ਮੈਂ ਕਦੋਂ ਪੀਤੀ ਐ ਯਾਰ.......... ਵਿਅੰਗ

ਆਲ਼ਸ ਦਾ ਦੂਜਾ ਨਾਂ 'ਘੌਲ਼' ਹੈ! ਘੌਲ਼ ਐਹੋ ਜਿਹੀ ਕਮਜ਼ਾਤ ਚੀਜ਼ ਐ ਕਿ ਜੀਹਦੇ ਇਹ ਪੱਲੇ ਪੈ ਜਾਵੇ, ਕੁਝ ਨਹੀਂ ਕਰਨ ਦਿੰਦੀ। ਜਿਸ ਬੰਦੇ ਦੇ ਪੱਲੇ ਆਲ਼ਸ ਅਰਥਾਤ ਘੌਲ਼ ਪੈ ਜਾਵੇ, ਉਹ ਨਿਖੱਟੂ ਬਣ ਜਾਂਦਾ ਹੈ, ਜਿਹੜਾ ਬੰਦਾ ਨਿਕੰਮਾਂ ਬਣ ਗਿਆ, ਉਹ ਫਿਰ ਨਸ਼ੇ ਦਾ ਆਸਰਾ ਭਾਲਣ ਲੱਗ ਜਾਂਦਾ ਹੈ। ਨਸ਼ਾ ਵੀ ਬੇਵਕਤੀ! ਦੁਨੀਆਂ ਤਾਂ ਉਸ ਦੇ ਕੁਤਕੁਤੀਆਂ ਕੱਢਦੀ ਹੀ ਹੈ, ਬੰਦਾ ਸ਼ਾਇਦ ਆਪਣੇ ਆਪ ਦੇ ਵੀ ਘਰੂਟ ਵੱਢਣ ਲੱਗ ਪੈਂਦਾ ਹੈ! ਇਕ ਵਾਰ ਇਕ ਭਾਈਬੰਦ ਕਹਿਣ ਲੱਗਿਆ, "ਮੈਂ ਜਹਾਜ 'ਚ ਜੰਗਲ ਪਾਣੀ ਨ੍ਹੀਂ ਜਾਂਦਾ!" ਪੁੱਛਣ 'ਤੇ ਉਸ ਨੇ ਦੱਸਿਆ, "ਯਾਰ ਘੌਲ਼ ਜੀ ਹੋ ਜਾਂਦੀ ਐ-ਬਾਕੀ ਗੱਲ ਇਕ ਹੋਰ ਵੀ ਐ-ਜਹਾਜ ਦੀ ਟੁਆਇਲਟ 'ਚ ਹੱਥ ਧੋਣ ਆਸਤੇ ਪਾਣੀ ਆਲੀ ਬੋਤਲ ਨ੍ਹੀ ਰੱਖੀ ਹੁੰਦੀ-ਘੌਲ਼ ਦਾ ਵੱਡਾ ਕਾਰਨ ਇਹ ਵੀ ਐ-ਕਾਗਜ ਜਿਆ ਵਰਤਣ ਨੂੰ ਦਿਲ ਨ੍ਹੀ ਕਰਦਾ!" ਚਲੋ ਘੌਲ਼ ਤਾਂ ਘੌਲ਼ ਹੀ ਹੋਈ, ਪਰ ਜਿਹੜੇ ਬੰਦੇ ਗੱਲ ਕਰ ਕੇ ਮੁੱਕਰ ਜਾਂਦੇ ਹਨ, ਉਹਨਾਂ ਦਾ ਕੀ ਕੀਤਾ ਜਾਵੇ? ਕਹਿੰਦੇ ਹਨ ਕਿ ਮਰੇ ਅਤੇ ਮੁੱਕਰੇ ਦਾ ਕੋਈ ਇਲਾਜ਼ ਹੀ ਨਹੀਂ! ਗੱਲ ਵੀ ਸਹੀ ਹੈ! ਸੋਲ੍ਹਾਂ ਆਨੇ ਸੱਚ!! ਮਰੇ ਪਏ ਬੰਦੇ ਦੇ ਕੀ ਕੋਈ ਗੁਲੂਕੋਜ਼ ਦੀ ਬੋਤਲ ਲਾ ਦਿਊ? ਤੇ ਮੁੱਕਰੇ ਨੂੰ ਲੱਖ ਮਨਾਉਣ ਦੀ ਕੋਸਿ਼ਸ਼ ਕਰੀ ਜਾਵੋ, ਉਹ ਨਹੀਂ ਮੰਨਦਾ! ਕਹਿ-ਕਰ ਕੇ ਮੁੱਕਰਨ ਵਾਲੇ ਬੰਦੇ ਐਹੋ ਜੇ ਗਿੱਦੜਮਾਰ ਹੁੰਦੇ ਨੇ ਕਿ ਸਹੇ ਦੀ ਚੌਥੀ ਟੰਗ ਬਾਰੇ ਮੰਨਦੇ ਹੀ ਨਹੀਂ, ਨਾ ਜੀ ਸਹੇ ਦੀਆਂ ਤਾਂ ਟੰਗਾਂ ਈ ਤਿੰਨ ਹੁੰਦੀਐਂ। ਦੱਸੋ ਕੀ ਕਰੂ?

ਸਾਡੇ ਇਕ ਐਹੋ ਜਿਹਾ ਬੰਦਾ ਹੈ, ਉਸ ਨੂੰ ਕਿਸੇ ਨੇ ਐਵੇਂ ਹੀ ਭੁਲੇਖਾ ਪਾ ਦਿੱਤਾ ਕਿ ਜੀ ਫ਼ੁੱਟਬਾਲ ਦੇ ਮੈਚ ਵਿਚ ਛੇ ਤੋਂ ਵੱਧ ਗੋਲ਼ ਨਹੀਂ ਹੋ ਸਕਦੇ। ਉਸ ਲੀਰ ਦੇ ਫ਼ਕੀਰ ਬੰਦੇ ਨੇ ਐਸੀ "ਮੈਂ ਨਾ ਮਾਨੂੰ" ਦੀ ਰਟ ਲਾਈ ਕਿ ਪਤਾ ਨਹੀਂ ਕਿਸ ਦੇਸ਼ ਦੀ ਟੀਮ ਨੇ ਦੂਜੇ ਦੇਸ਼ ਦੀ ਟੀਮ ਸਿਰ ਸੱਤ ਗੋਲ਼ ਕਰ ਦਿੱਤੇ। ਉਹ ਬੰਦਾ ਮੰਨੇ ਹੀ ਨਾ, ਅਖੇ ਜੀ ਛੇ ਗੋਲ਼ਾਂ ਤੋਂ ਵੱਧ ਤਾਂ ਗੋਲ਼ ਹੋ ਹੀ ਨਹੀਂ ਸਕਦੇ! ਅਸੀਂ ਉਸ ਭਲੇ ਪੁਰਖ਼ ਨੂੰ ਸਮਝਾਇਆ ਕਿ ਸਾਰੀਆਂ ਟੀਮਾਂ ਅਤੇ ਕਰੋੜਾਂ ਖ਼ਲਕਤ ਮੂਰਖ਼ ਹੀ ਹੈ, ਜਿਹੜੀ ਇਸ ਗਹਿ-ਗੱਚ ਮੈਚ ਨੂੰ ਟੈਲੀਵੀਯਨ 'ਤੇ ਦੇਖੀ ਅਤੇ ਸਵੀਕਾਰ ਕਰੀ ਜਾਂਦੀ ਹੈ? ਉਸ ਬੰਦੇ ਨੂੰ ਹੋਰ ਤਾਂ ਕੁਝ ਸੁੱਝਿਆ ਨਾ, ਸਾਡੇ ਨਾਲੋਂ ਟੈਲੀਵੀਯਨ ਕੋਲੋਂ ਹੀ ਉਠ ਕੇ ਚਲਾ ਗਿਆ। ਫੜ ਲਓ ਪੂਛ!

ਇਕ ਬੰਦਾ ਸਾਡੇ ਕੋਲ਼ ਐਹੋ ਜਿਹਾ ਵੀ ਹੈਗੈ, ਜਿਸ ਤੋਂ ਪੀ ਕੇ ਚਾਹੇ ਸਿੱਧਾ ਖੜ੍ਹਿਆ ਨਾ ਜਾਂਦਾ ਹੋਵੇ, ਉਹ ਆਪਣੀ ਦਾਰੂ ਪੀਤੀ ਨਹੀਂ ਮੰਨਦਾ। ਅਸੀਂ ਉਸ ਨੂੰ ਬਥੇਰਾ ਸਮਝਾ-ਬੁਝਾ ਕੇ ਹੰਭ ਗਏ ਕਿ ਮਿੱਤਰਾ ਦਾਰੂ ਬੜੀ ਭੈੜ੍ਹੀ ਚੀਜ਼ ਹੈ, ਇਹਨੂੰ ਨਾ 'ਡੱਫਿ਼ਆ' ਕਰ! ਪਰ ਉਹ ਪੰਜ ਰਤਨੀਂ ਨਾਲ ਰੱਜਿਆ ਹੋਇਆ ਵੀ ਇੱਕੋ ਹੀ ਰਟ ਲਾਈ ਜਾਊ, "ਮੈਂ ਕਿੱਥੇ ਪੀਤੀ ਐ ਯਾਰ? ਤੁਸੀਂ ਤਾਂ ਐਮੇਂ ਮੇਰੇ ਮਗਰ ਪਏ ਰਹਿਨੇ ਐਂ-ਜੇ ਮੈਂ ਥੋਨੂੰ ਚੰਗਾ ਨਹੀਂ ਲੱਗਦਾ-ਮੇਰੇ ਊਂਈਂ ਗੋਲੀ ਮਾਰ ਦਿਓ!" ਉਸ ਨੂੰ ਬਹੁਤ ਕਿਹਾ ਕਿ ਇਸ ਦਾਰੂ ਨੇ ਘਰਾਂ ਦੇ ਘਰ ਉਜਾੜ ਕੇ ਰੱਖ ਦਿੱਤੇ, ਪੈਸੇ ਦੀ ਬਰਬਾਦੀ, ਸਿਹਤ ਦਾ ਖੌਅ, ਘਰ 'ਚ ਕਲ਼ੇਸ਼ ਬਾਧੂ ਦਾ, ਘਰਆਲ਼ੀ ਤੇਰੀ ਰੋਂਦੀ ਫਿਰਦੀ ਐ, ਬਾਈ ਬਣਕੇ ਇਹਨੂੰ ਨਾ ਪੀਆ ਕਰ। ਪਰ ਨ੍ਹਾ! ਪਰਨਾਲ਼ਾ ਉਥੇ ਦਾ ਉਥੇ ਈ ਰਿਹਾ, ਸੂਤ ਭਰ ਵੀ ਅੱਗੇ ਪਿੱਛੇ ਨਾ ਹੋਇਆ। ਸਗੋਂ ਸਾਨੂੰ ਆਫ਼ਰ ਕੇ ਆਖਣ ਲੱਗਿਆ, "ਥੋਡੇ ਭਾਅ ਦਾ ਮੈਂ ਘਰਆਲ਼ੀ ਦਾ ਖਿਆਲ ਨ੍ਹੀ ਕਰਦਾ? ਘਰਆਲ਼ੀ ਕਿਹੜਾ ਸਘੇੜਿਆਂ ਆਲ਼ੀ ਅਤਰੀ ਐ? ਨ੍ਹਾ ਦੱਸ, ਕੀ ਨ੍ਹੀ ਮੈਂ ਘਰਆਲ਼ੀ ਦਾ ਖਿਆਲ ਕਰਦਾ? ਪੈਸੇ ਉਹਨੂੰ ਮ੍ਹੀਨੇ ਬਾਅਦ ਭੇਜਦੈਂ, ਸਾਲ਼ੀ ਐਸ਼ ਕਰਦੀ ਐ, ਮੇਰੀ ਭਾਣਜੀ ਦੇ ਬਿਆਹ 'ਤੇ ਨਾਨਕੀ ਛੱਕ ਭਰ ਕੇ ਆਈ ਐ, ਚੰਗਾ ਖਾਂਦੀ ਐ, ਮੰਦਾ ਬੋਲਦੀ ਐ, ਪਿਛਲੀ ਆਰੀ ਗਿਆ ਸੀ 'ਖੰਡ ਪਾਠ ਕਰਵਾ ਆਇਆ ਸੀ, ਰਲ਼ਾ ਮਿਲ਼ਾ ਕੇ ਇਕ ਮੇਰੇ ਮੁੰਡੈ, ਮਾਮਿਆਂ ਨਾਲ ਟਰੱਕ 'ਤੇ ਜਾਂਦੈ, ਹੌਲ਼ੀ ਹੌਲ਼ੀ ਟਰੱਕ ਸਿੱਖਜੂ, ਦੱਸ ਹੋਰ ਕੀ ਮੈਂ ਮੈਡਲ਼ ਦੇ ਦਿਆਂ ਦਿਆਂ ਘਰਾਂਆਲ਼ੀ ਨੂੰ ਤੇ ਨਾਲੇ ਮੁੰਡੇ ਨੂੰ?" ਉਹ ਉਲਟਾ ਸਾਡੇ ਗਲ਼ ਪੈ ਗਿਆ।

ਇਕ ਵਾਰ ਉਹੀ ਸੱਜਣ ਦਾਰੂ ਨਾਲ ਡੱਕ ਕੇ ਸੜਕ ਉੱਪਰ 'ਬਲ਼ਦ-ਮੂਤਣੀਆਂ' ਪਾਉਂਦਾ ਆਵੇ। ਅਸੀਂ ਅੱਗੇ ਹੋ ਕੇ ਉਸ ਨੂੰ ਰੋਕ ਲਿਆ ਅਤੇ ਪੀਤੀ ਦਾ ਅਹਿਸਾਸ ਕਰਵਾਉਣ ਲੱਗੇ। ਸਾਡਾ ਕਹਿਣ ਦਾ ਭਾਵ ਸੀ ਕਿ ਤੂੰ ਹਰ ਰੋਜ ਹੀ ਪੀ ਕੇ ਮੁੱਕਰ ਜਾਨੈਂ, ਅੱਜ ਤਾਂ ਅਸੀਂ ਤੈਨੂੰ ਰੰਗੇ ਹੱਥੀਂ ਫੜ੍ਹ ਲਿਐ। ਪਰ ਕਾਹਨੂੰ---! ਉਹ ਆਖੀ ਜਾਵੇ, ਯਾਰ ਮੈਨੂੰ ਤਾਪ ਚੜ੍ਹਿਐ, ਤੇ ਤੁਸੀਂ ਮੇਰਾ ਮਜਾਕ ਉਡਾਈ ਜਾਨੇ ਐਂ। ਟੱਲੂ ਹੋਣ ਦੇ ਬਾਵਜੂਦ ਵੀ ਪਤੰਦਰ ਮੰਨਿਆਂ ਨਹੀਂ। ਮੈਂ ਉਸ ਨੂੰ ਮੱਤ ਜਿਹੀ ਦੇਣ ਲਈ ਆਖਿਆ, ਗੱਲ ਸੁਣ ਵੱਡੇ ਭਾਈ, ਤੂੰ ਆਪਣੇ ਲਈ ਨਹੀਂ ਤਾਂ ਘੱਟੋ-ਘੱਟ ਆਪਣੀ ਘਰਆਲੀ ਜਾਂ ਬੱਚਿਆਂ ਬਾਰੇ ਤਾਂ ਸੋਚ। ਉਹ ਸਾਡੀ ਮੱਤ ਲੈਣ ਦੀ ਥਾਂ ਸਾਡੇ ਗਲ਼ ਹੀ ਪੈ ਗਿਆ। ਥੋਨੂੰ ਮੈਂ ਕਹੀ ਤਾਂ ਜਾਨੈਂ ਬਈ ਮੈਨੂੰ ਤਾਪ ਚੜ੍ਹਿਐ, ਤੁਸੀਂ ਮੇਰੇ ਨਾਲ ਹੈਦਿਆ ਤਾਂ ਕੀ ਕਰਨੀ ਸੀ, ਬਾਧੂ ਦੇ ਮੇਰੇ 'ਤੇ 'ਲਜਾਮ ਲਾਉਣ ਲੱਗਪੇ! ਮੈਂ ਸੋਚਿਆ ਬਈ ਕੱਟੇ ਮੂਹਰੇ ਵੰਝਲੀ ਵਜਾਉਣ ਦਾ ਕੋਈ ਫ਼ਾਇਦਾ ਨਹੀਂ। ਉਹ ਤਾਂ ਵੰਝਲੀ ਵਜਾਉਣ ਆਲ਼ੇ ਦੇ ਮੂੰਹ 'ਤੇ ਮੋਕ ਨਾਲ ਲਿੱਬੜੀ ਪੂਛ ਹੀ ਮਾਰੂ, ਜਾਂ ਡਰ ਕੇ ਸੰਗਲ਼ੀ ਤੜਾਊ। ਅਖੀਰ ਉਸ ਰੰਗੀਲੇ ਸੱਜਣ ਨੂੰ ਕਾਰ 'ਚ ਬਿਠਾ ਕੇ ਘਰ ਲਾਹ ਆਏ।

ਇਕ ਹੋਰ ਭਾਈਬੰਦ ਨੂੰ ਵੀ ਆਹੀ ਮਾੜੀ ਬਾਣ ਐਂ! ਉਹ ਦਾਰੂ ਪੀ ਕੇ ਇੱਕੋ ਰਟ ਹੀ ਲਾਈ ਜਾਊ, "ਬਾਈ ਮੈਂ ਬਹੁਤ ਡੂੰਘਾ ਬੰਦੈਂ!" ਉਸ ਦੀ ਇਸ ਰਟ ਕਰਕੇ ਲੋਕਾਂ ਨੇ ਉਸ ਦਾ ਨਾਂ ਹੀ "ਡੂੰਘਾ" ਰੱਖ ਲਿਆ। ਦਾਰੂ ਪੀ ਤਾਂ ਜਾਂਦੈ, ਪਰ ਮੁੱਕਰਨ ਦੀ ਵੀ ਪੂਰੀ ਮੁਹਾਰਤ ਹਾਸਲ ਐ! ਇਕ ਵਾਰ ਇਹ ਭਾਈਬੰਦ ਪੇਟ ਦੀ ਖਰਾਬੀ ਕਾਰਨ ਹਸਪਤਾਲ ਦਾਖਲ ਸੀ। ਡਾਕਟਰ ਨੇ ਦਾਰੂ ਛੱਡਣ ਲਈ ਅਖੀਰਲੀ ਅਤੇ ਸਖ਼ਤ ਹਦਾਇਤ ਕਰ ਮਾਰੀ ਸੀ। ਅਸੀਂ ਚਾਰ ਕੁ ਜਾਣੇਂ ਇਕੱਠੇ ਹੋ ਕੇ ਉਸ ਬਾਈ ਦਾ ਪਤਾ ਲੈਣ ਚਲੇ ਗਏ। ਮੂੰਹ ਹਨ੍ਹੇਰਾ ਜਿਹਾ ਹੋ ਚੁੱਕਿਆ ਸੀ। ਜਦੋਂ ਅਸੀਂ ਹਸਪਤਾਲ ਦੇ ਵੱਡੇ ਗੇਟ ਅੱਗਿਓਂ ਦੀ ਅੰਦਰ ਵੜਨ ਲੱਗੇ ਤਾਂ ਸਾਡੇ ਨਾਲ ਦਾ ਬਾਈ ਆਖਣ ਲੱਗਿਆ, "ਯਾਰ ਮੈਨੂੰ ਮੈਦ ਐ ਬਈ ਡੂੰਘਾ ਆਉਂਦੈ!" ਉਸ ਦੀ ਅਚਨਚੇਤ ਜਿਹੀ ਕੀਤੀ ਗੱਲ 'ਤੇ ਅਸੀਂ ਸਾਰੇ ਸਿ਼ਸ਼ਤ ਜਿਹੀ ਬੰਨ੍ਹ ਕੇ ਉਧਰ ਦੇਖਣ ਲੱਗ ਪਏ। ਗੱਲ ਭਾਈਬੰਦ ਦੀ ਸੋਲ੍ਹਾਂ ਆਨੇ ਖਰੀ ਨਿਕਲੀ। ਡੂੰਘਾ ਤੁਰਿਆ ਆ ਰਿਹਾ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਸ ਦੀ ਬਾਂਹ ਵਿਚ ਗੁਲੂਕੋਜ਼ ਦੀ ਬੋਤਲ ਲੱਗੀ ਹੋਈ ਸੀ ਅਤੇ ਉਹ ਬੋਤਲ ਟੰਗਣ ਵਾਲ਼ਾ ਸਟੈਂਡ ਜਿਹਾ ਨਾਲ ਰੋੜ੍ਹੀ ਆਉਂਦਾ ਸੀ। ਜਦ ਅਸੀਂ ਹੋਰ ਗਹੁ ਨਾਲ ਦੇਖਿਆ ਤਾਂ ਉਸ ਦੇ ਬੋਤਲ ਲੱਗੀ ਵਾਲੇ ਹੱਥ ਵਿਚ ਬੀਅਰ ਦੀ ਬੋਤਲ ਫੜੀ ਹੋਈ ਸੀ। ਅਸੀਂ ਸਾਰਿਆਂ ਨੇ ਹੌਲੀ ਕੁ ਦੇਣੇ ਰੈਅ ਬਣਾਈ ਕਿ ਉਸ ਨੂੰ ਕਿਵੇਂ ਨਾ ਕਿਵੇਂ ਅਹਿਸਾਸ ਕਰਵਾ ਦਿੱਤਾ ਜਾਵੇ ਕਿ ਅਸੀਂ ਆ ਰਹੇ ਹਾਂ, ਫਿਰ ਦੇਖੋ ਬੀਅਰ ਦਾ ਕੀ ਕਰਦੈ? ਅਸੀਂ ਆਉਂਦੇ ਡੂੰਘੇ ਨੂੰ ਜਤਾਉਣ ਖਾਤਰ ਉਚੀ-ਉਚੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਸਾਡੀ ਘੈਂਟ ਪੰਜਾਬੀ ਸੁਣੀ ਤਾਂ ਹੱਥ ਵਿਚਲੀ ਬੀਅਰ ਦੀ ਬੋਤਲ ਝਾੜ੍ਹਾਂ ਵਿਚ ਵਗਾਹ ਮਾਰੀ ਅਤੇ ਸਾਂਅਵਾਂ ਜਿਹਾ ਹੋ ਕੇ ਖੜ੍ਹ ਗਿਆ, ਜਿਵੇਂ ਕੁਝ ਹੋਇਆ ਹੀ ਨਹੀਂ ਸੀ।
-"ਕਿਵੇਂ ਐਂ ਡੂੰਘਿਆ?" ਸਾਡੇ ਨਾਲ ਦੇ ਭਾਈਬੰਦ ਨੇ ਪੁੱਛਿਆ।
-"ਬੱਸ ਬਾਈ ਲੋਟ ਐ!"
-"ਬੀਅਰ ਪੀਤੀ ਐ ਉਏ?"
-"ਨਹੀਂ, ਕੌਣ ਕਹਿੰਦੈ?" ਉਸ ਨੇ ਉਲਟਾ ਸੁਆਲ ਦਾਗਿਆ।
-"ਮੂੰਹ 'ਚੋਂ ਮੁਛਕ ਜਿਆ ਆਉਂਦੈ।"
-"ਦੁਆਈ ਪਿਆਈ ਸੀ ਹਸਪਤਾਲ ਆਲਿ਼ਆਂ ਨੇ-ਉਹਦਾ ਆਉਂਦਾ ਹੋਣੈਂ।" ਉਹ ਤੱਟ-ਫ਼ੱਟ ਉਤਰ ਮੋੜ ਰਿਹਾ ਸੀ।
-"ਮਰਜੇਂਗਾ ਉਏ ਡੂੰਘਿਆ, ਮਰਜੇਂਗਾ! ਕੰਜਰ ਦਿਆ ਡਾਕਟਰ ਤੈਨੂੰ ਪਿੱਟ ਕੇ ਮਰਗੇ ਬਈ ਨਾ ਪੀਆ ਕਰ-ਤੇ ਤੂੰ ਕੰਜਰ ਦਿਆ ਹਸਪਤਾਲ 'ਚ ਨ੍ਹੀ ਹਟਦਾ-ਹੋਰ ਕਿੱਥੇ ਹਟੇਂਗਾ?" ਨਾਲ ਦੇ ਭਾਈਬੰਦ ਨੇ ਸਮਝੌਤੀ ਜਿਹੀ ਦਿੱਤੀ।
-"ਤੁਸੀਂ ਯਾਰ ਮੇਰਾ ਪਤਾ ਕਰਨ ਆਏ ਐਂ ਜਾਂ ਮੇਰਾ ਮੁਆਇਨਾ ਕਰਨ? ਐਦੂੰ ਤਾਂ ਨਾ ਈ ਆਇਆ ਕਰੋ-ਬਾਧੂ ਆ ਕੇ ਦੁਖੀ ਕਰਦੇ ਓਂ!" ਉਹ ਸਾਡੇ 'ਤੇ ਅੱਕ ਗਿਆ। ਲਓ, ਲੈ ਲਓ ਪਤਾ! ਕਰ ਲਓ ਹਮਦਰਦੀ!

ਸਾਡੇ ਨਾਲ ਇਕ ਮੁੰਡਾ ਪੜ੍ਹਦਾ ਹੁੰਦਾ ਸੀ। ਸ਼ਾਇਦ ਇਹ ਨੌਵੀਂ ਜਾਂ ਦਸਵੀਂ ਜਮਾਤ ਦੀ ਗੱਲ ਹੈ। ਨਾਂ ਤਾਂ ਘਰਦਿਆਂ ਨੇ ਉਸ ਦਾ ਸੁਖਜਿੰਦਰ ਸਿੰਘ ਰੱਖਿਆ। ਪਰ ਸਾਡੇ ਵਰਗਿਆਂ ਨੇ ਉਸ ਦਾ ਨਾਂ "ਸੋਂਘਾ" ਪਾ ਲਿਆ। ਇਸ 'ਸੋਂਘੇ' ਦਾ ਵੀ ਕੋਈ ਕਾਰਨ ਸੀ। ਥੋਨੂੰ ਪਤਾ ਈ ਐ ਬਾਈ, ਬਈ ਜਦੋਂ ਬੰਦੇ ਨੇ ਘਰੋਂ ਪੜੂਏ ਵਰਗੀਆਂ ਪੰਜ-ਸੱਤ ਮੱਕੀ ਦੀਆਂ ਰੋਟੀਆ ਅਤੇ ਧੜ੍ਹੀ ਪੱਕਾ ਸਾਗ ਖਾਧਾ ਹੋਵੇ ਤਾਂ ਬੰਦੇ ਦੀ 'ਹੇਠੋਂ' ਕਦੇ-ਕਦੇ ਹਵਾ 'ਲੀਕ' ਕਰਨ ਲੱਗ ਜਾਂਦੀ ਐ। ਇਸੇ ਤਰ੍ਹਾਂ ਹੀ ਸਾਡੇ ਨਾਲ ਪੜ੍ਹਦੇ ਸੁਖਚੈਨ ਦੀ ਇਕ ਵਾਰ ਚੁੱਪ-ਚਾਪ ਹਵਾ 'ਸਰਕ' ਗਈ। ਸਾੜ ਫ਼ੈਲ ਗਿਆ। ਸਾਰੇ ਇਕ ਦੂਜੇ 'ਤੇ ਦੋਸ਼ ਠੋਸਣ ਲੱਗ ਪਏ। ਪਰ ਕੋਈ ਵੀ ਮੰਨਣ ਨੂੰ ਤਿਆਰ ਨਾ ਹੋਇਆ ਕਿ ਹਵਾ ਕਿਸ ਪਾੜ੍ਹੇ ਦੀ ਬੇਕਾਬੂ ਹੋ ਕੇ, ਨਿਕਲ ਗਈ ਸੀ। ਸੁਖਚੈਨ ਸਿਉਂ ਵੀ ਇਸ ਗੱਲੋਂ ਮੁਨੱਕਰ ਹੋ ਗਿਆ। ਜਦੋਂ ਪੰਦਰਾਂ ਜਾਣੇਂ ਮੁੱਕਰੀ ਜਾਂਦੇ ਸਨ, ਤਾਂ ਸੁਖਚੈਨ ਸਿਉਂ ਕਾਹਤੋਂ ਗੱਲ ਆਪਣੇ ਸਿਰ ਲੈਂਦਾ? ਸੁਖਜਿੰਦਰ ਸਿਉਂ ਆਖਣ ਲੱਗਿਆ, "ਯਾਰ ਇਉਂ ਨ੍ਹੀ ਕਿਸੇ ਕੰਜਰ ਨੇ ਮੰਨਣਾਂ-ਮੈਂ ਸੁੰਘ ਕੇ ਦੱਸਦੈਂ-ਬਈ ਇਹ ਹਵਾਈ ਫ਼ਾਇਰਿੰਗ ਕੀਹਨੇ ਕੀਤੀ ਐ!" ਬੱਸ ਫਿਰ ਕੀ ਸੀ? ਸੁਖਚੈਨ ਦੀ ਚੋਰੀ ਤਾਂ ਸੁਖਜਿੰਦਰ ਨੇ ਫੜ ਲਈ। ਪਰ ਮੁੰਡਿਆਂ ਨੇ ਉਸ ਦਾ ਨਾਂ ਹੀ 'ਸੋਂਘਾ' ਧਰ ਲਿਆ। ਉਹ 'ਸੋਂਘੇ' ਵਾਲੀ 'ਅੱਲ' ਅੱਜ ਤੱਕ ਉਸ ਦੇ ਨਾਲ ਤੁਰੀ ਆਉਂਦੀ ਹੈ! ਅੱਲ ਅਤੇ ਮੁਨੱਕਰਾਂ ਤੋਂ ਅੱਲਾ ਈ ਬਚਾਵੇ!!


Print this post

1 comment:

Unknown said...

22g main na manu kehne wale ahehe bande bahut milde han. uhna nu samjhauna majh muhre been bjaun wali gal hai. tuhade is viang de pattar v is kahawat utte pure uttarde han. BAHADER RAULU MAJRIA(ROPAR)

Post a Comment

ਆਓ ਜੀ, ਜੀ ਆਇਆਂ ਨੂੰ !!!

free counters