਡੈਡੀ' ਸੁਣਦਾ ਤਾਂ ਉਸ ਦੇ ਅੰਦਰ ਜਿਵੇਂ ਸ਼ਹਿਦ ਦੀਆਂ ਘੁੱਟਾਂ ਘੁਲ ਜਾਂਦੀਆਂ। ਉਸ ਦੇ ਧਰਤੀ 'ਤੇ ਪੈਰ ਨਾ ਲੱਗਦੇ। ਆਪਣੇ ਚਾਰਾਂ ਮੁੰਡਿਆਂ ਵੱਲੋਂ ਤਾਂ ਬਦਨ ਸਿੰਘ ਇੱਕ ਤਰ੍ਹਾਂ ਨਾਲ ਅਵੇਸਲਾ ਹੀ ਸੀ। ਉਸ ਦੇ 'ਚੜ੍ਹਦੇ ਚੰਦ' ਮੁੰਡੇ ਸਕੂਲ ਵਿਚ ਕਿਸੇ ਨਾ ਕਿਸੇ ਨਾਲ ਸਿੰਗੜੀ ਛੇੜੀ ਹੀ ਰੱਖਦੇ। ਸਕੂਲ ਵੱਲੋਂ ਸ਼ਕਾਇਤਾਂ ਆਉਂਦੀਆਂ। ਪਰ ਬਦਨ ਸਿੰਘ ਕਦੇ ਸਕੂਲ ਨਾ ਜਾਦਾ। ਉਸ ਦੇ ਬੱਚਿਆਂ ਦੀ ਸਾਰੀ ਜਿ਼ੰਮੇਵਾਰੀ ਮਲਕੀਤ ਕੌਰ ਦੇ ਉੱਪਰ ਹੀ ਸੀ। ਉਹ 'ਹਮਕੋ-ਤੁਮਕੋ' ਕਰ ਮਾਸਟਰਾਂ ਨੂੰ ਭੰਬਲਭੂਸੇ ਵਿਚ ਪਾ ਆਉਂਦੀ। ਮਾਸਟਰ ਉਸ ਦੀ ਭਾਸ਼ਾ ਕੁਝ ਸਮਝਦੇ ਅਤੇ ਕੁਝ ਨਾ ਸਮਝਦੇ। ਧੂੜ 'ਚ ਟੱਟੂ ਰਲਿਆ ਰਹਿੰਦਾ।
ਪ੍ਰੀਤ ਪੜ੍ਹਨ ਵਿਚ ਪੂਰਾ ਹੁਸਿ਼ਆਰ ਸੀ। ਬਦਨ ਸਿੰਘ ਦੇ ਆਪਣੇ ਮੁੰਡਿਆਂ ਵਾਂਗ 'ਲੋਲ੍ਹਾ' ਨਹੀਂ ਸੀ। ਮੁਢਲੀ ਪੜ੍ਹਾਈ ਪੂਰੀ ਕਰਕੇ ਉਸ ਨੇ ਮੈਡੀਕਲ ਵਿਚ ਦਾਖਲਾ ਲੈ ਲਿਆ। ਪੜ੍ਹਾਈ ਦੇ ਨਾਲ-ਨਾਲ ਹੀ ਸ਼ਾਮ ਮੌਕੇ ਉਹ ਡਰਾਈਵਿੰਗ-ਸਕੂਲ ਜਾਂਦਾ। ਕਾਰ ਚਲਾਉਣੀ ਸਿੱਖਦਾ। ਬਦਨ ਸਿੰਘ ਵੱਧ ਚੜ੍ਹ ਕੇ ਮੱਦਦ ਕਰਦਾ। ਘਰ ਵਾਲੀ ਫਿਰ ਖਿਝਦੀ। ਜੁਆਕ ਵੱਢ-ਵੱਢ ਕੇ ਪੈਂਦੇ। ਉਸ ਦੇ ਆਪਣੇ ਮੁੰਡੇ ਰਵਾਇਤੀ ਪੜ੍ਹਾਈ ਕਰਕੇ ਕਿੱਤਿਆਂ 'ਤੇ ਲੱਗ ਗਏ ਸਨ। ਕੋਈ ਟਰੱਕ ਚਲਾਉਣ ਜਾ ਲੱਗਿਆ ਸੀ। ਕੋਈ ਫ਼ੈਕਟਰੀ ਵਿਚ ਵੜ ਗਿਆ ਸੀ। ਸਾਰਿਆਂ ਤੋਂ ਵੱਡਾ ਇੱਕ 'ਬੈਂਗਣੀਂ ਰੰਗੀ' ਅਫ਼ਰੀਕਣ ਨਾਲ ਸ਼ਾਦੀ ਕਰਕੇ ਅਮਰੀਕਾ ਜਾ ਵਸਿਆ ਸੀ। ਇੱਕ ਨੇ ਪਲੰਬਰ ਦਾ ਕੰਮ ਖੋਲ੍ਹ ਲਿਆ ਸੀ। ਬੱਚਿਆਂ ਵਾਲਾ ਰੇੜਕਾ ਬਦਨ ਸਿੰਘ ਵੱਲੋਂ ਹੁਣ ਮੁੱਕ ਗਿਆ ਸੀ। ਉਹ ਪ੍ਰੀਤ ਦੇ ਪ੍ਰੇਮ ਵਿਚ ਹੀ ਮਸ਼ਰੂਫ਼ ਸੀ। ਮਲਕੀਤ ਕੌਰ ਨੂੰ ਖਰਚਾ-ਬਰਚਾ ਦੇ ਛੱਡਦਾ। ਇੰਡੀਆ ਜਾਣਾ ਚਾਹੁੰਦੀ ਤਾਂ ਟਿਕਟ ਲੈ ਕੇ ਚੜ੍ਹਾ ਦਿੰਦਾ। ਵਾਪਿਸ ਆਉਣ ਦੀ ਕੋਈ ਤਾਕੀਦ ਨਾ ਕਰਦਾ। ਜਦ ਮਲਕੀਤ ਕੌਰ ਦਾ ਦਿਲ ਭਰ ਜਾਂਦਾ, ਆ ਜਾਂਦੀ।
ਬਦਨ ਸਿੰਘ ਦੀ ਇੱਕ ਤਰ੍ਹਾਂ ਨਾਲ ਪ੍ਰੀਤ ਨਾਲ ਯਾਰੀ ਸੀ। ਉਹ ਖੁੱਲ੍ਹ ਕੇ ਗੱਲਾਂ ਕਰਦੇ। ਕਿਸੇ ਕੋਲੇ ਨਾ ਆਉਂਦੇ, ਨਾ ਜਾਂਦੇ। ਡਰਾਈਵਿੰਗ ਲਾਈਸੈਂਸ ਨਾ ਹੋਣ ਦੇ ਬਾਵਜੂਦ ਵੀ ਬਦਨ ਸਿੰਘ ਪ੍ਰੀਤ ਨੂੰ ਆਪਣੀ ਕਾਰ ਚਲਾਉਣ ਲਈ ਦੇ ਦਿੰਦਾ। ਚਾਹੇ ਉਸ ਨੂੰ ਪਤਾ ਸੀ ਕਿ ਯੂਰਪ ਵਿਚ ਬਗੈਰ ਲਾਈਸੈਂਸ ਤੋਂ ਕਾਰ ਚਲਾਉਣੀ ਜ਼ੁਰਮ ਸੀ। ਪਰ ਉਹ ਫਿਰ ਵੀ ਕੋਈ ਪ੍ਰਵਾਹ ਨਹੀਂ ਕਰਦਾ ਸੀ।
-"ਬੱਸ ਐਕਸੀਡੈਂਟ ਨਾ ਕਰੀਂ-ਫੜਿਆ ਗਿਆ ਤਾਂ ਜੁਰਮਾਨਾ ਤਾਰ ਦਿਆਂਗੇ।" ਉਹ ਪ੍ਰੀਤ ਨੂੰ ਮੱਤ ਦਿੰਦਾ।
ਜਦ ਪ੍ਰੀਤ ਨੂੰ ਡਰਾਈਵਿੰਗ ਲਾਈਸੈਂਸ ਮਿਲ ਗਿਆ ਤਾਂ ਬਦਨ ਸਿੰਘ ਨੇ ਉਸ ਨੂੰ ਆਪਣੇ ਨਾਂ 'ਤੇ ਬਿਲਕੁਲ ਨਵੀਂ ਕਾਰ ਲੈ ਦਿੱਤੀ। ਨੰਬਰ ਪਲੇਟ ਲੈ ਕੇ ਦੋਹਾਂ ਨੇ ਸਾਰੇ ਸ਼ਹਿਰ ਦਾ ਭਲਵਾਨੀ ਗੇੜਾ ਕੱਢਿਆ। ਕਾਰ ਪ੍ਰੀਤ ਚਲਾ ਰਿਹਾ ਸੀ। ਬਦਨ ਸਿੰਘ ਨਾਲ ਆਫ਼ਰਿਆ ਬੈਠਾ ਸੀ। ਕਿਸੇ ਗ਼ੈਬੀ-ਅਦੁਤੀ ਖੁਸ਼ੀ ਵਿਚ ਗੜੁੱਚ!
-"ਬੱਸ ਹੌਲੀ, ਧਹੱਮਲ ਨਾਲ ਈ ਚਲਾਉਣੀ ਐਂ-ਜੀਅ ਐ ਤਾਂ ਜਹਾਨ ਐਂ ਸ਼ੇਰਾ-ਇਹਨੇ ਕਰਮਾਂ ਆਲੀ ਨੇ ਤੈਨੂੰ ਇਉਂ ਨਹੀਂ ਕਹਿਣਾ ਬਈ ਮੈਨੂੰ ਹੌਲੀ ਚਲਾ-ਇਹ ਤਾਂ ਰੇਸ ਦੇਵੇਂਗਾ ਤਾਂ ਅੜਬ ਘੋੜੀ ਮਾਂਗੂੰ ਪੂਛ ਚੱਕੂ!"
ਦੋਨੋਂ ਹੱਸ ਪਏ।
-"ਡੈਡੀ ਮੇਰਾ ਕੋਰਸ ਪੂਰਾ ਹੋਣ ਤੋਂ ਬਾਅਦ ਮੈਨੂੰ ਇੱਕ ਸਾਲ ਕਿਸੇ ਬਾਹਰਲੇ ਕੰਟਰੀ ਵਿਚ ਪ੍ਰੈਕਟਿਸ ਕਰਨ ਜਾਣਾ ਪੈਣੈਂ।" ਅਚਾਨਕ ਪ੍ਰੀਤ ਨੇ ਕਿਹਾ।
-"ਪਰਾਟੀਸ ਕਰਨ ਆਸਤੇ? ਕਿਉਂ ਕੋਈ ਜਰੂਰੀ ਐ?" ਬਦਨ ਸਿੰਘ ਦਾ ਕਾਲਜਾ ਲੂਹਿਆ ਗਿਆ। ਉਹ ਪ੍ਰੀਤ ਦਾ ਇੱਕ ਪਲ ਦਾ ਵਿਛੋੜਾ ਨਹੀਂ ਜਰ ਸਕਦਾ ਸੀ।
-"ਹਾਂ ਜ਼ਰੂਰੀ ਐ-ਨਹੀਂ ਐਥੇ ਆਸਟਰੀਆ ਵਿਚ ਮੈਨੂੰ ਨੌਕਰੀ ਨਹੀਂ ਮਿਲਣੀ-ਇਹ ਕਾਨੂੰਨ ਐਂ!"
-"ਬੜਾ ਕੁੱਤਾ ਕਾਨੂੰਨ ਐਂ ਬਈ!" ਬਦਨ ਸਿੰਘ ਦਾ ਸੁਆਦ ਮਾਰਿਆ ਗਿਆ।
ਉਹਨਾਂ ਗੱਡੀ ਘਰੇ ਆ ਲਾਈ।
ਇੱਕ ਸਾਲ ਲਈ ਪ੍ਰੀਤ ਤਾਮਿਲਨਾਡੂ ਚਲਿਆ ਗਿਆ।
ਬਦਨ ਸਿੰਘ ਅੱਗੇ ਹਨ੍ਹੇਰ ਛਾ ਗਿਆ। ਪ੍ਰੀਤ ਬਦਨ ਸਿੰਘ ਨੂੰ ਹਰ ਰੋਜ਼ ਫ਼ੋਨ ਕਰਦਾ। ਬਦਨ ਸਿੰਘ ਉਸ ਨੂੰ ਫ਼ੋਨ ਕਰਦਾ। ਘੰਟਾ-ਘੰਟਾ ਫ਼ੋਨ 'ਤੇ ਗੱਲਾਂ ਹੁੰਦੀਆਂ ਰਹਿੰਦੀਆਂ।
ਪ੍ਰੀਤ ਬਿਨਾ ਇੱਕ ਤਰ੍ਹਾਂ ਨਾਲ, ਸਾਲ ਭਰ ਬਦਨ ਸਿੰਘ ਦਿਨ ਤੋੜਦਾ ਰਿਹਾ। ਵਿਛੋੜੇ ਵਿਚ ਕਲਪਦਾ ਰਿਹਾ। ਸਮਾਂ ਬਿਤਾਉਣ ਲਈ ਉਹ ਗੁਰਦੁਆਰੇ ਚਲਾ ਜਾਦਾ। ਗੁਰਬਾਣੀ ਸਰਵਣ ਕਰਦਾ। ਸੰਗਰਾਂਦ ਵਾਲੇ ਦਿਨ ਪ੍ਰੀਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਉਂਦਾ। ਗੁਰਦੁਆਰੇ ਦੀ ਲਾਇਬਰੇਰੀ ਵਿਚ ਬੈਠਾ ਪੰਜਾਬੀ ਦੇ ਅਖਬਾਰ ਫ਼ਰੋਲਦਾ, ਵਕਤ ਨੂੰ ਧੱਕਾ ਦਿੰਦਾ ਰਹਿੰਦਾ। ਰੂਹ ਨਾਲ ਰੋਟੀ ਨਾ ਖਾਂਦਾ। ਜਿਵੇਂ ਉਸ ਨੂੰ ਭੁੱਖ ਹੀ ਲੱਗਣੋਂ ਹਟ ਗਈ ਸੀ। ਉਹ ਅੰਨ੍ਹਿਆਂ ਵਾਂਗ ਔਟਲਿਆ ਫਿਰਦਾ।
ਫਿਰ ਜਿਸ ਦਿਨ ਪ੍ਰੀਤ ਨੇ ਤਾਮਿਲਨਾਡੂ ਤੋਂ ਪਰਤਣਾ ਸੀ ਤਾਂ ਬਦਨ ਸਿੰਘ ਸਵੇਰੇ ਸੱਤ ਵਜੇ ਹੀ ਫੁੱਲਾਂ ਦਾ ਵੱਡਾ ਸਾਰਾ ਗੁਲਦਸਤਾ ਲੈ ਕੇ ਸਾਲਜ਼ਬਰਗ ਏਅਰਪੋਰਟ 'ਤੇ ਜਾ ਬੈਠਾ। ਪ੍ਰੀਤ ਨੇ ਅਜੇ ਦੁਪਿਹਰੇ ਗਿਆਰ੍ਹਾਂ ਵੱਜ ਕੇ ਵੀਹ ਮਿੰਟ 'ਤੇ ਉਤਰਨਾ ਸੀ। ਉਹ ਏਅਰਪੋਰਟ ਦੇ ਕੈਬਿਨ ਵਿਚ ਖੜ੍ਹਾ ਹਰ ਉਤਰਦੇ ਯਾਤਰੀ ਨੂੰ ਦੇਖਦਾ ਰਿਹਾ ਸੀ।
ਜਦੋਂ ਪ੍ਰੀਤ ਕਸਟਮ ਤੋਂ ਵਿਹਲਾ ਹੋ ਕੇ ਬਾਰ੍ਹਾਂ ਕੁ ਵਜੇ ਬਾਹਰ ਆਇਆ ਤਾਂ ਬਦਨ ਸਿੰਘ ਨੇ ਉਸ ਨੂੰ ਬੱਚਿਆਂ ਵਾਂਗ ਚੁੰਮਣਾ ਸ਼ੁਰੂ ਕਰ ਦਿੱਤਾ। ਲਾਡ ਕੀਤਾ। ਪਰ ਪ੍ਰੀਤ ਕੁਝ ਸ਼ਰਮ ਮਹਿਸੂਸ ਕਰ ਰਿਹਾ ਸੀ।
-"ਮੈਨੂੰ ਈ ਪਤੈ ਕਿਵੇਂ ਦਿਨ ਕੱਟੇ ਐ ਤੇਰੇ ਬਿਨਾ-'ਕੱਠਾ ਜਿਆ ਕਾਹਨੂੰ ਹੋਈ ਜਾਨੈਂ?ਮੱਚੀ ਪਈ ਐ ਮੇਰੀ ਹਿੱਕ-ਠੰਢੀ ਕਰ ਨਾਲ ਲੱਗਕੇ ਇਹਨੂੰ-ਆ ਲੱਗ ਮੇਰੀ ਹਿੱਕ ਨਾਲ!" ਬਦਨ ਸਿੰਘ ਬਾਵਰਿਆਂ ਵਾਂਗ ਫਿ਼ੱਸ ਪਿਆ। ਪ੍ਰੀਤ ਉਸ ਨੂੰ ਸਾਂਭ ਕੇ ਜਿਹੇ ਬਾਹਰ ਪਾਰਕਿੰਗ ਵਿਚ ਲੈ ਗਿਆ।
-"ਤੇਰੇ ਬਿਨਾ ਦਿਲ ਨਹੀਂ ਲੱਗਿਆ ਮੇਰਾ ਅੱਗ ਲੱਗੜਾ-ਜਾਣੀਂਦੀ ਮੈਂ ਤਾਂ ਮਰਨ ਆਲਾ ਹੋ ਗਿਆ।" ਬਦਨ ਸਿੰਘ ਨੇ ਪ੍ਰੀਤ ਨੂੰ ਬੁੱਕਲ ਵਿਚ ਲੈ ਲਿਆ।
-"ਡੈਡੀ ਜੀ-ਜੀਅ ਤਾਂ ਮੇਰਾ ਵੀ ਥੋਡੇ ਬਿਨਾ ਨਹੀਂ ਲੱਗਿਆ।" ਪ੍ਰੀਤ ਨੇ ਕਿਹਾ। ਉਹ ਸੱਚ ਹੀ ਤਾਂ ਆਖ ਰਿਹਾ ਸੀ।
-"ਜੇ ਭਲਾ ਮੈਂ ਮਰ ਗਿਆ-ਫੇਰ ਤੇਰਾ ਜੀਅ ਕਿਵੇਂ ਲੱਗੂ?" ਬਦਨ ਸਿੰਘ ਨੇ ਗੱਲ ਹਾਸੇ ਵਿਚ ਪਾ ਕੇ, ਮਾਹੌਲ ਨੂੰ ਕੁਝ ਹਲਕਾ ਬਣਾਉਣਾ ਚਾਹਿਆ।
-"ਜੇ ਡੈਡੀ ਜੀ ਭਲਾ ਮੈਂ ਪਹਿਲਾਂ ਮਰ ਗਿਆ-ਫੇਰ?"
-"ਇਉਂ ਬੁਰੀ ਗੱਲ ਨਾ ਕਰ ਸ਼ੇਰਾ-ਮੈਥੋਂ ਸਹਾਰੀ ਨਹੀਂ ਜਾਂਦੀ-ਗਾਉਣ ਆਲੇ ਗਾਉਂਦੇ ਹੁੰਦੇ ਐ: ਤੇਰੀ ਆਈ ਮੈਂ ਮਰਜਾਂ ਤੇਰਾ ਵਾਲ ਵੀ ਵਿਗਾ ਨਾ ਹੋਵੇ।"
-"ਡੈਡ! ਕਾਹਨੂੰ ਕਿਸੇ ਨਾਲ ਮਰਿਆ ਜਾਂਦੈ? ਇਹ ਤਾਂ ਦੁਨਿਆਵੀ ਗੱਲਾਂ ਨੇ-ਨਿਰੇ ਢਕੌਂਜ!"
-"ਗੱਲ ਤੇਰੀ ਸੋਲਾਂ ਆਨੇ ਐਂ ਪੁੱਤਰਾ! ਨਿਰੀ ਦਰੁਸਤ-ਕਾਹਨੂੰ ਕਿਸੇ ਨਾਲ ਮਰਿਆ ਜਾਂਦੈ।"
-"ਪਰ ਡੈਡੀ ਜੀ-ਥੋਨੂੰ ਨਹੀਂ ਮੈਂ ਛੇਤੀ ਕੀਤੇ ਮਰਨ ਦਿੰਦਾ-ਮੈਂ ਡਾਕਟਰੀ ਐਵੈਂ ਨਹੀਂ ਕੀਤੀ।"
-"ਇਹ ਤਾਂ ਜਿੱਦੇਂ ਪੁੱਤ ਆ ਲੱਗੀ-ਫੁਰਰ ਹੋਜੂ-ਕੋਈ ਬਿਧ ਨਹੀਂ ਬਣਨੀਂ-ਇਹਤੋਂ ਤਾਂ ਰਾਵਣ ਵਰਗੇ ਨਹੀਂ ਬਚ ਸਕੇ-ਨਾਲੇ ਕਾਲ ਪਾਵੇ ਨਾਲ ਬੰਨ੍ਹਿਆਂ ਹੋਇਆ ਸੀ।"
.....ਪਰ ਅੱਜ ਐਕਸੀਡੈਂਟ ਵਿਚ ਪ੍ਰੀਤ ਦੀ ਹੋਈ ਅਚਾਨਕ ਮਤ ਨੇ ਬਦਨ ਸਿੰਘ ਨੂੰ ਜੜ੍ਹੋਂ ਹਿਲਾ ਧਰਿਆ ਸੀ। ਉਸ ਦਾ ਜਹਾਨ ਉੱਜੜ ਗਿਆ ਸੀ। ਉਹ ਗੱਡੇ ਵਰਗੀਆਂ ਭਾਰੀਆਂ ਲੱਤਾਂ ਘੜੀਸਦਾ ਮੁਰਦਾਘਰ ਪੁੱਜਿਆ ਅਤੇ ਪ੍ਰੀਤ ਦੀ ਪਈ ਲਾਅਸ਼ 'ਤੇ ਡਿੱਗ ਕੇ, ਰੱਜ ਕੇ ਰੋਇਆ। ਔਰਤਾਂ ਵਾਂਗ ਵੈਣ ਪਾਏ!
-"ਤੂੰ ਮੈਨੂੰ ਕਿਹੜੇ ਆਸਰੇ ਛੱਡ ਕੇ ਤੁਰ ਗਿਐਂ ਉਏ ਮੇਰਿਆ ਸੋਹਣਿਆਂ ਪੁੱਤਾ....!" ਉਸ ਨੇ ਆਪਣੀ ਖੜਕਦੀ ਛਾਤੀ ਪਿੱਟੀ। ਉਹ ਵਾਰ-ਵਾਰ ਪ੍ਰੀਤ ਦੀ ਲਾਅਸ਼ ਨੂੰ ਹਿੱਕ ਨਾਲ ਲਾ ਰਿਹਾ ਸੀ। ਉਸ ਦਾ ਦਿਲ ਝੱਖੜ ਵਾਂਗ ਝੰਬੇ ਦਰੱਖਤ ਵਾਂਗ ਮੁੱਛਿਆ ਪਿਆ ਸੀ। ਹਟਕੋਰੇ ਬੰਦ ਨਹੀਂ ਹੁੰਦੇ ਸਨ। ਮਨ ਹੌਲਾ ਕਰਕੇ ਉਸ ਨੇ ਮਰੇ ਪਏ ਪ੍ਰੀਤ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਮਲਿਆਂ ਵਾਂਗ!
-"ਬੱਸ...! ਆਪਣੀ ਐਨੀ ਕੁ ਈ ਯਾਰੀ ਸੀ? ਚੰਗਾ, ਤੂੰ ਤਾਂ ਦਗਾ ਦੇ ਗਿਐਂ-ਪਰ ਮੈਂ ਤੇਰਾ ਪਿੱਛਾ ਨਹੀਂ ਛੱਡਣਾ-ਮਗਰੇ ਈ ਆਊਂ ਤੇਰੇ...!" ਉਸ ਦੀਆਂ ਬੁਝੀਆਂ ਅੱਖਾਂ 'ਚੋਂ ਮੋਹ ਦਾ ਹੜ੍ਹ ਵਗੀ ਜਾ ਰਿਹਾ ਸੀ ਅਤੇ ਆਤਮਾ ਲਹੂ-ਲੁਹਾਣ ਸੀ। ਮਨ ਕੁਰਲਾਈ ਜਾ ਰਿਹਾ ਸੀ।
ਅਖੀਰ ਮੁਰਦਾਘਰ ਦੇ ਕਰਮਚਾਰੀਆਂ ਨੇ ਉਸ ਨੂੰ ਪ੍ਰੀਤ ਦੀ ਲਾਅਸ਼ ਨਾਲੋਂ ਇੱਕ ਤਰ੍ਹਾਂ ਨਾਲ ਤੋੜ ਲਿਆ। ਉਹ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਕਰਮਚਾਰੀਆਂ ਨੇ ਪੁਲੀਸ ਬੁਲਾ ਲਈ। ਪੁਲੀਸ ਬੜੀ ਹੀ ਹਮਦਰਦੀ ਨਾਲ ਉਸ ਨੂੰ ਘਰੇ ਲਾਹ ਗਈ।
ਬਦਨ ਸਿੰਘ ਸੋਫ਼ੇ 'ਤੇ ਹੀ ਪਿਆ ਸੀ ਕਿ ਬੀਮੇਂ ਵਾਲਿਆਂ ਦਾ ਏਜੰਟ ਆ ਗਿਆ।
-"ਮਿਸਟਰ ਸਿੰਘ! ਤੁਹਾਡੀ ਐਕਸੀਡੈਂਟ ਵਾਲੀ ਕਾਰ ਅਸੀਂ ਤੁਹਾਡੇ ਦਰਵਾਜੇ ਅੱਗੇ ਖੜ੍ਹੀ ਕਰ ਦਿੱਤੀ ਹੈ-ਆਹ ਲਵੋ ਚਾਬੀ ਅਤੇ ਇੱਥੇ ਦਸਤਖ਼ਤ ਕਰ ਦਿਓ!"
ਬਦਨ ਸਿੰਘ ਨੇ ਬਿਨਾ ਕੁਝ ਕਹੇ-ਸੁਣੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦਿੱਤੇ ਅਤੇ ਚਾਬੀ ਮੋੜਦਾ ਹੋਇਆ ਬੋਲਿਆ।
-"ਜਨਾਬ-ਮੈਂ ਇਸ ਗੱਡੀ ਨੂੰ ਰੱਖਣਾ ਈ ਨਹੀਂ-ਜਿਸ ਨੇ ਮੇਰਾ ਪ੍ਰੀਤ ਖਾ ਲਿਆ-ਕਿਰਪਾ ਕਰਕੇ ਤੁਸੀਂ ਹੀ ਇਸ ਨੂੰ ਵਾਧਾ-ਘਾਟਾ ਕਰਕੇ ਵੇਚ ਦਿਓ!" ਤੇ ਏਜੰਟ ਚਾਬੀ ਲੈ ਕੇ ਚਲਾ ਗਿਆ।
ਬਦਨ ਸਿੰਘ ਪ੍ਰੀਤ ਦੀ ਲਾਅਸ਼ ਦਾ ਇੰਡੀਆ ਲਿਜਾ ਕੇ ਸਸਕਾਰ ਕਰਨਾ ਚਾਹੁੰਦਾ ਸੀ।
-"ਸਹੁਰੇ ਦੀ ਰੂਹ ਐਥੇ ਈ ਨਾ ਭੜਕਦੀ ਫਿਰੇ।"
ਪਰ ਉਹ ਬੇਵੱਸ ਸੀ। ਪੁੱਤਰਾਂ ਅਤੇ ਘਰ ਵਾਲੀ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਸੀ।
-"ਲੋਕ ਵੀ ਆਬਦਿਆਂ ਨੂੰ ਐਥੇ ਈ ਫੂਕਦੇ ਐ-ਬਾਹਲਾ ਹੇਜ ਮਾਰ ਗਿਆ ਇਹਨੂੰ।" ਘਰ ਵਾਲੀ ਨੇ ਕਹਿਣਾ ਸੀ। ਦੁੱਖ ਅਤੇ ਵਿਰੋਧ ਦਾ ਸਾਹਮਣਾ ਉਸ ਤੋਂ ਹੋਣਾ ਨਹੀਂ ਸੀ। ਖ਼ਾਸ ਤੌਰ 'ਤੇ ਪ੍ਰੀਤ ਬਾਰੇ ਉਹ ਕੋਈ ਗੱਲ ਸਹਾਰ ਨਹੀਂ ਸਕਦਾ ਸੀ। ਸਸਕਾਰ 'ਤੇ ਉਹ ਕਲੇਸ਼ ਕਰਨੋਂ ਡਰਦਾ ਸੀ।
-"ਸ਼ੇਰ ਬੱਗੇ ਦੀ ਮਿੱਟੀ ਨਹੀਂ ਰੋਲਣੀਂ!" ਉਹ ਆਪਦੇ ਆਪ ਨਾਲ ਹੀ ਗੱਲਾਂ ਕਰਦਾ।
ਖ਼ੈਰ! ਸਰਕਾਰੀ ਸ਼ਮਸ਼ਾਨਘਾਟ ਵਿਖੇ ਲਿਜਾ ਕੇ ਪ੍ਰੀਤ ਦਾ ਸਸਕਾਰ ਕਰ ਦਿੱਤਾ। ਪ੍ਰੀਤ ਦੀ ਮਾਂ ਦਿਲਜੀਤ ਨੂੰ ਦੰਦਲਾਂ-ਦੌਰੇ ਪੈ ਰਹੇ ਸਨ। ਕਿੰਨੇ ਪਾਪੜ ਵੇਲ ਕੇ ਇੱਕ ਪੁੱਤ ਲਿਆ ਸੀ ਅਤੇ ਉਹ ਵੀ 'ਝਾਤ' ਕਹਿ ਕੇ ਤੁਰ ਗਿਆ ਸੀ। ਉਸ ਦੀ ਵਸਦੀ-ਰਸਦੀ ਦੁਨੀਆਂ ਤਬਾਹ ਹੋ ਗਈ ਸੀ। ਇੱਥੇ ਲੋਕ-ਲਾਜ ਪੱਖੋਂ ਬਦਨ ਸਿੰਘ ਬਹੁਤ ਘੱਟ ਰੋਇਆ ਸੀ। ਦੁੱਖ-ਦਰਦ ਦਾ ਗੋਲਾ ਦਿਲ ਵਿਚ ਦੱਬੀ ਉਹ ਘੁੱਟਿਆ-ਘੁੱਟਿਆ ਫਿਰਦਾ ਰਿਹਾ ਸੀ। ਸਿਲ-ਪੱਥਰ ਬਣਿਆਂ। ਕਿਸੇ ਬੁੱਢੇ ਦਰਿਆ ਵਾਂਗ ਖ਼ਾਮੋਸ਼! ਉਹ ਬੁੱਢਾ ਦਰਿਆ ਜਿਹੜਾ ਸਿਰਫ਼ ਆਪਣੀ ਜੂਹ ਵਿਚ ਹੀ ਵਗ ਸਕਦਾ ਸੀ।
ਸ਼ਮਸ਼ਾਨਘਾਟ ਵਾਲਿਆਂ ਨੇ ਸਸਕਾਰ ਤੋਂ ਬਾਅਦ ਪ੍ਰੀਤ ਦੀ ਰਾਖ਼ ਅਤੇ 'ਫੁੱਲ' ਉਸ ਦੀ ਮਾਂ ਦਿਲਜੀਤ ਕੌਰ ਨੂੰ ਸੌਂਪ ਦਿੱਤੇ ਅਤੇ ਦਿਲਜੀਤ ਨੇ ਬਦਨ ਸਿੰਘ ਦੇ ਹਵਾਲੇ ਕਰ ਦਿੱਤੇ।
ਪ੍ਰੀਤ ਦੇ ਫੁੱਲ ਲੈ ਕੇ ਪ੍ਰੀਤ ਦੀ ਮਾਂ ਦਿਲਜੀਤ ਅਤੇ ਬਦਨ ਸਿੰਘ ਇੰਡੀਆ ਨੂੰ ਜਹਾਜ਼ ਚੜ੍ਹ ਗਏ। ਸਾਰੇ ਰਾਹ ਹੀ ਦੋਨਾਂ ਨੇ ਕੁਝ ਖਾਧਾ ਨਾ ਪੀਤਾ ਸੀ। ਬਦਨ ਸਿੰਘ ਪ੍ਰੀਤ ਦੇ ਫੁੱਲਾਂ ਨੂੰ ਹਿੱਕ ਨਾਲ ਲਾਈ ਆਇਆ ਸੀ। ਇੱਕ ਤਰ੍ਹਾਂ ਨਾਲ ਪ੍ਰੀਤ ਨੂੰ ਬੱਚੇ ਵਾਂਗ ਬੁੱਕਲ ਵਿਚ ਬਿਠਾਈ ਆਇਆ ਸੀ। ਇੱਕ ਪਲ ਵੀ ਫੁੱਲ ਉਸ ਨੇ ਛਾਤੀ ਨਾਲੋਂ ਨਹੀਂ ਲਾਹੇ ਸਨ। ਬਦਨ ਸਿੰਘ ਨੂੰ ਸਬਰ ਨਹੀਂ ਆ ਰਿਹਾ ਸੀ।
-"ਦਲਜੀਤ ਕੌਰੇ-ਆਹ ਵੀ ਕੱਲ੍ਹ ਨੂੰ ਤਾਰ ਦਿਆਂਗੇ-ਫੇਰ ਆਪਣੇ ਕੋਲ ਕੀ ਰਹਿ ਜਾਊ? ਜਾਣੀਂਦੀ ਜਮਾਂ ਈ ਹੱਥ ਮਾਂਜ ਕੇ ਬਹਿਜਾਂਗੇ।" ਬਦਨ ਸਿੰਘ ਦੇ ਦਿਲੋਂ ਵੈਰਾਗ਼ ਦਾ ਤੂਫ਼ਾਨ ਉਠਿਆ। ਦਿਲਜੀਤ "ਹਾਏ ਰੱਬਾ...!" ਆਖ ਕੇ ਰੋ ਪਈ। ਉਸ ਦਾ ਕਾਲਜਾ ਭਰਾੜ੍ਹ ਹੋ ਗਿਆ ਸੀ। ਉਹ ਬਦਨ ਸਿੰਘ ਦੇ ਮੋਹ-ਭਿੱਜੇ ਮਨ ਨੂੰ, ਦਿਲ ਦੇ ਅਥਾਹ ਦਰਦ ਨੂੰ ਚੰਗੀ ਤਰ੍ਹਾਂ ਹੀ ਤਾਂ ਸਮਝਦੀ ਸੀ।
ਪਿੰਡ ਪਹੁੰਚ ਕੇ ਉਸ ਨੇ ਇਸ਼ਨਾਨ ਕੀਤਾ ਅਤੇ 'ਵਾਹਿਗੁਰੂ-ਵਾਹਿਗੁਰੂ' ਕਰਦਾ ਫੁੱਲ ਲੈ ਕੇ ਗੁਰਦੁਆਰੇ ਪਹੁੰਚ ਗਿਆ। ਪੂਰੇ ਵੀਹ ਸਾਲਾਂ ਬਾਅਦ ਉਹ ਪਿੰਡ ਆਇਆ ਸੀ। ਗੁਰਦੁਆਰੇ ਦੇ ਪਿੱਪਲ ਨਾਲ ਉਸ ਨੇ ਪੋਟਲੀ ਟੰਗੀ ਅਤੇ ਅੰਦਰ ਚਲਾ ਗਿਆ।
ਮੱਥਾ ਟੇਕਿਆ।
ਓਪਰੇ ਗਰੰਥੀ ਸਾਹਿਬਾਨ ਨੂੰ 'ਫ਼ਤਹਿ' ਬੁਲਾਈ ਅਤੇ ਪ੍ਰੀਤ ਦੀ ਆਤਮਾ ਨੂੰ ਸ਼ਾਂਤੀ ਨਵਿਰਤ ਅਰਦਾਸ ਕਰਨ ਲਈ ਬੇਨਤੀ ਕੀਤੀ।
-"ਕੀ ਨਾਂ ਸੀ ਕਾਕੇ ਦਾ?" ਗਰੰਥੀ ਨੇ ਸੁਆਲ ਕੀਤਾ।
-"ਜੀ ਹਰਪ੍ਰੀਤ ਸਿੰਘ!" ਬਦਨ ਸਿੰਘ ਦੀਆਂ ਅੱਖਾਂ ਛਲਕੀਆਂ। ਬੋਲਾਂ 'ਚ ਹੰਝੂ ਬੋਲੇ। ਗਲ ਰੁਕ ਗਿਆ।
-"ਪਿਤਾ ਦਾ ਨਾਂ?"
ਬਦਨ ਸਿੰਘ ਡਰ ਕੇ, ਦਹਿਲ ਕੇ ਜਿਹੇ ਆਪਣੀ ਸਾਲੀ ਦਿਲਜੀਤ ਵੱਲ ਝਾਕਿਆ। ਉਹ ਗੁਰੂ ਦੀ ਤਾਬਿਆ ਵਿਚ ਖੜ੍ਹੇ ਸਨ। ਝੂਠ ਬੋਲਣਾ ਬੱਜਰ ਗੁਨਾਂਹ ਹੀ ਨਹੀਂ, ਘੋਰ ਪਾਪ ਵੀ ਸੀ। ਦਿਲਜੀਤ ਨੇ ਅੱਖਾਂ ਮੀਟ ਕੇ ਲੰਮਾ ਸਾਹ ਲਿਆ ਅਤੇ 'ਹਾਂ' ਵਿਚ ਸਿਰ ਹਿਲਾ ਦਿੱਤਾ।
-"ਜੀ ਸਰਦਾਰ ਬਦਨ ਸਿੰਘ...!"
ਗਰੰਥੀ ਨੇ ਨੋਟ ਕਰ ਲਿਆ।
ਅੱਜ ਉਸ ਦੇ ਸਿਰੋਂ ਮਣਾਂ-ਮੂੰਹੀਂ ਬੋਝ ਉੱਤਰ ਗਿਆ ਸੀ। ਉਹ ਗੁਰੂ-ਦਰਬਾਰ ਵਿਚ ਸੁਰਖ਼ਰੂ ਜਿਹਾ ਹੋਇਆ ਖੜ੍ਹਾ ਸੀ।
ਭਾਈ ਜੀ ਨੇ ਅਰਦਾਸ ਕਰ ਦਿੱਤੀ ਅਤੇ ਉਹ ਹਰਪ੍ਰੀਤ ਦੇ ਫੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋ ਗਏ।


ਹੋਰ ਪੜੋ...

ਨਾਗਮਣੀਂ.......... ਨਜ਼ਮ/ਕਵਿਤਾ

ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਹਾਸੇ ਦੀ!
ਨਾ ਦਰਦ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਸ਼ੋਖ਼ ਚਿਹਰੇ ਦੀ!
ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ
ਨਾ ਪੈਰਾਂ ਦੇ ਛਾਲਿਆਂ ਦੀ!

ਨਾ ਅੱਗ ਦੇ ਸੇਕ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਸੀਤਲ ਜਲ ਦੀ!
ਨਾ ਸੁਆਦ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਬਿਖ਼ਰੀ ਖ਼ੁਸ਼ਬੂ ਦੀ!
ਨਾ ਬਹਾਰ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਪੱਤਝੜ ਦੀ!
ਪਰ...
ਲੋਕ ਉਸ ਦੇ 'ਅਰਥ'
ਫਿ਼ਰ ਵੀ ਸਮਝਦੇ ਨੇ!
ਕਿਉਂਕਿ ਉਹਨਾਂ ਦੀ ਵੀ ਇਕ,
ਆਪਣੀ 'ਬੋਲੀ' ਅਤੇ ਬੋਲਣ ਦਾ 'ਢੰਗ' ਹੁੰਦੈ!!
......
ਕਾਸ਼...!
ਹਰ ਬੰਦਾ ਅੰਤਰਜਾਮੀ ਹੁੰਦਾ,
ਜੋ ਬੁੱਝ ਲੈਂਦਾ
ਹਰ ਇਕ ਦੇ ਮਨ ਦੀ ਪੀੜ
ਅਤੇ ਮਜਬੂਰੀ!
ਨਦੀ ਦੇ ਵਹਾਅ ਵੱਲ ਮੂੰਹ ਕਰਕੇ
ਮੈਨੂੰ ਇਹ ਉਲਾਂਭਾ ਨਾ ਦੇਹ
ਕਿ ਮੈਨੂੰ ਪਾਣੀ ਦੇ ਸਿਰੜ 'ਤੇ ਸ਼ੱਕ ਹੈ!
ਉਹ ਤਾਂ ਪਰਬਤ ਦੇ ਚਰਨਾਂ ਵਿਚ ਵਗ ਕੇ
ਆਪਣੀ ਨਿਮਰਤਾ ਤੇ ਧਾਰਨਾਂ ਦਾ
ਆਪ ਸਬੂਤ ਦੇ ਰਹੀ ਹੈ!
.....
ਜਦ ਸਰ੍ਹੋਂ ਦਾ ਫ਼ੁੱਲ
ਫ਼ੁੱਲਕਾਰੀ ਦੇ ਪੱਲੇ ਵਿਚ ਮਸਲ਼ ਕੇ
ਤੂੰ ਮੈਨੂੰ ਪੁੱਛਿਆ ਸੀ
ਕਿ ਦੱਸ ਹੁਣ ਇਹ,
ਸਵਰਗ ਗਿਆ ਹੈ ਕਿ ਨਰਕ?
ਤਾਂ ਮੈਂ ਤੈਨੂੰ ਇੱਕੋ ਉਤਰ ਮੋੜਿਆ ਸੀ
ਕਿ ਇਹ ਤੇਰੀ
ਬੇਰਹਿਮੀ ਦੀ 'ਭੇਂਟ' ਚੜ੍ਹਿਐ!
ਹੁਣ ਇਹਦੇ ਲਈ ਸਵਰਗ ਜਾਂ ਨਰਕ
ਕੋਈ ਮਾਹਨਾ ਹੀ ਨਹੀਂ ਰੱਖਦੇ!
ਕਿਉਂਕਿ ਭੇਂਟ ਚੜ੍ਹਨ ਵਾਲ਼ੇ
'ਮੁਕਤ' ਹੋ ਜਾਂਦੇ ਨੇ!
.....
ਜਦ ਤੇਰੇ ਸੜਦੇ ਹੋਂਠਾਂ ਦੀਆਂ ਪੰਖੜੀਆਂ
ਬਾਤ ਪਾਉਂਦੀਆਂ ਸਨ,
ਮੇਰੀਆਂ ਮੁੰਦੀਆਂ ਅੱਖੀਆਂ ਕੋਲ਼ ਜਾ
ਧਰਤ-ਅਸਮਾਨ ਦੀ,
ਬ੍ਰਿਹੋਂ ਤੇ ਸੰਯੋਗ ਦੀ,
ਤਾਂ ਮੈਂ ਉਹਨਾਂ ਵਿਚਲੇ ਫ਼ਾਸਲੇ ਦੀ
ਮਿਣਤੀ-ਗਿਣਤੀ ਵਿਚ ਭਟਕਦਾ ਹੀ,
ਦਿਨ ਚੜ੍ਹਾ ਲੈਂਦਾ ਸੀ
ਤੇ ਤੇਰੇ ਨਾਲ਼ ਹੰਢਾਈ ਜਾਣ ਵਾਲ਼ੀ ਰਾਤ ਵੀ
ਤੇਰੇ 'ਪ੍ਰਸ਼ਨ' ਦੀ ਬਲੀ ਹੀ ਚੜ੍ਹਦੀ ਸੀ!
.....
ਯਾਦ ਹੈ...?
ਯਾਦ ਹੈ ਕੁਛ ਤੈਨੂੰ..??
ਤੂੰ ਮੈਨੂੰ ਸੂਰਜ ਦਾ ਸੋਹਿਲਾ
ਲਿਆਉਣ ਲਈ ਵੰਗਾਰ ਪਾਈ ਸੀ?
ਪਰ ਮੈਂ ਤਾਂ ਘਿਰਿਆ ਰਿਹਾ
ਗ੍ਰਹਿਆਂ ਦੀ ਚਾਲ ਵਿਚ
ਧੁਰ ਤੱਕ ਪਹੁੰਚਣ ਲਈ
ਮੈਨੂੰ ਮਾਰਗ ਹੀ ਨਹੀਂ ਮਿਲਿਆ
ਜਿਸ ਨੂੰ ਵੀ ਰਾਹ ਪੁੱਛਦਾ,
ਕੋਈ 'ਚਿਤਰ' ਬਾਰੇ ਕਹਿੰਦਾ,
ਤੇ ਕੋਈ 'ਗੁਪਤ' ਦੀ ਦੱਸ ਪਾਉਂਦਾ
..ਤੇ ਮੈਂ ਰੁਲ਼ਦਾ-ਖੁਲ਼ਦਾ,
ਟੁੱਟੇ ਤਾਰੇ ਦੀ ਰਾਖ਼ ਲੈ ਕੇ ਹੀ
ਪਰਤ ਆਇਆ ਸੀ...!
.....
ਪਰ ਤੂੰ ਉਦਾਸ ਨਾ ਹੋ..!!
ਧਰਤੀਆਂ ਹੋਰ ਬਹੁਤ ਨੇ!
ਤੇ ਜਨਮ ਵੀ ਅਨੇਕ!!
ਸ਼ਾਇਦ ਕਿਸੇ ਜਨਮ ਵਿਚ
ਤੇਰਾ ਚੰਦਰਮਾਂ ਨਾਲ਼
ਮੇਲ ਹੋ ਜਾਵੇ?
ਕਹਿੰਦੇ ਉਹ ਸੂਰਜ ਤੋਂ
ਰੌਸ਼ਨੀ ਉਧਾਰੀ ਲੈਂਦਾ ਹੈ!
ਉਹਨਾਂ ਦੀ ਸਾਂਝ ਦੀ ਤਾਂ ਲੋਕ
ਕਮਲ਼ੀਏ ਦਾਦ ਦਿੰਦੇ ਨੇ!
ਤੇਰੀ ਚਾਹਤ ਮੈਂ ਨਹੀਂ ਤਾਂ,
ਇਕ ਨਾ ਇਕ ਦਿਨ ਚੰਦਰਮਾਂ
ਜ਼ਰੂਰ ਪੂਰੀ ਕਰੇਗਾ!
.....
ਠਹਿਰ ਜ਼ਰਾ..!
ਇਕ ਗੱਲ ਦੱਸ ਦੇਵਾਂ...
ਚੰਦਨ ਦੇ ਰੁੱਖ ਹੇਠ ਬੈਠ
ਮਣੀਂ ਦੀਆਂ ਬੁਝਾਰਤਾਂ ਨਾ ਪਾਇਆ ਕਰ
ਚੰਦਨ ਦੇ ਰੁੱਖ ਨਾਲ,
ਸੱਪ ਲਿਪਟੇ ਹੁੰਦੇ ਨੇ
...ਤੇ ਮਣੀਂ,
ਨਾਗ ਦੇ ਸਿਰ ਵਿਚ ਹੁੰਦੀ ਹੈ!
ਰੇਗਿਸਤਾਨ ਦੀ ਬੁੱਕਲ਼ ਵਿਚ ਬੈਠ
ਕਸਤੂਰੀ ਲੱਭਣ ਦੀ
ਜਿ਼ਦ ਵੀ ਨਾ ਕਰਿਆ ਕਰ
ਕਸਤੂਰੀ ਵੀ ਸੁਣਿਐਂ
ਕਾਲ਼ੇ ਨੈਣਾਂ ਵਾਲ਼ੇ ਮਿਰਗ ਦੀ
ਨਾਭੀ ਵਿਚ ਹੁੰਦੀ ਹੈ,
ਜੋ ਖ਼ੁਦ ਉਸ ਦੀ ਹੀ ਭਾਲ਼ ਵਿਚ
ਆਖ਼ਰ ਨੂੰ ਪ੍ਰਾਣ-ਹੀਣ ਹੋ ਜਾਂਦੈ!
......
ਪੁੱਛ ਕੇ ਦੇਖੀਂ ਕਿਸੇ ਦਿਨ
ਮੰਦਰ ਦੇ ਪੱਥਰਾਂ ਨੂੰ
ਕਿ ਹੁਣ ਉਹਨਾਂ ਨੂੰ ਧੂਫ਼ 'ਚੋਂ
ਕਿੰਨੀ ਕੁ ਮਹਿਕ ਆਉਂਦੀ ਹੈ?
ਹੁਣ ਤਾਂ ਉਹ ਵੀ ਆਦਮ-ਜ਼ਾਤ ਵਾਂਗ
ਸਿਲ਼-ਪੱਥਰ ਹੀ ਹੋ ਗਏ ਹੋਣਗੇ
ਅਤੇ ਖਿਝਦੇ ਹੋਣਗੇ ਕਿਸੇ ਦੀ
ਅੰਨ੍ਹੀ ਸ਼ਰਧਾ 'ਤੇ!
ਜਾਂ ਫਿ਼ਰ ਹੱਸਦੇ ਹੋਣਗੇ ਮਾਣਸ-ਜ਼ਾਤ 'ਤੇ
ਕਿ ਤੁਹਾਡੇ ਨਾਲ਼ੋਂ ਤਾਂ ਅਸੀਂ ਹੀ ਬਿਹਤਰ ਹਾਂ,
ਜਿੰਨ੍ਹਾਂ ਦੀ ਇਬਾਦਤ ਤਾਂ ਹੁੰਦੀ ਹੈ!
.....
ਖਿਝਿਆ ਨਾ ਕਰ ਤੂੰ ਮੇਰੀ ਸ਼ਰਾਬ ਤੋਂ
ਤੂੰ ਆਦਮ-ਜ਼ਾਤ ਤੋਂ ਡਰਿਆ ਕਰ!
ਮੈਂ ਤਾਂ ਸ਼ਰਾਬ ਹੀ ਪੀਂਦਾ ਹਾਂ,
ਕੋਈ ਦਰਦ ਭੁਲਾਉਣ ਵਾਸਤੇ,
ਪਰ....
ਅੱਜ ਕੱਲ੍ਹ ਆਦਮ-ਜ਼ਾਤ ਨੂੰ
ਮਾਣਸ ਦਾ ਖ਼ੂਨ ਪੀਣ ਦਾ ਸ਼ੌਕ ਪੈ ਗਿਐ!
.....
ਨਾਲ਼ੇ ਵਾਰ ਵਾਰ ਪੌਣਾਂ ਨੂੰ
ਵੰਗਾਰਾਂ ਨਾ ਪਾਇਆ ਕਰ
ਬ੍ਰਹਿਮੰਡ ਵਿਚ ਉਹਨਾਂ 'ਤੇ ਕੋਈ
ਪਾਬੰਦੀ ਨਹੀਂ!
ਪਰਬਤਾਂ 'ਤੇ ਵਾਸ ਕਰਨ ਵਾਲਿ਼ਆਂ ਨੂੰ
ਸੀਮਾਵਾਂ ਦਾ ਘੇਰਾ ਨਹੀਂ ਦੱਸੀਦਾ
ਤੇ ਨਾ ਹੀ ਕਿਰਨਾਂ ਨੂੰ
ਉਹਨਾਂ ਦੀ ਹੱਦ ਦਾ ਮਿਹਣਾਂ ਮਾਰੀਦੈ
ਸਾਢੇ ਤਿੰਨ ਹੱਥ ਧਰਤੀ ਤਾਂ,
ਸਿਰਫ਼ ਬੰਦੇ ਦੀ ਮਲਕੀਅਤ ਹੈ,
ਬਾਕੀ ਸਭ ਉਸ ਤੋਂ ਕਿਤੇ ਅਮੀਰ ਨੇ!!!


ਹੋਰ ਪੜੋ...

ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ.......... ਵਿਅੰਗ

ਲਓ ਜੀ, ਸਾਡੇ ਨੇੜੇ ਤੇੜੇ ਹੀ ਪਿੰਡ ਸਲਾਵਤਪੁਰਾ ਵਿਖੇ 'ਰੂਹਾਨੀ ਜਾਮ' ਪਿਲਾਉਣ ਕਰਕੇ ਸਿਰਸੇ ਵਾਲ਼ੇ ਬਾਬੇ ਦਾ ਵਿਵਾਦ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗੂੰ ਫ਼ੈਲਿਆ, ਤਾਂ ਸੈਂਟਰ ਗੌਰਮਿੰਟ ਤੋਂ ਲੈ ਕੇ ਪੰਜਾਬ ਗੌਰਮਿੰਟ ਤੱਕ ਸਾਰਿਆਂ ਨੂੰ ਪੰਜਾਬ ਦੇ ਹਾਲਾਤਾਂ ਦਾ ਫਿ਼ਕਰ ਪੈ ਗਿਆ। ਪੈਣਾਂ ਹੀ ਸੀ! ਅੱਗੇ ਹੀ ਵਿਚਾਰੇ ਪੰਜਾਬ ਨੇ ਦਸ-ਪੰਦਰਾਂ ਸਾਲ ਸੰਤਾਪ ਪਿੰਡੇ 'ਤੇ ਹੰਢਾਇਆ ਹੈ। ਇਕ ਪੰਜਾਬ ਦੇ ਹਾਲਾਤ ਸ਼ੂਗਰ ਦੇ ਮਰੀਜ਼ ਦੀ ਹਾਲਤ ਵਾਂਗੂੰ ਵਿਗੜਦੇ ਵੀ ਬੜੇ ਛੇਤੀ ਹਨ! ਆਮ ਤਾਂ ਗੌਰਮਿੰਟ ਨੂੰ ਪੰਜਾਬ ਦਾ ਬਹੁਤਾ ਕੋਈ ਫਿ਼ਕਰ ਨਹੀਂ ਰਹਿੰਦਾ, ਜਿਵੇਂ ਆਦੀ ਹੋਏ ਮਾਪਿਆਂ ਨੂੰ 'ਵੈਲੀ' ਪੁੱਤ ਦਾ ਬਹੁਤਾ ਝੋਰਾ ਨਹੀਂ ਹੁੰਦਾ, ਪਰ ਐਤਕੀਂ ਮਸਲਾ ਸਿਰਸੇ ਵਾਲ਼ੇ ਬਾਬੇ ਨਾਲ਼ ਜੁੜਿਆ ਹੋਣ ਕਰਕੇ ਸਰਕਾਰ ਵੀ, ਸੱਪ ਨੂੰ ਦੇਖ ਕੇ ਚਿੜੀ ਦੇ ਪਿੱਟ ਸਿਆਪਾ ਕਰਨ ਵਾਂਗ, ਮਿੰਟਾਂ ਵਿਚ ਸੁਚੇਤ ਹੋ ਗਈ। ਸਰਕਾਰ ਨੂੰ ਆਪਣਾ ਵੀ ਫਿ਼ਕਰ ਸੀ, ਉਹਨਾਂ ਨੂੰ ਇਹ ਹੀ ਸੀ ਕਿ ਜੇ ਸਾਥੋਂ ਪੰਜਾਬ ਦੇ ਹਾਲਾਤ ਨਾ ਸੰਭਲ਼ੇ, ਤਾਂ ਪੰਜਾਬ 'ਚ ਗਵਰਨਰੀ ਰਾਜ ਹੋ ਸਕਦੈ ਅਤੇ ਸਾਡੀ ਰਾਜ ਗੱਦੀ ਜਾ ਸਕਦੀ ਹੈ। ਇਸੇ ਕਰਕੇ ਤਾਂ ਵਿਚਾਰੇ ਸੁਖਬੀਰ ਬਾਦਲ ਨੇ ਦਿਨ ਰਾਤ ਇਕ ਕਰੀ ਰੱਖੀ ਕਿ ਬਾਪੂ ਜੀ ਦੀ ਕੁਰਸੀ ਨਾ ਚਲੀ ਜਾਵੇ! ਕਿੱਡਾ ਸਲੱਗ ਪੁੱਤ ਹੈ। ਰੱਬ ਐਹੋ ਜਿਹੇ ਪੁੱਤ ਘਰ ਘਰ ਦੇਵੇ! ਕਿੰਨਾਂ ਖਿਆਲ ਕਰਦੈ ਉਹ ਆਪਣੇ ਬਾਪੂ ਜੀ ਦਾ! ਬਿਰਧ ਜਿਉਂ ਨੇ? ਉਹ ਵੀ ਕੀ ਕਰਨ...? ਇਸ ਦੇ ਨਾਲ਼ ਨਾਲ਼ ਮੈਨੂੰ ਸ. ਬਲਵੰਤ ਸਿੰਘ ਰਾਮੂਵਾਲ਼ੀਏ ਦੀ ਗੱਲ ਯਾਦ ਆ ਗਈ, ਲਓ ਉਹ ਵੀ ਸੁਣ ਲਓ! ਉਸ ਦਾ ਕਹਿਣਾ ਹੈ ਕਿ ਜੇ ਕਿਸੇ ਕੁੜੀ ਦੇ ਜੁਆਕ ਹੋਵੇ, ਜਣੇਪਾ ਕਿਸੇ ਕਾਰਨ ਸਹੁਰੀਂ ਹੋਇਆ ਹੋਵੇ, ਤਾਂ ਉਹ ਸਵਾ ਮਹੀਨੇ ਬਾਅਦ ਆਪਣਾ ਨਵ-ਜੰਮਿਆਂ ਬਾਲ ਲੈ ਕੇ ਪੇਕੀਂ 'ਦਿਖਾਉਣ' ਜਾਂਦੀ ਐ। ਮੋਹ-ਵੈਰਾਗ 'ਚ ਆਇਆ ਉਸ ਕੁੜੀ ਦਾ ਸੱਤਰ ਸਾਲਾ ਬਾਪੂ ਆਖਦੈ, "ਲਿਆ ਕੁੜੀਏ, ਮੈਨੂੰ ਫੜਾ ਦੋਹਤੇ ਨੂੰ-ਮੈਂ ਇਹਦਾ ਸਿਰ ਪਲ਼ੋਸਾਂ ਤੇ ਪਿਆਰ ਦੇਵਾਂ...!" ਤਾਂ ਡਰਦੀ ਕੁੜੀ ਅੱਗਿਓਂ ਕਹਿੰਦੀ ਐ, "ਨਹੀਂ ਬਾਪੂ...! ਤੂੰ ਸੱਤਰਾ ਬਹੱਤਰਾ ਹੋਇਆ ਪਿਐਂ-ਜੁਆਕ ਨੂੰ ਸਿੱਟਦੇਂਗਾ...! ਜੇ ਤੂੰ ਇਕ ਅੱਧਾ ਰੁਪਈਆ ਦੇਣੈਂ ਸ਼ਗਨ ਦਾ, ਤਾਂ ਮੈਨੂੰ ਊਂਈ ਫੜਾ ਦੇਹ...! ਮੈਂ ਨ੍ਹੀ ਫੜਾਉਂਦੀ ਮੁੰਡਾ ਤੈਨੂੰ...! ਡਰ ਲੱਗਦੈ...! ਕੋਈ ਸੱਟ ਫ਼ੇਟ ਲੱਗਜੂ ਜੁਆਕ ਦੇ ...! ਜੇ ਕੋਈ ਬੱਜ ਪੈ ਗਈ, ਫੇਰ ਕੀਹਦੀ ਮਾਂ ਨੂੰ ਮਾਸੀ ਆਖਾਂਗੇ...?" ਕੁੜੀ ਆਪਦਾ ਜੁਆਕ ਸੱਤਰ ਸਾਲਾ ਸਕੇ ਪਿਉ ਨੂੰ ਨਹੀਂ ਫੜਾਉਂਦੀ। ਤੇ ਸਾਡੇ ਪੰਜਾਬੀ ਐਡੇ ਦਰਿਆ ਦਿਲ ਨੇ ਕਿ ਪੂਰੇ ਦਾ ਪੂਰਾ ਪੰਜਾਬ ਹੀ ਅੱਸੀਆਂ ਸਾਲਾਂ ਦੇ ਬਾਦਲ ਸਾਹਿਬ ਦੇ ਹੱਥ ਫੜਾ ਦਿੱਤਾ...! ਪੰਜਾਬ ਖਾਵੇ ਖਸਮਾਂ ਨੂੰ! ਪਰ ਉਹ ਇਸ ਨੂੰ ਕਿਵੇਂ ਸਾਂਭੇ?"
ਚੰਗੇ ਭਾਗ ਸੀ ਬਾਦਲ ਸਾਹਿਬ ਦੇ ਕਿ ਸਿਰਸੇ ਵਾਲ਼ੇ ਬਾਬੇ ਨੇ 'ਰੂਹਾਨੀ ਜਾਮ' ਪਿਲਾਉਣਾਂ ਸੀ ਅਤੇ ਬਾਦਲ ਸਾਹਿਬ ਦਾ ਵਕਤੀ ਤੌਰ 'ਤੇ ਆਟੇ ਅਤੇ ਦਾਲ਼ ਵਾਲ਼ੇ ਸ਼ੋਸ਼ੇ ਵੱਲੋਂ ਖਹਿੜ੍ਹਾ ਛੁੱਟਣਾ ਸੀ। ਬਾਦਲ ਸਾਹਿਬ ਨੂੰ ਤਾਂ ਸਿਰਸੇ ਵਾਲ਼ੇ ਸਾਧ ਦਾ ਧੰਨਵਾਦੀ ਹੋਣਾ ਚਾਹੀਦਾ ਹੈ! ਬਾਦਲ ਸਾਹਿਬ ਇਸ ਬਾਬੇ ਦੀ ਗ੍ਰਿਫ਼ਤਾਰੀ ਦੀ ਹਮਾਇਤ ਕਿਵੇਂ ਕਰਨ? ਜਾਂ ਕਿਉਂ ਕਰਨ?? ਉਹਨਾਂ ਦਾ ਦਿਮਾਗ ਫਿਰਿਐ? ਬਾਦਲ ਸਾਹਿਬ ਨੂੰ ਤਾਂ ਸਿਰਸੇ ਵਾਲ਼ਾ ਬਾਬਾ ਇਕ 'ਵਰਦਾਨ' ਬਣ ਕੇ ਮਿਲਿ਼ਆ ਹੈ। ਬਾਦਲ ਸਾਹਿਬ ਦੇ ਮੋਢੇ ਨਾਲ਼ ਮੋਢਾ ਡਾਹ ਕੇ ਸੁਖਬੀਰ ਬਾਦਲ ਜੀ ਵੀ ਸਾਥ ਦੇ ਰਹੇ ਹਨ। ਬੜਾ ਸਿਆਣਾ ਬਰਖ਼ੁਰਦਾਰ ਹੈ, ਸੁਖਬੀਰ ਬਾਦਲ! ਖ਼ੈਰ, ਗੱਲ ਚੱਲਦੀ ਸੀ ਡੇਰਾ ਵਾਦ-ਵਿਵਾਦ ਦੀ! ਲਓ ਜੀ, ਅਸੀਂ ਵੀ ਪੰਜਾਬੀ ਹਾਂ ਅਤੇ ਸਾਨੂੰ ਪੰਜਾਬ ਦਾ ਦਰਦ ਆਉਣਾ ਇਕ ਕੁਦਰਤੀ ਗੱਲ ਹੈ। ਅਸੀਂ ਪੰਜਾਬ ਦਾ ਖਾਨੇ ਐਂ, ਪੰਜਾਬ 'ਚ ਵਸਦੇ ਐਂ, ਤੇ ਫੇਰ ਪੰਜਾਬ ਦਾ ਖਾ ਕੇ ਅਸੀਂ ਪੰਜਾਬ ਨੂੰ ਈ 'ਹਲਾਲ' ਕਰਨੈਂ! ਨਹੀਂ ਯਾਰ, ਮੇਰੇ ਮੂੰਹੋਂ ਨਿਕਲ਼ ਗਿਆ! 'ਹਲਾਲ' ਤਾਂ ਆਪਣੇ ਮੰਤਰੀ ਛੰਤਰੀ ਕਰਦੇ ਐ, ਅਸੀਂ ਤਾਂ ਪੰਜਾਬ ਦਾ ਭਲਾ ਸੋਚਣੈਂ? ਜਦੋਂ ਪੰਜਾਬ ਵਿਚ ਸਿਰਸੇ ਵਾਲ਼ੇ ਬਾਬੇ ਬਾਰੇ ਹਾਹਾਕਾਰ ਮੱਚੀ, ਤਾਂ ਸਾਡਾ ਦਿਲ ਵੀ ਬਲੱਡ ਪ੍ਰੈਸ਼ਰ ਦੇ ਮਰੀਜ਼ ਮਾਂਗੂੰ 'ਖੜ੍ਹਬੜ੍ਹ-ਖੜ੍ਹਬੜ੍ਹ' ਕਰਦਾ, ਡੁਬਕੀਆਂ ਲਾਉਣ ਲੱਗ ਪਿਆ! ਕਦੇ ਘਟਣ ਲੱਗ ਪਿਆ ਕਰੇ ਅਤੇ ਕਦੇ ਬੜ੍ਹਕਾਂ ਜਿਹੀਆਂ ਮਾਰਨ ਲੱਗ ਜਾਇਆ ਕਰੇ! ਦਿਲ ਦੇ ਹਾਲਾਤ ਖ਼ਤਰਨਾਕ 'ਬਾਡਰ' 'ਤੇ ਪਹੁੰਚ ਗਏ! ਅਸੀਂ ਵੀ ਆਪਣੇ ਡਮਾਕ ਨੂੰ ਪੁਰਾਣੇ ਰੇਡੀਓ ਵਾਂਗੂੰ ਧੱਫ਼ਾ ਜਿਹਾ ਮਾਰਿਆ ਕਿ ਕੀ ਐ, ਇਹਦੀ ਵੀ ਕੋਈ ਤਾਰ ਜੁੜ ਜਾਵੇ ਅਤੇ ਇਸ ਨੂੰ ਹੀ ਕੋਈ ਪੰਜਾਬ ਦਾ ਹੱਲ ਸੁੱਝ ਜਾਵੇ? ਲੈ ਬਈ, ਸਦਕੇ ਸਾਡੇ 'ਲੈਕ' ਡਮਾਕ ਦੇ! 'ਘਿਰੜ੍ਹ-ਘਿਰੜ੍ਹ' ਕਰਦੇ ਡਮਾਕ ਦੀ ਧੱਫ਼ਾ ਜਿਹਾ ਮਾਰਨ ਨਾਲ਼ ਕੋਈ ਤਾਰ ਜੁੜ ਗਈ ਅਤੇ ਇਸ ਨੇ ਵੀ ਇਕ ਸਟੇਸ਼ਨ ਫੜ ਲਿਆ ਅਤੇ ਫ਼ੁਰਨੇ ਨੂੰ ਜੱਫ਼ਾ ਜਾ ਮਾਰਿਆ! ਫ਼ੁਰਨਾ ਵੀ ਕੀ...? ਬਹੁਤ ਹੀ ਤੱਤਾ ਅਤੇ ਢੁਕਵਾਂ, ਸਿਰੇ ਦਾ...! ਲਓ ਜੀ ਅਸੀਂ ਟਿੰਡ ਫ਼ੌਹੜੀ ਚੱਕੀ ਅਤੇ ਪਿੰਡ ਦੇ ਕਾਮਰੇਡ ਟੋਭੇ ਫ਼ੂਕ ਸਿੰਘ ਕੋਲ਼ ਚਲੇ ਗਏ। ਸੀ ਤਾਂ ਟੋਭੇ ਫ਼ੂਕ ਅਨਪੜ੍ਹ, ਪਰ ਸਾਡੇ ਲਈ ਸੋਨੇ ਦੀ ਇਕ 'ਖਾਣ' ਸੀ। ਬੜਾ ਸਾਡੇ ਅੜੇ ਥੁੜੇ ਕੰਮ ਆਉਂਦਾ ਸੀ। ਅਸੀਂ ਸਾਰੀ ਗੱਲ ਉਸ ਨੂੰ ਜਾ ਦੱਸੀ। ਟੋਭੋ ਫ਼ੂਕ ਵੀ ਸੋਚਾਂ ਦੇ ਘਨ੍ਹੇੜ੍ਹੀਂ ਚੜ੍ਹਿਆ ਆਪਣੇ ਸੋਚ ਸਮੁੰਦਰ ਵਿਚ ਜਾ ਡਿੱਗਿਆ।
-"ਤੂੰ ਬੀੜੀ ਬੂੜੀ ਪੀਅ ਕੇ ਡਮਾਕ ਖੁਰਚ ਕੌਮਨਸ਼ਟਾ! ਤੇਲ ਪਾਏ ਬਿਨਾਂ ਇੰਜਣ ਨ੍ਹੀ ਚੱਲਣਾ...!" ਮੈਂ ਉਸ ਨੂੰ ਹੋਰ ਸਲਾਹ ਦਿੱਤੀ।
ਆਖਰ ਕਾਫ਼ੀ ਜੱਦੋਜਹਿਦ ਬਾਅਦ ਉਸ ਨੇ ਆਪਣੀ ਸੋਚਾਂ ਦੀ ਪਟਾਰੀ ਵਿਚੋਂ ਇਕ ਸੱਪ ਕੱਢਿਆ।
-"ਆਪਾਂ ਸ਼ਹਿਰ ਜਾ ਕੇ ਇਕ ਚਿੱਠੀ 'ਟੈਪ' ਕਰਾਉਨੇ ਐਂ-ਇਹ ਗੱਲ ਕਿਸੇ ਨੂੰ ਦੱਸਣ ਵਾਲ਼ੀ ਨ੍ਹੀ-ਕਿਸੇ ਕੋਲ਼ੇ ਗੱਲ ਨਾ ਕਰੀਂ ਮੇਰਾ ਬੀਰ! ਜੇ ਤੇਰੀ ਸਕੀਮ ਪਾਸ ਹੋਗੀ-ਗੌਰਮਿਲਟ ਨੇ ਤੈਨੂੰ ਉਮਰ ਭਰ ਆਸਤੇ ਪਿਲਛਣ ਲਾ ਦੇਣੀ ਐਂ!" ਲਓ ਜੀ ਕਾਮਰੇਡ ਦੀ ਗੱਲ ਸੁਣ ਕੇ ਮੇਰੇ ਤਾਂ ਸਾਰੇ ਸਰੀਰ ਦੇ ਵਾਲ਼ ਤੱਕਲ਼ੇ ਮਾਂਗੂੰ ਖੜ੍ਹੇ ਹੋ ਗਏ ਅਤੇ ਸਾਰੇ ਪਿੰਡੇ 'ਤੇ ਕੁਤਕੁਤੀਆਂ ਜਿਹੀਆਂ ਨਿਕਲਣ ਲੱਗ ਪਈਆਂ।
-"ਕਿੰਨੀ ਕੁ ਲਾਉਣਗੇ ਪਿਲਸ਼ਣ ਕੌਮਨਸ਼ਟਾ?" ਮੈਂ ਝੌਰ ਉਠੀ ਵਾਲ਼ੇ ਬਲ਼ਦ ਵਾਂਗ ਪੈਰਾਂ ਹੇਠੋਂ ਮਿੱਟੀ ਕੱਢੀ।
-"ਦਸ ਪੰਦਰਾਂ ਹਜ਼ਾਰ ਤਾਂ ਲਾਉਣਗੇ ਈ, ਥੋੜ੍ਹੇ ਐ...?" ਕਹਿ ਕੇ ਉਸ ਨੇ ਸਾਡਾ ਜਿੰਨ ਵਰਗਾ ਚਿਹਰਾ ਨਿਰਖਿਆ।
-"ਲਓ ਜੀ, ਫੇਰ ਤਾਂ ਸਾਡੀਆਂ ਪੌਂ ਬਾਰਾਂ ਹੋ ਗਈਆਂ...।" ਮੈਂ ਮਨ ਵਿਚ ਹੀ ਹਿਸਾਬ ਕਿਤਾਬ ਲਾਉਣਾ ਸ਼ੁਰੂ ਕਰ ਦਿੱਤਾ। ਦਾਰੂ, ਭੁੱਕੀ ਅਤੇ ਹੋਰ ਸ਼ੌਕੀਨ ਖ਼ਰਚਿਆਂ ਨੂੰ ਤਕਸੀਮ ਕੀਤਾ।
ਲਓ ਜੀ, ਅਸੀਂ ਪਿੰਡੋਂ ਮੋਗੇ ਵਾਲ਼ੀ ਬੱਸ ਫੜ ਲਈ। ਕਾਮਰੇਡ ਦੀ ਟਿਕਟ ਵੀ ਮੈਂ ਹੀ ਖਰੀਦੀ। ਕੰਮ ਤਾਂ ਮੇਰਾ ਸੀ। ਉਹ ਤਾਂ ਮੇਰੀ ਮੱਦਦ ਕਰ ਰਿਹਾ ਸੀ। ਖ਼ੈਰ, ਕੰਮ ਤਾਂ ਇਹ ਸਾਰੇ ਪੰਜਾਬ ਦਾ ਸੀ, ਪਰ ਕੁਪੱਤੀ ਜੰਨ ਵਿਚ ਸਭ ਤੋਂ ਭਲੇ ਮਾਣਸ ਤਾਂ ਅਸੀਂ ਸੀ! ਹੋਰ ਕਿਸੇ ਨੂੰ ਪੰਜਾਬ ਦਾ ਕੀ ਫਿ਼ਕਰ ਫ਼ਾਕਾ? ਅਸੀਂ ਸ਼ਹਿਰ ਦੀਆਂ ਕਚਿਹਰੀਆਂ 'ਚ ਜਾ ਕੇ ਕਰੜੀ ਜਿਹੀ ਚਾਹ ਪੀਤੀ, "ਚਾਹ ਨਾਲ਼ ਡਮਾਕ ਖੁੱਲ੍ਹ ਜਾਂਦੈ!" ਕਾਮਰੇਡ ਨੇ ਕਿਹਾ ਸੀ। ਨਾਲ਼ ਕੁਛ ਖਾਧਾ ਪੀਤਾ ਵੀ। ਭੁੱਖੇ ਢਿੱਡ ਸਾਨੂੰ ਕੀ ਸੁੱਝਣਾ ਸੀ? ਭੁੱਖੇ ਢਿੱਡ ਤਾਂ ਭਗਤ ਕਬੀਰ ਜੀ ਵੀ ਭਗਤੀ ਕਰਨੋਂ ਮੁਨੱਕਰ ਹੋ ਗਏ ਸਨ, ਅਸੀਂ ਤਾਂ ਕਿਹੜੇ ਬਾਗ ਦੀ ਮੂਲ਼ੀ ਸੀ? ਚਲੋ ਜੀ, ਪੰਜਾਹ ਰੁਪਏ ਖਰਚ ਕੇ ਵੀ ਸੁਆਦ ਜਿਹਾ ਆ ਗਿਆ। ਨਹੀਂ ਤਾਂ ਕਦੇ ਜੁਆਕ ਸਕੂਲ ਦੀ ਫ਼ੀਸ ਮੰਗ ਲੈਂਦਾ, ਤਾਂ ਸਾਨੂੰ ਦੌਰਾ ਪੈਣ ਵਾਲ਼ਾ ਹੋ ਜਾਣਾ, "ਸਾਲਿ਼ਆ ਪੜ੍ਹ ਕੇ ਸਲੋਤਰੀ ਬਣਨੈਂ? ਵਾਹੀ 'ਚ ਈ ਠੇਡੇ ਖਾਣੇਂ ਐਂ-ਜਦੋਂ ਮਰਜੀ ਖਾ ਲਈਂ!" ਜੁਆਕ ਨੂੰ ਸੌ-ਸੌ ਗਾਲ੍ਹ ਦੇਣੀਂ! ਪਰ ਅੱਜ ਪੈਸੇ ਖਰਚਦਿਆਂ ਦਿਲ ਨਹੀਂ ਘਟਦਾ ਸੀ, ਸਗੋਂ ਹੌਸਲਾ ਸੀ! ਪੰਜਾਬ ਦਾ ਮਸਲਾ ਜਿਉਂ ਸੀ। ਚਲੋ ਪੰਜਾਬ ਦਾ ਨਹੀਂ ਤਾਂ ਪਿਲਸ਼ਣ ਦਾ ਮਸਲਾ ਤਾਂ ਸੀ?
ਚਲੋ ਜੀ, ਅਸੀਂ ਇਕ 'ਟੈਪ' ਕਰਨ ਆਲ਼ੇ ਕੋਲ਼ ਚਲੇ ਗਏ। ਉਸ ਨੂੰ ਸਾਰੀ ਸਕੀਮ ਦੱਸੀ ਅਤੇ ਗੁਪਤ ਰੱਖਣ ਲਈ ਪੰਜਾਹ ਰੁਪਏ ਵੀ ਝੋਕ ਦਿੱਤੇ! ਪੈਸੇ ਬਿਨਾ ਤਾਂ ਅੱਜ ਕੱਲ੍ਹ ਕੋਈ ਰੱਬ ਨੂੰ ਮੱਥਾ ਨ੍ਹੀ ਟੇਕਦਾ? ਮੈਂ, ਕਾਮਰੇਡ ਅਤੇ ਟੈਪ ਕਰਨ ਆਲ਼ੇ ਨੇ ਤਿੰਨਾਂ ਨੇ ਆਪਣੀ ਹਿੰਦੀ ਇਕੱਤਰ ਕੀਤੀ ਅਤੇ ਰਾਸ਼ਟਰਪਤੀ ਜੀ ਨੂੰ ਚਿੱਠੀ ਲਿਖਣ ਲੱਗ ਪਏ! ਕਾਮਰੇਡ ਅਤੇ ਮੈਂ ਲਿਖਵਾ ਰਹੇ ਸੀ ਅਤੇ 'ਟੈਪ' ਕਰਨ ਵਾਲ਼ਾ ਆਪਣੀਆਂ ਉਂਗਲਾਂ ਦਾ ਜੌਹਰ ਦਿਖਾ ਰਿਹਾ ਸੀ।
-"ਸਤਿਕਾਰਯੋਗ ਹਿੰਦੋਸਤਾਨ ਕੇ ਰਾਸ਼ਟਰਪਤੀ ਜੀ, ਸਾਸਰੀਕਾਲ, ਨਮਿੱਸ਼ਕਾਰ, ਸਲਾਮ ਔਰ ਜੈ ਹਿੰਦ ਜੀ...! ਹਮ ਯਹਾਂ ਪਰ ਰਾਜੀ ਖ਼ੁਸ਼ੀ ਹਾਂ ਔਰ ਹਮ ਆਪ ਕੀ ਰਾਜੀ ਖੁਸ਼ੀ ਰੱਬ ਪਾਸੋਂ ਨੇਕ ਚਾਹਤੇ ਹੈਂ ਜੀ। ਸਭ ਰਾਜੀ ਖ਼ੁਸ਼ੀ ਕੇ ਬਾਅਦ ਸਮਾਚਾਰ ਇਹ ਹੈ ਕਿ ਹਮ ਆਪ ਕੀ ਬਹੂਤ ਕਦਰ ਕਰਤੇ ਹੈਂ, ਆਪ ਵਾਕਿਆ ਹੀ ਹਿੰਦੋਸਤਾਨ ਕੇ ਅੱਛੇ ਰਾਸ਼ਟਰਪਤੀ ਹੈਂ ਜੀ। ਆਪ ਕੇ ਫ਼ੈਸਲੇ ਹਮੇਸ਼ਾ ਹੀ ਹਿੰਦੋਸਤਾਨ ਕੇ ਹਿਤੋਂ ਕੇ ਹੱਕ ਮੇਂ ਜਾਤੇ ਹੈਂ ਔਰ ਆਪ ਸਮਝਦਾਰ ਹੈਂ ਜੀ। ਦੂਸਰੇ ਮੰਤਰੀਓਂ ਕੀ ਤਰ੍ਹਾਂ ਗਿੱਦੜਮਾਰ ਨਹੀਂ! ਚਲੋ ਮੰਤਰੀ ਤੋ ਹੂਏ ਛੋਟੇ ਲੋਕ, ਪਰ ਆਪ ਤੋ ਹਿੰਦੋਸਤਾਨ ਕੇ ਰਾਸ਼ਟਰਪਤੀ ਜੀ ਹੈਂ ਜੀ। ਦੂਸਰੇ ਮੰਤਰੀਓਂ ਕੀ ਬਾਤ ਛੋੜੋ, ਵੋਹ ਤੋ ਜੀ ਕਹਿਨਾ ਕੁਛ ਔਰ ਕਰਨਾ ਕੁਛ...। ਆਪ ਬੜੇ ਸੁਲਝੇ ਇਨਸਾਨ ਹੈਂ ਜੀ। ਰਾਸ਼ਟਰਪਤੀ ਜੀ ਮੇਰਾ ਨਾਮ ਸੱਜਣ ਸਿੰਘ ਹੈ, ਸੱਜਣ ਸਿੰਘ ਉਰਫ਼ ਬੱਕਰੀਆਂ ਵਾਲ਼ਾ ਕਰਕੇ ਮਸ਼ਾਹੂਰ ਹੈ ਜੀ। ਸੱਜਣ ਬੱਕਰੀਆਂ ਵਾਲਾ ਅਪਨੇ ਦੇਸ਼ ਪੰਜਾਬ ਕੇ ਲਿਏ ਬਹੂਤ ਈਮਾਨਦਾਰ ਹੂੰ ਜੀ! ਆਹ ਜੋ ਸਿਰਸੇ ਵਾਲ਼ੇ ਸਾਧ ਨੇ ਜੋ ਰੱਪੜ ਪਾਯਾ ਹੈ, ਉਸ ਕੇ ਬਾਰੇ ਮੇਂ ਆਪ ਕੋ ਏਕ ਸਲਾਹ ਦੇਣੀਂ ਚਾਹਤਾ ਹੂੰ! ਆਪ ਹਮ ਕੋ ਆ ਕਰ ਮਿਲੇਂ ਜੀ! ਕਾਮ ਸੁਧਰ ਜਾਏਗਾ ਜੀ। ਆਪ ਫਿ਼ਕਰ ਮੱਤ ਕਰਨਾ! ਹਮ ਆਪਕੇ ਨਾਲ਼ ਹੈਂ। ਜਦੋਂ ਆਖੇਂਗੇ, ਹਮ ਚਾਰ ਬੱਕਰੀਆਂ ਬੈਅ ਕਰਦੇਂਗੇ ਜੀ! ਹਮ ਬਹੂਤ ਦਿਲ ਦਰਿਆ ਹਾਂ ਜੀ! ਖਰਚੇ ਕਾ ਫਿ਼ਕਰ ਨਾ ਕਰਨਾ! ਹਮਾਰੀ ਏਕ ਏਕ ਬੱਕਰੀ ਹਜਾਰ-ਹਜਾਰ ਮੇ ਬਿਕਤੀ ਹੈ! ਏਕ ਦੋ ਬੱਕਰਾ ਵੀ ਪਾਲ਼ਾ ਹੂਆ ਹੈ। ਉਸ ਕੋ ਬੇਚ ਕਰ ਵੀ ਹਮ ਅਪਨੇ ਪੰਜਾਬ ਪਰ ਲਾ ਦੇਂਗੇ! ਹਮ ਆਪ ਕੇ ਊਪਰ ਸੇ ਸਾਰਾ ਬੱਕਰੀਆਂ ਵਾਲ਼ਾ ਵਾੜਾ ਵਾਰ ਦੇਂਗੇ ਜੀ! ਹਮ ਕੋ ਲੋਕ 'ਫ਼ਾਟੇ ਚੂਕ' ਪੰਜਾਬੀ ਕਹਿਤੇ ਹੈਂ, ਔਰ ਹਮ ਕੂਤੀਓਂ ਕੋ ਕੰਧੋਂ ਪਰ ਚਾਹੜ ਦੇਤੇ ਹੈਂ ਜੀ! ਹਮ ਬੱਕਰੀ ਕੋ ਵੀ 'ਗੂਲੋਂ' ਪਰ ਚਾੜ੍ਹਨੇ ਲੱਗੇ ਦੇਖਤੇ ਵਿਚਾਰਤੇ ਨਹੀਂ ਜੀ! ਲੇਕਿਨ ਹਮਾਰੀ ਪਿਲਸ਼ਣ ਕਾ ਖਿਆਲ ਰੱਖਨਾ ਜੀ! ਜਬ ਯੇ ਪੰਗਾ ਖ਼ਤਮ ਹੋ ਗਯਾ, ਮੁਝੇ ਪਿਲਸ਼ਣ ਜਰੂਰ ਬਰ ਜਰੂਰ ਚਾਲੂ ਕਰਵਾ ਦੇਣੀਂ ਜੀ! ਹਮ ਆਪ ਕੋ ਏਕ ਗੁਪਤ ਰੈਅ ਦੇਣਾ ਹੈ। ਯੇਹ ਗੁਪਤ ਰੈਅ ਆਪ ਕੋ ਇਕੱਲੇ ਕੋ ਸੁਨਾਨੀ ਪੜਨੀ ਹੈ ਜੀ! ਹਮਾਰੀ ਰੈਅ ਜਰੂਰ ਲੇਨੀ ਜੀ ਔਰ ਇਸ ਕੋ ਖ਼ਤ ਨਹੀਂ ਤਾਰ ਸਮਝਨਾ। ਖ਼ਤ ਕਾ ਜਵਾਬ ਆਤੀ ਡਾਕ ਮੇ ਦੇਨਾ...!" ਖ਼ੈਰ, ਅਸੀਂ ਸਾਰੀ ਰਾਜ਼ੀ ਖ਼ੁਸ਼ੀ ਲਿਖ ਕੇ ਆਪਣੀ ਰੈਅ ਗੁਪਤ, ਰਾਖਵੀਂ ਰੱਖ ਲਈ। ਮਨ ਮੰਦਰ ਅੰਦਰ!
ਸ਼ਹਿਰੋਂ ਤੁਰਦਿਆਂ ਅਸੀਂ ਠੇਕੇ ਤੋਂ ਸੰਤਰਾ ਦੀ ਬੋਤਲ ਲੈ ਲਈ। ਮੈਂ ਅਤੇ ਕਾਮਰੇਡ ਸੰਧੂਰੀ ਜਿਹੇ ਹੋ ਕੇ ਘਰੇ ਆਏ! ਘਰਵਾਲ਼ੀ ਦੇ ਹੱਥੋਂ ਅੱਜ ਰੋਟੀ ਖਾਣ ਨੂੰ ਦਿਲ ਨਾ ਕਰੇ। ਆਪਣੀਆਂ ਸਾਰੀਆਂ ਬੱਕਰੀਆਂ ਅਤੇ ਪਠੋਰੇ, ਪਠੋਰੀਆਂ ਨੂੰ ਪਲੋਸ ਪਲੋਸ ਕੇ ਦੇਖਿਆ ਕਿ ਪਤਾ ਨਹੀਂ ਕਿਹੜੀ ਦੀ, ਕਦੋਂ 'ਬਲੀ' ਦੇਣੀ ਪੈ ਜਾਵੇ? ਖ਼ੈਰ ਜੀ ਰਾਸ਼ਟਰਪਤੀ ਜੀ ਦੇ ਦਰਬਾਰ ਵਿਚ ਸਾਡੀ ਚਿੱਠੀ ਪਹੁੰਚਣ ਦੀ ਦੇਰ ਸੀ ਕਿ ਸਿਆਸਤ 'ਚ ਤਾਂ ਭੂਚਾਲ਼ ਆ ਗਿਆ...! ਰਾਸ਼ਟਰਪਤੀ ਜੀ ਨੇ ਸਿੱਧੀ ਪੰਜਾਬ ਦੇ ਗਵਰਨਰ ਨੂੰ 'ਤਾਰ' ਮਾਰੀ! ਗਵਰਨਰ ਨੇ ਜਿਲ੍ਹੇ ਦੇ ਐਸ. ਪੀ. ਨੂੰ ਅਤੇ ਐਸ. ਪੀ. ਸਾਹਿਬ ਨੇ ਐੱਸ. ਐੱਸ. ਪੀ., ਡੀ. ਸੀ. ਅਤੇ ਡੀ. ਐਸ. ਪੀ ਨੂੰ ਫ਼ੋਨ ਖੜਕਾ ਦਿੱਤੇ! ਸਾਰਾ ਠਾਣਾ ਸਾਡੇ ਪਿੰਡ ਆ ਢੇਰੀ ਹੋਇਆ। ਸੱਜਣ ਸਿੰਘ ਉਰਫ਼ ਬੱਕਰੀਆਂ ਆਲ਼ੇ ਦੀ ਭਾਲ਼ ਸ਼ੁਰੂ ਹੋ ਗਈ। ਬੜੀ ਖ਼ੁਸ਼ੀ ਹੋਈ ਕਿ ਚਲੋ ਸਾਡੀ ਪੁੱਛ ਦੱਸ ਤਾਂ ਹੋਈ? ਅਫ਼ਸਰ 'ਸਰਦਾਰ ਜੀ' ਤੋਂ ਬਿਨਾ ਗੱਲ ਨਾ ਕਰੇ! ਪਿੰਡ ਦੀ ਪੰਚਾਇਤ ਸਮੇਤ ਮੈਨੂੰ ਬੜੀ ਸ਼ਾਨ, ਬੜੀ ਠਾਠ ਨਾਲ਼ ਠਾਣੇ ਲੈ ਗਏ ਅਤੇ ਚਾਹ ਪਾਣੀ ਦੀ ਸੇਵਾ ਤੋਂ ਬਾਅਦ ਡੀ. ਐੱਸ. ਪੀ ਸਾਹਿਬ ਨੇ ਸਭਾ ਲਾ ਲਈ।
-"ਹਾਂ ਬਈ ਸੱਜਣ ਸਿਆਂ...! ਕੀ ਨੁਸਕਾ ਐ ਤੇਰੇ ਕੋਲ਼ੇ ਇਸ ਵਾਦ ਵਿਵਾਦ ਦੇ ਹੱਲ ਦਾ?" ਡੀ. ਐੱਸ. ਪੀ. ਸਾਹਿਬ ਨੇ ਬੜੇ ਪਿਆਰ ਸਤਿਕਾਰ ਨਾਲ਼ ਪੁੱਛਿਆ।
-"ਰਾਸ਼ਟਰਪਤੀ ਸਾਹਬ ਆਪ ਨ੍ਹੀ ਆਏ?" ਮੈਂ ਬੜੀ ਹੈਰਾਨੀ ਨਾਲ਼ ਪੁੱਛਿਆ।
-"ਉਹਨਾਂ ਕੋਲ਼ੇ ਟਾਈਮ ਨਹੀਂ ਸੀ-ਮੇਰੀ ਡਿਊਟੀ ਲਾਈ ਐ ਉਹਨਾਂ ਨੇ!" ਉਸ ਨੇ ਹੱਸ ਕੇ ਕਿਹਾ। ਮੈਨੂੰ ਬੜਾ ਗੁੱਸਾ ਆਇਆ ਕਿ ਪੰਜਾਬ ਨੂੰ ਅੱਗ ਲੱਗੀ ਪਈ ਐ ਅਤੇ ਇਹ ਹੱਸਣ ਲੱਗ ਪਿਆ।
-"ਤੁਸੀਂ ਜੀ ਮਾੜਾ ਜਿਆ ਪੜਦੇ ਨਾਲ਼ ਪੁੱਛੋ! ਐਡਾ ਵੱਡਾ ਨੁਕਸਾ, ਤੇ ਜਬਾਬ ਸਾਰਿਆਂ ਦੇ ਸਾਹਮਣੇਂ ਈ ਮੰਗੀ ਜਾਨੇ ਐਂ? ਮੇਰੀ ਪਿਲਸ਼ਣ ਦਾ ਵੀ ਖਿਆਲ ਕਰੋ!" ਮੈਂ ਕੰਨ ਕੋਲ਼ ਹੋ ਕੇ ਕਿਹਾ।
-"ਚਲੋ ਆਪਾਂ ਇਕ ਪਾਸੇ ਚੱਲ ਵੜਦੇ ਹਾਂ!" ਕਹਿ ਕੇ ਡੀ. ਐੱਸ. ਪੀ. ਸਾਹਿਬ ਮੈਨੂੰ ਇਕ ਪਾਸੇ ਲੈ ਗਏ।
-"ਹਾਂ ਹੁਣ ਦੱਸ...? ਐਥੇ ਆਪਾਂ 'ਕੱਲੇ ਈ ਐਂ!" ਉਸ ਨੇ ਆਖਿਆ।
-"ਕਿਸੇ ਕੋਲ਼ੇ ਗੱਲ ਨਾ ਕਰਿਓ ਸਰਕਾਰ! ਮੇਰੀ ਪਿਲਸ਼ਣ ਦਾ ਸੁਆਲ ਐ!"
-"ਜਮਾਂ ਈ ਨ੍ਹੀ ਕਰਦਾ, ਤੂੰ ਗੱਲ ਕਰ, ਹੱਲ ਦੱਸ...?"
ਮੈਂ ਆਸਾ ਪਾਸਾ ਨਿਰਖ਼, ਸੁੰਘ ਕੇ ਕਹਿਣਾਂ ਸ਼ੁਰੂ ਕੀਤਾ।
-"ਜਨਾਬ ਸਿਰਸੇ ਵਾਲ਼ੇ ਬਾਬੇ ਦਾ ਇਕੋ ਹੀ ਹੱਲ ਐ ਮੇਰੇ ਕੋਲ਼ੇ...!"
-"ਦੱਸ ਵੀ...?" ਅਫ਼ਸਰ ਵੀ ਮੇਰੇ ਹੋਰ ਨੇੜੇ ਹੋ ਗਿਆ।
-"ਉਹਨੂੰ ਸ੍ਰੀ ਅਕਾਲ ਸਾਹਿਬ 'ਤੇ ਪੇਸ਼ ਹੋ ਕੇ ਸਾਰੇ ਪੰਥ ਤੋਂ ਮੁਆਫ਼ੀ ਮੰਗ ਲੈਣੀਂ ਚਾਹੀਦੀ ਐ ਤੇ ਮੁੜ ਕੇ ਐਹੋ ਜੀ ਘਤਿੱਤ ਨ੍ਹੀ ਕਰਨੀ ਚਾਹੀਦੀ...! ਕੰਮ ਸਾਰਾ ਈ ਲੋਟ ਆਜੂ ਸਰਕਾਰ..!"
-"ਆਹੀ ਹੱਲ ਸੀ ਤੇਰੇ ਕੋਲ਼ੇ?" ਉਹ ਹੈਰਾਨ ਹੋ ਗਿਆ।
-"ਇਹ ਹੱਲ ਕੋਈ ਛੋਟਾ ਮੋਟੈ ਜੀ? ਪੰਜਾਬ ਦੀ ਸ਼ਾਂਤੀ ਦਾ ਸੁਆਲ ਐ!" ਮੈਂ ਕਿਹਾ ਤਾਂ ਡੀ. ਐਸ. ਪੀ. ਸਾਹਿਬ ਨੇ ਭਰਿੰਡਾਂ ਵਾਂਗੂੰ ਸਿਪਾਹੀ ਇਕੱਠੇ ਕਰ ਲਏ!
-"ਇਹ ਤਾਂ ਸਾਰੇ ਜੱਥੇਦਾਰ ਤੇ ਪੰਜਾਬ ਦੇ ਲੋਕ ਵੀ ਪਿੱਟੀ ਜਾਂਦੇ ਐ, ਓਦਣ ਦੇ! ਤੇਰੇ ਕੋਲ਼ੇ ਕੋਈ ਨਵਾਂ ਹੱਲ ਐ ਇਹੇ? ਉਏ ਮੁੰਡਿਓ...! ਇਹਨੂੰ ਕੰਜਰ ਨੂੰ ਕੁੱਟੋ ਘੱਟ ਤੇ ਘੜ੍ਹੀਸੋ ਜਾਅਦੇ! ਤੇ ਫੇਰ ਇਹਨੂੰ ਕਿਸੇ ਕਮਲਿ਼ਆਂ ਦੇ ਹਸਪਤਾਲ਼ 'ਚ ਸਿੱਟ ਦਿਓ ਅਤੇ ਡਾਕਟਰ ਤੋਂ ਰਿਪੋਰਟ ਲਓ ਕਿ ਇਹ ਬੰਦਾ ਦਿਮਾਗੀ ਤੌਰ 'ਤੇ ਪਾਗਲ ਐ! ਧਿਆਨ ਰੱਖਿਓ, ਇਹ ਰਿਪੋਰਟ 'ਉਪਰ' ਜਾਣੀ ਐਂ!"
ਲਓ ਜੀ, ਮੇਰਾ ਤਾਂ ਪਾ ਦਿੱਤਾ ਉਹਨਾਂ ਨੇ ਗਾਹ...! ਬੱਖੀਆਂ ਕਰਤੀਆਂ ਪੋਲੀਆਂ..! ਕੱਢਤਾ ਕਚੂੰਬਰ...! ਮੇਰੇ ਤਾਂ ਹੱਡ ਲਾ ਦਿੱਤੇ ਟੱਸ ਟੱਸ ਕਰਨ ਪਤੰਦਰਾਂ ਨੇ...! ਮੈਂ ਬਥੇਰ੍ਹੀ ਹਾਲ ਦੁਹਾਈ ਪਾਈ ਬਈ ਜੇ ਥੋਨੂੰ ਮੇਰਾ ਨੁਕਸਾ ਨਹੀਂ ਫਿ਼ੱਟ, ਤਾਂ ਮੈਂ ਇਹਨੂੰ ਮੋੜ ਕੇ ਲੈ ਜਾਨੈਂ, ਪਰ ਮੇਰੀ ਬੰਬ ਨਾ ਬੁਲਾਓ! ਮੈਂ ਭੁੱਲ ਗਿਆ...! ਮੇਰੀ ਭਿਆਂ...! ਚਾਹੇ ਬਾਪੂ ਕਹਾਲੋ...! ਮੈਂ ਸੋਚਿਆ ਬਈ ਇਹ 'ਰਿਪੋਟ' ਉਪਰ ਭੇਜਣ ਤੋਂ ਪਹਿਲਾਂ ਕਿਤੇ ਮੈਨੂੰ ਨਾ 'ਉਪਰ' ਧਰਮਰਾਜ ਦੇ ਦਰਬਾਰ ਭੇਜ ਦੇਣ! ਚਲੋ ਜੀ, ਚਿੱਤ ਖ਼ੁਸ਼ ਕਰਕੇ, ਤਸੱਲੀ ਕਰਕੇ ਸਹੁਰੇ ਮੈਨੂੰ ਕਮਲਿ਼ਆਂ ਆਲ਼ੇ ਹਸਪਤਾਲ ਸਿੱਟ ਆਏ! ਪਹਿਲਾਂ ਤਾਂ ਕਮਲਿ਼ਆਂ ਦੇ ਹਸਪਤਾਲ਼ ਵਾਲ਼ੇ ਡਾਕਟਰ ਦੀਆਂ ਮਿੰਨਤਾਂ ਤਰਲੇ, ਬੰਨ੍ਹ-ਸੁੱਬ ਕਰਕੇ ਖਹਿੜ੍ਹਾ ਛੁਡਾਇਆ। ਤੇ ਫੇਰ ਦਸ ਹਜਾਰ ਪੁਲਸ ਨੂੰ ਮੱਥਾ ਟੇਕਿਆ। ਪੁਲ਼ਸ ਆਲ਼ੇ ਤਾਂ ਖਸਮਾਂ ਨੂੰ ਖਾਣੇ ਨਿੱਤ ਮੇਰੇ ਘਰੇ ਭੂਤ ਮਾਂਗੂੰ ਆ ਵੱਜਿਆ ਕਰਨ, ਅਖੇ ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...? ਮੈਂ ਹੱਥ ਜੋੜਿਆ ਕਰਾਂ ਬਈ ਸਰਕਾਰ ਜੀ ਮੈਨੂੰ ਬਖ਼ਸ਼ੋ...! ਗਲਤੀ ਕਰ ਬੈਠਾ...! ਪਤੰਦਰ ਵਾੜੇ 'ਚ ਖੜ੍ਹੇ ਪਠੋਰਿਆਂ 'ਚੋਂ ਇਕ ਅੱਧਾ ਜਿਪਸੀ 'ਚ ਲੱਦ ਕੇ ਲੈ ਤੁਰਿਆ ਕਰਨ। ਜਿਵੇਂ ਬਾਪੂ ਦੇ ਹੁੰਦੇ ਐ! ਜਦੋਂ ਪਠੋਰੇ ਮੁੱਕ ਗਏ, ਫੇਰ ਵਿਚਾਰੀਆਂ ਬੱਕਰੀਆਂ ਨੂੰ ਆ ਚਿੰਬੜੇ। ਲਓ ਜੀ, ਸਾਥੋਂ ਆਪਣਾ ਵਾੜਾ ਪੰਜਾਬ 'ਤੇ ਜਾਂ ਰਾਸ਼ਟਰਪਤੀ ਸਾਹਿਬਾਨ ਤੋਂ ਤਾਂ ਵਾਰਿਆ ਨਹੀਂ ਗਿਆ। ਪਰ ਪੁਲ਼ਸ ਵਾਲ਼ੇ ਚੁਸਤ ਮਰਾਸੀ ਮਾਂਗੂੰ ਜ਼ਰੂਰ ਵਾੜੇ ਦੀਆਂ 'ਵੇਲਾਂ' ਕਰਵਾ ਕੇ ਲੈ ਗਏ! ਲਓ ਜੀ, ਹੁਣ ਸਾਨੂੰ ਪੰਜਾਬ ਮਸਲੇ ਦਾ ਹੱਲ ਤਾਂ ਕੀ ਲੱਭਣਾ ਸੀ? ਹੁਣ ਤਾਂ ਸਾਨੂੰ ਸਾਡੇ ਜੁਆਕਾਂ ਦੀ ਰੋਟੀ ਦਾ ਵੀ ਹੱਲ ਨ੍ਹੀ ਲੱਭਦਾ...!



ਹੋਰ ਪੜੋ...

ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼.......... ਨਜ਼ਮ/ਕਵਿਤਾ

ਲੋਕ ਸੋਚਦੇ ਨੇ ਕਿ ਮੇਰੇ ਨਾਂ,
ਕੁਛ ਨਾ ਕੁਛ ਤਾਂ ਜ਼ਰੂਰ ਹੋਣਾਂ ਚਾਹੀਦੈ,
ਕੋਠੀ, ਕਾਰ, ਜ਼ਮੀਨ, ਪੈਸਾ!
ਪਰ ਮੈਂ ਪੁੱਛਦਾ ਹਾਂ,
ਪਸ਼ੂ ਤਾਂ ਕਿਸੇ ਨਾ ਕਿਸੇ ਦੀ ਮਲਕੀਅਤ ਹੁੰਦੇ ਨੇ,
ਪਰ ਖੁੱਲ੍ਹੇ ਅਸਮਾਨ ਵਿਚ ਉਡਦੇ ਪੰਛੀਆਂ ਦੇ ਨਾਂ,

ਕਿਹੜੀ ਜੰਗੀਰ ਲੱਗੀ ਹੁੰਦੀ ਹੈ...?
ਜੰਗਲ-ਬੇਲਿਆਂ ਵਿਚ ਵਿਚਰਦੇ ਅੱਲਾ ਦੇ ਬੇਲੀ,
ਦਰਵੇਸ਼ਾਂ ਕੋਲ਼ ਰੱਬ ਦੇ ਨਾਂ ਤੋਂ ਬਿਨਾਂ,
ਹੋਰ ਕਿਹੜਾ ਸਰਮਾਇਆ ਹੁੰਦੈ...?
ਜਰਮਨ ਦੇ ਡਿਕਟੇਟਰ ਆਡੋਲਫ਼ ਹਿਟਲਰ ਨੇ,
ਕਦੇ ਭੂਸਰ ਕੇ ਕਿਹਾ ਸੀ ਆਪਣੀ ਖ਼ਲਕਤ ਨੂੰ;
ਦਿਖਾਇਆ ਸੀ ਇਕ ਸਬਜ਼ਬਾਗ,
"ਅਸੀਂ ਐਨੇ ਲੜਾਕੇ ਜਹਾਜ ਬਣਾਵਾਂਗੇ,
ਐਨੇ ਲੜਾਕੇ ਜਹਾਜ ਬਣਾਵਾਂਗੇ,
ਕਿ ਪੰਛੀਆਂ ਨੂੰ ਉਡਣ ਲਈ,
ਅਸਮਾਨ ਵਿਚ ਜਗਾਹ ਨਹੀਂ ਮਿਲੇਗੀ,
ਫ਼ੇਰ ਉਹ ਤੁਰ ਕੇ ਜਾਇਆ ਕਰਨਗੇ..!"
ਉਹੀ ਪੰਛੀ ਹਨ, ਤੇ ਉਹੀ ਵਿਸ਼ਾਲ ਅਸਮਾਨ,
ਪਰ ਖ਼ੁਦਕਸ਼ੀ ਦੀ ਭੇਂਟ ਚੜ੍ਹਿਆ,
ਭੂਤਰਿਆ ਹਿਟਲਰ ਅੱਜ ਕਿੱਥੇ ਐ...?
ਸਾਦਾ ਬੰਦਾ ਤਾਂ ਦੋ ਰੋਟੀਆਂ ਦਾ ਭਾਈਵਾਲ਼ ਹੁੰਦੈ!
ਕਿਸੇ ਫ਼ਕੀਰ ਨੇ ਸੱਚ ਹੀ ਕਿਹੈ,
ਪੱਲੇ ਰਿਜ਼ਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼!
ਕਦੇ ਕਿਸੇ ਨੇ ਪੰਛੀਆਂ ਦੇ ਆਲ੍ਹਣੇਂ ਵਿਚ
ਅਨਾਜ ਸੰਭਾਲਿ਼ਆ ਦੇਖਿਐ?
ਦੇਖੇ ਹਨ ਕਿਸੇ ਨੇ ਦਰਵੇਸ਼ਾਂ ਦੀ,
ਕੱਖਾਂ ਦੀ ਕੁੱਲੀ ਵਿਚ ਕਣਕ ਦੇ ਬੋਹਲ਼ ਲੱਗੇ?
ਜਦ ਪੰਛੀ ਸਵੇਰੇ ਉਡਦੇ ਨੇ ਆਲ੍ਹਣੇਂ 'ਚੋਂ
ਦਾਣੇ ਦੀ ਭਾਲ਼ ਵਿਚ, ਰੱਬ ਆਸਰੇ,
ਤਾਂ ਆਪਣੇ ਆਲ੍ਹਣੇਂ ਵਿਚ,
ਕਦੇ ਭੁੱਖੇ ਨਹੀਂ ਮੁੜਦੇ!
ਕਦੇ ਸੁਣਿਐਂ...? ਕਿ ਫ਼ਲਾਨੀ ਥਾਂ,
ਕੋਈ ਪੰਛੀ ਭੁੱਖਾ ਮਰ ਗਿਆ?
ਪਰ ਚੁਰਾਸੀ ਲੱਖ ਜੂਨੀ ਦਾ ਸਰਦਾਰ,
ਲਾਲਚ ਅਤੇ ਸਰਮਾਏਦਾਰੀ ਦਾ ਪੁਜਾਰੀ,
ਥਾਂ ਥਾਂ ਵੰਡੀਆਂ ਪਾਉਣ
ਅਤੇ ਠੱਗੀਆਂ ਠੋਰੀਆਂ ਮਾਰਨ ਵਾਲ਼ੇ,
ਮਾਨੁੱਖ ਬਾਰੇ ਅਸੀਂ ਨਿੱਤ ਹੀ ਸੁਣਦੇ ਹਾਂ,
ਫ਼ਲਾਨੇ ਥਾਂ ਦਸ ਜਣੇਂ ਭੁੱਖਮਰੀ ਨਾਲ਼ ਮਰੇ!
ਫਿ਼ਰ ਦੱਸੋ ਪੰਛੀ ਆਦਮ ਜ਼ਾਤ ਨਾਲ਼ੋਂ,
ਲੱਖ ਦਰਜ਼ੇ ਚੰਗੇ ਨਹੀਂ...?
ਕਦੇ ਕਿਤੇ ਸੁਣਿਐਂ ਕਿ ਕਿਤੇ ਕੋਈ
ਫ਼ੱਕਰ, ਫ਼ਕੀਰ, ਜੋਗੀ, ਦਰਵੇਸ਼,
ਸੜਕ 'ਤੇ ਭੁੱਖਾ ਮਰਿਆ ਪਿਆ ਚੁੱਕਿਆ?
ਨਹੀਂ ਨ੍ਹਾਂ...? ਤੇ ਫ਼ੇਰ ਕਾਹਦੇ ਦਾਅਵੇ?
ਕਾਹਦੀਆਂ ਸਰਮਾਏਦਾਰੀਆਂ?
ਕਾਹਦੀਆਂ ਸਰਦਾਰੀਆਂ?
ਦਰਵੇਸ਼ਾਂ ਨੂੰ ਤਾਂ,
ਰੁੱਖਾਂ ਦੀ ਜ਼ੀਰਾਂਦ ਹੀ ਲੋੜੀਦੀ ਹੈ ਕਮਲ਼ੀਏ!
ਜਿਸ ਦਿਨ ਤੁਰਨੈਂ ਆਪਣੇ 'ਨਿੱਜ' ਘਰ ਨੂੰ
ਉਸ ਦਿਨ ਪਤਾ ਨਹੀਂ ਕੱਫ਼ਣ ਨਸੀਬ ਹੋਣੈਂ,
ਜਾਂ ਨਹੀਂ...? ਕੋਈ ਦਾਅਵਾ ਨਹੀਂ!
ਹਾਂ ਸਾਢੇ ਤਿੰਨ ਹੱਥ ਧਰਤੀ ਨੂੰ,
ਜ਼ਰੂਰ ਜੱਫ਼ਾ ਮਾਰਦਾ ਹੈ ਬੰਦਾ,
ਦਫ਼ਨ ਹੋਣ ਵਾਲਿ਼ਆਂ ਲਈ ਤਾਂ,
ਇਹ ਗੱਲ ਢੁਕਵੀਂ ਹੈ, ਮੰਨਦੇ ਹਾਂ,
ਪਰ ਸਸਕਾਰ ਹੋਣ ਵਾਲਿ਼ਆਂ ਦੇ ਹਿੱਸੇ,
ਕੀ ਸੱਚ ਹੀ ਸਾਢੇ ਤਿੰਨ ਹੱਥ ਧਰਤੀ ਆਉਂਦੀ ਹੈ?
ਬੰਦਾ ਜੱਗ 'ਤੇ ਆਉਂਦੈ, ਨਗਨ ਅਵਸਥਾ ਵਿਚ,
ਕੀ ਨਾਲ਼ ਲੈ ਕੇ ਆਉਂਦੈ? ਕੁਝ ਨਹੀਂ ਨ੍ਹਾਂ...?
ਤੇ ਫ਼ੇਰ ਨਾਲ਼ ਕੀ ਲੈ ਕੇ ਜਾਂਦੈ?
ਕੁਝ ਵੀ ਨਹੀਂ ਨ੍ਹਾਂ...?
ਸਿਕੰਦਰ ਸਾਰਾ ਜਹਾਨ ਜਿੱਤ ਕੇ ਵੀ,
ਨੰਗ-ਮਲੰਗ ਖ਼ਾਲੀ ਹੱਥ ਗਿਆ ਸੀ...!
ਪਰ ਪੋਰਸ ਹਾਰ ਕੇ ਵੀ ਜਿੱਤ ਗਿਆ ਸੀ!
ਮੈਂ ਜੱਗ ਜਿੱਤਣ ਵਾਲ਼ੇ ਅਖੌਤੀ ਜੇਤੂ ਸਿਕੰਦਰ ਦਾ ਨਹੀਂ,
ਹਾਰ ਕੇ ਵੀ ਜਿੱਤੇ ਪੋਰਸ ਦਾ ਹਮਾਇਤੀ ਹਾਂ!
ਉਹ ਸੈਲ ਪੱਥਰ ਮਹਿ ਜੰਤ ਉਪਾਉਂਦੈ,
ਤਾਂ ਕਾ ਰਿਜਕ ਆਗੈ ਕਰ ਧਰਦੈ!
ਪਰ ਇਕ ਗੱਲ ਤੈਨੂੰ ਦੱਸ ਦੇਵਾਂ,
ਭੁਲੇਖਾ ਨਾ ਰਹੇ ਤੈਨੂੰ,
ਮੇਰੀ ਜਿ਼ੰਦਗੀ ਦੇ ਫ਼ੈਸਲੇ
ਹਮੇਸ਼ਾ ਮੈਂ ਨਹੀਂ ਕਮਲ਼ੀਏ,
ਮੇਰੀ ਤਕਦੀਰ ਨੇ ਕੀਤੇ ਐ,
ਪਰ ਤੂੰ ਝੋਰਾ ਨਾ ਕਰ,
ਖੁੱਲ੍ਹਾ ਡੁੱਲ੍ਹਾ ਅਸਮਾਨ
ਅਤੇ ਵਿਸ਼ਾਲ ਪ੍ਰਿਥਵੀ, ਮੇਰੇ ਨੇ!
ਮੈਂ ਅਖੌਤੀ ਜੇਤੂੰ ਸਿਕੰਦਰ ਨਹੀਂ,
ਹਾਰ ਕੇ ਵੀ ਜਿੱਤਿਆ,
ਪੋਰਸਨੁਮਾਂ ਪੰਛੀ ਹਾਂ!


ਹੋਰ ਪੜੋ...

ਕਿੰਨੇ ਆਲ਼ਾ ਕਰਵਾਉਣੈਂ.......... ਵਿਅੰਗ

ਸ਼ਰਧਾ ਸਿਉਂ ਵਿਚਾਰੇ ਨੇ ਪਹਿਲਾਂ ਡੁਬਈ ਵਿਚ ਪੱਥਰ ਢੋਹੇ, ਫਿਰ ਸਾਊਦੀ ਅਰਬ ਵੀ ਚਾਰ ਕੁ ਸਾਲ ਬੱਜਰੀ ਚੁੱਕੀ। ਸਾਲ ਕੁ ਲਿਬਨਾਨ ਵਿਚ ਵੀ ਲਾਇਆ। ਆਖਰ ਅੱਠ-ਦਸ ਸਾਲ ਕਮਾਈ ਕਰਨ ਤੋਂ ਬਾਅਦ ਪਿੰਡ ਆ ਗਿਆ। ਬਾਹਰ ਤੁਰੇ ਫਿਰੇ ਬੰਦੇ ਦਾ ਪਿੰਡ ਵਿਚ ਕਿੱਥੇ ਜੀਅ ਲੱਗਦੈ? ਤੁਰਦਾ ਫਿਰਦਾ ਉਹ ਛਾਂਗੇ ਏਜੰਟ ਕੋਲ ਚਲਾ ਗਿਆ।
-"ਸਾਸਰੀਕਾਲ ਜੀ...!"
-"ਸਾਸਰੀਕਾਲ...!!" ਛਾਂਗਾ, ਸ਼ਰਧਾ ਸਿੰਘ ਨੂੰ ਬੜਾ ਉੱਡ ਕੇ ਮਿਲਿਆ। ਮੁਰਗੀ ਜਿਉਂ ਦਰਵਾਜੇ 'ਤੇ ਆ ਗਈ ਸੀ।
-"ਸੁਣਾਓ-ਹੁਕਮ ਕਰੋ?"

-"ਛਾਂਗਾ ਜੀ ਬਾਹਰ ਜਾਣੈਂ!"
-"ਬਾਹਰ...? ਬਾਹਰ ਤਾਂ ਬਾਹਲੇ ਐ-ਕਿਹੜੇ ਬਾਹਰ ਜਾਣੈਂ?"
-"ਜਿੱਥੇ ਤੁਸੀਂ ਭੇਜ ਦਿਉਂਗੇ।"
-"ਅਸੀਂ ਤਾਂ ਤੈਨੂੰ ਜਿੱਥੇ ਕਹੇਂ ਭੇਜ ਦਿਆਂਗੇ-ਪਰ ਕਿੰਨੇ ਕੁ ਪੈਸੇ ਲਾਉਣ ਦਾ ਇਰਾਦੈ?"
-"ਜੀ ਹੈਗੈ-ਪੰਜ ਸੱਤ ਲੱਖ ਤਾਂ।"
-"ਪੰਜ ਜਾਂ ਸੱਤ?" ਛਾਂਗੇ ਨੇ ਇਕ ਗੱਲ ਹੀ ਸੁਣਨੀ ਚਾਹੀ।
-"ਤੁਸੀਂ ਪੰਜ ਈ ਰੱਖੋ!"
-"ਇੰਗਲੈਂਡ?"
-"ਧੰਨ ਭਾਗ-ਧੰਨ ਭਾਗ!"
ਖ਼ੈਰ! ਪੰਜ ਲੱਖ ਵਿਚ ਭਲੇ ਵੇਲਿਆਂ ਵਿਚ ਸ਼ਰਧਾ ਸਿੰਘ ਇੰਗਲੈਂਡ ਆ ਗਿਆ। ਇੱਥੇ ਆ ਕੇ ਫਿਰ ਉਹ ਹੀ ਇੱਟਾਂ-ਵੱਟਿਆਂ ਨਾਲ ਮੱਥਾ ਮਾਰਿਆ। ਦਸ ਕੁ ਸਾਲਾਂ ਵਿਚ ਸ਼ਰਧਾ ਸਿੰਘ ਨੇ ਇਕ ਬੀਬੀ ਨਾਲ ਆਰਜ਼ੀ ਜਿਹਾ ਵਿਆਹ ਕਰ ਲਿਆ ਅਤੇ ਪੱਕੀ ਮੋਹਰ ਲੱਗ ਗਈ। ਕੰਮ ਉਸ ਨੇ ਹੱਡ ਭੰਨਵਾਂ ਕੀਤਾ। ਪੈਸਾ ਵੀ ਜੋੜਿਆ ਅਤੇ ਆਰਜ਼ੀ ਬੀਬੀ ਤੋਂ ਮਸਾਂ ਹੀ ਖਹਿੜਾ ਛੁਡਾਇਆ। ਦਸਾਂ ਸਾਲਾਂ ਵਿਚ ਉਸ ਨੇ ਦੋ ਮਕਾਨ ਖਰੀਦੇ। ਇਕ-ਇਕ ਮਕਾਨ ਲੈ ਕੇ ਦੋਨੋਂ ਧਿਰਾਂ ਸੰਤੁਸ਼ਟ ਹੋ ਗਈਆਂ ਅਤੇ ਸਰਬ-ਸੰਮਤੀ ਨਾਲ ਤਲਾਕ ਹੋ ਗਿਆ।
ਸ਼ਰਧਾ ਸਿਉਂ ਨੇ ਚਾਰ ਸਾਲਾਂ ਵਿਚ ਪਿੰਡ ਠੋਕ ਕੇ, ਸਿਰ ਕੱਢਵੀਂ ਕੋਠੀ ਪਾਈ ਅਤੇ ਕੋਠੀ ਦੇ ਮਹੂਰਤ 'ਤੇ ਆਖੰਡ ਪਾਠ ਪ੍ਰਕਾਸ਼ ਕਰਵਾਉਣ ਦਾ ਮਨ ਬਣਾਇਆ। ਸਾਡੇ ਪੰਜਾਬੀਆਂ ਵਿਚ ਸ਼ਰਧਾ ਬਹੁਤ ਹੈ! ਦਾਨ ਕਰਨ ਦੀ ਰੁਚੀ ਹੱਦੋਂ ਵੱਧ! ਉਸ ਨੇ ਆਪਣੇ ਤਾਏ ਦੇ ਮੁੰਡੇ ਸਾਧੂ ਸਿੰਘ ਨੂੰ ਆਪਣੀ ਸੁੱਖੀ ਹੋਈ ਸੁੱਖ ਬਾਰੇ ਦੱਸਿਆ ਤਾਂ ਸਾਧੂ ਸਿੰਘ ਨੇ ਉਸ ਦੀ ਮੁਸ਼ਕਿਲ ਤੁਰੰਤ ਹੱਲ ਕਰ ਦਿੱਤੀ।
-"ਪ੍ਰਵਾਹ ਹੀ ਨਾ ਮੰਨ-ਆਪਣੀ ਸੰਤ ਗੜਬੜਾ ਸਿਉਂ ਨਾਲ ਬੜੀ ਬਣਦੀ ਐ-ਖੰਡ ਪਾਠ ਤਾਂ ਉਹ ਬੜੀ ਸ਼ਰਧਾ ਨਾਲ ਕਰਦੈ।" ਉਸ ਨੇ ਆਪਣੇ ਵੱਲੋਂ ਪੂਰਾ ਤਾਣ ਲਾ ਕੇ ਦੱਸਿਆ।
-"ਅੱਛਾ...!"
-"ਹਾਂ! ਤੂੰ ਫਿ਼ਕਰ ਨਾ ਕਰ-ਕੱਲ੍ਹ ਨੂੰ ਆਪਾਂ ਗੜਬੜਾ ਸਿਉਂ ਕੋਲੇ ਚੱਲਾਂਗੇ।"
ਅਗਲੇ ਦਿਨ ਦੋਵੇਂ ਸੰਤ ਗੜਬੜਾ ਸਿਉਂ ਦੇ ਡੇਰੇ ਚਲੇ ਗਏ। ਡੇਰਾ ਬੜਾ ਵਿਸ਼ਾਲ ਸੀ। ਡੇਰੇ ਦੇ ਇਕ ਪਾਸੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸ਼ਸ਼ੋਭਿਤ ਸਨ ਅਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਡੇਰੇ ਵਿਚ ਕਿਧਰੇ ਟਰੱਕ, ਕਿਧਰੇ ਮੋਟਰ ਸਾਈਕਲ, ਕਿਧਰੇ ਟਰੈਕਟਰ, ਸਾਈਕਲਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਦੋਨਾਂ ਨੇ ਜਾ ਕੇ ਸੰਤ ਗੜਬੜਾ ਸਿਉਂ ਨੂੰ ਨਮਸਕਾਰ ਕੀਤੀ। ਸੰਤ ਗੜਬੜਾ ਸਿਉਂ ਆਪਣੇ ਲੰਮੇ ਵਾਲ ਖਿਲਾਰੀ ਮੰਜੇ 'ਤੇ ਚੌਂਕੜਾ ਮਾਰੀ ਬੈਠਾ ਸੀ। ਦਾਹੜਾ ਉਸ ਦਾ ਧੁੰਨੀ ਤੱਕ ਲੰਮਾ, ਹਵਾ ਵਿਚ ਲਹਿਰਾ ਰਿਹਾ ਸੀ।
ਸਾਧੂ ਸਿਉਂ ਨੇ ਸ਼ਰਧਾ ਸਿਉਂ ਦੀ ਖ਼ਾਹਿਸ਼ ਦੱਸੀ ਤਾਂ ਗੜਬੜਾ ਸਿਉਂ ਵਾਲਾਂ ਦੀ ਜੁਲਫ਼ ਪਿੱਛੇ ਸੁੱਟ ਕੇ ਮੁਸਕਰਾ ਪਿਆ।
-"ਉਏ ਪ੍ਰੇਮੀਓਂ...! ਆਖੰਡ ਪਾਠ ਕਰਵਾਓ-ਜਗਰਾਤਾ ਕਰਵਾਓ-ਸੁਖਮਨੀ ਸਾਹਿਬ ਦਾ ਪਾਠ ਕਰਵਾਓ-ਅਸੀਂ ਸਾਰੀਆਂ ਕਲਾਂ ਈ ਸਪੂਰਨ ਐਂ...!" ਉਸ ਨੇ ਆਪਣਾ ਖੁੱਲ੍ਹਾ-ਡੁੱਲ੍ਹਾ ਚੋਲਾ ਸੰਭਾਲਦਿਆਂ ਆਖਿਆ।
-"ਨਹੀਂ ਜੀ ਕਰਵਾਉਣਾ ਤਾਂ ਖੰਡ ਪਾਠ ਈ ਐ।" ਸਾਧੂ ਸਿਉਂ ਨੇ ਆਖਿਆ।
-"ਅਸੀਂ ਕਦੋਂ ਕਿਹੈ ਬਈ ਨਾ ਕਰਵਾਓ? ਅਸੀਂ ਤਾਂ ਹਮੇਸ਼ਾ ਇਹੀ ਉਪਦੇਸ਼ ਦਿੰਨੇ ਐਂ ਬਈ ਜੋ ਮਰਜੀ ਐ ਕਰਵਾਓ-ਪਰ ਕਿਸੇ ਪੱਖ ਦੇ ਕੱਟੜ ਧਾਰਨੀ ਨਾ ਬਣੋਂ-ਸਾਡਾ ਤਾਂ ਇਹੀ ਸਬਕ ਐ-ਪਰ ਤੁਸੀਂ ਕਰਵਾਉਣਾ ਕਿੰਨੇ ਆਲੈ...?" ਉਸ ਨੇ ਮੰਜੇ ਤੋਂ ਪਾਸਾ ਮਾਰਿਆ ਤਾਂ ਚੂਲਾਂ ਨੇ ਦੁਹਾਈ ਮਚਾ ਦਿੱਤੀ। ਉਸ ਦੀਆਂ ਗੱਡੇ ਦੀ ਸਧਵਾਈ ਵਰਗੀਆਂ ਲੱਤਾਂ ਨੰਵਾਰ ਦੇ ਮੰਜੇ 'ਚ ਖੁੱਭ-ਖੁੱਭ ਜਾਂਦੀਆਂ ਸਨ।
-"ਕਿੰਨੇ ਆਲੇ ਦਾ ਕੀ ਮਤਬਲ ਜੀ?" ਸਾਧੂ ਸਿਉਂ ਦਾ ਮੂੰਹ ਅੱਡਿਆ ਹੋਇਆ ਸੀ। ਉਸ ਨੂੰ ਕੋਈ ਸਮਝ ਨਾ ਆਈ।
ਸੰਤ ਗੜਬੜਾ ਸਿਉਂ ਉਚੀ-ਉਚੀ ਹੱਸ ਪਿਆ।
-"ਉਏ ਕਮਲਿਓ...! ਆਖੰਡ ਪਾਠ ਦੀ ਵੀ ਭੇਟਾ ਲੱਗਦੀਐਂ-ਸਾਡੇ ਵੀ ਢਿੱਡ ਲੱਗੇ ਹੋਏ ਐ-ਨਾਲੇ ਹੈ ਲੋਕਾਂ ਨਾਲੋਂ ਵੱਡੇ-ਹੋਰ ਸਾਡੇ ਬਾਪੂ ਦੇ ਟਰੱਕ ਨ੍ਹੀ ਚੱਲਦੇ-ਅਸੀਂ ਵੀ ਸੰਗਤਾਂ ਤੋਂ ਈ ਛਕਣੈਂ!"
-"ਤੁਸੀਂ ਈ ਦੱਸੋ ਜੀ।" ਸ਼ਰਧਾ ਸਿਉਂ ਨੇ ਦੋਵੇਂ ਹੱਥ ਜੋੜ ਲਏ।
-"ਸਾਨੂੰ ਥੋਡੇ ਰੀਤੀ ਰਿਵਾਜਾਂ ਦਾ ਕੀ ਪਤੈ?" ਸਾਧੂ ਸਿਉਂ ਵੀ ਨਾਲ ਹੀ ਬੋਲ ਪਿਆ।
-"ਕੀ-ਕੀ ਭੇਟਾ ਚੱਲਦੀ ਐ ਜੀ ਅੱਜ ਕੱਲ੍ਹ ਖੰਡ ਪਾਠਾਂ ਦੀ?"
-"ਭੇਟਾ ਵੀ ਜੈਜ ਈ ਐ-ਕੋਈ ਖ਼ਾਸ ਮਹਿੰਗਾਈ ਨ੍ਹੀ ਹੋਈ-!"
-"ਤਾਂ ਵੀ ਸੰਤ ਜੀ-ਰਛਨਾਂ 'ਚੋਂ ਤਾਂ ਫ਼ੁਰਮਾਓ...!"
-"ਭੇਟਾ, ਇਕਵੰਜਾ ਸੌ-'ਕੱਤੀ ਸੌ ਤੇ ਇੱਕੀ ਸੌ ਚੱਲਦੀ ਐ।" ਗੜਬੜਾ ਸਿਉਂ ਨੇ ਮੂੰਹ ਜ਼ਬਾਨੀ ਹੀ ਦੱਸਿਆ।
-"ਇਹਨਾਂ 'ਚ ਫ਼ਰਕ ਕੀ ਐ ਜੀ?"
ਸੰਤ ਫਿਰ ਹੱਸ ਪਿਆ।
-"ਜੇ ਤਾਂ ਤੁਸੀਂ ਕਰਵਾਉਣੈਂ ਇੱਕੀ ਸੌ ਆਲਾ-ਫੇਰ ਤਾਂ ਸਾਡੇ ਬੰਦੇ ਆਉਣਗੇ ਤੇ ਆਖੰਡ ਪਾਠ ਪ੍ਰਕਾਸ਼ ਕਰ ਕੇ ਤੀਜੇ ਦਿਨ ਭੋਗ ਪਾ ਦੇਣਗੇ-ਘਾਣੀਂ ਖਤਮ।"
-"ਤੇ 'ਕੱਤੀ ਸੌ ਆਲੇ 'ਚ ਕੀ-ਕੀ ਆਉਂਦੈ ਜੀ?"
-"ਉਹ ਫਿਰ 'ਕੱਤੀ ਸੌ ਆਲੇ 'ਚ-ਰੱਬ ਥੋਡਾ ਭਲਾ ਕਰੇ...ਆਖੰਡ ਪਾਠ ਦੇ ਭੋਗ 'ਤੇ ਆਪਣੇ ਸੇਵਕ ਵਾਜੇ ਛੈਣੇ ਤੇ ਢੋਲਕੀ ਵੀ ਖੜਕਾਉਣਗੇ ਤੇ ਕੱਚੀ ਬਾਣੀ ਗਾਉਣਗੇ।"
-"ਕੱਚੀ ਬਾਣੀ ਕੀ ਹੁੰਦੀ ਐ ਜੀ...?" ਸਾਰੀ ਉਮਰ ਇੱਟਾਂ ਢੋਣ ਵਾਲੇ ਸ਼ਰਧਾ ਸਿਉਂ ਨੂੰ ਕੱਚੀ ਬਾਣੀ ਬਾਰੇ ਕੋਈ ਗਿਆਨ ਨਹੀਂ ਸੀ।
-"ਕੱਚੀ ਬਾਣੀ...?" ਸੰਤ ਆਮ ਆਦਤ ਮੂਜਵ ਹੱਸ ਪਿਆ, "ਜਿਹੜੀ ਅੱਜ ਕੱਲ੍ਹ ਆਮ ਪ੍ਰਚੱਲਤ ਰੀਤ ਐ-ਸਾਰੇ ਸੰਤ ਮਹਾਂਪੁਰਖ਼ ਅੱਜ ਕੱਲ੍ਹ ਕੱਚੀ ਬਾਣੀ ਈ ਗਾਉਂਦੇ ਐ-।" ਗੜਬੜਾ ਸਿਉਂ ਨੇ 'ਸੰਤ-ਮਹਾਂਪੁਰਖਾਂ' ਦਾ ਗੁਣ ਦੱਸਿਆ।
-"ਪਰ ਫੇਰ ਵੀ ਮਹਾਰਾਜ-ਚਾਨਣਾ ਤਾਂ ਪਾਓ-ਸਾਨੂੰ ਕਲਯੁਗੀ ਜੀਵਾਂ ਨੂੰ ਕੀ ਪਤੈ?" ਸਾਧੂ ਸਿਉਂ ਬੋਲਿਆ।
-"ਕੱਚੀ ਬਾਣੀ ਉਹ ਹੁੰਦੀ ਐ-ਬਈ ਬਾਣੀ 'ਚੋਂ ਇਕ ਅੱਧੀ ਪੰਗਤੀ ਲੈ ਲੈਣੀ-ਤੇ ਉਸੇ ਪੰਗਤੀ ਵਿਚ ਆਪਣੇ ਪੱਲਿਓਂ ਹੋਰ ਤੁਕਾਂ ਦੀ ਘੁੱਸਪੈਂਠ ਕਰੀ ਜਾਣੀ-ਚਿਮਟੇ ਖੜਕਾਈ ਜਾਣੇ-ਢੋਲਕੀ ਕੁੱਟੀ ਜਾਣੀ-ਆਈ ਗੱਲ ਸਮਝ 'ਚ?"
-"ਕਾਹਨੂੰ ਜੀ! ਅਸੀਂ ਥੋਨੂੰ ਦੱਸਿਆ ਤਾਂ ਹੈ ਬਈ ਅਸੀਂ ਪਾਪੀ ਲੋਕ-ਸਾਨੂੰ ਥੋਡੇ ਰੀਤੀ ਰਿਵਾਜਾਂ ਦਾ ਕੀ ਪਤੈ-ਥੋਡੀਆਂ ਮਹਾਰਾਜ ਤੁਸੀਂ ਜਾਣੋਂ!" ਸਾਧੂ ਸਿਉਂ ਨੇ ਖੁੱਲ੍ਹੇ ਹੱਥ ਫਿਰ ਜੋੜ ਲਏ।
-"ਜਮਾਂ ਈ ਕਮਲੇ ਓਂ...ਉਏ ਚਿਮਟਾ ਚੰਦਾ...!"
-"ਜੀ ਮਹਾਰਾਜ ਜੀ...?"
-"ਐਥੋਂ ਆਬਦਾ ਸੰਦ ਜਿਆ ਤਾਂ ਲਿਆ!"
-"ਕਿਹੜਾ ਸੰਦ ਮਹਾਰਾਜ...?" ਚੇਲਾ ਹੈਰਾਨੀ ਨਾਲ ਭਮੱਤਰ ਗਿਆ।
-"ਉਏ ਆਬਦਾ ਚਿਮਟਾ ਲਿਆ-ਸ਼ਰਧਾਲੂਆਂ ਨੂੰ ਕੱਚੀ ਬਾਣੀ ਬਾਰੇ ਦੱਸੀਏ।" ਸੰਤ ਜੀ ਖਿਝ ਗਏ।
-"ਲਿਆਇਆ ਜੀ...!" ਚੇਲਾ ਚਿਮਟਾ ਚੁੱਕ ਲਿਆਇਆ।
-"ਇਹ ਸ਼ਰਧਾਲੂ ਪ੍ਰੇਮੀ ਵਲੈਤੋਂ ਆਏ ਐ-ਵਜਾ ਕੇਰਾਂ-ਇਹ ਸਾਡਾ ਚੇਲਾ ਗੁਰਮਖੋ ਆਖੰਡ ਪਾਠਾਂ ਤੇ ਜਗਰਾਤਿਆਂ ਵਿਚ ਚਿਮਟਾ ਵਜਾਉਣ 'ਚ ਮਸ਼ਹੂਰ ਐ!"
-"ਵਾਹ ਜੀ ਵਾਹ...!" ਸਾਧੂ ਸਿਉਂ ਨੇ ਚੇਲੇ ਵੱਲ ਵੀ ਹੱਥ ਜੋੜ ਨਮਸਕਾਰ ਕੀਤੀ।
ਗੜਬੜਾ ਸਿਉਂ ਨੇ ਵਾਜਾ ਸੁਰ ਕੀਤਾ ਤਾਂ ਚੇਲੇ ਨੇ ਚਿਮਟਾ ਖੜਕਾਉਣਾ ਸ਼ੁਰੂ ਕਰ ਦਿੱਤਾ। ਸਾਧੂ ਸਿਉਂ ਅਤੇ ਸ਼ਰਧਾ ਸਿਉਂ ਹੱਥ ਜੋੜੀ ਥੋੜਾ ਪਿੱਛੇ ਹਟ ਗਏ, ਮਤਾਂ ਚੇਲਾ ਚਿਮਟਾ ਵਜਾਉਂਦਾ-ਵਜਾਉਂਦਾ ਨਾਸਾਂ ਹੀ ਨਾਂ ਭੰਨ ਦੇਵੇ। ਉਹ ਕਾਂ ਉਡਾਉਣ ਵਾਲਿਆਂ ਵਾਂਗ ਚਿਮਟਾ ਉਪਰ ਨੂੰ ਲਹਿਰਾ-ਲਹਿਰਾ ਕੇ ਵਜਾ ਰਿਹਾ ਸੀ। ਜਦੋਂ ਵਾਜਾ ਅਤੇ ਚਿਮਟਾ ਸੁਰ ਹੋ ਗਏ ਤਾਂ ਸੰਤ ਗੜਬੜਾ ਸਿਉਂ ਨੇ ਹੇਕ ਚੁੱਕੀ।
-"ਜੀ ਕਾਲ਼ੀ ਹੋਗੀ ਨਾਮ ਤੋਂ ਬਿਨਾ...!" ਨਾਲ ਹੀ ਚੇਲੇ ਨੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਜਦੋਂ ਸੰਤ ਗੜਬੜਾ ਸਿਉਂ "ਕਾਲੀ ਹੋਗੀ ਨਾਮ ਤੋਂ ਬਿਨਾ...!" ਤੋਂ ਅੱਗੇ ਨਾ ਤੁਰਿਆ ਤਾਂ ਸਾਧੂ ਸਿਉਂ ਨੇ ਉਸ ਨੂੰ ਠੱਲ੍ਹ ਪਾਈ।
-"ਹੁਣ ਮਹਾਰਾਜ 'ਕਵੰਜਾ ਸੌ ਆਲੇ 'ਤੇ ਵੀ ਚਾਨਣਾ ਪਾ ਦਿੰਦੇ-ਭਰਮ ਭੁਲੇਖਾ ਨ੍ਹੀ ਰਹਿੰਦਾ।"
-"ਉਹ ਇਕਵੰਜਾ ਸੌ ਆਲੇ 'ਚ ਤਾਂ ਭਾਈ ਇਉਂ ਐਂ-ਬਈ ਜਿੰਨੇ ਪਾਠੀ ਬੈਠਣਗੇ-ਸਭ ਕੇਸੀ 'ਸ਼ਨਾਨ ਕਰ ਕੇ ਬੈਠਣਗੇ-ਭੋਗ ਵੀ ਸਹੀ ਟੈਮ 'ਤੇ ਪਾਉਣਗੇ-ਬਾਣੀ ਤੇ ਹੁਕਮਨਾਮੇ ਦੀ ਵਿਆਖਿਆ ਵੀ ਕਰਨਗੇ-ਧੁਰ ਕੀ ਬਾਣੀ ਦਾ ਕੀਰਤਨ ਸੰਗਤ ਨੂੰ ਸਰਬਣ ਕਰਵਾਉਣਗੇ ਤੇ...ਆਹ ਗੱਲ ਐ ਭਾਈ...!"
-"ਮੈਨੂੰ ਲੱਗਦੈ ਸ਼ਰਧਾ ਸਿਆਂ ਬਈ 'ਕੱਤੀ ਸੌ ਆਲਾ ਈ ਠੀਕ ਐ-ਲੈਣਾ ਤਾਂ ਇਹਨਾਂ ਨੇ ਰੱਬ ਦਾ ਨਾਂ ਈ ਐ-ਚਾਹੇ ਕੱਚੀ ਬਾਣੀ 'ਚੋਂ ਲੈ ਲੈਣ ਤੇ ਚਾਹੇ ਬਾਬੇ ਦੀ ਬਾਣੀ 'ਚੋਂ-ਉਸ਼ਤਤ ਤਾਂ ਰੱਬ ਦੀ ਈ ਐ-ਬੰਦੇ ਦਾ ਮਨ ਸੱਚਾ ਹੋਣਾ ਚਾਹੀਦੈ ਤੇ ਨੀਅਤ ਸਾਫ਼ ਹੋਣੀ ਚਾਹੀਦੀ ਐ-।" ਸਾਧੂ ਸਿਉਂ ਨੇ ਸ਼ਰਧਾ ਸਿਉਂ ਦੇ ਕੰਨ ਵਿਚ ਕਿਹਾ।
-"ਆਹੋ! ਗੱਲ ਤੇਰੀ ਸੋਲ੍ਹਾਂ ਆਨੇ ਐਂ-ਨਾਲੇ 'ਖੰਡ ਪਾਠ ਤੋਂ ਬਾਅਦ ਆਏ ਗਏ ਦੀ ਸੇਵਾ ਵੀ ਕਰਨੀ ਐਂ-ਜਿਹੜਾ ਦੋ ਹਜਾਰ ਬਚੂਗਾ-ਉਹ ਓਧਰ ਕੰਮ ਆਜੂ...!"
-"ਠੀਕ ਐ ਜੀ-ਅਸੀਂ 'ਕੱਤੀ ਸੌ ਆਲਾ ਈ ਕਰਵਾਲਾਂਗੇ-ਪਰ ਤੁਸੀਂ ਤਾਂ ਦਰਸ਼ਣ ਦਿਓਂਗੇ?" ਸਾਧੂ ਸਿਉਂ ਨੇ ਗੜਬੜਾ ਸਿਉਂ ਨੂੰ ਪੁੱਛਿਆ।
-"ਇਹ ਗੱਲ ਤੁਸੀਂ ਮੇਰੇ ਸੈਕਟਰੀ ਨਾਲ ਕਰ ਲਓ।" ਸੰਤ ਜੀ ਉਠ ਕੇ ਤੁਰ ਪਏ।
-"ਮਹਾਰਾਜ ਖੰਡ ਪਾਠ ਦੀ ਤਰੀਕ ਤਾਂ ਦਰਜ ਕਰ ਲੈਂਦੇ।"
-"ਉਹ ਵੀ ਮੇਰਾ ਸੈਕਟਰੀ ਈ ਕਰ ਲਊਗਾ-ਬਈ ਉਲਝਣ ਸਿਆਂ...!" ਉਸ ਨੇ ਆਪਣੇ ਸਕੱਤਰ ਨੂੰ ਹਾਕ ਮਾਰੀ। ਸਕੱਤਰ ਹਾਜ਼ਰ ਸੀ। ਨਾਂ ਤਾਂ ਸੈਕਟਰੀ ਸਾਹਿਬ ਦਾ ਸੁਰਜਣ ਸਿਉਂ ਸੀ, ਪਰ ਸੰਤ ਜੀ 'ਉਲਝਣ ਸਿਉਂ' ਹੀ ਆਖ ਕੇ ਖ਼ੁਸ਼ ਹੁੰਦੇ।
-"ਆਹ ਪ੍ਰੇਮੀ ਵਲੈਤ ਤੋਂ ਆਏ ਐ-ਇਹਨਾਂ ਦੇ ਆਖੰਡ ਪਾਠ ਦੀ ਮਿਤੀ ਲਿਖ ਤੇ ਬਾਕੀ ਗੱਲ ਕਰ-ਮੇਰੇ ਪੂਜਾ ਪਾਠ ਦਾ ਟੈਮ ਹੋ ਗਿਆ।" ਤੇ ਸੰਤ ਗੜਬੜਾ ਸਿਉਂ ਕਮਰੇ ਅੰਦਰ ਵੜ ਗਿਆ।
-"ਆਜੋ ਸੰਗਤੋ-ਆਜੋ...!" ਸਕੱਤਰ ਉਹਨਾਂ ਨੂੰ ਆਪਣੇ ਦਫ਼ਤਰ ਅੰਦਰ ਲੈ ਗਿਆ।
-"ਕਿੱਦਣ ਦੀ ਤਰੀਕ ਲਿਖੀਏ?"
-"ਤੁਸੀਂ ਦੱਸੋ ਸਕੱਟਰੀ ਜੀ-ਪੁੱਛਣ ਤਾਂ ਥੋਨੂੰ ਆਏ ਐਂ-ਤੁਸੀਂ ਸਾਥੋਂ ਪੁੱਛਣ ਲੱਗਪੇ?"
-"ਮੱਸਿਆ ਆਲੇ ਦਿਨ ਭੋਗ ਪਾਮਾਂਗੇ-ਦਿਨ ਵੀ ਸ਼ੁਭ ਐ ਤੇ ਮੌਸਮ ਵੀ ਸੋਹਣੈਂ।"
-"ਠੀਕ ਐ ਜੀ-ਤੇ ਭੋਗ 'ਤੇ ਅਸੀਂ ਸੰਤ ਜੀ ਦੇ ਦਰਸ਼ਣ ਵੀ ਕਰਨਾ ਲੋਚਦੇ ਐਂ।"
-"ਦਰਸ਼ਣ...? ਸੱਤ ਬਚਨ...! ਕਿੰਨੇ ਆਲੇ ਦਰਸ਼ਣ ਕਰਨੇ ਐਂ?" ਉਸ ਨੇ ਕਾਪੀ ਤੋਂ ਨਜ਼ਰਾਂ ਪੱਟ ਕੇ ਪੁੱਛਿਆ।
-"ਕੀ ਮਤਬਲ ਜੀ...?" ਸਾਧੂ ਸਿਉਂ ਸਤੰਭ ਹੋਇਆ ਮਜੌਰਾਂ ਦੀ ਮਾਂ ਵਾਂਗ ਝਾਕ ਰਿਹਾ ਸੀ।
-"ਮੇਰਾ ਮਤਲਬ ਦਰਸ਼ਣ ਗਿਆਰਾਂ ਸੌ ਆਲੇ? ਇੱਕੀ ਸੌ ਆਲੇ ਜਾਂ 'ਕੱਤੀ ਸੌ ਆਲੇ?" ਸਕੱਤਰ ਨੇ ਪੈੱਨ ਮੂੰਹ ਵਿਚ ਪਾ ਲਿਆ। ਲਗਾਤਾਰ ਇੱਕੋ ਮੁੱਛ ਨੂੰ ਵਟਾ ਦਿੰਦਾ ਰਿਹਾ ਹੋਣ ਕਰਕੇ ਉਸ ਦੀ ਮੁੱਛ ਉਸਤਰੇ ਵਾਂਗ ਖੜ੍ਹੀ ਸੀ।
-"ਇਹ ਅੱਡੋ ਅੱਡੀ ਰੇਟ ਕਾਹਦੇ ਐਂ ਜੀ?" ਸਾਧੂ ਸਿਉਂ ਦੇ ਪੈਰ ਘੁਕੀ ਜਾ ਰਹੇ ਸਨ ਅਤੇ ਸਿਰ ਚਕਰੀ-ਗੇੜੇ ਪਿਆ ਹੋਇਆ ਸੀ।
-"ਜੇ ਤਾਂ ਦਰਸ਼ਣ ਗਿਆਰਾਂ ਸੌ ਆਲੇ ਕਰਨੇ ਐਂ-ਤਾਂ, ਤਾਂ ਸੰਤ ਜੀ ਆਉਣਗੇ ਤੇ ਥੋਨੂੰ ਤੇ ਪ੍ਰਬਾਰ ਨੂੰ ਆਸ਼ੀਰਬਾਦ ਦੇ ਕੇ ਤੁਰੰਤ ਈ ਮੁੜ ਆਉਣਗੇ-ਜੇ ਇੱਕੀ ਸੌ ਆਲੇ ਕਰਨੇ ਐਂ-ਤਾਂ ਸੰਤ ਜੀ ਭੋਗ ਤੱਕ ਅੜਕਣਗੇ-ਤੇ ਜੇ ਦਰਸ਼ਣ ਕਰਨੇ ਐਂ 'ਕੱਤੀ ਸੌ ਆਲੇ-ਤਾਂ ਸੰਤ ਜੀ ਸਵੇਰੇ ਅੰਮ੍ਰਿਤ ਵੇਲੇ ਈ ਆਪ ਜੀ ਦੇ ਗ੍ਰਹਿ ਵਿਖੇ ਚਰਨ ਪਾਉਣਗੇ-ਭੋਗ ਪੈਣ ਤੋਂ ਬਾਅਦ ਹੁਕਮਨਾਮੇ ਦੀ ਵਿਆਖਿਆ ਵੀ ਕਰਨਗੇ-ਕਥਾ ਕੀਰਤਨ ਵੀ ਜੱਥੇ ਦੇ ਨਾਲ ਰਲ ਕੇ ਆਪ ਕਰਨਗੇ ਤੇ ਸਾਰੇ ਪ੍ਰਬਾਰ ਨੂੰ ਆਸ਼ੀਰਬਾਦ ਵੀ ਦੇਣਗੇ-ਜੇ ਘਰ ਪ੍ਰਬਾਰ 'ਚ ਕਿਸੇ ਨੂੰ ਕੋਈ ਬਿਮਾਰੀ ਠਮਾਰੀ ਐ-ਕੋਈ ਦੁੱਖ ਤਕਲੀਪ ਐ ਤਾਂ ਸੰਤ ਜੀ ਮੰਤਰ ਛੰਤਰ ਵੀ ਦੇ ਸਕਦੇ ਐ-!"
-"ਸਕੱਟਰੀ ਜੀ ਤੁਸੀਂ ਇਉਂ ਕਰੋ-ਖੰਡ ਪਾਠ ਇੱਕੀ ਸੌ ਆਲਾ ਲਿਖਲੋ ਤੇ ਸੰਤ ਜੀ ਦੇ ਦਰਸ਼ਣ 'ਕੱਤੀ ਸੌ ਆਲੇ ਕਰਲੋ-ਠੀਕ ਐ ਜੀ...?" ਸਾਧੂ ਸਿਉਂ ਬੋਲਿਆ।
-"ਠੀਕ ਤਾਂ ਸ਼ਰਧਾਲੂਓ ਤੁਸੀਂ ਦੱਸਣੈਂ-!" ਸਕੱਤਰ ਨੇ ਠੁਣਾਂ ਉਹਨਾਂ ਦੇ ਸਿਰ ਹੀ ਭੰਨਿਆਂ।
ਸ਼ਰਧਾ ਸਿਉਂ ਸਾਧੂ ਸਿਉਂ ਵੱਲ ਝਾਕਿਆ। ਸਾਧੂ ਸਿਉਂ ਨੇ ਆਪਣਾ ਮੂੰਹ ਸ਼ਰਧਾ ਸਿਉਂ ਦੇ ਕੰਨ ਕੋਲ ਕਰ ਲਿਆ।
-"ਸ਼ਰਧਾ ਸਿਆਂ! ਬੇਬੇ ਦੀਆਂ ਉੱਲਾਂ ਵੱਜਦੀਐਂ-ਤੇ ਮੇਰੇ ਆਲੀ ਮੇਲੋ ਨੂੰ ਵੀ ਕਦੇ ਕਦੇ ਦੌਰਾ ਜਿਆ ਪੈ ਜਾਂਦੈ-ਸੰਤ ਨਾਲੇ ਤਾਂ ਕੋਈ ਟੂਣਾਂ ਟਾਮਣ ਕਰਜੂ ਤੇ ਨਾਲੇ ਖੰਡ ਪਾਠ ਹੋਜੂ-ਠੀਕ ਐ...?"
-"ਠੀਕ ਐ...!" ਸ਼ਰਧਾ ਸਿਉਂ ਨੇ ਹਾਂਮੀ ਭਰ ਦਿੱਤੀ।
-"ਹਾਂ ਸਕੱਟਰੀ ਜੀ-ਬਿਲਕੁਲ ਠੀਕ ਐ-ਬੜਾ ਧੰਨਵਾਦ ਥੋਡਾ।" ਸਾਧੂ ਅਤੇ ਸ਼ਰਧਾ ਸਿੰਘ ਅਤੀਅੰਤ ਬਾਗੋਬਾਗ ਸਨ। ਉਹਨਾਂ ਦੇ ਆਖੰਡ ਪਾਠ 'ਤੇ 'ਸੰਤ ਜੀ' ਨੇ ਆਉਣਾ 'ਪ੍ਰਵਾਨ' ਕਰ ਲਿਆ ਸੀ। ਉਹ ਹੱਥ ਜੋੜਦੇ ਅਤੇ ਧੰਨ-ਧੰਨ ਕਰਦੇ ਘਰ ਨੂੰ ਤੁਰ ਪਏ। ਡੇਰੇ ਅੰਦਰ ਸਕੱਤਰ ਅਤੇ ਸੰਤ ਜੀ ਦੇ ਕੁਤਕੁਤੀਆਂ ਨਿਕਲੀ ਜਾ ਰਹੀਆਂ ਸਨ...!



ਹੋਰ ਪੜੋ...

ਆਓ ਜੀ, ਜੀ ਆਇਆਂ ਨੂੰ !!!

free counters