ਦੀਵਾਲੀ.......... ਨਜ਼ਮ/ਕਵਿਤਾ
ਕੀ ਦੀਵਾਲੀ ਭੁੱਖਿਆਂ ਦੀ, ਜਿਹੜੇ ਪਾਉਣ ਰੋਟੀ ਦੀਆਂ ਬਾਤਾਂ?
ਸਦਾ ਦੀਵਾਲੀ ਸਾਧ ਦੀ ਮਿੱਤਰਾ, ਰੋਜ ਚੋਰਾਂ ਦੀਆਂ ਰਾਤਾਂ!
ਦੀਵਾਲੀ ਤਾਂ ਅਫ਼ਸਰ ਨੂੰ ਭਾਉਂਦੀ, ਰੋਲਣ ਮੀਟ-ਸ਼ਰਾਬਾਂ
ਅੱਖ ਏਸ 'ਤੇ ਰੱਖਦੇ ਲੀਡਰ, ਵਿਚਰਨ ਵਾਂਗ ਨਵਾਬਾਂ
ਵਿਚ ਜਿਪਸੀਆਂ ਕਾਰਾਂ ਘੁੰਮਦੇ, ਕਦੇ ਚੰਡੀਗੜ੍ਹ-ਦਿੱਲੀ
ਅੱਜ ਉਹ ਬਣੇ ਸੂਰਮੇ ਫਿਰਦੇ, ਮਾਰੀ ਨਾ ਜਿਸ ਬਿੱਲੀ
ਪੰਜਾਬ ਪੁਲਸ ਦੀ ਬਣੀ ਦੀਵਾਲੀ, ਚੂਸਣ ਖ਼ੂਨ ਗ਼ਰੀਬਾਂ ਦਾ
ਭੁੱਖੇ ਮਰਦੇ ਜੱਟ ਪਏ ਆਖਣ, ਬਾਈ ਜੀ ਖੇਡ ਨਸੀਬਾਂ ਦਾ
ਇਕ ਕਿਸਾਨ ਨੇ ਕਰੀ ਖ਼ੁਦਕਸ਼ੀ, ਦੀਪਵਾਲੀ ਪ੍ਰੀਵਾਰ ਨੂੰ ਭੁੱਲੀ
ਜਿਸ ਦੇ ਘਰ ਦਾ ਦੀਪ ਬੁਝ ਗਿਆ, ਰਹੀ ਕੁੱਲੀ ਨਾ ਜੁੱਲੀ
ਕਾਕਾ ਪੜ੍ਹਿਆ ਬੀ. ਏ. ਐੱਮੇਂ, ਖਾਂਦਾ ਫਿਰਦਾ ਧੱਕੇ
ਖਾ ਕੇ ਆਇਓਡੈਕਸ ਜਦ ਪਾੜ੍ਹੀ, ਫਿਰੇ ਛੁਡਾਉਂਦੀ ਛੱਕੇ
ਮਿਲੇ ਤੇਲ ਨਾ ਆਵੇ ਬਿਜਲੀ, ਕਿਵੇਂ ਦੀਵਾਲੀ ਸੁੱਝੇ?
ਬੱਚੇ ਪਲ਼ਦੇ ਦਿਸਦੇ ਨਾਹੀਂ, ਬਾਤ ਕਿਸ ਤਰ੍ਹਾਂ ਬੁੱਝੇ?
ਨਾਸਾਂ ਤੱਕ ਕਰਜ਼ਾਈ ਹੋਇਆ, ਕਿੱਥੋਂ ਲਊ ਮਠਿਆਈ?
ਸਾਰਾ ਟੱਬਰ ਭੁੱਖਾ ਮਰਦਾ, ਕਾਹਦੀ ਨੇਕ ਕਮਾਈ?
ਸੁੱਖਾਂ ਸੁਖ-ਸੁਖ ਲਿਆ ਭੂਜੰਗੀ, ਫਿਰਦਾ ਨੰਗ ਧੜ੍ਹੰਗਾ
'ਕੱਲੇ ਪੁੱਤ ਦੀਆਂ ਰੀਝਾਂ ਕਿੱਥੋਂ, ਕਰੇਂ ਪੂਰੀਆਂ ਨੰਗਾ?
ਸੋਚੀਂ ਪਿਆ ਦਿਨ ਰਾਤ 'ਚ ਬਾਪੂ, ਨਿੱਤ ਤਕਸੀਮਾਂ ਕਰਦਾ
ਸਾਰੀ ਰਾਤ ਪਿਆ ਪਾਸੇ ਪਰਤੇ, ਕਿਵੇਂ ਲਹੂਗਾ ਕਰਜ਼ਾ?
ਦੀਵਾਲੀ ਤੋਂ ਦੋ-ਤਿੰਨ ਦਿਨ ਪਹਿਲਾਂ, ਟੇਕ-ਚੈਨ ਨਾ ਆਵੇ
ਸੁੱਖੀ-ਲੱਧੇ ਸੋਹਣੇ ਪੁੱਤ ਨੂੰ, ਕੀ ਆਖ ਸਮਝਾਵੇ?
ਮੁੰਡਾ ਆਖੇ ਬਾਪੂ ਸੁਣ ਲੈ, ਸੌ ਦੇ ਲਿਆ ਭੜ੍ਹਾਕੇ
ਜੈਲਦਾਰਾਂ ਦੇ ਕਾਕੇ ਨੇ, ਤਿੰਨ ਸੌ ਦੇ ਪਾਏ ਜੜਾਕੇ!
ਪੁੱਤ ਦੀਆਂ ਰੀਝਾਂ ਪੂਰਨ ਦੇ ਲਈ, ਦਿਲ ਬਾਪੂ ਦਾ ਕਰਦਾ
ਕਿਹੜੇ ਖੂਹ ਵਿਚ ਛਾਲ ਮਾਰ ਕੇ, ਰੱਖਾਂ ਪੁੱਤ ਤੋਂ ਪਰਦਾ?
ਦਿਲ ਬਾਪੂ ਦਾ ਬੜਾ ਦੁਖੀ, ਕਿੰਜ ਪੁੱਤ ਦਾ ਮਨ ਖ਼ੁਸ਼ ਰੱਖਾਂ?
ਪੁੱਤ ਨਿਆਮਤ ਭੋਲਿ਼ਆ ਬੰਦਿਆ, ਮਿਲਦੀ ਨਾ ਵਿਚ ਲੱਖਾਂ!
ਮੰਝਧਾਰ ਵਿਚ ਬਾਪੂ ਫ਼ਸਿਆ, ਦਿਸੇ ਨਾ ਕੋਈ ਕਿਨਾਰਾ
'ਕੱਲੇ ਪੁੱਤ ਨੂੰ ਕਿਹੜੇ ਯੁੱਗ ਦਾ, ਲਾ ਦਿਆਂ ਅੱਜ ਲਾਰਾ?
ਸੋਚਾਂ ਵਿਚ ਪਿਆ ਖੂਹ 'ਤੇ ਪੁੱਜਿਆ, ਦਿਸੇ ਚੁਫ਼ੇਰਾ ਖਾਲੀ
ਖ਼ਾਲੀ ਖ਼ੀਸੇ ਰੁਲ਼ਦਾ ਫਿਰਦਾ, ਭਰੇ ਪੰਜਾਬ ਦਾ ਵਾਲੀ!
ਵਾਰ-ਵਾਰ ਪੁੱਤ ਦਿਲ 'ਤੇ ਚੜ੍ਹਦਾ, ਮੰਗਦਾ ਕੱਢਵੀਂ ਜੁੱਤੀ
ਕੀ ਸਰਕਾਰ ਪੰਜਾਬਾ ਤੇਰੀ, ਘੋੜੇ ਵੇਚ ਕੇ ਸੁੱਤੀ?
ਵੋਟਾਂ ਵੇਲੇ ਪੜੁੱਲ ਤੇ ਗੱਲੀਂ ਆਉਣ ਨ੍ਹੀ ਦਿੰਦੇ ਵਾਰੇ
ਕੀ ਸਰਕਾਰ ਉਏ ਜੱਟਾ ਤੇਰੀ? ਦਿਨੇਂ ਦਿਖਾਤੇ ਤਾਰੇ
'ਕੱਲਾ ਈ ਗੱਲਾਂ ਕਰਦਾ ਫਿ਼ਰਦਾ, ਹੁੰਦੇ ਨੇ ਜਿਵੇਂ ਕਮਲ਼ੇ
ਅੱਜ ਸੁੱਕ ਕੇ ਜੱਟ ਪਿੰਜਰ ਬਣਿਆਂ, ਢਾਹ ਦਿੰਦਾ ਸੀ ਥਮਲ੍ਹੇ
ਕੀ ਮੂੰਹ ਲੈ ਕੇ ਘਰ ਨੂੰ ਜਾਂਵਾਂ? ਕੀ ਮੈਂ ਲਾਊਂ ਬਹਾਨਾ?
ਕਿੱਥੇ ਜਾ ਕੇ ਪਿੱਟਾਂ ਪੁੱਤਰਾ? ਜੇਬ 'ਚ ਹੈਨ੍ਹੀ ਆਨਾ
ਸੇਠ ਤਾਂ ਪਹਿਲਾਂ ਈ ਚਿੜਿਆ ਫਿ਼ਰਦਾ, ਦੱਸ ਹਿਸਾਬ ਪੁਰਾਣਾ
ਆਖੇ ਜਲਦੀ ਮੋੜ ਤਕਾਵੀ, ਨਹੀਂ ਦਿਖਾਊਂ ਠਾਣਾਂ
ਪੁੱਤ, ਖ਼ੁਸ਼ੀਆਂ ਕਿਵੇਂ ਕਰਾਂ ਪੂਰੀਆਂ? ਬਾਪੂ ਤੇਰਾ ਨੰਗਾ
ਕਦੇ ਤੇਲ ਤੇ ਕਦੇ ਤਕਾਵੀ, ਨਿੱਤ ਨਵਾਂ ਕੋਈ ਪੰਗਾ
ਬਾਪੂ ਹੈ ਕਰਜ਼ਾਈ ਤੇਰਾ, ਮਾਫ਼ ਕਰੀਂ ਪੁੱਤ ਮੈਨੂੰ!
'ਕੱਲੇ ਪੁੱਤ ਨੂੰ ਮਸਾਂ ਲਿਆ ਸੀ, ਕੀ ਦੁੱਖ ਦੱਸਾਂ ਤੈਨੂੰ?
ਤੇਰੀ ਰੀਝ ਨਾ ਪੂਰੀ ਕੋਈ, ਕਰ ਸਕਿਆ ਤੇਰਾ ਬਾਪੂ
ਕੀ ਹੈ ਜੱਗ ਜਿਉਣਾਂ ਮੇਰਾ? ਲਾ ਜਾਣਾ ਕੋਈ ਟਾਪੂ!
ਚੰਗਾ ਰੱਬਾ ਸਾਂਭ ਲਵੀਂ ਤੂੰ, ਜੱਟ ਨੂੰ ਜਾਣ ਗਰੀਬ
'ਕੱਲੇ ਪੁੱਤ ਦਾ ਸੁਖ ਨਾ ਦੇਖਿਆ, ਖੋਟੇ ਬੜੇ ਨਸੀਬ
ਐਨੀ ਕਹਿ ਮਜ਼ਬੂਰ ਜੱਟ ਨੇ, ਪੀ ਲਈ ਜ਼ਹਿਰ ਦੁਆਈ
ਸਿਰ ਘੁੰਮਿਆਂ ਤੇ ਦਿਲ ਪਾਟਿਆ, ਭੋਗੀ ਜਿੰਨੀ ਲਿਖ਼ਾਈ
ਚੰਗਾ ਪੁੱਤਰਾ ਜਿਉਂਦਾ ਰਹਿ ਤੂੰ! ਦਿੱਤੀ ਅਸੀਸ ਅਖੀਰੀ
ਦੀਵਾਲੀ ਦੇ ਤੂੰ ਵੀ ਰੰਗ ਮਾਣਦਾ, ਜੇ ਹੁੰਦੀ ਘਰੇ ਅਮੀਰੀ
ਜੱਟ ਦੀ ਪੁੱਤਾ ਜੂਨ ਬੁਰੀ ਉਏ! ਮਰਦਾ-ਮਰਦਾ ਆਖੇ
ਪੁੱਤ ਦੀ ਸੂਰਤ ਦਿਲੋਂ ਨ੍ਹੀ ਲਹਿੰਦੀ, ਜਾਂਦਾ ਕਰੀ ਸਿਆਪੇ
ਕੀ ਦੀਵਾਲੀ ਜੱਟ ਦੀ? ਉਹ ਤਾਂ ਮਰੂ ਜਾਂ ਕਰਜ਼ਾ ਚਾਹੜੂ!
ਜੀਹਦੇ ਘਰ ਦਰਵਾਜੇ ਛੋਟੇ, ਹਾਥੀ ਅੰਦਰ ਵਾੜੂ?
ਭਰੇ ਸਿਸਕੀਆਂ, ਲੈਂਦਾ ਹਾਉਕੇ, ਪੁੱਤ ਨੂੰ ਯਾਦ ਪਿਆ ਕਰਦਾ
ਕੀ ਰੱਬਾ ਇਸ ਜੱਗ 'ਤੇ ਘੱਲਿਆ, ਤੂੰ ਮੈਨੂੰ ਬੇਦਰਦਾ!
ਤੇਰੇ ਘਰ ਇਨਸਾਫ਼ ਹੈਨ੍ਹੀਗਾ, ਨਿੱਤ ਕਾਲ਼ਜਾ ਧੁੱਖੇ
ਇਕ ਪਏ ਆਫ਼ਰ ਕੇ ਖਾਂਦੇ, ਇਕ ਮਰਦੇ ਫਿਰਦੇ ਭੁੱਖੇ
ਕੀ ਦੋਸ਼ੀ-ਨਿਰਦੋਸ਼ੇ, ਇੱਕੋ ਰੱਸੇ ਜਾਂਦੇ ਨਰੜੇ
ਰਾਤ ਦਿਨੇ ਪਏ ਕਰਨ ਕਮਾਈ, ਫਿਰ ਵੀ ਜਾਂਦੇ ਦਰੜੇ
ਇਕਨਾ ਨੂੰ ਕੁਛ ਪਤਾ ਹੀ ਹੈਨੀ, ਕਿੰਨਾਂ ਪੈਸਾ ਕੋਲ਼ੇ?
ਕਈਆਂ ਨੂੰ ਪੰਦਰਾਂ ਕੰਨ ਲਾਏ, ਕੁਝ ਭੱਜੇ ਫਿਰਦੇ ਬੋਲ਼ੇ
ਤੇਰੇ ਘਰ ਇਨਸਾਫ਼ ਜੇ ਹੁੰਦਾ, ਅਸੀਂ ਵੀ ਐਸ਼ਾਂ ਕਰਦੇ
ਜੇ ਤੂੰ ਸਾਡੇ ਵੱਲ ਦਾ ਹੁੰਦਾ, ਅਸੀਂ ਕਿਉਂ ਭੁੱਖੇ ਮਰਦੇ?
ਹਾਏ ਪੁੱਤ-ਹਾਏ ਪੁੱਤਰਾ ਕਹਿੰਦਾ, ਹੋ ਗਿਆ ਬਾਪੂ ਢੇਰੀ
'ਜੱਗੀ' ਨਹੀਂ ਇਨਸਾਫ਼ ਜੱਗ 'ਤੇ, ਝੁਲਦੀ ਭੂਤ-ਹਨ੍ਹੇਰੀ
'ਕੱਲੇ ਪੁੱਤ ਦਾ ਬਾਪ ਮਰ ਗਿਆ, ਕੌਣ ਕਰੂ ਚਾਅ ਪੂਰੇ?
ਕੌਣ ਪੜ੍ਹਾਊ, ਕੌਣ ਲਿਖਾਊ? ਅਜੇ ਤਾਂ ਦਿੱਲੀ ਦੂਰ ਏ!
ਪੁੱਤ ਦੀਆਂ ਖ਼ਾਹਿਸ਼ਾਂ ਦਿਲ ਵਿਚ ਲੈ ਕੇ, ਕਰ ਗਿਆ ਬਾਪ ਚੜ੍ਹਾਈ
'ਕੁੱਸਾ ਪਿੰਡ' ਵਿਚਾਰਾ, ਜਾਂਦਾ ਸਿਰ ਲੇਖਾਂ ਦੇ ਲਾਈ
6 comments:
ਦਿਵਾਲੀ ਮੁਬਾਰਕ ਕਿਵੇਂ ਆਖਾਂ
ਦੀਵਿਆਂ ਦਾ ਤਿਓਹਾਰ ਦਿਵਾਲੀ ਦੋ ਕਦਮ ਦੂਰ ਖੜਾ ਬੁੱਲ ਜਿਹੇ ਚਿੜਾ ਰਿਹਾ ਹੈ . ਐਤਕੀਂ ਇਸ ਮੌਕੇ ਬਚਪਣ ਕੁਝ ਵਧੇਰੇ ਯਾਦ ਆ ਰਿਹਾ ਹੈ .ਬਚਪਣ ਬੇਪਰਵਾਹ ਹੋਇਆ ਕਰਦਾ ਹੈ .ਮੇਰਾ ਵੀ ਬਚਪਣ ਏਦਾਂ ਦਾ ਹੀ ਸੀ ,ਬੇਪਰਵਾਹ . ਓਦੋਂ ਦਿਵਾਲੀ ਦੀ ਉਡੀਕ ਦੁਸੇਹਰੇ ਤੋਂ ਹੀ ਕਰਨ ਲੱਗ ਪਈਦਾ ਸੀ . ਦੁਸਹਿਰਾ ,ਹੁਣ ਵੀਹ ਦਿਨ ਰਹਿ ਗਏ,ਉੰਨੀ ਦਿਨ..ਅਠਾਰਾਂ--ਸਤਾਰਾਂ.......ਪਰਸੋ ਕੱਲ ਅੱਜ ..
ਦਿਨ ਗਿਣਨ ਦੀ ਲੋਰ ਅਜੀਬ ਖ੍ਹੁਸ਼ੀ ਵੀ ਦਿੰਦੀ ਸੀ . ਹਿਲੋਰ ਵੀ ਦਿੰਦੀ ਸੀ . ਦਿਵਾਲੀ ਵਾਲੇ ਦਿਨ ਅਸੀਂ ਭੈਣ -ਭਰਾ ਆਪਣੇ ਪਿਤਾ ਜੀ ਦੀ ਉਂਗਲ ਫੜ ਕੇ ਬਜਾਰ ਜਾਇਆ ਕਰਦੇ ... ਥੋੜੇ ਜਿਹੇ ਪੈਸੇ ਖਰਚਨੇ ਵੀ ਬਹੁਮੁੱਲਾ ਅਨੁਭਵ ਦਿੰਦੇ ਸਨ .ਸਾਨੂੰ ਸਾਡੇ ਪਿਤਾ ਜੀ ਕਾਰੂੰ ਜਿਹੇ ਧਨਾਢ ਜਾਪਦੇ ਸਨ ..
ਸਵੇਰੇ ਨਹਾ ਧੋ ਕੇ ਬਜਾਰ ਜਾਣਾ, ਪਿਤਾ ਜੀ ਦਾ ਸਾਡੀਆਂ ਨਿੱਕੀਆਂ ਨਿੱਕੀਆਂ ਮੰਗਾਂ ਨੂੰ ਪੂਰਾ ਕਰਨਾ, ਸਾਡੀਆਂ ਨਿੱਕੀਆਂ ਨਿੱਕੀਆਂ ਜਿਦਾਂ ਨੂੰ ਪੂਰਾ ਕਰਨਾਂ , ਕਦੇ ਕਦੇ ਓਹਨਾਂ ਤੋਂ ਝਿੜਕ ਵੀ ਪੈ ਜਾਣੀ ,
ਓਦੋਂ ੨੫ ਪੈਸੇ ਦਾ ਇੱਕ ਰਸਗੁਲਾ ਮਿਲ ਜਾਂਦਾ ਸੀ ,ਲੋਕ ਸਾਦਾਦਿਲ ਅਤੇ ਮਿਲਣ ਸਾਰ ਹੁੰਦੇ ਸਨ ਘਰ ਬੇਸ਼ੱਕ ਕੱਚੇ ਸੀ ਰਿਸ਼ਤੇ ਪੱਕੇ ਸਨ . ਦੇਸੀ ਜਿਹੇ ਬੰਦੇ ,ਬੰਦਗੀ ਨੂੰ ਜਿੰਦਗੀ ਮੰਨਦੇ ਸਨ . ਅਧਿਆਪਕ ਆਪਣੇ ਵਿਦੀਅਰਥੀਆਂ ਨੂੰ ਆਪਣੀ ਦੇਹ ਜਾਨ ਸਮਝਦੇ ਤੇ ਵਿਦਿਆਰਥੀ ਅਧਿਆਪਕ ਨੂੰ .ਦੀਵਾ ਦੀਵਾ ਬਾਲ ਕੇ ਦਿਵਾਲੀ ਸਹਿਜੇ ਮਨਾਈ ਜਾਂਦੀ ਸੀ . ਵਾਤਾਵਰਨ ਵਿੱਚ ਬਨਾਵਟ ਤੇ ਕਪਟ ਦਾ ਪ੍ਰਦੂਸ਼ਨ ਏਨਾ ਨਹੀ ਖਿਲਰਿਆ ਸੀ .
ਦਿਵਾਲੀ ਵੀ ਸੱਚੀ - ਸੁੱਚੀ ਹੁੰਦੀ ਸੀ ,ਮਠਿਆਈ ਵੀ ,ਤੇ ਭਾਵਨਾਵਾਂ ਵੀ ;ਦਾਲੀ-ਚੌਲੀਂ ਤਿਓਹਾਰ ਮਨਾਇਆ ਜਾ ਸਕਦਾ ਸੀ .
ਅੱਜ ਅਸੀਂ ਆਪ ਆਪਣੇ ਪਿਤਾ ਜੀ ਵਾਲੇ ਮਕਾਮ ਤੇ ਖੜੇ ਹਾਂ ਤਾਂ ਮੌਸਮ ਮਾਹੌਲ ਤੇ ਲੋਕ ਸਭ ਕੁਝ ਬਦਲਿਆ ਬਦਲਿਆ ਹੈ, ਸਿਆਸਤ ਵੀ ਵਿਰਾਸਤ ਵੀ , ਸਭ ਕੁਝ ਪੂੰਜੀ ਦੇ ਜਬਾੜੇ ਹੈਠ ਦਰੜਿਆ ਜਾਂਦਾ ਦਿਸਦਾ ਹੈ .ਨਿੱਤ ਵਧ ਰਹੀ ਮਹਿੰਗਾਈ ਨੇ ਤਾਂ ਦਿਵਾਲਿਓਂ ਪਹਿਲਾਂ ਜੀਕਣ ਦਿਵਾਲਾ ਕਢਣ ਦੀ ਸਹੁੰ ਖਾਧੀ ਹੋਵੇ . ਤੋਹਿਫਿਆਂ ਦਾ ਲੈਣ ਦਿਨ ਜਿਵੇਂ ਰਿਸ਼ਵਤ ਖੋਰੀ ਦਾ ਸੁਧਰਿਆ ਰੂਪ ਪ੍ਰਮਾਣਿਤ ਕੀਤਾ ਜਾ ਚੁੱਕਾ ਹੋਵੇ . ਅੱਜ ਦੇਸ਼੍ਦ੍ਸ਼ਾ ਦਾ ਕਿਸੇ ਨੂੰ ਕੋਈ ਸਰੋਕਾਰ ਨਹੀਂ ਰਹੀ ਗਿਆ . ਆਦਮੀ ਸਰਕਾਰੀ ਹੋਵੇ ਕਿ ਵਪਾਰੀ ,ਹਰ ਇੱਕ ਨੂੰ ਸਿਰਫ ਗਾਂਧੀ ਨਾਲ ਨਿਸਬਤ ਰਹੀ ਗਈ ਹੈ . ਗਾਂਧੀ ਦੇ ਦਰਸ਼ਨ ਕਰਵਾਏ ਬਿਨਾਂ ਕੋਈ ਕੰਮ ਨਹੀਓਂ ਹੁੰਦਾ . ਅਜਿਹੇ ਮਾਰੂ ਮੌਸਮਾਂ ਵਿੱਚ , ਜਦੋਂ ਨਿੱਕੇ ਵਪਾਰ ਪੂੰਜੀ ਨੇ ਦਰੜ ਤੇ ਨੇ ,ਸਰਕਾਰੀ ਤੇ ਸਹਿਕਾਰੀ ਸੰਸਥਾਵਾਂ ਦਾ ਘੋਰੜੂ ਵੱਜ ਰਿਹਾ ਹੈ ,ਕੋਈ ਮੇਨੂੰ ਦੱਸੇ ਕਿ ਮੈ ਦਿਵਾਲੀ ਮੁਬਾਰਕ ਕਿਵੇਂ ਆਖਾਂ ?
ਦੀਪ ਜੀਰਵੀ ੯੮੧੫੫੨੪੬੦੦
੯/੧੪੨ ਜੀਰਾ
ਫਿਰੋਜਪੁਰ
ਪੰਜਾਬ .
--
deepzirvi9815524600
http://deepkavyanjli.blogspot.com
http://dztk.blogspot.com
SSA yg tuhadi aah poem main apne najaij adhkar di vrto krde hoi apni web site www.punjabinewsonline.com te update diti hai,
Sukhnaib sidhu
its reality veer ji
Respected Jaggi Ji,
Aapji di Diwali te likhi hoye Nazaam sachi poori taran dhukkdi hoye bahut hi kable tarif hai Ji.......
Baljinder
SO HEART TOUCHING //....... TRUTH
jaggi g tuhadi ih poim pad k ajj de samay da asli chehra sahmne aa janda ha.realy i like it.......................
Post a Comment