ਚੰਗਾ ਹੁੰਦਾ, ਤੂੰ ਨਾ ਹੀ ਮਿਲ਼ਦੀ.......... ਨਜ਼ਮ/ਕਵਿਤਾ

ਦਿਲ ਦੀ ਹੂਕ 'ਚੋਂ ਨਿਕਲ਼ੇ ਕਾਗਜ਼ 'ਤੇ
ਹਾਉਕੇ ਦੇ ਹੰਝੂਆਂ ਨਾਲ਼
ਉਦਾਸੀ ਦੀ ਕਲਮ ਨਾਲ਼ 'ਵਾਹ' ਕੇ
ਇਕ ਉਲਾਂਭਾ ਤੇਰੇ ਨਾਂ,
ਡੁਸਕਦੀਆਂ, ਉਹਨਾਂ ਪੌਣਾਂ ਹੱਥੀਂ ਭੇਜਦਾ ਹਾਂ,
ਜੋ ਮੇਰੇ ਹਰ ਦੁੱਖ ਦੀਆਂ ਚਸ਼ਮਦੀਦ ਗਵਾਹ ਹਨ!

ਪੜ੍ਹ ਕੇ ਚਾਹੇ ਸੁੱਟ ਦੇਵੀਂ, ਪਾੜ ਦੇਵੀਂ
ਤੇ ਚਾਹੇ ਆਪਣੇ ਮਾਲੂਕ ਪੈਰਾਂ ਵਿਚ ਮਸਲ਼ ਦੇਵੀਂ,
ਕਿਉਂਕਿ 'ਬਿਗਾਨੇ' ਬਣੇਂ 'ਤੇ
ਕੋਈ ਮਾਣ ਜਾਂ ਹੱਕ ਨਹੀਂ ਹੁੰਦਾ,
ਅਤੇ ਪੱਥਰਾਂ ਦਾ ਕੌਡੀ ਮੁੱਲ ਨਹੀਂ ਪੈਂਦਾ..!
ਅਤੇ ਜਿਉਂਦੇ ਜਾਂ ਮਰੇ ਦੇ
ਅਰਥ ਭਾਵ ਵੀ ਬਾਕੀ ਨਹੀਂ ਰਹਿ ਜਾਂਦੇ..!
ਚੰਗਾ ਹੁੰਦਾ, ਕਿ ਤੂੰ ਨਾ ਹੀ ਮਿਲਦੀ..!
ਕਿਸੇ ਭਲੀ ਆਸ ਆਸਰੇ ਜਿਉਂਦਾ ਤਾਂ ਸੀ..!
ਤੇਰੇ 'ਤੇ ਨਹੀਂ, 'ਕੱਲੇ ਰੱਬ 'ਤੇ ਹੀ ਗਿ਼ਲਾ ਸੀ,
ਕਿ ਤੂੰ ਮਿਲੀ ਨਹੀਂ..!
ਪਰ ਤੇਰੇ ਹਾਸੇ ਜਾਂ ਰੰਜ ਵਿਚ ਕਹੇ ਸ਼ਬਦਾਂ ਨੇ,
ਮੇਰੇ ਰਿਸਦੇ ਜ਼ਖ਼ਮਾਂ 'ਤੇ,
ਅੱਕ ਚੋਅ, ਹੋਰ ਨਾਸੂਰ ਬਣਾ ਧਰਿਆ..!
ਸ਼ਾਇਦ ਹੁਣ ਤਾਂ,
"ਉਹਦੇ ਨਾਲ਼ ਆਪਣਾ ਐਨਾਂ ਕੁ ਈ ਸੀ"
ਆਖ ਕੇ ਸਬਰ ਕਰ ਲਵਾਂਗਾ..!
ਪਰ ਪੁੱਛਦਾ ਹੈ ਮਨ, ਹੈਂ ਸਬਰ..?
ਉਹ ਕਿਵੇਂ...?
ਸਾਹ ਬਾਝੋਂ ਜਿ਼ੰਦਗੀ..?
ਜਲ ਬਾਝੋਂ ਮੱਛੀ..?
ਬੂੰਦ ਬਾਝੋਂ ਪਪੀਹਾ..?
ਸਾਵਣ ਬਾਝੋਂ ਮੋਰ..?
ਸਭ ਬੇਅਰਥ ਹੀ ਤਾਂ ਹਨ..!
...ਕਿਤਨੀ ਮੁੱਦਤ ਬਾਅਦ,
ਅੱਜ ਕਿਸੇ ਰੱਬੀ ਰੂਹ ਨੇ
ਤੇਰੇ ਅਤੇ ਮੇਰੇ ਮੇਲ ਕਰਵਾਏ,
ਢਾਈ ਦਹਾਕੇ ਕੋਈ ਥੋੜਾ ਸਮਾਂ ਹੁੰਦੈ?
ਇਕ ਯੁੱਗ ਹੀ ਤਾਂ ਬਣ ਜਾਂਦੈ ਕਮਲ਼ੀਏ!
ਇਹ ਮੈਂ ਇਕ ਤਪ ਅਤੇ ਸਾਧਨਾ ਹੀ ਤਾਂ ਕੀਤੀ ਸੀ!
ਦਿਲ ਦੇ ਕਦਮ ਜ਼ਖ਼ਮੀਂ ਕੀਤੇ ਸਨ
ਰੋਹੀ ਬੀਆਬਾਨ ਵਿਚ ਬਣਵਾਸ ਕੱਟਦਿਆਂ..!
ਜੁੱਗੜੇ ਹੀ ਤਾਂ ਬੀਤ ਗਏ ਸਨ,
ਤੇਰੀ ਅਵਾਜ਼ ਅਤੇ ਝਲਕ ਨੂੰ ਤਰਸਦਿਆਂ,
ਦਰ ਦਰ ਭਟਕਦਿਆਂ,
ਤੇਰੇ ਇਕ ਬੋਲ ਨੂੰ ਤੜਪਦਿਆਂ,
ਜਣੇਂ ਖਣੇਂ ਦੇ ਗੋਡੇ ਫੜਦਿਆਂ,
ਰੱਬ ਅੱਗੇ ਅਰਦਾਸਾਂ ਕਰਦਿਆਂ,
ਹਰ ਸਾਹ ਨਾਲ਼, ਹਮ-ਕਦਮ ਹੁੰਦਾ ਸੀ,
ਉਜੜੇ ਦਿਲੋਂ ਉਠੀ ਲਾਟ ਵਰਗਾ ਹਾਉਕਾ!
ਮੁੱਦਤ ਬਾਅਦ ਤੇਰੀ ਮਾਖਿ਼ਓਂ ਮਿੱਠੀ,
ਵੰਝਲੀ ਵਰਗੀ ਅਵਾਜ਼ ਨਸੀਬ ਹੋਈ,
ਤੇਰਾ ਗੁਆਚਿਆ ਹਾਸਾ ਸੁਣ,
ਪਲ ਭਰ ਵਿਚ ਮੈਂ, ਨਦਰ ਨਿਹਾਲ ਹੋ ਗਿਆ,
ਅਤੇ ਸੱਤੇ ਬਹਿਸ਼ਤਾਂ ਦਾ,
'ਖ਼ੁਦ ਮੁਖ਼ਤਿਆਰ' ਬਣ ਤੁਰਿਆ,
ਕਿਸੇ ਜੰਗ ਜਿੱਤ ਕੇ ਚੱਲੇ ਜਰਨੈਲ ਵਾਂਗ..!
ਪਰ ਤੇਰੀ ਮਿੱਠੀ ਜ਼ੁਬਾਨ 'ਚੋਂ,
ਅਣਕਿਆਸੇ ਅਤੇ ਸੂਰਜ ਦੇ ਗ੍ਰਹਿਣ ਵਰਗੇ ਸ਼ਬਦ,
ਮੇਰੀ ਰੂਹ ਵਲੂੰਧਰ ਗਏ...!
ਅਤੇ ਕਰ ਗਏ ਮੈਨੂੰ ਰੁੰਡ-ਮਰੁੰਡ,
ਰੋਹੀ ਵਿਚ ਖੜੇ ਰੁੱਖ ਦੀ ਤਰ੍ਹਾਂ..!
ਮੇਰੀ ਆਤਮਾਂ ਧੁਆਂਖ਼ੀ ਗਈ,
ਕਿਸੇ ਹਸਰਤ ਨੂੰ ਹੱਥ ਪਾਈ ਖੜ੍ਹੇ,
ਦਿਲ 'ਚੋਂ ਵਿਰਲਾਪ ਦਾ ਧੂੰਆਂ ਨਿਕਲਿ਼ਆ...!
ਤੇਰੇ ਨਾਲ਼ ਗੱਲ ਕਰਨ ਤੋਂ ਪਹਿਲਾਂ,
ਤੈਨੂੰ ਇਹ ਦੱਸਣਾਂ ਭੁੱਲ ਗਿਆ ਸੀ,
ਕਿ ਮੇਰੇ ਹਿਰਦੇ ਵਿਚ,
ਤੇਰੇ ਕਰੂਰ ਬੋਲ ਝੱਲਣ ਦੀ ਸਮਰੱਥਾ ਨਹੀਂ..!
ਅੱਜ ਕੱਲ੍ਹ ਤਾਂ ਇਹ ਚੰਦਰਾ ਦਿਲ,
ਤੇਰੇ ਹੱਥੋਂ ਪੱਤਾ ਡਿੱਗਣ ਨਾਲ਼ ਵੀ 'ਕੰਬ' ਜਾਂਦੈ..!
...ਤੇਰੇ ਸਿ਼ਬਲੀ ਦੇ ਮਾਰੇ ਫ਼ੁੱਲ ਵਰਗੇ,
ਅਣ-ਤਰਸ ਬੋਲਾਂ ਨੇ,
ਮੈਨੂੰ ਅਰਸ਼ੋਂ ਧਰਤ 'ਤੇ ਲਿਆ ਸੁੱਟਿਆ
ਅਤੇ ਕਰ ਦਿੱਤਾ ਮੈਨੂੰ ਲਹੂ ਲੁਹਾਣ...!
ਮੈਨੂੰ ਕਦਾਚਿੱਤ ਆਸ ਉਮੀਦ ਨਹੀਂ ਸੀ,
ਕਿ ਤੇਰੇ ਮੁਬਾਰਕ ਸੁਨੱਖੇ ਮੂੰਹ 'ਚੋਂ,
ਅਜਿਹੇ ਸਰਾਪੇ ਲਫ਼ਜ਼ ਵੀ ਨਿਕਲਣਗੇ..?
ਤੇ ਤੇਰੀ ਭਾਵਨਾ ਨੂੰ ਸਿਉਂਕ ਲੱਗ ਜਾਵੇਗੀ..!
ਮਰ ਜਾਣੀਏਂ, ਤੂੰ ਤਾਂ ਸਰ੍ਹੋਂ ਦੇ ਫ਼ੁੱਲਾਂ ਨੂੰ ਵੀ,
ਮਸ਼ਕਰੀਆਂ ਕਰਦੀ ਹੁੰਦੀ ਸੀ,
ਤੇ ਲੈਂਦੀ ਸੀ ਸਿਰ ਧਰ ਕੇ, ਮੇਰੀ ਛਾਤੀ 'ਤੇ ਸਾਹ,
ਪਰ ਅੱਜ ਤੇਰੇ ਚੰਦਨ ਰੁੱਖ ਸੁਭਾਅ ਨੂੰ
ਇਹ ਕਿਹੜਾ 'ਘੁਣ' ਖਾ ਗਿਆ?
ਤੇਰੇ ਇਹਨਾਂ ਅਣਕਿਆਸੇ ਅਤੇ 'ਗ਼ੈਰ' ਸ਼ਬਦਾਂ ਨੇ,
ਮੇਰੀ ਜਿ਼ੰਦਗੀ ਤਾਂ ਕਰੰਡ ਕੀਤੀ ਹੀ,
ਮੇਰੀ ਰੂਹ ਵੀ ਬੰਜਰ ਉਜਾੜ ਬਣਾਂ ਧਰੀ,
ਅਤੇ ਦਿਲ ਦੇ ਕਿਸੇ ਕੋਨੇ ਵਿਚ ਸਾਂਭੇ ਹੁਸੀਨ ਸੁਪਨੇ,
ਟੁਕੜੇ ਟੁਕੜੇ ਕਰ ਧਰੇ..!
..ਤੇ ਮੁੱਛ ਦਿੱਤੀਆਂ ਮੇਰੇ ਅਰਮਾਨ ਦੀਆਂ,
ਬਾਕੀ ਬਚੀਆਂ ਕਰੂੰਬਲਾਂ...!
ਜਿ਼ੰਦਗੀ ਵਿਚ ਤੈਨੂੰ 'ਇਕ' ਵਾਰ ਮਿਲਣ ਦਾ,
ਚਾਅ ਤਿੜਕ ਕੇ ਤਰੇੜ ਖਾ ਗਿਆ
ਅਤੇ ਮੇਰੀ ਚਿਰਾਂ ਵਿਛੁੰਨੀ ਰੀਝ ਨੂੰ
ਲੀਰੋ ਲੀਰ ਕਰ ਗਿਆ,
ਅਤੇ ਸੁੱਟ ਗਿਆ ਮੈਨੂੰ ਨਿਤਾਣੇ ਨੂੰ
ਅੰਨ੍ਹੇ ਸਮੁੰਦਰ ਦੀਆਂ ਨਿਰਦਈ ਕਪੜਛੱਲਾਂ ਵਿਚ...!
ਮੈਂ ਜਿ਼ੰਦਗੀ ਵਿਚ ਕਦੇ ਵੀ ਨ੍ਹੀ ਸੀ ਸੋਚਿਆ,
ਕਿ ਤੂੰ 'ਬਸੰਤ' ਤੋਂ 'ਬਸੰਤਰ' ਵੀ ਬਣ ਜਾਵੇਂਗੀ,
ਤੇ ਚੱਲਦੇ ਹੋਣਗੇ ਤੇਰੀ ਜੁਬਾਨ ਵਿਚ ਉਸਤਰੇ,
ਭਾਂਬੜ ਨਿਕਲ਼ਦੇ ਹੋਣਗੇ ਤੇਰੀਆਂ ਬਲੌਰੀ ਅੱਖੀਆਂ 'ਚੋਂ,
ਅਪਰਾਧੀ ਵਾਂਗ ਕੜਕਦੇ ਹੋਣਗੇ ਤੇਰੇ ਬੋਲ,
ਤੇ ਗਰਜਦਾ ਹੋਵੇਗਾ ਤੇਰੇ ਅੰਦਰ ਕੋਈ ਅਹਿਸਾਨ,
ਤੇ ਤੂੰ ਇਬਾਦਤ ਤੋਂ ਤਲਵਾਰ ਬਣ ਜਾਵੇਂਗੀ..!
...ਹਾਏ ਕਿੰਨਾਂ ਚੰਗਾ ਹੁੰਦਾ, ਤੂੰ ਨਾ ਹੀ ਮਿਲ਼ਦੀ,
ਤੇਰੀ ਮਿੱਠੀ ਅਤੇ ਹੁਸੀਨ ਯਾਦਾਂ ਦਾ,
ਬਲ਼ਦਾ ਦੀਵਾ ਹਿੱਕ 'ਚ ਲੈ ਕੇ ਹੀ,
ਰੁਖ਼ਸਤ ਹੋ ਜਾਂਦਾ ਇਸ ਬੇਦਰਦ ਸੰਸਾਰ ਤੋਂ..!
ਇੱਕੋ ਹੀ ਆਸ ਅਧੂਰੀ ਰਹਿੰਦੀ,
ਕਿ ਤੂੰ ਮੈਨੂੰ ਮਿਲ਼ੀ ਨਹੀਂ..!
ਪਰ ਜਦ ਤੂੰ ਮਿਲ਼ੀ,
ਰੰਗੋਂ ਬਦਰੰਗ ਅਤੇ
ਕਾਲਿ਼ਆਂ ਬਾਗਾਂ ਦੀ ਮਹਿੰਦੀ ਬਣ ਕੇ ਮਿਲ਼ੀ..!
ਜਦੋਂ ਮੇਰੀਆਂ ਆਸਾਂ ਨੂੰ ਬੂਰ ਪਿਆ,
ਮੈਂ ਅਰਮਾਨਾਂ ਦੇ ਚੰਦਰਮਾਂ ਨੂੰ ਹੱਥ ਵਿਚ ਫੜ,
ਦਿਲਾਂ ਵਿਚ ਖ਼ੁਸ਼ੀਆਂ ਦਾ ਸਾਗਰ ਲੈ,
ਤੋਹਫ਼ਾ ਦੇਣ ਲਈ
ਬੜੀ ਹਸਰਤ ਨਾਲ਼ ਤੇਰੇ ਦਰ 'ਤੇ ਆਇਆ,
ਸਿਰ ਨਿਵਾਅ, ਸਿੱਜਦਾ ਕੀਤਾ,
ਪਰ ਤੂੰ ਮੇਰੀ ਬੇਵੱਸੀ ਅਤੇ ਮਜਬੂਰੀ ਨੂੰ,
ਬੇਈਮਾਨੀ ਅਤੇ ਧੋਖੇਬਾਜ਼ੀ ਦਾ ਨਾਂ ਦੇ ਕੇ,
ਮੇਰੇ ਜੁੱਗੜਿਆਂ ਪਿੱਛੋਂ ਪੁੰਗਰੇ ਸੋਹਲ ਸੁਪਨਿਆਂ ਵਿਚ,
ਗੜੇਮਾਰ ਕਰ ਦਿੱਤੀ..!
ਬੱਸ..! ਤੇਰੇ ਬੋਲਾਂ ਦਾ ਇਹੀ ਨਸ਼ਤਰ,
ਮੇਰੀ ਪ੍ਰੇਮ ਪਿਆਸੀ ਰੂਹ ਵਿਚ ਝੱਖੜ ਝੁਲਾ ਗਿਆ,
ਤੇ ਧੁਆਂਖ਼ ਗਿਆ ਮੇਰੇ ਚਿਰਾਂ ਤੋਂ ਬੋਚ ਬੋਚ ਰੱਖੇ ਅਰਮਾਨ..!
ਪਰ ਫਿ਼ਰ ਵੀ ਸੰਤੁਸ਼ਟ ਹਾਂ 'ਸਾਬਕਾ' ਜਿੰਦੜੀਏ,
ਕਿ ਕੋਈ ਤਾਂ ਸਾਨੂੰ ਅਜੇ ਵੀ ਚਾਹੁੰਣ ਵਾਲ਼ਾ,
ਅਤੇ ਸਾਡੇ ਲਈ ਰੋਣ ਵਾਲ਼ਾ ਹੈ...!
ਤੇਰੀ ਹਿੱਕ ਵਿਚ ਦੀ ਸਾਹ ਲੈਂਦਾ ਰਿਹਾ ਹਾਂ,
ਇਸ ਲਈ ਤੇਰੀ ਸੁੱਖ ਹੀ ਮੰਗਦਾ ਹਾਂ,
ਜਿੱਥੇ ਵਸੇਂ, ਰੱਬ ਕਰੇ, ਸੁਖੀ ਵਸੇਂ..!


Print this post

1 comment:

ਹਰਸਿਮਰਨ ਜੀਤ ਸਿੰਘ (ਢੁੱਡੀਕੇ) said...

ਸਿਰੇ ਆ ਬਾਈ ਜੀ....ਬਹੁਤ ਵਧੀਆ.....

Post a Comment

ਆਓ ਜੀ, ਜੀ ਆਇਆਂ ਨੂੰ !!!

free counters