ਰਿਸ਼ਤੇ.......... ਨਜ਼ਮ/ਕਵਿਤਾ

-ਕੁਝ ਰਿਸ਼ਤੇ ਹੜਤਾਲ਼ਾਂ ਵਰਗੇ
ਕੁਝ ਰਿਸ਼ਤੇ ਖ਼ੜਤਾਲ਼ਾਂ ਵਰਗੇ
ਕੁਝ ਰਿਸ਼ਤੇ ਨੇ ਕੁਦਰਤ ਵਰਗੇ
ਕੁਝ ਆਕਾਸ਼-ਪਤਾਲ਼ਾਂ ਵਰਗੇ
ਕੁਝ ਕੁ, ਕਈ ਪੜਤਾਲ਼ਾਂ ਵਰਗੇ
-ਕੁਝ ਰਿਸ਼ਤੇ ਮੇਰੇ ਅੰਮ੍ਰਿਤ ਵਰਗੇ

ਪੀਵਾਂ ਅਤੇ ਆਨੰਦਤ ਹੋਵਾਂ
ਕੁਝ ਰਿਸ਼ਤੇ ਇਲਜ਼ਾਮਾਂ ਵਰਗੇ
ਦਿਨੇ ਰਾਤ ਹੰਝੂਆਂ ਨਾਲ ਧੋਵਾਂ
-ਕੁਝ ਰਿਸ਼ਤੇ ਨੇ ਸੱਪਾਂ ਵਰਗੇ
ਡਰਦਾ-ਡਰਦਾ ਦੂਰ ਹੀ ਰਹਿੰਦਾ
ਕਈ ਰਿਸ਼ਤੇ ਮਗਰਮੱਛ ਵਰਗੇ
ਬਦੋਬਦੀ ਵਰਤਣਾ ਪੈਂਦਾ
-ਕੁਝ ਰਿਸ਼ਤੇ ਸਿ਼ਕਾਰੀ ਵਰਗੇ
ਮਾਰਖ਼ੋਰ ਤੇ ਰਹਿਣ ਡਰਾਉਂਦੇ
ਕੁਝ ਰਿਸ਼ਤੇ ਵਿਚੋਲੇ ਵਰਗੇ
ਕਦੇ-ਕਦੇ ਨੇ ਕੰਮ ਵੀ ਆਉਂਦੇ
-ਕੁਝ ਰਿਸ਼ਤੇ ਮਾਂ-ਬੁੱਕਲ ਵਰਗੇ
ਲਾਡ ਵੀ ਦਿੰਦੇ, ਨਿੱਘ ਵੀ ਦਿੰਦੇ
ਕੁਝ ਰਿਸ਼ਤੇ ਨੇ ਦੈਂਤਾਂ ਵਰਗੇ
ਕੁਚਲ਼ ਵੀ ਦਿੰਦੇ, ਮਿੱਧ ਵੀ ਦਿੰਦੇ
-ਕੁਝ ਰਿਸ਼ਤੇ ਮਿਲਟਰੀ ਵਰਗੇ
ਰਾਖੀ ਕਰਨ, ਕਦੇ ਹਿੱਕ ਛਾਣਦੇ
ਕੁਝ ਰਿਸ਼ਤੇ ਸੱਜਣ ਠੱਗ ਵਰਗੇ
ਲੁੱਟਾਂ ਦੇ ਨਾਲ ਮੌਜ ਮਾਣਦੇ
-ਕੁਝ ਰਿਸ਼ਤੇ ਬੁਲੀ ਕੁੱਤੇ ਵਰਗੇ
ਭੌਂਕ-ਭੌਂਕ ਕੇ ਖੂਬ ਡਰਾਵਣ
ਕਈ ਰਿਸ਼ਤੇ ਮੈਨੂੰ ਸਮਝ ਕੇ ਮਰਿਆ
ਬੁਰਕ ਮਾਰਦੇ, ਖਾਣ ਨੂੰ ਆਵਣ
-ਕੁਝ ਰਿਸ਼ਤੇ ਮੇਰੇ, ਰੁੱਖਾਂ ਵਰਗੇ
ਕਰਦੇ ਛਾਂ, ਲੋਰੀਆਂ ਦਿੰਦੇ
ਕੁਝ ਰਿਸ਼ਤੇ ਕਮਾਦੀ ਵਰਗੇ
ਚੂਪਣ ਲਈ ਪੋਰੀਆਂ ਦਿੰਦੇ
-ਕੁਝ ਰਿਸ਼ਤੇ ਮੇਰੇ ਸੌਕਣ ਵਰਗੇ
ਅੱਧੋ-ਅੱਧ ਵੰਡਾਉਣਾ ਲੋਚਣ
ਸੀਨੇ ਬਰਛੀ ਮਾਰਨ ਲੱਗੇ
ਹਾਏ ਰੱਬਾ! ਕਦੇ ਨਾ ਸੋਚਣ
-ਕੁਝ ਰਿਸ਼ਤੇ ਵੇਸਵਾ ਵਰਗੇ
ਲੈਣ-ਦੇਣ ਨਾਲ ਗੱਲ ਚਲਾਉਂਦੇ
ਕੁਝ ਰਿਸ਼ਤੇ ਨੇ ਦੱਲਿਆਂ ਵਰਗੇ
ਧੰਦਾ ਨੇ ਕਰਵਾਉਣਾ ਚਾਹੁੰਦੇ
-ਕੁਝ ਰਿਸ਼ਤੇ ਮੇਰੇ ਬਾਪੂ ਵਰਗੇ
ਥੱਪੜ ਮਾਰੂ, ਨਾਲ਼ ਵਿਰਾਊ
ਕੁਝ ਰਿਸ਼ਤੇ ਅਧਿਆਪਕ ਵਰਗੇ
ਪ੍ਰੇਮ ਘੱਟ ਤੇ ਵੱਧ ਡਰਾਊ
-ਕੁਝ ਰਿਸ਼ਤੇ ਮਾਸੂਕਾਂ ਵਰਗੇ
ਹੱਥ ਲਾਵਾਂ ਤਾਂ ਮੈਲੇ਼ ਹੋਵਣ
ਕੁਝ ਰਿਸ਼ਤੇ ਛੜਾਕੇ ਵਰਗੇ
ਕਰਦੇ ਸੁੱਚੇ, ਮੈਲ ਜੋ ਧੋਵਣ
-ਕੁਝ ਰਿਸ਼ਤੇ ਨੇ ਕਿਰਨਾਂ ਵਰਗੇ
ਜੀਵਨ ਵਿਚ ਖੇੜਾ ਲੈ ਆਵਣ
ਕੁਝ ਰਿਸ਼ਤੇ ਨੇ ਕਾਂਵਾਂ ਵਰਗੇ
ਹੱਥੋਂ ਰੋਟੀ ਖੋਹ ਲੈ ਜਾਵਣ
-ਕੁਝ ਰਿਸ਼ਤੇ ਧਰਤੀ-ਮਾਂ ਵਰਗੇ
ਪੈਰਾਂ ਹੇਠ ਆਸਰਾ ਦਿੰਦੇ
ਕੁਝ ਰਿਸ਼ਤੇ ਮੇਰੇ ਥੰਮ੍ਹਾਂ ਵਰਗੇ
ਡਿੱਗਦੇ ਨੂੰ ਢਾਸਰਾ ਦਿੰਦੇ
-ਕੁਝ ਰਿਸ਼ਤੇ ਮੇਰੇ ਮਿੱਤਰਾਂ ਵਰਗੇ
ਬੋਲਿਆ ਚੱਲਿਆ ਮਾਫ਼ ਨੇ ਕਰਦੇ
ਕੁਝ ਰਿਸ਼ਤੇ ਜੇਬ-ਕਤਰੇ ਵਰਗੇ
ਹੁੱਨਰ ਨਾਲ ਜੇਬ ਸਾਫ਼ ਨੇ ਕਰਦੇ
-ਕੁਝ ਰਿਸ਼ਤੇ ਮੇਰੇ ਮੱਲ੍ਹਮ ਵਰਗੇ
ਜ਼ਖ਼ਮਾਂ ਨੂੰ ਜੋ 'ਰਾਮ ਪਹੁੰਚਾਉਂਦੇ
ਕੁਝ ਰਿਸ਼ਤੇ ਤਲਵਾਰਾਂ ਵਰਗੇ
ਫ਼ੱਟ ਲਾਉਂਦੇ ਕਦੇ ਨਾ ਹਿਚਕਾਉਂਦੇ
-ਕੁਝ ਰਿਸ਼ਤੇ ਪੰਜ-ਰਤਨੀਂ ਵਰਗੇ
ਪੀ ਕੇ ਮਸਤ ਮੈਂ ਹੁੰਦਾ ਜਾਵਾਂ
ਕੁਝ ਰਿਸ਼ਤੇ ਨਿੰਮ ਪਾਣੀ ਵਰਗੇ
ਜਦ ਵੀ ਪੀਵਾਂ, ਤਦ ਪਛਤਾਵਾਂ
-ਕੁਝ ਰਿਸ਼ਤੇ ਗੰਗਾ ਜਲ ਵਰਗੇ
ਹੱਥਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੇ
ਕਈ ਨੇ ਹਲ਼ਕੇ ਸਾਨ੍ਹਾਂ ਵਰਗੇ
ਕਿੱਲੇ ਨਾਲੋਂ ਖੁੱਲ੍ਹ-ਖੁੱਲ੍ਹ ਪੈਂਦੇ
-ਕੁਝ ਰਿਸ਼ਤੇ ਨੇ ਮਾਈਆਂ ਵਰਗੇ
ਦੇਣ ਅਸੀਸਾਂ ਸਿਰ ਪਲੋ਼ਸਣ
ਕੁਝ ਰਿਸ਼ਤੇ ਕੋਤਵਾਲਾਂ ਵਰਗੇ
ਮੱਲੋਮੱਲੀ ਕੋਈ ਦੋਸ਼ ਆ ਠੋਸਣ
-ਕੁਝ ਰਿਸ਼ਤੇ ਮੇਰੇ ਲੀੜਿਆਂ ਵਰਗੇ
ਨਿਰ-ਵਸਤਰ ਮੈਨੂੰ ਹੋਣ ਨਹੀਂ ਦਿੰਦੇ
ਕਈ ਕੁਪੱਤੀ ਬੱਕਰੀ ਵਰਗੇ
ਬਿਨਾਂ ਮੀਂਗਣਾਂ ਚੋਣ ਨਹੀਂ ਦਿੰਦੇ
-ਕੁਝ ਰਿਸ਼ਤੇ ਮੇਰੇ ਗਿਰਝਾਂ ਵਰਗੇ
ਅੰਬਰੋਂ ਆ ਮੁਰਦਾਰ ਨੇ ਖਾਂਦੇ
ਕਈ ਨੇ ਹੱਕ-ਪਰਾਏ ਵਰਗੇ
ਗਊ-ਸੂਰ ਸਭ ਛਕਦੇ ਜਾਂਦੇ
-ਕੁਝ ਸੋਹਣੀਆਂ ਅੱਖਾਂ ਵਰਗੇ
ਸੁਪਨੇ ਵਿਚ ਵੀ ਨੇ ਭਰਮਾਉਂਦੇ
ਕੁਝ ਰਿਸ਼ਤੇ ਔਸੀਆਂ ਵਰਗੇ
ਦਿਲ 'ਤੇ ਰਹਿੰਦੇ ਲੀਕਾਂ ਪਾਉਂਦੇ
-ਕੁਝ ਨਜਾਇਜ਼ ਸਬੰਧਾਂ ਵਰਗੇ
ਕੁਝ ਖੰਡਰ ਦੀਆਂ ਕੰਧਾਂ ਵਰਗੇ
ਕੁਝ ਬਰੇਤੀ-ਬੰਧਾਂ ਵਰਗੇ
ਕੁਝ ਹਿਟਲਰ ਦੇ ਬੰਬਾਂ ਵਰਗੇ
-ਕੁਝ ਲਾਲੋ ਦੀ ਰੋਟੀ ਵਰਗੇ
ਕੁਝ ਰਿਸ਼ਤੇ ਹਥਿਆਰਾਂ ਵਰਗੇ
ਕੁਝ ਰਿਸ਼ਤੇ ਮੇਰੇ ਕੁਰਕੀ ਵਰਗੇ
ਕੁਝ ਬਲਾਤਕਾਰਾਂ ਵਰਗੇ
-ਕੁਝ ਸਿ਼ਵ ਜੀ ਦੇ ਨੇਤਰ ਵਰਗੇ
ਕੁਝ ਚਾਣਕੀਆ ਖੇਤਰ ਵਰਗੇ
ਕੁਝ ਨੇ ਛੜੇ ਜੇਠ ਦੇ ਵਰਗੇ
ਕੁਝ ਰਿਸ਼ਤੇ ਮੰਗੇਤਰ ਵਰਗੇ
-ਕੁਝ ਰਿਸ਼ਤੇ ਮੇਰੇ ਸੱਚੇ-ਸੁੱਚੇ
ਕੁਝ ਰਿਸ਼ਤੇ ਫਿ਼ਟਕਾਰਾਂ ਵਰਗੇ
ਕੁਝ ਨੇ ਕ੍ਰਿਸ਼ਨ-ਸੁਦਾਮੇ ਵਰਗੇ
ਕੁਝ ਇੰਦਰ ਦੀਆਂ ਨਾਰਾਂ ਵਰਗੇ
-ਕੁਝ ਨੇ ਭਾਈ ਘਨੱਈਏ ਵਰਗੇ
ਕੁਝ ਨਾਨਕ-ਮਰਦਾਨੇ ਵਰਗੇ
ਕੁਝ ਰਿਸ਼ਤੇ ਮੇਰੀ ਰੂਹ ਦੇ ਉਪਜੇ
ਕੁਝ ਰਿਸ਼ਤੇ ਨੇ ਤਾਹਨ੍ਹੇ ਵਰਗੇ
-ਕੁਝ ਰਿਸ਼ਤੇ ਸਰਪੰਚਾਂ ਵਰਗੇ
ਕੁਝ ਰਿਸ਼ਤੇ ਸਰਕਾਰਾਂ ਵਰਗੇ
ਕੁਝ ਰਿਸ਼ਤੇ ਨੇ ਸਰਘੀ ਵਰਗੇ
ਕੁਝ ਤਿੱਲੇ ਦੀਆਂ ਤਾਰਾਂ ਵਰਗੇ
-ਕੁਝ ਆਸਾਧ ਬਿਮਾਰੀ ਵਰਗੇ
ਕੁਝ ਨੇ ਨਾਮ-ਖ਼ੁਮਾਰੀ ਵਰਗੇ
ਕੁਝ ਰਿਸ਼ਤੇ ਵਿਸ਼-ਕੰਨਿਆਂ ਵਰਗੇ
ਕੁਝ ਨੇ ਨਾਥ-ਪਟਾਰੀ ਵਰਗੇ
-ਕੁਝ ਰਿਸ਼ਤੇ ਸਿਆਸਤ ਵਰਗੇ
ਕੁਝ ਏ. ਕੇ. ਸੰਤਾਲੀ ਵਰਗੇ
ਕੁਝ ਰਿਸ਼ਤੇ ਮੇਰੇ ਸਾਜਿ਼ਸ਼ ਵਰਗੇ
ਕੁਝ ਕੁ ਦਫ਼ਾ ਚੁਤਾਲੀ ਵਰਗੇ
-ਕੁਝ ਰਿਸਤੇ ਮਕਾਣਾਂ ਵਰਗੇ
ਕੁਝ ਨੇ ਮੜ੍ਹੀ-ਮਸਾਣਾਂ ਵਰਗੇ
ਕੁਝ ਰਿਸ਼ਤੇ ਮੇਰੇ ਟੂਣੇਂ ਵਰਗੇ
ਕੁਝ ਵੈਰੀ ਦੇ ਬਾਣਾਂ ਵਰਗੇ
-ਕੁਝ ਰਿਸ਼ਤੇ ਮੇਰੀ ਬੇਬੇ ਵਰਗੇ
ਗਲ ਫ਼ੁੱਲਾਂ ਦੇ ਹਾਰਾਂ ਵਰਗੇ
ਕੁਝ ਰਿਸ਼ਤੇ ਮੇਰੇ ਪੁੱਤਾਂ ਵਰਗੇ
ਪੁਸ਼ਤੀ 'ਤੇ ਅਧਿਕਾਰਾਂ ਵਰਗੇ
-ਕੁਝ ਰਿਸ਼ਤੇ ਨਾਗ-ਵਿਸ਼ ਵਰਗੇ
ਕਦੇ ਦਾਰੂ, ਮਾਰੂ ਬਣ ਬਹਿੰਦੇ
ਕੁਝ ਰਿਸ਼ਤੇ ਨੇ ਅਗਨੀ ਵਰਗੇ
ਜਿਸ ਨੂੰ ਲੋਕ ਬਸੰਤਰ ਕਹਿੰਦੇ
-ਕੁਝ ਰਿਸ਼ਤੇ ਹਰਨਾਕਸ਼ ਵਰਗੇ
ਹਾਉਮੈ ਦੇ ਵਿਚ ਸੜੇ ਹੋਏ ਨੇ
ਕੁਝ ਰਿਸ਼ਤੇ ਦਰਵੇਸ਼ਾਂ ਵਰਗੇ
ਨਿਮਰਤ ਦੇ ਵਿਚ ਮੜ੍ਹੇ ਹੋਏ ਨੇ
-ਕੁਝ ਰਿਸ਼ਤੇ ਸ਼ਹੀਦਾਂ ਵਰਗੇ
ਮਰੇ ਹੋਏ ਵੀ ਯਾਦ ਨੇ ਆਉਂਦੇ
ਕੁਝ ਰਿਸ਼ਤੇ ਮਰੀਜ਼ਾਂ ਵਰਗੇ
ਮਾਰਨ ਹੂੰਗਾ ਤੇ ਕੁਰਲਾਉਂਦੇ
-ਕੁਝ ਰਿਸ਼ਤੇ ਭੈੜ੍ਹੀ ਸੱਸ ਵਰਗੇ
ਕਰਨ ਨਿਘੋਚਾਂ ਤੇ ਚਤਰਾਈਆਂ
ਕੁਝ ਰਿਸ਼ਤੇ ਸਾਊ-ਨੂੰਹ ਵਰਗੇ
ਸਹਿਣ ਮੁਸ਼ੱਕਤ, ਦੇਣ ਸਫ਼ਾਈਆਂ
-ਕਈ ਰਿਸ਼ਤੇ ਕਿਸਾਈਆਂ ਵਰਗੇ
ਪੂਛੋਂ ਚੁੱਕ-ਚੁੱਕ ਬੱਕਰਾ ਤੋਲਣ
ਕੁਝ ਰਿਸ਼ਤੇ ਉਸਤਾਦਾਂ ਵਰਗੇ
ਬਖ਼ਸ਼ਣ ਬੁੱਧੀ ਤੇ ਘੱਟ ਬੋਲਣ
-ਕੁਝ ਰਿਸ਼ਤੇ ਮੇਰੇ ਸਿਵਿਆਂ ਵਰਗੇ
ਸੜੀ ਜਾਣ ਤੇ ਮੱਚੀ ਜਾਵਣ
ਕਈ ਰਿਸ਼ਤੇ "ਜੱਗੀ ਕੁੱਸਾ" ਵਰਗੇ
ਆਖੀ ਹਰ ਗੱਲ ਸੱਚੀ ਜਾਵਣ ।

Print this post

No comments:

Post a Comment

ਆਓ ਜੀ, ਜੀ ਆਇਆਂ ਨੂੰ !!!

free counters