ਰੂਹ ਦੀ ਹਰ ਪੀੜ......... ਨਜ਼ਮ/ਕਵਿਤਾ

ਮੁੱਢ-ਕਦੀਮ ਤੋਂ ਹੀ ਪ੍ਰੇਮ ਪਿਆਸੀਆਂ ਰੂਹਾਂ,
ਦਿਲੀ ਦਰਿਆਵਾਂ ਦੇ ਕੰਢੇ ਹੀ,
ਵਿਗਸਦੀਆਂ ਆਈਆਂ ਹਨ!
ਤੇਰੀ ਰੂਹ ਦਾ ਸੱਚਾ ਅਤੇ ਸੁੱਚਾ ਪਿਆਰ ਪਾ ਕੇ,
ਮੇਰੀ 'ਹਾੜ' ਮਾਰੀ ਆਤਮਾਂ, ਜਲ-ਥਲ ਹੋ ਗਈ
ਅਤੇ ਤੇਰੀ ਆਤਮਾਂ 'ਚੋਂ ਝਰੇ ਪ੍ਰੇਮ ਨੇ ਮੈਨੂੰ

'ਬੂੰਦ' ਤੋਂ 'ਸਾਗਰ' ਬਣਾਂ ਧਰਿਆ!
ਸਕੂਲ ਵਿਚ ਇਕ 'ਪਿਆਸੇ ਕਾਂ' ਦੀ
ਪੜ੍ਹਦੇ ਹੁੰਦੇ ਸੀ ਕਹਾਣੀ...।
ਜਿਸ ਨੇ, ਸੁਰਾਹੀ ਵਿਚ ਰੋੜ ਸੁੱਟ-ਸੁੱਟ ਕੇ,
ਪਾਣੀ ਉਪਰ ਲੈ ਆਂਦਾ ਸੀ,
ਆਪਣੀ ਪਿਆਸ ਬੁਝਾਉਣ ਲਈ...!
ਪਰ 'ਤੂੰ' ਮੇਰੀ ਪਿਆਸ ਬੁਝਾਉਣ ਲਈ,
ਮੇਰੀ ਖਾਲੀ ਖੜਕਦੀ ਰੂਹ-ਸੁਰਾਹੀ ਵਿਚ,
ਐਸੇ ਮਾਣਕ-ਮੋਤੀ ਕੇਰੇ,
ਕਿ ਮੈਂ ਨਿਤਾਣਾਂ 'ਏਕ' ਤੋਂ 'ਅਨੇਕ' ਹੋ ਤੁਰਿਆ
ਅਤੇ 'ਨਥਿੰਗ' ਤੋਂ 'ਸਮਥਿੰਗ' ਬਣ ਗਿਆ!
ਤੇਰੀ ਗ਼ੈਬੀ ਆਤਮਾਂ ਮੇਰੇ ਜਲ਼ਦੇ-ਬਲ਼ਦੇ ਦਿਲ 'ਤੇ ਹੌਂਸਲੇ,
ਆਸਰੇ ਅਤੇ ਰਹਿਮਤ ਦੀਆਂ ਬੂੰਦਾਂ ਛਿੜਕਦੀ ਰਹੀ
ਅਤੇ ਮੈਂ ਹਾਲਾਤਾਂ ਦੇ ਜਵਾਲਾ-ਮੁਖੀ ਵਿਚ ਸੜਦਾ,
ਸੀਤ-ਸ਼ਾਂਤ ਅਤੇ ਆਨੰਦਮਈ ਹੁੰਦਾ ਗਿਆ...!
ਮੇਰੇ ਝੁਲ਼ਸੇ ਦਿਲ ਦਾ ਲਾਵਾ,
ਤੇਰੇ ਮਨ-ਮੰਦਰ ਤੱਕ ਪੁੱਜਿਆ,
ਤੂੰ ਸਿਲ-ਪੱਥਰ ਹੋਏ ਨੂੰ,
ਭਾਵਨਾ ਦੇ ਜਲ ਦਾ ਛਿੱਟਾ ਦੇ,
ਮੈਨੂੰ ਮੁੜ 'ਸੁਰਜੀਤ' ਕਰ ਲਿਆ
ਅਤੇ ਸਹੀ ਮੰਜਿ਼ਲ ਵੱਲ ਉਂਗਲ਼ ਕਰ ਕੇ,
ਮੇਰੀ ਮਾਰਗ-ਦਰਸ਼ਕ ਬਣੀਂ...!
ਵੈਰਾਨ ਜਿ਼ੰਦਗੀ ਵਿਚ ਖੇੜਾ ਲਿਆਂਦਾ,
ਮੁੜ ਜੀਵਨ ਜਾਂਚ ਸਿਖਾਈ,
ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ...!
ਕਦੇ-ਕਦੇ ਸੋਚਦਾ ਹਾਂ
ਕਿ ਇਸ ਖ਼ੁਦਗਰਜ਼ ਦੁਨੀਆਂ ਵਿਚ,
ਤੂੰ ਰੱਬੀ ਰੂਪ ਕਿਵੇਂ...?
ਬਦ-ਯੁੱਗ ਵਿਚ ਮੈਂ ਤੇਰੀ ਮੂਰਤ ਵਿਚੋਂ
ਇਲਾਹੀ ਦਰਸ਼ਣ ਕੀਤੇ ਨੇ..!
ਤੂੰ ਨਿਰਮਲ, ਤੂੰ ਨਿਰਲੇਪ ਅਤੇ ਪ੍ਰੇਮ ਦੀ ਦੇਵੀ...!
ਤੈਨੂੰ ਦਿਲੋਂ ਪ੍ਰਣਾਮ ਕਰਦਾ ਹਾਂ, ਮੇਰੀ ਜਿੰਦ!
ਜੋਗੀਆਂ ਦਾ 'ਭੋਗੀਆਂ' ਤੋਂ ਦੂਰ ਰਹਿਣਾਂ ਵੀ ਔਖਾ
ਅਤੇ ਨੇੜੇ ਰਹਿਣਾਂ ਵੀ...!
ਪਰ ਤੇਲ ਬਾਝੋਂ ਚਿਰਾਗ ਵੀ ਨਿਕਾਰਾ!
ਬਿਨਾ ਦਿਲੀ ਸਾਂਝ ਤੋਂ ਪ੍ਰੇਮ-ਪੰਥ ਨਹੀਂ ਚੱਲ ਪੈਂਦੇ
ਅਤੇ ਨਾ ਹੀ ਦਿਲਾਂ ਦੇ ਜਾਨੀ ਬਾਝੋਂ,
ਪ੍ਰੇਮ ਦਾ ਸਿੱਕਾ ਹੀ ਚੱਲਦਾ ਹੈ, ਕਿ ਨਹੀਂ...?
"ਤੁਸੀਂ ਵੀ ਨ੍ਹਾਂ...!"
ਕਦੇ-ਕਦੇ ਮੇਰਾ ਮਨ ਤੇਰੀ ਰੂਹ ਵਿਚ
ਸਮਾਅ ਜਾਣ ਨੂੰ ਕਰਦਾ ਹੈ,
ਇੱਕ-ਮਿੱਕ ਅਤੇ ਅਭੇਦ ਹੋ ਜਾਣ ਨੂੰ!
ਪਰ, ਫ਼ੈਸਲਾ ਰੱਬ ਦੇ ਨਹੀਂ, ਸਮੇਂ ਦੇ ਹੱਥ ਹੈ!
ਤੇਰੇ ਨਾਲ਼ ਕੋਈ ਬੇਹੂਦਾ ਵਾਅਦਾ ਕਰ ਕੇ,
ਭਵਿੱਖ ਦਾ ਗੁਨਾਹਗਾਰ ਨਹੀਂ ਬਣਨਾ ਚਾਹੁੰਦਾ!
ਫ਼ੋਕੀਆਂ ਤਸੱਲੀਆਂ ਅਤੇ ਧਰਵਾਸੇ ਮਾਨੁੱਖ ਨੂੰ,
ਦੋਸ਼ੀ ਤਾਂ ਸਾਬਤ ਕਰਦੇ ਹੀ ਨੇ,
ਮਿਹਰਬਾਨ ਹਾਣੀਂ ਦੇ,
ਦਿਲੋਂ ਵੀ ਲਾਹ ਮਾਰਦੇ ਹਨ...!
ਦੁਬਿਧਾਵਾਂ ਦੇ ਭਵਸਾਗਰ
ਅਤੇ ਭਿਆਨਕ ਘੁੰਮਣਘੇਰੀਆਂ ਵਿਚ ਡਿੱਕਡੋਲੇ ਖਾਂਦੇ ਨੂੰ,
ਤੂੰ ਮੈਨੂੰ 'ਮਲਾਹ' ਬਣ ਕੇ ਮਿਲ਼ੀ।
ਤੂੰ ਸਿਰਫ਼ ਫ਼ੋਕਾ ਦਿਲਾਸਾ ਨਹੀਂ ਦਿੱਤਾ,
ਸਗੋਂ ਅਡੋਲਤਾ ਅਤੇ ਸਥਿਰਤਾ ਬਖ਼ਸ਼ ਕੇ
ਪੱਤਣ 'ਤੇ ਲਿਆ ਖੜ੍ਹਾ ਕੀਤਾ।
...ਤੇ ਤੁਰਦੀ ਹੋਈ, ਬੇੜੀ ਅਤੇ ਸਮੁੰਦਰ ਦਾ,
ਮਾਲਕ ਵੀ ਮੈਨੂੰ ਬਣਾ ਗਈ।
ਚੱਪੂ ਮੇਰੇ ਹੱਥ ਹੈ
ਅਤੇ ਖਿ਼ਆਲਾਂ ਦੀ ਬਾਦਸ਼ਾਹੀ ਮੇਰੇ ਕੋਲ਼!
ਅੱਜ ਤੇਰੇ ਸਦਕਾ ਮੈਂ,
ਕਿਸੇ ਪੱਖੋਂ ਵੀ 'ਊਣਾਂ' ਮਹਿਸੂਸ ਨਹੀਂ ਕਰਦਾ,
ਭਰਪੂਰ ਹੀ ਭਰਪੂਰ ਹਾਂ...!
ਤੇਰਾ ਇਹ ਕਰਜ਼ ਮੇਰੇ ਸਿਰ ਹੈ,
ਪਤਾ ਨਹੀਂ ਕਦੇ,
ਲਾਹ ਕੇ ਸੁਰਖ਼ਰੂ ਵੀ ਹੋ ਸਕਾਂਗਾ, ਕਿ ਨਹੀਂ?
ਬੜਾ ਦਿਲ ਕਰਦੈ ਕਿ ਤੇਰੇ ਮਸਤਕ ਨੂੰ ਚੁੰਮ ਕੇ,
ਤੇਰੀ ਰੂਹ ਦੀ ਹਰ ਪੀੜ ਚੂਸ ਲਵਾਂ
ਅਤੇ ਕਰ ਦੇਵਾਂ ਤੈਨੂੰ ਹਰ ਦੁੱਖ-ਸੰਤਾਪ ਤੋਂ ਮੁਕਤ
ਅਤੇ ਤੂੰ ਮੈਨੂੰ ਸਦਾ ਤਰੇਲ਼ ਧੋਤੇ ਫ਼ੁੱਲ ਵਾਂਗ,
ਨਿੱਖਰੀ ਅਤੇ ਹਲਕੀ-ਹਲਕੀ ਲੱਗੇਂ,
ਹਮੇਸ਼ਾ ਖ਼ੁਸ਼ਬੂ ਬਖ਼ੇਰਦੀ!
ਆਪਾਂ ਕੋਈ ਐਸਾ ਵਿਵਰਜਤ ਕਰਮ ਨਹੀਂ ਕੀਤਾ,
ਜਿਸ ਨਾਲ਼ ਸਮਾਜ ਜਾਂ ਰੱਬ ਦੀਆਂ ਨਜ਼ਰਾਂ ਵਿਚ
ਸ਼ਰਮਸ਼ਾਰ ਜਾਂ ਕਲੰਕਿਤ ਹੋਈਏ..!
ਪਰ ਤੇਰਾ ਦੂਰ ਵਸਦੀ ਦਾ ਹੀ ਮੈਨੂੰ,
ਰੱਬ ਵਰਗਾ ਆਸਰਾ ਹੈ...!
ਜਿੱਥੇ ਵਸੇਂ, ਜਿਉਂਦੀ ਵਸਦੀ
ਅਤੇ ਸਦਾ ਖ਼ੁਸ਼ ਰਹੇਂ
ਇਹ ਹੀ ਫ਼ਕੀਰ ਦੀ ਅਰਦਾਸ ਹੈ...!




Print this post

No comments:

Post a Comment

ਆਓ ਜੀ, ਜੀ ਆਇਆਂ ਨੂੰ !!!

free counters