ਪ੍ਰਥਾ-ਪੰਧ.......... ਨਜ਼ਮ/ਕਵਿਤਾ
ਜਾਪਦਾ ਹੈ, ਦਹਾਕੇ ਨਹੀਂ,
ਕਈ ਯੁੱਗ ਬੀਤ ਗਏ ਨੇ..!
...ਕਦੇ-ਕਦੇ ਸਿਸਕੀਆਂ ਭਰ ਕੇ,
ਜਾਂ ਕਦੇ ਮੰਤਰ-ਮੁਗਧ ਮੁਸਕਰਾਹਟ ਨਾਲ,
ਨਜ਼ਰਾਂ ਝੁਕਾ ਕੇ ਹੁੰਦੀ ਸੈਂ ਆਖਦੀ,
"ਤੇਰਾ ਇਕ ਦਿਨ ਦਾ ਵਿਛੋੜਾ ਮੇਰੇ ਲਈ,
ਕਿਆਮਤ ਵਰਗਾ ਹੈ..!
ਤੇਰੀ ਛਾਤੀ 'ਤੇ ਲਿਆ ਹਰ ਇਕ ਸਾਹ,
ਮੈਨੂੰ ਲੇਖੇ ਲੱਗਿਆ ਜਾਪਦੈ..!
ਤੇਰੇ ਦਰਸ਼ਣ,
ਮੈਨੂੰ ਮੱਕੇ ਕੀਤੇ ਹੱਜ ਜਿਹੇ ਨੇ..!"
ਇਤਨੇ ਦਾਅਵਿਆਂ ਦਾ, ਮੈਂ ਵੀ ਸੱਚ ਮੰਨ,
ਤੈਨੂੰ ਸਮੋ ਲੈਂਦਾ ਸੀ ਆਪਣੀ ਰੂਹ ਵਿਚ..!
ਤੇ ਖ਼ੁਸ਼ੀਆਂ ਦੀਆਂ ਖੜਾਵਾਂ 'ਤੇ ਸਵਾਰ,
ਪੁੱਜ ਜਾਂਦਾ ਸੀ ਕਿਸੇ ਪਰੀਆਂ ਦੇ ਦੇਸ਼..!
ਮਦਹੋਸ਼ ਹੋ ਜਾਂਦਾ ਸੀ,
ਤੇਰੇ ਜਿਸਮ ਦੀ ਧੂਪ ਮਲਆਨਲੋ ਵਿਚ..!
ਤੇਰੀ ਸੀਮਾਂ ਤੋਂ ਪਾਰ ਮੈਨੂੰ,
ਰੋਹੀ ਬੀਆਬਾਨ ਹੀ ਤਾਂ ਦਿਸਦਾ ਸੀ..!
ਸੋਚਦਾ ਸੀ,
ਕਿ ਜੇ ਤੇਰਾ ਲੜ ਛੁੱਟ ਗਿਆ,
ਆਸਰਾ ਖ਼ੁੱਸ ਗਿਆ,
ਤਾਂ ਮੈਂ ਤੇਰੀ ਲਛਮਣ ਰੇਖਾ ਉਲੰਘ,
ਭ੍ਰਿਸ਼ਟ ਹੋ ਜਾਵਾਂਗਾ,
ਤੇ ਮਿਲ਼ ਜਾਵੇਗਾ ਦੇਸ਼ ਨਿਕਾਲ਼ਾ ਮੈਨੂੰ
ਤੇਰੀ ਮਿਹਰਵਾਨ ਨਜ਼ਰ ਵਿਚੋਂ..!
ਕਦੇ-ਕਦੇ ਤੇਰੇ ਬਾਰੇ ਸੋਚਦਾ,
ਕਿ ਆਪਣਾ ਰੂਹਾਨੀ ਵਣਜ ਤੱਕ,
ਦੇਣੀਂ ਪੈ ਨਾ ਜਾਵੇ ਦੁਨੀਆਂ ਸਾਹਮਣੇ,
ਅਗਨੀ ਪ੍ਰੀਖਿਆ ਤੈਨੂੰ ਵੀ..!
ਜਾਂ ਫਿਰ ਮਿਲ ਨਾ ਜਾਵੇ ਬਣਵਾਸ ਤੈਨੂੰ,
ਤੇ ਘਣੇਂ ਜੰਗਲਾਂ ਵਿਚ,
ਜੰਮਣੇ ਨਾ ਪੈ ਜਾਣ ਲਵ-ਕੁਛ,
ਦਿਨ ਕਟੀ ਨਾ ਕਰਨੀ ਪੈ ਜਾਵੇ,
ਕਿਸੇ ਰਿਖ਼ੀ ਦੀ ਕੁਟੀਆ ਵਿਚ..!
ਸੋਚਾਂ ਦਾ ਖ਼ਲਾਅ ਦਿਸਹੱਦਿਆਂ ਤੋਂ ਪਰ੍ਹੇ ਸੀ,
ਅਤੇ ਮੇਰੀ ਸੋਚ ਨਿਤਾਣੀਂ,
ਕਿਉਂਕਿ ਆਪਾਂ,
ਏਕਿ ਜੋਤਿ ਦੋਇ ਮੂਰਤੀ ਹੀ ਤਾਂ ਸੀ..!
ਇਸ ਲਈ ਹੀ ਤਾਂ,
ਤੇਰੇ ਵੱਜਿਆ ਕੰਡਾ, ਮੇਰੇ ਪੀੜ ਕਰਦਾ ਸੀ..!
ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ,
ਅਤੇ ਤੇਰੀ ਅੱਖ ਦੁਖਣ 'ਤੇ,
ਲਾਲੀ ਮੇਰੀਆਂ ਅੱਖਾਂ ਵਿਚ ਰੜਕਦੀ ਸੀ..!
ਮੈਨੂੰ ਅਜੇ ਯਾਦ ਹੈ,
ਕਿ ਕਿਵੇਂ ਮੇਰੇ ਮੂੰਹੋਂ ਨਿਕਲ਼ੀ ਹਰ ਚਾਹਤ,
ਤੂੰ,
ਰਾਮ ਚੰਦਰ ਜੀ ਨੂੰ ਭੇਂਟ ਕੀਤੇ,
ਭੀਲਣੀਂ ਦੇ ਬੇਰਾਂ ਵਾਂਗ ਕਬੂਲ ਕਰਦੀ ਸੀ..!
ਕਦੇ-ਕਦੇ ਗਿ਼ਲਾ ਕਰਦੀ,
ਬਲਾਉਰੀ ਅੱਖਾਂ ਦੀਆਂ ਝੀਲਾਂ ਸਮੇਟ,
ਬੱਸ ਇਤਨਾਂ ਹੀ ਆਖਦੀ,
"ਤੁਸੀਂ ਵੀ ਨ੍ਹਾਂ..!"
ਜਾਂ ਫਿਰ 'ਡਰਟੀ ਮਾਈਂਡ' ਦਾ ਸਿ਼ਕਵਾ..!
...ਫਿਰ ਜਦ ਇਕ ਦਿਨ,
ਘਰਦਿਆਂ ਨੇ ਤੈਨੂੰ
'ਪਰਾਇਆ ਧਨ' ਹੋਣ ਦੀ ਪ੍ਰਥਾ ਦਰਸਾਈ,
ਤਾਂ ਮੈਨੂੰ ਆਪਣੀ ਮੂਰਖ਼ਤਾਈ 'ਤੇ,
ਅਤੇ ਨਜਾਇਜ਼ ਕਬਜ਼ੇ 'ਤੇ,
ਹਾਸਾ ਅਤੇ ਰੋਣਾਂ ਇੱਕੋ ਸਮੇਂ ਆਇਆ..!
ਜਿਹੜੇ ਹੋਂਠ ਤੇਰੇ ਹੋਂਠਾਂ 'ਤੇ ਧਰ,
ਮੈਂ ਸੀਤਲਤਾ ਮਹਿਸੂਸ ਕਰਦਾ ਸੀ,
ਉਹ ਮੈਨੂੰ ਸੜਦੇ-ਸੜਦੇ ਲੱਗੇ..!
ਜਿਹੜੀ ਆਤਮਾ,
ਤੇਰੀ ਗਲਵਕੜੀ ਵਿਚ ਸਰਸ਼ਾਰ ਜਾਂਦੀ ਸੀ ਹੋ,
ਉਹ ਮੈਨੂੰ ਤੇਰੇ ਪ੍ਰਥਾ-ਪੰਧ 'ਤੇ
ਸਤੀ ਹੁੰਦੀ ਜਾਪੀ..!
ਤੈਨੂੰ ਪਰਾਈ ਹੁੰਦੀ ਕਿਆਸ ਕੇ,
ਮੇਰੀ ਸੋਚ ਦਾ ਆਤਮਦਾਹ ਆਰੰਭ ਹੋਇਆ,
ਯਾਦ ਆਏ ਮੈਨੂੰ ਸੈਂਕੜੇ ਰੰਗ..!
ਝੰਗ, ਝਨਾਂ ਅਤੇ ਬੇਲੇ..!
ਵੰਝਲੀ ਦੀ ਹੂਕ, ਮੰਗੂ ਤੇ ਚੂਰੀ,
ਸੱਸੀ, ਸੋਹਣੀਂ ਅਤੇ ਸ਼ੀਰੀ ਦੀ ਕੁਰਬਾਨੀ,
ਲੈਲਾਂ, ਹੀਰ ਅਤੇ ਸਾਹਿਬਾਂ ਦੀ ਮਜਬੂਰੀ,
ਰੀਤ, ਬਲੀ ਅਤੇ ਹੈਂਕੜ,
ਲੰਗੜਾ ਕੈਦੋਂ, ਸੈਦਾ ਕਾਣਾਂ ਅਤੇ ਮੁਨਾਖਾ ਸਮਾਜ..!
ਉਦੋਂ...ਪ੍ਰੇਮ, ਵਿਛੋੜਾ ਅਤੇ ਵਿਯੋਗ,
ਬ੍ਰਿਹਾ, ਮੋਹ ਅਤੇ ਜੁੱਗੜਿਆਂ ਦੇ ਬਖੇੜੇ,
ਸੱਚ ਜਾਣੀਂ, ਮੈਂ ਇੱਕੋ ਪਗਡੰਡੀ 'ਤੇ ਖੜ੍ਹੇ ਦੇਖੇ..!
..ਜਦ ਇਕ ਦਿਨ ਤੇਰੀ ਡੋਲੀ ਤੁਰੀ..!
ਤਾਂ ਮੇਰੀ ਸੁਰਤੀ ਝੱਲੀ ਹੋ, ਖ਼ਤਾਨੀ ਜਾ ਪਈ..!!
ਮੈਨੂੰ ਇਹ ਨਾ ਸੁੱਝੇ,
ਕਿ ਇਹ ਤੇਰੀ ਡੋਲੀ,
ਜਾਂ ਫਿਰ ਮੇਰੀ ਅਰਥੀ ਜਾ ਰਹੀ ਸੀ..?
ਜੇ ਤੇਰੀ ਡੋਲੀ ਲਈ ਰੋਂਦਾ ਸਾਂ,
ਤਾਂ ਯਾਰ ਦੇ ਸ਼ਗਨ ਵਿਚ ਭੰਗਣਾਂ ਪੈਂਦੀ ਸੀ,
ਤੇ ਜੇ ਆਪਣੀ ਅਰਥੀ ਲਈ ਰੋਂਦਾ,
ਤਾਂ ਲੋਕ 'ਪਾਗ਼ਲ' ਆਖਦੇ..!
ਜਾਂ ਫਿਰ ਰਵਾਇਤੀ ਦਿਲ ਧਰਾਉਂਦੇ,
"ਚੁੱਪ ਕਰ ਮੂਰਖ਼ਾ...!
ਕਦੇ ਕੋਈ ਆਪਣੀ ਅਰਥੀ 'ਤੇ ਵੀ ਰੋਇਐ..?"
ਤੇਰੇ ਜਾਣ ਤੋਂ ਬਾਅਦ,
ਹੁਣ ਮੈਨੂੰ ਦੁਨੀਆਂ ਹੁਸੀਨ ਨਹੀਂ,
ਬੰਜਰ-ਉਜਾੜ ਹੀ ਦਿਸਦੀ ਹੈ..!
'ਕਲਾਪੇ ਦੀ ਬੁੱਕਲ਼ ਵਿਚ ਬੈਠਾ,
ਕਦੇ ਜਿ਼ੰਦਗੀ,
ਅਤੇ ਕਦੇ ਮੌਤ-ਵਿੱਥ ਬਾਰੇ ਕਿਆਸਦਾ ਹਾਂ..!
ਕਦੇ ਸਵਰਗ ਦੇ ਰਾਹ ਪੈਂਦਾ ਹਾਂ,
ਅਤੇ ਕਦੇ ਨਰਕ ਦੇ ਪੈਂਡੇ ਰੁੱਖ ਕਰਦਾ ਹਾਂ..!
ਪਰ ਇਹ ਤਾਂ ਮੈਂ ਦੋਨੋਂ ਹੀ,
ਆਪਣੇ ਪਿੰਡੇ 'ਤੇ ਹੰਢਾ ਚੁੱਕਾ ਹਾਂ..!
ਫਿਰ 'ਅੱਗੇ' ਕਿਹੋ ਜਿਹਾ ਨਰਕ,
ਅਤੇ ਕਿਹੋ ਜਿਹਾ ਸਵਰਗ ਹੋਵੇਗਾ..?
ਇਹ ਸਮਝਣਾ ਮੇਰੀ ਇੱਛਾ ਅਤੇ ਸੰਕਲਪ ਹੈ..!
ਜੇ ਤੂੰ ਕਦੇ,
ਮੇਰੇ ਦਿਲ ਦੇ ਮੌਸਮ ਦੇ,
ਵਿਗੜੇ ਤਵਾਜ਼ਨ ਨੂੰ,
ਇਹਨਾਂ ਦੀ ਪ੍ਰੀਭਾਸ਼ਾ ਸਮਝਾ ਸਕੇਂ,
ਤਾਂ ਜਿ਼ੰਦਗੀ ਦਾ ਪੰਧ ਸੌਖਾ ਮੁੱਕ ਜਾਵੇ..!
No comments:
Post a Comment