ਆਪਣੀ ਨਿੱਕੋ ਦਾ ਪੈਰ ਭਾਰੈ.......... ਵਿਅੰਗ

ਚਾਹੇ ਅਸੀਂ ਆਪ 'ਅੱਧੇ-ਛੜੇ' ਹੀ ਹਾਂ, ਪਰ ਰੱਬ ਦੀ ਕਿਰਪਾ ਸਦਕਾ ਅਸੀਂ ਹੁਣ ਤੱਕ ਕਈ ਘਰ 'ਵਸਾ' ਚੁੱਕੇ ਹਾਂ, ਆਪਣੇ ਨਹੀਂ, ਲੋਕਾਂ ਦੇ..! ਅਰਥਾਤ 'ਵਿਚੋਲੇ' ਬਣ ਚੁੱਕੇ ਹਾਂ। ਵਿਚੋਲੇ ਦਾ ਮਤਲਬ ਹੁੰਦੈ, "ਵਿਚ ਓਹਲਾ!" ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਘਰੇ ਪਤਨੀ ਨਹੀਂ। ਮੇਰੀ ਵੀ ਇਕ ਅੱਧ-ਪਚੱਧ ਜਿਹੀ ਪਤਨੀ ਹੈ। ਪਰ ਉਹ ਆਈ ਮੇਰੇ ਘਰੇ 'ਧੱਕੇ' ਨਾਲ ਹੀ ਹੈ। ਤੁਸੀਂ ਹੈਰਾਨ ਹੋਵੋਂਗੇ ਕਿ ਉਹ ਕਿਵੇਂ..? ਆਮ ਤੌਰ 'ਤੇ ਮੁੰਡੇ ਕੁੜੀਆਂ ਨਾਲ, ਧੱਕੇ ਨਾਲ ਵਿਆਹ ਕਰਵਾਉਂਦੇ ਹਨ। ਪਰ ਅਸੀਂ ਐਨੇ 'ਸਾਊ' ਅਤੇ 'ਸ਼ਰੀਫ਼' ਨਿਕਲੇ ਕਿ ਸਾਡੀ 'ਪਤਨੀ' ਨੇ ਸਾਡੇ ਨਾਲ ਫ਼ੋਟੋ 'ਤੇ ਹੀ ਵਿਆਹ ਕਰ ਲਿਆ ਅਤੇ ਅਸੀਂ ਉਸ ਨੂੰ ਬਾਪੂ ਅਤੇ ਦਾਦਾ ਜੀ ਦੇ 'ਛਿੱਤਰਾਂ' ਤੋਂ ਡਰਦਿਆਂ ਨੇ, 'ਧੰਨ ਐਂ-ਧੰਨ ਐਂ' ਆਖ ਕੇ ਸਵੀਕਾਰ ਕਰ ਲਿਆ। ਨਾ ਬਰਾਤ ਗਈ, ਨਾ ਆਨੰਦ ਕਾਰਜ ਹੋਏ। ਉਹ ਕਦੇ-ਕਦੇ ਸਾਡੇ ਕੰਨ 'ਚ ਇਕ ਗੀਤ ਗਾਉਂਦੀ ਹੁੰਦੀ ਐ, "ਐਵੇਂ ਨਾ ਲੜਿਆ ਕਰ ਢੋਲਾ-ਵੇ ਮੈਂ ਧੱਕੇ ਦੇ ਨਾਲ ਆਈ ਹੋਈ ਐਂ..!"
ਅਸੀਂ ਹੁਣ ਵੀ ਉਸ ਦੇ ਪੂਰੇ 'ਆਗਿਆਕਾਰ' ਹਾਂ। ਪਰ ਹੁਣ ਅਸੀਂ ਕਿਸੇ ਨੂੰ ਆਪਣੀ ਫ਼ੋਟੋ ਨਹੀਂ ਭੇਜਦੇ! ਕਾਰਨ...? ਕਿ ਕਿਤੇ ਹੁਣ ਕੋਈ ਹੋਰ ਨਾ ਸਾਡੇ ਨਾਲ ਫ਼ੋਟੋ 'ਤੇ ਵਿਆਹ ਕਰ ਲਵੇ! ਅੱਗ ਦੀ ਸਾੜੀ ਟਟਿਆਣ੍ਹੇਂ ਤੋਂ ਵੀ ਡਰਦੀ ਐ! ਗਧੀ ਡਿੱਗ ਪਈ ਸੀ ਭੱਠੇ ਵਿਚ ਤੇ ਦੀਵੇ ਵਾਲੇ ਘਰੇ ਨਹੀਂ ਸੀ ਵੜਦੀ! ਸਾਥੋਂ ਤਾਂ ਇਕ ਨ੍ਹੀ ਲੋਟ ਆਉਂਦੀ, ਦੂਜੀ ਨੂੰ ਕਿਵੇਂ ਸੰਭਾਲਾਂਗੇ..? ਦੁੱਧ ਦਾ ਸਾੜਿਆ ਲੱਸੀ ਨੂੰ ਵੀ ਫ਼ੂਕਾਂ ਮਾਰ-ਮਾਰ ਕੇ ਪੀਂਦੈ! ਪਰ ਹੁਣ ਸਾਨੂੰ ਇਕ ਗੱਲ ਦੀ ਸਮਝ ਹੌਲੀ-ਹੌਲੀ ਆਉਣ ਲੱਗ ਪਈ ਹੈ ਕਿ ਯਾਰੀ ਹਾਥੀਆਂ ਵਾਲਿਆਂ ਨਾਲ ਤੇ ਬਾਰ ਰੱਖਣੇਂ ਭੀੜ੍ਹੇ ਦਾ ਅਰਥ ਕੀ ਹੁੰਦੈ..!
ਅਸੀਂ ਪਹਿਲੀ ਵਾਰ ਵਿਚੋਲੇ ਬਣੇ ਤਾਂ ਸਾਡੀ ਬੜੀ ਸੇਵਾ ਅਤੇ 'ਖ਼ਾਤਿਰ' ਹੋਈ, ਦੋਨਾਂ ਧਿਰਾਂ ਨੇ ਸੇਵਾ ਦੇ ਕੜੱਲ ਕੱਢ ਦਿੱਤੇ। ਜਦੋਂ ਜਾਣਾ, ਦੁੱਧ, ਪਰੌਂਠੇ ਅਤੇ ਮਠਿਆਈ ਨਾਲ ਸੇਵਾ ਹੋਣੀ। ਕਦੇ ਕਦੇ ਰੋਟੀ ਨਾਲ਼ ਬੱਕਰਾ ਵੀ ਮਿਆਂਕ ਪੈਂਦਾ ਜਾਂ ਕੁੱਕੜ ਵੀ ਬਾਂਗ ਦੇ ਦਿੰਦਾ! ਅਸੀਂ ਆਪਣੇ ਆਪ ਨੂੰ ਲਾਹਣਤ ਪਾਈ ਕਿ ਅਜਿਹੇ ਕੰਮ ਪਹਿਲਾਂ ਕਿਉਂ ਨਾ ਵਿੱਢ ਲਏ? ਬਿੱਲੇ ਦੇ ਮੂੰਹ ਨੂੰ ਲਹੂ ਲੱਗਿਆ ਮਾੜਾ ਹੀ ਮਾੜਾ! ਖ਼ੈਰ, ਕੁੜੀ ਵਾਲਿਆਂ ਦਾ ਸੁਨੇਹਾਂ ਮੁੰਡੇ ਵਾਲਿਆਂ ਦੇ ਘਰ ਅਤੇ ਮੁੰਡੇ ਵਾਲਿਆਂ ਦਾ ਰੁੱਕਾ ਕੁੜੀ ਵਾਲਿਆਂ ਦੇ ਘਰ। ਕੰਮ ਤਾਂ ਮੈਨੂੰ ਇਹ 'ਕਰਮੂੰ ਬਾਹਮਣ' ਵਾਲਾ ਹੀ ਜਾਪਿਆ। ਪਰ ਜਦੋਂ ਅਸੀਂ ਦੋਨੋਂ ਧਿਰਾਂ ਵੱਲੋਂ ਮਿਲਦੇ ਪਿਆਰ-ਸਤਿਕਾਰ 'ਤੇ ਝਾਤੀ ਮਾਰੀ ਤਾਂ ਸਾਰੇ ਗਿ਼ਲੇ ਜਾਂਦੇ ਲੱਗੇ। ਵਿਆਹ ਹੋ ਗਿਆ। ਸਾਡੇ ਹਿੱਸੇ ਵਿਚੋਲਗਿਰੀ ਦੀ ਮੁੰਦਰੀ ਵੀ ਆ ਗਈ। ਚਾਹੇ ਅੱਧੇ ਤੋਲੇ ਦੀ ਹੀ ਸੀ, ਪਰ ਸੀ ਤਾਂ ਮੁੰਦਰੀ! ਚਾਹੇ ਹੌਲੀ ਹੀ ਸੀ, ਸੀ ਤਾਂ ਸੋਨੇ ਦੀ! ਪੁੰਨ ਦੀ ਗਾਂ ਦੇ ਦੰਦ ਕਿਸੇ ਨੇ ਗਿਣੇਂ ਐਂ?
ਦੋ ਕੁ ਮਹੀਨੇ ਬੀਤੇ। ਅਸੀਂ ਅਤੇ ਮੁੰਡੇ ਦਾ ਪਿਉ ਝੋਨਾ ਲੈ ਕੇ ਸ਼ਹਿਰ ਆੜ੍ਹਤੀਆਂ ਦੇ ਚਲੇ ਗਏ। ਕਿਉਂਕਿ ਇਕੋ ਪਿੰਡ ਦੇ ਹੀ ਸਾਂ। ਜਦੋਂ ਅਸੀਂ ਝੋਨਾ ਲਾਹ ਕੇ ਢੇਰੀਆਂ ਲਾ ਦਿੱਤੀਆਂ ਤਾਂ ਉਥੇ ਸਾਨੂੰ ਅਚਾਨਕ ਕੁੜੀ ਦਾ ਪਿਉ ਟੱਕਰ ਗਿਆ। ਬੜਾ ਸਿੱਧ-ਪੱਧਰਾ ਬੰਦਾ। ਖ਼ਾਲਸ ਜੱਟ! ਮੁੰਡੇ ਦੇ ਪਿਉ ਨੇ ਬੜੇ ਅਦਬ ਨਾਲ 'ਫ਼ਤਹਿ' ਬੁਲਾਈ। ਸਾਰੀ ਸੁੱਖ-ਸਾਂਦ ਤੋਂ ਬਾਅਦ ਕੁੜੀ ਦੇ ਪਿਉ ਨੇ ਪੁੱਛਿਆ, "ਹੋਰ ਕੁੜਮਾਂ ਨਿੱਕੋ ਦਾ ਕੀ ਹਾਲ ਐ?" ਤਾਂ ਮੁੰਡੇ ਦਾ ਪਿਉ ਬੜੀ ਨਿਮਰਤਾ ਨਾਲ ਦੱਸਣ ਲੱਗਿਆ, "ਬਾਬੇ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਐ-ਨਿੱਕੋ ਆਪਣੀ ਦਾ ਪੈਰ ਭਾਰੈ।" ਉਸ ਦੇ ਆਖਣ ਦੀ ਦੇਰ ਸੀ ਕਿ ਕੁੜੀ ਦੇ ਪਿਉ ਨੇ ਡਾਂਗ ਧੂਹ ਲਈ, "ਸਾਡੇ ਘਰੇ ਨਿੱਕੋ ਬੀਹ-ਬਾਈ ਵਰ੍ਹੇ ਰਹੀ ਐ-ਉਦੋਂ ਤਾਂ ਉਹਦਾ ਪੈਰ ਭਾਰਾ ਹੋਇਆ ਨਾ-ਹੁਣ ਕਿਮੇਂ ਹੋ ਗਿਆ?" ਤੇ ਫੇਰ ਉਹ ਆਪਣੀ ਤੋਪ ਦਾ ਮੂੰਹ ਸਾਡੇ ਵੱਲ ਨੂੰ ਸਿੱਧਾ ਕਰਕੇ ਖੜ੍ਹ ਗਿਆ, "ਕਿਉਂ ਉਏ ਕੰਜਰ ਦਿਆ ਵਿਚੋਲਿਆ! ਤੂੰ ਵੀ ਸਾਡੀ ਨਿੱਕੋ ਦਾ ਖਿਆਲ ਨ੍ਹੀ ਰੱਖਿਆ? ਕੀ ਕੀਤੈ ਇਹਨਾਂ ਕੰਜਰਾਂ ਨੇ ਨਿੱਕੋ ਨੂੰ? ਕੁੱਟਿਆ ਮਾਰਿਐ ਜਾਂ ਕੋਈ ਹੋਰ ਘਤਿੱਤ ਕੀਤੀ ਐ?" ਅਸੀਂ ਸਮਝਾਉਣ ਦੀ ਕੋਸਿ਼ਸ਼ ਕਰਨ ਹੀ ਲੱਗੇ ਸੀ ਕਿ ਉਹ ਫਿਰ ਭੜਕ ਪਿਆ, "ਮੈਂ ਥੋਡੇ ਦੋਨਾਂ 'ਤੇ ਈ ਠਾਣੇ ਰਪਟ ਲਿਖਾਊਂ-ਦੋਨਾਂ ਨੂੰ ਈ ਅੰਦਰ ਕਰਵਾਊਂ-ਦੋਨਾਂ ਨੂੰ ਈ! ਤੁਸੀਂ ਸਾਨੂੰ ਸਮਝ ਕੀ ਲਿਆ? ਨਿੱਕੋ ਕਿਸੇ ਕੱਢੇ ਵੱਢੇ ਘਰ ਦੀ ਐ?" ਜਦੋਂ ਰੌਲਾ ਸੁਣ ਕੇ ਉਥੇ ਦੁਨੀਆਂ ਇਕੱਠੀ ਹੋਣ ਲੱਗ ਪਈ ਤਾਂ ਸਾਨੂੰ ਆਪਣੇ ਕੋਮਲ ਸਰੀਰ ਦਾ ਫਿ਼ਕਰ ਪੈ ਗਿਆ। 'ਕੱਠ ਵਿਚ ਬੰਦਾ ਇਕ-ਇਕ ਮੁੱਕੀ ਮਾਰੇ ਤਾਂ 'ਰਾਮ ਨਾਮ ਸੱਤ' ਹੋ ਜਾਂਦੀ ਹੈ। ਅਸੀਂ ਕੁੜੀ ਦੇ ਪਿਉ ਨੂੰ ਇਕ ਪਾਸੇ ਲਿਜਾਣ ਵਿਚ ਸਫ਼ਲ ਹੋ ਗਏ। ਪਰ ਉਹ ਸੰਸਦ ਵਿਚ ਭੂਤਰੇ ਮੰਤਰੀਆਂ ਵਾਂਗ ਪੈਰਾਂ ਹੇਠੋਂ ਮਿੱਟੀ ਕੱਢਣੋਂ ਨਾ ਹਟੇ।
ਉਸ ਨੂੰ ਇਕ ਪਾਸੇ ਲਿਜਾ ਕੇ ਸਮਝਾਇਆ।
-"ਝਗੜਾ ਸਿਆਂ 'ਪੈਰ-ਭਾਰਾ' ਹੋਣ ਦਾ ਮਤਲਬ ਸਾਡੇ ਪਤਾ ਕੀ ਐ?"
-"ਕੀ ਮਤਬਲ ਐ?" ਉਸ ਦੀਆਂ ਦੁਨਾਲੀ ਬੰਦੂਕ ਵਰਗੀਆਂ ਨਾਸਾਂ ਸਾਨੂੰ ਡਰਾਉਣ ਆ ਰਹੀਆਂ ਸਨ।
-"ਪੈਰ ਭਾਰਾ ਹੋਣ ਦਾ ਮਤਲਬ ਐ ਬਈ ਆਪਣੀ ਨਿੱਕੋ ਨੂੰ ਬੱਚਾ-ਬੱਚੀ ਹੋਣ ਆਲੈ।"
-"..........।" ਝਗੜਾ ਸਿੰਘ ਦੀ ਬੋਲਤੀ ਬੰਦ ਹੋ ਗਈ। ਉਸ ਨੇ ਹੱਥ ਵਾਲੀ ਡਾਂਗ ਪਰ੍ਹੇ ਵਗਾਹ ਮਾਰੀ ਤਾਂ ਅਸੀਂ ਸੁਖ ਦਾ ਸਾਹ ਲਿਆ ਕਿ ਬਲਾਅ ਟਲ ਗਈ।
-"ਆਈ ਸਮਝ ਕਿ ਨਹੀਂ?" ਅਸੀਂ ਦੁਬਾਰਾ ਟੋਹਣ ਲਈ ਪੁੱਛਿਆ। ਸੰਤੁਸ਼ਟੀ ਕਰਨੀ ਚਾਹੀ।
-"ਅੱਛਾ-ਅੱਛਾ! ਬੱਚਾ ਬੱਚੀ ਹੋਣ ਆਲੈ? ਉਹੋ, ਉਏ ਭਰਾਵੋ ਮੇਰਾ ਈ ਡਮਾਕ ਖਰਾਬ ਐ! ਮੈਨੂੰ ਥੋਡੇ 'ਲਾਕੇ ਦੀ ਬਾਤ ਦਾ ਕੀ ਪਤਾ? ਆਓ ਬੋਤਲ ਲੈ ਕੇ ਇਕ ਇਕ ਪੇਕ ਲਾਈਏ ਤੇ ਕਾਲਜਾ ਤੱਤਾ ਕਰੀਏ-ਠੰਡ ਐ।" ਉਹ ਸਾਨੂੰ ਧੂਹ ਕੇ ਠੇਕੇ ਵੱਲ ਨੂੰ ਲੈ ਤੁਰਿਆ। ਅਸੀਂ ਮਨ ਵਿਚ ਹੀ ਕੱਛਾਂ ਵਜਾਈਆਂ। ਬਾਘੀ ਪਾਈ। ਸ਼ੁਕਰ ਮਨਾਇਆ ਬਈ ਸ਼ੁਕਰ ਐ ਰੱਬਾ ਤੇਰਾ। ਨਹੀਂ ਇਸ ਰੱਬ ਦੇ ਜੀਅ ਨੇ ਆਪ ਤਾਂ ਸਾਡੇ ਘਰੂਟ ਮਾਰਨੇ ਹੀ ਸੀ, ਇਕੱਠੀ ਹੋਈ ਜਨਤਾ ਨੇ ਵੀ ਹੱਥ ਸੇਕ ਲੈਣੇ ਸਨ। ਸ਼ੁਕਰ ਹੈ ਹੁਣ ਕਾਲਜਾ ਤੱਤਾ ਕਰਨ ਲਈ ਸੁਲਾਹ ਮਾਰਨ ਲੱਗ ਪਿਆ। ਅੱਗੇ ਤੋਂ ਅਸੀਂ ਆਪਣੇ ਕੰਨੀਂ ਹੱਥ ਲਾਏ ਕਿ ਜੇ ਕਿਸੇ ਨੂੰ ਅਜਿਹੀ ਭੇਦ ਭਰੀ ਗੱਲ ਦੱਸਣੀ ਹੋਵੇ ਤਾਂ ਸਿੱਧੀ ਹੀ ਅਗਲੇ ਦੇ ਮੱਥੇ ਮਾਰਿਆ ਕਰਾਂਗੇ, ਭਾਈ ਥੋਡੀ ਨੂੰਹ-ਧੀ ਨੂੰ ਜੁਆਕ-ਜੱਲਾ ਹੋਣ ਆਲੈ!
ਅਸੀਂ ਦੁਬਾਰਾ ਵਿਚੋਲੇ ਬਣਨ ਲਈ ਦਿਲ ਕੱਢਿਆ। ਆਪਣੇ ਖੰਭ ਪਰਖੇ ਕਿ ਭਾਰ ਤੋਲਣ ਜੋਗੇ ਹਨ ਵੀ ਕਿ ਨਹੀਂ? ਪਹਿਲੀ ਵਿਚੋਲਗਿਰੀ ਦੀ ਛਾਪ ਨੇ ਸਾਨੂੰ ਲਾਲਚੀ ਬਣਾ ਦਿੱਤਾ ਸੀ। ਲਾਲਚ ਕਰਕੇ ਤਾਂ ਸ਼ੇਰ ਕੜੱਕੇ ਵਿਚ ਜਾ ਫ਼ਸਦੈ, ਅਸੀਂ ਵਿਚਾਰੇ ਕੀਹਦੇ ਪਾਣੀਹਾਰ? ਦੂਜੀ ਵਾਰ ਵਿਚੋਲਾ ਬਣਨ ਦਾ ਪ੍ਰਪੱਕ ਨਿਹਚਾ ਕਰ ਲਿਆ। ਸਾਡੀ ਮਾੜੀ ਕਿਸਮਤ, ਮੁੰਡਾ ਅੱਗੋਂ ਕਾਮਰੇਡ! ਪਹਿਲਾਂ ਤਾਂ ਵਿਆਹ ਨੂੰ ਲੱਤ ਈ ਨਾ ਲਾਵੇ, ਅਖੇ ਥੋਡੀ ਸੋਚ ਪਿਛਾਂਹ-ਖਿੱਚੂ ਐ। ਘਰਦਿਆਂ ਨੇ ਜਾਭਾਂ ਦਾ ਭੇੜ੍ਹ ਕੀਤਾ, ਤਾਂ ਜਾ ਕੇ ਕਿਤੇ ਤੋਕੜ ਮੱਝ ਵਾਂਗ ਕਿੱਲੇ 'ਤੇ ਖੜ੍ਹਿਆ। ਫੇਰ ਹੋਰ ਗੱਲ ਦਾ ਰੇੜਕਾ ਪਾ ਕੇ ਬੈਠ ਗਿਆ, ਮੈਨੂੰ ਕੁੜੀ ਉਚੇ ਖਿਆਲਾਂ ਦੀ, ਉਸਾਰੂ-ਵਿਚਾਰਾਂ ਵਾਲੀ ਚਾਹੀਦੀ ਐ। ਕਾਮਰੇਡ ਦਾ ਬਾਪੂ ਖਿਝ ਗਿਆ, ਤੈਨੂੰ ਚੀਨ ਆਲੇ ਮੰਤਰੀ ਦੀ ਕੁੜੀ ਨਾ ਲਿਆ ਦੀਏ? ਮੁੰਡਾ ਹੱਸ ਪਿਆ ਅਤੇ ਸਾਨੂੰ ਅੱਧੀ ਸਹਿਮਤੀ ਮਿਲ ਗਈ। ਸਹੁਰੇ ਵੀ ਰਾਜੀ ਅਤੇ ਪੇਕੇ ਵੀ ਬਾਗੋਬਾਗ। ਪਰ ਅਸੀਂ ਨਿਰਾਸ਼! ਕਾਮਰੇਡ ਦਾ ਵਿਆਹ ਕਾਹਦਾ? ਨਾ ਜੰਨ ਗਈ, ਨਾ ਆਨੰਦ ਕਾਰਜ! ਨਾ ਕੋਈ ਦਾਰੂ-ਦੱਪਾ, ਨਾ ਪਾਰਟੀ! ਪਤੰਦਰ 'ਕੱਲਾ ਈ ਸਾਈਕਲ 'ਤੇ ਕੁੜੀ ਲੱਦ ਕੇ ਘਰੇ ਲੈ ਆਇਆ। ਅਖੇ ਫ਼ੋਕੇ ਖਰਚੇ ਅਸੀਂ ਨ੍ਹੀ ਕਰਨੇ। ਅਖੇ ਦੁਨੀਆਂ ਫ਼ੋਕੀਆਂ ਸ਼ੋਹਰਤਾਂ ਕਰਕੇ ਕਰਜ਼ਾਈ ਹੋਈ ਜਾ ਰਹੀ ਐ। ਲੋਟੂ-ਟੋਲਾ ਥੋਨੂੰ ਲੁੱਟ ਰਿਹੈ। ਫਿੱ੍ਹਟੇ ਮੂੰਹ! ਇਹ ਵੀ ਕੋਈ ਵਿਆਹ ਐ? ਜਦੋਂ ਕਾਮਰੇਡ ਨੇ ਹੀ ਕੁਛ ਨਹੀਂ ਲਿਆ ਸੀ, ਤਾਂ ਸਾਨੂੰ ਵਿਚੋਲਗਿਰੀ ਦੀ ਛਾਪ ਢੱਠੇ-ਖੂਹ 'ਚੋਂ ਮਿਲਣੀ ਸੀ? ਨੰਗਾਂ ਦੇ ਨੰਗ ਪ੍ਰਾਹੁਣੇਂ! ਕੰਨਾਂ ਨੂੰ ਹੱਥ ਲਾਏ, ਕੱਟਿਆਂ ਦਾ ਵਪਾਰ ਕਰਨਾ ਮਨਜ਼ੂਰ, ਪਰ ਕਿਸੇ ਕਾਮਰੇਡ ਦਾ ਵਿਚੋਲਾ ਨ੍ਹੀ ਬਣਨਾ! ਜਿਹੜੇ ਵਿਚੋਲੇ ਨੂੰ ਛਾਪ ਨ੍ਹੀ ਪਾ ਸਕਦੇ, ਇਹ ਕਾਮਰੇਡੀ ਸੁਆਹ ਦੀ ਐ? ਅਸੀਂ ਮੁੰਦਰੀ ਦੇ ਲਾਲਚ ਨੂੰ ਵਾਧੂ ਗਿੱਟੇ ਕਢਵਾਉਂਦੇ ਰਹਿ ਗਏ। ਸਾਡੀ ਤਾਂ ਕਾਮਰੇਡ ਬਾਤ ਨ੍ਹੀ ਪੁੱਛਦਾ, ਆਪਦੀ ਘਰਵਾਲੀ ਨੂੰ 'ਜੀਤੀ-ਜੀਤੀ' ਕਰਦੇ ਦਾ ਮੂੰਹ ਸੁੱਕਦੈ! ਕਿੰਨੇ ਨਾਸ਼ੁਕਰੇ ਬੰਦੇ ਐ!
ਦੂਜੀ ਵਿਚੋਲਗੀ ਦਾ ਕੌੜਾ ਤਜ਼ਰਬਾ ਹੋਇਆ। ਸੋਚਿਆ ਜਿਹੜਾ ਇਹ ਘਾਟਾ ਪਿਐ, ਅਗਲੇ ਘਰ ਤੋਂ ਪੂਰਾ ਕਰਾਂਗੇ! ਕੁੜੀ ਵਾਲਿਆਂ ਤੋਂ ਵੀ ਛਾਪ, ਮੁੰਡੇ ਆਲਿਆਂ ਕੋਲੋਂ ਵੀ ਛਾਪ! ਘਾਟੇ-ਵਾਧੇ ਬਰਾਬਰ! ਘਾਟੇ ਵਾਧੇ ਵਪਾਰ 'ਚ ਹੁੰਦੇ ਹੀ ਰਹਿੰਦੇ ਐ! ਹੁਣ ਸਾਡੇ ਉਪਰ 'ਵਿਚੋਲੇ' ਦਾ ਲੇਬਲ ਲੱਗ ਗਿਆ ਸੀ। ਜਿਵੇਂ ਕਿਸੇ ਨੂੰ ਡਾਕਟਰ, ਇੰਜਨੀਅਰ ਜਾਂ ਪ੍ਰੋਫ਼ੈਸਰ ਦੀ ਉਪਾਧੀ ਮਿਲ ਜਾਂਦੀ ਐ, ਸਾਨੂੰ ਵਿਚੋਲੇ ਵਾਲੀ 'ਉਪਾਧੀ' ਮਿਲ ਗਈ ਸੀ। ਸਾਡੀ ਰੱਬ ਨੇ ਫੇਰ ਸੁਣ ਲਈ। ਸੁਣੀ ਕੀ? ਲਹਿਰਾਂ ਬਹਿਰਾਂ ਕਰ ਦਿੱਤੀਆਂ! ਇਕ 'ਮੁੰਡਾ' ਕੈਨੇਡਾ ਤੋਂ ਆਇਆ ਸੀ। ਉਮਰ 50 ਸਾਲ। ਵਿਆਹ ਕਰਵਾਉਣ ਨੂੰ ਤਾਂਘਦਾ ਸੀ। ਨਾਲੇ 50 ਸਾਲ ਕੀ ਉਮਰ ਹੁੰਦੀ ਐ? ਵਾਲ ਕਾਲੇ, ਦਾਹੜ੍ਹੀ ਘਰੜ੍ਹੀ ਹੋਈ, ਉਹ ਤਾਂ ਲੱਗਦਾ ਹੀ ਪੱਚੀਆਂ ਕੁ ਦਾ ਐ! ਨਾਲੇ ਮਰਦ ਤੇ ਘੋੜਾ ਵੀ ਕਦੇ ਬੁੱਢੇ ਹੋਏ ਐ? ਖ਼ੁਰਾਕਾਂ ਮਿਲੀ ਜਾਣ ਸਹੀ! ਸਾਨੂੰ 'ਕਾਮਰੇਡ ਐਂਡ ਜੀਤੀ ਕੰਪਨੀ' 'ਚੋਂ ਪਿਆ ਘਾਟਾ ਇੱਧਰੋਂ ਪੂਰਾ ਹੁੰਦਾ ਲੱਗਦਾ ਸੀ। ਅਸੀਂ ਕੈਨੇਡੀਅਨ 'ਲਾੜੇ' ਨੂੰ ਉਚੇਚ ਕਰਕੇ ਜਾ ਮਿਲੇ। ਉਹ 'ਮੁੰਡਾ-ਖੁੰਡਾ' ਦਿਸਣ ਲਈ ਗਰੀਸ ਜਿਹੇ ਨਾਲ ਆਪਣੇ ਵਾਲ ਚੋਪੜੀ ਬੈਠਾ ਸੀ। ਉਠ ਕੇ ਬੜੇ ਉਤਸ਼ਾਹ ਨਾਲ ਮਿਲਿਆ, ਮੜਕ ਭੋਰਾ ਵੀ ਨਾ! ਵਿਚੋਲੇ ਵਾਲਾ 'ਲੇਬਲ' ਸਾਨੂੰ ਰਾਸ ਆਇਆ, ਉਸ ਨੇ ਜਾਨੀ-ਵਾਕਰ ਦੀ ਬੋਤਲ ਸੱਪ ਵਾਂਗ ਕੱਢ ਕੇ ਸਾਡੇ ਮੂਹਰੇ ਰੱਖ ਦਿੱਤੀ। ਬੜਾ ਦਿਲ ਦਰਿਆ ਬੰਦਾ। ਸੂਮ ਕਾਮਰੇਡ ਨਾਲੋਂ ਲੱਖ ਦਰਜੇ ਚੰਗਾ। ਜੇ ਅਸੀਂ ਕਦੇ ਭੁੱਲ-ਭੁੱਲੇਖੇ ਕਾਮਰੇਡ ਦੇ ਘਰੇ ਚਲੇ ਜਾਣਾ ਤਾਂ ਉਸ ਨੇ ਆਪਣੀ ਘਰਵਾਲੀ ਨੂੰ ਮਲਵੀਂ ਜਿਹੀ ਜੀਭ ਨਾਲ ਆਖਣਾ, "ਜੀਤੀ! ਸਾਥੀ ਅੱਧਾ ਕੁ ਕੱਪ ਚਾਹ ਬਣਾ ਲਵੋ!" ਬਈ ਪੁੱਛਣਾ ਹੋਵੇ, ਪੂਰਾ ਕੱਪ ਬਣਾਉਂਦੀ ਜੀਤੀ ਦੇ ਖੁਰਕ ਪੈਂਦੀ ਐ? ਨੀਤ ਦੇ ਨਿਰੇ ਨੰਗ! ਜਿਹੋ ਜੀ ਨੰਦੋ ਬਾਹਮਣੀਂ, ਉਹੋ ਜਿਆ ਘੁੱਦੂ ਜੇਠ। ਜਿਹੋ ਜਿਹਾ ਮੱਖੀ ਚੂਸ ਕਾਮਰੇਡ, ਉਸ ਤੋਂ ਵੱਧ ਟਿੱਡੀਆਂ ਬੁਸ਼ਕਰਨ ਵਾਲੀ ਉਸ ਦੀ ਖਲਪਾੜ ਜਿਹੀ ਜੀਤੀ! 'ਉਸਾਰੂ-ਵਿਚਾਰਾਂ' ਵਾਲੀ!
ਖ਼ੈਰ! ਸਾਡੀ ਜੱਦੋਜਹਿਦ ਰੰਗ ਲਿਆਈ। ਕੈਨੇਡੀਅਨ 'ਲਾੜੇ' ਦਾ ਪੱਕ-ਠੱਕ ਕਰਵਾ ਦਿੱਤਾ। ਕੀ ਹੋ ਗਿਆ ਕਿ ਕੁੜੀ ਦੀ ਉਮਰ ਕੈਨੇਡੀਅਨ ਲਾੜੇ ਤੋਂ ਤੀਹ ਸਾਲ ਛੋਟੀ ਸੀ? ਮੁੰਡਾ ਤਾਂ ਕੈਨੇਡੀਅਨ ਸੀ ਨਾ! ਨਾਲੇ 25-30 ਸਾਲਾਂ ਦਾ ਵੀ ਕੋਈ ਫ਼ਰਕ ਹੁੰਦੈ? ਕੁੜੀ ਦੇ ਮਾਂ-ਪਿਉ ਤਾਂ ਸਾਡੇ ਪੈਰ ਧੋ-ਧੋ ਕੇ ਪੀਣ ਨੂੰ ਤਿਆਰ ਸੀ, ਸਾਡੀ ਕੁੜੀ ਨੂੰ 'ਬਾਹਰਲਾ' ਮੁੰਡਾ ਲੱਭ ਕੇ ਦਿੱਤੈ! ਕੈਨੇਡੀਅਨ ਲਾੜਾ ਸਾਡੀ ਹਰ ਰੋਜ ਵਿਸਕੀ ਅਤੇ ਕੁੱਕੜ-ਬਟੇਰੇ ਨਾਲ ਸੇਵਾ ਕਰਦਾ ਸੀ, ਜੱਫ਼ੀਆਂ ਪਾਉਂਦਾ ਸੀ। ਜਦੋਂ ਅਸੀਂ ਕੈਨੇਡੀਅਨ ਦਾ ਮੁਕਾਬਲਾ ਕਾਮਰੇਡ ਨਾਲ ਕਰਕੇ ਦੇਖਣਾ ਤਾਂ ਸਾਥੋਂ ਕਾਮਰੇਡ ਨੂੰ ਸੌ-ਸੌ ਗਾਲ੍ਹ ਨਿਕਲਣੀ! ਕੈਨੇਡੀਅਨ ਦਾ ਵਿਆਹ ਹੋ ਗਿਆ। ਲੋਕਾਂ ਨੇ ਦੋ ਚਾਰ ਦਿਨ ਦੰਦ-ਕਥਾ ਕੀਤੀ। ਚੁੱਪ ਕਰ ਗਏ। ਪਤਾ ਨ੍ਹੀ ਲੋਕਾਂ ਨੂੰ ਕੀ ਬੁਰੀ ਬਾਣ ਐਂ? ਕਿਸੇ ਦੀ ਕੁੜੀ ਕਿਸੇ ਦਾ ਮੁੰਡਾ, ਲੋਕਾਂ ਦੇ ਕੀ ਸੂਲ ਹੁੰਦੈ? ਸਾਡੇ ਹਿੱਸੇ ਇਕ ਨਹੀਂ, ਦੋ ਛਾਪਾਂ ਆ ਗਈਆਂ। ਘਾਟੇ ਪੂਰੇ ਹੋ ਗਏ! ਦੋ-ਤਿੰਨ ਮਹੀਨੇ ਕੁੜੀ ਨੂੰ ਘੁੰਮਾ-ਫਿਰਾ ਕੇ ਕੈਨੇਡੀਅਨ 'ਮੁੰਡਾ' ਕੁੜੀ ਨੂੰ ਜਲਦੀ ਹੀ ਮੰਗਵਾ ਲੈਣ ਦਾ ਵਾਅਦਾ ਕਰਕੇ ਕੈਨੇਡਾ ਨੂੰ ਜਹਾਜ ਚੜ੍ਹ ਗਿਆ। ਜਾਣ ਤੋਂ ਪਹਿਲਾਂ ਚੰਡੀਗੜ੍ਹ, ਮੈਸੂਰੀ, ਸਿ਼ਮਲੇ ਤੇ ਹੋਰ ਪਤਾ ਨਹੀਂ ਕਿੱਥੇ-ਕਿੱਥੇ ਕੁੜੀ ਨੂੰ ਘੁਮਾਉਂਦਾ ਰਿਹਾ। ਕਾਮਰੇਡ ਤਾਂ ਆਪਦੀ ਜੀਤੀ ਨੂੰ ਮੋਗੇ ਫਿ਼ਲਮ ਨਹੀਂ ਦਿਖਾ ਸਕਿਆ। ਕਿੰਨਾਂ ਮੱਖੀ-ਚੂਸ ਐ ਸਾਲਾ ਕੁੱਤਿਆਂ ਦਾ!
ਹੁਣ ਤਿੰਨ ਮੁੰਦਰੀਆਂ ਸਾਡੇ ਹੱਥਾਂ ਵਿਚ ਕਾਲੇ ਨਾਗ਼ ਦੀ ਅੱਖ ਵਾਂਗੂੰ ਦਗ਼ਦੀਆਂ ਰਹਿੰਦੀਆਂ। ਸਾਡੀ ਸ਼ਾਮਤ ਤਾਂ ਉਦੋਂ ਆਈ ਜਦੋਂ ਕੈਨੇਡੀਅਨ ਲਾੜੇ ਨੇ ਜਾ ਕੇ ਕੁੜੀ ਨੂੰ ਕੋਈ ਕਾਗਜ਼-ਪੱਤਰ ਨਾ ਭੇਜਿਆ। ਪਹਿਲਾਂ ਜਾ ਕੇ ਤਾਂ ਫ਼ੋਨ-ਫ਼ਾਨ ਕਰਦਾ ਰਿਹਾ, ਪਰ ਫਿਰ ਇਕ ਦਮ ਚੁੱਪ ਜਿਹਾ ਕਰ ਗਿਆ। ਕੁੜੀ ਵਾਲਿਆਂ ਨੇ ਸਾਡੀ ਜਾਨ ਖਾਣੀ ਸ਼ੁਰੂ ਕਰ ਦਿੱਤੀ। ਅਸੀਂ ਕਿਹੜਾ ਕੈਨੇਡਾ ਦੇ ਮੁੱਖ ਮੰਤਰੀ ਸੀ? ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮੁੰਡਾ ਕੈਨੇਡਾ ਰਹਿੰਦਾ ਵੀ ਹੈ ਕਿ ਨਹੀਂ? ਕੁੜੀ ਨੂੰ ਵੀ ਕੰਜਰ ਦੇ ਨੇ ਕੋਈ ਪਤਾ-ਸੁਤਾ ਨਹੀਂ ਦਿੱਤਾ ਸੀ। ਕੁੜੀ ਵੀ ਸਹੁਰੀ ਭੋਲੀ, ਕੈਨੇਡੀਅਨ ਦੀ ਬੁੱਕਲ 'ਚ ਵੜ, ਲੋਰੀਆਂ ਲੈਂਦੀ, ਸਾਰਾ ਕੁਛ ਭੁੱਲ ਗਈ। ਜਦੋਂ ਕੁੜੀ ਵਾਲਿਆਂ ਨੇ ਸਾਡੇ ਬਨੇਰੇ ਬੁਰੀ ਤਰ੍ਹਾਂ ਰੰਦਣੇ ਸ਼ੁਰੂ ਕਰ ਦਿੱਤੇ ਤਾਂ ਅਸੀਂ ਆਪਣਾ ਭੁੱਗਾ ਕੁੱਟੇ ਜਾਣ ਤੋਂ ਪਹਿਲਾਂ ਹੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਡਰਦਿਆਂ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਡੇਰਾ ਲਾ ਲਿਆ। ਜਦੋਂ ਕੋਈ ਕੈਨੇਡਾ ਤੋਂ ਜਹਾਜ ਆਇਆ ਕਰੇ, ਅਸੀਂ ਕੈਨੇਡਾ ਤੋਂ ਆਉਣ ਵਾਲਿਆਂ ਨੂੰ 'ਲਾੜੇ' ਦਾ ਹੁਲੀਆ ਅਤੇ ਪਿੰਡ ਦੱਸ ਕੇ ਜਾਣਕਾਰੀ ਹਾਸਲ ਕਰਨ ਦੀ ਕੋਸਿ਼ਸ਼ ਕਰਿਆ ਕਰੀਏ।
ਆਖਰ ਸਾਡੇ ਸਿਰ ਵਿਚ ਇਕ ਹੋਰ ਭੜ੍ਹਾਕਾ ਫ਼ਟ ਗਿਆ। ਉਸ ਦੇ ਕਿਸੇ ਨੇੜਲੇ ਜਾਣਕਾਰ ਨੇ ਦੱਸਿਆ ਕਿ ਲਾੜਾ ਜੀ ਤਾਂ ਸੁੱਖ ਨਾਲ 25 ਸਾਲ ਪਹਿਲਾਂ ਦੇ ਵਿਆਹੇ-ਵਰੇ ਹਨ ਅਤੇ ਉਹਨਾਂ ਨੇ ਕੈਨੇਡਾ ਵਿਚ ਹੁਣੇ ਜਿਹੇ ਆਪਣੀ 23 ਸਾਲਾ ਲੜਕੀ ਦੀ ਸ਼ਾਦੀ ਕੀਤੀ ਸੀ। ਸਾਨੂੰ ਤਾਂ ਜੀ ਦਿਲ ਦਾ ਦੌਰਾ ਪੈਣ ਵਾਲਾ ਹੋ ਗਿਆ! ਰੱਬ ਅੱਗੇ ਹੱਥ ਜੋੜੇ, ਬਚਾ ਰੱਬਾ, ਤੇਰੇ ਅਣਜਾਣ ਬੱਚੇ ਹਾਂ! ਘਰੇ ਕਿਵੇਂ ਜਾਈਏ? ਕੁੜੀ ਵਾਲੇ ਸਾਨੂੰ ਛਿੱਲਣ ਲਈ ਰੈਂਗੜੇ ਚੁੱਕੀ ਫਿਰਦੇ ਸਨ। ਆਖਰ ਕਾਮਰੇਡ ਦੇ ਘਰੇ ਹੀ ਜਾ ਡੇਰੇ ਲਾਏ। ਕਦੇ-ਕਦੇ ਖੋਟਾ ਸਿੱਕਾ ਵੀ ਕੰਮ ਆ ਜਾਂਦੈ। ਕਾਮਰੇਡ ਨੂੰ ਸਾਰੀ ਗੱਲ ਦੱਸੀ। ਉਸ ਨੇ ਕੈਨੇਡੀਅਨ ਦੀਆਂ ਸਾਰੀਆਂ ਗੁੱਥੀਆਂ ਫ਼ਰੋਲਣ ਦੀ ਜਿ਼ੰਮੇਵਾਰੀ ਲਈ। ਕਹਿੰਦਾ ਕੈਨੇਡਾ ਵਿਚ ਸਾਡੇ ਬੜੇ ਸਾਥੀ ਵਸਦੇ ਨੇ, ਬੁੱਢੇ ਲਾੜੇ ਨੂੰ ਨਿਰਵਸਤਰ ਕਰਾਂਗੇ ਤੇ ਕੁੜੀ ਨੂੰ ਇਨਸਾਫ਼ ਦੁਆਵਾਂਗੇ! ਸਾਨੂੰ ਵੀ ਤੱਤੀਆਂ-ਠੰਢੀਆਂ ਸੁਣਾ ਗਿਆ, ਅਖੇ ਤੁਸੀਂ ਲੋਕ ਅੰਨ੍ਹੇ ਹੋ, ਕੁਛ ਕਰਨ ਲੱਗੇ ਅੱਗਾ ਪਿੱਛਾ ਨ੍ਹੀ ਦੇਖਦੇ। ਜੀਤੀ ਜੀ ਵੀ ਆਪਣੇ ਗੁੱਸੇ ਦਾ ਰੇਗਮਾਰ ਸਾਡੇ ਫ਼ੁੱਲ ਵਰਗੇ ਸਰੀਰ 'ਤੇ ਫੇਰ ਗਈ, ਅਖੇ ਕੁੜੀ ਦੀ ਜਿ਼ੰਦਗੀ ਬਰਬਾਦ ਕਰਨ ਦੇ ਸਰਾਸਰ ਤੁਸੀਂ ਜਿ਼ੰਮੇਵਾਰ ਹੋ! ਕੋਈ ਪੁੱਛੇ, ਬਈ ਸਹੁਰੀਏ ਖੁਰਚਣੀਏਂ ਜੀਏ, ਕੀ ਕੋਈ ਕਿਸੇ ਦੇ ਅੰਦਰ ਵੜਿਆ ਹੁੰਦੈ? ਕੇਰਾਂ ਈ ਜੱਜ ਬਣਕੇ ਖੜ੍ਹਗੀ? ਪਰ ਅਸੀਂ ਇਸ ਗਲਤੀ ਤੋਂ ਇਕ ਸਬਕ ਜ਼ਰੂਰ ਸਿੱਖਿਐ, ਕਿਸੇ 'ਬਾਹਰਲੇ' ਦੇ ਵਿਚੋਲੇ ਨਹੀਂ ਬਣਨਾ। ਕੰਨਾਂ ਨੂੰ ਵਾਰ-ਵਾਰ ਹੱਥ ਲਾਏ, ਅਜੇ ਤਾਂ ਅਸੀਂ ਆਪਣੇ ਹੱਡ ਬਚਾਉਣ 'ਤੇ ਲੱਗੇ ਹੋਏ ਹਾਂ!

Print this post

3 comments:

Amritpal singh said...

wah wah ji kya likya hai tusi jnab?
tusi wadahai de paatar ho ji.
from lally loona nz

Unknown said...

yes vry good stories u wrote truth dear

Unknown said...

v good tusin great ho

Post a Comment

ਆਓ ਜੀ, ਜੀ ਆਇਆਂ ਨੂੰ !!!

free counters